ਵਰਿਆਮ ਸਿੰਘ ਸੰਧੂ
ਫੋਨ: 647-535-1539
ਮੇਰੇ ਪਿਤਾ ਦੇ ਵੱਡੇ ਮਾਮੇ ਦਾ ਸਭ ਤੋਂ ਛੋਟਾ ਮੁੰਡਾ ‘ਜੀਤਾ ਅਤੇ ਉਹਦਾ ਜਮਾਤੀ ਸਦੀਕ ਸਕੂਲ ਪੜ੍ਹਦਿਆਂ ਹੀ ਕਵੀਸ਼ਰੀ ਕਰਿਆ ਕਰਦੇ ਸਨ। ਭਾਈ ਤਾਰੂ ਸਿੰਘ ਦੀ ਸ਼ਹੀਦੀ ਗਾਉਂਦਿਆਂ ਜਦੋਂ ਉਹ ਤਾਰੂ ਸਿੰਘ ਨੂੰ ਫੜ ਕੇ ਲੈ ਜਾ ਰਹੀਆਂ ਫ਼ੌਜਾਂ ਅਤੇ ਤਾਰੂ ਸਿੰਘ ਨੂੰ ਧੀਰਜ ਤੇ ਦਿਲਾਸਾ ਦਿੰਦੀ ਉਹਦੀ ਮਾਂ ਤੇ ਭੈਣ ਦਾ ਗਾਉਂਦਾ ਜ਼ਿਕਰ ਕਰਦੇ ਤਾਂ ਲੋਕਾਂ ਦੀਆਂ ਭੀੜਾਂ ਨੂੰ ਕੀਲ ਕੇ ਰੱਖ ਦਿੰਦੇ।
ਆਖਦੀ ਏ ਭੈਣ ਜ਼ਰਾ ਵੀਰ ਠਹਿਰ ਵੇ
ਸਾਡੇ ਉੱਤੇ ਪਾਪੀਆਂ ਕਮਾਇਆ ਕਹਿਰ ਵੇ।
ਬੰਨ੍ਹ ਤੁਰੇ ਤੈਨੂੰ ਮਾਰ ਕੇ ਜ਼ੰਜੀਰ ਵੇ।
ਵੇਖੀਂ ਕਿਤੇ ਚਿੱਤ ਨਾ ਡੁਲਾਈਂ ਵੀਰ ਵੇ।
ਵੈਰੀ ਭਾਵੇਂ ਕਰ ਦੇਣ ਚੂਰਾ ਚੂਰਾ ਵੇ।
ਤੱਕੜੀ ਸਿਦਕ ਦੀ ’ਤੇ ਤੁਲੀਂ ਪੂਰਾ ਵੇ।
ਵਾਸਤੇ ਧਰਮ, ਜਾਨ ਨੂੰ ਬਚਾਉਣਾ ਨਹੀਂ
ਦੁਨੀਆਂ ’ਤੇ ਬੱਚਾ ਦੂਜੀ ਵਾਰ ਆਉਣਾ ਨਹੀਂ।
ਇਹ ਮੇਰੀ ਸੋਹਣ ਸਿੰਘ ਸੀਤਲ ਨਾਲ ਪਹਿਲੀ ਜਾਣ-ਪਛਾਣ ਸੀ, ਉਹਦੀ ਕਵਿਤਾ ਰਾਹੀਂ। ਜੀਤੇ ਹੁਰਾਂ ਤੋਂ ਹੀ ਸੀਤਲ ਦੀ ਉਹ ਪੁਸਤਕ ‘ਸੀਤਲ ਕਿਰਣਾਂ’ ਲੈ ਕੇ ਪੜ੍ਹੀ, ਜਿਸ ਵਿਚੋਂ ਉਹ ਤਾਰੂ ਸਿੰਘ ਦਾ ਪ੍ਰਸੰਗ ਸੁਣਾਇਆ ਕਰਦੇ ਸਨ। ਤੇ ਫਿਰ ਉਸ ਦੀਆਂ ਹੋਰ ਢਾਡੀ ਵਾਰਾਂ ਪੜ੍ਹੀਆਂ, ਯਾਦ ਕੀਤੀਆਂ ਅਤੇ ਸਮਾਂ ਮਿਲਣ ’ਤੇ ਸਟੇਜ ਉੱਤੇ ਗਾਈਆਂ ਵੀ।
ਇਨ੍ਹਾਂ ਸਾਲਾਂ ਵਿਚ ਹੀ ਗਿਆਨੀ ਸੋਹਣ ਸਿੰਘ ਸੀਤਲ ਸਾਡੇ ਪਿੰਡ ਆਪਣੇ ਢਾਡੀ ਜਥੇ ਸਮੇਤ ਆਇਆ। ਸ਼ਾਇਦ ਕਾਂਗਰਸ ਦਾ ਜਲਸਾ ਸੀ। ਉਦੋਂ ਇੱਕ ਅੱਧਾ ਸਾਲ ਪਹਿਲਾਂ, ਉੱਨੀ ਸੌ ਪਚਵੰਜਾ ਵਿਚ ਅਕਾਲੀਆਂ ਨਾਲ ਉਸ ਦਾ ਤਣਾਉ ਬਣ ਗਿਆ ਸੀ ਤੇ ਉਨ੍ਹਾਂ ਨੇ ‘ਸਿੱਖ ਪੰਥ’ ਦੀਆਂ ਸਟੇਜਾਂ ’ਤੇ ਸੀਤਲ ਦਾ ਚੜ੍ਹਨਾ ਮਨ੍ਹਾ ਕੀਤਾ ਹੋਇਆ ਸੀ। ਸੀਤਲ ਆਏ ਦਾ ਪਿੰਡ ਵਿਚ ਢੋਲ ਵੱਜ ਗਿਆ ਸੀ ਅਤੇ ਲੋਕ ਪੱਠੇ-ਦੱਥੇ ਦਾ ਕੰਮ ਛੇਤੀ-ਛੇਤੀ ਮੁਕਾ ਕੇ ਜਲਸੇ ਵਾਲੀ ਥਾਂ ’ਤੇ ਉਲਰ ਆਏ ਸਨ। ਸਿਰ ’ਤੇ ਨੀਲੀ ਦਸਤਾਰ, ਲੰਮੀ ਫੱਬਦੀ ਐਚਕਨ, ਗਰੇ ਤੇ ਨੀਲੇ ਰੰਗ ਦੇ ਵਿਚ-ਵਿਚਾਲੀ ਭਾਹ ਮਾਰਦੀ, ਚੂੜੀਦਾਰ ਚਿੱਟਾ ਪਜਾਮਾ ਤੇ ਹੱਥ ਵਿਚ ਤਿੰਨ ਫੁੱਟੀ ਕਿਰਪਾਨ। ਦਾੜ੍ਹੀ ਲਗਪਗ ਚਿੱਟੀ ਹੋ ਚੁੱਕੀ ਸੀ ਪਰ ਚਿਹਰੇ ’ਤੇ ਗੋਰੇ ਰੰਗ ਵਿਚੋਂ ਫੁੱਟਦੀ ਲਾਲੀ ਦਾ ਆਪਣਾ ਹੀ ਤੇਜ ਸੀ। ਢੱਡਸਾਰੰਗੀ ਨੂੰ ਵੱਜਣੋਂ ਰੋਕਦੀ ਜਾਂ ਵੱਜਣ ਲਈ ਇਸ਼ਾਰਾ ਕਰਦੀ ਉੱਠਦੀ ਬਾਂਹ ਤੇ ਉਂਗਲੀ ਦਰਸ਼ਕਾਂ ਦੀਆਂ ਨਜ਼ਰਾਂ ਨੂੰ ਨਚਾ ਰਹੀ ਸੀ। ਉਹਦੇ ਬੋਲਾਂ ਦੀ ਸਿਆਣਪ ਅਤੇ ਸਦਾਕਤ ਨੇ ਬੈਠੇ ਹੋਏ ਹਜੂਮ ਨੂੰ ਮੰਤਰ-ਮੁਗਧ ਕਰ ਛੱਡਿਆ ਸੀ। ਮੈਨੂੰ ਅਜੇ ਤਕ ਉਸ ਦੇ ਬੋਲ ਯਾਦ ਨੇ:
ਭੁੱਲੀ ਦੁਨੀਆਂ ਐਵੇਂ ਕਲਜੁਗ ਕਲਜੁਗ ਕੂਕਦੀ,
ਮੈਨੂੰ ਸਤਜੁਗ ਆਉਂਦਾ ਦੀਹਦਾ ਵਿਚ ਜਹਾਨ ਦੇ
ਜਿਹੜਾ ਆਦਮ ਇੱਕ ਦਿਨ ਖੱਡਾਂ ਦੇ ਵਿਚ ਰਹਿੰਦਾ ਸੀ,
ਉਹਦੇ ਪੁੱਤਰ ਉਡਦੇ ਫਿਰਦੇ ਵਿਚ ਅਸਮਾਨ ਦੇ।
ਨਜ਼ਰਾਂ ਲੈਂਦੇ ਸੀ ਜੋ ਕਰਾਮਾਤ ਦੇ ਮਾਣ ‘ਤੇ ,
ਹੱਥ ਬੰਨ੍ਹ ਖਲੇ ਦੇਵਤੇ ਅੱਗੇ ਸਾਇੰਸਦਾਨ ਦੇ।
