1984 ਦੀਆਂ ਪੀੜਤ ਕੌਰਾਂ ਦੀ ਦਰਦ ਕਹਾਣੀ

ਮਨਮੋਹਨ
ਫੋਨ: +91-82839-48811
ਜੰਮੂ ਕਸ਼ਮੀਰ ਤੋਂ ਮਨੁੱਖੀ ਅਧਿਕਾਰਾਂ ਦੇ ਉਘੇ ਵਕੀਲ ਸਨਮ ਸੁਤੀਰਥ ਵਜ਼ੀਰ ਨੇ 1984 ਵਿਚ ਸਿੱਖਾਂ ਦੇ ਕਤਲੇਆਮ ਬਾਰੇ ਖੋਜ ਭਰਪੂਰ ਕਿਤਾਬਾਂ ਲਿਖੀਆਂ ਹਨ। ਇਸ ਵਿਸ਼ੇ ਬਾਰੇ ਉਨ੍ਹਾਂ ਦੀ ਚੌਥੀ ਅਤੇ ਨਵੀਂ ਕਿਤਾਬ ‘ਦਿ ਕੌਰਜ਼ ਆਫ 1984’ ਬਾਰੇ ਚਰਚਾ ਇਸ ਲੇਖ ਵਿਚ ਕੀਤੀ ਗਈ ਹੈ।

ਚਾਲੀ ਸਾਲ ਬੀਤ ਜਾਣ `ਤੇ ਵੀ ਸੰਨ ਚੁਰਾਸੀ `ਚ ਹੋਏ ਅਪਰੇਸ਼ਨ ਬਲਿਊ ਸਟਾਰ ਅਤੇ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਿੱਖ ਵਿਰੋਧੀ ਹਿੰਸਾ `ਚ ਸਿੱਖ ਔਰਤਾਂ ਨਾਲ ਵਾਪਰੀਆਂ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਦਾ ਬਿਰਤਾਂਤ ਸਨਮ ਸੁਤੀਰਥ ਵਜ਼ੀਰ ਨੇ ਸਾਲ ਦੋ ਹਜ਼ਾਰ ਚੌਵੀ ਵਿਚ ਪ੍ਰਕਾਸ਼ਿਤ ਹੋਈ ਆਪਣੀ ਚੌਥੀ ਪੁਸਤਕ ‘ਦਿ ਕੌਰਜ਼ ਆਫ 1984` ਵਿਚ ਪੇਸ਼ ਕੀਤਾ ਹੈ। ਇਹ ਖੋਜ ਕਾਰਜ ਉਸ ਨੂੰ ਐਮਨੈਸਟੀ ਇੰਟਰਨੈਸ਼ਲ ਨੇ ਸਾਲ 2014 ਵਿਚ ਦਿੱਤਾ ਸੀ।
ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸਨਮ ਮਨੁੱਖੀ ਅਧਿਕਾਰਾਂ ਦਾ ਪ੍ਰਤੀਬੱਧ ਵਕੀਲ ਹੈ। ਵੱਡੇ ਪੱਧਰ `ਤੇ ਹੋਈਆਂ ਹਿੰਸਕ ਘਟਨਾਵਾਂ ਅਤੇ ਅਣਇਤਿਹਾਸਕ ਬੇਇਨਸਾਫ਼ੀਆਂ ਦੇ ਮੌਖਿਕ ਇਤਿਹਾਸ ਦੁਆਰਾ ਦਸਤਾਵੇਜ਼ੀਕਰਨ ਨਾਲ ਉਸ ਦਾ ਨਾਂ ਬੜੇ ਡੂੰਘੇ ਢੰਗ ਨਾਲ ਜੁੜਿਆ ਹੋਇਆ ਹੈ। ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੇ ਹੱਕ `ਚ ਨਿਆਂ ਦਾ ਪੱਖ ਪੂਰ ਕੇ ਉਹ ਪੂਰੀ ਦੁਨੀਆ `ਚ ਲੱਖਾਂ ਲੋਕਾਂ ਦੀ ਹਮਾਇਤ ਪੈਦਾ ਕਰਨ ਵਿਚ ਸਫ਼ਲ ਹੋਇਆ ਹੈ। ਹੁਣ ਤੱਕ ਉਸ ਦੀਆਂ ਤਿੰਨ ਕਿਤਾਬਾਂ ‘ਐਨ ਇਰਾ ਆਫ ਇਨਜਸਟਿਸ ਫਾਰ ਦਿ 1984 ਸਿੱਖ ਮੈਸੇਕਰ’, ‘ਦਿ 1984 ਸਿੱਖ ਮੈਸੇਕਰ ਐਜ਼ ਵਿਟਨੈੱਸਡ ਬਾਈ ਏ 15 ਯੀਅਰ ਓਲਡ`, ‘ਇ ਕੰਟੀਨਿਊਇੰਗ ਇਨਜਸਟਿਸ ਆਫ ਦਿ 1984 ਸਿੱਖ ਮੈਸੇਕਰ’ ਐਮਨੈਸਟੀ ਇੰਟਰਨੈਸ਼ਨਲ ਨੇ ਛਾਪੀਆਂ।
ਇਸ ਬਿਰਤਾਂਤ ਦੇ ਦੋ ਪ੍ਰਸੰਗ ਬਣਦੇ ਹਨ। ਪਹਿਲਾ, ਸਾਕਾ ਨੀਲਾ ਤਾਰਾ ਦੌਰਾਨ ਸਿੱਖ ਔਰਤਾਂ ਵੱਲੋਂ ਆਪਣੇ ਤਨਾਂ ਮਨਾਂ ਉਤੇ ਭੋਗਿਆ ਹਿੰਸਾ ਦਾ ਸੰਤਾਪ ਅਤੇ ਦੂਜਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿੱਖ ਅੰਗ-ਰੱਖਿਅਕਾਂ ਵੱਲੋਂ ਕਤਲ ਕਰ ਦੇਣ ਮਗਰੋਂ ਦਿੱਲੀ ਤੇ ਉਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ `ਚ ਸਿੱਖਾਂ ਦਾ ਵੱਡੇ ਪੱਧਰ `ਤੇ ਹੋਇਆ ਕਤਲੇਆਮ। ਪਿਛਲੇ ਸਮਿਆਂ ਵਿਚ ਹੋਈਆਂ ਖੋਜਾਂ ਅਤੇ ਤਫ਼ਤੀਸ਼ਾਂ ਵਿਚ ਇਸ ਹਿੰਸਾ ਲਈ ਵਰਤੇ ਜਾਂਦੇ ਸ਼ਬਦ ‘ਸਿੱਖ-ਹਿੰਦੂ ਦੰਗੇ` ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਕਿਉਂਕਿ ਦੰਗਿਆਂ `ਚ ਦੋਵੇਂ ਧਿਰਾਂ ਬਰਾਬਰ ਦੀਆਂ ਹੁੰਦੀਆਂ ਹਨ ਅਤੇ ਬਹੁਤੀ ਵਾਰ ਇਨ੍ਹਾਂ `ਚ ਬਾਹਰੀ ਸੱਤਾ ਦੀ ਦਖ਼ਲਅੰਦਾਜ਼ੀ ਨਹੀਂ ਹੁੰਦੀ। ਦਿੱਲੀ ਅਤੇ ਹੋਰ ਥਾਈਂ ਵਾਪਰੀ ਸਿੱਖ ਵਿਰੋਧੀ ਹਿੰਸਾ ਵਾਸਤੇ ਸ਼ਬਦ ਨਰਸੰਹਾਰ (ੰਅਸਸਅਚਰੲ), ਨਸਲਕੁਸ਼ੀ (ਘੲਨੋਚਦਿੲ) ਤੇ ਮਿੱਥ ਕੇ ਕੀਤਾ ਕਤਲੇਆਮ (ਫੋਗਰੋਮ) ਦੀ ਵਰਤੋਂ ਨੂੰ ਸਹੀ ਠਹਿਰਾਇਆ ਗਿਆ ਹੈ। ਸਨਮ ਨੇ ਸਾਰੇ ਬਿਰਤਾਂਤ `ਚ ਸਿੱਖਾਂ ਉਪਰ ਹੋਈ ਹਿੰਸਾ ਲਈ ਸ਼ਬਦ ਨਰਸੰਹਾਰ (ੰਅਸਸਅਚਰੲ) ਦੀ ਵਰਤੋਂ ਕੀਤੀ ਹੈ।
