ਆਖ਼ਰੀ ਤੋਹਫ਼ਾ

ਸੁਰਿੰਦਰ ਸਿੰਘ ਤੇਜ
ਫੋਨ: +91-98555-01488
‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਦੇ ਤਬਸਰੇ ਅਸੀਂ ਅਕਸਰ ਪੜ੍ਹਦੇ-ਛਾਪਦੇ ਰਹੇ ਹਾਂ। ਇਤਿਹਾਸ ਵਿਚ ਉਨ੍ਹਾਂ ਦੀ ਦਿਲਚਸਪੀ ਬਹੁਤ ਡੂੰਘੀ ਹੈ। ਇਸ ਵਾਰ ਉਨ੍ਹਾਂ ਆਪਣੀ ਕਹਾਣੀ ਭੇਜੀ ਹੈ। ਅੱਜ ਤੱਕ ਕਿਸੇ ਨੂੰ ਖਬਰ ਨਹੀਂ ਸੀ ਕਿ ਉਹ ਕਹਾਣੀ ਵੀ ਲਿਖਦੇ ਹਨ। ਇਹ ਕਹਾਣੀ ਰਤਾ ਕੁ ਲੰਮੀ ਹੈ ਪਰ ਇਸ ਵਿਚਲਾ ਰਸ ਤੁਹਾਨੂੰ ਆਪਣੇ ਨਾਲ ਲੈ ਤੁਰਦਾ ਹੈ।

ਉਮਾ ਬੈਨਰਜੀ ਨਾਲ ਮੇਰਾ ਰਿਸ਼ਤਾ ਕੀ ਸੀ, ਇਹ ਤਾਂ ਮੈਨੂੰ ਵੀ ਨਹੀਂ ਪਤਾ। ਕੁਝ ਰਿਸ਼ਤਿਆਂ ਦਾ ਨਾਮ ਨਹੀਂ ਹੁੰਦਾ; ਇਹ ਫ਼ਿਕਰਾ ਬੜਾ ਘਿਸਿਆ-ਪਿਟਿਆ ਹੈ ਪਰ ਸੱਚ ਤਾਂ ਇਹੋ ਹੈ ਕਿ ਉਮਾ ਤੇ ਮੇਰਾ ਰਿਸ਼ਤਾ ਸਚਮੁੱਚ ਬੇਨਾਮ ਸੀ। ਉਹ ਮੇਰੀ ਕੀ ਲੱਗਦੀ ਸੀ ਜਾਂ ਉਹ ਮੈਨੂੰ ਕੀ ਮੰਨਦੀ ਸੀ, ਇਹ ਤੈਅ ਕਰਨ ਦਾ ਨਾ ਤਾਂ ਅਸੀਂ ਯਤਨ ਕੀਤਾ ਅਤੇ ਨਾ ਹੀ ਅਜਿਹਾ ਕਰਨ ਦਾ ਸਮਾਂ ਮਿਲਿਆ। ਸਿਰਫ਼ ਛੇ ਮਹੀਨਿਆਂ ਦੀ ਅਉਧ ਰਹੀ ਸਾਡੀ ਨੇੜਤਾ ਦੀ, ਉਹ ਵੀ ਅਮੂਮਨ ਫੋਨ ‘ਤੇ। ਨੇੜਤਾ ਦਾ ਆਗਾਜ਼ ਨਾਟਕੀ ਰਿਹਾ, ਮੱਧ ਮਿੱਠੜਾ ਜਿਹਾ ਤੇ ਅੰਤ ਦੁਖਾਂਤਮਈ ਪਰ ਜੋ ਕੁਝ ਵੀ ਵਾਪਰਿਆ, ਉਹ ਯਾਦਾਂ ਬਹੁਤ ਛੱਡ ਗਿਆ।।।। ਤੇ ਮੇਰਾ ਯਕੀਨ ਹੈ ਕਿ ਇਹ ਯਾਦਾਂ ਮੇਰੇ ਲਈ ਕਦੇ ਪੁਰਾਣੀਆਂ ਨਹੀਂ ਹੋਈਆਂ।
ਗੱਲ ਮੁੱਢ ਤੋਂ ਸ਼ੁਰੂ ਕਰਦੇ ਹਾਂ। ਮੈਨੂੰ ਖੰਡਰਾਂ ਦੇ ਸ਼ਹਿਰ ਮਾਂਡ (ਮੁਕਾਮੀ ਲੋਕਾਂ ਤੇ ਮੌਜੂਦਾ ਸਰਕਾਰੀ ਰਿਕਾਰਡ ਮੁਤਾਬਿਕ ਮਾਂਡਵ) ਨਾਲ ਰੂਹਾਨੀ ਮੋਹ ਹੈ। ਕਦੇ ਮੱਧ ਭਾਰਤ ਦੀ ਮਾਲਵਾ ਰਿਆਸਤ ਦੀ ਰਾਜਧਾਨੀ ਹੋਇਆ ਕਰਦਾ ਸੀ ਇਹ ਨਗਰ। ਆਪਣੇ ਅਕਾਦਮਿਕ ਖੋਜ ਪ੍ਰੋਜੈਕਟ ਦੇ ਸਿਲਸਿਲੇ ਵਿਚ ਮੈਂ ਜਦੋਂ ਵੀ ਇੰਦੌਰ ਜਾਂਦਾ ਹਾਂ ਤਾਂ ਮਾਂਡ ਦੀ ਫੇਰੀ ਦਾ ਬਹਾਨਾ ਬਦੋਬਦੀ ਘੜ ਲੈਂਦਾ ਹਾਂ- ਪਿਛਲੇ ਚਾਰ ਵਰਿ੍ਹਆਂ ਦੌਰਾਨ ਪੰਜ ਵਾਰ ਜਾ ਆਇਆ ਹਾਂ। ਉਥੋਂ ਦੀ ਹਰ ਪ੍ਰਾਚੀਨ ਇਮਾਰਤ ਦੇ ਨਕਸ਼ ਮੇਰੇ ਜ਼ਿਹਨ ਵਿਚ ਉੱਕਰੇ ਹੋਏ ਹਨ। ਹੋਸ਼ੰਗ ਸ਼ਾਹ ਜਾਂ ਮਹਿਮੂਦ ਖਿਲਜੀ ਵਰਗੇ ਫ਼ਰਾਖ਼ਦਿਲ ਸੁਲਤਾਨਾਂ ਦੀ ਥਾਂ ਮਾਂਡੂ, ਆਹਲਾ-ਊਦਲ ਨਾਲ ਜੁੜੀਆਂ ਦੰਦ ਕਥਾਵਾਂ ਜਾਂ ਰੂਪਮਤੀ ਤੇ ਬਾਜ਼ ਬਹਾਦੁਰ ਦੀ ਪ੍ਰੇਮ ਗਾਥਾ ਕਾਰਨ ਵੱਧ ਮਸ਼ਹੂਰ ਹੈ। ਇਸੇ ਪ੍ਰੇਮ ਗਾਥਾ ਨਾਲ ਜੁੜਿਆ ਰੋਮਾਂਸ ਮੈਨੂੰ ਉਥੋਂ ਦੀ ਹਰ ਪ੍ਰਾਚੀਨ ਇਮਾਰਤ ਦੇ ਹਰ ਪੱਥਰ ਵਿਚ ਵਸਿਆ ਮਹਿਸੂਸ ਹੁੰਦਾ ਹੈ। ਇਸ ਨਗਰੀ ਦੀ ਭੂਗੋਲਿਕ ਬਣਤਰ ਵੀ ਕੁਝ ਇਸ ਕਿਸਮ ਦੀ ਹੈ ਕਿ ਉਹ ਇਸ ਦੇ ਅਤੀਤ ਦੀ ਖ਼ੂਬਸੂਰਤੀ ਨੂੰ ਹੁਣ ਵੀ ਦ੍ਰਿਸ਼ਮਾਨ ਕਰਦੀ ਜਾਪਦੀ ਹੈ।।। ਤੇ ਇਸ ਵਿਚ ਤਾਂ ਕੋਈ ਅਤਿਕਥਨੀ ਨਹੀਂ ਕਿ ਉਸੇ ਅਤੀਤ ਵਿਚ ਵਸੇ ਰੂਹਾਨੀ ਰੁਮਾਂਸ ਦੀ ਖ਼ੁਸ਼ਬੂ ਮੈਨੂੰ ਅਜਬ ਜਿਹੀ ਤਾਜ਼ਗੀ ਬਖ਼ਸ਼ਦੀ ਆਈ ਹੈ।
ਉਮਾ ਨਾਲ ਮੇਰੀ ਮੁਲਾਕਾਤ ਤੇ ਜਾਣ-ਪਛਾਣ ਇਸੇ ਫ਼ਿਜ਼ਾ ਵਿਚ ਹੋਈ ਪਰ ਬੇਹੱਦ ਡਰਾਮਾਈ ਅੰਦਾਜ਼ ‘ਚ। ਮੇਰੀ ਪਿਛਲੀ (ਤੇ ਪੰਜਵੀਂ) ਫੇਰੀ ਦੌਰਾਨ ਬਾਜ਼ ਬਹਾਦੁਰ ਦੇ ਮਹੱਲ ਨੇੜਲੀ ਪਾਰਕਿੰਗ ਵਿਚ ਮੈਂ ਟੈਕਸੀ ‘ਚੋਂ ਉਤਰ ਹੀ ਰਿਹਾ ਸਾਂ ਕਿ ਟੈਕਸੀ ਦੇ ਐਨ ਨਾਲ ਆ ਕੇ ਟੈਂਪੋ ਟ੍ਰੈਵਲਰ ਗੱਡੀ ਰੁਕੀ। ਉਸ ਵਿਚੋਂ ਬੰਗਾਲੀਆਂ ਦਾ ਟੋਲਾ ਬਾਹਰ ਨਿਕਲਿਆ, ਡੂਮਣੀਆਂ ਭਾਵ ਸੱਤ ਭੈਣਾਂ ਵਜੋਂ ਜਾਣੇ ਜਾਂਦੇ ਪੰਛੀਆਂ (ਅੰਗਰੇਜ਼ੀ ਨਾਮ ਬੈਬਲਰਜ਼) ਵਾਂਗ ਚੀਕ-ਚਿਹਾੜਾ ਪਾਉਂਦਾ ਹੋਇਆ। ਇਹੋ ਚੀਕ-ਚਿਹਾੜਾ ਪ੍ਰਵੇਸ਼ ਸਥਾਨ ਨੇੜੇ ਸਥਾਪਿਤ ਟਿਕਟ ਕਾਊਂਟਰ ‘ਤੇ ਵੀ ਬਰਕਰਾਰ ਰਿਹਾ। ਟੋਲੇ ਵਿਚ ਛੇ ਪੁਰਸ਼ ਤੇ ਸੱਤ ਇਸਤਰੀਆਂ ਸਨ। ਸਾਰੇ ਇਕੋ ਸਮੇਂ ਬੋਲਦੇ ਹੋਏ। ਇਸੇ ਸ਼ੋਰ-ਸ਼ਰਾਬੇ ਤੋਂ ਬਚਣ ਲਈ ਮੈਂ ਮਹੱਲ ‘ਤੇ ਪੁੱਜਣ ਦਾ ਛੋਟਾ, ਭਾਵ ਪੌੜੀਆਂ ਵਾਲਾ ਰਾਹ ਲਿਆ। ਇਹ ਪੌੜੀਆਂ ਹਨ ਬਹੁਤ ਖ਼ਤਰਨਾਕ। ਖੁਰਦਰੀਆਂ, ਨੁਕੀਲੇ ਪੱਥਰਾਂ ਵਾਲੀਆਂ। ਇਕ ਤੇ ਦੂਜੀ ਦਰਮਿਆਨ ਡੇਢ ਫੁੱਟ ਉੱਚੀ ਵਿੱਥ ਵਾਲੀਆਂ। ਇਕ ਪਾਸੇ ਤਾਂ ਕੰਕਰੀਟੀ ਪਹਾੜੀ ਦੀ ਦੀਵਾਰ ਦਾ ਆਸਰਾ ਹੈ, ਦੂਜਾ ਪਾਸਾ ਖ਼ਾਲੀ। ਪੈਰ ਫਿਸਲਣ ਦੀ ਸੂਰਤ ਵਿਚ ਹੇਠਾਂ ਪਥਰੀਲੇ ਫ਼ਰਸ਼ ‘ਤੇ ਡਿੱਗਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਮਹੱਲ ਤਕ ਜਾਣ ਦਾ ਦੂਜਾ ਰਾਹ ਰੈਂਪਨੁਮਾ ਹੈ, ਤਕਰੀਬਨ ਡੇਢ ਸੌ ਮੀਟਰ ਦੀ ਚੜ੍ਹਾਈ ਵਾਲਾ। ਸਾਹ ਉਥੇ ਵੀ ਫੁਲਦਾ ਹੈ ਅਤੇ ਪੌੜੀਆਂ ‘ਤੇ ਵੀ। ਫ਼ਰਕ ਇਕੋ ਹੈ ਕਿ ਪੌੜੀਆਂ ਰਾਹੀਂ ਮਹੱਲ ਤਕ ਬਹੁਤ ਛੇਤੀ ਪਹੁੰਚਿਆ ਜਾ ਸਕਦਾ ਹੈ।
ਮੇਰੀ ਕਾਹਲ ਦੇ ਬਾਵਜੂਦ ਪੌੜੀਆ ਤਕ ਦੋ ਬੰਗਾਲੀ ਮੇਰੇ ਨਾਲੋਂ ਵੀ ਪਹਿਲਾਂ ਪੁੱਜ ਗਏ। ਇਕ ਬੰਗਾਲਣ ਮੇਰੇ ਪਿੱਛੇ ਸੀ। ਬਾਕੀ ਟੋਲਾ ਰੈਂਪ ਵੱਲ ਹੋ ਗਿਆ। ਮੈਂ ਉਪਰਲੀ ਆਖ਼ਰੀ ਪੌੜੀ ‘ਤੇ ਪੁੱਜਣ ਵਾਲਾ ਸੀ ਕਿ ਪਿੱਛੋਂ ‘ਹੈਲਪ ਹੈਲਪ‘ ਦੀਆਂ ਆਵਾਜ਼ਾਂ ਆਈਆਂ। ਮੈਂ ਰੁਕ ਗਿਆ, ਗਰਦਨ ਘੁਮਾਈ ਤਾਂ ਬੰਗਾਲਣ ਮੈਥੋਂ ਤਿੰਨ ਪੌੜੀਆਂ ਪਿੱਛੇ ਇਕ ਲੱਤ ਸਹਾਰੇ ਪੌੜੀ ‘ਤੇ ਅਸਥਿਰ ਹੋਈ ਦਿਸੀ। ਉਸ ਦੀ ਸਾੜ੍ਹੀ, ਉਸ ਦੇ ਸੈਂਡਲ ਦੀ ਉੱਚੀ ਅੱਡੀ ਵਿਚ ਫਸ ਗਈ ਸੀ। ਉਹ ਇਸ ਨੂੰ ਛੁਡਾਉਣ ਲਈ ਲੱਤ ਨੂੰ ਹਲਕੇ-ਹਲਕੇ ਝਟਕੇ ਤਾਂ ਦੇ ਰਹੀ ਸੀ ਪਰ ਜ਼ੋਰ ਦਾ ਝਟਕਾ ਦੇਣ ਦੀ ਸੂਰਤ ਵਿਚ ਉਹ ਆਪਣਾ ਤਵਾਜ਼ਨ ਗੁਆ ਕੇ 20 ਫੁੱਟ ਹੇਠਾਂ ਡਿੱਗ ਸਕਦੀ ਸੀ। ਉਸ ਦੇ ਪਿੱਛੇ ਆ ਰਹੇ ਦੋ ਬੰਦਿਆਂ ਨੂੰ ਮੈਂ ਇਸ਼ਾਰਾ ਕੀਤਾ ਕਿ ਉਹ ਦੋ-ਚਾਰ ਪੌੜੀਆਂ ਉਪਰ ਚੜ੍ਹ ਕੇ ਬੰਗਾਲਣ ਦੀ ਮਦਦ ਕਰਨ। ਇਹ ਕੰਮ ਔਖਾ ਵੀ ਨਹੀਂ ਸੀ ਪਰ ਉਹ ਅਜਿਹਾ ਕਰਨ ਦੀ ਥਾਂ ਪਿਛਲ-ਪੈਰੀਂ ਹੋ ਗਏ, ਇਸ ਡਰੋਂ ਕਿ ਬੰਗਾਲਣ ਕਿਤੇ ਉਨ੍ਹਾਂ ਉੱਤੇ ਨਾ ਆ ਡਿੱਗੇ। ਮੈਨੂੰ ਪਤਾ ਨਹੀਂ ਕੀ ਸੁੱਝਿਆ ਕਿ ਇਕ ਪੌੜੀ ਉਪਰ ਚੜ੍ਹਨ ਮਗਰੋਂ ਮੈਂ ਰੈਂਪ ਤੋਂ ਹੇਠਾਂ ਵੱਲ ਦੌੜ ਲਗਾ ਦਿੱਤੀ। ਭੀੜ ਬਹੁਤ ਸੀ ਉਥੇ ਪਰ ਧੌਲੀ ਦਾੜ੍ਹੀ ਨੂੰ ਦੌੜਦਿਆਂ ਦੇਖ ਕੇ ਲੋਕ ਰਾਹ ਦਿੰਦੇ ਗਏ। ਮੈਨੂੰ ਹੇਠਾਂ ਪੁੱਜਦਿਆਂ ਦੋ ਕੁ ਮਿੰਟ ਲੱਗੇ ਪਰ ਸਾਹ ਪੂਰਾ ਉਖੜ ਗਿਆ। ਇਸ ਦੇ ਬਾਵਜੂਦ ਮੈਂ ਅੱਠ ਕੁ ਪੌੜੀਆਂ ਚੜ੍ਹ ਕੇ ਬੰਗਾਲਣ ਦੇ ਕੋਲ ਜਾ ਪੁੱਜਾ, ਸੈਂਡਲ ਦੀ ਹੀਲ ਵਿਚੋਂ ਉਸ ਦੀ ਸਾੜ੍ਹੀ ਛੁਡਾਈ ਤੇ ਫਿਰ ਉਸ ਦਾ ਪੈਰ ਪੌੜੀ ‘ਤੇ ਟਿਕਾਉਂਦਿਆਂ ਕਿਹਾ ਕਿ ਉਹ ਬੇਫ਼ਿਕਰ ਹੋ ਕੇ ਅਗਲੀਆਂ ਚਾਰ ਪੌੜੀਆਂ ਚੜ੍ਹ ਜਾਵੇ, ਮੈਂ ਹਰ ਐਮਰਜੈਂਸੀ ਸਾਂਭਣ ਲਈ ਉਸ ਦੇ ਪਿੱਛੇ-ਪਿੱਛੇ ਹਾਂ। ਉਹ ਬਹੁਤ ਸਹਿਮੀ ਹੋਈ ਸੀ ਪਰ ਹਿੰਮਤ ਕਰ ਕੇ ਪੌੜੀਆਂ ਚੜ੍ਹ ਗਈ।
