ਸੁਖਬੀਰ ਪ੍ਰਧਾਨਗੀ ਛੱਡਣ ਦੇ ਰੌਂਅ ’ਚ ਨਹੀਂ

ਬਾਗੀ ਧੜੇ ਖਿਲਾਫ ਅਨੁਸ਼ਾਸਨੀ ਕਾਰਵਾਈ; ਬਾਗੀ ਆਗੂ ਪਾਰਟੀ ਵਿਚੋਂ ਕੱਢੇ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੂਨੀ ਕਲੇਸ਼ ਹੋਰ ਉਲਝ ਗਿਆ ਹੈ। ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਥੇ ਉਂਗਲ ਚੁੱਕਣ ਵਾਲੇ ਬਾਗੀ ਧੜੇ ਖਿਲਾਫ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਲ ਨੇ ਸੁਖਬੀਰ ਖਿਲਾਫ ਆਵਾਜ਼ ਚੁੱਕਣ ਵਾਲੇ ਵੱਡੀ ਗਿਣਤੀ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ।

ਅਕਾਲੀ ਦਲ ਨੇ ਗੁਰਪ੍ਰਤਾਪ ਸਿੰਘ ਵਡਾਲਾ, ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਇਨ੍ਹਾਂ ਆਗੂਆਂ ਉਤੇ ਦੋਸ਼ ਲਾਏ ਗਏ ਹਨ ਕਿ ਇਨ੍ਹਾਂ ਵੱਲੋਂ ਲਗਾਤਾਰ ਪਾਰਟੀ ਦੇ ਅਕਸ ਨੂੰ ਢਾਅ ਲਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਪਰੋਕਤ ਤੋਂ ਇਲਾਵਾ 7 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜਾਂ ਨੂੰ ਵੀ ਤੁਰਤ ਪ੍ਰਭਾਵ ਤੋਂ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੁਖਬੀਰ ਧੜੇ ਨੇ ਪਾਰਟੀ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਸੀ।
ਇਧਰ, ਬਾਗੀ ਧੜੇ ਨੇ ਅਕਾਲੀ ਦਲ ਦੀ ‘ਹੋਂਦ ਬਚਾਉਣ` ਲਈ ਅਕਾਲੀ ਸੁਧਾਰ ਲਹਿਰ ਸ਼ੁਰੂ ਕੀਤੀ ਹੋਈ ਹੈ ਅਤੇ ਇਸ ਨੂੰ ਵੱਡਾ ਹੁੰਗਾਰਾ ਵੀ ਮਿਲ ਰਿਹਾ ਹੈ। ਅਕਾਲੀਆਂ ਦੇ ਬਾਗ਼ੀ ਧੜੇ ਵੱਲੋਂ 13 ਮੈਂਬਰੀ ਪ੍ਰਜ਼ੀਡੀਅਮ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਬਾਗੀ ਧੜੇ ਦਾ ਕਹਿਣਾ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਦਾ ਮਨੋਰਥ ਸਿੱਖ ਕੌਮ ਦੇ ਸਾਹਮਣੇ ਅਜਿਹਾ ਏਜੰਡਾ ਲੈ ਕੇ ਜਾਣਾ ਹੈ ਜੋ ਸਮੁੱਚੇ ਪੰਥ ਅਤੇ ਸੰਗਤ ਅੱਗੇ ਸੁਹਿਰਦ ਸਿੱਖ ਲੀਡਰਸ਼ਿਪ ਖੜ੍ਹੀ ਕਰ ਸਕੇ ਤੇ ਸਿੱਖ ਪੰਥ ਦਾ ਵਿਸ਼ਵਾਸ ਮੁੜ ਹਾਸਲ ਹੋ ਸਕੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਿੱਖ ਪੰਥ ਦੀ ਨਬਜ਼ ਪਛਾਣਦਿਆਂ ਤਿਆਗ ਦੀ ਭਾਵਨਾ ਦਿਖਾਉਣ ਤੇ ਅਹੁਦੇ ਤੋਂ ਲਾਂਭੇ ਹੋ ਕੇ ਪੰਥ ਅਤੇ ਸਿੱਖੀ ਦੀ ਸੇਵਾ ਕਰਨ। ਦੱਸ ਦਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਅਤੇ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਜਿਹੇ ਕਈ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਸੁਆਲ ਉਠਦੇ ਰਹੇ ਹਨ ਪਰ ਪਾਰਟੀ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ ਜਿਸ ਕਰਕੇ ਸਿੱਖ ਜਗਤ ਅੰਦਰ ਅਕਾਲੀ ਲੀਡਰਸ਼ਿਪ ਦੀ ਭਰੋਸੇਯੋਗਤਾ ਖੁਰਨ ਲੱਗ ਪਈ ਅਤੇ ਪਾਰਟੀ ਨੂੰ ਚੋਣਾਂ ਵਿਚ ਵੱਡੀਆਂ ਹਾਰਾਂ ਦਾ ਮੂੰਹ ਦੇਖਣਾ ਪਿਆ।
ਪਿਛਲੇ ਦਿਨੀਂ ਵੱਡੀ ਗਿਣਤੀ ਅਕਾਲੀ ਆਗੂਆਂ ਨੇ ਸੁਖਬੀਰ ਦੀ ਅਗਵਾਈ ਖਿਲਾਫ ਆਵਾਜ਼ ਬੁਲੰਦ ਕਰਦਿਆਂ ਬੀਤੇ ਵਿਚ ਹੋਈਆਂ ਭੁੱਲਾਂ ਲਈ ਪਸ਼ਚਾਤਾਪ ਵਾਸਤੇ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਪੱਤਰ ਸੌਂਪਿਆ ਗਿਆ ਸੀ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਉਤੇ ਤਲਬ ਕੀਤਾ ਗਿਆ। ਸੁਖਬੀਰ ਨੇ ਪਿਛਲੇ ਦਿਨੀਂ ਅਕਾਲ ਤਖਤ ਉਤੇ ਪੇਸ਼ ਹੋਏ ਕੇ ਬੰਦ ਲਿਫਾਫੇ ਵਿਚ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ ਸੀ। ਹੁਣ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਹੋਰਨਾਂ ਸਿੰਘ ਸਾਹਿਬਾਨ ਨਾਲ ਇਸ ਮੁਤੱਲਕ ਵਿਚਾਰ ਚਰਚਾ ਕਰਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਣਗੇ। ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਇਸ ਵਕਤ ਸ੍ਰੀ ਅਕਾਲ ਤਖ਼ਤ ਵੱਲ ਲੱਗੀਆਂ ਰਹਿਣਗੀਆਂ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਿੱਖ ਰਾਜਨੀਤੀ ਨੂੰ ਅਸਰਅੰਦਾਜ਼ ਕਰਨ ਵਾਲੇ ਇਸ ਮੁੱਦੇ ‘ਤੇ ਕੀ ਰੁਖ਼ ਅਖਤਿਆਰ ਕਰਦੇ ਹਨ।