ਪਹਿਲੇ ਭਾਗ ‘ਸਾਕਾ ਨੀਲਾ ਤਾਰਾ – ਅਪਰੇਸ਼ਨ ਬਲਿਊ ਸਟਾਰ` ਵਿਚ ਸਨਮ ਨੇ ਰਾਜਬੀਰ ਕੌਰ ਪਤਨੀ ਜਸਬੀਰ ਸਿੰਘ (ਜੋ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਹਮਾਇਤੀ ਸੀ) ਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹਿਲੀ ਜੂਨ ਤੋਂ ਲੈ ਕੇ ਛੇ ਜੂਨ ਤੱਕ ਤਨ, ਮਨ ਅਤੇ ਜ਼ਿਹਨ ਉਤੇ ਝੱਲੀ ਹਿੰਸਾ ਦਾ ਵਰਣਨ ਹੈ। ਦੂਜਾ ਵਰਣਨ ਕੁਲਬੀਰ ਕੌਰ ਦਾ ਹੈ ਜੋ ਅਖੰਡ ਕੀਰਤਨੀ ਜਥੇ ਦੀ ਜਥੇਬੰਦੀ ਅਕਾਲ ਫੈਡਰੇਸ਼ਨ ਨਾਲ ਜੁੜੇ ਕੰਵਰ ਸਿੰਘ ਧਾਮੀ ਦੀ ਰਿਸ਼ਤੇਦਾਰ ਹੈ। ਉਸ ਨੇ ਸਨਮ ਨੂੰ ਸਾਕੇ ਦਾ ਅੱਖੀਂ ਡਿੱਠਾ ਹਾਲ ਬਿਆਨਿਆ। ਤੀਜਾ ਵਰਣਨ ਜਸਮੀਤ ਕੌਰ ਦਾ ਹੈ। ਉਸ ਦਾ ਪਿਤਾ ਪੰਜਾਬ ਪੁਲਿਸ `ਚ ਸੀ.ਆਈ.ਡੀ. ਦਾ ਇੰਸਪੈਕਟਰ ਹੈ। ਉਹ ਸਿੱਖੀ ਸੰਘਰਸ਼ ਦੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਧਰਮ ਯੁੱਧ ਮੋਰਚੇ `ਚ ਹਿੱਸਾ ਲੈਂਦੀ ਹੈ। ਚੌਥਾ ਵਰਣਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਭਾਈ ਅਮਰੀਕ ਸਿੰਘ ਦੀ ਧੀ ਹਰਮੀਤ ਕੌਰ ਦਾ ਹੈ ਜੋ ਅਪਰੇਸ਼ਨ ਬਲਿਊ ਸਟਾਰ ਵੇਲੇ ਆਪਣੀ ਮਾਂ ਸਤਵੰਤ ਕੌਰ ਨਾਲ ਸ੍ਰੀ ਹਰਿਮੰਦਰ ਸਾਹਿਬ `ਚ ਹਾਜ਼ਰ ਸੀ। ਪੰਜਵਾਂ ਵਰਣਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਕੱਤਰ ਰਛਪਾਲ ਸਿੰਘ ਦੀ ਪਤਨੀ ਪ੍ਰੀਤਮ ਕੌਰ ਵੱਲੋਂ ਹੰਢਾਈ ਹਿੰਸਾ ਦਾ ਹੈ ਜਿਸ ਵਿਚ ਉਸ ਦਾ ਕੁੱਛੜ ਚੁੱਕਿਆ ਬੇਟਾ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਛੇਵਾਂ ਵਰਣਨ ਬੀਬੀ ਕਿਰਨਜੋਤ ਕੌਰ ਦਾ ਹੈ ਜੋ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਰਾਜਿੰਦਰ ਕੌਰ ਦੀ ਧੀ ਅਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ। ਇਨ੍ਹਾਂ ਸਾਰੇ ਅੱਖੀ ਡਿੱਠੇ ਅਤੇ ਤਨਾਂ ਮਨਾਂ `ਤੇ ਭੋਗੇ ਹੋਏ ਵਰਣਨਾਂ ਨੂੰ ਪੜ੍ਹਦਿਆਂ ਕਈ ਵਾਰ ਇੰਝ ਲਗਦਾ ਹੈ ਕਿ ਇਸ ਬਿਰਤਾਂਤ `ਚ ਸਨਮ ਦੀ ਅਪਰੇਸ਼ਨ ਬਲਿਊ ਸਟਾਰ ਬਾਰੇ ਹੁਣ ਤੱਕ ਕੀਤੀ ਵਿਸਤ੍ਰਿਤ ਖੋਜ ਅਤੇ ਅਧਿਐਨ ਤੋਂ ਬਾਅਦ ਇਕੱਤਰ ਹੋਈ ਸਮੱਗਰੀ ਅਤੇ ਉਸ ਵਿਚੋਂ ਉਭਰੇ ਤੱਥਾਂ ਤੇ ਤੱਤਾਂ ਦਾ ਪ੍ਰਭਾਵ ਜ਼ਿਆਦਾ ਭਾਰੂ ਰੂਪ `ਚ ਝਲਕਦਾ ਦਿਸਦਾ ਹੈ।
ਇਸ ਬਿਰਤਾਂਤ ਦਾ ਦੂਜਾ ਹਿੱਸਾ ਸੰਨ ਚੁਰਾਸੀ ਦੀ ਇਕੱਤੀ ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਤੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਹੋਦ ਚਿੱਲੜ `ਚ ਕਈ ਸਿੱਖ ਔਰਤਾਂ ਜਿਵੇਂ ਦਿੱਲੀ ਦੀ ਤ੍ਰਿਲੋਕਪੁਰੀ ਦੀ ਦਰਸ਼ਨ ਕੌਰ, ਸੁਲਤਾਨਪੁਰੀ ਦੀ ਸਤਵੰਤ ਕੌਰ, ਰਾਜ ਨਗਰ ਦੀ ਨਿਰਪ੍ਰੀਤ ਕੌਰ ਤੇ ਮੁਖਰਜੀ ਨਗਰ ਦੀ ਨਿਰਮਲ ਕੌਰ ਦੇ ਪਰਿਵਾਰਾਂ ਨਾਲ ਵਾਪਰੀਆਂ ਹਿੰਸਾ, ਬਲਾਤਕਾਰ, ਲੁੱਟਮਾਰ ਤੇ ਅੱਗਜ਼ਨੀ ਦੀਆਂ ਘਟਨਾਵਾਂ ਦਾ ਹਿਰਦੇਵੇਧਕ ਵਰਣਨ ਹੈ। ਇਸ ਦੇ ਨਾਲ-ਨਾਲ ਦਿੱਲੀ ਦੀ ਹਿੰਸਾ ਮਗਰੋਂ ਹੋਂਦ `ਚ ਆਈ ਤਿਲਕ ਨਗਰ ਦੀ ਵਿਧਵਾ ਕਾਲੋਨੀ ਵਿਚ ਰਹਿੰਦੀਆਂ ਕਈ ਸਿੱਖ ਔਰਤਾਂ ਨਾਲ ਕੀਤੀਆਂ ਮੁਲਾਕਾਤਾਂ `ਚ ਬਿਆਨ ਕੀਤੇ ਮਾਰਮਿਕ ਵਰਣਨਾਂ ਨੂੰ ਸਨਮ ਨੇ ਇਸ ਬਿਰਤਾਂਤ ਦਾ ਆਧਾਰ ਬਣਾਇਆ ਹੈ।
