ਪੰਜਾਬੀਆਂ ਲਈ ਹੀਰ ਪੜ੍ਹਨੀ ਜ਼ਰੂਰੀ ਕਿਉਂ ਏ?

ਸੁਣੀ-ਸੁਣਾਈ ਨਾਲੋਂ ਪੜ੍ਹੀ ਹੀਰ ਦਾ ਬਹੁਤ ਫ਼ਰਕ
ਮੁਹੰਮਦ ਹਨੀਫ਼
ਕਈ ਵਰ੍ਹੇ ਪਹਿਲਾਂ ਕਿਸੇ ਬਜ਼ੁਰਗ ਨੇ ਪੁੱਛਿਆ ਕਿ ਮੁੰਡਿਆ, ਤੂੰ ਆਪਣੇ ਆਪ ਨੂੰ ਪੰਜਾਬੀ ਕਹਿੰਨਾ ਏਂ, ਤੇ ਹੀਰ ਵਾਰਿਸ ਸ਼ਾਹ ਤਾਂ ਪੜ੍ਹੀ ਹੋਣੀ ਹੈ। ਮੈਂ ਕਿਹਾ, “ਜੀ ਪੜ੍ਹੀ ਤਾਂ ਘੱਟ ਵੱਧ ਹੀ ਹੈ ਪਰ ਸੁਣੀ ਵਾਹਵਾ (ਬਹੁਤ ਵਾਰ) ਹੈ। ਕਦੇ ਕਿਸੇ ਮੇਲੇ `ਤੇ, ਕਦੇ ਆਪਣੇ ਹੀ ਵਿਹੜੇ `ਚ ਕਿਸੇ ਪ੍ਰਾਹੁਣੇ ਨੇ ਰਾਤ ਨੂੰ ਹੀਰ ਗਾਉਣੀ ਸ਼ੁਰੂ ਕਰ ਦਿੱਤੀ।” ਬਜ਼ੁਰਗਾਂ ਨੇ ਕਿਹਾ, “ਜੰਮਪਲ ਤੂੰ ਪੰਜਾਬ ਦਾ ਏਂ ਤੇ ਹੀਰ ਬਸ ਸੁਣੀ ਸੁਣਾਈ `ਤੇ ਚੱਲ ਰਿਹਾ ਏਂ।”

ਫਿਰ ਉਨ੍ਹਾਂ ਬੜੇ ਹੀ ਪਿਆਰ ਨਾਲ ਹੀਰ ਵਾਰਿਸ ਸ਼ਾਹ ਪੜ੍ਹਾਉਣੀ ਸ਼ੁਰੂ ਕੀਤੀ ਅਤੇ ਸਾਨੂੰ ਚਾਨਣ ਹੋਇਆ ਕਿ ਜਿਹੜੀ ਹੀਰ ਅਸੀਂ ਸੁਣਦੇ ਆਏ ਹਾਂ ਅਤੇ ਜਿਹੜੀ ਹੀਰ ਵਾਰਿਸ ਸ਼ਾਹ ਲਿਖ ਗਏ ਹਨ, ਉਸ `ਚ ਬੜਾ ਫਰਕ ਹੈ। ਬਾਅਦ `ਚ ਗਾਉਣ ਵਾਲਿਆਂ ਨੇ ਤਾਂ ਹੀਰ ਨੂੰ ਪੁੱਠਾ ਹੀ ਟੰਗ ਦਿੱਤਾ ਹੈ ਤੇ ਕਈਆਂ ਨੇ ਤਾਂ ਆਪਣੀ ਹੀ ਮਰਜ਼ੀ ਦੀ ਹੀਰ ਬਣਾ ਲਈ। ਇਉਂ ਵਾਰਿਸ ਸ਼ਾਹ ਦੀ ਹੀਰ ਵਿਚ ਬਹੁਤ ਰਲਾ ਪੈ ਗਿਆ।
ਜੇ ਤੁਸੀਂ ਵੀ ਸੁਣੀ ਸੁਣਾਈ ਹੀਰ `ਤੇ ਗੁਜ਼ਾਰਾ ਕਰਦੇ ਆਏ ਹੋ ਤਾਂ ਤੁਸੀਂ ਉਹ ਵਾਲੀ ਹੀਰ ਜ਼ਰੂਰ ਸੁਣੀ ਹੋਵੇਗੀ ਜਿਸ ਵਿਚ ਇਹ ਕਿਹਾ ਗਿਆ ਹੈ:
ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ
ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ
ਮੇਰਾ ਆਖਿਆ ਕਦੀ ਨਾ ਮੋੜਦਾ ਸੈਂ
ਉਹ ਦਿਨ ਬਾਬਲਾ ਕਿਤੇ ਗੈ ਚੱਲੇ…।