ਉੱਪਰ ਪੁੱਜਣ ‘ਤੇ ਬੰਗਾਲੀ ਟੋਲੇ ਨੇ ‘ਥੈਂਕ ਯੂ ਥੈਂਕ ਯੂ‘ ਕਰਦਿਆਂ ਮੈਨੂੰ ਘੇਰ ਲਿਆ। ਦੌੜਨ ਕਰ ਕੇ ਮੇਰਾ ਪੂਰਾ ਜਿਸਮ ਪਸੀਨੇ ਨਾਲ ਤਰ-ਬ-ਤਰ ਸੀ। ਸਾਹ ਵੀ ਫੁੱਲਿਆ ਹੋਇਆ ਸੀ। ਮੈਂ ਸਿਰਫ਼ ਪੌੜੀਆਂ ਵਾਲੀ ਬੰਗਾਲਣ ਦੇ ਚਿਹਰੇ ‘ਤੇ ਉਤਰੀ ਰਾਹਤ ਹੀ ਦੇਖੀ ਅਤੇ ਫੌਰੀ ਉਸ ਘੇਰੇ ਵਿਚੋਂ ਨਿਕਲ ਕੇ ਮਹੱਲ ਦੀ ਬਨੇਰਾਨੁਮਾ ਫ਼ਸੀਲ ‘ਤੇ ਜਾ ਬੈਠਾ। ਪਹਿਲੀਆਂ ਫੇਰੀਆਂ ਦੇ ਆਧਾਰ ‘ਤੇ ਮੈਨੂੰ ਮਹੱਲ ਦੇ ਹਰ ਹਿੱਸੇ ਦੀ ਚੰਗੀ ਪਛਾਣ ਹੋ ਚੁੱਕੀ ਸੀ। ਮੈਨੂੰ ਇਹ ਪਤਾ ਸੀ ਕਿ ਕਿੱਥੇ ਹਵਾ ਚੰਗੀ ਵਗਦੀ ਹੈ ਅਤੇ ਕਿੱਥੇ ਬਿਲਕੁਲ ਨਹੀਂ ਲੱਗਦੀ। ਫ਼ਸੀਲ ‘ਤੇ ਬੈਠਿਆਂ ਦੇਖਿਆ ਕਿ ਦੋ ਵੱਖ-ਵੱਖ ਸਕੂਲਾਂ ਦੇ ਬੱਚੇ ਵੀ ਉਥੇ ਟਰਿੱਪ ‘ਤੇ ਆਏ ਹੋਏ ਸਨ। ਮੈਨੂੰ ਦੇਖ ਕੇ ਕਈ ਬੱਚੇ ਵੀ ਫਸੀਲ ‘ਤੇ ਆ ਬੈਠੇ, ਮੇਰੇ ਹੀ ਆਸ-ਪਾਸ। ਡੇਢ ਸੌ ਮੀਟਰ ਦੀ ਉਚਾਈ ਤਕ ਧੱਕਾ-ਮੁੱਕੀ ਕਰਦਿਆਂ ਸਾਹ ਉਨ੍ਹਾਂ ਦੇ ਵੀ ਉਖੜੇ ਹੋਏ ਸਨ। ਮੈਂ ਇਕ ਬੱਚੇ ਨੂੰ ਪੁੱਛਿਆ ਕਿ ਉਹ ਕਿਥੋਂ ਆਏ ਹਨ ਤਾਂ ਜਵਾਬ ਮਿਲਿਆ: ‘ਮਾਨਪੁਰ’। ‘ਉਹ ਮਾਨਪੁਰ ਜਿਥੋਂ ਚੰਬਲ ਨਦੀ ਨਿਕਲਦੀ ਹੈ?’ ਮੈਂ ਪੁੱਛਿਆ ਤਾਂ ਬੱਚੇ ਨੇ ਅਚੰਭਿਤ ਹੋ ਕੇ ਜਵਾਬੀ ਸਵਾਲ ਕੀਤਾ: ‘ਆਪ ਵਹਾਂ ਗਏ ਹੋ?‘ ਜਦੋਂ ਮੈਂ ਇਹ ਜਵਾਬ ਦਿੱਤਾ ਕਿ ਅਗਲੇ ਦਿਨ ਜਾਵਾਂਗਾ ਤਾਂ ਕਈ ਹੋਰ ਬੱਚੇ ਵੀ ਉਤਸੁਕਤਾਵਸ ਮੇਰੇ ਨੇੜੇ ਹੋ ਗਏ। ਉਨ੍ਹਾਂ ਵਿਚੋਂ ਇਕ ਨੇ ਅਚਾਨਕ ਜੇਬ੍ਹ ਵਿਚੋਂ ਨਿੱਕੀ ਜਿਹੀ ਡਾਇਰੀ ਕੱਢ ਕੇ ਮੇਰੇ ਵੱਲ ਹੱਥ ਵਧਾਈ: ‘ਆਟੋਗ੍ਰਾਫ਼ ਦੇ ਦੋ।’ ਨਾਂਹ-ਨੁੱਕਰ ਕਰਨ ਦੀ ਥਾਂ ਮੈਂ ਉਹ ਡਾਇਰੀ ਫੜ ਕੇ ਹਿੰਦੀ ਵਿਚ ‘ਸ਼ੁਭ ਇਛਾਏਂ‘ ਲਿਖ ਕੇ ਪੰਜਾਬੀ ਵਿਚ ਦਸਤਖ਼ਤ ਕਰ ਦਿੱਤੇ। ਉਹ ਹੈਰਾਨ ਹੋ ਕੇ ਬੋਲਿਆ, ‘ਯਿਹ ਪੰਜਾਬੀ ਹੈ?’ ਮੈਂ ਸਿਰ ਹਿਲਾਇਆ। ਉਸ ਦੀ ਦੇਖਾ-ਦੇਖੀ ਕਈ ਹੋਰ ਨੋਟ ਪੈਡ ਮੇਰੇ ਸਾਹਮਣੇ ਆ ਗਏ। ਮੈਂ ਉਨ੍ਹਾਂ ਉੱਤੇ ਆਪਣੇ ਦਸਤਖ਼ਤ ਝਰੀਟ ਰਿਹਾ ਸਾਂ ਤਾਂ ਅਚਾਨਕ ਮੇਰਾ ਧਿਆਨ ਛੇ-ਸੱਤ ਫੁੱਟ ਦੇ ਫਾਸਲੇ ‘ਤੇ ਮੌਜੂਦ ਉਸੇ ਬੰਗਾਲਣ ‘ਤੇ ਪਿਆ। ਉਹ ਬੱਚਿਆਂ ਨਾਲ ਮੇਰੇ ਤਮਾਸ਼ੇ ਦੀ ਵੀਡੀਓ ਬਣਾ ਰਹੀ ਸੀ। ਨਜ਼ਰਾਂ ਮਿਲਦਿਆਂ ਹੀ ਉਹ ਮੁਸਕਰਾਈ, ਸ਼ਰਾਰਤ ਭਰੀ ਮੁਸਕਰਾਹਟ ਜੋ ਅੱਖਾਂ ਤਕ ਫੈਲੀ ਹੋਈ ਸੀ।
ਇੰਨੇ ਨੂੰ ਬੱਚਿਆਂ ਦਾ ਇਕ ਅਧਿਆਪਕ ਉਥੇ ਆ ਕੇ ‘ਚਲੋ ਚਲੋ` ਕਰਦਿਆਂ ਉਨ੍ਹਾਂ ਨੂੰ ਮਹੱਲ ਵੱਲ ਧੱਕਣ ਲੱਗਾ ਤਾਂ ਇਕ ਬੱਚੇ ਨੇ ਦਲੇਰੀ ਦਿਖਾਉਂਦਿਆਂ ਆਪਣਾ ਮੋਬਾਈਲ ਕੱਢ ਕੇ ਉਸ ਮਾਸਟਰ ਦੇ ਹੱਥ ਫੜਾ ਦਿੱਤਾ, ਇਸ ਗੁਜ਼ਾਰਿਸ਼ ਨਾਲ ‘ਸਰ! ਇਨ ਕੇ ਸਾਥ ਹਮਾਰੀ ਫੋਟੋ।’ ਇਹ ਸੁਣਦਿਆਂ ਹੀ ਕਈ ਬੱਚੇ ਸਾਡੇ ਆਸ-ਪਾਸ ਆ ਇਕੱਠੇ ਹੋਏ। ਮਾਸਟਰ ਜੀ ਨੇ ਦੋ-ਤਿੰਨ ਫੋਟੋਆਂ ਖਿੱਚੀਆਂ ਤੇ ਫਿਰ ਬੱਚਿਆਂ ਨੂੰ ਉੱਠਣ ਦਾ ਇਸ਼ਾਰਾ ਕੀਤਾ ਤਾਂ ਬੰਗਾਲਣ ਨੇ ਕਿਹਾ ਕਿ ਉਹ ਵੀ ਫੋਟੋ ਖਿੱਚਣਾ ਚਾਹੁੰਦੀ ਹੈ। ਉਸ ਨੇ ਦੋ ਕੁ ਤਸਵੀਰਾਂ ਖਿੱਚੀਆਂ ਅਤੇ ਫਿਰ ਆਪਣੇ ਟੋਲੇ ਨਾਲ ਜਾ ਰਲੀ। ਬੱਚੇ ਵੀ ਮਾਸਟਰ ਜੀ ਦੇ ਪਿੱਛੇ ਹੋ ਗਏ। ਮੈਂ ਪੰਜ ਕੁ ਮਿੰਟ ਹੋਰ ਫ਼ਸੀਲ `ਤੇ ਬੈਠਾ ਰਿਹਾ, ਠੰਢੀ ਹਵਾ ਦਾ ਲੁਤਫ਼ ਲੈਣ ਲਈ।
ਇਸ ਮਗਰੋਂ ਮੈਂ ਜਿਵੇਂ ਹੀ ਮਹੱਲ ਦੇ ਅੰਦਰ ਦਾਖ਼ਲ ਹੋਇਆ ਤਾਂ ਬੰਗਾਲੀ ਟੋਲੇ ਨੂੰ ਗਾਰਡ ਨਾਲ ਬਹਿਸਦਿਆਂ ਦੇਖਿਆ। ਉਹ ਮਹੱਲ ਦੀ ਛੱਤ ‘ਤੇ ਰੂਪਮਤੀ ਦਾ ਮੰਡਪ ਦੇਖਣਾ ਚਾਹੁੰਦੇ ਸਨ ਪਰ ਗਾਰਡ ਕਿਸੇ ਨੂੰ ਵੀ ਪੌੜੀਆਂ ਨੇੜੇ ਨਹੀਂ ਸੀ ਢੁਕਣ ਦੇ ਰਿਹਾ। ਮੇਰੀ ਚਾਲ-ਢਾਲ ਕੁਝ ਐਸੀ ਹੈ ਕਿ ਲੋਕ ਮੈਨੂੰ ਅਕਸਰ ਰਿਟਾਇਰਡ ਫ਼ੌਜੀ ਅਫਸਰ ਸਮਝ ਬੈਠਦੇ ਹਨ। ਪਹਿਲੋਂ-ਪਹਿਲ ਜਦੋਂ ਕੋਈ ਮੇਰੀ ਫ਼ੌਜ ਤੋਂ ਰਿਟਾਇਰਮੈਂਟ ਜਾਂ ਰੈਂਕ ਬਾਰੇ ਪੁੱਛਦਾ ਸੀ ਤਾਂ ਮੈਨੂੰ ਖਿੱਝ ਆਉਂਦੀ ਸੀ ਪਰ ਨੌਕਰੀ ਤੋਂ ਆਪਣੀ ਸੇਵਾਮੁਕਤੀ ਮਗਰੋਂ ਮੈਂ ਉਪਰੋਕਤ ਭਰਮ ਦਾ ਲਾਭ ਲੈਣਾ ਸਿੱਖ ਲਿਆ ਹੈ, ਖ਼ਾਸ ਕਰ ਕੇ ਸਰਕਾਰੀ ਦਫ਼ਤਰਾਂ ਵਿਚ। ਉਥੇ ਸੇਵਾਦਾਰ ਮੈਨੂੰ ਅਫਸਰ ਦੇ ਕਮਰੇ ਵਿਚ ਘੁਸਣ ਤੋਂ ਰੋਕਦੇ ਨਹੀਂ। ਇਹ ਸ਼ਾਇਦ ਉਸ ਬੰਗਾਲਣ ‘ਤੇ ਛਾਅ ਜਾਣ ਦੀ ਲਾਲਸਾ ਸੀ ਕਿ ਮੈਂ ਗਾਰਡ ਅੱਗੇ ਵੀ ਫ਼ੌਜੀ ਅਫਸਰ ਵਾਲਾ ਪੱਤਾ ਵਰਤਿਆ। ਮੈਂ ਉਸ ਨੂੰ ਪੰਜਾਬੀ ਵਿਚ ਪੁੱਛਿਆ: ‘ਕੀ ਸਮੱਸਿਆ ਹੈ?’ ਉਸ ਦਾ ਜਵਾਬ ਸੀ ਕਿ ਉਪਰ ਮੁਰੰਮਤ ਚੱਲ ਰਹੀ ਹੈ, ਇਸ ਕਰ ਕੇ ਲੋਕਾਂ ਨੂੰ ਛੱਤ ‘ਤੇ ਨਹੀਂ ਜਾਣ ਦਿੱਤਾ ਜਾ ਰਿਹਾ। ਇਹ ਸੁਣਦਿਆਂ ਹੀ ਮੈਂ ਬੰਗਾਲੀ ਟੋਲੇ ਨੂੰ ਪੌੜੀਆਂ ਚੜ੍ਹਨ ਦਾ ਇਸ਼ਾਰਾ ਕੀਤਾ ਅਤੇ ਗਾਰਡ ਨੂੰ ਕਿਹਾ, ‘ਮੁਰੰਮਤ ਦਾ ਅਸੀਂ ਧਿਆਨ ਰੱਖ ਲਵਾਂਗੇ, ਤੂੰ ਫ਼ਿਕਰ ਨਾ ਕਰ।‘ ਉਹ ਪੌੜੀਆਂ ਤੋਂ ਪਾਸੇ ਹਟ ਗਿਆ।
