ਵੇਖੀ ਮਾਣੀ ਦੁਨੀਆਂ

ਸੋਹਣ ਸਿੰਘ ਸੀਤਲ
ਪ੍ਰਸਿੱਧ ਢਾਡੀ ਸੋਹਣ ਸਿੰਘ ਸੀਤਲ ਅਜਿਹਾ ਲਿਖਾਰੀ ਸੀ ਜਿਸ ਨੇ ਇਤਿਹਾਸ, ਨਾਵਲ, ਕਵਿਤਾ ਅਤੇ ਵਾਰਾਂ ਦੇ ਖੇਤਰ ਵਿਚ ਚੋਖਾ ਨਾਮਣਾ ਖੱਟਿਆ। ਇਹ ਲੇਖ ਉਸ ਦੀ ਸਵੈ-ਜੀਵਨੀ ‘ਵੇਖੀ ਮਾਣੀ ਦੁਨੀਆਂ’ ਦਾ ਮੁਢਲਾ ਹਿੱਸਾ ਹੈ। ਇਸ ਦਾ ਬਿਰਤਾਂਤ ਦੱਸਦਾ ਹੈ ਕਿ ਇਸ ਵਿਚ ਇਤਿਹਾਸ ਦਾ ਰੰਗ ਬਹੁਤ ਗੂੜ੍ਹਾ ਨਜ਼ਰੀਂ ਪੈਂਦਾ ਹੈ; ਆਪਣੀ ਗੱਲ ਰੱਖਣ ਲਈ ਉਹ ਇਤਿਹਾਸ ਹੀ ਨਹੀਂ, ਮਿਥਿਹਾਸ ਦੀਆਂ ਘਾਟੀਆਂ ਦੀ ਯਾਤਰਾ ਵੀ ਕਰਦਾ ਹੈ। ਇਸੇ ਕਰ ਕੇ ਇਹ ਸਾਰੇ ਪ੍ਰਸੰਗ ਉਸ ਦੀਆਂ ਵਾਰਾਂ ਜਿੰਨੇ ਹੀ ਦਿਲਚਸਪ ਅਤੇ ਨਿਰਾਲੇ ਹਨ।

ਆਪਣੀ ਕਹਾਣੀ, ਆਪਣੀ ਜ਼ਬਾਨੀ, ਬਹੁਤ ਔਖਾ ਕੰਮ ਹੈ। ‘ਅਬ੍ਰਹਾਮ ਕਾਉਲੋ’ ਤੇ ਫਿਰ ਲਿਖਤੀ ਰੂਪ ਵਿਚ? ਕਹਿੰਦਾ ਹੈ, “ਆਪਣੇ ਬਾਰੇ ਆਪ ਲਿਖਣਾ ਮੁਸ਼ਕਲ ਵੀ ਹੈ, ਤੇ ਦਿਲਚਸਪ ਵੀ। ਆਪਣੀ ਬੁਰਾਈ ਜਾਂ ਨਿੰਦਿਆ ਲਿਖਣਾ ਸਾਨੂੰ ਆਪ ਨੂੰ ਬੁਰਾ ਮਾਲੂਮ ਹੁੰਦਾ ਹੈ, ਤੇ ਜੇ ਆਪਣੀ ਤਾਰੀਫ਼ ਲਿਖਾਂਗੇ ਤਾਂ ਪਾਠਕ ਪਸੰਦ ਨਹੀਂ ਕਰਨਗੇ।”
“ਰਹਿਮਨ! ਮੁਸਕਲ ਅਤਿ ਬਨੀ, ਗਾੜੇ ਦੋਊ ਕਾਮ।
ਸਾਚ ਕਹੇਂ ਤੋ ਜਗ ਨਹੀਂ, ਝੂਟੇ ਮਿਲੇ ਨਾ ਰਾਮ।”
ਫ਼ਰਾਂਸ ਦਾ ਮਹਾਨ ਚਿੰਤਕ ਜੀਨ ਜੈਕ ਰੂਸੋ (ਜਨਮ 1712 ਈ.) ਆਪਣੀ ਜੀਵਨੀ ਵਿਚ ਲਿਖਦਾ ਹੈ, “ਮੈਂ ਇਕ ਆਦਮੀ ਨੂੰ ਆਮ ਲੋਕਾਂ ਦੇ ਸਾਹਮਣੇ ਨੰਗਾ ਕਰਨ ਲੱਗਾ ਹਾਂ, ਤੇ ਉਹ ਆਦਮੀ ਮੈਂ ਆਪ ਹਾਂ।”
ਸੱਚਮੁੱਚ ਇਹ ਦਲੇਰੀ ਭਰਿਆ ਕਦਮ ਹੈ ਪਰ ਕਈ ਵਾਰ ਏਨਾ ‘ਨੰਗਾ’ ਸੱਚ ਪਾਠਕ ਜਾਂ ਸਰੋਤੇ ਵਾਸਤੇ ਅਰੁਚੀ-ਕਰ ਬਣ ਜਾਂਦਾ ਹੈ, ਹਜ਼ਮ ਕਰਨਾ ਔਖਾ ਹੋ ਜਾਂਦਾ ਹੈ।
ਮਹਾਭਾਰਤ ਕਾਲ ਵਿਚ ਯੁਧਿਸ਼ਟਰ ਨੂੰ ‘ਸੱਚ ਪੁੱਤਰ’ ਕਿਹਾ ਜਾਂਦਾ ਹੈ। ਉਸ ਦੀ ਉਤਪਤੀ ਹੀ ‘ਸੱਚ’ (ਧਰਮ) ਤੋਂ ਮੰਨੀ ਜਾਂਦੀ ਹੈ। ਏਸੇ ਵਾਸਤੇ ਉਸ ਨੂੰ ‘ਪਾਂਡੂ ਪੁੱਤਰ’ ਕਹਿਣ ਦੀ ਥਾਂ ‘ਕੁੰਤੀ ਪੁੱਤਰ’ ਜਾਂ ‘ਸੱਚ ਪੁੱਤਰ’ ਕਿਹਾ ਜਾਂਦਾ ਹੈ। ਉਸ ਦੇ ਕਹੇ ਉਤੇ ਵੈਰੀ ਵੀ ਭਰੋਸਾ ਕਰ ਲੈਂਦੇ ਸਨ। ਉਹਦਾ ਪ੍ਰਣ ਤੇ ਦਾਅਵਾ ਸੀ ਕਿ ਮੈਂ ਉਮਰ ਭਰ ਕਦੇ ਝੂਠ ਨਹੀਂ ਬੋਲਿਆ ਪਰ ਨੀਤੀ ਦੇ ਚੱਕਰ ਵਿਚ ਆ ਕੇ ਉਸ ਨੂੰ ਪਹਾੜ ਜਿੱਡਾ ਝੂਠ ਬੋਲਣਾ ਪੈ ਗਿਆ।
ਮਹਾਭਾਰਤ ਦੀ ਕਥਾ ਹੈ, ਦ੍ਰੋਣਾਚਾਰਯ ਪਾਂਡਵ ਸੈਨਾ ਦੀ ਤਬਾਹੀ ਕਰ ਰਿਹਾ ਸੀ। ਭਗਵਾਨ ਕ੍ਰਿਸ਼ਨ ਨੇ ਕਿਹਾ ਕਿ ਜਿੰਨਾ ਚਿਰ ਦ੍ਰੋਣਾਚਾਰਯ ਨਹੀਂ ਮਰੇਗਾ, ਪਾਂਡਵਾਂ ਦੀ ਖ਼ੈਰ ਨਹੀਂ ਪਰ ਸਵਾਲ ਹੈ ਕਿ ਉਹਨੂੰ ਮਾਰਿਆ ਕਿਵੇਂ ਜਾਵੇ? ਜਵਾਬ ਮਿਲਿਆ ਕਿ ਉਸ ਨੂੰ ਯਕੀਨ ਕਰਾ ਦਿਹੋ ਕਿ ਉਸ ਦਾ ਪੁੱਤਰ ਅਸ਼ਵਥਾਮਾ ਮਾਰਿਆ ਗਿਆ ਹੈ ਤਾਂ ਉਹ ਬੇਹੌਸਲਾ ਹੋ ਕੇ ਹਥਿਆਰ ਸੁੱਟ ਦੇਵੇਗਾ।
ਹੁਣ ਸਵਾਲ ਸੀ ਕਿ ਝੂਠ ਨੂੰ ਯਕੀਨੀ ਬਨਾਉਣ ਵਾਸਤੇ ਸੱਚ ਦੀ ਦੁਰ-ਵਰਤੋਂ ਕਿੱਥੋਂ ਤਕ ਕੀਤੀ ਜਾਵੇ। ਪਾਂਡੋ ਜਾਣਦੇ ਸਨ ਕਿ ਦਰੋਣਾਚਾਰਯ ਨੇ ਯੁਧਿਸ਼ਟਰ ਤੋਂ ਬਿਨਾਂ ਕਿਸੇ ਹੋਰ ਦੀ ਗੱਲ ਉਤੇ ਇਤਬਾਰ ਨਹੀਂ ਕਰਨਾ। ਉਹਨਾਂ ਯੁਧਿਸ਼ਟਰ ‘ਤੇ ਜ਼ੋਰ ਪਾਇਆ ਕਿ ਤੂੰ ਇਕ ਵਾਰ ਕਹਿ ਦੇਈਂ ਕਿ ਅਸ਼ਵਥਾਮਾ ਮਾਰਿਆ ਗਿਆ ਹੈ। ਯੁਧਿਸ਼ਟਰ ਮੰਨੇ ਨਾ। ਉਹ ਕਹੇ, ਮੈਂ ਤਾਂ ‘ਸੱਚ ਪੁੱਤਰ’ ਹਾਂ, ਇਸ ਤਰ੍ਹਾਂ ਮੇਰੇ ਨਾਮ ਨੂੰ ਲਾਜ ਲੱਗੇਗੀ। ਅਖ਼ੀਰ ਸਾਰੇ ਪਾਂਡਵਾਂ ਨੇ ਦਬਾ ਪਾ ਕੇ ਯੁਧਿਸ਼ਟਰ ਨੂੰ ਬਹੁਤ ਹੱਦ ਤੱਕ ਜਾਂ ਸਮਝੋ, ਬਹਾਨੇ ਨਾਲ ਰਜ਼ਾਮੰਦ ਕਰ ਲਿਆ। ਮਾਲਵਾ ਦੇਸ ਦੇ ਰਾਜਾ ਇੰਦਰਵਰਮਾ ਦੇ ਇਕ ਹਾਥੀ ਦਾ ਨਾਮ ਅਸ਼ਵਥਾਮਾ ਸੀ (ਜਾਂ ਉਸ ਦਾ ਨਾਮ ਅਸ਼ਵਥਾਮਾ ਰੱਖ ਦਿੱਤਾ ਗਿਆ)। ਭੀਮ ਸੈਨ ਨੇ ਉਸ ਹਾਥੀ ਨੂੰ ਗੁਰਜ ਮਾਰ ਕੇ ਮਾਰ ਦਿਤਾ। ਫਿਰ ਭੀਮ ਸੈਨ ਨੇ ਉੱਚੀ ਆਵਾਜ਼ ਵਿਚ ਦਰੋਣਾਚਾਰਯ ਨੂੰ ਕਿਹਾ ਕਿ ਅਸ਼ਵਥਾਮਾ ਮਾਰਿਆ ਗਿਆ ਹੈ।
ਦਰੋਣਾਚਾਰਯ ਨੇ ਉਤਰ ਵਿਚ ਕਿਹਾ, “ਤੁਸੀਂ ਸਭ ਝੂਠੇ ਹੋ। ਮੈਂ ਤੁਹਾਡੇ ਉਤੇ ਇਤਬਾਰ ਨਹੀਂ ਕਰਦਾ। ਹਾਂ, ਯੁਧਿਸ਼ਟਰ ਕਹਿ ਦੇਵੇ ਤਾਂ ਮੈਂ ਯਕੀਨ ਕਰ ਲਵਾਂਗਾ।”
ਇਹ ਸੀ ਪ੍ਰੀਖਿਆ ਦਾ ਸਮਾਂ। ਅੰਤ ਸੱਚ ਦਾ ਦਾਅਵਾ ਕਰਨ ਵਾਲੇ ਸੱਚ ਪੁੱਤਰ ਯੁਧਿਸ਼ਟਰ ਨੇ ਉੱਚੀ ਆਵਾਜ਼ ਵਿਚ ਕਹਿ ਦਿੱਤਾ, “ਅਸ਼ਵਥਾਮਾ ਮਾਰਿਆ ਗਿਆ ਹੈ।” ਤੇ ਨਾਲ ਹੀ ਹੌਲੀ ਜਿਹੀ ਕਹਿ ਦਿਤਾ ਕਿ ‘ਉਹ ਅਸ਼ਵਥਾਮਾ ਹਾਥੀ ਹੈ, ਪੁਰਸ਼ ਨਹੀਂ।’
ਯੁਧਿਸ਼ਟਰ ਦੀ ਜ਼ਬਾਨ ਉਤੇ ਇਤਬਾਰ ਕਰ ਕੇ ਦਰੋਣਾਚਾਰਯ ਨੇ ਹਥਿਆਰ ਤਿਆਗ ਦਿਤੇ, ਤੇ ਉਸ ਹਾਲਤ ਵਿਚ ਧ੍ਰਿਸ਼ਟਦੁਮਨ ਨੇ ਦਚੋਣਾਚਾਰਯ ਦਾ ਸਿਰ ਵੱਢ ਲਿਆ।
ਜੇ ‘ਸੱਚ ਪੁੱਤਰ’ ਅਖਵਾਉਣ ਵਾਲੇ ਦਾ ਇਹ ਹਾਲ ਹੈ ਤਾਂ ਸਾਧਾਰਨ ਆਦਮੀ ‘ਨਿਰੋਲ ਸੱਚ’ ਬੋਲਣ ਦਾ ਦਾਅਵਾ ਕਿੱਥੋਂ ਤਕ ਨਿਭਾ ਸਕਦਾ ਹੈ।
ਮਹਾਤਮਾ ਗਾਂਧੀ ਜੀ ਵੀ ਆਪਣੀ ਜੀਵਨ ਕਥਾ ਵਿਚ ਸੱਚ ਬੋਲਣ ਦਾ ਦਾਅਵਾ ਕਰਦੇ ਹਨ। ਮੈਂ ਉਹਨਾਂ ਦੇ ‘ਸੱਚ’ ਬਾਰੇ ਸ਼ੱਕ ਨਹੀਂ ਕਰਦਾ ਪਰ ਸਵਾਲ ਹੈ ਕਿ ਕਿਹੜਾ ਸੱਚ। ‘ਸੱਚ’ ਦੀਆਂ ਵੀ ਕਿਸਮਾਂ ਹਨ, ਕੁਛ ਦਰਜੇ ਹਨ। ਇਕ ‘ਨਿਜੀ ਸੱਚ’ ਹੈ ਜਿਸ ਦਾ ਸਬੰਧ ਕੇਵਲ ਸਾਡੀ ਜ਼ਾਤ ਨਾਲ ਹੈ ਪਰ ਜੇ ਉਹਦਾ ਅਸਰ ਗਵਾਂਢੀ ਲੋਕਾਂ ‘ਤੇ ਵੀ ਪੈਂਦਾ ਹੋਵੇ ਤਾਂ ਉਹ ਨਿੱਜੀ ਸੱਚ ਹੁੰਦਿਆਂ ਹੋਇਆਂ ਵੀ ‘ਸਮਾਜਕ ਸੱਚ’ ਬਣ ਗਿਆ। ਸੋ, ਜਿਸ ਸੱਚ ਦਾ ਅਸਰ ਆਸਪਾਸ ਦੇ ਸਮਾਜ ਉਤੇ ਪਵੇ, ਉਸ ਦੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਸੱਚ ਸਮਾਜ ਦਾ ਸੁਧਾਰ ਕਰਦਾ ਹੈ ਪਰ ਕੋਈ ਸਮਾਜ ਨੂੰ ਵਿਗਾੜ ਵੀ ਦੇਂਦਾ ਹੈ। ਉਸ ਤੋਂ ਅੱਗੇ ‘ਧਾਰਮਿਕ ਸੱਚ’ ਹੈ। ਇਸ ਉਤੇ ਅਮਲ ਕਰਨਾ ਬਹੁਤ ਔਖਾ ਹੈ। ਕਈ ਵਾਰ ਜਿਸ ਧਰਮ ਨੂੰ ਅਸੀਂ ਮੰਨਦੇ ਹਾਂ (ਭਾਵੇਂ ਉਹ ਮੰਨਣਾ ਮਰਦਮਸ਼ੁਮਾਰੀ ਤਕ ਹੀ ਸੀਮਿਤ ਹੋਵੇ), ਉਸ ਦੀ ਕਿਸੇ ਸਚਾਈ ਉਤੇ ਸਾਨੂੰ ਸ਼ੰਕਾ ਵੀ ਹੋਵੇ ਤਾਂ ਅਸੀਂ ਇਸ ਵਾਸਤੇ ਸੱਚ ਕਹਿਣ ਦੀ ਹਿੰਮਤ ਨਹੀਂ ਕਰਦੇ ਕਿ ਸਾਡੇ ਧਰਮ-ਭਾਈ ਸਾਨੂੰ ਧਰਮ ਤੋਂ ਖ਼ਾਰਜ ਨਾ ਕਰ ਦੇਣ। ਉਸ ਹਾਲਤ ਵਿਚ ਅਸੀਂ ਧਰਮ ਦੋਖੀ ਜਾਂ ਅਧਰਮੀ ਮੰਨੇ ਜਾਵਾਂਗੇ, ਤੇ ਲੋਕਾਂ ਵਿਚ ਸਾਡੀ ਸਾਖ ਕਮਜ਼ੋਰ ਹੋ ਜਾਵੇਗੀ।
ਇਕ ਹੈ ‘ਰਾਜਨੀਤਕ ਸੱਚ’। ਇਸ ਦਾ ਦਾਅਵਾ ਤਾਂ ਅਸਲੋਂ ਹੀ ਨਿਰਮੂਲ ਹੈ। ਰਾਜਨੀਤੀ ਦਾ ਅਰਥ ਹੈ, ਵਿਰੋਧੀ ਨੂੰ ਧੋਖਾ ਦੇ ਕੇ ਆਪ ਜੇਤੂ ਬਣਨਾ। ਜੋ ਮਨੁੱਖ ਰਾਜਨੀਤੀ ਵਿਚ ਹਿੱਸਾ ਲੈਂਦਾ ਹੈ, ਉਸ ਦਾ ਸੱਚ ਦਾ ਦਾਅਵਾ ਕਰਨਾ ਬੜੀ ਹਾਸੋਹੀਣੀ ਗੱਲ ਹੈ। ਮਿਸਾਲ ਵਜੋਂ ਵੱਡੀ ਕੌਮ ਛੋਟੀ ਕੌਮ ਨੂੰ ਖਾ ਜਾਣਾ ਚਾਹੁੰਦੀ ਹੈ ਪਰ ਉਸ ਦੇ ਨੀਤੀਵਾਨ ਆਗੂ ਬੜੇ ਮਿੱਠੇ ਸ਼ਬਦਾਂ ਵਿਚ ਕਹਿਣਗੇ, ‘ਇਸ ਛੋਟੀ ਜਿਹੀ ਕੌਮ ਨੂੰ ਹਰ ਪਾਸਿਓਂ ਖ਼ਤਰਾ ਹੈ। ਇਸ ਲਈ ਅਸੀਂ ਇਸ ‘ਤੇ ਤਰਸ ਖਾ ਕੇ ਇਸ ਨੂੰ ਆਪਣੇ ਵਿਚ ਮਿਲਾ ਲੈਣਾ ਚਾਹੁੰਦੇ ਹਾਂ ਤਾਂ ਕਿ ਇਹ ਖ਼ਤਰਾ ਹਮੇਸ਼ਾ ਵਾਸਤੇ ਦੂਰ ਹੋ ਜਾਵੇ।’
ਬੱਸ, ਛੋਟੀ ਕੌਮ ਵੱਡੀ ਕੌਮ ਵਿਚ ਮਿਲ ਗਈ ਜਾਂ ਦੂਸਰੇ ਸ਼ਬਦਾਂ ਵਿਚ ਵੱਡੀ ਕੌਮ ਨੇ ਛੋਟੀ ਨੂੰ ਖਾ ਲਿਆ, ਤੇ ਹਜ਼ਮ ਕਰ ਲਿਆ। ਸੋ ਖ਼ਤਰਾ ਹਮੇਸ਼ਾ ਵਾਸਤੇ ਮਿਟ ਗਿਆ।
ਇਹ ਵੀ ਸੱਚ ਹੈ। ਸੱਚ ਦੀਆਂ ਕਿੰਨੀਆਂ ਕੁ ਵੰਨਗੀਆਂ ਦਾ ਜ਼ਿਕਰ ਕੀਤਾ ਜਾਵੇ।
ਆਖ਼ਰੀ ਸਵਾਲ ਹੈ, ਫਿਰ ਕਹਾਣੀ ਲਿਖਣ ਵਾਸਤੇ ਕਿਹੜਾ ਸਿਧਾਂਤ ਅਪਣਾਇਆ ਜਾਵੇ।
ਮੇਰੀ ਰਾਏ ਹੈ ਇਕ ਸਾਦਾ ਜਿਹਾ ਰਸਤਾ। “ਝੂਠ ਤੋਂ ਪੂਰੀ ਤਰਾਂ ਪਰਹੇਜ਼ ਕਰੋ। ਸੱਚ ਦਾ ਸਾਥ ਨਾ ਛੱਡੋ ਪਰ ਜਿਸ ਸੱਚ ਦਾ ਦੂਸਰੇ ਉਤੇ ਮਾੜਾ ਅਸਰ ਪੈਂਦਾ ਹੋਵੇ, ਉਸ ਨੂੰ ਥੋੜ੍ਹਾ ਜਿਹਾ ਅੱਖਾਂ ਤੋਂ ਉਹਲੇ ਵੀ ਕਰ ਦਿਹੋ।”
(2)
ਮੇਰੀ ਕਹਾਣੀ ਮੇਰੇ ਜਨਮ ਤੋਂ ਸ਼ੁਰੂ ਹੋਵੇਗੀ ਪਰ ਉਸ ਦੇ ਪਿਛੋਕੜ ਉਤੇ ਵੀ ਨਜ਼ਰ ਮਾਰਨੀ ਪਵੇਗੀ। ਜਿੰਨਾ ਚਿਰ ਬੁਨਿਆਦ ਨਹੀਂ ਬਣੇਗੀ, ਓਨਾ ਚਿਰ ਮਕਾਨ ਕਿਵੇਂ ਹੋਂਦ ਵਿਚ ਆਵੇਗਾ, ਭਾਵੇਂ ਉਹ ਛੋਟਾ ਹੀ ਹੋਵੇ। ਜੀਵਨ ਰੂਪੀ ਮਕਾਨ ਦੀ ਨੀਂਹ ਉਸ ਦਾ ਪਿਛੋਕੜ ਹੈ।
ਮੌਜੂਦਾ ਜ਼ਿਲ੍ਹਾ ਗੁਰਦਾਸ ਪੁਰ ਵਿਚ ‘ਪੰਨੂਆਂ ਦੀਆਂ ਮਾੜੀਆਂ’ ਪ੍ਰਸਿੱਧ ਹਨ, ਉਹਨਾਂ ਵਿਚੋਂ ਕੋਈ ਵੀ ਵੱਡਾ ਪਿੰਡ ਨਹੀਂ। ਨਾ ਹੀ ਉਹਨਾਂ ਦਾ ਰਕਬਾ ਬਹੁਤੇ ਖਿਲਾਰ ਵਾਲਾ ਹੈ। ਜੱਟ ਬਰਾਦਰੀ ਦੀ ਪੰਨੂੰ ਗੋਤ ਉਹਨਾਂ ਦੀ ਮਾਲਕ ਸੀ, ਤੇ ਅੱਜ ਵੀ ਹੈ। ਸਭ ਦਾ ਪਿਤਾ ਪੁਰਖੀ ਕਿੱਤਾ ਵਾਹੀ ਸੀ। ਜਿਸ ਘਰ ਦੇ ਜੀਆਂ ਦੀ ਗਿਣਤੀ ਵਧ ਗਈ; ਉਹਨਾਂ ਕੋਲ ਹਿੱਸੇ ਆਉਂਦੀ ਧਰਤੀ ਲੋੜ ਨਾਲੋਂ ਘਟ ਗਈ। ਵਾਹੀ ਤੋਂ ਬਿਨਾਂ ਉਹ ਹੋਰ ਕੁਛ ਕਰਨਾ ਨਹੀਂ ਸਨ ਜਾਣਦੇ। ਸੋ ਧਰਤੀ ਦੀ ਥੁੜ੍ਹ ਤੋਂ ਤੰਗ ਆ ਕੇ ਕੁਛ ਲੋਕ ਘਰ ਛੱਡ ਕੇ ਨਿਕਲ ਤੁਰੇ।