ਜਲਸਾ ਸੁਣ ਕੇ ਲੋਕ ਵਾਪਸ ਮੁੜ ਰਹੇ ਸਨ ਤਾਂ ਸੀਤਲ ਦੀਆਂ ਗੱਲਾਂ ਕਰਦੇ ਜਾ ਰਹੇ ਸਨ। ਘਰ-ਘਰ ਉਹਦੀਆਂ ਗੱਲਾਂ ਹੋ ਰਹੀਆਂ ਸਨ। ਉਹਦੇ ਭਰ ਜਵਾਨੀ ਦੇ ਦਿਨਾਂ ਨੂੰ ਯਾਦ ਕੀਤਾ ਜਾ ਰਿਹਾ ਸੀ ਜਦੋਂ ਲੋਕ ਸੀਤਲ ਦਾ ਨਾਂ ਸੁਣ ਕੇ ਵਹੀਰਾਂ ਘੱਤ ਕੇ ਉਸ ਨੂੰ ਸੁਣਨ ਜਾਇਆ ਕਰਦੇ ਸਨ। ਉਹ ਇਸੇ ਇਲਾਕੇ ਦਾ ਹੀ ਤਾਂ ਸੀ। ਤਹਿਸੀਲ ਕਸੂਰ ਦੇ ਪਿੰਡ ਕਾਦੀਵਿੰਡ ਦਾ ਜੰਮਪਲ। ਦੇਸ਼ ਦੀ ਵੰਡ ਪਿੱਛੋਂ ਮਾਲਵੇ ਵਿਚ ਜਾ ਵੱਸਣ ਕਰਕੇ ਸ਼ਾਇਦ ਉਸ ਦਾ ਪਹਿਲਾਂ ਜਿੰਨਾ ਫੇਰਾ-ਤੋਰਾ ਇਸ ਇਲਾਕੇ ਵਿਚ ਘਟ ਗਿਆ ਸੀ, ਪਰ ਹਰੇਕ ਕੋਲ ਉਸ ਬਾਰੇ ਕਰਨ ਵਾਲੀਆਂ ਢੇਰ ਗੱਲਾਂ ਸਨ, ਜਿਨ੍ਹਾਂ ਗੱਲਾਂ ਵਿਚ ਇਹ ਜ਼ਿਕਰ ਵੀ ਹੁੰਦਾ ਸੀ ਕਿ ਉਹਦੇ ਪ੍ਰਸੰਗ ਸੁਣ ਕੇ ਲੋਕਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਗਣ ਲੱਗ ਪੈਂਦੇ ਸਨ; ਉਨ੍ਹਾਂ ਦੇ ਰੌਂਗਟੇ ਖੜੇ ਹੋ ਜਾਂਦੇ ਸਨ, ਲਹੂ ਦੀ ਗਤੀ ਤੇ ਦਿਲਾਂ ਦੀ ਧੜਕਣ ਤੇਜ਼ ਹੋ ਜਾਂਦੀ ਸੀ। ਕਦੀ ਸੀਤਲ ਨੂੰ ਸੁਣਨ ਲਈ ਲੋਕਾਂ ਦੀਆਂ ਭੀੜਾਂ ਵੀਹ-ਵੀਹ ਕੋਹ ਤੋਂ ਚੱਲ ਕੇ ਉਮਡੀਆਂ ਆਉਂਦੀਆਂ ਸਨ ਤੇ ਸਰਸ਼ਾਰ ਹੋ ਕੇ ਵਾਪਸ ਮੁੜਦੀਆਂ, ਕਈ ਕਈ ਦਿਨ ਉਹਦੇ ਕਥਨ ਸਾਂਝੇ ਕਰਦੀਆਂ/ਦੁਹਰਾਉਂਦੀਆਂ ਸਨ। ਆਪਣੀ ਗੱਲ ਵਿਚ ਵਜ਼ਨ ਪਾਉਣ ਲਈ
‘ਆ! ਧਾ!’ ’ਤੇ ਗੱਲ ਮੁਕਾਉਣ ਲਈ ਵੀ ਅਗਲਾ ਕਹਿੰਦਾ ਸੀ, “ਜਿਵੇਂ ਸੀਤਲ ਨੇ ਆਖਿਆ ਸੀ।”
ਸਾਡੀ ਜ਼ਮੀਨ ਨਾਲ ਸਾਧਾ ਸਿੰਘ ਅਕਾਲੀ ਦੀ ਜ਼ਮੀਨ ਸੀ। ਉਹਦਾ ਪਿਤਾ ਕਰਮ ਸਿੰਘ ਵੀ ਕਦੀ ਢਾਡੀ ਰਿਹਾ ਸੀ। ਸਾਧਾ ਸਿੰਘ ਵੀ ਢਾਡੀਆਂ ਦਾ ਪ੍ਰਸ਼ੰਸਕ ਸੀ। ਉਹ ਸੀਤਲ ਹੁਰਾਂ ਦਾ ਵੀ ਡਾਢਾ ਪ੍ਰਸ਼ੰਸਕ ਸੀ। ਉਹਦੀ ਹਰੇਕ ਮਹੱਤਵਪੂਰਨ ਗੱਲ ਦਾ ਤੋੜਾ ਇਸ ਵਾਕ ’ਤੇ ਹੀ ਝੜਦਾ, “ਉਹ ਜਿਵੇਂ ਸੀਤਲ ਨੇ ਆਖਿਆ ਸੀ…।” ਇਹ ਉਹੋ ਸਾਧਾ ਸਿੰਘ ਸੀ ਜੋ ਮੇਰੀ ਕਹਾਣੀ, ‘ਮੈਂ ਹੁਣ ਠੀਕ ਠਾਕ ਹਾਂ’ ਵਿਚ ਪਾਤਰ ‘ਸਾਧਾ ਸੀਤਲ’ ਵਜੋਂ ਪੇਸ਼ ਹੋਇਆ ਹੈ। ਉਹਨੇ ਮੈਨੂੰ ਪਿੰਡ ਦੇ ਮੇਲਿਆਂ ’ਤੇ ਨਿਕਲਦੇ ਨਗਰ-ਜਲੂਸਾਂ ਵਿਚ ਕਿਸੇ ਨਾ ਕਿਸੇ ਪੜਾਅ ’ਤੇ ਗਾਉਂਦਿਆਂ ਸੁਣਿਆਂ ਹੋਇਆ ਸੀ। ਇਸ ਕਰ ਕੇ ਉਹ ਮੇਰਾ ਪ੍ਰਸੰLਸਕ ਵੀ ਸੀ। ਸਾਡੀ ਹੀ ਪੱਤੀ ਦਾ ਹੋਣ ਕਰਕੇ ਕਈ ਵਾਰ ਕਿਸੇ ਵਿਆਹ, ਛਵ੍ਹਾਰੇ ਜਾਂ ਹੋਰ ਘਰੇਲੂ ਜਿਹੇ ਇਕੱਠਾਂ ਵਿਚ ਵੀ ਉਹ ਮੈਨੂੰ ਹੁਲਾਰ ਕੇ ਕੋਈ ਕਵਿਤਾ ਸੁਣਾਉਣ ਦੀ ਫ਼ਰਮਾਇਸ਼ ਕਰ ਦਿੰਦਾ। ਨਾਵੀਂ-ਦਸਵੀਂ ਵਿਚ ਪੜ੍ਹਦਿਆਂ ਇਕ ਵਾਰ ਜੇਠ ਦੇ ਮੇਲੇ ’ਤੇ ਰਾਤ ਦੇ ਦੀਵਾਨ ਵਿਚ ਸਾਡੇ ਪਿੰਡ ਦਾ ਕਵੀਸ਼ਰ ਗੁਰਦਿਅਲ ਸਿੰਘ ਚੰਦਨ, ਸਟੇਜ ਸਕੱਤਰੀ ਕਰ ਰਿਹਾ ਸੀ। ਸਾਧਾ ਸਿੰਘ, ਚੰਦਨ ਕੋਲ ਗਿਆ ਤੇ ਕਵਿਤਾ ਸੁਣਾਉਣ ਲਈ ਮੇਰੇ ਵਾਸਤੇ ਸਮਾਂ ਮੰਗਿਆ। ਚੰਦਨ ਮੈਨੂੰ ਵੀ ਜਾਣਦਾ ਸੀ। ਸਟੇਜ ਦਾ ਮੇਰਾ ਝਾਕਾ ਖੁੱਲ੍ਹ ਚੁੱਕਾ ਸੀ। ਮਾਈਕ ਸਾਹਮਣੇ ਜਾ ਕੇ ਮੈਂ ਭਰੋਸੇ ਨਾਲ ਫ਼ਤਿਹ ਬੁਲਾਈ ਤੇ ਸੀਤਲ ਹੁਰਾਂ ਦੇ ਲਿਖੇ ਪ੍ਰਸੰਗ ਦਾ ਉਹ ਹਿੱਸਾ ਸੁਣਾਉਣ ਦਾ ਫ਼ੈਸਲਾ ਕਰ ਲਿਆ, ਜਦੋਂ ਸਿੱਖ, ਅੰਗਰੇਜ਼ੀ ਫੌਜਾਂ ਕੋਲੋਂ ਮੁਦਕੀ ਤੇ ਫੇਰੂ ਸ਼ਹਿਰ ਦੀਆਂ ਦੋਵੇਂ ਜੰਗਾਂ ਹਾਰ ਚੁੱਕੇ ਸਨ। ਆਗੂ ਸਿੱਖ ਸਰਦਾਰਾਂ ਦੇ ਕਿਰਦਾਰ ਤੋਂ ਦੁਖੀ ਤੇ ਨਿਰਾਸ਼ ਹੋਈ ਰਾਣੀ ਜਿੰਦਾਂ ਬੁੱਢੇ ਜਰਨੈਲ ਸ. ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖਦੀ ਹੈ। ਕਵਿਤਾ ਸੁਣਾਉਣ ਤੋਂ ਪਹਿਲਾਂ ਮੈਂ ਢਾਡੀ ਕਵੀਸ਼ਰਾਂ ਵਾਲੇ ਅੰਦਾਜ਼ ਵਿਚ ਲੈਕਚਰ ਦਿੱਤਾ ਤੇ ਲੋੜ ਜੋਗੀ ਭੂਮਿਕਾ ਬੰਨ੍ਹ ਕੇ ਕਵਿਤਾ ਗਾਉਣੀ ਸ਼ੁਰੂ ਕੀਤੀ:-
ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ,
ਕੀ ਤੂੰ ਬਹਿ ਰਿਹੋਂ ਦਿਲ ਵਿਚ ਧਾਰ ਸਿੰਘਾ!