ਉੱਪਰ ਪੁੱਜ ਕੇ ਮੈਂ ਉਸ ਬੰਗਾਲਣ ਨੂੰ ਆਪਣੇ ਨਾਲ ਉਸ ਮੰਡਪ ਵੱਲ ਜਾਣ ਦਾ ਇਸ਼ਾਰਾ ਕੀਤਾ ਜਿਥੋਂ ਰੂਪਮਤੀ ਰੋਜ਼ ਸਵੇਰੇ ਨਰਮਦਾ ਨਦੀ ਦੇ ਦਰਸ਼ਨ ਕਰਿਆ ਕਰਦੀ ਸੀ। ਨਰਮਦਾ ਦੇ ਪਾਣੀ ਨਾਲ ਉਸ ਦੇ ਇਸ਼ਨਾਨ ਕਰਨ ਦਾ ਉਪਾਅ ਬਾਜ਼ ਬਹਾਦੁਰ ਨੇ ਨਰਮਦਾ ਤੋਂ ਜਲ ਮਹੱਲ ਤਕ ਹੰਸਲੀ ਬਣਵਾ ਕੇ ਕਰ ਦਿੱਤਾ ਸੀ। ਜਲ ਮਹੱਲ ਨੀਵੀਂ ਥਾਂ ‘ਤੇ ਸੀ ਅਤੇ ਮੁੱਖ ਮਹੱਲ ਉੱਚੀ ਪਹਾੜੀ ‘ਤੇ। ਰੂਪਮਤੀ ਉਥੇ ਤਕ ਮਹਿਲਾ ਪਹਿਰੇਦਾਰਾਂ ਨਾਲ ਜਾਇਆ ਕਰਦੀ ਸੀ। ਬੰਗਾਲਣ ਨੂੰ ਇਹ ਸਭ ਦੱਸਦਿਆਂ ਮੈਂ ਇਹ ਦੇਖ ਲਿਆ ਕਿ ਉਹ ਬਾਕੀ ਬੰਗਾਲਣਾਂ ਨਾਲੋਂ ਸੋਹਣੀ ਸੀ, ਉਨ੍ਹਾਂ ਵਰਗੀ ਭਾਰੀ-ਭਰਕਮ ਨਹੀਂ ਸੀ, ਉਸ ਦੇ ਦੰਦ ਜ਼ਰਦੇ ਜਾਂ ਪਾਨ ਨਾਲ ਦਾਗ਼ਦਾਰ ਨਹੀਂ ਸਨ ਅਤੇ ਉਸ ਨੇ ਬਿੰਦੀ ਨਿੱਕੀ ਜਿਹੀ ਲਾਈ ਹੋਈ, ਦੂਜੀਆਂ ਬੰਗਾਲਣਾਂ ਵਾਂਗ ਟਿੱਕੇ ਵਰਗੀ ਨਹੀਂ। ਸਾਡੀ ਗੁਫ਼ਤਗੂ ਅਜੇ ਦੋ ਕੁ ਮਿੰਟ ਪੁਰਾਣੀ ਹੋਈ ਸੀ ਕਿ ਬਾਕੀ ਬੰਗਾਲਣਾਂ ਵੀ ਆ ਜੁੜੀਆਂ। ਮੈਂ ਉਥੋਂ ਖਿਸਕਣਾ ਹੀ ਮੁਨਾਸਿਬ ਸਮਝਿਆ। ਉਦੋਂ ਅਜੇ ਸਾਢੇ ਬਾਰਾਂ ਹੀ ਵੱਜੇ ਸਨ।
—-
ਅਗਲੇ ਸਾਢੇ ਤਿੰਨ ਘੰਟੇ ਮੈਂ ਜਹਾਜ਼ ਮਹੱਲ ਤੇ ਲਾਲ ਬੰਗਲਾ ਦੇ ਉਨ੍ਹਾਂ ਕੋਨਿਆਂ ਦੀਆਂ ਤਸਵੀਰਾਂ ਲੈਣ ਵਿਚ ਗੁਜ਼ਾਰੇ ਜੋ ਮੇਰੇ ਪ੍ਰੋਜੈਕਟ ਦਾ ਹਿੱਸਾ ਬਣ ਸਕਦੀਆਂ ਸਨ। ਚਾਰ ਵਜੇ ਮੈਂ ਜਾਮੀ ਮਸਜਿਦ ਆ ਗਿਆ ਜੋ ਮਾਲਵਾ ਦੇ ਪਹਿਲੇ ਪਠਾਨ ਸੁਲਤਾਨ ਹੋਸ਼ੰਗ ਸ਼ਾਹ ਨੇ 1406 ਤੋਂ 1435 ਤਕ ਦੇ ਆਪਣੇ ਰਾਜਕਾਲ ਦੌਰਾਨ ਉਸਰਵਾਈ ਸੀ। ਉਸ ਨੇ ਹੀ ਮਾਲਵਾ ਦੀ ਰਾਜਧਾਨੀ, ਧਾਰ ਤੋਂ ਬਦਲ ਕੇ ਮਾਂਡੂ ਵਿਚ ਸਥਾਪਿਤ ਕੀਤੀ ਸੀ। ਜਾਮੀ ਮਸਜਿਦ ਦੇ ਪਿੱਛੇ ਹੀ ਸਫ਼ੇਦ ਸੰਗਮਰਮਰ ਦਾ ਬਣਿਆ ਹੋਸ਼ੰਗ ਸ਼ਾਹ ਦਾ ਮਕਬਰਾ ਹੈ। ਇਸ ਮਕਬਰੇ ਦੇ ਗੁੰਬਦ ਦੇ ਡਿਜ਼ਾਈਨ ਨੂੰ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਤਾਜਮਹੱਲ ਦੇ ਗੁੰਬਦਾਂ ਦੀ ਉਸਾਰੀ ਲਈ ਵਰਤਿਆ ਸੀ। ਹੋਸ਼ੰਗ ਸ਼ਾਹ ਦੀ ਕਬਰ ਤੋਂ ਇਲਾਵਾ ਇਸ ਮਕਬਰੇ ਦੇ ਅੰਦਰ ਤੇ ਬਾਹਰ, ਸੱਤ ਹੋਰ ਕਬਰਾਂ ਹਨ। ਇਨ੍ਹਾਂ ਵਿਚੋਂ ਚਾਰ ਕਿਸ ਦੀਆਂ ਹਨ, ਮਾਂਡ ਬਾਰੇ ਪੁਸਤਕਾਂ ਵਿਚੋਂ ਇਸ ਸਬੰਧੀ ਕੁਝ ਨਹੀਂ ਲੱਭਦਾ। ਨਾ ਹੀ ਧਾਰ ਜ਼ਿਲ੍ਹੇ ਦੇ ਗਜ਼ਟੀਅਰ ਵਿਚ ਕੋਈ ਜਾਣਕਾਰੀ ਦਰਜ ਹੈ। ਇਨ੍ਹਾਂ ਕਬਰਾਂ ਉੱਤੇ ਖੁਣੀਆਂ ਇਬਾਰਤਾਂ ਪੜ੍ਹਨ ਲਈ ਮੈਂ ਆਰਕਿਆਲੋਜੀਕਲ ਸਰਵੇ ਮਹਿਕਮੇ ਦੇ ਮੁਕਾਮੀ ਮਾਹਿਰ ਨਾਲ ਸੰਪਰਕ ਕੀਤਾ ਸੀ। ਉਸ ਨੇ ਸਵਾ ਚਾਰ ਵਜੇ ਮਸਜਿਦ ਦੇ ਵਿਹੜੇ ਵਿਚ ਪੁੱਜਣ ਦਾ ਵਾਅਦਾ ਕੀਤਾ ਸੀ। ਜਦੋਂ ਉਹ ਸਾਢੇ ਚਾਰ ਵਜੇ ਤਕ ਵੀ ਨਾ ਆਇਆ ਤਾਂ ਮੈਂ ਮਸਜਿਦ ਅੰਦਰਲੇ ਗੁਪਤ ਰਾਹ ਰਾਹੀਂ ਹੋਸ਼ੰਗ ਸ਼ਾਹ ਦੇ ਮਕਬਰੇ ਨੇੜੇ ਪੁੱਜ ਗਿਆ। ਇਹ ਗੁਪਤ ਰਾਹ ਪਿਛਲੀ ਫੇਰੀ ਦੌਰਾਨ ਮੈਨੂੰ ਦਿਖਾਇਆ ਜਾ ਰਿਹਾ ਸੀ। ਮੈਨੂੰ ਸ਼ੱਕ ਸੀ ਕਿ ਉਹ ਬੰਦਾ ਕਿਤੇ ਸਿੱਧਾ ਮਕਬਰੇ ਦੇ ਅਹਾਤੇ ‘ਚ ਨਾ ਪੁੱਜ ਗਿਆ ਹੋਵੇ।
ਉਥੇ ਉਹ ਤਾਂ ਨਹੀਂ ਸੀ ਪਰ ਮਕਬਰੇ ਦੇ ਪੱਛਮ ਵਿਚ ਬਣੀ ਜ਼ਿਆਰਤਸ਼ਾਲਾ ਦੇ ਬਾਹਰਵਾਰ ਬੈਂਚ ‘ਤੇ ਉਹੀ ਪੌੜੀਆਂ ਵਾਲੀ ਬੰਗਾਲਣ ਜ਼ਰੂਰ ਬੈਠੀ ਸੀ। ਮੈਨੂੰ ਦੇਖ ਕੇ ਉਹ ਸਫ਼ਾਈ ਦੇਣ ਲੱਗੀ ਕਿ ਬਾਕੀਆਂ ਨੇ ਇਥੇ ਆਉਣਾ ਸੀ ਪਰ ਅਜੇ ਤਕ ਕੋਈ ਨਹੀਂ ਆਇਆ। ‘ਸਭੀ ਬਾਹਰ ਪਾਨੀ-ਪੂਰੀ ਮੇਂ ਟੂਟੇ ਹੂਏ ਹੈਂ।’ ਉਸ ਦਾ ਇਹ ਸ਼ਿਕਵਾ ਸੀ। ਮੈਂ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਆਉਣ ਤੱਕ ਮਕਬਰਾ ਦੇਖ ਲਵੇ ਪਰ ਉਸ ਦਾ ਜਵਾਬ ਸੀ ਕਿ ਉਸ ਨੂੰ ਇਕੱਲਿਆਂ ਅੰਦਰ ਜਾਣ ਤੋਂ ਡਰ ਲੱਗਦਾ ਹੈ। ਮੈਂ ਉਸ ਨੂੰ ਕਿਹਾ ਕਿ ਉਹ ਮੇਰੇ ਨਾਲ ਚੱਲੇ। ਜਿਵੇਂ ਹੀ ਅਸੀਂ ਮਕਬਰੇ ਅੰਦਰ ਦਾਖਲ ਹੋਏ ਤਾਂ ਜਾਪਾਨੀ ਟੂਰਿਸਟ ਮਹਿਲਾ ਨੂੰ ਲੈ ਕੇ ਗਾਈਡ ਵੀ ਆ ਗਿਆ। ਉਹ ਮਕਬਰੇ ਅੰਦਰੋਂ ਉੱਠਦੀ ਗੂੰਜ ਬਾਰੇ ਦੱਸਣ ਲੱਗਿਆ ਅਤੇ ਉਦਾਹਰਨ ਵਜੋਂ ਉਸ ਨੇ ਤਾੜੀ ਵਜਾਈ। ਇਸ ਤਾੜੀ ਦੀ ਆਵਾਜ਼ ਮਕਬਰੇ ਅੰਦਰ ਡੇਢ ਮਿੰਟ ਤਕ ਗੂੰਜਦੀ ਰਹੀ। ਫਿਰ ਉਹ ਉੱਚੀ ਆਵਾਜ਼ ਵਿਚ ‘ਓ-ਹੋ’ ਬੋਲਿਆ ਤਾਂ ਮਕਬਰਾ ਇਸੇ ਆਵਾਜ਼ ਨਾਲ ਗੂੰਜਣ ਲੱਗਾ। ਇਸ ਗੂੰਜ ਤੋਂ ਬੰਗਾਲਣ ਡਰ ਗਈ। ਉਸ ਨੇ ਮੇਰੀ ਖੱਬੀ ਬਾਂਹ ਨੂੰ ਹੱਥ ਪਾ ਲਿਆ। ਉਸ ਦਾ ਡਰ ਦੇਖ ਕੇ ਮੈਂ ਉਸ ਨੂੰ ਬਾਹਰ ਲੈ ਆਇਆ। ਉਸ ਵਾਲੇ ਟੋਲੇ ਦੇ ਮੈਂਬਰਾਂ ਤੇ ਮੇਰੇ ਮਦਦਗਾਰ ਨੂੰ ਉਡੀਕਣ ਲਈ ਅਸੀਂ ਬੈਂਚ ‘ਤੇ ਜਾ ਬੈਠੇ। ਉਥੇ ਬੈਠਿਆਂ ਉਸ ਨੇ ਆਪਣਾ ਨਾਮ (ਉਮਾ ਬੈਨਰਜੀ) ਦੱਸਿਆ ਅਤੇ ਇਹ ਵੀ ਦੱਸਿਆ ਕਿ ਬੰਗਾਲੀ ਟੋਲੇ ਵਿਚ ਛੇ ਜੋੜੇ ਸ਼ਾਮਲ ਹਨ ਜਿਨ੍ਹਾਂ ਵਿਚੋਂ ਇਕ ਜੋੜਾ ਉਸ ਦੇ ਭਰਾ-ਭਰਜਾਈ ਦਾ ਹੈ। ਉਹ ਉਨ੍ਹਾਂ ਦੇ ਨਾਲ ਹੀ ਭੁਪਾਲ-ਇੰਦੌਰ-ਉਜੈਨ ਦੀ ਸੈਰ ‘ਤੇ ਆਈ ਹੋਈ ਹੈ। ਫਿਰ ਉਸ ਨੇ ਮੇਰਾ ਨਾਮ ਪੁੱਛਿਆ। ਨਾਮ ਜਾਨਣ ਤੋਂ ਮਗਰੋਂ ਕਹਿਣ ਲੱਗੀ, ‘ਆਪ ਕੋ ਕੈਸੇ ਪੁਕਾਰੂੰ?’ ਮੇਰੇ ਨਾਮ ਨਾਲ, ਮੈਂ ਸੁਝਾਇਆ। ‘ਨਹੀਂ, ਆਪ ਬੜੇ ਹੈਂ, ਆਪਕਾ ਨਾਮ ਨਹੀਂ ਲੇ ਸਕਤੀ।‘ ਉਸ ਦਾ ਜਵਾਬ ਸੀ। ਮੈਂ ਆਪਣੀ ਦਾੜ੍ਹੀ ਵੱਲ ਇਸ਼ਾਰਾ ਕਰਦਿਆਂ ਸ਼ਰਾਰਤ ਨਾਲ ਕਿਹਾ, ‘ਅੰਕਲ ਬੁਲਾ ਲੋ!‘ ‘ਨਈਂ‘, ਉਸ ਨੇ ਮੂੰਹ ਸਿਕੋੜਦਿਆਂ ਕਿਹਾ। ਫਿਰ ਕੁਝ ਸਕਿੰਟ ਸੋਚਣ ਮਗਰੋਂ ਬੋਲੀ, ‘ਆਪ ਕੋ ਸ-ਰ-ਦ-ਰ ਜੀ ਬੁਲਾਊਂਗੀ।‘ ਮੈਂ ਹੱਸ ਪਿਆ, ‘ਸਰਦਾਰ ਜੀ’ ਦੇ ਉਸ ਦੇ ਉਚਾਰਨ ‘ਤੇ ਵੀ ਅਤੇ ਉਸ ਦੀ ਚੋਣ ‘ਤੇ ਵੀ। ਫਿਰ ਮੈਂ ਉਸ ਨੂੰ ਦੱਸਿਆ ਕਿ ਕਈ ਸਰਦਾਰਨੀਆਂ ਆਪੋ-ਆਪਣੇ ਪਤੀਆਂ ਨੂੰ ‘ਸਰਦਾਰ ਜੀ‘ ਸ਼ਬਦਾਂ ਨਾਲ ਹੀ ਬੁਲਾਉਂਦੀਆਂ ਹਨ। ਇਹ ਸੁਣ ਕੇ ਵੀ ਉਹ ਆਪਣੀ ਜ਼ਿਦ ‘ਤੇ ਕਾਇਮ ਰਹੀ, ‘ਨਹੀਂ, ਮੈਂ ਤੋ ਸ-ਰ-ਦ-ਰ ਜੀ ਹੀ ਬੁਲਾਉਂਗੀ। ਮੁਝੇ ਕੋਈ ਫ਼ਰਕ ਨਹੀਂ ਪੜਤਾ।‘
ਉਂਝ, ਉਸ ਨੇ ਇਸ ਮਗਰੋਂ ਮੈਨੂੰ ਸਿਰਫ਼ ਇਕ ਵਾਰ ‘ਸ-ਰ-ਦ-ਰ ਜੀ` ਬੁਲਾਇਆ। ਉਹ ਵੀ ਅਗਲੇ ਦਿਨ। ਉਸ ਤੋਂ ਬਾਅਦ ਕਦੇ ਨਹੀਂ।
—-
ਜਾਮੀ ਮਸਜਿਦ ਕੰਪਲੈਕਸ ਦੇ ਛੋਟੇ ਗੇਟ ਵਾਲੇ ਰਾਹ ਤੋਂ ਜਿਵੇਂ ਹੀ ਅਸੀਂ ਬਾਹਰ ਮੁੱਖ ਸੜਕ ‘ਤੇ ਪਹੁੰਚੇ ਤਾਂ ਪਾਰਕਿੰਗ ਵਿਚ ਮੌਜੂਦ ਬੰਗਾਲੀ ਟੋਲੇ ਦੀ ਇਕ ਮੈਂਬਰ ਸਾਡੇ ਵੱਲ ਦੇਖ ਕੇ ਚੀਕੀ: “ਯਹਾਂ ਭੀ!।।। ਯਹਾਂ ਭੀ?” ਬਾਕੀ ਟੋਲੇ ਨੇ ਵੀ ਇਹੋ ਸ਼ੋਰ ਸ਼ੁਰੂ ਕਰ ਦਿੱਤਾ। ਇਸ਼ਾਰਾ ਉਮਾ ਤੇ ਮੇਰੇ ਮੇਲ-ਮਿਲਾਪ ਵੱਲ ਸੀ। ਅਸੀਂ ਦੋਵਾਂ ਨੇ ਜਿੱਚ ਹੋਇਆ ਮਹਿਸੂਸ ਕੀਤਾ। ਉਹ ਤੇਜ਼ੀ ਨਾਲ ਉਸ ਟੋਲੇ ਵਿਚ ਜਾ ਰਲੀ, ਮੈਂ ਚੁਸਤ-ਕਦਮੀ ਆਪਣੀ ਟੈਕਸੀ ਵੱਲ ਚਲਾ ਗਿਆ।
ਅਗਲੇ ਦਿਨ ਮੈਂ ਮਾਨਪੁਰ ਨਹੀਂ ਗਿਆ। ਟੈਕਸੀ ਵਾਲੇ ਨੂੰ ਬੁਖਾਰ ਹੋ ਗਿਆ ਸੀ। ਉਸ ਨੇ ਸੁਵਖਤੇ ਹੀ ਮੈਨੂੰ ਫੋਨ ਕਰ ਕੇ ਬਦਲਵੀਂ ਟੈਕਸੀ ਦਾ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ ਪਰ ਮੈਂ ਜਵਾਬ ਦਿੱਤਾ ਕਿ ਉਸ ਦੇ ਠੀਕ ਹੋਣ ਮਗਰੋਂ ਹੀ ਮੈਂ ਮਾਨਪੁਰ ਜਾਵਾਂਗਾ। ਮੇਰੇ ਕੋਲ ਅਜੇ ਤਿੰਨ ਦਿਨ ਹੋਰ ਸਨ। ਇਸ ਵਾਰਤਾਲਾਪ ਮਗਰੋਂ ਮੈਂ ਇਕ ਬਜ਼ੁਰਗ ਇਤਿਹਾਸਕਾਰ ਕੋਲ ਜਾ ਕੇ ਮਾਲਵੇ ਦੇ ਇਤਿਹਾਸ ਬਾਰੇ ਪ੍ਰਾਚੀਨ ਦਸਤਾਵੇਜ਼ ਦੇਖਣ ਤੇ ਨੋਟਸ ਲੈਣ ਦਾ ਪ੍ਰੋਗਰਾਮ ਬਣਾ ਲਿਆ। ਦਿਨੇ ਇਕ ਵਜੇ ਤੋਂ ਸ਼ਾਮ ਪੰਜ ਵਜੇ ਤਕ ਮੈਂ ਉਸ ਦੇ ਘਰ ਆਪਣਾ ਕੰਮ ਕਰਦਾ ਰਿਹਾ। ਇਸ ਦੌਰਾਨ ਉਸ ਨੇ ਲੰਚ ਲਈ ਕੋਈ ਸੁਲ੍ਹਾ ਨਹੀਂ ਮਾਰੀ, ਸਿਰਫ਼ ਦੋ ਵਾਰ ਸੜੀ ਜਿਹੀ ਚਾਹ ਪਿਲਾਈ। ਉਸ ਦੇ ਘਰ ਤੋਂ ਬਾਹਰ ਆਇਆ ਤਾਂ ਭੁੱਖ ਮਹਿਸੂਸ ਹੋਈ। ਇਸੇ ਲਈ ਆਟੋ ਵਾਲੇ ਨੂੰ ਇੰਦੌਰ ਦੀ ਮਸ਼ਹੂਰ ਫੂਡ ਸਟਰੀਟ ‘ਛੱਪਨ` (56 ਦੁਕਾਨਾਂ ਵਾਲੀ ਮਾਰਕੀਟ) ਲਿਜਾਣ ਲਈ ਕਿਹਾ। ਉਥੇ ਹੀ ਚਾਟ ਤੇ ਅਜਿਹੇ ਹੋਰ ਸਨੈਕਸ ਵਾਲੀ ਮਸ਼ਹੂਰ ਦੁਕਾਨ ਦੇ ਬਾਹਰ ਉਮਾ ਬੈਨਰਜੀ ਕੂਪਨ ਲੈਣ ਵਾਲਿਆਂ ਦੀ ਕਤਾਰ ਵਿਚ ਖੜ੍ਹੀ ਦਿਸੀ। ਉਸ ਦੇ ਨੇੜੇ ਜਾ ਕੇ ਜਦੋਂ ਮੈਂ ਉਸ ਦਾ ਨਾਮ ਲਿਆ ਤਾਂ ਉਸ ਨੇ ਗਰਦਨ ਘੁਮਾਈ ਤੇ ਵਿਸਮੈ ਭਰੇ ਲਹਿਜ਼ੇ ਵਿਚ ਬੋਲੀ: “ਸ-ਰ-ਦ-ਰ-ਜੀ, ਯਹਾਂ ਭੀ?” ਫਿਰ ਉਹ ਕਤਾਰ ਵਿਚੋਂ ਬਾਹਰ ਆਈ, ਆਪਣਾ ਪਰਸ ਫਰੋਲ ਕੇ ਮੁਚੜਿਆ ਜਿਹਾ ਕਾਰਡ ਕੱਢਿਆ ਤੇ ਮੈਨੂੰ ਸੌਂਪਦਿਆਂ ਕਹਿਣ ਲੱਗੀ, “ਆਪ ਫ਼ੌਰੀ ਯਹਾਂ ਸੇ ਚਲੇ ਜਾਈਏ, ਨਹੀਂ ਤੋ ਬਾਕੀ ਲੋਗ (ਬੰਗਾਲੀ ਟੋਲਾ) ਯਹਾਂ ਆਕਰ ਕੱਲ੍ਹ ਵਾਲਾ ਆਲਾਪ ਸ਼ੁਰੂ ਕਰ ਦੇਂਗੇ।” ਮੈਂ ਤੁਰਨ ਲੱਗਾ ਤਾਂ ਉਹ ਅਚਾਨਕ ਬੋਲੀ, “ਕਾਰਡ ਪੇ ਮੇਰਾ ਫੋਨ ਨੰਬਰ ਔਰ ਬਨਾਰਸ ਕੇ ਘਰ ਕਾ ਪਤਾ ਹੈ। ਕਭੀ ਫੋਨ ਕਰੀਏਗਾ।” ਇਹ ਕਹਿੰਦਿਆਂ ਉਹ ਕਤਾਰ ਵਿਚ ਮੁੜ ਜਾ ਘੁਸੀ।
ਮੈਂ ਕਾਰਡ ਕੁਝ ਮਾਯੂਸੀ ਤੇ ਕੁਝ ਖਿਝ ਨਾਲ ਆਪਣੇ ਬਟੂਏ ਵਿਚ ਸੰਭਾਲ ਲਿਆ। ਉਮਾ ਨੂੰ ਦੇਖਦਿਆਂ ਜੋ ਖ਼ੁਸ਼ੀ ਮਹਿਸੂਸ ਹੋਈ ਸੀ, ਉਹ ਓਨੀ ਹੀ ਤੇਜ਼ੀ ਨਾਲ ਖਿੰਡ ਗਈ ਸੀ। ਦਰਅਸਲ, ਸਾਡੀ ਮਰਦਾਵੀਂ ਮਨੋਬਿਰਤੀ ਹੀ ਕੁਝ ਐਸੀ ਹੈ ਕਿ ਓਪਰੀ ਔਰਤ ਦੀ ਸਾਧਾਰਨ ਮੁਸਕਾਨ ਵਿਚੋਂ ਵੀ ਸਾਨੂੰ ‘ਮੌਕਾ` ਨਜ਼ਰ ਆਉਣ ਲੱਗ ਜਾਂਦਾ ਹੈ। ਮੈਂ ਵੀ ਇਸੇ ਮਰਜ਼ ਤੋਂ ਬਚਿਆ ਹੋਇਆ ਨਹੀਂ। ਲਿਹਾਜ਼ਾ, ਮੇਰੀ ਮਾਯੂਸੀ ਜਾਂ ਖਿੱਝ ਕੁਝ ਹੱਦ ਤਕ ਜਾਇਜ਼ ਸੀ। ਹਾਂ, ਉਸ ਵੱਲੋਂ ਦਿੱਤੇ ਕਾਰਡ ਵਿਚੋਂ ਮੈਨੂੰ ਉਮੀਦ ਦੀ ਕਿਰਨ ਜ਼ਰੂਰ ਦਿਸੀ। ਇਹ ਵੱਖਰੀ ਗੱਲ ਹੈ ਕਿ ਇਸ ਕਿਰਨ ਨਾਲ ਬੀਬੀ ਦਾੜ੍ਹੀ ਦਾ ਲਿਹਾਜ਼ ਵੀ ਆ ਜੁੜਿਆ।
—-
ਅਗਲੇ ਦੋ ਮਹੀਨਿਆਂ ਦੌਰਾਨ ਉਮਾ ਦਾ ਸ਼ਰਾਰਤੀ ਮੁਸਕਾਨ ਵਾਲਾ ਚਿਹਰਾ ਮੈਨੂੰ ਅਕਸਰ ਸਤਾਉਂਦਾ ਰਿਹਾ। ਫੋਨ ਕਰਨ ਦਾ ਮਨ ਕਈ ਵਾਰ ਬੜਾ ਹੋਇਆ ਪਰ ਉਮਰ ਦਾ ਤਕਾਜ਼ਾ ਤੇ ਸ਼ਰਾਫ਼ਤ ਹਰ ਵਾਰ ਮੇਰੀ ਚਾਹਤ ਉੱਤੇ ਹਾਵੀ ਹੁੰਦੇ ਰਹੇ। ਇਹੋ ਮਹਿਸੂਸ ਹੁੰਦਾ ਰਿਹਾ ਕਿ ਪਰਾਈ ਔਰਤ ਨਾਲ ਬੇਵਜ੍ਹਾ ਖੁੱਲ੍ਹ ਲੈਣੀ ਮੈਨੂੰ ਸੋਭਦੀ ਨਹੀਂ।
ਫਿਰ ਸਬਬ ਕੁਝ ਵੱਖਰਾ ਬਣ ਗਿਆ। ਮੇਰੀ ਮਰਹੂਮ ਬੀਵੀ ਦੀਆਂ ਤਿੰਨ ਸਹੇਲੀਆਂ ਮੈਨੂੰ ਵੀਰ ਕਹਿੰਦੀਆਂ ਹਨ। ਬੀਵੀ ਦੇ ਗੁਜ਼ਰਨ ਤੋਂ ਬਾਅਦ ਵੀ ਮੈਂ ਇਹ ਰਿਸ਼ਤਾ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਦਾ ਆਇਆ ਹਾਂ। ਤਿੰਨੋਂ ਹਿੰਦੂ ਪਰਿਵਾਰਾਂ ‘ਚੋਂ ਹਨ। ਇਸੇ ਲਈ ਮੈਂ ਉਨ੍ਹਾਂ ਲਈ ਅਕਸਰ ‘ਤਿੰਨ ਦੇਵੀਆਂ‘ ਸ਼ਬਦ ਹੀ ਵਰਤਦਾ ਹਾਂ। ਉਨ੍ਹਾਂ ਨਾਲ ਹਰ ਚੌਥੇ ਪੰਜਵੇਂ ਦਿਨ ਫੋਨ ਵਾਰਤਾ ਹੋ ਜਾਂਦੀ ਹੈ। ਇਕ ਦਿਨ ਅਜਿਹੀ ਵਾਰਤਾ ਦੌਰਾਨ ਇਕ ਦੇਵੀ ਨੇ ਦੱਸਿਆ ਕਿ ਤਿੰਨਾਂ ਨੇ ਬਨਾਰਸ ਯਾਤਰਾ ਦਾ ਪ੍ਰੋਗਰਾਮ ਬਣਾਇਆ ਹੈ। ਇਹ ਸੁਣਦਿਆਂ ਹੀ ਮੈਨੂੰ ਜਾਪਿਆ ਕਿ ਇਹ ਤਾਂ ਉਮਾ ਨੂੰ ਮਿਲਣ ਦਾ ਚੰਗਾ ਬਹਾਨਾ ਹੋ ਸਕਦਾ ਹੈ। ਮੈਂ ਉਸ ਦੇਵੀ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਹਿਰੇਦਾਰ ਦੀ ਜ਼ਰੂਰਤ ਹੋਵੇ ਤਾਂ ਉਹ ਮੈਨੂੰ ਆਪਣੇ ਨਾਲ ਲਿਜਾ ਸਕਦੀਆਂ ਹਨ। ਵੀਹ ਕੁ ਮਿੰਟਾਂ ਬਾਅਦ ਉਸ ਦਾ ਸੁਨੇਹਾ ਆ ਗਿਆ ਕਿ ਦਿੱਲੀ ਤੋਂ ਵੰਦੇ ਭਾਰਤ ਐਕਸਪ੍ਰੈੱਸ ਦੀਆਂ ਚਾਰ ਟਿਕਟਾਂ ਬੁੱਕ ਹੋ ਗਈਆਂ ਹਨ। ਤਿੰਨ ਰਾਤਾਂ ਬਨਾਰਸ ਰੁਕਣ ਦਾ ਪ੍ਰੋਗਰਾਮ ਹੈ। ਵਾਪਸੀ ਸਿੱਧੀ ਚੰਡੀਗੜ੍ਹ ਜਹਾਜ਼ ਰਾਹੀਂ ਹੋਵੇਗੀ।
ਵੰਦੇ ਭਾਰਤ ਐਕਸਪ੍ਰੈੱਸ ਬਨਾਰਸ ਪੂਰੇ ਤਿੰਨ ਵਜੇ ਪੁੱਜੀ। ਉਹ ਤਿੰਨੋਂ ਅੱਸੀ ਘਾਟ ਨੇੜੇ ਧਰਮਸ਼ਾਲਾ ਵਿਚ ਠਹਿਰੀਆਂ, ਮੈਂ ਅੱਧਾ ਕਿਲੋਮੀਟਰ ਦੂਰ ਹੋਟਲ ਵਿਚ। ਸੁਥਰਾ ਸੀ ਉਹ ਹੋਟਲ। ਨਹਾ-ਧੋ ਕੇ ਮੈਂ ਨਵੇਂ ਸਿਰਿਓਂ ਤਿਆਰ ਹੋਇਆ। ਫਿਰ ਪਰਸ ਵਿਚੋਂ ਕਾਰਡ ਕੱਢ ਕੇ ਉਮਾ ਦਾ ਨੰਬਰ ਮਿਲਾਇਆ। ਉਸ ਨੇ ਤੀਜੀ ਰਿੰਗ ‘ਤੇ ਫੋਨ ਚੁੱਕ ਲਿਆ। ਆਵਾਜ਼ ਆਈ, “ਕੌਨ?” “ਸਰਦਾਰ ਜੀ”, ਮੈਂ ਜਵਾਬ ਦਿੱਤਾ। “ਸ਼ੱਚੀ!” ਉਸ ਦੀ ਆਵਾਜ਼ ‘ਚ ਹੈਰਾਨੀ ਸੀ। “ਕਹਾਂ ਸੇ?” “ਬਨਾਰਸ ਸੇ”, ਮੇਰਾ ਜਵਾਬ ਸੀ। ਫਿਰ ਬੰਗਲਾਨੁਮਾ ਉਚਾਰਨ ਵਾਲਾ “ਸ਼ੱਚੀ!?” ਸੁਣਨ ਨੂੰ ਮਿਲਿਆ। ਜਦੋਂ ਮੈਂ ਉਸ ਨੂੰ ਆਪਣੇ ਇਲਾਕੇ ਤੇ ਹੋਟਲ ਦਾ ਨਾਮ ਦੱਸਿਆ ਤਾਂ ਉਹ ਬੋਲੀ ਕਿ ਉਹ ਜਗ੍ਹਾ ਤਾਂ ਉਸ ਦੇ ਘਰ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਹੈ। ਫਿਰ ਕਹਿਣ ਲੱਗੀ ਕਿ ਸ਼ਾਮ ਦੀ ਚਾਹ ਦਾ ਟਾਈਮ ਹੋ ਰਿਹਾ ਹੈ, ਮੈਂ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨਾਲ ਚਾਹ ਪੀਵਾਂ। ਉਹ ਆਪਣੇ ਬੇਟੇ ਨੂੰ ਮੇਰੇ ਕੋਲ ਭੇਜ ਰਹੀ ਹੈ।