ਤਰਨ ਤਾਰਨ ਦਾ ਉਦਾਲਾ ਓਦੋਂ ਬਹੁਤਾ ਆਬਾਦ ਨਹੀਂ ਸੀ। ਬਹੁਤੀ ਧਰਤੀ ਵੀ ਮਾਲਕਾਂ ਦੇ ਕਬਜ਼ੇ ਤੋਂ ਮੁਕਤ ਖ਼ਾਲੀ ਪਈ ਸੀ। ਮਾੜੀਆਂ ਤੋਂ ਨਿਕਲ ਕੇ ਆਏ ਪੰਨੂੰਆਂ ਨੇ ਓਥੇ ਦੋ ਨਵੇਂ ਪਿੰਡ ਆ ਵਸਾਏ। ਇਕ ਹੈ ‘ਜੌੜਾ’ ਜੋ ਤਰਨ ਤਾਰਨ ਤੋਂ ਨੇੜੇ ਹੀ ਹੈ, ਤੇ ਦੂਸਰਾ ਹੈ ‘ਨੌਸ਼ਹਿਰਾ ਪੰਨੂੰਆਂ’ ਜੋ ਤਰਨ ਤਾਰਨ ਤੋਂ ਹਰੀ ਕੇ ਪੱਤਣ ਨੂੰ ਜਾਣ ਵਾਲੀ ਸੜਕ ਉਤੇ ਹੈ। ਅੱਜ ਕੱਲ੍ਹ ਵਸੋਂ ਦੇ ਪੱਖੋਂ ਨੌਸ਼ਹਿਰਾ ਪੰਨੂੰਆਂ ਕਾਫ਼ੀ ਵੱਡਾ ਪਿੰਡ ਹੈ ਪਰ ਜੌੜਾ ਛੋਟਾ ਹੀ ਹੈ। ਉਹਨਾਂ ਪਿੰਡਾਂ ਦੇ ਵੱਸਣ ਬਾਰੇ ਤਿੰਨ ਰਾਵਾਂ ਹਨ। ਨੌਸ਼ਹਿਰੇ ਵਾਲੇ ਕਹਿੰਦੇ ਹਨ ਕਿ ਪਹਿਲਾਂ ਨੌਸ਼ਹਿਰਾ ਬੱਝਾ, ਤੇ ਪਿਛੋਂ ਉਸ ਵਿਚੋਂ ਨਿਕਲ ਕੇ ਕੁਛ ਘਰਾਂ ਨੇ ਜੌੜਾ ਪਿੰਡ ਜਾ ਬੱਧਾ ਪਰ ਜੌੜੇ ਦੇ ਕੁਛ ਬਜ਼ੁਰਗ ਦੱਸਿਆ ਕਰਦੇ ਸਨ ਕਿ ਮਾੜੀਆ ਵਿਚੋਂ ਆ ਕੇ ਪਹਿਲਾਂ ਜੌੜਾ ਆਬਾਦ ਹੋਇਆ। ਪਿੱਛੋਂ ਜੌੜ ਵਿਚੋਂ ਨਿਕਲ ਕੇ ਨੌਸ਼ਹਿਰਾ ਵੱਸਿਆ; ਤੇ ਤੀਸਰੇ ਪੱਖ ਦੀ ਰਾਏ ਹੈ ਕਿ ਮਾੜੀਆਂ ਤੋਂ ਆ ਕੇ ਦੋਵੇਂ ਪਿੰਡ ਇਕੇ ਸਮੇਂ ਆਬਾਦ ਹੋਏ। ਕੁਛ ਘਰ ਜੋੜੇ ਵਿਚ ਬਹਿ ਗਏ ਤੇ ਕੁਛ ਨੌਸ਼ਹਿਰੇ। ਚਲੋ, ਇਹ ਵਿਚ-ਵਿਚਾਲੇ ਵਾਲਾ ਰਸਤਾ ਠੀਕ ਹੈ। ਨਾ ਕੋਈ ਵੱਡਾ, ਨਾ ਛੋਟਾ, ਦੋਵੇਂ ਭਰਾ (ਪਿੰਡ) ਜੌੜੇ ਜੰਮੇ ਹੀ ਮੰਨ ਲਵੋ ਪਰ ਇਹ ਪਿੰਡ ਕਦੋਂ ਵੱਸੇ, ਇਹ ਕਿਸੇ ਬਜ਼ੁਰਗ ਨੇ ਵੀ ਸਾਨੂੰ ਨਹੀਂ ਸੀ ਦੱਸਿਆ। ਪੁਰਾਣੇ ਲੋਕਾਂ ਨੂੰ ਆਪਣੇ ਜਨਮ ਦਾ ਚੇਤਾ ਨਹੀਂ ਸੀ ਹੁੰਦਾ ਤਾਂ ਪਿੰਡ ਦੇ ਜਨਮ ਦਾ ਕੌਣ ਚੇਤਾ ਰੱਖਦਾ।
ਆਪਣੇ ਪਿੰਡ ‘ਕਾਦੀਵਿੰਡ’ ਬਾਰੇ ਮੈਂ ਦੱਸ ਸਕਦਾ ਹਾਂ ਕਿ ਸਾਡੇ ਵੱਡੇ ਜੌੜੇ ਵਿਚੋਂ ਆਏ ਸਨ। ਇਸ ਦਾ ਸਬੂਤ? ਮੈਂ ਛੋਟਾ ਜਿਹਾ ਸਾਂ ਜਾਂ ਜੋੜੇ ਵਿਚ ਵੱਸਣ ਵਾਲਾ ਬਿਰਧ ਪੰਡਤ (ਖ਼ਾਨਦਾਨੀ ਪ੍ਰੋਹਤ) ਸਾਡੇ ਵੀ ਸਾਲ ਛਿਮਾਹੀਂ ਦੱਛਣਾ (ਉਗਰਾਹੀ) ਲੈਣ ਆਇਆ ਕਰਦਾ ਸੀ। ਉਹ ਦੱਸਦਾ ਹੁੰਦਾ ਸੀ, ਤੁਸੀਂ ਸਾਡੇ ਪੀੜ੍ਹੀਆਂ ਤੋਂ ਚਲੇ ਆ ਰਹੇ ਜਜਮਾਨ ਹੋ। ਤੁਸੀਂ ਜੌੜੇ ਵਿਚੋਂ ਆ ਕੇ ਏਥੇ ਆਬਾਦ ਹੋਏ ਹੋ। ਜੌੜੇ ਦੇ ਕੁਛ ਬਜ਼ੁਰਗ ਵੀ ਮੈਨੂੰ ਬੜੇ ਤੇਹ ਨਾਲ ਕਿਹਾ ਕਰਦੇ ਸਨ, “ਭਈ, ਤੂੰ ਸਾਡਾ ਲਹੂ ਹੈਂ। ਤੁਹਾਡੇ ਵੱਡੇ ਸਾਡੇ ਵਿਚੋਂ ਹੀ ਜਾ ਕੇ ਕਾਦੀਵਿੰਡ ਵੱਸੇ ਸਨ।”
