ਸੜਕ `ਤੇ ਵਿਛੀ ਬਿਰਖਾਂ ਦੀ ਥਾਂ

ਹਾਲ ਹੀ ਵਿਚ ਅਲਵਿਦਾ ਕਹਿ ਗਏ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਚੇਤੇ ਰੱਖਣ ਵਾਲਿਆਂ ਦਾ ਕੋਈ ਅੰਤ ਨਹੀਂ| ਪਿਛਲੇ ਹਫ਼ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਚ ਸਪਤ ਸਿੰਧੂ ਫੋਰਮ ਵਲੋਂ ਜੁਟਾਇਆ ਸਮਾਰੋਹ ਇਸਦਾ ਸੱਜਰਾ ਗਵਾਹ ਹੈ| ਪਾਤਰ ਨੇ ਖੁਦ ਹੀ ਲਿਖਿਆ ਸੀ:
ਮੈਂ ਤਾਂ ਸੜਕ ’ਤੇ ਵਿਛੀ ਬਿਰਖ ਦੀ ਛਾਂ ਹਾਂ

ਮੈਂ ਨਹੀਂ ਮਿਟਣਾ ਸੌ ਵਾਰ ਲੰਘ ਮਸਲ ਕੇ
ਸੂਰਜ ਨਾ ਡੁੱਬਦਾ ਕਦੇ, ਸਿਰਫ ਛੁਪਦਾ ਹੈ
ਮਤ ਸੋਚ ਕਿ ਮਰ ਜਾਏਂਗਾ ਸਿਵੇ ਵਿਚ ਬਲ ਕੇ।
ਪਾਤਰ ਦੀ ਬੋਲ ਬਾਣੀ ਤੇ ਸ਼ਬਦਾਂ ਵਿਚ ਅਜਿਹਾ ਰਸ ਸੀ ਕਿ ਨਿਮਰਤਾ ਨਾਲ ਮਿਲ ਕੇ ਉਸਦੇ ਬੋਲ ਹਰ ਕਿਸੇ ਨੂੰ ਕਾਇਲ ਕਰ ਲੈਂਦੇ ਸਨ|
ਜੋ ਰੰਗਾਂ ’ਚ ਚਿੱਤਰੇ ਨੇ ਖੁਰ ਜਾਣਗੇ
ਜੋ ਪੱਥਰ ’ਤੇ ਉੱਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ
ਹਰਫ਼ ਉਹੀਓ ਹਮੇਸ਼ਾ ਲਿਖੇ ਰਹਿਣਗੇ।
ਇਹ ਵੀ ਉਸਦੇ ਹਰਫਾਂ ਦੀ ਪ੍ਰਾਪਤੀ ਹੀ ਸੀ ਕਿ ਸਪਤ ਸਿੰਧੂ ਫੋਰਮ ਦੇ ਸ਼ਰਧਾਂਜਲੀ ਸਮਾਗਮ ਵਿਚ ਸੁਰਜੀਤ ਪਾਤਰ ਦੀ ਪਤਨੀ ਸ੍ਰੀਮਤੀ ਭੁਪਿੰਦਰ ਕੌਰ ਤੇ ਉੱਚੇ ਤੇ ਮਿੱਠੇ ਬੋਲਾਂ ਵਾਲੇ ਬੇਟੇ ਮਨਰਾਜ ਨੂੰ ਹੀ ਨਹੀਂ ਸਗੋਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਬਿਨਾ ਮੇਰੇ ਵਰਗੇ ਡੇਢ ਦਰਜਨ ਜਾਣੇ ਪਹਿਚਾਣੇ ਸੱਜਣ ਮਿੱਤਰਾਂ ਨੂੰ ਵੀ ਬੁਲਾਇਆ ਗਿਆ ਸੀ| ਪਾਤਰ ਦਾ ਛੋਟਾ ਭਰਾ ਉਪਕਾਰ ਸਿੰਘ ਵੀ ਸਪਤ ਸਿੰਧੂ ਫੋਰਮ ਵਲੋਂ ਯੂਨੀਵਰਸਿਟੀ ਗੋਲਡਨ ਜੁਬਲੀ ਹਾਲ ਵਿਚ ਵਿਉਂਤੇ ਗਏ ਵੱਡੇ ਖਾਣੇ ਉੱਤੇ ਪਹੁੰਚਿਆ ਹੋਇਆ ਸੀ ਤੇ ਇਸ ਮੌਕੇ ਚਿਰੀ ਵਿਛੁੰਨੇ ਸੱਜਣਾਂ ਮਿੱਤਰਾਂ ਨੇ ਇਕ ਦੂਜੇ ਨੂੰ ਮਿਲ ਕੇ ਬੀਤੇ ਸਮੇਂ ਨੂੰ ਚੇਤੇ ਕਰਨ ਦਾ ਅਨੰਦ ਮਾਣਿਆ| ਪਾਤਰ ਦੇ ਸ਼ਬਦਾਂ ਵਿਚ ‘ਭੁੱਲੀਆਂ ਵਿੱਸਰੀਆਂ ਥਾਵਾਂ’ ਨੂੰ ਢੂੰਡਣ ਵਿਚ ਸਫਲ ਹੋਏ|
ਮੈਂ ਪਾਤਰ ਨੂੰ ਉਦੋਂ ਦਾ ਜਾਣਦਾ ਸਾਂ ਜਦੋਂ ਮੇਰੀ ਦਿੱਲੀ ਤੋਂ ਪੰਜਾਬ ਦੀ ਫੇਰੀ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਇਕ ਕਵੀ ਦਰਬਾਰ ਵਿਚ ਉਸਨੇ ਆਪਣੀ ਨਵੀਂ ਗ਼ਜ਼ਲ ਪੜ੍ਹੀ ਸੀ ਜਿਸਦੇ ਹੇਠ ਲਿਖੇ ਸ਼ਿਅਰਾਂ ਨੇ ਮੈਨੂੰ ਮੋਹ ਲਿਆ ਸੀ:
ਕਈ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈਂ ਪਾਣੀ ਕਦੀ ਵਾ ਬਣ ਕੇ
ਜਦੋਂ ਮਿਲਿਆ ਸੀ, ਹਾਣ ਦਾ ਸੀ, ਸਾਂਵਲਾ ਜਿਹਾ
ਜਦੋਂ ਜੁਦਾ ਹੋਇਆ, ਭੁਲ ਗਿਆ ਖੁਦਾ ਬਣ ਕੇ।
ਸਰੋਤਿਆਂ ਦੀ ਬੇਨਤੀ ਉੱਤੇ ਉਸ ਨੇ ਇਕ ਹੋਰ ਗ਼ਜ਼ਲ ਵੀ ਸੁਣਾਈ ਜਿਸਦਾ ਇਹ ਸ਼ਿਅਰ ਚੇਤੇ ਹੈ:
ਇਹ ਵੀ ਘੱਟ ਹੈ ਇਸ ਰੁੱਖ ਨੂੰ ਹੈ ਮੇਰੇ ਖੂਨ ਨੇ ਸਿੰਜਿਆ
ਕੀ ਹੋਇਆ ਜੇ ਪੱਤਿਆਂ ’ਤੇ ਮੇਰਾ ਨਾਮ ਨਹੀਂ ਹੈ।
ਉਸਨੂੰ ਪ੍ਰਕਿਰਤੀ, ਪੌਣ-ਪਾਣੀਆਂ ਤੇ ਫੁੱਲ ਬੂਟਿਆਂ ਤੇ ਰੁੱਖਾਂ ਨਾਲ ਮੋਹ ਸੀ ਜਿਹੜੇ ਕਿਸੇ ਨਾ ਕਿਸੇ ਰੂਪ ਵਿਚ ਉਸਦੀ ਕਾਵਿ ਕਲਾ ਨੂੰ ਨਿਖਾਰਦੇ ਰਹਿੰਦੇ ਹਨ| ਉਸਦੇ ਬੋਲ ਹਨ:
