ਫਿਲਮਸਾਜ਼ ਰਾਜ ਕੁਮਾਰ ਹਿਰਾਨੀ ਦੀਆਂ ਬਾਤਾਂ

ਆਮਨਾ ਕੌਰ
ਉਘਾ ਫਿਲਮਸਾਜ਼ ਰਾਜ ਕੁਮਾਰ ਹਿਰਾਨੀ ਵੀ ਹੁਣ ਓ.ਟੀ.ਟੀ. ਮੰਚ ਉਤੇ ਪਹੁੰਚ ਗਿਆ ਹੈ। ਉਹ ਵੀ ਹੁਣ ਲੜੀਵਾਰ ਤਿਆਰ ਕਰਨ ਵਿਚ ਮਸਰੂਫ ਹੈ। ਇਸ ਲੜੀਵਾਰ ਲਈ ਉਸ ਨੇ ਅਦਾਕਾਰ ਵਿਕਰਮ ਮੈਸੀ ਦੀ ਚੋਣ ਕੀਤੀ ਹੈ ਅਤੇ ਇਸ ਪ੍ਰੋਜੈਕਟ ‘ਤੇ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।

ਵਿਕਰਮ ਮੈਸੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2007 ਵਿਚ ਲੜੀਵਾਰ ‘ਧੂਮ ਮਚਾਓ ਧੂਮ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਈ ਟੈਲੀਵਿਜ਼ਨ ਲੜੀਵਾਰਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚ ‘ਧਰਮ ਵੀਰ’, ‘ਬਾਲਿਕਾ ਵਧੂ’, ‘ਕਬੂਲ ਹੈ’ ਸ਼ਾਮਿਲ ਹਨ। ਇਸ ਤੋਂ ਬਾਅਦ ਉਸ ਨੇ ਫਿਲਮਾਂ ਵਿਚ ਸਹਾਇਕ ਅਦਾਕਾਰ ਵਾਲੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ ਅਤੇ ਉਹ ‘ਲੁਟੇਰਾ’, ‘ਦਿਲ ਧੜਕਨੇ ਦੋ’ ਅਤੇ ‘ਗਰਲਫਰੈਂਡ’ ਵਿਚ ਨਜ਼ਰ ਆਇਆ। ਸਾਲ 2017 ਵਿਚ ਉਸ ਨੂੰ ਲੜੀਵਾਰ ‘ਏ ਡੈੱਥ ਇੰਨ ਦਿ ਗੰਜ’ ਵਿਚ ਲੀਡ ਰੋਲ ਕਰਨ ਦਾ ਮੌਕਾ ਮਿਲਿਆ ਅਤੇ ਇਸ ਤੋਂ ਬਾਅਦ ਉਸ ਦੀ ਗੁੱਡੀ ਚੜ੍ਹ ਗਈ।
ਅੱਜ ਕੱਲ੍ਹ ਸਫਲ ਫਿਲਮਸਾਜ਼ ਮੰਨੇ ਜਾਂਦੇ ਰਾਜ ਕੁਮਾਰ ਹਿਰਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਐਡੀਟਰ ਵਜੋਂ ਕੀਤੀ ਸੀ। ਉਂਝ, ਉਸ ਦਾ ਇਹ ਤਜਰਬਾ ਬਹੁਤ ਮਾੜਾ ਰਿਹਾ ਅਤੇ ਉਸ ਨੇ ਆਪਣਾ ਰੁਖ ਇਸ਼ਤਿਹਾਰੀ ਫਿਲਮਾਂ ਵੱਲ ਮੋੜ ਲਿਆ। ਇਸ ਖੇਤਰ ਵਿਚ ਉਸ ਨੂੰ ਅਪਾਰ ਸਫਲਤਾ ਮਿਲੀ ਅਤੇ ਦਿਨਾਂ ਵਿਚ ਹੀ ਉਸ ਦੇ ਦਿਨ ਫਿਰ ਗਏ। ਫਿਰ ਉਸ ਦੀ ਇੱਛਾ ਆਪ ਫਿਲਮਸਾਜ਼ ਬਣਨ ਦੀ ਜਾਗੀ ਅਤੇ ਉਸ ਨੇ ਆਪਣੀ ਇਹ ਇੱਛਾ ਪੂਰੀ ਵੀ ਕਰ ਦਿਖਾਈ। ਉਸ ਨੇ ਫਿਲਮ ‘ਮੁੰਨਾ ਭਾਈ ਐੱਮ.