ਦੋਵੇਂ ਜੰਗ ਮੁਦਕੀ, ਫੇਰੂ ਸ਼ਹਿਰ ਵਾਲੇ,
ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ!
ਕਾਹਨੂੰ ਹਾਰਦੇ, ਕਿਉਂ ਮਿਹਣੇ ਜੱਗ ਦਿੰਦਾ,
ਜਿਊਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ!
ਤੇਗ਼ ਸਿੰਘਾਂ ਦੀ ਤਾਂ ਖੁੰਢੀ ਨਹੀਂ ਹੋ ਗਈ,
ਐਪਰ ਆਪਣੇ ਹੋ ਗਏ ਗ਼ਦਾਰ ਸਿੰਘਾ!
ਮੇਰਾ ਲੈਕਚਰ ਦਾ ਅੰਦਾਜ਼ ਵੀ ਚੰਗਾ ਸੀ ਤੇ ਆਵਾਜ਼ ਵੀ ਸੁਰੀਲੀ ਸੀ। ਕਵਿਤਾ ਮੁਕੰਮਲ ਕੀਤੀ ਹੀ ਸੀ ਕਿ ਸਾਧਾ ਸਿੰਘ ਦੇ ਪਿੱਛੇ-ਪਿੱਛੇ ਇਨਾਮ ਦੇਣ ਵਾਲੇ ਲਾਈਨ ਬੰਨ੍ਹ ਕੇ ਸਟੇਜ ਵੱਲ ਆਉਣੇ ਸ਼ੁਰੂ ਹੋ ਗਏ। ਉਹ ਪੈਸੇ ਚੰਦਨ ਨੂੰ ਫੜਾਈ ਜਾ ਰਹੇ ਸਨ। ਉਦੋਂ ਇੱਕ ਰੁਪਏ ਦਾ ਇਨਾਮ ਹੀ ਵੱਡੀ ਗੱਲ ਸੀ। ਹੌਂਸਲਾ ਫੜ ਕੇ ਮੈਂ ਲੈਕਚਰ ਕਰਨਾ ਸ਼ੁਰੂ ਕੀਤਾ ਕਿ ਮਹਾਰਾਣੀ ਜਿੰਦਾਂ ਦੀ ਤਰਲੇ ਭਰਪੂਰ ਪਰ ਵੰਗਾਰਦੀ ਚਿੱਠੀ ਪੜ੍ਹ ਕੇ ਸ. ਸ਼ਾਮ ਸਿੰਘ ’ਤੇ ਕਿਹੋ ਜਿਹਾ ਅਸਰ ਹੋਇਆ। ਤੇ ਮੈਂ ਅਗਲੀ ਕਵਿਤਾ ਸੁਣਾਉਣੀ ਸ਼ੁਰੂ ਕੀਤੀ –
ਚਿੱਠੀ ਪੜ੍ਹੀ ਤਾਂ ਦਿਲ ’ਚ ਭੂਚਾਲ ਆਇਆ,
ਕਿਸੇ ਰੋਹ ਵਿਚ ਆਣ ਸਰਦਾਰ ਉੱਠਿਆ।
ਚੜ੍ਹਿਆ ਖੂੰਨ, ਨੇਤਰ ਲਾਲੋ-ਲਾਲ ਹੋਏ,
ਲੈ ਕੇ ਹੱਥ ਵਿਚ ਨੰਗੀ ਤਲਵਾਰ ਉੱਠਿਆ।
ਸੌਂਦੇ ਜਾਂਦੇ ਪੰਜਾਬ ਦੇ ਭਾਗ ਤਾਈਂ,
ਟੁੰਬਣ ਵਾਸਤੇ ਸ਼ੇਰ ਲਲਕਾਰ ਉੱਠਿਆ।
ਕਾਂਟਾ ਬੁਰੀ ਤਕਦੀਰ ਦਾ ਬਦਲਨੇ ਨੂੰ,
ਕੌਮੀ ਅਣਖ਼ ਦੇ ਤਾਈਂ ਵੰਗਾਰ ਉੱਠਿਆ।
ਪੂਰੀ ਕਵਿਤਾ ਸੁਣਾ ਕੇ ਮੈਂ ਫ਼ਤਹਿ ਬੁਲਾਈ। ਚੰਦਨ ਨੇ ਆਪਣੇ ਸਾਹਮਣੇ ਪਏ ਰੁਪਈਆਂ ਦੀ ਮੁੱਠ ਭਰ ਕੇ ਮੇਰੇ ਹੱਥਾਂ ਵਿਚ ਦਿੰਦਿਆਂ, ਮੈਨੂੰ ਸ਼ਾਬਾਸ਼ ਦਿੱਤੀ ਤੇ ਹਾਸੇ ਨਾਲ ਸੰਗਤ ਨੂੰ ਕਿਹਾ, “ਜਿੰਨੇ ਪੈਸੇ ਸੰਗਤ ਨੇ ਵਰਿਆਮ ਸਿੰਘ ਨੂੰ ਭੇਟਾ ਵਜੋਂ ਦੇ ਦਿੱਤੇ ਨੇ, ਉਸ ਤੋਂ ਪੱਕਾ ਲੱਗਦਾ ਹੈ ਕਿ ਇਹ ਹੁਣ ਸਾਡੇ ਭਾਈਚਾਰੇ ਦਾ ਹਿੱਸਾ ਬਣੂੰਗਾ ਈ ਬਣੂੰਗਾ।”
ਸਟੇਜ ਤੋਂ ਉੱਤਰ ਕੇ ਜਦੋਂ ਮੈਂ ਸੰਗਤ ਵਿਚ ਜਾ ਕੇ ਬੈਠਾ ਤਾਂ ਸੰਗਤ ਵਿਚੋਂ ਸ਼ਾਬਾਸ਼ ਦਿੰਦੀਆਂ ਆਵਾਜ਼ਾਂ ਹੱਲਾਸ਼ੇਰੀ ਦੇ ਰਹੀਆਂ ਸਨ। ਸਾਧਾ ਸਿੰਘ ਨੇ ਮੇਰੇ ਹੱਥਾਂ ਵਿਚ ਫੜੇ ਉੱਘੜ-ਦੁੱਘੜੇ ਨੋਟ ਲੈ ਕੇ ਸਵਾਹਰੇ ਕੀਤੇ ਤੇ ਗਿਣ ਕੇ ਕਿਹਾ, “ਲੈ ਪੂਰੇ ਸੈਂਤੀ ਰੁਪਏ ਬਣਦੇ ਨੇ। ਬੋਝੇ ’ਚ ਪਾ ਲਾ ਸਾਂਭ ਕੇ।”
ਸੈਂਤੀ ਰੁਪਏ ਉਸ ਵੇਲੇ ‘ਵੱਡੀ ਰਕਮ’ ਸੀ। ਕਵੀਸ਼ਰ ਬਣ ਜਾਣ ਵਾਸਤੇ ਇਹ ਕੋਈ ਛੋਟਾ ਲਾਲਚ ਨਹੀਂ ਸੀ।
ਗੁਰਦਿਆਲ ਸਿੰਘ ਚੰਦਨ ਦੀ ਮਿੱਠੀ ਟਕੋਰ ਦੇ ਅਰਥ ਸਮਝ ਜਾਣ ਦੇ ਬਾਵਜੂਦ ਮੈਂ ਢਾਡੀ ਜਾਂ ਕਵੀਸ਼ਰ ਤਾਂ ਨਹੀਂ ਸੀ ਬਣਨਾ! ਪਰ ਸੀਤਲ ਹੁਰਾਂ ਦੀਆਂ ਕਿਤਾਬਾਂ ਨਾਲ ਮੇਰੀ ਪੱਕੀ ਸਾਂਝ ਪੈ ਚੁੱਕੀ ਸੀ। ਮੈਂ ਸੀਤਲ ਹੁਰਾਂ ਦੇ ਢਾਡੀ ਪ੍ਰਸੰਗ ਖ਼ਰੀਦ ਲਏ। ‘ਸਿੱਖ ਰਾਜ ਕਿਵੇਂ ਗਿਆ?’ ਤੇ ‘ਦੁਖੀਏ ਮਾਂ-ਪੁੱਤ’ ਦੀਆਂ ਲਗਭਗ ਸਾਰੀਆਂ ਕਵਿਤਾਵਾਂ ਮੈਂ ਜ਼ਬਾਨੀ ਯਾਦ ਕਰ ਲਈਆਂ। ਕਿਤੇ ਯਾਰਾਂ ਬੇਲੀਆਂ ਵਿਚ ਵੀ ਬਹਿੰਦਾ ਤਾਂ ਮੈਂ ਕੋਈ ਪ੍ਰਸੰਗ ਛੋਹ ਲੈਂਦਾ ਤੇ ਲੈਕਚਰ ਸਮੇਤ ਕਵਿਤਾਵਾਂ ਵੀ ਗਾ ਕੇ ਸੁਣਾਉਂਦਾ। ਹੋਰ ਤਾਂ ਹੋਰ ਰਾਤ-ਬਰਾਤੇ ਖੇਤਾਂ ਵਿਚ ਉੱਚੀ ਆਵਾਜ਼ ਵਿਚ ਲੈਕਚਰ ਕਰਨ ਤੇ ਕਵਿਤਾਵਾਂ ਗਾਉਣ ਦਾ ਅਭਿਆਸ ਕਰਦਾ ਰਹਿੰਦਾ। ਜਦੋਂ ਸਰਹਾਲੀ ਦੇ ਸਕੂਲ ਵਿਚ ਜੇ ਬੀ ਟੀ ਵਿਚ ਦਾਖ਼ਲ ਹੋਇਆ ਤਾਂ ਰਾਤ ਨੂੰ ਹੋਸਟਲ ਵਾਲੇ ਮੁੰਡੇ ਖੁੱਲ੍ਹੇ ਲਾਅਨ ਵਿਚ ਮੰਜੇ ਡਾਹ ਕੇ ਪੈਂਦੇ। ਮੈਂ ‘ਸਿੱਖ ਰਾਜ ਕਿਵੇਂ ਗਿਆ?’ ਦਾ ਬਿਰਤਾਂਤ ਛੇੜ ਲੈਂਦਾ। ਕਿਵੇਂ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰਿਆਂ ਨੇ ਖ਼ੜਕ ਸਿੰਘ ਨੂੰ ਜ਼ਹਿਰ ਦੇ ਕੇ ਮਾਰਿਆ। ਕਿਵੇਂ ਕੰਵਰ ਨੌਨਿਹਾਲ ਸਿੰਘ ਤੇ ਖੜਕ ਸਿੰਘ, ਦੋਵਾਂ ਪਿਉ ਪੁੱਤਾਂ ਵਿਚਕਾਰ ਗ਼ਲਤਫ਼ਹਿਮੀ ਪੈਦਾ ਕਰ ਕੇ ਇੱਕ ਦੂਜੇ ਤੋਂ ਦੂਰ ਕਰ ਦਿੱਤਾ। ਕਿਵੇਂ ਛੱਜਾ ਡੇਗ ਕੇ ਕੰਵਰ ਨੌਨਿਹਾਲ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ। ਮੈਂ ਵੈਰਾਗ਼ਮਈ ਆਵਾਜ਼ ਵਿਚ ਗਾਉਣਾ ਸ਼ੁਰੂ ਕਰ ਦਿੰਦਾ
ਛੱਜਾ ਡਿੱਗਿਆ ਕਿਸਮਤ ਪੰਜਾਬ ਦੀ ‘ਤੇ,
ਫੱਟੜ ਮਹਾਰਾਜਾ ਨੌਨਿਹਾਲ ਹੋਇਆ।
ਬੇੜੀ ਡੁੱਬੀ ਵਜ਼ੀਰ ਧਿਆਨ ਸਿੰਘ ਦੀ,
ਲਾਗੂ ਜਾਨ ਦਾ ਜਿਹੜਾ ਚੰਡਾਲ ਹੋਇਆ।
ਘੱਤ ਪਾਲਕੀ ਕਿਲ੍ਹੇ ਦੇ ਵਿਚ ਲੈ ਗਏ,
ਬੂਹਾ ਬੰਦ ਬਾਹਰੋਂ ਹੁਕਮ ਨਾਲ ਹੋਇਆ।
ਅੱਗੇ ਸੁਣੋ ਕਲੇਜੇ ’ਤੇ ਹੱਥ ਧਰ ਕੇ,
ਜਾ ਕੇ ਵਿਚ ਮਹਿਲਾਂ ਜਿਹੜਾ ਹਾਲ ਹੋਇਆ।
ਤੇ ਅਗਲਾ ਬਿਰਤਾਂਤ ਵਾਕਿਆ ਹੀ ਦਿਲ ਨੂੰ ਹਿਲਾ ਦੇਣ ਵਾਲਾ ਸੀ। ਕਿਵੇਂ ਕਿਲ੍ਹੇ ਵਿਚ ਲਿਜਾ ਕੇ ਕੰਵਰ ਨੌਨਿਹਾਲ ਨੂੰ ਕਤਲ ਕੀਤਾ ਗਿਆ। ਸੁਣਾਉਂਦਿਆਂ ਮੇਰਾ ਗਲਾ ਭਰ ਆਉਂਦਾ। ਮੇਰੇ ਜਮਾਤੀ ਹੋਰ ਦੋਸਤ ਦੱਸਦੇ ਕਿ ਉਨ੍ਹਾਂ ਦਾ ਵੀ ਇਹੋ ਹਾਲ ਹੁੰਦਾ।
ਹੁਣ ਸੋਚਦਾ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਜਦੋਂ ਸਾਰਿਆਂ ਦੇ ਸੌਣ ਦਾ ਸਮਾਂ ਹੁੰਦਾ ਸੀ, ਮੈਂ ਮੰਜੀ ’ਤੇ ਲੇਟਿਆ ਆਪੇ ਹੀ ਆਪਣਾ ਦੀਵਾਨ ਸ਼ੁਰੂ ਕਰ ਦਿੰਦਾ ਤੇ ਘੰਟਾ-ਘੰਟਾ ਬੋਲਦਾ-ਗਾਉਂਦਾ ਰਹਿੰਦਾ, ਕਿਸੇ ਨੇ ਕਦੀ ਇਤਰਾਜ਼ ਹੀ ਨਹੀਂ ਸੀ ਕੀਤਾ ਕਿ,”ਭਾਈ! ਰੌਲਾ ਪਾ ਕੇ ਸਾਡੀ ਨੀਂਦ ’ਚ ਖ਼ਲਲ ਨਾ ਪਾ। ਸੌਣ ਦੇ ਸਾਨੂੰ!”
ਸੀਤਲ ਹੁਰਾਂ ਨਾਲ ਮੈਂ ਖ਼ਬਤ ਦੀ ਹੱਦ ਤੱਕ ਜੁੜ ਚੁੱਕਾ ਸਾਂ।
ਸਾਧਾ ਸਿੰਘ ਅਕਾਲੀ ਵਾਂਙ ਮੈਂ ਵੀ ਸੀਤਲ ਹੁਰਾਂ ਦਾ ਸ਼ੈਦਾਈ ਬਣ ਚੁੱਕਾ ਸਾਂ। ਮੈਂ ਵੀ ਆਪਣੀ ਗੱਲ-ਬਾਤ ਵਿਚ ਸੀਤਲ ਹੁਰਾਂ ਦੀਆਂ ਆਖੀਆਂ ਗੱਲਾਂ ਹਵਾਲੇ ਵਜੋਂ ਸਾਂਝੀਆਂ ਕਰਦਾ ਰਹਿੰਦਾ।
ਫੇਰ ਅਸੀਂ ਦੀਵਾਲੀ-ਵਿਸਾਖੀ ’ਤੇ ਅੰਬਰਸਰ ਅਤੇ ਹਰ ਸਾਲ ਬੀੜ ਬਾਬਾ ਬੁੱਢਾ ਸਾਹਿਬ ਦੇ ਮੇਲੇ ’ਤੇ ਹੀ ਸੀਤਲ ਹੁਰਾਂ ਦੇ ਦੀਵਾਨ ਸੁਣਨ ਨਹੀਂ ਸਾਂ ਜਾਂਦੇ, ਸਗੋਂ ਦਸਾਂ-ਵੀਹਾਂ ਕੋਹਾਂ ਤੱਕ ਕਿਸੇ ਪਿੰਡ ਦੇ ਮੇਲੇ-ਮੁਸਾਹਿਬੇ ’ਤੇ ਸੀਤਲ ਹੁਰਾਂ ਦੇ ਆਉਣ ਦੀ ਖ਼ਬਰ ਮਿਲਦੀ ਤਾਂ ਉਥੇ ਉੱਡ ਕੇ ਪਹੁੰਚ ਜਾਂਦੇ। ਉਨ੍ਹੀਂ ਦਿਨੀਂ ਜੋੜ-ਮੇਲਿਆਂ ’ਤੇ ਆਉਣ ਵਾਲੇ ਰਾਗੀਆਂ, ਢਾਡੀਆਂ ਤੇ ਕਵੀਸ਼ਰਾਂ ਦੀ ਸ਼ਮੂਲੀਅਤ ਵਾਲੇ ਇਸ਼ਤਿਹਾਰ ਪਿੰਡ-ਪਿੰਡ ਲੱਗ ਜਾਂਦੇ ਸਨ।
—