ਸੱਚ ਕਹਾਂ, ਅਜਿਹੇ ਹੁੰਗਾਰੇ ਦੀ ਮੈਨੂੰ ਰਤਾ ਵੀ ਉਡੀਕ ਨਹੀਂ ਸੀ। ਦਸ ਮਿੰਟਾਂ ‘ਚ ਉਸ ਦਾ ਬੇਟਾ ਰਿਸੈਪਸ਼ਨ ‘ਤੇ ਆ ਗਿਆ। ਉਸ ਨੇ ਮੇਰੇ ਪ੍ਰਤੀ ਕੋਈ ਓਪਰਾਪਣ ਨਹੀਂ ਦਿਖਾਇਆ। ਜ਼ਾਹਿਰ ਹੈ, ਉਹ ਮਾਂ ਪਾਸੋਂ ਮਾਂਡ ਵਾਲਾ ਪੂਰਾ ਕਿੱਸਾ ਸੁਣ ਚੁੱਕਾ ਸੀ। ਉਹ ਮੈਨੂੰ ਮੋਟਰ ਸਾਈਕਲ ‘ਤੇ ਹੀ ਘਰ ਲੈ ਗਿਆ। ਘਰ ਪੁਰਾਣੇ ਮੁਹੱਲੇ ਵਿਚ ਸੀ, ਛੋਟਾ ਜਿਹਾ, ਤਿੰਨ ਕਮਰਿਆਂ ਵਾਲਾ। ਦੋ ਬੈੱਡਰੂਮ ਤੇ ਤੀਜਾ ਡਰਾਇੰਗ ਰੂਮ ਜਾਂ ਸਿਟਿੰਗ ਰੂਮ। ਘਰ ਦੇ ਅੱਗੇ ਏਨਾ ਕੁ ਵਿਹੜਾ ਕਿ ਇਕ ਤਾਰ ਉੱਤੇ ਕਪੜੇ ਸੁੱਕਣੇ ਪਾਏ ਜਾ ਸਕਣ। ਉਮਾ ਪੂਰੀ ਨਿੱਘ ਨਾਲ ਮੈਨੂੰ ਮਿਲੀ। ਬੇਟੇ ਦਾ ਫੋਨ ਵਾਰ-ਵਾਰ ਵੱਜ ਰਿਹਾ ਸੀ। ਉਹ ਸੁਣਨ ਲਈ ਆਪਣੇ ਕਮਰੇ ‘ਚ ਚਲਾ ਗਿਆ ਤੇ ਦਰਵਾਜ਼ਾ ਭੇੜ ਲਿਆ।
ਉਮਾ ਨੇ ਮੈਨੂੰ ਪਾਣੀ ਪੀਣ ਨੂੰ ਦਿੱਤਾ। ਫਿਰ ਚਾਹ ਬਣਾਉਣ ਲਈ ਜਿਵੇਂ ਹੀ ਕਿਚਨ ‘ਚ ਗਈ ਤਾਂ ਪਿੱਛੇ-ਪਿੱਛੇ ਚਲਾ ਗਿਆ। ਉਹ ਮੇਰੀ ਇਸ ਹਰਕਤ ਤੋਂ ਅਸਹਿਜ ਹੋ ਗਈ। ਅਸਹਿਜ ਹੋਣਾ ਸੁਭਾਵਿਕ ਵੀ ਸੀ। ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ। ਭੁੱਲ ਸੁਧਾਰਨ ਤੇ ਉਸ ਨੂੰ ਸਹਿਜ ਕਰਨ ਲਈ ਮੈਂ ਦੱਸਿਆ ਕਿ ਮੈਂ ਆਪਣੀਆਂ ਭੈਣਾਂ ਦੇ ਘਰ ਜਾ ਕੇ ਵੀ ਇਸੇ ਤਰ੍ਹਾਂ ਕਰਦਾ ਹਾਂ। ਇਕੱਲਿਆਂ ਬੈਠਣ ਨਾਲੋਂ ਗੱਲਬਾਤ ਲਈ ਪੰਜ-ਦਸ ਮਿੰਟ ਹੋਰ ਮਿਲ ਜਾਂਦੇ ਹਨ। ਅਜਿਹੇ ਸਪਸ਼ਟੀਕਰਨ ਦੇ ਬਾਵਜੂਦ ਉਹ ਸਹਿਜ ਨਹੀਂ ਹੋਈ। ਖ਼ਾਮੋਸ਼ੀ ਨਾਲ ਕੁਝ ਪਲੇਟਾਂ ਡਰਾਅਰ ਵਿਚੋਂ ਕੱਢ ਕੇ ਉਨ੍ਹਾਂ ਵਿਚ ਸਨੈਕਸ ਆਦਿ ਪਾਉਣ ਲੱਗੀ ਪਰ ਮੈਂ ਉਸ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਜੇਕਰ ਘਰ ‘ਚ ਕੋਈ ਬੰਗਾਲੀ ਮਿਠਾਈ ਪਈ ਹੈ ਤਾਂ ਮੈਂ ਉਹ ਖਾਵਾਂਗਾ। ਉਸ ਨੇ ਫਰਿੱਜ ‘ਚੋਂ ਸਟੀਲ ਦਾ ਗੋਲ ਡੱਬਾ ਕੱਢਿਆ। ਉਸ ਵਿਚ ਬਾਲੂਸ਼ਾਹੀਆਂ ਸਨ। ਉਹ ਇਨ੍ਹਾਂ ਨੂੰ ਪਲੇਟ ਵਿਚ ਸਜਾਉਣ ਲੱਗੀ ਤਾਂ ਮੈਂ ਇਸ਼ਾਰਾ ਕੀਤਾ ਕਿ ਉਹ ਇਕ ਬਾਲੂਸ਼ਾਹੀ ਮਾਈਕਰੋਵੇਵ ਕਰ ਕੇ ਮੈਨੂੰ ਦੇਵੇ। ਉਸ ਨੇ ਅੱਧਾ ਮਿੰਟ ਇਹ ਗਰਮ ਕੀਤੀ। ਮੈਂ ਕੋਸੀ ਜਿਹੀ ਕਟੋਰੀ ‘ਚੋਂ ਅੱਧੀ ਬਾਲੂਸ਼ਾਹੀ ਤੋੜ ਕੇ ਮੂੰਹ ‘ਚ ਪਾਈ ਅਤੇ ਬਾਕੀ ਅੱਧੀ ਚਾਹ ਨਾਲ ਖਾਣ ਲਈ ਰੱਖ ਲਈ। ਮੇਰੀ ਇਸ ਕਿਸਮ ਦੀ ਬੇਤਕੱਲੁਫ਼ੀ ਉਸ ਦੀ ਅਸਹਿਜਤਾ ਘਟਾਉਣ ਵਿਚ ਕੁਝ ਸਫਲ ਹੋ ਗਈ। ਉਸ ਨੇ ਵੀ ਇਕ ਬਾਲੂਸ਼ਾਹੀ ਗਰਮ ਕੀਤੀ ਅਤੇ ਫਿਰ ਬੋਲੀ: “ਇਸ ਮੇਂ ਸੇ ਭੀ ਆਧੀ ਆਪ ਕੋ ਖਾਨੀ ਪੜੇਗੀ।” ਫਿਰ ਅਸੀਂ ਆਪੋ-ਆਪਣੇ ਮੱਗ ਤੇ ਕਟੋਰੀਆਂ ਹੱਥਾਂ ਵਿਚ ਚੁੱਕੀ ਡਰਾਇੰਗ ਰੂਮ ਵਿਚ ਆ ਗਏ।
ਉਮਾ ਨੇ ਬੇਟੇ ਨੂੰ ਇਕ-ਦੋ ਆਵਾਜ਼ਾਂ ਮਾਰੀਆਂ ਪਰ ਉਹ ਫੋਨ ‘ਚ ਹੀ ਮਸਰੂਫ਼ ਰਿਹਾ। ਉਸ ਦੀ ਗ਼ੈਰਹਾਜ਼ਰੀ ਦਾ ਲਾਭ ਲੈਂਦਿਆਂ ਉਮਾ ਨੇ ਦੱਸਿਆ ਕਿ ਉਹ ਸਿੰਗਲ ਪੇਰੈਂਟ ਹੈ। ਉਸ ਦੇ ਦੋ ਬੇਟੇ ਹਨ। ਵੱਡਾ ਬੇਟਾ ਪੰਜ ਸਾਲ ਤੇ ਛੋਟਾ ਤਿੰਨ ਸਾਲ ਦਾ ਸੀ ਜਦੋਂ ਉਸ ਦਾ ਤਲਾਕ ਹੋ ਗਿਆ। ਗਨੀਮਤ ਇਹ ਰਹੀ ਕਿ ਉਹ ਉਦੋਂ ਗ਼ੈਰ-ਸਰਕਾਰੀ ਕਾਲਜ ਵਿਚ ਇਮਤਿਹਾਨ ਦੀ ਲੈਕਚਰਾਰ ਲੱਗ ਚੁੱਕੀ ਸੀ ਅਤੇ ਉਸ ਦਾ ਪਤੀ ਵੀ ਬੱਚਿਆਂ ਦੀ ਪੜ੍ਹਾਈ ਦਾ ਕੁਝ ਖ਼ਰਚ ਉਠਾਉਣ ਲਈ ਰਾਜ਼ੀ ਹੋ ਗਿਆ ਸੀ। ਅਜਿਹੇ ਹਾਲਾਤ ਵਿਚ ਵੱਡਾ ਕੰਪਿਊਟਰ ਇੰਜਨੀਅਰ ਬਣ ਕੇ ਨਿਊਜ਼ੀਲੈਂਡ ਪੁੱਜ ਗਿਆ ਜਿਥੇ ਹੁਣ ਉਹ ਪੀ।ਆਰ। ਉਡੀਕ ਰਿਹਾ ਹੈ। ਛੋਟਾ ਵੀ ਇੰਜਨੀਅਰਿੰਗ ਕਰ ਰਿਹਾ ਹੈ, ਬਨਾਰਸ ਵਿਚ ਹੀ। ਇਹ ਸਭ ਦੱਸਣ ਮਗਰੋਂ ਉਮਾ ਨੇ ਮੈਥੋਂ ਮੇਰੇ ਪਰਿਵਾਰ ਬਾਰੇ ਪੁੱਛਿਆ। ਮੈਂ ਆਪਣੀ ਪਤਨੀ ਦੇ ਦੇਹਾਂਤ ਅਤੇ ਬੇਟੀ ਦੇ ਕੈਨੇਡਾ ਵਿਚ ਅਕਾਦਮੀਸ਼ੀਅਨ ਤੇ ਬੇਟੇ ਦੇ ਦਿੱਲੀ ਵਿਚ ਆਲ੍ਹਾ ਅਫਸਰ ਹੋਣ ਬਾਰੇ ਦੱਸਿਆ। ਉਸ ਦਾ ਅਗਲਾ ਸਵਾਲ ਉਹੋ ਸੀ ਜਿਸ ਦਾ ਸਾਹਮਣਾ ਮੈਨੂੰ ਅਕਸਰ ਕਰਨਾ ਪੈਂਦਾ ਹੈ: “ਮੈਂ ਇਕੱਲਾ ਕਿਉਂ ਰਹਿੰਦਾ ਹਾਂ, ਬੱਚਿਆਂ ਕੋਲ ਕਿਉਂ ਨਹੀਂ ਰਹਿੰਦਾ?” ਮੇਰਾ ਜਵਾਬ ਵੀ ਰਟਿਆ-ਰਟਾਇਆ ਸੀ: “ਸੁਨਹਿਰੇ ਪਿੰਜਰੇ ਦੀ ਕੈਦ ਨਾਲੋਂ ਆਜ਼ਾਦ ਪਰਿੰਦੇ ਵਾਂਗ ਵਿਚਰਨਾ ਕਿਤੇ ਵੱਧ ਮਜ਼ੇਦਾਰ ਹੈ।” ਮੇਰਾ ਜਵਾਬ ਸੁਣ ਕੇ ਉਹ ਮੁਸਕਰਾ ਪਈ। ਮੈਂ ਪਹਿਲੀ ਵਾਰ ਇਹ ਨੋਟਿਸ ਕੀਤਾ ਕਿ ਉਸ ਦੀ ਮੁਸਕਰਾਹਟ ਵਿਚੋਂ ਮਾਂਡ ਵਾਲੀ ਤਾਜ਼ਗੀ ਗਾਇਬ ਸੀ। ਇਸ ਵਿਚ ਥਕਾਵਟ ਸੀ। ਉਸ ਦਾ ਚਿਹਰਾ ਵੀ ਪਹਿਲਾਂ ਨਾਲੋਂ ਕਮਜ਼ੋਰ ਸੀ। ਥੱਕਿਆ-ਥੱਕਿਆ। ਮੈਂ ਇਸ ਤਬਦੀਲੀ ਬਾਰੇ ਉਸ ਤੋਂ ਪੁੱਛਣਾ ਚਾਹਿਆ ਪਰ ਚੁੱਪ ਹੀ ਰਿਹਾ। ਮੈਨੂੰ ਅਜਿਹਾ ਕਰਨਾ ਹੀ ਵਾਜਬ ਜਾਪਿਆ।
ਪੌਣਾ ਕੁ ਘੰਟਾ ਬਿਤਾਉਣ ਮਗਰੋਂ ਮੈਂ ਜਾਣ ਲਈ ਉੱਠਿਆ ਤਾਂ ਉਮਾ ਰਾਤ ਦਾ ਖਾਣਾ ਖਾ ਕੇ ਜਾਣ ‘ਤੇ ਜ਼ੋਰ ਦੇਣ ਲੱਗੀ। ਮੈਂ ਅਗਲੇ ਦਿਨ ਲੰਚ ‘ਤੇ ਆਉਣ ਦਾ ਵਾਅਦਾ ਕੀਤਾ ਪਰ ਦੋ ਸ਼ਰਤਾਂ ਰੱਖੀਆਂ: ਪਹਿਲੀ, ਬਹੁਤਾ ਉਚੇਚ ਨਾ ਕਰੇ ਅਤੇ ਦੂਜੀ, ਖਾਣੇ ਵਿਚ ਕੱਦੂ-ਜਾਤੀ ਦੀ ਕੋਈ ਵੀ ਸਬਜ਼ੀ ਨਾ ਹੋਵੇ। ਦੂਜੀ ਸ਼ਰਤ ਸੁਣ ਕੇ ਉਹ ਜ਼ੋਰ ਦੀ ਹੱਸੀ ਅਤੇ ਬੋਲੀ: “ਬੰਗਾਲੀ ਕਾ ਘਰ ਹੈ, ਯਹਾਂ ਕੱਦੂ ਨਹੀਂ, ਮਾਸ-ਮੱਛੀ ਮਿਲੇਗੀ।” ਉਸ ਰਾਤ ਮੈਂ ਉਮਾ ਪ੍ਰਤੀ ਆਪਣੇ ਆਕਰਸ਼ਣ ਦਾ ਮੁਹਾਂਦਰਾ ਉਲੀਕਣ ਦਾ ਯਤਨ ਕਰਦਾ ਰਿਹਾ।
