ਬੰਗਲਾਦੇਸ਼ ਵਿਚ ਤਖਤਾ ਪਲਟ

ਬੰਗਲਾਦੇਸ਼ ਵਿਚ ਤਖਤਾ ਪਲਟ ਗਿਆ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਸਤੀਫ਼ੇ ਤੋਂਬਾਅਦ ਦੇਸ਼ ਛੱਡ ਗਏ ਹਨ।ਇਸ ਤੋਂ ਬਾਅਦ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੰਸਦ ਭੰਗ ਕਰ ਦਿੱਤੀ ਅਤੇਮਗਰੋਂ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਅੰਤਰਿਮ ਸਰਕਾਰ ਦਾ ਮੁਖੀ ਥਾਪ ਦਿੱਤਾ ਗਿਆ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਾਲੀਆਂ ਸਾਰੀਆਂ ਤਾਕਤਾਂ ਹਾਸਲ ਹੋਣਗੀਆਂ।

ਇਸ ਦੌਰਾਨ ਬੰਗਲਾਦੇਸ਼ ਦੀ ਫੌਜ ਨੇ ਸਿਖਰਲੇ ਅਹੁਦਿਆਂ ਵਿਚ ਵੱਡਾ ਫੇਰਬਦਲ ਕਰਦਿਆਂ ਨੈਸ਼ਨਲ ਟੈਲੀਕਮਿਊਨੀਕੇਸ਼ਨ ਮੌਨੀਟਰਿੰਗ ਸੈਂਟਰ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਜ਼ਿਆਉਲ ਅਹਿਸਨ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਹੈ। ਲੈਫਟੀਨੈਂਟ ਜਨਰਲ ਮੁਹੰਮਦ ਸੈਫੁਲ ਆਲਮ ਨੂੰ ਵਿਦੇਸ਼ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਕੁਝ ਹੋਰ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਹਨ। ਸਾਬਕਾ ਵਿਦੇਸ਼ ਮੰਤਰੀ ਹਸਨ ਮਹਿਮੂਦ ਅਤੇ ਸਾਬਕਾ ਮੰਤਰੀ ਜ਼ੁਨੈਦ ਅਹਿਮਦ ਪਲਕ ਨੂੰ ਦੇਸ਼ ਛੱਡਣ ਮੌਕੇ ਢਾਕਾ ਹਵਾਈ ਅੱਡੇ `ਤੇ ਹਿਰਾਸਤ ਵਿਚ ਲੈ ਲਿਆ ਗਿਆ। ਜੇਲ੍ਹ ਵਿਚ ਬੰਦ ਬੰਗਲਾਦੇਸ਼ ਨੈਸ਼ਨਲ ਪਾਰਟੀ (ਬੀ.ਐੱਨ.ਪੀ.) ਦੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਹਿਲੀ ਜੁਲਾਈ ਤੋਂ ਹੁਣ ਤੱਕ ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਰਿਹਾਅ ਕਰਨ ਦਾ ਅਮਲ ਸ਼ੁਰੂ ਹੋ ਗਿਆ ਹੈ। ਬੰਗਲਾਦੇਸ਼ ਵਿਚ ਸਰਕਾਰ ਵਿਰੋਧੀ ਮੁਜ਼ਾਹਰਿਆਂ `ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਸਾਢੇ ਚਾਰ ਸੌ ਤੋਂ ਉਪਰ ਹੋ ਗਈ ਹੈ।ਖਬਰਾਂ ਹਨ ਕਿ ਸ਼ੇਖ ਹਸੀਨਾ ਨੇ ਲੰਡਨ ਜਾਣਾ ਹੈ। ਪਹਿਲਾਂ ਉਹ ਨਵੀਂ ਦਿੱਲੀ ਨੇੜੇ ਗਾਜ਼ੀਆਬਾਦ ਵਿਚ ਹਿੰਡਨ ਏਅਰਬੇਸ `ਤੇ ਪੁੱਜੇ। ਸ਼ੇਖਹਸੀਨਾ ਦੀ ਧੀ ਸਾਇਮਾ ਵਾਜ਼ਿਦ ਦਿੱਲੀ ਰਹਿੰਦੀ ਹੈ ਅਤੇ ਉਹਦੱਖਣ-ਪੂਰਬ ਏਸ਼ੀਆ ਲਈ ਕੌਮੀ ਸਿਹਤ ਸੰਸਥਾ (ਡਬਲਿਊ.ਐੱਚ.ਓ.) ਦੀ ਖੇਤਰੀ ਡਾਇਰੈਕਟਰ ਹੈ। ਦਿੱਲੀ ਪਹੁੰਚਣ `ਤੇ ਸ਼ੇਖ ਹਸੀਨਾ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਮਿਲੀ।