ਇਹ ਹੀਰ ਲਤਾ ਮੰਗੇਸ਼ਕਰ ਤੋਂ ਲੈ ਕੇ ਆਬਿਦਾ ਪ੍ਰਵੀਨ ਤੱਕ ਵੱਡੇ-ਵੱਡੇ ਗੁਲੂਕਾਰਾਂ (ਕਲਾਕਾਰਾਂ) ਨੇ ਗਾਈ ਹੈ ਤੇ ਬਹੁਤ ਮਸ਼ਹੂਰ ਵੀ ਹੋਈ ਹੈ।
ਕਿਤਾਬ ਖੋਲ੍ਹ ਕੇ ਵਾਰਿਸ ਸ਼ਾਹ ਦੀ ਹੀਰ ਪੜ੍ਹੀ ਤਾਂ ਪਤਾ ਲੱਗਿਆ ਕਿ ਹੀਰ ਨਾ ਰੋਈ ਤੇ ਨਾ ਹੀ ਕੁਰਲਾਈ, ਤੇ ਨਾ ਉਸ ਨੇ ਕੋਈ ਚੀਕਾਂ ਮਾਰੀਆਂ ਬਲਕਿ ਮੂੰਹ `ਤੇ ਹੱਥ ਫੇਰ ਕੇ ਨਿਕਾਹ ਪੜ੍ਹਾਉਣ ਵਾਲੇ ਮੌਲਵੀ ਅਤੇ ਪਿਓ ਤੇ ਚਾਚਿਆਂ ਜਿਹੜੇ ਉਸ ਨੂੰ ਰਾਂਝੇ ਤੋਂ ਖੋਹ ਕੇ ਜ਼ਬਰਦਸਤੀ ਡੋਲੀ `ਚ ਪਾ ਰਹੇ ਸਨ, ਉਨ੍ਹਾਂ ਸਾਰਿਆਂ ਨੂੰ ਤਾਹਨੇ-ਮਿਹਣੇ ਮਾਰਦੀ ਗਈ।
ਮੌਲਵੀ ਸਾਹਿਬ ਨਾਲ ਤਾਂ ਉਸ ਨੇ ਬਹਿਸ ਵੀ ਪਾ ਦਿੱਤੀ ਕਿ ਮੈਂ ਤਾਂ ਅਜ਼ਲਾਂ ਤੋਂ ਰਾਂਝੇ ਨਾਲ ਵਿਆਹੀ ਹਾਂ ਤੇ ਤੂੰ ਨਿਕਾਹ `ਤੇ ਨਿਕਾਹ ਪੜ੍ਹਾ ਕੇ ਕਿਹੜਾ ਕੁਫ਼ਰ ਕਮਾਉਣ ਲੱਗਾ ਹੈ। ਜਾਂਦੇ-ਜਾਂਦੇ ਮੌਲਵੀ ਸਾਹਿਬ ਬਾਰੇ ਇਹ ਵੀ ਕਹਿ ਗਈ:
ਖਾਣ ਵੱਢੀਆਂ ਨਿੱਤ ਇਮਾਨ ਵੇਚਣ
ਇਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ।
ਪਿੰਡਾਂ `ਚੋਂ ਜਿਹੜੀ ਜਿਣਸ ਵੀ ਸ਼ਹਿਰ ਆਉਂਦੀ ਹੈ, ਉਸ ਵਿਚ ਸ਼ਹਿਰ ਦੇ ਵਪਾਰੀ ਚਾਰ ਪੈਸੇ, ਬਹੁਤਾ ਮੁਨਾਫ਼ਾ ਕਮਾਉਣ ਲਈ ਛੋਟੀ-ਮੋਟੀ ਮਿਲਾਵਟ ਕਰਦੇ ਹੀ ਰਹਿੰਦੇ ਹਨ। ਦੁੱਧ `ਚ ਕਮੇਟੀ ਦੇ ਨਲਕੇ ਦਾ ਪਾਣੀ, ਆਟੇ `ਚ ਰੋੜੀ-ਵੱਟੇ ਅਤੇ ਮਿਰਚਾਂ `ਚ ਲਾਲ ਇੱਟਾਂ ਪੀਸ ਕੇ ਪਾ ਛੱਡਦੇ ਹਨ। ਵਾਰਿਸ ਸ਼ਾਹ ਦੀ ਹੀਰ ਨਾਲ ਵੀ ਅਸੀਂ ਇੰਝ ਹੀ ਕੀਤਾ ਹੈ।
ਵਾਰਿਸ ਸ਼ਾਹ ਦੀ ਲਿਖਤ ਹੀਰ