ਸੋਹਣ ਸਿੰਘ ਸੀਤਲ ਦਾ ਨਾਂ ਪੰਜਾਬੀ ਸਾਹਿਤ, ਇਤਿਹਾਸ, ਖੋਜ ਅਤੇ ਗੁਰਮਤਿ ਪਰਚਾਰ ਦੇ ਖੇਤਰ ਵਿਚ ਇੱਕ ‘ਮਿੱਥ’ ਦੀ ਪਦਵੀ ਗ੍ਰਹਿਣ ਕਰ ਗਿਆ ਹੈ। ਸਿਆਣਪ, ਸਾਦਗੀ, ਸਿਰੜ ਤੇ ਨਿਰੰਤਰ ਘਾਲਣਾ ਦਾ ਨਾਂ ਹੈ ਸੋਹਣ ਸਿੰਘ ਸੀਤਲ। ਸਤਾਰਾਂ ਹਜ਼ਾਰ ਤੋਂ ਉਪਰ ਸਫ਼ੇ ਲਿਖਣ ਵਾਲਾ … ਸਫ਼ੇ ਵੀ ਸਿਰਫ਼ ਗਿਣਤੀ ਵਿਚ ਵਾਧਾ ਕਰਨ ਲਈ ਨਹੀਂ, ਹਰ ਸਫ਼ੇ `ਤੇ ਉਹਦੀ ਖੋਜ, ਸਿਆਣਪ ਤੇ ਬਿਬੇਕ-ਬੁੱਧ ਦੀ ਮੋਹਰ-ਛਾਪ ਲੱਗੀ ਹੋਈ। ਤਹਿਰੀਰ ਅਤੇ ਤਕਰੀਰ ਦੇ ਦੋਵਾਂ ਗੁਣਾਂ ਨਾਲ ਵਰੋਸਾਇਆ ਹੋਇਆ। ਉਸ ਦੀ ਜ਼ਬਾਨ ਅਤੇ ਕਲਮ ਦੋਹਾਂ ਉਪਰ ਹੀ ਸਰਸਵਤੀ ਦੀ ਕਿਰਪਾ-ਦ੍ਰਿਸ਼ਟੀ ਰਹੀ। ਜਿਨ੍ਹਾਂ ਨੇ ਉਸ ਨੂੰ ਸਟੇਜ ਉੱਤੇ ਬੋਲਦਿਆਂ ਸੁਣਿਆ; ਉਹ ਉਹਦੇ ਬੋਲਾਂ ਵਿਚੋਂ ਝੜਦੇ ਚੰਗਿਆੜਿਆਂ ਨਾਲ ਸਰਸ਼ਾਰੇ ਜਾਂਦੇ। ਉਨ੍ਹਾਂ ਦੇ ਲਹੂ ਦਾ ਗੇੜ, ਗਰਮ ਹੋ ਕੇ ਤੇਜ਼ ਹੋ ਜਾਂਦਾ। ਜੇ ਕਿਧਰੇ ਉਹ ‘ਸਿੱਖ ਰਾਜ ਕਿਵੇਂ ਗਿਆ?’ ਦੀ ਦੁਖਾਂਤਕ ਕਹਾਣੀ ਸੁਣਾਉਂਦਾ ਤਾਂ ਉਸ ਦੇ ਬੋਲਾਂ ਦੇ ਜਾਦੂ ਨਾਲ ਕੀਲੇ ਜਾਂਦੇ ਲੋਕ … ਸ਼ਾਇਦ ਹੀ ਕੋਈ ਅੱਖ ਹੋਵੇ ਜਿਸ ਵਿਚੋਂ ਹੰਝੂ ਨਾ ਵਹਿ ਰਹੇ ਹੁੰਦੇ ਹੋਣ। ਤਰਨਤਾਰਨ, ਅੰਮ੍ਰਿਤਸਰ ਵਿਚ ਮੱਸਿਆ, ਵਿਸਾਖੀ ਅਤੇ ਦੀਵਾਲੀ ਦੇ ਤਿਉਹਾਰਾਂ ਉੱਤੇ ਆਏ ਹੋਏ ਲੋਕ ਇੱਕ ਦੂਜੇ ਨੂੰ ਪੁੱਛਦੇ, ‘ਭਲਾ ਸੀਤਲ ਆਇਆ ਹੋਇਆ?’, ‘ਹਾਂ’ ਵਿਚ ਜੁਆਬ ਸੁਣ ਕੇ ਅਗਲੇ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਤੇ ਚਿਹਰਾ ਮੁਸਕਰਾਹਟ ਨਾਲ ਭਰ ਜਾਂਦਾ। ਤੇ ਲੋਕ ਸਟੇਜ ਸਕੱਤਰ ਤੋਂ ਪੁੱਛਦੇ ਰਹਿੰਦੇ, ‘ਸੀਤਲ ਨੂੰ ਕਦੋਂ ਟਾਈਮ ਮਿਲੇਗਾ…?’’
ਹੱਥ ਵਿਚ ਤਿੰਨ ਫੁੱਟੀ ਕਿਰਪਾਨ ਫੜੀ, ਆਪਣਾ ਸਮਾਂ ਆਉਣ ਤੋਂ ਕੁੱਝ ਚਿਰ ਪਹਿਲਾਂ, ਜਦੋਂ ਉਹ ਦੀਵਾਨ ਅਸਥਾਨ ’ਤੇ ਪਹੁੰਚਦਾ-ਅੱਗੇ ਅੱਗੇ ਉਹ ਨੀਵੀਆਂ ਨਜ਼ਰਾਂ ਨਾਲ ਹੌਲੀ ਹੌਲੀ ਸਟੇਜ ਵੱਲ ਜਾ ਰਿਹਾ ਹੁੰਦਾ, ਪਿੱਛੇ ਪਿੱਛੇ ਉਸਦੇ ਸਾਥੀ ਹੁੰਦੇ, ਤਾਂ ਪੰਡਾਲ ਵਿਚ ਬੈਠੇ ਲੋਕ ਇੱਕ ਦੂਜੇ ਦੇ ਅਰਕਾਂ ਖੁਭੋਂਦੇ ਇਸ਼ਾਰਾ ਕਰਦੇ, “ਸੀਤਲ ਆ ਗਿਆ …।”
ਸਾਰੇ ਪੰਡਾਲ ਵਿਚ ਜਿਵੇਂ ਨਵੀਂ ਰੂਹ ਭਰ ਜਾਂਦੀ। ਲੋਕ ਛਾਤੀ ਵਿਚ ਡੂੰਘਾ ਸਾਹ ਭਰ ਕੇ ਉਸਦੀ ਵਾਰੀ ਨੂੰ ਉਡੀਕਦੇ, ਉਹ ਖੜ੍ਹਾ ਹੁੰਦਾ ਤਾਂ ਉਸਦੇ ਬੋਲਾਂ ਤੇ ਇਸ਼ਾਰਿਆਂ ਨਾਲ ਮੰਤਰ-ਮੁਗਧ ਹੋ ਜਾਂਦੀ ਸਾਰੀ ਸੰਗਤ। ‘ਵਾਹ ਵਾਹ’ ਦੀਆਂ ਆਵਾਜ਼ਾਂ ਉੱਠਦੀਆਂ। ਘਰਾਂ ਨੂੰ ਵਾਪਸ ਮੁੜਦੇ ਤਾਂ ਕਈ ਕਈ ਦਿਨ ਸੀਤਲ ਦੇ ਸੁਣਾਏ ਪ੍ਰਸੰਗਾਂ ਤੇ ਕੀਤੀਆਂ ਗੱਲਾਂ ਨੂੰ ਦੁਹਰਾਇਆ ਜਾਂਦਾ। ਪਿੰਡਾਂ ਵਿਚ ਲੋਕ-ਸਿਆਣਪ ਦਾ ਚਿੰਨ੍ਹ ਬਣ ਗਿਆ ਸੀ ਸੀਤਲ।…ਕਈ ਬੰਦੇ ਮੈਨੂੰ ਅਜੇ ਵੀ ਯਾਦ ਹਨ ਜਿਨ੍ਹਾਂ ਨੇ ਖ਼ਬਤ ਦੀ ਹੱਦ ਤਕ ਸੀਤਲ ਦੇ ਹਵਾਲੇ ਦੇਣੇ…ਉਸ ਦੀਆਂ ਗੱਲਾਂ ਕਰਨੀਆਂ। ਉਨ੍ਹਾਂ ਦਾ ਨਾਂ ਹੀ ਲੋਕਾਂ ਨੇ ‘ਸੀਤਲ’ ਰੱਖਿਆ ਹੋਇਆ ਸੀ। ਅਸਲੀ ਨਾਂ ਲੋਕਾਂ ਨੂੰ ਵਿਸਰ ਗਿਆ ਸੀ ਉਨ੍ਹਾਂ ਦਾ। ‘ਸੀਤਲ’ ਸੀਤਲ ਕਰਦੇ ਉਹ ਤਾਂ ਬੱਸ ‘ਸੀਤਲ’ ਹੋ ਗਏ ਸਨ। ਕਿਸ ਕਰਮਾਂ ਵਾਲੇ ਨੂੰ ਏਨੀ ਮਾਨਤਾ ਮਿਲੀ ਹੋਵੇਗੀ! ਮੈਨੂੰ ਤਾਂ ਲੱਗਦਾ ਹੈ ਕਿ ਸਧਾਰਨ ਪੇਂਡੂ ਪੰਜਾਬੀਆਂ ਤਕ ਜਿਹੜਾ ਸਿੱਖ ਇਤਿਹਾਸ ਪਹੁੰਚਿਆ ਹੈ, ਉਹ ਸੀਤਲ ਦੇ ਪ੍ਰਸੰਗਾਂ ਦੇ ਹਵਾਲੇ ਨਾਲ ਹੀ ਪਹੁੰਚਿਆ ਹੈ। ਓਨਾ ਕੰਮ ਕਈ ਸੰਸਥਾਵਾਂ ਤੇ ਸੈਂਕੜੇ ਵਿਦਵਾਨ ਰਲ ਕੇ ਨਹੀਂ ਕਰ ਸਕੇ ਜਿੰਨਾ ਉਸ ਨੇ ਇਕੱਲੇ ਨੇ ਹੀ ਕਰ ਦਿੱਤਾ। ਜਦੋਂ ਤੋਂ ਉਸ ਨੇ ਸਟੇਜ ’ਤੇ ਬੋਲਣਾ ਸ਼ੁਰੂ ਕੀਤਾ ਜੇ ਉਦੋਂ ਤੋਂ ਹੁਣ ਤੱਕ ਉਸ ਦੇ ਸ੍ਰੋਤਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਕਰੋੜਾਂ ਤਕ ਪਹੁੰਚ ਜਾਵੇ। ਮੇਰਾ ਨਹੀਂ ਖ਼ਿਆਲ ਕੋਈ ਬੁਲਾਰਾ ਏਨੀ ਵੱਡੀ ਗਿਣਤੀ ਤਕ ਏਨੀ ਵਾਰ ਪਹੁੰਚਿਆ ਹੋਵੇ। ਪ੍ਰਚਾਰ ਦੇ ਨੁਕਤੇ ਤੋਂ ਠੀਕ ਹੀ ਉਹ ਸਿੱਖ ਇਤਿਹਾਸ ਤੇ ਸਿੱਖੀ ਸਿਧਾਂਤ ਦਾ ‘ਭਾਈ ਗੁਰਦਾਸ’ ਹੈ।
ਵੈਸੇ ਤਾਂ ਸਾਰੇ ਪੰਜਾਬ ਵਿਚ ਪਰ ਵਿਸ਼ੇਸ਼ ਤੌਰ ’ਤੇ ਮਾਝੇ ਦੇ ਇਲਾਕੇ ਵਿਚ ਤਾਂ ਸੀਤਲ ਲੋਕ-ਸਿਆਣਪ ਦਾ ਚਿੰਨ੍ਹ ਬਣ ਚੁੱਕਿਆ ਸੀ। ਕਈ ਤਾਂ, ਜਿਵੇਂ ਦੱਸਿਆ ਹੈ, ‘‘ਸੀਤਲ ਸੀਤਲ’ ਕਰਦੇ ਖ਼ੁਦ ‘ਸੀਤਲ’ ਹੋ ਗਏ। ਮੇਰੇ ਪਿੰਡ ਵਿਚ ਸਾਧਾ ਸਿੰਘ ਨੂੰ ਏਸੇ ਕਰ ਕੇ ‘ਸੀਤਲ’ ਦਾ ਉਪਨਾਮ ਮਿਲਿਆ ਹੋਇਆ ਸੀ ਕਿਉਂਕਿ ਉਹ ਆਪਣੀ ਗੱਲ ਵਿਚ ਵਾਰ-ਵਾਰ ਸੀਤਲ ਦਾ ਨਾਂ ਲੈਂਦਾ ਸੀ। ਮੇਰੀ ਕਹਾਣੀ ‘ਮੈਂ ਹੁਣ ਠੀਕ ਠਾਕ ਹਾਂ’ ਵਿਚ ਸੀਤਲ ਦਾ ਤੇ ਸਾਧੇ ਸੀਤਲ ਦਾ ਜ਼ਿਕਰ ਬੜੇ ਅਦਬ ਨਾਲ ਕੀਤਾ ਮਿਲਦਾ ਹੈ। ਮੈਂ ਸੀਤਲ ਨੂੰ ਪੜ੍ਹਦਿਆਂ-ਸੁਣਦਿਆਂ ਜਵਾਨ ਵੀ ਹੋਇਆ ਤੇ ਉਮਰ ਢਾਲੇ ਵੀ ਪੈ ਗਈ, ਪਰ ਸੀਤਲ ਦਾ ਜਲੌਅ ਸਦਾ ਮੇਰੇ ਅੰਗ-ਸੰਗ ਰਿਹਾ। ਜੀ ਕਰਦਾ ਉਸ ਬਾਰੇ ਲਿਖੀ ਜਾਵਾਂ। ਪਰ ਫੇਸ-ਬੁੱਕੀ ਪੀੜ੍ਹੀ ਨੂੰ ਕੀ ਪਤਾ ਕਿ ਜਦੋਂ ਸੀਤਲ ‘ਸਿੱਖ ਰਾਜ ਕਿਵੇਂ ਗਿਆ’ ਦਾ ਬਿਰਤਾਂਤ ਸੁਣਾਇਆ ਕਰਦਾ ਸੀ ਤਾਂ ਹਜ਼ਾਰਾਂ ਅੱਖਾਂ ਵਿਚੋਂ ਹੰਝੂਆਂ ਦੀ ਝੜੀ ਲੱਗ ਜਾਂਦੀ ਸੀ। ਮੈਂ ਉਸ ਨੂੰ ਹਰ ਸਾਲ ਦੀਵਾਲੀ-ਵਿਸਾਖੀ ਦੇ ਦੀਵਾਨਾਂ ’ਤੇ ਅੰਬਰਸਰ ਮੰਜੀ ਸਾਹਿਬ ਦੇ ਦੀਵਾਨਾਂ ਵਿਚ ਅਤੇ ਬੀੜ ਬਾਬਾ ਬੁੱਢਾ ਸਾਹਿਬ ਦੇ ਮੇਲੇ ’ਤੇ ਹਰ ਸਾਲ ਸੁਣਨ ਜਾਂਦਾ ਸਾਂ। ਲੋਕ-ਮਾਨਸ ਤੱਕ ਪੰਜਾਬ ਦਾ ਇਤਿਹਾਸ ਸੀਤਲ ਦੀਆਂ ਢਾਡੀ-ਵਾਰਾਂ ਰਾਹੀਂ ਪੰਜਾਬ ਦੇ ਬੱਚੇ ਬੱਚੇ ਤੱਕ ਪੁੱਜਾ। ਉਸ ਦੀ ਦੇਣ ਲਾਸਾਨੀ ਹੈ। ਪਿੱਛੋਂ ਆ ਕੇ ਮੇਰਾ ਉਸ ਨਾਲ ਨਿੱਜੀ-ਮੇਲ ਮਿਲਾਪ ਵੀ ਹੋ ਗਿਆ। ਉਹਨੇ ਮੈਨੂੰ ਬੜਾ ਪਿਆਰ ਦਿੱਤਾ।
ਸੁਧਾਰਵਾਦੀ ਨਾਵਲ ਤੋਂ ਪਿੱਛੋਂ ਆਲੋਚਕ ਅਕਸਰ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਨੂੰ ਯਥਾਰਥਵਾਦੀ ਨਾਵਲ ਦਾ ਅਗਵਾਨੂੰ ਮੰਨਦੇ ਨੇ। ਪਰ ਮੈਂ ਸਮਝਦਾ ਹਾਂ ਕਿ ਸੀਤਲ ਨੇ ਉਸਤੋਂ ਕਈ ਸਾਲ ਪਹਿਲਾਂ ‘ਜੰਗ ਜਾਂ ਅਮਨ’ ਵਰਗਾ ਸ਼ਾਹਕਾਰ ਤੇ ਕਮਾਲ ਦਾ ਨਾਵਲ ਲਿਖ ਕੇ ਇਹ ਪਹਿਲ ਕਰ ਦਿੱਤੀ ਸੀ। ਚੜ੍ਹਦੀ ਜਵਾਨੀ ਵੇਲੇ ਮੈਂ ਉਸ ਦੇ ਨਾਵਲ ਪੜ੍ਹਨੇ ਸ਼ੁਰੂ ਕੀਤੇ। ਮੈਂ ਉਨ੍ਹੀਂ ਦਿਨੀਂ ਨਾਨਕ ਸਿੰਘ ਅਤੇ ਕੰਵਲ ਦਾ ਪ੍ਰਸ਼ੰਸਕ ਸਾਂ ਅਤੇ ਉਨ੍ਹਾਂ ਦੇ ਨਾਵਲ ਛਪਣ ਨੂੰ ਉਡੀਕਦਾ ਰਹਿੰਦਾ। ਪਰ ਜਦੋਂ ਮੈਂ ਸੀਤਲ ਦਾ ‘ਜੰਗ ਜਾਂ ਅਮਨ’ ਪੜ੍ਹਿਆ ਤਾਂ ਮੇਰੇ ਉੱਤੇ ਤਾਂ ਜਿਵੇਂ ਜਾਦੂ ਹੋ ਗਿਆ। ਮੇਰੇ ਹੀ ਇਲਾਕੇ ਦੀ (ਝਬਾਲ, ਤਰਨਤਾਰਨ, ਅਲਾਦੀਨਪੁਰ), ਮੇਰੀ ਹੀ ਬੋਲੀ ਮਾਝੀ ਵਿਚ, ਮੇਰੇ ਨੇੜੇ ਤੇੜੇ ਵੱਸਦੇ ਲੋਕਾਂ ਦੀ ਜਾਨਦਾਰ ਪਰ ਦਿਲ ਨੂੰ ਧੂਹ ਪਾਉਣ ਵਾਲੀ ਕਹਾਣੀ। ਸੀਤਲ ਨਾਨਕ ਸਿੰਘ ਤੇ ਕੰਵਲ ਤੋਂ ਬਾਜ਼ੀ ਲੈ ਗਿਆ।