ਯਾਦ ਰਹੇ ਕਿ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬੁਰ ਰਹਿਮਾਨ ਦੀ ਧੀ ਸ਼ੇਖ ਹਸੀਨਾ ਮੁਲਕ `ਤੇ 2009 ਤੋਂ ਰਾਜ ਕਰ ਰਹੀ ਸੀ। ਇਸ ਸਾਲ ਜਨਵਰੀ ਵਿਚ ਹੋਈਆਂ 12ਵੀਆਂ ਆਮ ਚੋਣਾਂ ਦੌਰਾਨ ਉਹ ਲਗਾਤਾਰ ਰਿਕਾਰਡ ਚੌਥੀ ਵਾਰ ਅਤੇ ਕੁੱਲ ਮਿਲਾ ਕੇ 5ਵੀਂ ਵਾਰ ਚੁਣੀ ਗਈ ਸੀ। ਇਨ੍ਹਾਂ ਚੋਣਾਂ ਦਾ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਅਤੇ ਉਸ ਦੇ ਭਾਈਵਾਲਾਂ ਨੇ ਬਾਈਕਾਟ ਕੀਤਾ ਸੀ।ਹੁਣ ਮੁਲਕ ਵਿਚ ਪ੍ਰਦਰਸ਼ਨ ਰਾਖਵਾਂਕਰਨ ਦੇ ਵਿਰੋਧ ਵਿਚ ਸ਼ੁਰੂ ਹੋਏ। 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਲਈ ਜੰਗ ਲੜਨ ਵਾਲਿਆਂ ਦੇ ਸਕੇ-ਸਬੰਧੀਆਂ ਨੂੰ ਸਰਕਾਰੀ ਨੌਕਰੀਆਂ ਵਿਚ 30 ਫੀਸਦ ਰਾਖਵਾਂਕਰਨ ਦੇਣ ਦੇ ਫੈਸਲੇ ਖਿਲਾਫ਼ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨਾਂ ਸ਼ੁਰੂ ਹੋ ਗਏ ਸਨ ਅਤੇ ਹਿੰਸਾ ਫੈਲ ਗਈ ਸੀ। ਹਸੀਨਾ ਦੇ ਅਸਤੀਫ਼ੇ ਮਗਰੋਂ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਚ ਦਾਖ਼ਲ ਹੋ ਗਏ। ਰਾਜਧਾਨੀ ਢਾਕਾ ਵਿਚ ਹਸੀਨਾ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਹਸੀਨਾ ਦੇ ਪਿਤਾ ਮੁਜੀਬੁਰ ਰਹਿਮਾਨ ਦੇ ਬੁੱਤ ਦੀ ਭੰਨ-ਤੋੜ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਬੰਗਬੰਧੂ ਭਵਨ ਜਿਸ ਨੂੰ ਬੰਗਬੰਧੂ ਮੈਮੋਰੀਅਲ ਮਿਊਜ਼ੀਅਮ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਅੱਗ ਲਾ ਦਿੱਤੀ। ਇਹ ਮਿਊਜ਼ੀਅਮ ਸ਼ੇਖ ਮੁਜੀਬੁਰ ਰਹਿਮਾਨ ਨੂੰ ਸਮਰਪਿਤ ਸੀ।ਜ਼ਿਕਰਯੋਗ ਹੈ ਕਿ ਮੁਲਕ ਵਿਚ ਇਹ ਸਭ ਕੁਝ ਆਮ ਚੋਣਾਂ ਤੋਂ ਮਹਿਜ਼ ਸੱਤ ਮਹੀਨਿਆਂ ਬਾਅਦ ਵਾਪਰਿਆ ਹੈ। ਉਦੋਂ ਚੋਣਾਂ ਬਾਰੇ ਵੀ ਵਿਵਾਦ ਉਠਿਆ ਸੀ। ਚੋਣਾਂ `ਚ ਹੇਰ-ਫੇਰ ਅਤੇ ਧੱਕੇਸ਼ਾਹੀ ਦੇ ਦੋਸ਼ ਲੱਗੇ ਸਨ।
ਉਧਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਤੀਂ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੋਂ ਪਹਿਲਾਂ ਰਹੇ ਕਈ ਪ੍ਰਧਾਨ ਮੰਤਰੀਆਂ ਜਿਨ੍ਹਾਂ ਵਿਚ ਇੰਦਰਾ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ ਸ਼ਾਮਿਲ ਹਨ, ਵਾਂਗ ਮੰਨਿਆ ਕਿ ਭਾਰਤ ਕੋਲ ਸ਼ੇਖ ਹਸੀਨਾ ਦੇ ਸਮਰਥਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਜਦੋਂ 2001 ਤੋਂ ਲੈ ਕੇ 2006 ਤੱਕ ਬੀ.ਐੱਨ.ਪੀ. ਸੱਤਾ ਵਿਚ ਸੀ, ਉਦੋਂ ਨਾ ਸਿਰਫ਼ ਭਾਰਤ ਦਾ ਉੱਤਰ-ਪੂਰਬ ਖੇਤਰ ਗਹਿਰੀ ਗੜਬੜੀ ਦਾ ਸ਼ਿਕਾਰ ਸੀ ਬਲਕਿ ਪਾਕਿਸਤਾਨ ਪੱਖੀ ਤੱਤਾਂ ਨੇ ਚਿਟਾਗਾਂਗ ਬੰਦਰਗਾਹ ਰਾਹੀਂ ਬੰਗਲਾਦੇਸ਼ ਵਿਚ ਅਤਿ ਆਧੁਨਿਕ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਧੱਕਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸਨ।ਇਸ ਵਿਚਵੀ ਕੋਈ ਸ਼ੱਕ ਨਹੀਂ ਕਿ ਸ਼ੇਖ ਹਸੀਨਾ ਦੀ ਸੱਤਾ `ਚ ਵਾਪਸੀ ਦਾ ਭਾਰਤ ਨੂੰ ਲਾਭ ਮਿਲਿਆ ਸੀ। ਭਾਰਤ ਅਤੇ ਸ਼ੇਖ ਹਸੀਨਾ ਦੇ ਬੰਗਲਾਦੇਸ਼ ਦਰਮਿਆਨ ਸਿਆਸੀ ਅਤੇ ਆਰਥਿਕ ਭਾਈਵਾਲੀ ਬਾਕੀ ਦੇ ਗੁਆਂਢੀ ਦੇਸ਼ਾਂ ਲਈ ਆਦਰਸ਼ ਬਣ ਗਈ। ਸੜਕਾਂ, ਰੇਲਵੇ, ਆਵਾਜਾਈ ਅਧਿਕਾਰ, ਨਾਗਰਿਕ ਆਵਾਜਾਈ, ਰੱਖਿਆ ਸਹਿਯੋਗ, ਕਿਸੇ ਵੀ ਖੇਤਰ ਦਾ ਨਾਂ ਲੈ ਲਓ, ਭਾਰਤ ਤੇ ਬੰਗਲਾਦੇਸ਼ ਆਪਸੀ ਸਹਿਯੋਗ ਨਾਲ ਚੱਲੇ। ਹੁਣ ਸਵਾਲ ਹੈ ਕਿ ਅਗਾਂਹ ਕੀ ਹੋਵੇਗਾ? ਕਿਹਾ ਜਾ ਰਿਹਾ ਹੈ ਕਿ ਮੁਲਕ ਵਿਚ ਭੰਨ-ਤੋੜ ਪਿੱਛੇ ਪਾਕਿਸਤਾਨ ਪੱਖੀ ਜਮਾਤ-ਏ-ਇਸਲਾਮੀ ਦਾਹੱਥ ਹੋ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਪਾਕਿਸਤਾਨੀ ਫੌਜ ਨੂੰ ਉਥੇ ਖੁੱਲ੍ਹ ਖੇਡਣ ਦਾ ਇਕ ਹੋਰ ਮੌਕਾ ਮਿਲ ਗਿਆ ਹੈ। ਇਸੇ ਕਰ ਕੇ ਸਿਆਸੀ ਮਾਹਿਰ ਚਿਰਾਂ ਤੋਂ ਇਹੀ ਰਾਇ ਰੱਖ ਰਹੇ ਸਨ ਕਿ ਸ਼ੇਖ ਹਸੀਨਾ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ ਜੋ ਜਮਾਤ-ਏ-ਇਸਲਾਮੀ ਅਤੇ ਇਸ ਦੇ ਸਿਆਸੀ ਚਿਹਰੇ ਬੀ.ਐੱਨ.ਪੀ. ਦਾ ਮੁਕਾਬਲਾ ਕਰ ਸਕਦਾ ਹੋਵੇ ਪਰ ਹੁਣ ਸ਼ੇਖ ਹਸੀਨਾ ਮੁਲਕ ਛੱਡ ਗਈ ਹੈ;ਸੰਭਵ ਹੈ ਕਿ ਬਰਤਾਨੀਆ ਉਸ ਨੂੰ ਸਿਆਸੀ ਸ਼ਰਨ ਦੇ ਦੇਵੇ। ਹੁਣ ਮੋਦੀ ਸਰਕਾਰ ਲਈ ਅਜ਼ਮਾਇਸ਼ ਦੀ ਘੜੀ ਹੋਵੇਗੀ ਕਿ ਕੱਟੜਪੰਥੀਆਂ ਵਾਲੀ ਨਵੀਂ ਸਰਕਾਰ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਰੱਖੇ ਜਾਣ। ਸਿਤਮਜ਼ਰੀਫੀ ਇਹ ਵੀ ਹੈ ਕਿ ਧਰਮ ਦੇ ਮਾਮਲੇ ਵਿਚ ਮੋਦੀ ਸਰਕਾਰ ਕਿਤੇ ਵੱਧ ਕੱਟੜਪੰਥੀ ਹੈ। ਆਉਣ ਵਾਲਾ ਸਮਾਂ ਦੋਹਾਂ ਮੁਲਕਾਂ ਲਈ ਪਰਖ ਦਾ ਹੋਵੇਗਾ।