ਸਿੱਖ ਵਿਰੋਧੀ ਹਿੰਸਾ ਅਤੇ ਸਿਤਮ ਦੀਆਂ ਸਤਾਈਆਂ ਕੁਝ ਪੜ੍ਹੀਆਂ ਲਿਖੀਆਂ ਔਰਤਾਂ ਆਪਣੀਆਂ ਵਲੂੰਧਰੀਆਂ ਭਾਵਨਾਵਾਂ ਵੱਸ ਸਿੱਖ ਗਰਮਖ਼ਿਆਲੀ ਲਹਿਰ ਦਾ ਵੀ ਹਿੱਸਾ ਬਣ ਗਈਆਂ। ਉਨ੍ਹਾਂ ਵਿਚੋਂ ਪਹਿਲੀ ਤਾਂ ਨਿਰਪ੍ਰੀਤ ਕੌਰ ਹੈ ਜੋ ਕੇ.ਸੀ.ਐੱਫ. ਵਿਚ ਸ਼ਾਮਿਲ ਹੋ ਕੇ ਜਨਰਲ ਵੈਦਿਆ ਨੂੰ ਮਾਰਨ ਵਾਲੇ ਹਰਜਿੰਦਰ ਸਿੰਘ ਜਿੰਦਾ ਨਾਲ ਜਾ ਰਲੀ। ਉਸ ਨੇ ਖਾੜਕੂ ਰੌਸ਼ਨ ਲਾਲ ਬੈਰਾਗੀ ਨਾਲ ਵਿਆਹ ਵੀ ਕਰਵਾਇਆ। ਨਿਰਪ੍ਰੀਤ ਕੌਰ ਦਾ ਸੰਤਾਪ ਦੂਹਰਾ ਸੀ। ਉਸ ਦਾ ਪਰਿਵਾਰ ਸੰਨ ਸੰਤਾਲੀ `ਚ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫ਼ਰਾਬਾਦ ਤੋਂ ਉਜੜ ਕੇ ਆਇਆ ਸੀ ਤੇ ਸੰਨ ਚੁਰਾਸੀ `ਚ ਉਸ ਦੇ ਪਿਤਾ ਨੂੰ ਉਸ ਦੀਆਂ ਅੱਖਾਂ ਮੂਹਰੇ ਜ਼ਿੰਦਾ ਜਲਾ ਦਿੱਤਾ ਗਿਆ। ਸਨਮ ਨੇ ਨਿਰਪ੍ਰੀਤ ਕੌਰ ਦੇ ਹਾਲਾਤ ਦੇ ਬਿਰਤਾਂਤ ਦਾ ਬੜਾ ਮਾਕੂਲ ਸਿਰਲੇਖ ‘ਕਲਮਾਂ ਤੋਂ ਬੰਦੂਕਾਂ’ (ਾਂਰੋਮ ਫੲਨਸ ਟੋ ਘੁਨਸ) ਦਿੱਤਾ ਹੈ। ਦੂਜਾ ਵਰਣਨ ਬੀ.ਟੀ.ਕੇ.ਐੱਫ. ਦੇ ਸਤਨਾਮ ਸਿੰਘ ਛੀਨਾ ਦੀ ਪਤਨੀ ਜਸਮੀਤ ਕੌਰ ਦਾ ਹੈ ਜਿਸ ਨੇ ਆਪਣੀ ਸਾਥਣ ਉਪਕਾਰ ਕੌਰ ਦੀ ਪ੍ਰੇਰਨਾ ਨਾਲ ਗ਼ਰਮਖਿਆਲੀ ਲਹਿਰ ਦਾ ਹਿੱਸਾ ਬਣ ਕੇ ਬਜ਼ਾਤੇ ਖ਼ੁਦ ਖਾੜਕੂ ਕਾਰਵਾਈਆਂ `ਚ ਹਿੱਸਾ ਲਿਆ। ਤੀਜਾ ਵਰਣਨ ਕੁਲਬੀਰ ਕੌਰ ਦਾ ਹੈ ਜੋ ਗ਼ਰਮਖ਼ਿਆਲੀ ਕੰਵਰ ਸਿੰਘ ਧਾਮੀ ਦੀ ਰਿਸ਼ਤੇਦਾਰ ਸੀ। ਉਹ ਦੋਵੇਂ ਤਿੰਨ ਵਾਰ ਰਾਵੀ ਪਾਰ ਕਰ ਪਾਕਿਸਤਾਨ ਗਏ ਅਤੇ ਆਖ਼ਰੀ ਵਾਰ ਕੇ.ਸੀ.ਐੱਫ. ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੂੰ ਵੀ ਸਰਹੱਦੋਂ ਪਾਰ ਲੈ ਕੇ ਗਏ। ਕੇ.ਐੱਲ.ਐਫ. ਦੇ ਅਨਾਰ ਸਿੰਘ ਪਾਰਾ ਦੀ ਪਤਨੀ ਹਰਜੀਤ ਕੌਰ ਵੀ ਕਈ ਮਜਬੂਰੀਆਂ ਵੱਸ ਖਾੜਕੂਆਂ ਦੀ ਮਦਦ ਕਰਦੀ ਸੀ। ਬੀ.ਕੇ.ਆਈ. ਦੇ ਮੁਖੀ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਮਹਿਲ ਸਿੰਘ ਬੱਬਰ ਦੀ ਪਤਨੀ ਗੁਰਮੀਤ ਕੌਰ ਅਤੇ ਰੇਸ਼ਮ ਸਿੰਘ ਬੱਬਰ ਦੀ ਪਤਨੀ ਕੁਲਜੀਤ ਕੌਰ ਨਾਲ ਵਾਪਰੀਆਂ ਪੁਲਿਸ ਜ਼ਿਆਦਤੀਆਂ ਦਾ ਵਰਣਨ ਵੀ ਧਿਆਨ ਖਿੱਚਦਾ ਹੈ।
ਦਿੱਲੀ ਦੀ ਵਿਧਵਾ ਕਾਲੋਨੀ `ਚ ਰਹਿਣ ਵਾਲੀਆਂ ਵਿਧਵਾਵਾਂ ਵਿਚੋਂ ਸਭ ਤੋਂ ਵੱਧ ਸਿਤਮ ਅਤੇ ਯਾਤਨਾਵਾਂ ਸਹਿਣ ਦਾ ਵਰਣਨ ਦਰਸ਼ਨ ਕੌਰ ਦਾ ਹੈ। ਉਸ `ਤੇ ਸੱਤਾਧਾਰੀ ਧਿਰ ਅਤੇ ਉਸ ਦੀ ਸ਼ਹਿ ਉਤੇ ਵੱਡੇ ਸਿੱਖ ਮੋਹਤਬਰਾਂ ਨੇ ਦਬਾਅ ਪਾਇਆ ਅਤੇ ਪੈਸਿਆਂ ਦਾ ਲਾਲਚ ਵੀ ਦਿੱਤਾ ਕਿ ਉਹ ਸਿੱਖ ਵਿਰੋਧੀ ਹਿੰਸਾ ਦੇ ਵੱਡੇ ਦੋਸ਼ੀਆਂ ਵਿਰੁੱਧ ਦਿੱਤੇ ਗਏ ਬਿਆਨ ਤੋਂ ਮੁੱਕਰ ਜਾਵੇ ਪਰ ਦਰਸ਼ਨ ਕੌਰ ਦੀ ਬਹਾਦਰੀ ਸੀ ਕਿ ਉਹ ਸਭ ਔਕੜਾਂ ਝੱਲਦੀ ਹੋਈ ਆਪਣੇ ਪੈਂਤੜੇ ਉਤੇ ਦ੍ਰਿੜਤਾ ਨਾਲ ਖੜ੍ਹੀ ਰਹੀ। ਸਤਵੰਤ ਕੌਰ ਨੂੰ ਕਦੇ ਹਿੰਦੀ ਗਾਣਾ ‘ਆਜ ਫਿਰ ਜੀਨੇ ਕੀ ਤਮੰਨਾ ਹੈ` ਬੜਾ ਚੰਗਾ ਲੱਗਦਾ ਹੁੰਦਾ ਸੀ। ਉਹ ਅੱਜ ਆਪਣੀ ਵਿਧਵਾ ਭੈਣ ਸੰਗ ਰਹਿੰਦਿਆਂ ਲੋਕਾਂ ਦੇ ਘਰਾਂ `ਚ ਦਾਈ ਦਾ ਕੰਮ ਕਰਦੀ ਹੈ। ਵਿਧਵਾ ਜੋਗਿੰਦਰ ਕੌਰ ਮੁਲਾਕਾਤ ਵਿਚ ਕਹਿੰਦੀ ਹੈ ਕਿ ਹਰ ਸਾਲ ਨਵੰਬਰ ਦਾ ਮਹੀਨਾ ਲੋਕਾਂ ਲਈ ਤਿਉਹਾਰਾਂ ਦਾ ਮਹੀਨਾ ਹੁੰਦਾ ਹੈ ਪਰ ਪਿਛਲੇ ਚਾਲੀ ਸਾਲ ਤੋਂ ਇਹ ਹਰ ਵਾਰ ਉਨ੍ਹਾਂ ਲਈ ਮਾਤਮ ਦੀਆਂ ਸਿਮਰਤੀਆਂ ਲੈ ਕੇ ਆਉਂਦਾ ਹੈ। ਇਸ ਤੋਂ ਇਲਾਵਾ ਵੀਹ ਕੁ ਹੋਰ ਵਿਧਵਾਵਾਂ ਦੇ ਬਿਆਨ ਇਹ ਦੱਸਦੇ ਹਨ ਕਿ ਕਿਵੇਂ ਦਿੱਲੀ ਦੀਆਂ ਵੱਖ-ਵੱਖ ਥਾਵਾਂ `ਤੇ ਉਨ੍ਹਾਂ ਦੇ ਪਤੀਆਂ, ਭਰਾਵਾਂ, ਪੁੱਤਰਾਂ ਧੀਆਂ ਨੂੰ ਹਿੰਸਾ, ਕੁੱਟ-ਮਾਰ, ਲੁੱਟਮਾਰ ਤੇ ਬਲਾਤਕਾਰਾਂ ਦਾ ਸ਼ਿਕਾਰ ਬਣਾਇਆ ਗਿਆ। ਥੋੜ੍ਹੇ ਬਹੁਤੇ ਵੇਰਵਿਆਂ ਜਾਂ ਥਾਵਾਂ ਅਤੇ ਘਟਨਾਵਾਂ ਦੇ ਫ਼ਰਕ ਨਾਲ ਹਰ ਕਿਸੇ ਨਾਲ ਜੋ ਵਾਪਰਿਆ ਇੱਕੋ ਜਿਹਾ ਸੀ। ਸਾਰੇ ਪੀੜਤਾਂ ਦੇ ਦੁੱਖ ਦਰਦ ਅਤੇ ਪੀੜਾ ਯਾਤਨਾਵਾਂ ਦੇ ਅਹਿਸਾਸਾਂ ਦੇ ਪ੍ਰਗਟਾਵੇ ਦੀ ਭਾਸ਼ਾ ਲਗਪਗ ਉਹੀ ਹੈ ਜਿਸ ਦੇ ਮਰਮ ਨੂੰ ਸਨਮ ਨੇ ਆਪਣੇ ਬਿਰਤਾਂਤ `ਚ ਉਸਾਰਨ ਦੀ ਕੋਸ਼ਿਸ਼ ਕੀਤੀ ਹੈ।
ਸਨਮ ਨੇ ਇਹ ਬਿਰਤਾਂਤ ਸਿਰਜਣ ਲਈ ਆਰ.ਟੀ.ਆਈ. ਨੂੰ ਅਧਿਕਾਰੀਆਂ ਤੋਂ ਸੂਚਨਾਵਾਂ ਲੈਣ ਲਈ ਸੰਦ ਵਜੋਂ ਵਰਤਿਆ। ਉਸ ਨੇ ਆਪਣੀ ਖੋਜ ਸਮੱਗਰੀ ਲਈ ਦੋ ਜੁਡੀਸ਼ੀਅਲ ਕਮਿਸ਼ਨਾਂ ਅਤੇ ਨੌਂ ਤਫ਼ਤੀਸ਼ੀ ਕਮੇਟੀਆਂ ਦੀਆਂ ਰਿਪੋਰਟਾਂ ਨੂੰ ਆਧਾਰ ਬਣਾਉਣ ਤੋਂ ਇਲਾਵਾ ਪੰਜਾਬ ਸੰਕਟ ਅਤੇ ਸਿੱਖ ਖਾੜਕੂਵਾਦੀ ਲਹਿਰ ਨਾਲ ਸਬੰਧਿਤ ਕਿਤਾਬੀ ਅਤੇ ਮੌਖਿਕ ਸਾਹਿਤ ਨੂੰ ਚੰਗੀ ਤਰ੍ਹਾਂ ਘੋਖਿਆ ਪ੍ਰਤੀਤ ਹੁੰਦਾ ਹੈ। ਸਨਮ ਨੇ ਬਿਰਤਾਂਤ ਉਸਾਰਨ ਲਈ ਮੌਖਿਕ ਇਤਿਹਾਸਕਾਰੀ ਵਾਲੀ ਵਿਧੀ ਅਪਣਾਈ ਹੈ। ਇਸ ਵਿਧੀ ਨਾਲ ਉਸ ਨੇ ਇਸ ਨੂੰ ਹੋਰ ਵਿਸ਼ਵਾਸਯੋਗ ਬਣਾਉਣ ਲਈ ਇਤਿਹਾਸ ਦੀਆਂ ਗੁੰਝਲਦਾਰ ਪਰਤਾਂ ਨੂੰ ਫਰੋਲਿਆ ਹੈ। ਉਸ ਦੀ ਨੀਝ `ਚ ਵਿਸ਼ੇਸ਼ ਨੁਕਤਾ-ਨਿਗਾਹ ਵਿਆਪਤ ਦਿਸਦਾ ਹੈ ਜਿਸ ਨੂੰ ਅਮਰੀਕਾ ਦਾ ਨਵ-ਮਾਰਕਸਵਾਦੀ ਚਿੰਤਕ ਤੇ ਦਾਰਸ਼ਨਿਕ ਫਰੈਡਰਿਕ ਜੇਮਸਨ ਆਪਣੀ ਕਿਤਾਬ ਦਿ ਪੁਲੀਟੀਕਲ ਅਨਕਾਂਸ਼ੀਅਸ: ਨੈਰੇਟਿਵ ਐਜ਼ ਸੋਸ਼ਲੀ ਸਿੰਬੌਲੋਕ ਐਕਟ (ਠਹੲ ਫੋਲਟਿਚਿਅਲ ੁਨਚੋਨਸਚiੋੁਸ: ਂਅਰਰਅਟਵਿੲ ਅਸ Sੋਚiਅਲਲੇ Sੇਮਬੋਲਚਿ ੳਚਟ) ਵਿਚ ‘ਸਿਆਸੀ ਅਵਚੇਤਨ` ਕਹਿੰਦਾ ਹੈ।
ਇਸ ਬਿਰਤਾਂਤ ਨੂੰ ਸਿਰਜਦਿਆਂ ਕਈ ਗਲਪੀ ਜੁਗਤਾਂ ਅਤੇ ਸਮਾਨਤਾਵਾਂ ਘੜੀਆਂ ਹਨ ਜਿਵੇਂ ਉਹ ਸੰਤਾਲੀ `ਚ ਔਰਤਾਂ `ਤੇ ਹੋਏ ਅੱਤਿਆਚਾਰਾਂ ਤੇ ਉਧਾiਲ਼ਆਂ ਅਤੇ ਦਿੱਲੀ `ਚ ਸਿੱਖ ਵਿਰੋਧੀ ਹਿੰਸਾ `ਚ ਔਰਤਾਂ ਨਾਲ ਹੋਏ ਬਲਾਤਕਾਰਾਂ `ਚ ਸਮਾਨਤਾ ਦੇਖਦਾ ਹੈ। ਦੂਜੀ ਸਮਾਨਤਾ ਉਹ ਸਰਬੀਆ ਦੀ ਫ਼ੌਜ ਵੱਲੋਂ ਸਰਬੀਆਨਿਕਾ ਸ਼ਹਿਰ `ਤੇ ਤਿੰਨ ਸਾਲਾਂ ਦੇ ਕਬਜ਼ੇ ਦੌਰਾਨ ਬੋਸਨਿਆਈ ਮੁਸਲਮਾਨਾਂ `ਤੇ ਹੋਈ ਹਿੰਸਾ ਅਤੇ ਜਬਰ ਦੀ ਹੈ ਜਿਸ `ਚ ਕੋਈ ਪੰਜਾਹ ਹਜ਼ਾਰ ਔਰਤਾਂ ਨਾਲ ਬਲਾਤਕਾਰ ਹੋਇਆ ਦੱਸਿਆ ਜਾਂਦਾ ਹੈ। ਸਨਮ ਪੰਜਾਬ ਸੰਕਟ ਦੇ ਕਾਲੇ ਦੌਰ ਦੀ ਸਮਾਨਤਾ ਅੱਜ ਦੇ ਕਸ਼ਮੀਰ ਦੇ ਹਾਲਾਤ ਨਾਲ ਵੀ ਕਰਦਾ ਹੈ।
ਕੁੱਲ ਮਿਲਾ ਕੇ ਇਸ ਕਿਤਾਬ ਦੇ ਬਿਰਤਾਂਤ ਦੇ ਆਰ-ਪਾਰ ਫੈਲਿਆ ਮੋਟਿਫ ਚੁਰਾਸੀ ਦੌਰਾਨ ਸਿੱਖ ਔਰਤਾਂ ਉਪਰ ਹੋਈ ਹਿੰਸਾ ਦੀ ਦਹਿਸ਼ਤ ਤੇ ਖ਼ੌਫ਼ ਦੇ ਨਾਲ ਨਾਲ ਨਿਆਂ ਨਾ ਮਿਲਣ ਕਾਰਨ ਹੋਈ ਬੇਇਨਸਾਫ਼ੀ ਨੂੰ ਮੁੜ ਪ੍ਰਸੰਗਿਕ ਕਰਨਾ ਅਤੇ ਇਸ ਲਈ ਸਮੇਂ ਦੀ ਸੱਤਾ ਦੇ ਬੇਰਹਿਮ ਅਤੇ ਬੇਹਿਸ ਵਤੀਰੇ ਨੂੰ ਸਾਹਮਣੇ ਲਿਆਉਣਾ ਹੈ ਤਾਂ ਕਿ ਹੁਣ ਤੱਕ ਨਿਆਂ ਮਿਲਣ `ਚ ਹੋਈ ਦੇਰੀ ਕਾਰਨ ਬੇਇਨਸਾਫ਼ੀ ਦਾ ਮੁੱਦਾ ਹੋਰ ਮਜ਼ਬੂਤ ਢੰਗ ਨਾਲ ਉਚੀ ਆਵਾਜ਼ `ਚ ਉਠਾਇਆ ਜਾ ਸਕੇ।