ਕੇਸਰੀ ਦੀ ਥਾਂ ਸੁਰਮਈ ਤੇ ਬਸੰਤੀ ਨਿਸ਼ਾਨ ਸਾਹਿਬ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀਆਂ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਦੇ ਨਾਂ ਪੱਤਰ ਜਾਰੀ ਕੀਤਾ ਹੈ ਜਿਸ ਰਾਹੀਂ ਕਿਹਾ ਗਿਆ ਹੈ ਕਿ ਗੁਰਦੁਆਰਿਆਂ ਵਿਚ ਲੱਗੇ ਨਿਸ਼ਾਨ ਸਾਹਿਬ ਸੁਰਮਈ (ਨੀਲੇ) ਜਾਂ ਬਸੰਤੀ (ਪੀਲੇ) ਰੰਗ ਦੇ ਹੋਣਗੇ।

ਬੀਤੇ 15 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਉਲਝਣ ਦੇ ਸਬੰਧੀ ਮਤਾ ਪਾਸ ਕੀਤਾ ਗਿਆ ਸੀ। ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਨੂੰ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਰੰਗਾਂ ਦੀ ਉਲਝਣ ਨੂੰ ਖ਼ਤਮ ਕਰਨ ਲਈ ਹਦਾਇਤ ਕੀਤੀ ਸੀ। ਅਜੋਕੇ ਸਮੇਂ ਵਿਚ ਨਿਸ਼ਾਨ ਸਾਹਿਬ ਜ਼ਿਆਦਾਤਰ ਕੇਸਰੀ ਰੰਗ ਦੇ ਹੁੰਦੇ ਹਨ ਜਦਕਿ ਨਿਹੰਗ ਸਮੂਹਾਂ ਅਤੇ ਉਨ੍ਹਾਂ ਦੀਆਂ ਛਾਉਣੀਆਂ ਵਿਚ ਨਿਸ਼ਾਨ ਸਾਹਿਬ ਸੁਰਮਈ ਰੰਗ ਦੇ ਹੁੰਦੇ ਹਨ। ਦੋ ਨਿਸ਼ਾਨ ਸਾਹਿਬ ਜੋ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਅਕਾਲ ਤਖ਼ਤ ਦੇ ਨੇੜੇ ਗੁਰਦਵਾਰਾ ਝੰਡਾ ਬੁੰਗਾ ਸਾਹਿਬ ਵਿਖੇ ਹਨ, ਉਨ੍ਹਾਂ ਦਾ ਰੰਗ ਵੀ ਕੇਸਰੀ ਹੈ। ਇਹ ਦੋਹਰੇ ਨਿਸ਼ਾਨ ਸਾਹਿਬ ਮੀਰੀ-ਪੀਰੀ ਦੇ ਸੰਕਲਪ ਦੇ ਪ੍ਰਤੀਕ ਹਨ ਜਿਸ ਦਾ ਅਰਥ ਹੈ ਕਿ ਸਿੱਖ ਫਲਸਫ਼ੇ ਮੁਤਾਬਕ ਧਰਮ ਅਤੇ ਰਾਜਨੀਤੀ ਇਕੱਠੇ ਚੱਲਦੇ ਹਨ।
ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਿੱਖ ਪ੍ਰਚਾਰਕਾਂ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਪੱਤਰ ਜਾਰੀ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰ ਜਾਰੀ ਕਰ ਕੇ ਨਿਸ਼ਾਨ ਸਾਹਿਬ ਦੇ ਰੰਗ ਤਬਦੀਲ ਕਰ ਦਿੱਤੇ ਹਨ। ਉਨ੍ਹਾਂ ਕਿਹਾ ਹੈ, “ਇਸ ਦਾ ਇਹ ਮਤਲਬ ਨਹੀਂ ਕਿ ਇਹ ਭਗਵਾ ਰੰਗ ਦੇ ਵਿਰੋਧ ਵਿਚ ਹੈ ਅਤੇ ਇਸ ਬਾਰੇ ਇਹ ਬੇਲੋੜਾ ਵਿਵਾਦ ਖੜ੍ਹਾ ਕੀਤਾ ਗਿਆ ਹੈ। ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਕੁਝ ਨਵਾਂ ਨਹੀਂ ਕੀਤਾ ਸਗੋਂ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕੀਤੀ ਹੈ ਜਿਸ ਵਿਚ ਨਿਸ਼ਾਨ ਸਾਹਿਬ ਦੇ ਦੋ ਰੰਗਾਂ- ਸੁਰਮਈ (ਨੀਲਾ) ਅਤੇ ਬਸੰਤੀ (ਪੀਲਾ) ਦਾ ਜ਼ਿਕਰ ਹੈ। ਇਸ ਨੂੰ ਕਿਸੇ ਹੋਰ ਧਰਮ ਜਾਂ ਸੰਸਥਾ ਨਾਲ ਜੋੜ ਕੇ ਵਿਵਾਦ ਪੈਦਾ ਨਹੀਂ ਕਰਨਾ ਚਾਹੀਦਾ।”