ਅਗਲੇ ਦਿਨ ਲੰਚ ਦੌਰਾਨ ਇਕ-ਦੂਜੇ ਦੇ ਘਰਾਂ-ਪਰਿਵਾਰਾਂ ਤੇ ਸ਼ਹਿਰਾਂ ਆਦਿ ਬਾਰੇ ਜਾਣਨ ਦਾ ਦੌਰ ਜਾਰੀ ਰਿਹਾ। ਮੇਰੇ ਰੋਕਣ ਦੇ ਬਾਵਜੂਦ ਉਮਾ ਨੇ ਕੁਝ ਪਕਾਇਆ ਹੋਇਆ ਸੀ। ਖਵਾਇਆ ਵੀ ਉਹ ਜਬਰੀ। ਹੋਟਲ ਪਰਤਣ ਤੋਂ ਪਹਿਲਾਂ ਮੈਂ ਉਹਦੇ ਬੇਟੇ ਨੂੰ ਕਿਹਾ ਕਿ ਉਹ ਕਿਸੇ ਅਜਿਹੇ ਦੁਕਾਨਨੁਮਾ ਰੈਸਤਰਾਂ ਬਾਰੇ ਦੱਸੇ ਜੋ ਬਹੁਤ ਪੁਰਾਣਾ ਹੋਵੇ ਅਤੇ ਬਿਲਕੁਲ ਰਵਾਇਤੀ ਲੱਜ਼ਤ ਵਾਲੇ ਬਨਾਰਸੀ ਪਕਵਾਨ ਪਰੋਸਦਾ ਹੋਵੇ। ਉਸ ਨੇ ਦੋ ਅਜਿਹੇ ਰੈਸਤਰਾਵਾਂ ਦੀ ਦੱਸ ਪਾਈ। ਉਨ੍ਹਾਂ ਵਿਚੋਂ ਇਕ ਮੈਨੂੰ ਬਿਹਤਰ ਜਾਪਿਆ, 1895 ਵਾਲੇ ਜਨਮ ਕਾਰਨ। ਫਿਰ ਮੈਂ ਮਾਂ-ਬੇਟੇ ਨੂੰ ਅਗਲੇ ਦਿਨ ਇਕ ਵਜੇ ਲੰਚ ਲਈ ਪੁੱਜਣ ਦਾ ਨਿਓਤਾ ਦਿੱਤਾ। ਨਾਲ ਹੀ ਕਿਹਾ ਕਿ ਇਸੇ ਬਹਾਨੇ ਉਹ ‘ਤਿੰਨ ਦੇਵੀਆਂ’ ਦੇ ਦਰਸ਼ਨ ਵੀ ਕਰ ਲੈਣਗੇ। ਉਮਾ ਨੇ ਝਿਜਕ ਦਿਖਾਈ, ਦੇਵੀਆਂ ਨੂੰ ਘਰ ਲਿਆਉਣ `ਤੇ ਜ਼ੋਰ ਦੇਣ ਲੱਗੀ ਪਰ ਅੰਤ ਮੇਰੀ ਜ਼ਿੱਦ ਅੱਗੇ ਝੁਕ ਗਈ।
—-
ਲੰਚ ਵਾਲੇ ਦਿਨ ਉਮਾ ਹਲਕਾ ਮੇਕਅੱਪ ਕਰ ਕੇ ਆਈ। ਇਸ ਦੇ ਬਾਵਜੂਦ ਉਸ ਦਾ ਚਿਹਰਾ ਖਿੱਚਿਆ-ਖਿੱਚਿਆ ਜਿਹਾ ਸੀ। ਅੱਖਾਂ ਹੇਠਲੇ ਕੋਇਆਂ ‘ਚ ਸਿਆਹੀ ਵੀ ਮੈਨੂੰ ਵਧੀ ਹੋਈ ਜਾਪੀ। ਉਂਝ, ਤਿੰਨਾਂ ਦੇਵੀਆਂ ਨਾਲ ਗੱਲਾਂ ਉਸ ਨੇ ਖੂਬ ਕੀਤੀਆਂ। ਮੇਰੀ ਤਾਰੀਫ਼ ਵੀ ਦੋ ਵਾਰ ਇੰਝ ਕੀਤੀ ਜਿਵੇਂ ਮੈਨੂੰ ਵਰਿ੍ਹਆਂ ਤੋਂ ਜਾਣਦੀ ਹੋਵੇ ਪਰ ਖਾਧਾ-ਪੀਤਾ ਬਹੁਤ ਘੱਟ। ਰੁਖ਼ਸਤਗੀ ਵੇਲੇ ਦੁਆ-ਸਲਾਮ ਤੋਂ ਪਹਿਲਾਂ ਉਸ ਨੇ ਮੈਨੂੰ ਜ਼ਰਾ ਕੁ ਪਾਸੇ ਆਉਣ ਦਾ ਇਸ਼ਾਰਾ ਕੀਤਾ। ਪਰ੍ਹੇ ਹੁੰਦਿਆਂ ਹੀ ਉਹ ਬਹੁਤ ਧੀਮੇ ਜਿਹੇ ਸੁਰ ‘ਚ ਬੋਲੀ: “ਸ਼ਾਮ ਕੋ ਬੇਟਾ ਘਰ ਨਹੀਂ ਹੋਗਾ, ਆਪ ਜ਼ਰੂਰ ਆਨਾ।” ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸਮਝਦਾ, ਉਹ ਬੋਲੀ, “ਏਕ ਜ਼ਰੂਰੀ ਬਾਤ ਕਰਨੀ ਹੈ। ਕੁਛ ਬਾਤੇਂ ਅਪਨੋਂ ਕੇ ਸਾਥ ਨਹੀਂ ਹੋ ਸਕਤੀ ਪਰ ਕਿਸੀ ਬਾਹਰ ਵਾਲੇ ਕੇ ਸਾਥ ਕਰ ਕੇ ਮਨ ਹਲਕਾ ਹੋ ਜਾਤਾ ਹੈ।” ਇਸ ਮਗਰੋਂ ਉਸ ਨੇ ਮੇਰੀ ਬਾਂਹ ਘੁੱਟੀ ਜਿਵੇਂ ਕੋਈ ਵਾਅਦਾ ਮੰਗ ਰਹੀ ਹੋਵੇ।
ਟੈਕਸੀ ਵਿਚ ਬੈਠਦਿਆਂ ਹੀ ਇਕ ਦੇਵੀ ਨੇ ਫ਼ਿਕਰਾ ਬੋਲਿਆ, “ਬੰਗਾਲਣ ਪੂਰੀ ਤਰ੍ਹਾਂ ਟਿਕਾ ਲਈ ਏ ਸਾਡੇ ਵੀਰ ਨੇ!” ਮੈਂ ਕੋਈ ਜਵਾਬ ਨਹੀਂ ਦਿੱਤਾ। ਦੋ ਕਾਰਨਾਂ ਕਰ ਕੇ: ਇਕ ਤਾਂ ਮੈਨੂੰ ਉਸ ਦੇਵੀ ਵੱਲੋਂ ਵਰਤੇ ਅਲਫ਼ਾਜ਼ ਬਹੁਤ ਕਰੂਡ ਜਾਪੇ; ਦੂਜਾ ਇਹ ਕਿ ਮੈਂ ਉਮਾ ਦੇ ਸ਼ਬਦਾਂ ਅੰਦਰਲੀ ਪੀੜ ਪੜ੍ਹ ਲਈ ਸੀ। ਮੈਨੂੰ ਅੰਦੇਸ਼ਾ ਹੋ ਗਿਆ ਸੀ ਕਿ ਉਮਾ ਪ੍ਰਤੀ ਮੇਰੇ ਆਕਰਸ਼ਣ ਦੀ ਪਰਿਭਾਸ਼ਾ ਤੇ ਨਕਸ਼ ਬਦਲਣ ਵਾਲੇ ਹਨ।
ਸ਼ਾਮ ਦੇ ਛੇ ਵੱਜਦਿਆਂ ਹੀ ਮੈਂ ਉਮਾ ਦੇ ਘਰ ਪਹੁੰਚ ਗਿਆ। ਉਸ ਨੇ ਮੈਨੂੰ ਕਿਚਨ ਵਿਚ ਹੀ ਆਉਣ ਦਾ ਇਸ਼ਾਰਾ ਕੀਤਾ। ਫਿਰ ਪੈਨ ਵਿਚ ਪਾਣੀ ਪਾਇਆ, ਚਾਹ ਪੱਤੀ ਤੇ ਚੀਨੀ ਵਾਲੇ ਡੱਬੇ ਵੀ ਸ਼ੈਲਫ਼ ‘ਤੇ ਰੱਖੇ ਪਰ ਗੈਸ ਨਹੀਂ ਜਲਾਇਆ। ਗੈਸ ਵੱਲ ਹੋਣ ਦੀ ਥਾਂ ਮੇਰਾ ਹੱਥ ਫੜ ਕੇ ਕਹਿਣ ਲੱਗੀ, “ਪ੍ਰੌਮਿਸ ਕਰੋ, ਮੁਝੇ ਕਸੂਰਵਾਰ ਨਹੀਂ ਠਹਿਰਾਉਗੇ।” ਮੈਂ ਉਸ ਦਾ ਹੱਥ ਘੁੱਟਿਆ, ਪ੍ਰੌਮਿਸ ਵਜੋਂ। ਉਹ ਕੁਝ ਪਲ ਖ਼ਾਮੋਸ਼ ਰਹੀ, ਫਿਰ ਮੇਰੇ ਸੀਨੇ ‘ਤੇ ਸਿਰ ਰੱਖ ਕੇ ਸਿਸਕਣ ਲੱਗੀ। ਮੈਨੂੰ ਇਹ ਵਿਹਾਰ ਅਜੀਬ ਜ਼ਰੂਰ ਲੱਗਿਆ ਪਰ ਉਸ ਨੂੰ ਦਿਲਾਸਾ ਦੇਣ ਲਈ ਆਪਣਾ ਹੱਥ ਉਸ ਦੇ ਸਿਰ ‘ਤੇ ਰੱਖ ਲਿਆ। ਤਿੰਨ ਚਾਰ ਮਿੰਟ ਸਿਸਕਣ ਮਗਰੋਂ ਉਸ ਨੇ ਦੱਸਿਆ ਕਿ ਉਸ ਨੂੰ ਬੱਚੇਦਾਨੀ ਦਾ ਕੈਂਸਰ ਹੈ, ਆਖ਼ਰੀ ਸਟੇਜ ‘ਤੇ। ਸ਼ੱਕ ਤਾਂ ਤਿੰਨ ਸਾਲ ਪਹਿਲਾਂ ਪੈ ਗਿਆ ਸੀ ਪਰ ਉਦੋਂ ਵੱਡੇ ਬੇਟੇ ਨੂੰ ਨਿਊਜ਼ੀਲੈਂਡ ਗਿਆਂ ਜ਼ਿਆਦਾ ਸਮਾਂ ਨਹੀਂ ਸੀ ਹੋਇਆ। ਉਹ ਨਹੀਂ ਸੀ ਚਾਹੁੰਦੀ ਕਿ ਬੱਚੇ ਦੇ ਕਰੀਅਰ ਵਿਚ ਵਿਘਨ ਪਵੇ। ਛੋਟਾ ਤਾਂ ਪਹਿਲਾਂ ਹੀ ਛੋਟੇ ਜਿਗਰੇ ਵਾਲਾ ਹੈ, ਉਸ ਨੂੰ ਭਿਣਕ ਵੀ ਨਹੀਂ ਪੈਣ ਦਿੱਤੀ ਗਈ। ਉਂਝ ਵੀ, ਉਹ ਉਦੋਂ ਇੰਜਨੀਅਰਿੰਗ ਵਿਚ ਦਾਖ਼ਲੇ ਦੀ ਤਿਆਰੀ ਕਰ ਰਿਹਾ ਸੀ। ਅਜਿਹੀਆਂ ਜ਼ਿੰਮੇਵਾਰੀਆਂ ਕਾਰਨ ਉਮਾ ਮਾਇਕ ਤੰਗੀ ਨਾਲ ਜੂਝ ਰਹੀ ਸੀ। ਲਿਹਾਜ਼ਾ, ਉਸ ਨੇ ਚੰਗੀ ਤਰ੍ਹਾਂ ਚੈੱਕਅਪ ਵੀ ਨਹੀਂ ਕਰਵਾਇਆ। ਚੈੱਕਅਪ ਉਦੋਂ ਕਰਵਾਇਆ ਜਦੋਂ ਸਰੀਰ ਜਵਾਬ ਦੇਣ ਲੱਗ ਪਿਆ।
ਮੈਂ ਬੁਰੀ ਖ਼ਬਰ ਸੁਣਨ ਲਈ ਪਹਿਲਾਂ ਹੀ ਤਿਆਰ ਸਾਂ ਪਰ ਆਖ਼ਰੀ ਸਟੇਜ ਵਾਲੀ ਗੱਲ ਕੁਝ ਜ਼ਿਆਦਾ ਹੀ ਬੁਰੀ ਸੀ। ਉਮਾ ਦਾ ਸਿਰ ਪਲੋਸਦਿਆਂ ਮੈਂ ਉਸ ਨੂੰ ਦਿੱਲੀ ਦੇ ‘ਏਮਸ` ਜਾਂ ਮੁੰਬਈ ਦੇ ਟਾਟਾ ਇੰਸਟੀਟਿਊਟ ਵਿਚ ਨਵੇਂ ਸਿਰਿਓਂ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ। ਸਰਦੀ-ਪੁੱਜਦੀ ਮਾਇਕ ਮਦਦ ਦੀ ਵੀ ਪੇਸ਼ਕਸ਼ ਕੀਤੀ ਪਰ ਉਹ ਨਾਂਹ ਵਿਚ ਜਵਾਬ ਦਿੰਦੀ ਰਹੀ, ਇਹ ਕਹਿੰਦਿਆਂ ਕਿ ‘ਏਮਸ` ਦੀ ਬਨਾਰਸ ਸ਼ਾਖ਼ਾ ਤੋਂ ਵੀ ਉਹ ਚੈੱਕਅਪ ਕਰਵਾ ਚੁੱਕੀ ਹੈ ਅਤੇ ਅਲਾਹਾਬਾਦ ਦੇ ਪ੍ਰਮੁੱਖ ਸਰਕਾਰੀ ਹਸਪਤਾਲ ਤੋਂ ਵੀ। ਉਸ ਦੀ ਕੀਮੋਥੈਰੇਪੀ ਚੱਲ ਰਹੀ ਹੈ ਪਰ ਡਾਕਟਰ ਬਹੁਤੇ ਆਸਵੰਦ ਨਹੀਂ।
ਇਸ ਮੌਕੇ ਮੇਰਾ ਫੋਨ ਵੱਜਣ ‘ਤੇ ਉਹ ਗੱਲ ਕਰਦਿਆਂ ਰੁਕ ਗਈ। ਮੈਂ ਫੋਨ ਜੇਬ੍ਹ ਵਿਚੋਂ ਕੱਢ ਕੇ ਬੰਦ ਕਰਨ ਲੱਗਾ ਤਾਂ ਉਸ ਨੇ ਇਸ਼ਾਰਾ ਕੀਤਾ ਕਿ ਮੈਂ ਪਹਿਲਾਂ ਸੁਣ ਲਵਾਂ। ਫੋਨ ਇਕ ਦੇਵੀ ਦਾ ਸੀ। ਮੈਂ ਸੁਣਨ ਦੀ ਥਾਂ ‘ਥੋੜ੍ਹੀ ਦੇਰ ਬਾਅਦ‘ ਦਾ ਸੁਨੇਹਾ ਭੇਜ ਦਿੱਤਾ। ਅਚਾਨਕ ਉਮਾ ਦਾ ਧਿਆਨ ਗੈਸ ਵੱਲ ਗਿਆ। “ਅਰੇ! ਮੈਨੇ ਤੋ ਯਿਹ ਜਲਾਇਆ ਹੀ ਨਹੀਂ।” ਉਹ ਝੱਟ ਚੁੱਲ੍ਹੇ ਵੱਲ ਹੋ ਗਈ। ਫਿਰ ਕੁਝ ਸਹਿਜ ਹੋ ਕੇ ਬੋਲੀ, “ਬਾਲੂਸ਼ਾਹੀ ਨਿਕਾਲੂੰ?” ਮੈਂ ਨਾਂਹ ‘ਚ ਸਿਰ ਹਿਲਾ ਦਿੱਤਾ। ਚਾਹ ਉਬਲਣੀ ਸ਼ੁਰੂ ਹੋ ਗਈ। ਅਸੀਂ ਆਪੋ-ਆਪਣੇ ਮੱਗ ਚੁੱਕ ਕੇ ਡਰਾਇੰਗ ਰੂਮ ਵਿਚ ਆ ਗਏ। ਸਾਡੇ ਦਰਮਿਆਨ ਖ਼ਾਮੋਸ਼ੀ ਪਸਰ ਗਈ। ਮੈਂ ਸ਼ਬਦਾਂ ਨਾਲ ਚੰਗਾ ਖੇਡ ਲੈਂਦਾ ਹਾਂ ਪਰ ਉਸ ਦਿਨ ਇਹ ਹੁਨਰ ਜਵਾਬ ਦੇ ਗਿਆ। ਮੇਰੀ ਖ਼ਾਮੋਸ਼ੀ ਦੇਖ ਕੇ ਉਮਾ ਬੋਲੀ: “ਦੇਖਾ, ਮੈਨੇ ਅਪਨਾ ਬੋਝ ਆਪ ਪਰ ਡਾਲ ਦੀਆ। ਮੈਂ ਤੋ ਸੁਰਖ਼ਰੂ ਹੋ ਗਈ ਔਰ ਆਪ ਉਦਾਸ। ਮੁਝੇ ਆਪ ਕੇ ਸਾਥ ਐਸਾ ਨਹੀਂ ਕਰਨਾ ਚਾਹੀਏ ਥਾ। ਪਤਾ ਨਹੀਂ ਕਯੂੰ ਕੀਆ। ਦੁਪਹਿਰ ਕੋ ਵਹਾਂ ਲਗਾ ਕਿ ਸਿਰਫ਼ ਆਪ ਕੋ ਹੀ ਬਤਾ ਸਕਤੀ ਹੂੰ। ਕਯੂੰ ਲਗਾ, ਯਿਹ ਭੀ ਨਹੀਂ ਪਤਾ!” ਮੈਨੂੰ ਕੋਈ ਗੱਲ ਨਹੀਂ ਅਹੁੜੀ। ਬਸ, ਉਸ ਦਾ ਹੱਥ ਆਪਣੇ ਹੱਥ ਵਿਚ ਲੈ ਕੇ ਸਹਿਲਾਉਂਦਾ ਰਿਹਾ। ਫਿਰ ਉਸ ਨੂੰ ਇਕ ਵਾਰ ਦਿੱਲੀ ਜਾਂ ਮੁੰਬਈ ਚੱਲਣ ਦੀ ਗੁਜ਼ਾਰਿਸ਼ ਕੀਤੀ। ਇਹ ਵੀ ਕਿਹਾ ਕਿ ਬਹੁਤੇ ਕੈਂਸਰਾਂ ਦੇ ਇਲਾਜ ਹੁਣ ਸੰਭਵ ਹਨ ਪਰ ਉਸ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ।