ਬੀ.ਬੀ.ਐੱਸ.’ ਦੀ ਕਹਾਣੀ ਅਤੇ ਪਟਕਥਾ ਲਿਖੀ ਤੇ ਫਿਲਮ ਬਣਾਈ। ਇਸ ਫਿਲਮ ਦਾ ਨਿਰਮਾਤਾ ਵਿਧੂ ਵਿਨੋਦ ਚੋਪੜਾ ਬਣਿਆ। ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਸੰਜੇ ਦੱਤ ਅਤੇ ਗਰੇਸੀ ਸਿੰਘ ਦੀਆਂ ਸਨ। ਫਿਲਮ ਦਾ ਕੁੱਲ ਬਜਟ 1.2 ਕਰੋੜ ਰੁਪਏ ਸੀ ਅਤੇ ਇਸ ਨੇ 56 ਕਰੋੜ ਦੀ ਕਮਾਈ ਕੀਤੀ। ਇਹ ਫਿਲਮ ਸਾਲ 2003 ਵਿਚ ਆਈ ਸੀ ਅਤੇ ਉਦੋਂ ਇਹ ਫਿਲਮ ਵਪਾਰਕ ਪੱਖੋਂ ਬਹੁਤ ਸਫਲ ਫਿਲਮ ਮੰਨੀ ਗਈ। ਇਸ ਤੋਂ ਬਾਅਦ ਫਿਰ ਹਿਰਾਨੀ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੀ ਵਧੀਆ ਫਿਲਮਸਾਜ਼ੀ ਕਰ ਕੇ ਉਸ ਅਤੇ ਉਸ ਦੀਆਂ ਫਿਲਮਾਂ ਨੂੰ ਅਨੇਕ ਇਨਾਮ ਮਿਲੇ। ਉਂਝ, ਉਹ ਸਭ ਤੋਂ ਵੱਡਾ ਇਨਾਮ ਦਰਸ਼ਕਾਂ ਦੀ ਪ੍ਰਸ਼ੰਸਾ ਨੂੰ ਮੰਨਦਾ ਹੈ। ਉਸ ਮੁਤਾਬਿਕ, “ਦਰਸ਼ਕਾਂ ਦੇ ਇਨਾਮ ਤੋਂ ਸਭ ਇਨਾਮ ਛੋਟੇ ਹਨ।”
ਰਾਜ ਕੁਮਾਰ ਹਿਰਾਨੀ ਨੇ ‘3 ਇਡੀਅਟਸ’, ‘ਪੀ.ਕੇ.’ ਵਰਗੀਆਂ ਯਾਦਗਾਰੀ ਫਿਲਮਾਂ ਬਣਾਈਆਂ। ਪਿਛਲੇ ਸਾਲ ਉਸ ਦੀ ਫਿਲਮ ‘ਡੰਕੀ’ ਆਈ ਸੀ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਫਿਲਮ ਵਿਚ ਅਦਾਕਾਰੀ ਦੇ ਜੌਹਰ ਸ਼ਾਹਰੁਖ ਖਾਨ, ਤਾਪਸੀ ਪੰਨੂ, ਬੋਮਨ ਇਰਾਨੀ, ਅਨਿਲ ਗਰੋਵਰ, ਵਿਕਰਮ ਕੋਛੜ, ਵਿੱਕੀ ਕੌਸ਼ਲ ਆਦਿ ਕਲਾਕਾਰਾਂ ਨੇ ਦਿਖਾਏ। ਇਸ ਫਿਲਮ ‘ਤੇ 120 ਕਰੋੜ ਲੱਗੇ ਸਨ ਅਤੇ ਇਸ ਨੇ 471 ਕਰੋੜ ਰੁਪਏ ਕਮਾਏ। ਵਪਾਰਕ ਪੱਖੋਂ ਇਹ ਸਫਲ ਫਿਲਮ ਸੀ ਪਰ ਇਹ ਓਨੀ ਕਮਾਈ ਨਹੀਂ ਕਰ ਸਕੀ ਜਿੰਨੀ ਇਸ ਤੋਂ ਆਸ ਕੀਤੀ ਜਾ ਰਹੀ ਸੀ। ਅਸਲ ਵਿਚ, ਸ਼ਾਹਰੁਖ ਖਾਨ ਭਾਵੇਂ ਆਪਣੇ ਸਮਿਆਂ ਦਾ ਵੱਡਾ ਅਦਾਕਾਰ ਹੈ ਪਰ ਉਸ ਦੀ ਅਦਾਕਾਰੀ ਵਿਚ ਕੁਦਰਤੀ ਮਾਹੌਲ ਗਾਇਬ ਹੁੰਦਾ ਹੈ। ਇਸੇ ਕਰ ਕੇ ਬਹੁਤੀ ਵਾਰ ਉਸ ਦੀ ਅਦਾਕਾਰੀ ਵੀ ਨਕਲੀ ਜਿਹੀ ਲੱਗਣ ਲੱਗ ਪੈਂਦੀ ਹੈ।