‘ਜੰਗ ਜਾਂ ਅਮਨ’, ‘ਤੂਤਾਂ ਵਾਲਾ ਖੂਹ’ ਤੇ ‘ਜੁਗ ਬਦਲ ਗਿਆ’ ਪੰਜਾਬੀ ਨਾਵਲ ਵਿਚ ਮੀਲ-ਪੱਥਰ ਹਨ। ਇਹ ਵੱਖਰੀ ਗੱਲ ਹੈ ਕਿ ਆਲੋਚਕਾਂ ਨੇ ਕਈ ਚਿਰ ਉਨ੍ਹਾਂ ਦਾ ਨੋਟਸ ਹੀ ਨਾ ਲਿਆ।
ਬਾਅਦ ਵਿਚ ਜਦ ਮੈਂ ਸੀਤਲ ਹੁਰਾਂ ਦੇ ਨਾਵਲ ਪੜ੍ਹੇ। ਮੈ ਨਾਵਲਕਾਰ ਵਜੋਂ ਵੀ ਉਨ੍ਹਾਂ ਦੀ ਪ੍ਰਤਿਭਾ ਦਾ ਕਾਇਲ ਹੋ ਗਿਆ। ਂ ਦੇਸ਼-ਵੰਡ ਤੋਂ ਪਹਿਲਾਂ ਦਾ ਪੰਜਾਬ ਦਾ ਪਿੰਡ ਜਿਸ ਪ੍ਰਮਾਣਿਕਤਾ ਨਾਲ ਉਨ੍ਹਾਂ ਦੇ ਨਾਵਲਾਂ ਵਿਚ ਪੇਸ਼ ਹੋਇਆ, ਉਹ ਵਡਿਆਈ ਹੋਰ ਕਿਸੇ ਨਾਵਲਕਾਰ ਦੇ ਹਿੱਸੇ ਨਹੀਂ ਆਈ। ਜਦੋਂ ਮੈਂ ਪੀ ਐੱਚ ਡੀ ਕਰਨੀ ਸੀ ਤਾਂ ਮੇਰਾ ਗੁਣਾ ਸੀਤਲ ਹੁਰਾਂ ’ਤੇ ਹੀ ਪਿਆ। ਉਨ੍ਹਾਂ ਦੇ ਨਾਵਲਾਂ ’ਤੇ ਸਭ ਤੋਂ ਪਹਿਲੀ ਪੀ ਐੱਚ ਡੀ ਵੀ ਮੈਂ ਹੀ ਕੀਤੀ। ਇਨ੍ਹਾਂ ਸਾਲਾਂ ਵਿਚ ਮੇਰਾ ਸੀਤਲ ਹੁਰਾਂ ਨਾਲ ਬਹੁਤ ਨੇੜ ਹੋ ਗਿਆ। ਉਹ ਮੈਨੂੰ ਬਹੁਤ ਪਿਆਰ ਕਰਦੇ ਸਨ।
ਸੰਸਾਰ ਨੂੰ ਸਦੀਵੀ ਅਲਵਿਦਾ ਕਹਿਣ ਤੋਂ ਪਹਿਲਾਂ, ਉਮਰ ਦੇ ਪਿਛਲੇਰੇ ਸਾਲਾਂ ਵਿਚ ਸੀਤਲ ਲੁਧਿਆਣੇ ਦੇ ਮਾਡਲ ਗਰਾਮ ਵਿਚ ‘ਸੀਤਲ ਭਵਨ’ ਵਿਚ ਲਗਪਗ ਇਕੱਲਾ ਰਹਿੰਦਾ ਰਿਹਾ। ਉਹਦੇ ਸਾਰੇ ਲੜਕੇ ਵਿਦੇਸ਼ਾਂ ਵਿਚ ਚੰਗੇ ਕਾਰੋਬਾਰ ਕਰ ਰਹੇ ਹਨ। ਪਰ ਸੀਤਲ ਉਨ੍ਹਾਂ ਦੇ ਜ਼ੋਰ ਲਾਉਣ ’ਤੇ ਵੀ ਬਾਹਰ ਨਹੀਂ ਗਿਆ। ਘਰ ਵਾਲੀ ਵੀ ਕੁੱਝ ਸਾਲਾਂ ਤੋਂ ਸਾਥ ਛੱਡ ਗਈ ਸੀ। ਸੀਤਲ ਨੂੰ ਉਸ ਦਾ ਬੜਾ ਵਿਗੋਚਾ ਸੀ। ਉਹਦੀਆਂ ਗੱਲਾਂ ਕਰਦਿਆਂ ਉਹਦੀਆਂ ਅੱਖਾਂ ਵਿਚ ਪਾਣੀ ਤੈਰ ਆਉਂਦਾ। ਪਤਨੀ ਦੀ ਚੰਗਿਆਈ ਤੇ ਵਡਿਆਈ ਦੀਆਂ ਤਾਰੀਫ਼ਾਂ ਕਰਦਿਆਂ ਉਹਦੀ ਜ਼ਬਾਨ ਨਹੀਂ ਸੀ ਥੱਕਦੀ। ਮੈਂ ਜਦ ਵੀ ‘ਸੀਤਲ ਭਵਨ’ ਵਿਚ ਉਸ ਨੂੰ ਮਿਲਣ ਜਾਂਦਾ ਤਾਂ ਉਹ ਅਕਸਰ ਹੀ ਪੋਰਚ ਵਿਚ ਡੱਠੀ ਮੰਜੀ ਉੱਤੇ ਸਿਰ ’ਤੇ ਪੀਲਾ ਪਟਕਾ ਬੰਨ੍ਹੀ ਸਫੈਦ ਕੁਰਤੇ ਪਜਾਮੇ ਵਿਚ, ਬਾਹਰਲੇ ਗੇਟ ਵੱਲ ਵੇਖ ਰਿਹਾ ਹੁੰਦਾ ਜਿਵੇਂ ਗੁਆਂਢ ਜਾਂ ਬਜ਼ਾਰ ਗਈ ਆਪਣੀ ‘ਕਰਤਾਰ’ ਨੂੰ ਉਡੀਕ ਰਿਹਾ ਹੋਵੇ।
ਜਦੋਂ ਵੀ ਕੋਈ ਮਿਲਣ ਵਾਲਾ ਜਾਂਦਾ ਤਾਂ ਉਹ ਉਸ ਨੂੰ ਗੇਟ ਤੋਂ ਅੰਦਰ ਵੜਦਿਆਂ ਵੇਖ ਕੇ ਉੱਠ ਖਲੋਂਦਾ, ਮੁਸਕਰਾਉਂਦਾ ਤੇ ਨਿੱਕੇ ਨਿੱਕੇ ਕਦਮੀਂ ਅਗਲਵਾਂਢੀ ਅਗਲੇ ਨੂੰ ‘ਜੀ ਆਇਆਂ’ ਕਹਿਣ ਤੁਰ ਪੈਂਦਾ। ਕਮਰੇ ਵਿਚ ਟੇਪ-ਰਿਕਾਰਡ ਉੱਤੇ ਉਸ ਦੀਆਂ ਆਪਣੀਆਂ ਗਾਈਆਂ ਢਾਡੀ ਵਾਰਾਂ ਦੀ ਕੈਸਟ ਚੱਲ ਰਹੀ ਹੁੰਦੀ। ਉਹਨੂੰ ਇਕੱਲ ਵਿਚ ਸੁਣਦਿਆਂ ਸ਼ਾਇਦ ਉਹ ਬੀਤੇ ਦੇ ਇਤਿਹਾਸਕ ਪਲਾਂ ਨੂੰ ਯਾਦ ਕਰ ਰਿਹਾ ਹੁੰਦਾ, ਜਿਨ੍ਹਾਂ ਪਲਾਂ ਨੇ ਇੱਕ-ਇੱਕ ਜੁੜ ਕੇ ਉਹਨੂੰ ਏਡੇ ਉੱਚੇ ਥਾਂ ’ਤੇ ਲਿਆ ਖੜਾ ਕੀਤਾ ਸੀ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਦੀ ਇੱਕ ਮਹਾਨ ਸ਼ਖ਼ਸੀਅਤ ਬਣਾ ਦਿੱਤਾ ਸੀ। ਇਨ੍ਹਾਂ ਟੇਪਾਂ ਬਾਰੇ ਗੱਲ ਕਰਦਿਆਂ ਉਹਨੇ ਦੱਸਿਆ ਸੀ ਕਿ…ਕੁੱਝ ਸਾਲ ਹੋਏ ਕਿਸੇ ਮਿੱਤਰ ਨੇ ਕਿਹਾ, ‘‘ਤੂੰ ਚਲੇ ਗਿਓਂ ਤਾਂ ਤੇਰੇ ਪਿੱਛੋਂ ਤੈਨੂੰ ਪਿਆਰ ਕਰਨ ਵਾਲਿਆਂ ਕੋਲ ਤੇਰੀ ਆਵਾਜ਼ ਤਾਂ ਹੋਣੀ ਚਾਹੀਦੀ ਹੈ। ਫਿਰ ਕੁੱਝ ਕੈਸਟਾਂ ਵੀ ਭਰਵਾਈਆਂ। ਪਰ ਸਟੂਡੀਓ ਨਾਲੋਂ ਸਟੇਜ ’ਤੇ ਭਰੀਆਂ ਕੈਸਟਾਂ ਵਿਚ ਵਧੇਰੇ ਰਵਾਨੀ ਤੇ ਜਾਨ ਹੁੰਦੀ ਹੈ।”