ਉਸੇ ਵੇਲੇ ਮੇਰਾ ਫੋਨ ਵੱਜਿਆ। ਇਹ ਪਹਿਲਾਂ ਵਾਲੀ ਦੇਵੀ ਦਾ ਸੀ। ਦਰਅਸਲ, ਮੈਂ ਦਸ਼ਵਮੇਧ ਘਾਟ ‘ਤੇ ਸ਼ਾਮ ਦੀ ਆਰਤੀ ਸਮੇਂ ਤਿੰਨਾਂ ਦੇਵੀਆਂ ਦਾ ਸਾਥ ਦੇਣ ਦਾ ਵਾਅਦਾ ਕੀਤਾ ਸੀ। ਮੇਰੀ ਗ਼ੈਰ-ਹਾਜ਼ਰੀ ਤੋਂ ਉਹ ਖ਼ਫ਼ਾ ਸਨ। ਦੇਵੀ ਦੀ ਆਵਾਜ਼ ਵਿਚਲੀ ਖਿਝ ਉਮਾ ਨੇ ਸੁਣ ਲਈ। ਮੈਨੂੰ ਇਸ਼ਾਰਾ ਕੀਤਾ ਕਿ ਮੈਂ ਜਾ ਸਕਦਾ ਹਾਂ। ਫਿਰ ਉਹ ਮੇਰੇ ਨਾਲ ਗਲੀ ਦੇ ਸਿਰੇ ਤਕ ਆਈ। ਉਥੇ ਮੇਰਾ ਹੱਥ ਆਪਣੇ ਹੱਥ ਵਿਚ ਘੁੱਟ ਕੇ ਬੋਲੀ, “ਕਭੀ ਕਭੀ ਫੋਨ ਕਰਤੇ ਰਹਿਨਾ, ਮੁਝੇ ਆਪ ਵਾਲੀ ਜ਼ਿੰਦਾਦਿਲੀ ਕੀ ਸਖ਼ਤ ਜ਼ਰੂਰਤ ਹੈ?” ਇਹ ਕਹਿੰਦਿਆਂ ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਉਸ ਦਾ ਸਿਰ ਦੋਵਾਂ ਹੱਥਾਂ ਵਿਚ ਲੈ ਕੇ ਉਸ ਦਾ ਮੱਥਾ ਚੁੰਮਿਆ ਤੇ ਤੇਜ਼ੀ ਨਾਲ ਮੁੜ ਗਿਆ। ਮੈਂ ਨਹੀਂ ਸੀ ਚਾਹੁੰਦਾ ਕਿ ਉਹ ਮੇਰੇ ਹੰਝੂ ਦੇਖੇ।
—-
ਉਹ ਰਾਤ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਉਦਾਸ ਰਾਤਾਂ ਵਿਚੋਂ ਇਕ ਸੀ। ਮੈਂ ਦੇਰ ਤਕ ਆਪਣੀਆਂ ਸੋਚਾਂ ਨਾਲ ਘੁਲਦਾ ਰਿਹਾ। ਮਨ ਨੂੰ ਸਮਝਾਉਂਦਾ ਰਿਹਾ ਕਿ ਉਹ ਮੇਰੀ ਲੱਗਦੀ ਕੀ ਹੈ ਕਿ ਮੈਂ ਉਸ ਖ਼ਾਤਰ ਏਨਾ ਪਰੇਸ਼ਾਨ ਹਾਂ। ਇਹ ਪਹੇਲੀ ਵੀ ਸੁਲਝਾਉਣ ਦਾ ਯਤਨ ਕਰਦਾ ਰਿਹਾ ਕਿ ਮਹਿਜ਼ ਚਾਰ-ਪੰਜ ਮੁਲਾਕਾਤਾਂ ਦੇ ਆਧਾਰ ‘ਤੇ ਮੈਂ ਇਸ ਯਕੀਨ ਦਾ ਪਾਤਰ ਕਿਉਂ ਬਣ ਗਿਆ ਕਿ ਜੋ ਰਾਜ਼ ਉਸ ਨੇ ਆਪਣੇ ਬੱਚਿਆਂ ਤੋਂ ਛੁਪਾਇਆ ਹੋਇਆ ਹੈ, ਉਹ ਮੇਰੇ ਨਾਲ ਸਾਂਝਾ ਕਰ ਲਿਆ। ਇਸ ਸਾਰੀ ਕਸ਼ਮਕਸ਼ ਦੌਰਾਨ ਏਨਾ ਥੱਕ ਗਿਆ ਕਿ ਕੁਰਸੀ ‘ਤੇ ਹੀ ਨੀਂਦ ਆ ਗਈ। ਜਦੋਂ ਅਗਲੀ ਸਵੇਰ ਜਹਾਜ਼ ਵਿਚ ਬੈਠਿਆ ਤਾਂ ਡੇਢ ਕੁ ਘੰਟੇ ਦੀ ਉਡਾਨ ਦੌਰਾਨ ਵੀ ਉਮਾ ਬਾਰੇ ਹੀ ਸੋਚਦਾ ਰਿਹਾ।
ਚੰਡੀਗੜ੍ਹ ਪੁੱਜਣ ਮਗਰੋਂ ਰਾਤ ਨੌਂ ਵਜੇ ਮੈਂ ਉਮਾ ਨੂੰ ਫੋਨ ਕੀਤਾ। ਮੈਨੂੰ ਪਤਾ ਸੀ ਕਿ ਉਹ ਛੇਤੀ ਸੌਣ ਦੀ ਆਦੀ ਹੈ ਅਤੇ ਰਾਤ ਨੌਂ ਵਜੇ ਬੈੱਡ ‘ਤੇ ਪੁੱਜ ਜਾਂਦੀ ਹੈ। ਸਾਡੀ ਗੱਲਬਾਤ ਪੰਝੀ ਕੁ ਮਿੰਟ ਚੱਲੀ। ਅਗਲੀ ਰਾਤ ਵੀ ਸਾਡੀ ਫੋਨ-ਵਾਰਤਾ ਹੋਈ। ਤੀਜੇ ਦਿਨ ਮੈਨੂੰ ਰੋਜ਼ ਗੱਲਬਾਤ ਕਰਨੀ ਬਚਕਾਨਾ ਜਾਪੀ। ਸੋ, ਫੋਨ ਨਹੀਂ ਕੀਤਾ। ਦਸ ਮਿੰਟ ਬਾਅਦ ਉਸ ਦਾ ਫੋਨ ਆ ਗਿਆ, ਸਵਾਲਾਂ ਦੀ ਝੜੀ ਨਾਲ: “ਕਿਆ ਹੋ ਗਯਾ? ਠੀਕ ਤੋ ਹੋ? ਫੋਨ ਕਯੂੰ ਨਹੀਂ ਕੀਆ?” ਬਸ, ਉਸ ਤੋਂ ਬਾਅਦ ਮੈਂ ਹਰ ਰੋਜ਼ ਰਾਤ ਨੌਂ ਵਜੇ ਉਸ ਨੂੰ ਫੋਨ ਕਰਨ ਲੱਗਾ। ਮੈਨੂੰ ਇਹ ਜਾਇਜ਼ ਵੀ ਲੱਗਿਆ ਕਿ ਜੇਕਰ ਮੇਰਾ ਫੋਨ ਉਸ ਨੂੰ ਸਕੂਨ ਦਿੰਦਾ ਹੈ ਤਾਂ ਇਹ ਸਿਲਸਿਲਾ ਟੁੱਟਣਾ ਨਹੀਂ ਚਾਹੀਦਾ। ਫੋਨ ‘ਤੇ ਉਸ ਦਾ ਹਾਲ ਪੁੱਛਦਾ ਹਾਲਾਂਕਿ ਇਹ ਪੁੱਛਦਿਆਂ ਝਿਜਕ ਵੀ ਹੁੰਦੀ ਸੀ: ਕਤਰਾ ਕਤਰਾ ਮਰ ਰਹੀ ਤੋਂ ਉਸ ਦਾ ਹਾਲ ਪੁੱਛਣਾ ਮੈਨੂੰ ਖ਼ੁਦ ਨੂੰ ਤਕਲੀਫ਼ਦੇਹ ਜਾਪਦਾ ਸੀ। ਉਸ ਦੇ ਦਿਨ ਦੇ ਰੁਝੇਵਿਆਂ ਬਾਰੇ ਪੁੱਛਦਾ ਤੇ ਆਪਣਿਆਂ ਬਾਰੇ ਦੱਸਦਾ। ਹੋਰ ਗੱਲਾਂ ਵੀ ਕੀ ਹੋ ਸਕਦੀਆਂ ਸਨ। ਮੈਨੂੰ ਆਭਾਸ ਹੋ ਗਿਆ ਸੀ ਕਿ ਨੀਂਦ ਦੀ ਗੋਲੀ ਤੋਂ ਬਿਨਾਂ ਉਹ ਸੌਂ ਨਹੀਂ ਸਕਦੀ ਸੀ। ਇਸੇ ਲਈ ਜਦੋਂ ਉਸ ਦੀ ਆਵਾਜ਼ ਵਿਚ ਲੋਰ ਉਭਰਨਾ ਸ਼ੁਰੂ ਹੁੰਦਾ, ਮੈਂ ਉਸ ਨੂੰ ਫੋਨ ਬੰਦ ਕਰਨ ਲਈ ਕਹਿੰਦਾ; ਆਪ ਅਜਿਹਾ ਬਿਲਕੁਲ ਨਹੀਂ ਸੀ ਕਰਦਾ। ਇਹ ਪ੍ਰਭਾਵ ਮੈਂ ਬਿਲਕੁਲ ਨਹੀਂ ਸੀ ਦੇਣਾ ਚਾਹੁੰਦਾ ਕਿ ਮੇਰੇ ਕੋਲ ਉਸ ਲਈ ਸਮਾਂ ਨਹੀਂ। ਇਹ ਸਿਲਸਿਲਾ ਤਿੰਨ ਮਹੀਨੇ ਚੌਵੀ ਦਿਨ ਚੱਲਿਆ। ਉਹ ਹਮੇਸ਼ਾ ਖ਼ੁਸ਼ਮਿਜ਼ਾਜੀ ਦਰਸਾਉਣ ਦਾ ਯਤਨ ਕਰਦੀ ਪਰ ਮੈਂ ਉਸ ਦੇ ਸੁਰਾਂ ਵਿਚੋਂ ਉਸ ਦੀ ਅਸਲ ਅਵਸਥਾ ਸਮਝਣੀ ਸਿੱਖਦਾ ਗਿਆ। ਦੋ ਮਹੀਨੇ ਬਾਅਦ ਉਸ ਨੇ ਦੱਸਿਆ ਕਿ ਉਸ ਨੇ ਬੇਟਿਆਂ ਨੂੰ ਆਪਣੀ ਹਾਲਤ ਬਾਰੇ ਦੱਸ ਦਿੱਤਾ ਹੈ। ਨੌਕਰੀ ਵੀ ਛੱਡ ਦਿੱਤੀ ਹੈ। ਛੋਟਾ ਬੇਟਾ ਤਾਂ ਉਸ ਦੀ ਡਿੱਗਦੀ ਸਿਹਤ ਤੋਂ ਪਹਿਲਾਂ ਹੀ ਫ਼ਿਕਰਮੰਦ ਸੀ। ਵੱਡਾ ਫ਼ੌਰੀ ਵਾਪਸ ਆਉਣਾ ਚਾਹੁੰਦਾ ਸੀ ਪਰ ਉਸ ਨੇ ਬੇਟੇ ਨੂੰ ਰੋਕ ਦਿੱਤਾ, ਇਹ ਕਹਿ ਕੇ ਕਿ ਪੀ।ਆਰ। ਦੇ ਕਾਗਜ਼ਾਤ ਮਿਲਣ ਤੋਂ ਬਾਅਦ ਹੀ ਆਵੇ, ਉਹ ਏਨੀ ਛੇਤੀ ਮਰਨ ਵਾਲੀ ਨਹੀਂ। ਉਹ ਇਸ ਗੱਲੋਂ ਖ਼ੁਸ਼ ਸੀ ਕਿ ਛੋਟੇ ਬੇਟੇ ਨੇ ਉਸ ਦੀ ਸੋਚ ਤੋਂ ਉਲਟ ਬੜਾ ਹੌਸਲਾ ਦਿਖਾਇਆ ਹੈ। ਉਸ ਦੀ ਗਰਲਫ੍ਰੈਂਡ ਜਿਸ ਨਾਲ ਇਹ ਬੇਟਾ ਸ਼ਾਮ ਵੇਲੇ ਫੋਨ ‘ਤੇ ਮਸਰੂਫ਼ ਰਿਹਾ ਕਰਦਾ ਸੀ, ਵੀ ਬਾਕਾਇਦਾ ਹਰ ਸ਼ਾਮ ਦੋ ਘੰਟੇ ਉਮਾ ਨਾਲ ਬਿਤਾਉਂਦੀ ਸੀ। ਇਸੇ ਸਿਲਸਿਲੇ ਦੌਰਾਨ ਉਮਾ ਨੂੰ ਦੋ ਵਾਰ ਹਸਪਤਾਲ ਵੀ ਦਾਖਲ ਹੋਣਾ ਪਿਆ: ਇਕ ਵਾਰ 48 ਘੰਟਿਆਂ ਲਈ, ਦੂਜੀ ਵਾਰ 72 ਘੰਟਿਆਂ ਲਈ। ਉਹ ਮੈਸੇਜ ਕਰ ਕੇ ਮੈਨੂੰ ਦੱਸ ਦਿੰਦੀ, ਇਸ ਤਾਕੀਦ ਨਾਲ ਕਿ ਫੋਨ ਜ਼ਰੂਰ ਕਰਨਾ ਹੈ, ਚਾਹੇ ਚਾਰ-ਪੰਜ ਮਿੰਟਾਂ ਲਈ। ਮੈਂ ਦੋ ਕੁ ਵਾਰ ਉਸ ਨੂੰ ਕਿਹਾ ਕਿ ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ ਪਰ ਉਸ ਨੇ ਸਖ਼ਤੀ ਨਾਲ ਵਰਜ ਦਿੱਤਾ, ਇਹ ਕਹਿੰਦਿਆਂ ਕਿ “ਏਕ ਬਾਰ ਇਕੱਠੇ ਹੀ ਆਨਾ।”
ਚੌਥੇ ਮਹੀਨੇ ਦੇ 25ਵੇਂ ਦਿਨ ਫੋਨ ਦੀ ਰਿੰਗ ਜਾਂਦੀ ਰਹੀ ਪਰ ਕਿਸੇ ਨੇ ਚੁੱਕਿਆ ਨਹੀਂ। ਉਸ ਤੋਂ ਅਗਲੀ ਸਵੇਰ ਮੈਂ ਨੌਂ ਵਜੇ ਫੋਨ ਕੀਤਾ, ਰਿੰਗ ਜਾਂਦੀ ਰਹੀ, ਵੱਜ-ਵੱਜ ਕੇ ਬੰਦ ਹੋ ਗਈ। ਉਸ ਰਾਤ ਵੀ ਫੋਨ ਬੰਦ ਮਿਲਿਆ। ਅਗਲੀ ਸਵੇਰ ਵੀ ਜਦੋਂ ਬੰਦ ਮਿਲਿਆ ਤਾਂ ਮੈਂ ਬਨਾਰਸ ਜਾਣ ਦਾ ਮਨ ਬਣਾ ਲਿਆ। ਜਹਾਜ਼ ਦੀ ਟਿਕਟ ਅਗਲੇ ਦਿਨ ਦੀ ਮਿਲੀ। ਉਸ ਦਿਨ ਸਵੇਰ ਵੇਲੇ ਉਮਾ ਦੇ ਗੁਜ਼ਰਨ ਦਾ ਸੁਨੇਹਾ ਆ ਗਿਆ, ਉਸ ਦੇ ਹੀ ਫੋਨ ਤੋਂ। ਸਸਕਾਰ ਸ਼ਾਮ ਪੰਜ ਵਜੇ ਸੀ। ਹਵਾਈ ਅੱਡੇ ‘ਤੇ ਬੈਗ ਚੈੱਕ-ਇਨ ਕਰਨ ਮਗਰੋਂ ਫਲਾਈਟ ਦੀ ਉਡੀਕ ਵਿਚ ਬੈਠਾ ਹੋਇਆ ਸਾਂ ਤਾਂ ਮਨ ਵਿਚ ਉਭਰਿਆ ਕਿ ਮੈਂ ਇਹ ਸਭ ਕੁਝ ਕਿਉਂ ਕਰ ਰਿਹਾ ਹਾਂ। ਮੇਰਾ ਜੋ ਵੀ ਨਾਤਾ ਸੀ, ਉਹ ਉਮਾ ਤਕ ਸੀਮਤ ਸੀ। ਬਾਕੀਆਂ ਨਾਲ ਮੈਨੂੰ ਕੀ? ਪਰ ਅਗਲੇ ਹੀ ਪਲ ਮੈਨੂੰ ਆਪਣੀ ਸੋਚ ਗ਼ਲਤ ਲੱਗੀ। ਮੈਨੂੰ ਜਾਪਿਆ ਕਿ ਸਾਰੀਆਂ ਆਖ਼ਰੀ ਰਸਮਾਂ ਤਕ ਉਮਾ ਮੇਰੀ ਹਾਜ਼ਰੀ ਦੀ ਹੱਕਦਾਰ ਹੈ।
ਫਲਾਈਟ ਤਿੰਨ ਵਜੇ ਬਨਾਰਸ ਪੁੱਜੀ। ਕਮਰਾ ਮੈਂ ਪੁਰਾਣੇ ਵਾਲੇ ਹੋਟਲ ‘ਚ ਪਹਿਲਾਂ ਹੀ ਬੁੱਕ ਕਰਵਾ ਲਿਆ ਸੀ। ਬੈਗ ਉਥੇ ਰੱਖਣ ਮਗਰੋਂ ਉਮਾ ਦੇ ਘਰ ਪਹੁੰਚ ਗਿਆ। ਅਰਥੀ ਤਿਆਰ ਕੀਤੀ ਜਾ ਰਹੀ ਸੀ। ਉਮਾ ਦਾ ਵੱਡਾ ਬੇਟਾ ਉਥੇ ਮੌਜੂਦ ਸੀ। ਕਦੇ ਨਾ ਮਿਲਿਆ ਹੋਣ ਦੇ ਬਾਵਜੂਦ ਉਹ ਮੈਨੂੰ ਪਛਾਣ ਗਿਆ। ਉਹ ਹੈਰਾਨ ਸੀ ਕਿ ਮੈਂ ਚੰਡੀਗੜ੍ਹ ਏਨੀ ਛੇਤੀ ਕਿਵੇਂ ਪੁੱਜ ਗਿਆ। ਇਹੋ ਹੈਰਾਨੀ ਪੂਰੇ ਬੰਗਾਲੀ ਟੋਲੇ ਨੂੰ ਵੀ ਸੀ। ਮੈਂ ਸਪਸ਼ਟੀਕਰਨ ਦੇਣ ਦਾ ਅਮਲ ਸੰਸਕਾਰ ਤੋਂ ਬਾਅਦ ਤਕ ਟਾਲ ਗਿਆ। ਵੱਡੇ ਬੇਟੇ ਨੇ ਪੁੱਛਿਆ ਕਿ ਮੈਂ ਉਮਾ ਦਾ ਚਿਹਰਾ ਦੇਖਣਾ ਚਾਹੁੰਦਾ ਹਾਂ ਜਾਂ ਨਹੀਂ। ਮੈਂ ਨਾਂਹ ਕਰ ਦਿੱਤੀ। ਮਰੀ ਹੋਈ ਉਮਾ ਨੂੰ ਦੇਖਣ ਦਾ ਸਾਹਸ ਮੇਰੇ ਅੰਦਰ ਪੈਦਾ ਨਹੀਂ ਹੋ ਸਕਿਆ।
ਸਸਕਾਰ ਤੋਂ ਬਾਅਦ ਘਰ ਆਉਣ ‘ਤੇ ਹੱਥ-ਮੂੰਹ ਧੋ ਕੇ ਮੈਂ ਚਾਹ ਪੀਤੀ। ਫਿਰ ਦੋਵਾਂ ਬੱਚਿਆਂ ਕੋਲ ਖਾਮੋਸ਼ ਬੈਠਾ ਰਿਹਾ। ਰਾਤ ਨੌਂ ਕੁ ਵਜੇ ਹੋਟਲ ਵੱਲ ਜਾਣ ਲੱਗਾ ਤਾਂ ਵੱਡੇ ਬੇਟੇ ਨੇ ਸਵਾਲ ਕੀਤਾ, “ਅੰਕਲ, ਆਪ ਇਤਨੀ ਜਲਦ ਕੈਸੇ ਆ ਗਏ?” ਮੈਂ ਰੋਜ਼ ਦੀਆਂ ਫੋਨ ਵਾਰਤਾਵਾਂ ਦਾ ਜ਼ਿਕਰ ਕਰਨਾ ਮੁਨਾਸਿਬ ਨਹੀਂ ਸਮਝਿਆ, ਇਸ ਲਈ ਝੂਠ ਬੋਲ ਦਿੱਤਾ, “ਇਕ ਅਕਾਦਮਿਕ ਕੰਮ ਲਈ ਇਥੇ ਆਉਣਾ ਸੀ। ਫਲਾਈਟ ਵੀ ਬੁੱਕ ਸੀ ਕਿ ਸਵੇਰੇ ਤੁਹਾਡਾ ਸੁਨੇਹਾ ਮਿਲ ਗਿਆ।” ਫਿਰ ਏਨਾ ਕੁ ਦੱਸਿਆ ਕਿ ਗਾਹੇ-ਬਗਾਹੇ ਉਮਾ ਨਾਲ ਗੱਲ ਹੋ ਜਾਂਦੀ ਸੀ। ਉਸ ਦੀ ਨਾਮੁਰਾਦ ਬਿਮਾਰੀ ਬਾਰੇ ਮੈਨੂੰ ਪਤਾ ਸੀ, ਇਸੇ ਲਈ ਸੋਚਿਆ ਸੀ ਕਿ ਆਪਣਾ ਕੰਮ ਕਰਨ ਤੋਂ ਇਲਾਵਾ ਉਮਾ ਦਾ ਪਤਾ ਵੀ ਲੈ ਸਕਾਂਗਾ। ਉਹ ਕੁਝ ਪਲ ਖ਼ਾਮੋਸ਼ ਰਿਹਾ, ਫਿਰ ਪੁੱਛਣ ਲੱਗਾ, “ਆਪ ਤੋ ਕਲ੍ਹ ਵਾਪਸ ਚਲੇ ਜਾਉਗੇ?” ਮੈਂ ਜਵਾਬ ਦਿੱਤਾ, “ਉਠਾਲੇ ਤਕ ਯਹਾਂ ਰੁਕੂੰਗਾ।” ਮੇਰਾ ਜਵਾਬ ਸੁਣ ਕੇ ਉਸ ਦੇ ਮੱਥੇ ‘ਤੇ ਸ਼ਿਕਨ ਉੱਭਰ ਆਏ। ਮੈਂ ਵੀ ਇਨ੍ਹਾਂ ਸ਼ਿਕਨਾਂ ਦੇ ਅਰਥ ਬੁਝ ਲਏ।
—-
ਬੰਗਾਲੀ ਟੋਲੇ ਵਿਚ ਘੁਰ-ਘੁਰ ਸਸਕਾਰ ਵੇਲੇ ਮੇਰੀ ਹਾਜ਼ਰੀ ਤੋਂ ਹੀ ਸ਼ੁਰੂ ਹੋ ਗਈ ਸੀ। ਅਗਲੀ ਸਵੇਰ ਜਦੋਂ ਮੈਂ ਸਫ਼ੇਦ ਕੁੜਤੇ ਪਜਾਮੇ ਵਿਚ ਉਮਾ ਦੇ ਘਰ ਪੁੱਜਾ ਤਾਂ ਘੁਰ-ਘੁਰ ਵਧ ਗਈ। ਉਨ੍ਹਾਂ ਵਿਚੋਂ ਇਕ ਸੱਜਣ ਤੋਂ ਰਿਹਾ ਨਾ ਗਿਆ। ਉਹ ਮੇਰੇ ਕੋਲ ਆ ਬੈਠਾ। ਇਕ-ਦੋ ਰਸਮੀ ਗੱਲਾਂ ਕਰਨ ਮਗਰੋਂ ਪੁੱਛਣ ਲੱਗਾ, “ਉਮਾ ਆਪ ਕੀ ਦੋਸਤ ਥੀ?” “ਨਹੀਂ, ਬੇਟੀ ਥੀ।” ਇਹ ਜਵਾਬ ਸੱਚ ਨਹੀਂ ਸੀ ਪਰ ਉਮਾ ਦੇ ਬੇਟੇ ਦੇ ਮੱਥੇ `ਤੇ ਉਭਰੇ ਸ਼ਿਕਨਾਂ ਨੂੰ ਦੇਖ ਕੇ ਮੈਂ ਰਾਤ ਵੇਲੇ ਹੀ ਸੋਚ ਲਿਆ ਸੀ। ਉਂਝ ਵੀ ਮੈਂ ਨਹੀਂ ਸੀ ਚਾਹੁੰਦਾ ਕਿ ਉਮਾ ਤੇ ਮੇਰੀ ਸਾਂਝ ਜਿਸ ਤਰਜ਼ ਦੀ ਵੀ ਉਹ ਸੀ, ਨੂੰ ਲੈ ਕੇ ਕੋਈ ਮਰੀ ਹੋਈ ਉਮਾ ਦੀ ਖੇਹ ਉਡਾਵੇ।
ਬਹਰਹਾਲ, ਮੇਰਾ ਜਵਾਬ ਬੜਾ ਅਸਰਦਾਰ ਸਾਬਤ ਹੋਇਆ। ਬੰਗਾਲੀ ਟੋਲੇ ਦੇ ਸੁਰ ਬਦਲ ਗਏ। ਉਨ੍ਹਾਂ ਦੇ ਵਿਹਾਰ ਚੋਂ ਵਿਰੋਧ ਗ਼ਾਇਬ ਹੋ ਗਿਆ। ਰੁਖ਼ ਬਦਲਿਆ ਦੇਖ ਕੇ ਉਮਾ ਦੇ ਬੇਟਿਆਂ ਦਾ ਸਾਹਸ ਵੀ ਵਧ ਗਿਆ। ਉਨ੍ਹਾਂ ਨੇ ਚਾਰ ਦਿਨ ਸਾਰੀਆਂ ਰਹੁ-ਰੀਤਾਂ ਵਿਚ ਮੈਨੂੰ ਆਪਣੇ ਮਾਮੇ ਦੇ ਨਾਲ ਬਿਠਾਇਆ। ਉਠਾਲਾ ਪੰਜਵੇਂ ਦਿਨ ਸੀ।
ਉਠਾਲੇ ਦੀਆਂ ਰਸਮਾਂ ਖ਼ਤਮ ਹੋਣ ਮਗਰੋਂ ਮੈਂ ਕੁਝ ਸਮਾਂ ਉਮਾ ਦੇ ਬੇਟਿਆਂ ਤੇ ਸਾਕ-ਸਬੰਧੀਆਂ ਨਾਲ ਬੈਠਾ ਰਿਹਾ, ਬਿਨਾਂ ਬਹੁਤਾ ਬੋਲਿਆਂ। ਇਕ-ਦੋ ਨੇ ਮੈਨੂੰ ਮੇਰੇ ਪੇਸ਼ੇ ਜਾਂ ਚੰਡੀਗੜ੍ਹ ਬਾਰੇ ਸਵਾਲ ਕੀਤੇ। ਮੇਰੇ ਜਵਾਬ ਮੁਖ਼ਤਸਰ ਰਹੇ। ਜਦੋਂ ਸ਼ਾਮ ਦੇ ਚਾਰ ਵੱਜੇ ਤਾਂ ਮੈਂ ਉਮਾ ਦੇ ਬੇਟਿਆਂ ਨੂੰ ਇਸ਼ਾਰਾ ਕੀਤਾ ਕਿ ਮੈਂ ਹੁਣ ਚੱਲਦਾ ਹਾਂ। ਵੱਡਾ ਬੇਟਾ ਮੇਰੇ ਕੋਲ ਆਇਆ, ਮੇਰੇ ਹੱਥ ਆਪਣੇ ਹੱਥਾਂ ਵਿਚ ਲੈ ਕੇ ‘ਥੈਂਕ ਯੂ ਅੰਕਲ` ਕਿਹਾ ਤੇ ਫਿਰ ਫਿੱਸ ਪਿਆ। ਉਹ ਦੋ-ਢਾਈ ਮਿੰਟ ਮੇਰੇ ਮੋਢੇ `ਤੇ ਸਿਰ ਰੱਖ ਕੇ ਹੰਝੂ ਵਹਾਉਂਦਾ ਰਿਹਾ। ਫਿਰ ਅਚਾਨਕ ਉਸ ਨੂੰ ਕੁਝ ਯਾਦ ਆਇਆ। ਰਸੋਈ ਵਿਚ ਜਾ ਕੇ ਸਫ਼ੇਦ ਕੱਪੜੇ ਵਿਚ ਲਿਪਟਿਆ ਸਟੀਲ ਦਾ ਗੋਲ ਡੱਬਾ ਲਿਆਇਆ ਤੇ ਮੇਰੇ ਹੱਥਾਂ ਵਿਚ ਸੌਂਪ ਦਿੱਤਾ। ਇਸ ਤੋਂ ਪਹਿਲਾਂ ਕਿ ਮੈਂ ਕੋਈ ਸਵਾਲ ਕਰਦਾ, ਉਹ ਬੋਲਿਆ, “ਬੇਸਨ ਔਰ ਮਾਵੇ ਕੀ ਪਿੰਨੀਆਂ ਹੈਂ। ਮੌਮ ਨੇ ਮੌਤ ਸੇ ਹਫ਼ਤਾ ਪਹਿਲੇ ਹਮਾਰੇ ਲੀਏ ਭੀ ਬਨਾਈ ਥੀ ਔਰ ਆਪ ਕੇ ਲੀਏ ਭੀ। ਉਨ ਕੋ ਯਕੀਨ ਥਾ ਆਪ ਉਨਹੇਂ ਅਲਵਿਦਾ ਕਹਿਨੇ ਜ਼ਰੂਰ ਆਉਗੇ।” ਇਹ ਸੁਣ ਕੇ ਮੈਂ ਖ਼ੁਦ ਨੂੰ ਜਜ਼ਬਾਤੀ ਹੋਣ ਤੋਂ ਨਾ ਰੋਕ ਸਕਿਆ। ਦਰਅਸਲ, ਫੋਨ `ਤੇ ਹੁੰਦੀਆਂ ਗੱਲਾਂ ਦੌਰਾਨ ਇਕ ਵਾਰ ਮੈਂ ਉਮਾ ਨੂੰ ਦੱਸਿਆ ਕਿ ਮੇਰੀ ਹਮਸਫ਼ਰ ਮੇਰੇ ਲਈ ਵੇਸਣ ਦੀਆਂ ਪਿੰਨੀਆਂ ਖ਼ਤਮ ਨਹੀਂ ਸੀ ਹੋਣ ਦਿੰਦੀ ਜਿਸ ਕਾਰਨ ਸਵੇਰ ਦੀ ਚਾਹ ਨਾਲ ਪਿੰਨੀ ਖਾਣੀ ਮੇਰੀ ਆਦਤ ਬਣ ਗਈ ਸੀ। ਉਮਾ ਇਹ ਗੱਲ ਭੁੱਲੀ ਨਹੀਂ ਸੀ।
ਬਨਾਰਸ ਤੋਂ ਆਇਆਂ ਚਾਰ ਦਿਨ ਹੋ ਗਏ ਹਨ। ਪਿੰਨੀਆਂ ਵਾਲਾ ਡੱਬਾ ਮੈਂ ਅਜੇ ਤਕ ਨਹੀਂ ਖੋਲਿ੍ਹਆ। ਮੈਨੂੰ ਯਕੀਨ ਹੈ ਕਿ ਜਦੋਂ ਇਹ ਖੋਲ੍ਹਾਂਗਾ ਤਾਂ ਸ਼ਰਾਰਤੀ ਮੁਸਕਾਨ ਵਾਲਾ ਉਮਾ ਦਾ ਚਿਹਰਾ ਅਵੱਸ਼ ਨਜ਼ਰ ਆਏਗਾ। ਦੇਖਣਾ ਵੀ ਮੈਂ ਇਹੋ ਚਿਹਰਾ ਚਾਹੁੰਦਾ ਹਾਂ।