ਚੰਡੀਗੜ੍ਹ: ਅਗਨੀਵੀਰ ਭਰਤੀ ਯੋਜਨਾ ਦੇ ਮੁੱਦੇ ਉਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਨੂੰ ਘੇਰੇ ਜਾਣ ਮਗਰੋਂ ਕੁਝ ਸਾਬਕਾ ਫੌਜੀ ਅਧਿਕਾਰੀਆਂ ਨੇ ਇਸ ਯੋਜਨਾ ਨਾਲ ਸਬੰਧਤ ਕੁਝ ਮਸਲੇ ਉਠਾਏ ਹਨ। ਕੁਝ ਸਾਬਕਾ ਸੈਨਿਕਾਂ ਦਾ ਕਹਿਣਾ ਹੈ ਕਿ ਅਗਨੀਵੀਰ ਭਰਤੀ ਯੋਜਨਾ ਦਾ ਪਹਿਲਾ ਗੇੜ ਅਜੇ ਮੁਕੰਮਲ ਨਹੀਂ ਹੋਇਆ ਅਤੇ ਇਸ ਦਾ ਪੂਰਾ ਅਸਰ ਦੇਖਿਆ ਜਾਣਾ ਅਜੇ ਬਾਕੀ ਹੈ ਜਦਕਿ ਕੁਝ ਸਾਬਕਾ ਸੈਨਿਕਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਦੀ ਪੂਰੀ ਸਮਰੱਥਾ ਦੇਖਣ ਲਈ ਇਸ ਦੀ ਮਿਆਦ ‘ਚ ਵਾਧਾ ਕੀਤਾ ਜਾਣਾ ਚਾਹੀਦਾ ਹੈ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਸਾਬਕਾ ਨਿਰਦੇਸ਼ਕ ਮੇਜਰ ਜਨਰਲ (ਸੇਵਾਮੁਕਤ) ਆਈ.ਪੀ. ਸਿੰਘ ਨੇ ਕਿਹਾ ਕਿ ਇਕ ਫੌਜੀ ਨੂੰ ਜ਼ਰੂਰੀ ਹੁਨਰ ਵਿਕਸਿਤ ਕਰਨ, ਭਰੋਸਾ ਹਾਸਲ ਕਰਨ ਅਤੇ ਮੁਸ਼ਕਲ ਹਾਲਾਤ ਵਿਚ ਟੀਮ ਨਾਲ ਮਿਲ ਕੇ ਕੰਮ ਕਰਨ ਦੇ ਯੋਗ ਹੋਣ ਲਈ ਇਕ ਨਿਰਧਾਰਤ ਸਮੇਂ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ, ‘ਚਾਰ ਸਾਲ ਮਗਰੋਂ ਨੌਕਰੀ ਸਬੰਧੀ ਬੇਯਕੀਨੀ ਹੋਣਾ ਵੀ ਦੋ-ਧਾਰੀ ਹਥਿਆਰ ਹੈ। ਇਸ ਨਾਲ ਜਾਂ ਤਾਂ ਵਿਅਕਤੀ ਬਹੁਤ ਵਧੀਆ ਪ੍ਰਦਰਸ਼ਨ ਕਰਦਾ ਹੈ ਜਾਂ ਫਿਰ ਨੌਕਰੀ ਵੱਲ ਧਿਆਨ ਦਿੰਦਾ ਹੈ।` ਉਨ੍ਹਾਂ ਕਿਹਾ ਕਿ ਅਗਨੀਵੀਰ ਯੋਜਨਾ ਦਾ ਪਹਿਲਾ ਗੇੜ ਅਜੇ ਪੂਰਾ ਨਹੀਂ ਹੋਇਆ। ਇਸ ਲਈ ਇਸ ਦੀ ਪੂਰੀ ਸਮਰੱਥਾ ਦੇਖੀ ਜਾਣੀ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇ ਸੁਰੱਖਿਆ ਹਾਲਾਤ ਨੂੰ ਦੇਖਦਿਆਂ ਉੱਚ ਪੱਧਰੀ ਫੌਜੀਆਂ ਵਾਲੀ ਪੂਰੀ ਤਰ੍ਹਾਂ ਸਿੱਖਿਅਤ ਤੇ ਪ੍ਰੇਰਿਤ ਸੁਰੱਖਿਆ ਫੋਰਸ ਦੀ ਜ਼ਰੂਰਤ ਹੈ। ਇਸ ਲਈ ਲੰਮੇ ਸਮੇਂ ਤੋਂ ਅਜ਼ਮਾਏ ਹੋਏ ਸਾਲਾਂ ਪੁਰਾਣੇ ਪ੍ਰਬੰਧ ਦੀ ਥਾਂ ਇਹ ਕੋਈ ਚੰਗਾ ਵਿਚਾਰ ਨਹੀਂ ਹੈ। ਸਾਬਕਾ ਫੌਜੀਆਂ ਅਨੁਸਾਰ ਇਸ ਸਮੇਂ ਸਾਲਾਨਾ 46 ਹਜ਼ਾਰ ਅਗਨੀਵੀਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਅਗਲੇ 4-5 ਸਾਲਾਂ `ਚ ਇਨ੍ਹਾਂ ਦੀ ਗਿਣਤੀ 1.75 ਲੱਖ ਹੋ ਜਾਵੇਗੀ। ਅਗਲੇ 10-12 ਸਾਲਾਂ ਅੰਦਰ ਕੁੱਲ ਫੋਰਸ ਵਿਚ 66 ਫੀਸਦ ਹਿੱਸਾ ਅਗਨੀਵੀਰਾਂ ਦਾ ਹੋਵੇਗਾ।
ਸਿੱਖ ਰੈਜੀਮੈਂਟ ਸੈਂਟਰ ਦੇ ਸਾਬਕਾ ਕਮਾਂਡੈਂਟ ਬ੍ਰਿਗੇਡੀਅਰ (ਸੇਵਾਮੁਕਤ) ਆਈ.ਐਸ. ਗਾਖਲ ਨੇ ਕਿਹਾ, ‘ਇਹ 66 ਫੀਸਦ ਹਿੱਸਾ ਫੋਰਸ ਨੂੰ ਚਲਾਏਗਾ।` ਉਨ੍ਹਾਂ ਕਿਹਾ, ‘ਅਗਨੀਵੀਰਾਂ ਦੀ ਸਿਖਲਾਈ ਕਰੀਬ ਛੇ ਮਹੀਨਿਆਂ ਦੀ ਹੈ। ਇਸ ਤੋਂ ਪਹਿਲਾਂ ਰੰਗਰੂਟ ਨੂੰ ਨੌਂ ਮਹੀਨੇ ਦੀ ਮੁੱਢਲੀ ਸਿਖਲਾਈ ਤੋਂ ਲੰਘਣਾ ਪੈਂਦਾ ਸੀ। ਦੋ-ਤਿੰਨ ਸਾਲ ਬਾਅਦ ਉਹ ਫੌਜੀ ਵਜੋਂ ਵਿਕਸਿਤ ਹੁੰਦਾ ਹੈ।`
ਅਗਨੀਵੀਰ ਸਕੀਮ ਰੱਦ ਕਰਾਂਗੇ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਅਸੀਂ ਸੱਤਾ ‘ਚ ਆਉਂਦਿਆਂ ਹੀ ਅਗਨੀਪਥ ਸਕੀਮ ਰੱਦ ਕਰ ਦੇਵਾਂਗੇ। ਉਨ੍ਹਾਂ ਨੇ ਇਹ ਗੱਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਸੇਵਾਮੁਕਤ ਅਗਨੀਵੀਰਾਂ ਲਈ ਰਾਖਵੇਂਕਰਨ ਦਾ ਐਲਾਨ ਕਰਨ ਦੇ ਇਕ ਦਿਨ ਬਾਅਦ ਆਖੀ ਹੈ। ਅਖਿਲੇਸ਼ ਨੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਵੀ ਇਹ ਵਾਅਦਾ ਦੁਹਰਾਇਆ ਸੀ ਕਿ ਜੇਕਰ ‘ਇੰਡੀਆ‘ ਗੱਠਜੋੜ ਸੱਤਾ ‘ਚ ਆਇਆ ਤਾਂ ਫੌਜ ‘ਚ ਥੋੜ੍ਹੇ ਸਮੇਂ ਲਈ ਭਰਤੀ ਦੀ ਇਹ ਸਕੀਮ ਰੱਦ ਕਰ ਦਿੱਤੀ ਜਾਵੇਗੀ।