ਇਧਰ, ਸੁਖਬੀਰ ਬਾਦਲ ਦੀਆਂ ਸਰਗਰਮੀਆਂ ਤੋਂ ਜਾਪ ਰਿਹਾ ਹੈ ਕਿ ਉਹ ਕਿਸੇ ਵੀ ਕੀਮਤ ਉਤੇ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂੇ। ਪਾਰਟੀ ਵਿਚ ਮੌਜੂਦਾ ਹਾਲਾਤ ਇਹ ਬਣ ਰਹੇ ਹਨ ਕਿ ਇਕ ਪਾਸੇ ਬਾਗੀ ਧੜਾ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਬਜ਼ਿਦ ਹੈ ਤੇ ਦੂਜੇ ਪਾਸੇ ਸੁਖਬੀਰ ਆਪਣੀ ਕੁਰਸੀ ਬਚਾਉਣ ਲਈ ਖੁੱਲ੍ਹ ਕੇ ਮੈਦਾਨ ਵਿਚ ਨਿੱਤਰ ਆਏ ਹਨ। ਅਕਾਲੀ ਦਲ ਦਾ ਬਾਗੀ ਧੜਾ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ ਜਿਸ ਵਿਚ ਸੁਖਬੀਰ ਬਾਦਲ ਸਣੇ ਪਾਰਟੀ ਲੀਡਰਸ਼ਿਪ ਦੀ ਤਬਦੀਲੀ ਦੀ ਸਿਫਾਰਸ਼ ਕੀਤੀ ਗਈ ਸੀ। ਇਹ ਕਮੇਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਬਣਾਈ ਗਈ ਸੀ। ਕਮੇਟੀ ਨੇ ਆਪਣੀ ਰਿਪੋਰਟ ਵਿਚ ਪਾਰਟੀ ਲੀਡਰਸ਼ਿਪ ਉਤੇ ਉਂਗਲ ਚੁੱਕੀ ਸੀ ਹਾਲਾਂਕਿ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਥਾਂ ਹੇਠਲੀ ਪੱਧਰ ਦੇ ਛੋਟੇ-ਮੋਟੇ ਆਗੂਆਂ ਨੂੰ ਇਧਰ-ਉਧਰ ਕਰਕੇ ਬੁੱਤਾ ਸਾਰ ਦਿੱਤਾ ਗਿਆ। ਮੌਜੂਦਾ ਹਾਲਾਤ ਇਹ ਹਨ ਕਿ ਪਾਰਟੀ ਨੂੰ ਇਕ ਤੋਂ ਬਾਅਦ ਇਕ ਹਾਰ ਮਿਲ ਰਹੀ ਹੈ। ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਇਕ ਦੋ ਉਮੀਦਵਾਰਾਂ ਨੂੰ ਛੱਡ ਕੇ ਤਕਰੀਬਨ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸ ਤੋਂ ਬਾਅਦ ਜਲੰਧਰ ਜਿਮਨੀ ਚੋਣਾਂ ਵਿਚ ਸੁਖਬੀਰ ਬਾਦਲ ਧੜੇ ਨੇ ਬਸਪਾ ਨਾਲ ਗੱਠਜੋੜ ਕੀਤਾ ਸੀ, ਇਸ ਦੇ ਬਾਵਜੂਦ ਦੋਹਾਂ ਪਾਰਟੀਆਂ ਨੂੰ 734 ਵੋਟਾਂ ਮਿਲੀਆਂ, ਅਕਾਲੀ ਦਲ ਦਾ ਬਾਗੀ ਧੜਾ 1242 ਵੋਟਾਂ ਲੈਣ ਵਿਚ ਸਫਲ ਰਿਹਾ। ਬਸਪਾ ਦਾ ਜਲੰਧਰ ਖੇਤਰ ਵਿਚ ਕਾਫੀ ਆਧਾਰ ਹੈ ਅਤੇ 734 ਵਿਚੋਂ ਜਿਆਦਾਤਰ ਵੋਟਾਂ ਇਸ ਪਾਰਟੀ (ਬਸਪਾ) ਦੀਆਂ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜਿਸ ਪਿੱਛੋਂ ਸਵਾਲ ਕੀਤੇ ਗਏ ਸਨ ਜਿਸ ਪ੍ਰਧਾਨ (ਸੁਖਬੀਰ) ਦੇ ਆਖੇ 500 ਵੋਟਾਂ ਨਹੀਂ ਪਈਆਂ, ਉਸ ਨੂੰ ਕੁਰਸੀ ਦੇ ਬੈਠੇ ਰਹਿਣ ਦਾ ਹੱਕ ਹੈ? ਵਿਰੋਧੀ ਧਿਰਾਂ ਸਣੇ ਬਾਗੀ ਧੜੇ ਨੇ ਇਸ ਸਵਾਲ ਨੂੰ ਖੂਬ ਉਭਾਰਿਆ ਸੀ। ਹਾਲਾਂਕਿ ਸੁਖਬੀਰ ਬਾਦਲ ਦੀ ਬਾਗੀਆਂ ਉਤੇ ਤਾਜ਼ਾ ਕਾਰਵਾਈ ਸਾਫ ਇਸ਼ਾਰਾ ਕਰਦੀ ਹੈ ਕਿ ਉਹ ਕਿਸੇ ਵੀ ਕੀਮਤ ਉਤੇ ਕੁਰਸੀ ਤੋਂ ਲਾਂਭੇ ਹੋਣ ਦੇ ਮੂਡ ਵਿਚ ਨਹੀਂ ਹਨ।