ਹੁਣ ਸਵਾਲ ਹੈ ਕਿ ਕਾਦੀਵਿੰਡ ਕਦੋਂ ਵੱਸਿਆ? ਇਸ ਦਾ ਉੱਤਰ ਮੁਸ਼ਕਲ ਹੈ। ਕਸੂਰ ਤੋਂ ਚਾਰ ਮੀਲ ਦੂਰ ਉੱਤਰ ਵੱਲ ਇਹ ਕਾਜ਼ੀਆਂ ਦਾ ਪਿੰਡ ਸੀ। ਇਸ ਦੀ ਉਮਰ ਕਸੂਰ ਜਿੰਨੀ ਤਾਂ ਪੁਰਾਣੀ ਨਹੀਂ ਹੋ ਸਕਦੀ ਕਿਉਂਕਿ ਕਸੂਰ ਤੇ ਲਾਹੌਰ ਭਗਵਾਨ ਰਾਮ ਚੰਦਰ ਜੀ ਦੇ ਸਾਹਿਬਜ਼ਾਦਿਆਂ ‘ਲਊ’ ਤੇ ‘ਕੁੱਸੂ’ ਦੇ ਵਸਾਏ ਮੰਨੇ ਜਾਂਦੇ ਹਨ। ਉਸ ਵੇਲੇ ਅਜੇ ਇਸਲਾਮ ਹੀ ਹੋਂਦ ਵਿਚ ਨਹੀਂ ਸੀ ਆਇਆ ਤਾਂ ਕਾਜ਼ੀ ਕਿੱਥੋਂ ਆ ਜਾਂਦੇ ਪਰ ਅੰਦਾਜ਼ਾ ਹੈ ਕਿ ਜਦੋਂ ਕਸੂਰ ਉਤੇ ਪਠਾਣਾਂ ਦਾ ਕਬਜ਼ਾ ਹੋ ਗਿਆ, ਓਦੋਂ ਉਹਨਾਂ ਇਹ ਕਾਜ਼ੀਆਂ ਦਾ ਪਿੰਡ ‘ਕਾਦੀਵਿੰਡ’ ਵਸਾਇਆ। ਇਹ ਕਦੇ ਇਸਲਾਮੀ ਤਾਲੀਮ ਦਾ ਗੜ੍ਹ ਸੀ, ਤੇ ਏਥੇ ਵਧੇਰੇ ਵਸੋਂ ਕਾਜ਼ੀਆਂ ਦੀ ਸੀ। ਮੁਗਲਾਂ ਦੇ ਸਮੇਂ ਏਥੋਂ ਦੇ ਕਈ ਨਾਮਵਰ ਆਦਮੀ ਸਰਕਾਰੀ ਅਦਾਲਤਾਂ ਵਿਚ ‘ਮੁਫ਼ਤੀ’ ਦੇ ਉੱਚੇ ਅਹੁਦਿਆਂ ਉਤੇ ਹੁੰਦੇ ਸਨ। ਇਹ ਗੱਲਾਂ ਮੈਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਸਨ। ਫਿਰ ਉਸ ਥੇਹ ਤੋਂ ਕਈ ਵਾਰ ਪੁਰਾਣੀਆਂ ਇੱਟਾਂ ਨਿਕਲਿਆ ਕਰਦੀਆਂ ਸਨ ਜੋ ਨੌਂ ਇੰਚ ਚੌੜੀਆਂ, ਏਨੀਆਂ ਹੀ ਲੰਮੀਆਂ ਤੇ ਢਾਈ-ਕੁ ਇੰਚ ਮੋਟੀਆਂ ਹੁੰਦੀਆਂ ਸਨ। ਕਈ ਇੱਟਾਂ ਦੇ ਸੱਚੇ ਵਿਚ ਅਰਬੀ ਦੇ ਅੱਖਰ ਉੱਕਰੇ ਹੁੰਦੇ ਸਨ।
ਅਸਾਂ ਇਹ ਵੇਖਣਾ ਹੈ ਕਿ ਸਾਡੇ ਵੱਡੇ ਓਥੇ ਕਦੋਂ ਕਾਬਜ਼ ਹੋਏ।
1763 ਈ. ਦੇ ਮਈ (ਜੇਠ) ਮਹੀਨੇ ਵਿਚ ਸ. ਹਰੀ ਸਿੰਘ ਭੰਗੀ ਨੇ ਕਸੂਰ ਮਾਰਿਆ ਸੀ। ਅੰਮ੍ਰਿਤਸਰ ਵਿਸਾਖੀ ਦੇ ਸਮੇਂ ਕਸੂਰ ਦੇ ਇਕ ਦੁਖੀ ਪੰਡਤ ਨੇ ਪੰਥ ਅੱਗੇ ਫਰਯਾਦ ਕੀਤੀ ਕਿ ਕਸੂਰ ਦੇ ਪਠਾਣ ਹਾਕਮ ਉਸਮਾਨ ਖ਼ਾਂ ਨੇ ਮੇਰੀ ਸੱਜ-ਵਿਆਹੀ ਪਤਨੀ ਖੋਹ ਲਈ ਹੈ। ਏਥੇ ਹੀ ਬੱਸ ਨਹੀਂ, ਉਹ ਪਠਾਣ ਹਾਕਮ ਤੇ ਮੁੱਲਾਂ ਮੁਲਾਣੇ ਬਾਜ਼ਾਰਾਂ ਤੇ ਹਿੰਦੂਆਂ ਦੇ ਘਰਾਂ ਵਿਚ ਜਾ ਕੇ ਗਾਈਂ ਹਲਾਲ ਕਰਦੇ ਹਨ। ਫੇਰ ਕੀ ਸੀ, ਸਿੰਘ ਜੈਕਾਰੇ ਛੱਡ ਕੇ ਤਿਆਰ ਹੋ ਪਏ। ਸਭ ਤੋਂ ਅੱਗੇ ਸ. ਹਰੀ ਸਿੰਘ ਦੀ ਜਥੇਦਾਰੀ ਥੱਲੇ ਮਿਸਲ ਭੰਗੀਆਂ ਲੱਗੀ। ਉਹਦੇ ਨਾਲ ਮਿਸਲ ਸ਼ੁਕਰਚੱਕੀਆਂ, ਰਾਮਗੜ੍ਹੀਆਂ, ਕਨ੍ਹਈਆਂ ਤੇ ਨਕਈਆਂ ਵਾਲੀਆਂ ਵੀ ਤੁਰ ਪਈਆਂ। ਇਹਨਾਂ ਮਿਸਲਾਂ ਦੀ ਫ਼ੌਜ ਵਿਚ ਵਧੇਰੇ ਸਿੰਘ ਮਾਝੇ ਦੇ ਸਨ। ਕਸੂਰੀ ਪੰਡਤ ਉਹਨਾਂ ਦੀ ਅਗਵਾਈ ਕਰ ਰਿਹਾ ਸੀ।
ਕਸੂਰ ਦੇ ਪਠਾਣਾਂ ਦੀ ਤਾਕਤ ਉਸ ਵੇਲੇ ਸਿਖ਼ਰ ‘ਤੇ ਸੀ। ਕਸੂਰ ਤੋਂ ਚਾਰ ਮੀਲ ਉੱਤਰ ਵੱਲ ਕਾਜ਼ੀਆਂ ਦਾ ਪਿੰਡ ‘ਕਾਦੀਵਿੰਡ’ ਸੀ। ਉਸ ਦੇ ਪਏ ਪੁਰਾਣੇ ਥੇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਦੇ ਉਹ ਚਾਰ-ਪੰਜ ਹਜ਼ਾਰ ਵਸੋਂ ਦਾ ਨੱਗਰ ਹੋਵੇਗਾ। ਅਸਲ ਵਿਚ ਉਹ ਕਸੂਰੀ ਹਾਕਮਾਂ ਦੀ ਉੱਤਰੀ ਬਾਹੀ ਦੀ ਰਖਵਾਲੀ ਕਰਨ ਵਾਲੀ ਮਜ਼ਬੂਤ ਧਿਰ ਸੀ। ਪਿੰਡ ਦੇ ਚੜ੍ਹਦੇ ਤੇ ਲਹਿੰਦੇ ਪਾਸੇ ਦੋ ਵੱਡੀਆਂ ਡਿਉਢੀਆਂ ਸਨ, ਦੋ ਮੰਜ਼ਲੀਆਂ। ਪੱਛਮੀ ਪਾਸੇ ਦੀ ਡਿਉਢੀ ਦੀ ਉਪਰਲੀ ਮੰਜ਼ਲ ਵਿਚ ਬਹੁਤ ਵੱਡੀ ਨੌਬਤ ਪਈ ਹੁੰਦੀ ਸੀ ਜਿਸ ਕੋਲ ਇਕ ਪਹਿਰੇਦਾਰ ਹਰ ਵੇਲੇ ਸੁਚੇਤ ਰਹਿੰਦਾ ਸੀ। ਕਿਸੇ ਕਿਸਮ ਦਾ ਖ਼ਤਰਾ ਨਜ਼ਰ ਆਏ ਤਾਂ ਉਸ ਪਹਿਰੇਦਾਰ (ਟਾਂਗੂ) ਦਾ ਫ਼ਰਜ਼ ਸੀ ਕਿ ਉਹ ਨੌਬਤ ਉਤੇ ਮਿਥੇ ਹੋਏ ਸੰਕੇਤ ਅਨੁਸਾਰ ਡੱਗਾ ਲਾ ਕੇ ਇਕ ਪਾਸੇ ਕਸੂਰ ਤੇ ਦੂਸਰੇ ਪਾਸੇ ਅਲਗੋਂ ਤੇ ਘਰਿਆਲੇ ਖ਼ਬਰ ਪਚਾਏ। ਕਸੂਰ ਤਾਂ ਨੌਬਤ ਦੀ ਆਵਾਜ਼ ਆਸਾਨੀ ਨਾਲ ਪੁੱਜ ਜਾਂਦੀ ਸੀ ਪਰ ਅਲਗੋਂ ਤੇ ਘਰਿਆਲੇ ਦੇ ਸੰਨ ਵਿਚ ਛੋਟੀਆਂ ਪਿਕਟਾਂ (ਖ਼ਾਸ ਕਰ ਨੱਗਰ ਭੂਰੇ) ਵੀ ਹੈ ਸਨ।
ਪਿੰਡ ਦੀ ਪਹਾੜ ਦੀ ਬਾਹੀ ਲਹਿੰਦੇ ਚੜ੍ਹਦੇ ਜਾਂਦਾ ਸ਼ਾਹੀ ਰਸਤਾ ਸੀ। ਉਸ ਰਾਹ ਉਤੇ (ਪਿੰਡੋਂ ਚੜ੍ਹਦੇ ਪਾਸੇ) ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦੁਆਰਾ ‘ਗੁਰੂ ਕਾ ਝਾੜ’ ਸੀ, ਤੇ ਪਿੰਡੋਂ ਲਹਿੰਦੇ ਪਾਸੇ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਸੀ ਜੋ ਹਜ਼ੂਰ ਦੇ ਸ਼ਰਧਾਲੂ ਸਿੱਖ ‘ਭਾਈ ਬਹਿਲੋਲ’ ਦੇ ਨਾਮ ਉਤੇ ਪ੍ਰਸਿਧ ਸੀ। ਭਾਈ ਬਹਿਲੋਲ ਭਾਈ ਫੇਰੂ ਦਾ ਚੇਲਾ ਸੀ।
ਉਸ ਸਮੇਂ ਗੁਰਦੁਆਰਾ ਭਾਈ ਬਹਿਲੋਲ ਦੇ ਆਸ ਪਾਸ ਬੜਾ ਸੰਘਣਾ ਜੰਗਲ ਸੀ। ਪੰਡਤ ਕੇ ਦੱਸੇ ਰਸਤੇ ਚੱਲ ਕੇ ਸਿੰਘ ਚੁੱਪ ਚੁਪੀਤੇ ਭਾਈ ਬਹਿਲੋਲ ਦੇ ਜੰਗਲ ਵਿਚ ਆ ਉੱਤਰੇ। ਉਸ ਸਮੇਂ ਰੋਜ਼ਿਆਂ ਦੇ ਦਿਨ ਸਨ। ਕਾਜ਼ੀ ਸਾਰੇ ਸਰਘੀ ਵੇਲਾ ਖਾ ਕੇ ਆਰਾਮ ਕਰ ਰਹੇ ਸਨ। ਉਹਨਾਂ ਦਾ ਪਹਿਰੇਦਾਰ ਹੀ ਡਿਉਢੀ ਵਿਚ ਖਲਾ ਪਹਿਰਾ ਦੇ ਰਿਹਾ ਸੀ। ਸਿੰਘਾਂ ਨੇ ਪੈਂਦੀ ਸੱਟੇ ਧਾਵਾ ਬੋਲ ਕੇ ਉਹ ਪਹਿਰੇਦਾਰ ਮਾਰ ਦਿਤਾ, ਤੇ ਫਿਰ ਤਲਵਾਰਾਂ ਧੂਹ ਕੇ ਪਿੰਡ ਵਿਚ ਵੜ ਗਏ। ਪੰਡਤ ਦੀ ਜ਼ਬਾਨੀ ਸੁਣੀ ਹੋਈ ਉਹਨਾਂ ਕਾਜ਼ੀਆਂ ਦੇ ਜ਼ੁਲਮਾਂ ਦੀ ਕਹਾਣੀ ਸਿੰਘਾਂ ਦੇ ਦਿਲਾਂ ਵਿਚ ਕੰਡੇ ਵਾਂਗ ਰੜਕ ਰਹੀ ਸੀ। ਸੋ, ਬਚਿਆ ਓਹੀ ਜਿਸ ਨੇ ਨੱਸ ਕੇ ਜਾਨ ਬਚਾ ਲਈ। ਦੋ ਘੜੀਆਂ ਵਿਚ ਸਾਰਾ ਪਿੰਡ ਹੀ ਉੱਜੜ ਗਿਆ।
ਏਧਰੋਂ ਵਿਹਲੇ ਹੋ ਕੇ ਸਿੰਘ ਕਸੂਰ ਉਤੇ ਜਾ ਪਏ। ਕਸੂਰ ਧਨੀਆਂ ਦਾ ਸ਼ਹਿਰ ਸੀ। ਉਸਮਾਨ ਖ਼ਾਂ ਮਾਰਿਆ ਗਿਆ, ਹਮੀਦ ਖ਼ਾਂ ਖ਼ਾਲਸੇ ਦੇ ਚਰਨੀ ਆ ਢੱਠਾ, ਪੰਡਤ ਦੀ ਪਤਨੀ ਉਸ ਨੂੰ ਮਿਲ ਗਈ। ਸਿੰਘਾਂ ਨੇ ਤਿੰਨ ਦਿਨ ਬੜੀ ਤਸੱਲੀ ਨਾਲ ਕਸੂਰ ਲੁੱਟਿਆ। ਕਰੋੜਾਂ ਰੁਪੈ ਦਾ ਮਾਲ ਸਿੰਘਾਂ ਦੇ ਹੱਥ ਆਇਆ। ਏਥੋਂ ਵਿਹਲੇ ਹੋ ਕੇ ਸਿੰਘ ਫਿਰ ਕਾਦੀਵਿੰਡ ਆ ਬੈਠੇ। ਕਾਜ਼ੀ ਤਾਂ ਬਹੁਤੇ ਘਰ-ਬਾਰ ਛੱਡ ਕੇ ਨੱਸ ਗਏ ਸਨ। ਉਹਨਾਂ ਦੇ ਫ਼ਤਵਿਆਂ ਦੀਆਂ ਗੱਲਾਂ ਯਾਦ ਕਰ ਕੇ ਸਿੰਘਾਂ ਦਾ ਗੁੱਸਾ ਭੜਕ ਉਠਿਆ, ਤੇ ਉਹਨਾਂ ਸਾਰਾ ਪਿੰਡ ਢਾਹ ਕੇ ਥੇਹ ਕਰ ਦਿਤਾ। ਵਿਹਲੇ ਹੋ ਕੇ ਸਿੰਘ ਫਿਰ ਅੰਮ੍ਰਿਤਸਰ ਜਾ ਬੈਠੇ।
