ਸੁਖਬੀਰ ਬਾਦਲ ਦੇ ਪਾਕਿ ਦੌਰੇ ਤੋਂ ਵਪਾਰੀ ਬਾਗੋਬਾਗ

ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪਾਕਿਸਤਾਨ ਦੌਰੇ ਨੂੰ ਲੈ ਕੇ ਵਪਾਰੀ ਵਰਗ ਵਿਚ ਦੁਵੱਲੇ ਵਪਾਰ ਦੇ ਵਧਣ ਦੀਆਂ ਵੱਡੀਆਂ ਆਸਾਂ ਹਨ। ਇਸ ਬਾਰੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਕੌਮੀ ਮੈਂਬਰ ਗੁਣਬੀਰ ਸਿੰਘ ਨੇ ਆਖਿਆ ਕਿ ਉਪ ਮੁੱਖ ਮੰਤਰੀ ਦੇ ਪਾਕਿਸਤਾਨ ਦੌਰੇ ਦੌਰਾਨ ਵਪਾਰੀ ਵਰਗ ਦੀ ਆਪਸ ਵਿਚ ਹੋਣ ਵਾਲੀ ਗੱਲਬਾਤ ਦੌਰਾਨ ਦੁਵੱਲੇ ਵਪਾਰ ਨੂੰ ਵਧਾਉਣ ਬਾਰੇ ਗੱਲਬਾਤ ਹੋਵੇਗੀ ਤੇ ਉਮੀਦ ਹੈ ਕਿ ਇਸ ਗੱਲਬਾਤ ਰਾਹੀਂ ਵਪਾਰ ਸਬੰਧੀ ਆਪਸੀ ਮਸਲੇ ਹੱਲ ਹੋਣਗੇ।
ਉਨ੍ਹਾਂ ਆਖਿਆ ਕਿ ਇਸ ਗੱਲਬਾਤ ਦੌਰਾਨ ਪਾਕਿਸਤਾਨ ਵੱਲੋਂ ਜਾਰੀ ਨਾਂਹਵਾਚੀ ਸੂਚੀ ਅਨੁਸਾਰ ਅਟਾਰੀ ਵਾਹਗਾ ਸਰਹੱਦ ਰਸਤੇ ਵਧੇਰੇ ਵਸਤਾਂ ਦਾ ਵਪਾਰ ਕਰਨ ਬਾਰੇ ਮਸਲਾ ਰੱਖਿਆ ਜਾਵੇਗਾ। ਇਸ ਵੇਲੇ ਪਾਕਿਸਤਾਨ ਵਲੋਂ ਅਟਾਰੀ ਵਾਹਗਾ ਸਰਹੱਦ ਰਸਤੇ ਸਿਰਫ 137 ਵਸਤਾਂ ਦਾ ਵਪਾਰ ਕਰਨ ਦੀ ਆਗਿਆ ਦਿੱਤੀ ਗਈ ਹੈ। ਵਪਾਰੀ ਵਰਗ ਯਤਨ ਕਰੇਗਾ ਕਿ ਅਟਾਰੀ ਵਾਹਗਾ ਸਰਹੱਦ ਰਸਤੇ ਵਪਾਰ ਨੂੰ ਵਧੇਰੇ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਇਸ ਵੇਲੇ ਮੁੰਬਈ-ਕਰਾਚੀ ਦੀ ਵਪਾਰੀ ਲਾਬੀ ਦਾ ਦੋਵਾਂ ਮੁਲਕਾਂ ਦੀਆਂ ਸਰਕਾਰਾਂ ‘ਤੇ ਵਧੇਰੇ ਪ੍ਰਭਾਵ ਹੈ ਤੇ ਇਸ ਪ੍ਰਭਾਵ ਦਾ ਅਟਾਰੀ ਵਾਹਗਾ ਸਰਹੱਦ ਰਸਤੇ ਹੁੰਦੇ ਵਪਾਰ ‘ਤੇ ਮਾੜਾ ਅਸਰ ਪੈ ਰਿਹਾ ਹੈ।