ਮਿੱਟੀ ਉੱਤੇ, ਫੁੱਲ ਦੇ ਉੱਤੇ, ਤੇ ਸ਼ਾਇਰ ਦੇ ਦਿਲ ’ਤੇ
ਇਕ ਮੋਈ ਤਿਤਲੀ ਦਾ ਹੁੰਦਾ ਵੱਖੋ ਵਖਰਾ ਭਾਰ।
ਸਾਡੇ ਵਿਛੋੜਾ ਦੇ ਗਏ ਮਿੱਤਰ ਦੇ ਬੋਲਾਂ ਦਾ ਕੋਈ ਜਵਾਬ ਨਹੀਂ ਸੀ| 2010 ਵਿਚ ਮੇਰੇ ਪ੍ਰਕਾਸ਼ਕ ਹਰੀਸ਼ ਜੈਨ ਨੇ ਮੇਰੇ ਬਾਰੇ ਇੱਕ ਕਿਤਾਬ ਤਿਆਰ ਕੀਤੀ| ਮੇਰੇ ਮਿੱਤਰਾਂ ਦੇ ਲੇਖਾਂ ਦੀ| ਉਹ ਜਾਣਦਾ ਸੀ ਕਿ ਜਦੋਂ ਮੈਂ ਪੰਜਾਬ ਖੇਤੀ ਯੂਨੀਵਰਸਿਟੀ ਵਿਚ ਕੰਮ ਕਰਦਾ ਸੀ ਤਾਂ ਪਾਤਰ ਵੀ ਉਥੇ ਹੁੰਦਾ ਸੀ| ਮੇਰਾ ਕੁਲੀਗ| ਉਸ ਤੋਂ ਲਿਖਵਾਏ ਬਿਨਾਂ ਪੁਸਤਕ ਅਧੂਰੀ ਸੀ| ਉਸ ਪੁਸਤਕ ਲਈ ਲਿਖਣ ਵਾਲੇ ਸੰਤ ਸਿੰਘ ਸੇਖੋਂ, ਸ਼ਿਵ ਕੁਮਾਰ ਬਟਾਲਵੀ, ਖੁਸ਼ਵੰਤ ਸਿੰਘ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਰਵਿੰਦਰ ਰਵੀ, ਹਰਿਭਜਨ ਸਿੰਘ, ਨੂਰ, ਭੁੱਲਰ, ਰਘਬੀਰ ਸਿੰਘ ਤੇ ਹਰਚਰਨ ਬੈਂਸ ਹੀ ਨਹੀਂ ਸੁਰਜੀਤ ਪਾਤਰ ਸਮੇਤ ਡੇਢ ਦਰਜਨ ਸਨ| ਪਰ ਜਿਹੜਾ ਲੇਖ ਮੈਂ ਆਪਣੇ ਸਰਟੀਫਿਕੇਟਾਂ ਵਿਚ ਸਾਂਭ ਰੱਖਿਆ ਹੈ| ਉਸਦਾ ਰਚਨਹਾਰਾ ਮੈਥੋਂ ਗਿਆਰਾਂ ਸਾਲ ਛੋਟਾ ਸੁਰਜੀਤ ਪਾਤਰ ਸੀ| ਉਸ ਲੇਖ ਦੇ ਦੋ ਫਿਕਰੇ ਪੇਸ਼ ਹਨ:
‘‘ਜੇ ਕਦੀ ਦਿੱਲੀ ਜਾਵੋ ਤਾਂ ਸਕੂਟਰਾਂ ਤੇ ਮੋਟਰਾਂ ਦੀ ਘੀਂ ਘੀਂ ਤੇ ਜਾਣੇ ਪਹਿਚਾਣੇ ਲੋਕਾਂ ਦੇ ਅਜਨਬੀ ਵਿਵਹਾਰ ਸਮੇਂ ਜੇ ਕਿਧਰੇ ਗੁਲਜ਼ਾਰ ਸਿੰਘ ਸੰਧੂ ਮਿਲ ਜਾਵੇ ਤਾਂ ਮੌਜ ਲੱਗ ਜਾਂਦੀ ਹੈ… ਜਿਵੇਂ ਹਰੇ ਕਚੂਰ ਤੂਤਾਂ ਦੀ ਸੰਘਣੀ ਛਾਵੇਂ ਠੰਢੇ ਪਾਣੀ ਵਾਲਾ ਖੂਹ ਵਗ ਰਿਹਾ ਹੋਵੇ ਤੇ ਨਾਲ ਹੀ ਵਗ ਰਹੀ ਹੋਵੇ ਠੰਢੀ ਹਵਾ, ਤੇ ਚਲ੍ਹੇ ਦੇ ਚਾਂਦੀ ਰੰਗੇ ਪਾਣੀ ਵਿਚ ਸਰਬਤੀ ਖਰਬੂਜੇ ਠੰਢੇ ਹੋ ਰਹੇ ਹੋਣ|’’
ਸ਼ਿਵ ਬਟਾਲਵੀ ਦੇ ਸ਼ਬਦਾਂ ਵਿਚ ਜੋਬਨ ਰੁੱਤੇ ਮਰਨ ਵਾਲਾ ਫੁੱਲ ਜਾਂ ਤਾਰਾ ਬਣਦਾ ਹੈ| ਇਸਦੇ ਉਲਟ ਪਾਤਰ ਇੰਨਾ ਲੰਮਾ ਜੀਵਨ ਭੋਗ ਕੇ ਰੁਖ਼ਸਤ ਹੋਇਆ| ਸੂਰਜ ਬਣ ਕੇ, ਅਜਿਹਾ ਸੂਰਜ ਜਿਹੜਾ ਸਿਵੇ ਵਿਚ ਬਲ ਕੇ ਵੀ ਨਹੀਂ ਮਰਦਾ|
ਸਪਤ ਸਿੰਧੂ ਫੋਰਮ ਵਾਲੇ ਸ਼ਰਧਾਂਜਲੀ ਸਮਾਰੋਹ ਦਾ ਨਿਚੋੜ ਵੀ ਇਹੀਓ ਸੀ| ਮਰ ਕੇ ਜੀਵਤ ਰਹਿਣ ਵਾਲਾ|
ਫੈਮਿਲੀ ਪਲਾਨਿੰਗ ਐਸੋਸੀਏਸ਼ਨ ਦੀ ਗੋਲਡਨ ਜੁਬਲੀ
ਜੁਲਾਈ ਮਹੀਨੇ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਨੂੰ ਸਥਾਪਤ ਹੋਇਆਂ 75 ਸਾਲ ਹੋ ਗਏ ਹਨ| 1947 ਵਿਚ ਭਾਰਤ ਦੇ ਸੁਤੰਤਰ ਹੋਣ ਸਮੇਂ ਇਸ ਦੇਸ਼ ਦਾ ਹਰ ਸ਼ਾਦੀਸ਼ੁਦਾ ਜੋੜਾ ਔਸਤਨ ਛੇ ਬੱਚਿਆਂ ਨੂੰ ਜਨਮ ਦਿੰਦਾ ਸੀ| ਨਤੀਜੇ ਵਜੋਂ ਸਿਹਤ ਸਹੂਲਤਾਂ ਦੀ ਘਾਟ ਹੋਣ ਕਾਰਨ ਏਥੋਂ ਦੇ ਲੋਕਾਂ ਦੀ ਔਸਤ ਆਯੂ ਕੇਵਲ 40 ਸਾਲ ਸੀ| ਇਸ ਮਸਲੇ ਨੇ ਦੇਸ਼ ਦੀਆਂ ਦੋ ਚਿੰਤਕ ਮਹਿਲਾਵਾਂ ਕੋਲੋਂ 1949 ਵਿਚ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਦੀ ਸਥਾਪਨਾ ਕਰਵਾ ਦਿੱਤੀ| ਨਹਿਰੂ ਸਰਕਾਰ ਨੇ ਇਸਦਾ ਸਵਾਗਤ ਕਰਦਿਆਂ ਪਰਿਵਾਰ ਨਿਯੋਜਨ ਦੇ ਵਿਸ਼ੇ ਨੂੰ ਪ੍ਰਥਮ ਪੰਜ ਸਾਲਾ ਯੋਜਨਾ ਵਿਚ ਸ਼ਾਮਲ ਕਰ ਲਿਆ| ਜਿਵੇਂ ਲੇਡੀ ਧਨਵੰਤ ਰਾਮਾ ਰਾਓ ਤੇ ਸ੍ਰੀਮਤੀ ਅਬਾਵਾਈ ਵਾਦੀਆ ਦੀ ਦੂਰ ਦ੍ਰਿਸ਼ਟੀ ਨੇ ਸਭਨਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ| ਉਨ੍ਹਾਂ ਦੀ ਘਾਲਣਾ ਸਦਕਾ ਦੇਸ਼ ਦੇ ਚੋਣਵੇਂ ਸ਼ਹਿਰਾਂ ਤੇ ਸਾਰੇ ਪੇਂਡੂ ਇਲਾਕਿਆਂ ਵਿਚ ਮਹਿਲਾਵਾਂ ਦੀ ਚੰਗੀ ਸਿਹਤ ਦਾ ਸੰਦੇਸ਼ ਪਰਿਵਾਰ ਨਿਯੋਜਨ ਦੇ ਕਰਮਚਾਰੀਆਂ ਨੇ ਪਹੁੰਚਾਇਆ| ਏਥੋਂ ਤੱਕ ਕਿ ਭਾਰਤ ਮਸਲੇ ਨੂੰ ਹੁਲਾਰਾ ਦੇਣਾ ਵਾਲਾ ਕੁੱਲ ਦੁਨੀਆਂ ਦਾ ਮੋਹਰੀ ਦੇਸ਼ ਬਣਿਆ| ਫੇਰ ਜਦੋਂ ਉਨ੍ਹਾਂ ਨੇ ਮੁੰਬਈ ਵਿਖੇ ਤੀਜੀ ਅੰਤਰਰਾਸ਼ਟਰੀ ਪਰਿਵਾਰ ਨਿਯੋਜਨ ਕਾਨਫਰੰਸ ਕਰਵਾਈ ਤਾਂ ਲੰਡਨ ਵਿਚ ਇੰਟਰਨੈਸ਼ਨਲ ਪਲਾਂਡ ਪੇਰੈਂਟਹੁੱਡ ਫੈਡਰੇਸ਼ਨ ਹੋਂਦ ਵਿਚ ਆ ਗਈ ਜਿਸਦੇ ਇਸ ਵੇਲੇ 149 ਦੇਸ਼ ਮੈਂਬਰ ਹਨ| ਜਿਥੋਂ ਤੱਕ ਭਾਰਤ ਦੀ ਮੁੰਬਈ ਵਾਲੀ ਵਡਮੁੱਲੀ ਸ਼ਾਖਾ ਦਾ ਸਬੰਧ ਹੈ, ਅੱਜ ਦੇ ਦਿਨ ਇਸਦੀ ਦੇਖ-ਰੇਖ ਥੱਲੇ ਭਾਰਤ ਦੇ 18 ਰਾਜਾਂ ਵਿਚ 44 ਬਰਾਂਚਾਂ ਕੰਮ ਕਰਦੀਆਂ ਹਨ| ਹਰਿਆਣਾ ਰਾਜ ਦੀਆਂ ਸ਼ਾਖਾਵਾਂ ਯਮੁਨਾ ਨਗਰ ਤੇ ਪੰਚਕੂਲਾ ਵਿਚ ਹਨ ਤੇ ਪੰਜਾਬ ਦੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਭਾਵ ਮੋਹਾਲੀ ਵਿਚ|
ਮੋਹਾਲੀ ਸ਼ਾਖਾ ਨੇ ਆਪਣੀ 75ਵੀਂ ਵਰ੍ਹੇਗੰਢ 23 ਜੁਲਾਈ 2024 ਨੂੰ ਮਨਾਈ ਜਿੱਥੇ ਸੌ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ| ਇਨ੍ਹਾਂ ਵਿਚ ਲੋਕਲ ਲੀਡਰ ਤੇ ਸੰਸਥਾ ਦੇ ਵਾਲੰਟੀਅਰ ਹੀ ਨਹੀਂ ਸਥਾਨਕ ਸੰਸਥਾਵਾਂ ਦੇ ਕਾਲਜਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ| ਏਸ ਸ਼ਾਖਾ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਡਾ. ਸ੍ਰੀਮਤੀ ਵੀਨਾ ਗੁਪਤਾ ਨੇ ਦੱਸਿਆ ਕਿ ਇਹ ਬ੍ਰਾਂਚ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਦੀਆਂ ਝੁੱਗੀਆਂ ਵਿਚ ਕਿਸ਼ੋਰ ਸਿੱਖਿਆ ਤੇ ਜਿਨਸੀ ਸਿੱਖਿਆ ਪ੍ਰਦਾਨ ਕਰਦੀ ਹੈ| ਚੇਅਰਪਰਸਨ ਵਿਨੋਦ ਕਪੂਰ ਨੇ ਇਸ ਸ਼ਾਖਾ ਦੇ 89ੜ/ਏਡਜ਼ ਦੀ ਰੋਕਥਾਮ ਵਾਲੇ ਪ੍ਰਾਜੈਕਟਾਂ ਦੀ ਗੱਲ ਕਰ ਕੇ ਸੀਨੀਅਰ ਵਾਲੰਟੀਅਰਾਂ ਤੇ ਸਟਾਫ ਦੇ ਯੋਗਦਾਨ ਉਤੇ ਚਾਨਣਾ ਪਾਇਆ ਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ| ਹਰਿੰਦਰ ਪਾਲ ਸਿੰਘ ਨਿਗਰਾਨ ਤੇ ਮੁਲਾਂਕਣ ਅਫਸਰ ਨੇ ਇਸ ਬ੍ਰਾਂਚ ਦੀ ਸਥਾਪਨਾ ਤੇ ਇਤਿਹਾਸ ਦੱਸਣ ਉਪਰੰਤ ਵਾਲੰਟੀਅਰਾਂ ਦੀ ਭੂਮਿਕਾ ਦਾ ਉਚੇਚਾ ਜ਼ਿਕਰ ਕੀਤਾ| ਬ੍ਰਾਂਚ ਮੈਨੇਜਰ ਰਾਜੇਸ਼ ਕੁਮਾਰ ਤੇ ਪ੍ਰੋਗਰਾਮ ਅਫਸਰ ਹਰਸ਼ ਬਾਲਾ ਨੇ ਯੂਥ ਵਾਲੰਟੀਅਰਾਂ ਕੋਲੋਂ ਬੂਟੇ ਲਗਵਾਏ ਜਿਸਦਾ ਖੂਬ ਸਵਾਗਤ ਹੋਇਆ| ਲੇਡੀ ਧਨਵੰਤ ਰਾਓ ਤੇ ਮੈਡਮ ਵਾਦੀਆ ਜ਼ਿੰਦਾਬਾਦ!
ਅੰਤਿਕਾ
ਧਰਮਪਾਲ ਉਪਾਸਕ॥
ਪੰਡਤ ਜੀ ਨਾ ਦੇਵੋ ਪਾਣੀ ਸੂਰਜ ਨੂੰ
ਚੱਪਾ ਚੱਪਾ ਧਰਤੀ ਦਾ ਤ੍ਰਿਹਾਇਆ ਹੈ।