ਸੀਤਲ ਨੇ ਉਹ ਸਾਰੀਆਂ ਕੈਸਿਟਾਂ ਦਾ ਸੈੱਟ ਮੈਨੂੰ ਵੀ ਦਿੱਤਾ ਸੀ, ਪਰ ਠੀਕ ਰਿਕਾਰਡਿੰਗ ਨਾ ਹੋਈ ਹੋਣ ਕਾਰਨ ਕੁੱਝ ਇੱਕ ਕੈਸਿਟਾਂ ਨੂੰ ਛੱਡ ਕੇ ਬਾਕੀਆਂ ਦੀ ਆਵਾਜ਼ ਠੀਕ ਨਹੀਂ ਸੀ।
ਬਹੁਤ ਸਾਰੇ ਬੰਦਿਆਂ ਦੇ ਮਿਲਦੇ ਰਹਿਣ ਕਰਕੇ ਅਤੇ ਉਮਰ ਵਡੇਰੀ ਹੋ ਜਾਣ ਕਰਕੇ ਉਹ ਦੋ ਚਾਰ ਵਾਰ ਮਿਲਣ ਵਾਲੇ ਨੂੰ ਪਛਾਣ ਨਹੀਂ ਸੀ ਸਕਦਾ। ਉਸ ਨੂੰ ਬਹੁਤੀ ਵਾਰ ਇਹ ਵੀ ਭੁੱਲ ਜਾਂਦਾ ਕਿ ਜਿਸ ਨਾਲ ਮੈਂ ਗੱਲਾਂ ਕਰ ਰਿਹਾ ਹਾਂ, ਇਹ ਗੱਲਾਂ ਮੈਂ ਇਸ ਨਾਲ ਪਹਿਲਾਂ ਵੀ ਕਰ ਚੁੱਕਾ ਹਾਂ। ਪਰ ਉਸ ਕੋਲ ਤਾਂ ਉਹੋ ਗੱਲਾਂ ਸਨ…ਜ਼ਿੰਦਗੀ ਦੇ ਕਸ਼ੀਦ ਕੀਤੇ ਹੋਏ ਤਜਰਬੇ। ਇਨ੍ਹਾਂ ਤਜਰਬਿਆਂ ਨੂੰ ਕਈ ਮੁਲਾਕਾਤਾਂ ਵਿਚ ਮੈਂ ‘ਘੁੱਟ ਘੁੱਟ ਕਰਕੇ ਪੀਤਾ ਹੈ’। ਮੈਂ ਸੀਤਲ ਦੀਆਂ ਲਗਪਗ ਸਾਰੀਆਂ ਲਿਖਤਾਂ ਪੜ੍ਹੀਆਂ ਹੋਈਆਂ ਨੇ, ਉਹਦੇ ਨਾਵਲ, ਕਹਾਣੀਆਂ, ਢਾਡੀ ਵਾਰਾਂ, ਗੁਰਮਤਿ ਸਾਹਿਤ, ਇਤਿਹਾਸ ਤੇ ਉਹਦੇ ਰੁਮਾਂਟਿਕ ਗੀਤ ਵੀ। ਉਹਦੀ ਜੀਵਨ ਕਹਾਣੀ ‘ਵੇਖੀ ਮਾਣੀ ਦੁਨੀਆ, ‘ਮੇਰੀਆਂ ਅਭੁੱਲ ਯਾਦਾਂ’ ਤੇ ‘ਮੇਰੀ ਸਾਹਿਤਕ ਸਵੈ-ਜੀਵਨੀ’ ਵੀ। ਮੈਂ ‘ਬਹੁਤ ਸਾਰੇ’ ਸੀਤਲ ਨੂੰ ਜਾਣਦਾ ਹਾਂ। ਮੈਂ ਉਸ ਨਾਲ ਦਰਜਨਾਂ ਮੁਲਾਕਾਤਾਂ ਕੀਤੀਆਂ। ਨਿੱਜੀ ਮੁਲਾਕਾਤਾਂ ਤੋਂ ਇਲਾਵਾ ਮੈਂ ਦਰਸ਼ਕਾਂ ਦੀ ਹਾਜ਼ਰੀ ਵਿਚ ਦੂਰਦਰਸ਼ਨ ’ਤੇ ਉਸ ਨਾਲ ਲੰਮੀ ਮੁਲਾਕਾਤ ਕੀਤੀ। ਆਪਣੇ ਕਾਲਜ ਵਿਚ ਉਹਦਾ ਰੂਬਰੂ ਕੀਤਾ। ਪੰਜਾਬ ਸਾਹਿਤ ਅਕਾਦਮੀ ਵਾਸਤੇ ਉਹਦੇ ਘਰ ਜਾ ਕੇ ਤਿੰਨ ਘੰਟੇ ਦੀ ਮੁਲਾਕਾਤ ਰਿਕਾਰਡ ਕੀਤੀ। ਮੈਂ ਜਿਹੜੀਆਂ ਗੱਲਾਂ ਕਰਾਂਗਾ, ਉਨ੍ਹਾਂ ਵਿਚ ਇਨ੍ਹਾਂ ਮੁਲਾਕਾਤਾਂ ਦਾ ਨਿਚੋੜ ਵੀ ਹੈ ਤੇ ਉਹਦੇ ਨਾਲ ਹੋਈਆਂ ਅਨੇਕਾਂ-ਅਨੇਕ ਨਿੱਜੀ ਮੁਲਾਕਾਤਾਂ ਦਾ ਕਸ਼ੀਦ ਕੀਤਾ ਤੱਤ ਵੀ। ਜ਼ਾਹਿਰ ਹੈ ਇਨ੍ਹਾਂ ਵਿਚ ਉਹਦੀਆਂ ਆਪਣੇ ਬਾਰੇ ਲਿਖੀਆਂ ਪੁਸਤਕਾਂ (ਵੇਖੀ-ਮਾਣੀ ਦੁਨੀਆਂ, ਸਾਹਿਤਕ ਸਵੈ-ਜੀਵਨੀ, ਮੇਰੀਆਂ ਅਭੁੱਲ ਯਾਦਾਂ) ਦੇ ਮਹੱਤਵਪੂਰਨ ਤੇ ਪ੍ਰਮਾਣਿਕ ਵੇਰਵੇ ਵੀ ਹਨ।
ਗੱਲ ਕੀ, ਸੀਤਲ ਹੁਰਾਂ ਦੀ ਸ਼ਖ਼ਸੀਅਤ ਪੌਣੀ ਸਦੀ ਤੋਂ ਮੇਰੇ ਅੰਗ-ਸੰਗ ਹੀ ਵਿਚਰਦੀ ਰਹੀ ਹੈ।
ਮੈਂ ਹੁਣ ਤੱਕ ਆਪਣੇ ਲੈਕਚਰਾਂ ਵਿਚ ਕਈ ਵਾਰ ਸੀਤਲ ਹੁਰਾਂ ਦੀਆਂ ਸੁਣਾਈਆਂ ਗੱਲਾਂ ਸਾਂਝੀਆਂ ਕਰਦਾ ਰਹਿੰਦਾ ਹਾਂ। ਆਖ਼ਰਕਾਰ ਮੈਂ ਸੋਚਿਆ ਕਿ ਕਿਉਂ ਨਾ ਇੱਕੋ ਵਾਰ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਗੱਲਾਂ ਪੰਜਾਬੀ ਪਾਠਕਾਂ ਨਾਲ ਸਾਂਝੀਆਂ ਕਰ ਦਿਆਂ। ਉਨ੍ਹਾਂ ਦੀ ਮੁਹੱਬਤ ਦਾ ਕਰਜ਼ ਵੀ ਉੱਤਰ ਜਾਵੇਗਾ। ਹੈਰਾਨੀ ਤੇ ਦੁੱਖ ਹੁੰਦਾ ਹੈ ਕਿ ਅਸੀਂ ਕਿਵੇਂ ਆਪਣੇ ਮਹਾਨ ਲੇਖਕਾਂ/ਵਿਦਵਾਨਾਂ ਨੂੰ ਭੁੱਲ ਜਾਂਦੇ ਹਾਂ। ਨਵੀਂ ਪੀੜ੍ਹੀ ’ਤੇ ਕਾਹਦਾ ਦੋਸ਼! ਇਨ੍ਹਾਂ ਨੂੰ ਕੀ ਪਤਾ ‘ਸੀਤਲ’ ਹੋਣ ਦੇ ਕੀ ਅਰਥ ਹੁੰਦੇ ਨੇ!
ਨਵੀਂ ਪੀੜ੍ਹੀ ਨੂੰ ਇਹੋ ‘ਅਰਥ’ ਸਮਝਾਉਣ ਲਈ ਇਹ ਪੁਸਤਕ ਲਿਖਣ ਦਾ ਉਪਰਾਲਾ ਕੀਤਾ ਹੈ।