ਭਾਰਤੀ ਹਾਕੀ ਦਾ ‘ਸਰਪੰਚ` ਹਰਮਨਪ੍ਰੀਤ ਸਿੰਘ

ਨਵਦੀਪ ਸਿੰਘ ਗਿੱਲ
ਭਾਰਤੀ ਹਾਕੀ ਟੀਮ ਪੈਰਿਸ ਓਲੰਪਿਕ ਖੇਡਾਂ ਵਿਚ ਆਪਣੀ ਸਿਖਰ ਦਾ ਪ੍ਰਦਰਸ਼ਨ ਦਿਖਾਇਆ ਹੈ। ਟੀਮ ਭਾਵੇਂ ਸੈਮੀ ਫਾਈਨਲ ਵਿਚ ਜਰਮਨੀ ਕੋਲੋਂ 3-2 ਗੋਲਾਂ ਦੇ ਫਰਕ ਨਾਲ ਹਾਰ ਗਈ ਹੈ ਪਰ ਅਤੇ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

ਕਪਤਾਨ ਹਰਮਨਪ੍ਰੀਤ ਸਿੰਘ ਨੇ ਵਾਕਈ ਕਪਤਾਨਾਂ ਵਾਲੀ ਖੇਡ ਦਿਖਾਈ ਹੈ। ਕਬੱਡੀ ਖਿਡਾਰੀਆਂ ਵਾਂਗ ਹਰਮਨਪ੍ਰੀਤ ਸਿੰਘ ਨੂੰ ਓਲੰਪਿਕ ਦੀ ਕੁਮੈਂਟਰੀ ਕਰਨ ਵਾਲੇ ‘ਸਰਪੰਚ` ਆਖ ਰਹੇ ਹਨ। ਜਿਵੇਂ ਸਰਪੰਚ ਪਿੰਡ ਦਾ ਮੁਖੀ ਹੁੰਦੀ ਹੈ, ਉਵੇਂ ਹੀ ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਮੁਖੀ ਹੈ। ਉਹ ਸੁਚੱਜੇ ਤਰੀਕੇ ਨਾਲ ਟੀਮ ਦੀ ਅਗਵਾਈ ਕਰਦਾ ਹੋਇਆ ਜਿੱਥੇ ਡਿਫੈਂਸ ਅਤੇ ਪੈਨਲਟੀ ਕਾਰਨਰ ਰੋਕਣ ਮੌਕੇ ਟੀਮ ਦਾ ਥੰਮ੍ਹ ਬਣਿਆ ਹੋਇਆ ਹੈ ਉਥੇ ਆਪਣੀ ਡਰੈਗ ਫਲਿੱਕ ਅਤੇ ਸਕੂਪ ਨਾਲ ਕੁਆਰਟਰ ਫਾਈਨਲ ਤੱਕ ਸੱਤ ਗੋਲ ਕਰ ਕੇ ਓਲੰਪਿਕ ਖੇਡਾਂ ਦਾ ਸਰਵੋਤਮ ਸਕੋਰਰ ਹੈ। ਬਰਤਾਨੀਆ ਖਿਲਾਫ਼ ਮੈਚ ਵਿਚ ਹਰਮਨਪ੍ਰੀਤ ਸਿੰਘ ਨੇ ਔਖੇ ਸਮੇਂ ਟੀਮ ਦਾ ਹੌਸਲਾ ਨਹੀਂ ਡਿੱਗਣ ਦਿੱਤਾ ਅਤੇ ਹਮਲਾਵਰ ਅੰਦਾਜ਼ ਵਿਚ ਖੇਡ ਖੇਡੀ।
ਹਰਮਨਪ੍ਰੀਤ ਸਿੰਘ ਟੀਮ ਦਾ ਡਿਫੈਂਡਰ ਵੀ ਹੈ ਅਤੇ ਮਜ਼ਬੂਤ ਡਰੈਗ ਫਲਿੱਕ ਕਾਰਨ ਪੈਨਲਟੀ ਕਾਰਨਰ ਮੌਕੇ ਟੀਮ ਲਈ ਟਰੰਪ ਕਾਰਡ ਵੀ ਸਾਬਤ ਹੁੰਦਾ ਹੈ। ਉਸ ਦੀ ਦਨਦਨਾਉਂਦੀ ਤੇਜ਼ ਡਰੈਗ ਫਲਿੱਕ ਪੈਨਲਟੀ ਕਾਰਨਰ ਮੌਕੇ ਸਿੱਧਾ ਵਿਰੋਧੀ ਟੀਮ ਦੇ ਗੋਲਾਂ ਵਿਚ ਜਾਂਦੀ ਹੈ। ਉਹ ਅੱਜ ਹਰ ਹਾਕੀ ਪ੍ਰੇਮੀ ਦਾ ਹਰਮਨ ਪਿਆਰਾ ਖਿਡਾਰੀ ਬਣ ਗਿਆ ਹੈ। ਆਪਣੇ ਆਦਰਸ਼ ਜੁਗਰਾਜ ਸਿੰਘ ਵਾਂਗ ਖੇਡਦਾ ਹਰਮਨਪ੍ਰੀਤ ਸਿੰਘ ਮਿਡਫੀਲਡ ਤੋਂ ਖੁਦ ਵੀ ਗੇਂਦ ਨੂੰ ਅੱਗੇ ਲਿਜਾ ਕੇ ਭਾਰਤੀ ਫਾਰਵਰਡਾਂ ਦੀ ਮਦਦ ਕਰਦਾ ਰਿਹਾ। ਰਣਨੀਤੀ ਤਹਿਤ ਉਹ ਅੱਗੇ ਵੀ ਖੇਡਦਾ ਹੈ ਜੋ ਭਾਰਤ ਲਈ ਲਾਹੇਵੰਦ ਸਾਬਤ ਹੁੰਦਾ ਹੈ।
ਅੰਮ੍ਰਿਤਸਰ ਜ਼ਿਲੇ ਦੇ ਪਿੰਡ ਤਿੰਮੋਵਾਲ ਵਿਚ 6 ਜਨਵਰੀ 1996 ਨੂੰ ਸਾਧਾਰਨ ਕਿਸਾਨ ਪਰਿਵਾਰ ਵਿਚ ਜਨਮਿਆ ਹਰਮਨਪ੍ਰੀਤ ਸਿੰਘ ਪੈਰਿਸ ਵਿਚ ਆਪਣੀ ਤੀਜੀ ਓਲੰਪਿਕਸ ਖੇਡ ਰਿਹਾ ਹੈ। 10 ਸਾਲ ਦੀ ਉਮਰੇ ਹਾਕੀ ਦੀ ਸ਼ੁਰੂਆਤ ਕਰਨ ਵਾਲੇ ਹਰਮਨਪ੍ਰੀਤ ਦਾ ਕਰੀਅਰ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੋਂ ਸ਼ੁਰੂ ਹੋਇਆ। ਹਰਮਨਪ੍ਰੀਤ ਹੁਣ ਤੱਕ 225 ਕੌਮਾਂਤਰੀ ਮੈਚ ਖੇਡ ਚੁੱਕਾ ਹੈ ਅਤੇ ਕੁੱਲ 188 ਗੋਲ ਕੀਤੇ ਹਨ। ਭਾਰਤ ਵੱਲੋਂ ਗੋਲਾਂ ਕਰਨ ਵਿਚ ਉਹ ਧਿਆਨ ਚੰਦ ਅਤੇ ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਤੀਜੇ ਨੰਬਰ ਉਤੇ ਹੈ। ਚੰਗੀ ਡੀਲ ਡੌਲ ਵਾਲਾ ਇਹ ਖਿਡਾਰੀ ਭਾਰਤੀ ਹਾਕੀ ਦਾ ਭਵਿੱਖ ਹੈ ਜਿਸ ਤੋਂ ਆਸ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਸਭ ਤੋਂ ਵੱਧ ਗੋਲ ਕਰਨ ਦਾ ਸੋਹੇਲ ਅੱਬਾਸ ਦਾ ਰਿਕਾਰਡ ਤੋੜੇਗਾ।
ਹਰਮਨਪ੍ਰੀਤ ਨੇ 2011 ਵਿਚ ਜੂਨੀਅਰ ਭਾਰਤੀ ਹਾਕੀ ਟੀਮ ਵੱਲੋਂ ਸੁਲਤਾਨ ਜੌਹਰ ਕੱਪ ਖੇਡ ਕੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ। ਹਰਮਨਪ੍ਰੀਤ ਸਿੰਘ ਦੇ ਰਿਕਾਰਡਾਂ ਦੀ ਗੱਲ ਕਰੀਏ ਤਾਂ ਇਸ ਸਾਲ ਐੱਫ.ਆਈ.ਐੱਚ. ਪ੍ਰੋ ਹਾਕੀ ਲੀਗ ਵਿਚ ਉਸ ਨੇ 12 ਗੋਲ ਕੀਤੇ। ਪਿਛਲੇ ਸਾਲ ਏਸ਼ਿਆਈ ਖੇਡਾਂ ਵਿਚ 13 ਗੋਲ ਕੀਤੇ ਜਦੋਂ ਭਾਰਤ ਨੇ ਸੋਨ ਤਗ਼ਮਾ ਜਿੱਤਿਆ। ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ 9 ਗੋਲ ਕੀਤੇ। ਪਿਛਲੇ ਸਾਲ ਐੱਫ.ਆਈ.ਐੱਚ. ਪ੍ਰੋ ਹਾਕੀ ਲੀਗ ਵਿਚ 18 ਗੋਲ ਅਤੇ 2022 ਵਿਚ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ 9 ਗੋਲ ਕੀਤੇ।