14 ਜਨਵਰੀ 1764 ਈ. ਦਾ ਦਿਨ ਸਿੱਖ ਇਤਿਹਾਸ ਵਿਚ ਆਪਣੀ ਉਚੇਚੀ ਥਾਂ ਰਖਦਾ ਹੈ। ਉਸ ਦਿਨ ਸਰਹਿੰਦ ਦੇ ਆਖ਼ਰੀ ਨਾਮਵਰ ਸੂਬੇਦਾਰ ਜ਼ੈਨ ਖ਼ਾਂ ਨੂੰ ਮਾਰ ਕੇ ਸਿੰਘਾਂ ਨੇ ਸਾਰੇ ਸੂਬਾ ਸਰਹਿੰਦ ਉਤੇ ਕਬਜ਼ਾ ਕਰ ਲਿਆ ਸੀ।
ਏਥੇ ਹੀ ਬੱਸ ਨਹੀਂ, ਸਿੰਘਾਂ ਨੇ ਬਾਰੀ ਦੁਆਬਾ (ਮਾਝਾ ਤੇ ਰਿਆੜਕੀ) ਤੇ ਦੁਆਬਾ ਰਚਨਾ ਵਿਚ ਵੀ ਬਹੁਤ ਸਾਰੇ ਇਲਾਕੇ ਮੱਲ ਲਏ। ਏਸੇ ਸਮੇਂ ਸਾਡੇ ਵੱਡਿਆਂ ਨੇ ਕਾਜ਼ੀਆਂ ਦੇ ਉਜੜੇ ਹੋਏ ਪਿੰਡ ਕਾਦੀਵਿੰਡ ਉਤੇ ਜਾ ਕਬਜ਼ਾ ਕੀਤਾ। ਉਹਨਾਂ ਸੂਰਮਿਆਂ ਦੀ ਦਲੇਰੀ ਵੇਖੋ, ਐਨ ਕਸੂਰ ਦੇ ਸਿਰ ਉਤੇ ਜਾ ਡੇਰੇ ਲਾਏ।
ਜੱਟ ਸਿੱਖਾਂ ਦੀਆਂ ਦੋ ਗੋਤਾਂ (ਪੰਨੂੰ ਤੇ ਵਿਰਕ) ਨੇ ਉਹ ਸਾਰਾ ਪਿੰਡ ਮੱਲ ਲਿਆ। ਪੰਨੂੰ ਤਾਂ ਪਿੰਡ ਜੌੜਾ ਵਿਚੋਂ ਗਏ ਸਨ ਤੇ ਵਿਰਕ ਸ਼ਾਇਦ ਜ਼ਿਲ੍ਹਾ ਗੁੱਜਰਾਂ ਵਾਲੇ ਵਿਚੋਂ (ਓਦੋਂ ਸ਼ੇਖੂਪੁਰਾ ਵੱਖਰਾ ਜ਼ਿਲ੍ਹਾ ਨਹੀਂ ਸੀ ਹੁੰਦਾ)। ਮਿਸਲ ਸ਼ੁਕਰਚੱਕੀਆਂ ਦੀ ਫ਼ੌਜ ਵਿਚ ਵਿਰਕਾਂ ਦੀ ਕਾਫ਼ੀ ਗਿਣਤੀ ਸੀ। ਸੋ ਪਿੰਡ ਉਤੇ ਕਬਜ਼ਾ ਕਰਨ ਵਾਲੇ ਓਹਾ ਲੋਕ ਸਨ ਜੋ ਕਸੂਰ ਦੀ ਮੁਹਿੰਮ ਵਿਚ ਸ਼ਾਮਲ ਸਨ। ਏਥੋਂ ਕਾਦੀਵਿੰਡ ਦਾ ਨਵਾਂ ਇਤਿਹਾਸ ਸ਼ੁਰੂ ਹੋ ਗਿਆ। ਪਹਿਲਾਂ ਪਿੰਡ ਦੇ ਮਾਲਕ ਕਾਜ਼ੀ ਸਨ, ਫਿਰ ਜੱਟ ਸਿੱਖ ਬਣ ਗਏ।
ਸਿੱਖਾਂ ਦੇ ਰਾਜ ਸਮੇਂ ਸਿੱਖਾਂ ਤੇ ਮੁਸਲਮਾਨਾਂ ਵਿਚ ਚਲਿਆ ਆ ਰਿਹਾ ਵੈਰ-ਭਾਵ ਮਿਟ ਗਿਆ ਤਾਂ ਪਿੰਡ ਵਿਚ ਬਹੁਤ ਸਾਰੇ ਮੁਸਲਮਾਨ ਤੇ ਹਰੀਜਨ ਵੀ ਆ ਵੱਸੇ।
ਸਾਡੇ ਬਜ਼ੁਰਗ ਜੌੜੇ ਦੀਆਂ ਤੰਗ ਜ਼ਮੀਨਾਂ ਛੱਡ ਕੇ ਕਾਦੀਵਿੰਡ ਦੇ ਖੁੱਲ੍ਹੇ ਰਕਬੇ ਦੇ ਮਾਲਕ ਤਾਂ ਬਣ ਗਏ ਪਰ ਆਰੰਭ ਵਿਚ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵਧੇਰੇ ਤੰਗੀ ਸੀ ਪਾਣੀ ਦੀ। ਤਰਨ ਤਾਰਨ ਦਾ ਇਲਾਕਾ ‘ਮਿੱਠਾ ਮਾਝਾ’ ਅਖਵਾਉਂਦਾ ਹੈ। ਧਰਤੀ ਹੇਠ ਦਾ ਪਾਣੀ ਜਿੱਥੇ ਪੀਣ ਵਾਸਤੇ ਮਿੱਠਾ ਹੈ, ਓਥੇ ਫ਼ਸਲਾਂ ਵਾਸਤੇ ਵੀ ਬੜਾ ਲਾਭਦਾਇਕ ਹੈ। ਥਾਂ-ਥਾਂ ਖੂਹ ਵਗਦੇ ਸਨ। ਅੱਜ ਕੱਲ੍ਹ ਖੂਹਾਂ ਦੀ ਥਾਂ ਟਿਊਬਵੈੱਲ ਚਾਲੂ ਹਨ ਪਰ ਕਾਦੀਵਿੰਡ ਦਾ ਇਲਾਕਾ ‘ਖਾਰਾ ਮਾਝਾ’ ਹੈ। ਖੂਹਾਂ ਦਾ ਪਾਣੀ ਪੀਣ ਵਾਸਤੇ ਤਾਂ ਕਿਸੇ ਹੱਦ ਤਕ ਠੀਕ ਸੀ, ਖਾਰਾ ਹੋਣ ਕਰ ਕੇ ਖ਼ੁਰਾਕ ਛੇਤੀ ਹਜ਼ਮ ਕਰਦਾ ਸੀ ਪਰ ਖੇਤੀ ਵਾਸਤੇ ਕਿਸੇ ਕੰਮ ਨਹੀਂ ਸੀ। ਨਹਿਰਾਂ ਤੋਂ ਪਹਿਲਾਂ ਸਿਰਫ਼ ਬਾਰਸ਼ ਦਾ ਹੀ ਆਸਰਾ ਸੀ।
ਉਸ ਸਮੇਂ ਦੇ ਪੁਰਾਣੇ ਪਿੰਡ ਕਾਦੀਵਿੰਡ ਦੇ ਲਹਿੰਦੇ ਪਾਸੇ ਜੇ ਦੱਖਣ ਪਹਾੜ ਲਕੀਰ ਖਿੱਚ ਦੇਈਏ ਤਾਂ ਉਸ ਤੋਂ ਚੜ੍ਹਦੇ ਪਾਸੇ ਤਾਂ ਰੇਤਲੇ ਟਿੱਬੇ ਸਨ, ਤੇ ਲਹਿੰਦੇ ਪਾਸੇ ਸੰਘਣਾ ਜੰਗਲ। ਜੰਗਲ ਵਿਚ ਮਲ੍ਹਾ, ਕਰੀਰ, ਵਣ, ਕਿੱਕਰ ਜੰਡ, ਟਾਹਲੀ ਤੇ ਬੇਰ ਆਦਿ ਹਰ ਕਿਸਮ ਦੇ ਦਰਖ਼ਤ ਸਨ ਪਰ ਟਿੱਬਿਆਂ ਵਿਚ ਕਿਤੇ-ਕਿਤੇ ਵਣ ਜਾਂ ਸਰਕੜਾ ਹੀ ਸੀ। ਜੰਗਲ ਵਿਚ ਕਿਤੇ-ਕਿਤੇ ਨੀਵੇਂ ਥਾਵਾਂ ‘ਤੇ ਜਿੱਥੇ ਮੀਹਾਂ ਦਾ ਪਾਣੀ ਖਲੋ ਜਾਂਦਾ, ਕੁਛ ਮਾੜੀ ਮੋਟੀ ਖੇਤੀ ਹੋ ਜਾਂਦੀ।