ਉਨ੍ਹਾਂ ਆਖਿਆ ਕਿ ਜੇਕਰ ਅਟਾਰੀ ਵਾਹਗਾ ਸਰਹੱਦ ਰਸਤੇ ਵਪਾਰ ਵਿਚ ਵਾਧਾ ਹੁੰਦਾ ਹੈ ਤਾਂ ਇਸ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਤੇ ਇਸ ਨਾਲ ਦੁਵੱਲੇ ਰਿਸ਼ਤੇ ਵੀ ਮਜ਼ਬੂਤ ਹੋਣਗੇ।
ਖੰਨਾ ਪੇਪਰ ਮਿੱਲ ਦੇ ਐਮæਡੀæ  ਸੁਨੀਤ ਕੋਛੜ ਜਿਨ੍ਹਾਂ ਦੀ ਸੰਸਥਾ ਵੱਲੋਂ ਇਸ ਵੇਲੇ ਪਾਕਿਸਤਾਨ ਨੂੰ ਅਖ਼ਬਾਰੀ ਕਾਗਜ਼ ਵੇਚਿਆ ਜਾ ਰਿਹਾ ਹੈ, ਨੇ ਕਿਹਾ ਕਿ ਇਹ ਮੌਕਾ ਦੁਵੱਲੇ ਵਪਾਰ ਨੂੰ ਉਤਸ਼ਾਹਤ ਕਰਨ ਲਈ ਸਹਾਈ ਸਾਬਤ ਹੋਵੇਗਾ। ਇਹ ਦੌਰਾ ਉਸ ਵੇਲੇ ਤੈਅ ਹੋਇਆ ਹੈ ਜਦੋਂ ਦੋਵੇਂ ਮੁਲਕ ਚੰਗੇ ਆਪਸੀ ਸਬੰਧ ਸਥਾਪਤ ਕਰਨ ਲਈ ਯਤਨਸ਼ੀਲ ਹਨ ਤੇ ਇਸ ਬਾਰੇ ਗੱਲਬਾਤ ਦੇ ਦੌਰ ਵੀ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਤੋਂ ਵਪਾਰੀ ਵਰਗ ਦਾ ਇਕ ਉਚ ਪੱਧਰੀ ਵਫਦ ਜਾਵੇਗਾ ਤੇ ਲਾਹੌਰ ਵਿਖੇ ਵਪਾਰੀ ਵਰਗ ਦੀ ਦੁਵੱਲੀ ਗੱਲਬਾਤ ਵੀ ਹੋਵੇਗੀ। ਅਜਿਹੀ ਗੱਲਬਾਤ ਨਾਲ ਦੋਵੇਂ ਪਾਸੇ ਆਪਸੀ ਵਿਸ਼ਵਾਸ ਹੋਰ ਪਕੇਰਾ ਹੋਵੇਗਾ।
ਉਨ੍ਹਾਂ ਆਖਿਆ ਕਿ ਪੰਜਾਬ ਤੋਂ ਕਾਗਜ਼, ਖੇਤੀਬਾੜੀ ਵਸਤਾਂ, ਟੈਕਸਟਾਈਲ, ਸਾਇਕਲ ਤੇ ਉਨ੍ਹਾਂ ਦੇ ਪੁਰਜ਼ੇ, ਖੇਡਾਂ ਦਾ ਸਾਮਾਨ, ਆਟੋ ਮੋਬਾਇਲ ਨਾਲ ਸਬੰਧਤ ਵਸਤਾਂ ਤੇ ਦਵਾਈਆਂ ਦਾ ਵਪਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਦੋਵੇਂ ਪੰਜਾਬਾਂ ਵਿਚਾਲੇ ਸੈਰ ਸਪਾਟੇ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

Be the first to comment

Leave a Reply

Your email address will not be published.