ਦੋਦਾ: ਮੁੱਖ ਮੰਤਰੀ ਭਗਵੰਤ ਮਾਨ ਨੇ ਦੋਦਾ ‘ਚ ਹਰੀਕੇ ਪੱਤਣ ਤੋਂ ਮਾਲਵਾ ਨਹਿਰ ਬਣਾਉਣ ਸਬੰਧੀ ਪ੍ਰੋਜੈਕਟ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਇਸ ਨਹਿਰ ਨਾਲ ਸੂਬੇ ਦੇ 62 ਪਿੰਡਾਂ ਵਿਚ ਦੋ ਲੱਖ ਏਕੜ ਤੋਂ ਵੱਧ ਰਕਬੇ ਵਿਚਲੇ ਖੇਤਾਂ ਨੂੰ ਪਾਣੀ ਪੁੱਜੇਗਾ। ਇਸ ਮੌਕੇ ਉਨ੍ਹਾਂ ਬਾਦਲ ਪਰਿਵਾਰ ਨੂੰ ਨਿਸ਼ਾਨੇ ‘ਤੇ ਰੱਖਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸੁਖਵਿਲਾਸ ਸਬੰਧੀ ਕਾਗਜ਼ ਹਨ ਤੇ ਉਹ ਜਲਦੀ ਹੀ ਇਨ੍ਹਾਂ ਨੂੰ ਜਨਤਕ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੋਜੈਕਟ ਦਾ ਜਾਇਜ਼ਾ ਲੈਣ ਮਗਰੋਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਨਹਿਰ ਬਣ ਰਹੀ ਹੈ ਜਿਸ ‘ਤੇ 2300 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਹਿਰ ਰਾਹੀਂ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲਿ੍ਹਆਂ ਦੇ 62 ਪਿੰਡਾਂ ਦੇ 2 ਲੱਖ ਏਕੜ ਤੋਂ ਵੱਧ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਨਹਿਰ 149 ਕਿਲੋਮੀਟਰ ਲੰਮੀ, 50 ਫੁਟ ਚੌੜੀ ਤੇ ਸਾਢੇ 12 ਫੁਟ ਡੂੰਘੀ ਹੋਵੇਗੀ, ਜਿਸ ਰਾਹੀਂ 18000 ਕਿਊਸਿਕ ਪਾਣੀ ਆਵੇਗਾ। ਨਹਿਰ ਵਿਚ 500 ਮੋਘੇ ਹੋਣਗੇ ਤੇ ਇਹ ਨਹਿਰ ਤਿਆਰ ਹੋਣ ਨਾਲ ਕਿਸਾਨਾਂ ਦੀਆਂ ਫਸਲਾ ਅਤੇ ਨਸਲਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਹਿਰ ਦਾ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਉਤੇ ਤਨਜ਼ ਕਸਦਿਆਂ ਕਿਹਾ ਕਿ ਇਨ੍ਹਾਂ ਨੇ ਪੰਥ ਦੇ ਨਾਮ ‘ਤੇ ਲੋਕਾਂ ਨੂੰ ਮੂਰਖ ਬਣਾਈ ਰੱਖਿਆ ਅਤੇ ਨਹਿਰੀ ਪਾਣੀ ਦੀਆਂ ਕੱਸੀਆਂ ਤੇ ਮੋਘੇ ਇਨ੍ਹਾਂ ਦੇ ਖੇਤਾਂ ਵਿਚ ਜਾ ਕੇ ਖਤਮ ਹੋਏ ਹਨ। ਉਨ੍ਹਾਂ ਕਿਹਾ ਕਿ 25 ਸਾਲ ਦੇ ਰਾਜ ਵਿਚ ਬਾਦਲਾਂ ਨੇ ਲੋਕਾਂ ਦਾ ਸ਼ੋਸ਼ਣ ਕੀਤਾ ਤੇ ਉੱਚੀਆਂ ਕੰਧਾਂ ਕੱਢ ਕੇ ਮਹਿਲ ਬਣਾਏ ਹਨ ਜਿਨ੍ਹਾਂ ਉਤੇ ਇਟਲੀ ਤੋਂ ਪੱਥਰ ਲਿਆ ਕੇ ਲਾਇਆ ਗਿਆ ਹੈ। ਸੁਖਵਿਲਾਸ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਉਸ ਦੇ ਵੀ ਕਾਗ਼ਜ਼ ਕੱਢ ਲਏ ਹਨ ਤੇ ਜਲਦੀ ਸਾਰਾ ਕੁਝ ਜਨਤਕ ਕਰਨਗੇ।
ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਘੇਰਿਆ
ਚੰਡੀਗੜ੍ਹ: ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਖ਼ੂਨ-ਖਰਾਬੇ ਵਾਲਾ ਮਾਹੌਲ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤ ਨੂੰ ਪੜ੍ਹਨ ਦੇ ਨਾਮ ‘ਤੇ ਵਿਦੇਸ਼ ਭੇਜਿਆ ਅਤੇ ਜਦੋਂ ਸੂਬੇ ਵਿਚ ਸ਼ਾਂਤੀ ਹੋਈ ਤਾਂ ਉਸ ਨੂੰ ਲਿਆ ਕੇ ਉਪ ਮੁੱਖ ਮੰਤਰੀ ਬਣਾਇਆ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਭਾਜਪਾ ਦੇ ਭਾਈਵਾਲ ਰਹੇ ਅਤੇ ਮੰਤਰੀ ਬਣੇ ਰਹੇ ਤਾਂ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਜਾਂ ਪਾਣੀਆਂ ਦਾ ਚੇਤਾ ਨਹੀਂ ਆਇਆ ਅਤੇ ਹੁਣ ਸੱਤਾ ਤੋਂ ਬਾਹਰ ਹੁੰਦਿਆਂ ਹੀ ਉਨ੍ਹਾਂ ਨੂੰ ਪਾਣੀ ਦੀ ਰਾਇਲਟੀ ਅਤੇ ਹੋਰ ਮਸਲੇ ਯਾਦ ਆ ਰਹੇ ਹਨ।