ਪਿੰਡ ਤੋਂ ਚੜ੍ਹਦੇ ਪਾਸੇ ਮੀਲ-ਡੇਢ ਮੀਲ ਦੀ ਵਿੱਥ ‘ਤੇ ਬਰਸਾਤੀ ਨਾਲਾ ਵਗਦਾ ਹੈ ਜਿਸ ਨੂੰ ‘ਰੋਹੀ’ ਕਹਿੰਦੇ ਹਨ। ਇਹ ਰੋਹੀ ਤਰਨ ਤਾਰਨ ਦੇ ਕੋਲ ਦੀ ਲੰਘਦੀ ਹੈ। ਅੱਗੇ ਰਾਜੋਕੇ, ਕਾਲੀਆ-ਸਨਖਤਰਾ, ਕਤਲੂਹੀ, ਕਾਦੀਵਿੰਡ ਦੇ ਨਾਲ ਦੀ ਲੰਘਦੀ ਕਸੂਰ ਕੋਲੋਂ ਅਗਾਂ ਗੁਜ਼ਰ ਜਾਂਦੀ ਹੈ।
ਪਿੰਡ ਦੇ ਬਜ਼ੁਰਗ ਪੁਰਾਣਾ ਥੇਹ ਛਡ ਕੇ ਉਸ ਰੋਹੀ ਦੇ ਕੰਢੇ ਜਾ ਵੱਸੇ ਪਰ ਪਾਣੀ ਦੀ ਸਹੂਲਤ ਨੂੰ ਮੁੱਖ ਰਖ ਕੇ ਉਹਨਾਂ ਪੰਜ ਪਿੰਡ ਬਣਾ ਲਏ; ਭਾਵ, ਇਕ ਪਿੰਡ ਦੀ ਵਸੋਂ ਛੋਟੇ-ਛੋਟੇ ਪੰਜਾਂ ਪਿੰਡਾਂ ਵਿਚ ਵੰਡੀ ਗਈ। ਰੋਹੀ ਪਹਾੜ ਤੋਂ ਦੱਖਣ ਨੂੰ ਵਗਦੀ ਹੈ। ਪਹਾੜ ਦੇ ਪਾਸੇ ਪਹਿਲਾ ਪਿੰਡ ਵੱਸਿਆ ‘ਤਰਗੇ’, ਫਿਰ ‘ਕਾਦੀਵਿੰਡ’, ‘ਵਰਨ’, ‘ਬੱਲਾਂਵਾਲਾ’ ਤੇ ‘ਨੱਥੂਵਾਲਾ’। ਤਰਗੇ ਤੇ ਕਾਦੀਵਿੰਡ ਦੋਵੇਂ ਜੌੜੇ ਵਿਚੋਂ ਆਏ ਪੰਨੂੰ ਸਨ। ਵਰਨ ਤੇ ਨੱਥੂਵਾਲਾ ਵਿਰਕ ਸਨ। ਬੱਲਾਂਵਾਲੇ ਵਿਚ ਇਕ ਘਰ ਬੱਲਾਂ ਦਾ, ਕੁਛ ਪੰਨੂੰਆਂ ਦੇ, ਤੇ ਕੁਛ ਰਾਮਗੜ੍ਹੀਏ ਸਿੱਖਾਂ ਦੇ ਸਨ। ਇਹ ਪੰਜੇ ਪਿੰਡ ਤਿੰਨ ਕੁ ਮੀਲ ਦੇ ਖਿਲਾਰ ਵਿਚ ਸਨ ਪਰ ਇਹਨਾਂ ਪਿੰਡਾਂ ਦਾ ਰਕਬਾ ਵਧੇਰੇ ਲਹਿੰਦੇ ਪਾਸੇ ਹੀ ਸੀ। ਰੋਹੀ ਦੇ ਕੰਢੇ ਉਤੇ ਹਰ ਪਿੰਡ ਵਿਚ ਇਕ-ਇਕ, ਦੋ-ਦੇ ਖੂਹ ਵਗਣ ਵਾਲੇ ਵੀ ਸਨ ਜਿਨ੍ਹਾਂ ਦਾ ਪਾਣੀ ਖੇਤੀ ਵਾਸਤੇ ਵਰਤਿਆ ਜਾਂਦਾ ਸੀ।
ਮਾਝੇ ਵਿਚ ਨਹਿਰਾਂ ਚਾਲੂ ਹੋਈਆਂ, ਧਰਤੀ ਦੀ ਆਮਦਨ ਵਧੀ ਤਾਂ ਸਾਡੇ ਬਜ਼ੁਰਗਾਂ ਨੂੰ ਰੋਹੀ ਦੇ ਕੰਢੇ ਤੋਂ ਉਠ ਕੇ ਨਵੇਂ ਥਾਂ ਆਬਾਦ ਹੋਣਾ ਪਿਆ। ਨਹਿਰ ਦਾ ਪਾਣੀ ਗੁਰਦੁਆਰਾ ਭਾਈ ਬਹਿਲੋਲ ਤੋਂ ਲਹਿੰਦੇ ਪਾਸੇ ਹੀ ਪੈਂਦਾ ਸੀ, ਤੇ ਸਾਡੇ ਪਿੰਡ ਦਾ ਰਕਬਾ ਵੀ ਵਧੇਰੇ ਓਸੇ ਪਾਸੇ ਸੀ। ਰੋਹੀ ਦੇ ਕੰਢੇ ਵੱਸੇ ਪਿੰਡ ਤੋਂ ਚੜ੍ਹਦੇ ਪਾਸੇ ਸਾਡਾ ਰਕਬਾ ਮਸਾਂ ਸੌ ਕਰਮ ਤਕ ਸੀ ਪਰ ਲਹਿੰਦੇ ਪਾਸੇ ਲਗਭਗ ਤਿੰਨ ਮੀਲ ਤਕ। ਸੋ ਸਾਰੇ ਭਾਈਵਾਲਾਂ ਨੇ ਸਲਾਹ ਕਰ ਕੇ ਪੁਰਾਣੇ ਕਾਜ਼ੀਆਂ ਦੇ ਥੇਹ ਤੋਂ ਅੱਧ ਕੁ ਮੀਲ ਲਹਿੰਦੇ ਪਾਸੇ ਖੇਤਾਂ ਦੇ ਵਿਚਕਾਰ ਨਵੇਂ ਪਿੰਡ ਦੀ ਮੋੜ੍ਹੀ ਆ ਗੱਡੀ ਪਰ ਨਾਮ ਓਹਾ ਕਾਦੀਵਿੰਡ ਹੀ ਰਿਹਾ। ਨਵਾਂ ਪਿੰਡ 1906 ਈ. ਵਿਚ ਵੱਸਿਆ। ਹਰ ਘਰ ਲੋੜ ਜੋਗੇ ਕੱਚੇ ਕੋਠੇ ਪਾ ਕੇ ਨਵੇਂ ਪਿੰਡ ਵਿਚ ਆ ਵੱਸਿਆ, ਤੇ ਰੋਹੀ ਦੇ ਕੰਢੇ ਵਸਦਾ ਪਿੰਡ ਬਿਲਕੁਲ ਥੇਹ ਹੋ ਗਿਆ।
ਇਸ ਨਵੇਂ ਪਿੰਡ ਕਾਦੀਵਿੰਡ ਵਿਚ ਸੱਤ ਅਗਸਤ 1909 ਈ. ਨੂੰ ਮੇਰਾ ਜਨਮ ਹੋਇਆ।