ਵਾਰਿਸ ਸ਼ਾਹ ਨੇ ਹੀਰ ਹੱਥ ਨਾਲ ਲਿਖੀ ਸੀ। ਕਈ ਲੋਕਾਂ ਨੇ ਸਾਰੀ ਹੀਰ ਜ਼ੁਬਾਨੀ ਯਾਦ ਕਰ ਲਈ। ਹੁਣ ਵੀ ਤੁਹਾਨੂੰ ਪਿੰਡਾਂ `ਚ ਹੀਰ ਦੇ ਕਈ ਹਾਫ਼ਿਜ਼ ਮਿਲ ਜਾਂਦੇ ਹਨ। ਕਈ ਸਿਆਣਿਆਂ ਨੇ ਕਲਮੀ ਨੁਸਖ਼ੇ ਲਿਖੇ ਅਤੇ ਆਪੋ-ਆਪਣੀ ਤਬੀਅਤ ਮੁਤਾਬਕ ਉਨ੍ਹਾਂ ਵਿਚੋਂ ਕੁਝ ਬੋਲ ਕੱਢਦੇ ਗਏ ਅਤੇ ਕੁਝ ਨਵੇਂ ਪਾਉਂਦੇ ਗਏ। ਜਦੋਂ ਪੰਜਾਬ `ਚ ਛਾਪੇਖਾਨੇ ਆਏ ਤਾਂ ਹੀਰ ਛਾਪਣ ਦਾ ਧੰਦਾ ਟੁਰ ਪਿਆ।
ਅਸੀਂ ਰੋਣਾ ਹਮੇਸ਼ਾ ਇਹੀ ਰੋਈਦਾ ਹੈ ਕਿ ਲੋਕ ਪੰਜਾਬੀ ਪੜ੍ਹਦੇ ਨਹੀਂ ਪਰ ਉਦੋਂ ਪੰਜਾਬੀ ਪੜ੍ਹਨ ਵਾਲੇ ਇੰਨੇ ਕੁ ਹੈ ਸਨ ਕਿ ਛਾਪੇਖਾਨੇ ਆਲਿਆਂ `ਚ ਹੀਰ ਛਾਪਣ ਦਾ ਮੁਕਾਬਲਾ ਸ਼ੁਰੂ ਹੋ ਗਿਆ। ਇੱਕ ਤੋਂ ਇੱਕ ਅਸਲੀ ਅਤੇ ਵੱਡੀ ਹੀਰ ਬਾਜ਼ਾਰ `ਚ ਮਿਲਣ ਲੱਗ ਪਈ। ਜਿੰਨੀ ਵੱਡੀ ਅਤੇ ਅਸਲੀ ਹੀਰ, ਓਨੀ ਉਸ `ਚ ਜ਼ਿਆਦਾ ਮਿਲਾਵਟ।
ਹੀਰ ਸੂਫ਼ੀ ਕਲਾਮ ਜਾਂ ਇਸ਼ਕ ਕਹਾਣੀ
ਵੱਡੇ-ਵੱਡੇ ਆਲਮਾਂ ਨੇ ਸਾਰੀ ਜ਼ਿੰਦਗੀ ਖੋਜ ਕਰ ਕੇ ਹੀਰ ਦਾ ਨਿਤਾਰਾ ਕੀਤਾ ਹੈ ਅਤੇ ਵਾਰਿਸ ਸ਼ਾਹ ਦੇ ਬੋਲਾਂ ਨੂੰ ਸਿਆਣਿਆ ਹੈ ਪਰ ਲੋਕਾਂ ਦੀ ਜ਼ੁਬਾਨ `ਤੇ ਜਿਹੜੇ ਬੋਲ ਇੱਕ ਵਾਰੀ ਚੜ੍ਹ ਜਾਣ, ਉਹ ਫਿਰ ਭੁੱਲਦੇ ਨਹੀਂ। ਕਈ ਲੋਕ ਹੀਰ ਨੂੰ ਸੂਫ਼ੀ ਕਲਾਮ ਸਮਝ ਕੇ ਪੜ੍ਹਦੇ ਹਨ, ਕੋਈ ਇਸ਼ਕ ਕਹਾਣੀ ਸਮਝ ਕੇ ਅਤੇ ਕਈ ਪੰਜਾਬ ਦੀ ਰਹਿਤਲ ਦਾ ਇਨਸਾਈਕਲੋਪੀਡੀਆ ਵੀ ਸਮਝਦੇ ਹਨ। ਬਾਕੀ ਬਜ਼ੁਰਗ ਸ਼ਾਇਰਾਂ ਨਾਲ ਵੀ ਇਹੀ ਹੋਇਆ ਹੈ।
ਕਈ ਲੋਕਾਂ ਨੇ ਸੈਫਲ ਮਲੂਕ ਆਪਣੀ ਹੀ ਬਣਾਈ ਹੈ। ਜਿਹੜਾ ਬੁੱਲ੍ਹਾ ਗਾਇਆ ਜਾਂਦਾ ਹੈ, ਉਸ `ਚ ਜ਼ਿਆਦਾਤਰ ਬੁੱਲ੍ਹਾ ਹੈ ਹੀ ਨਹੀਂ। ਵੈਸੇ ਤਾਂ ਇਹ ਇਸ਼ਕ ਦੇ ਕੰਮ ਹਨ। ਕਈ ਸ਼ਾਇਰ ਬਜ਼ੁਰਗਾਂ ਦੇ ਰੰਗ `ਚ ਰੰਗੇ ਜਾਂਦੇ ਹਨ ਅਤੇ ਉਨ੍ਹਾਂ ਦੇ ਅੰਗ `ਚ ਹੀ ਕਲਾਮ ਕਹਿੰਦੇ ਹਨ। ਹੀਰ ਵਾਰਿਸ ਸ਼ਾਹ ਵੀ ਕੋਈ ਅਸਮਾਨੀ ਕਿਤਾਬ ਨਹੀਂ ਹੈ। ਵਾਰਿਸ ਸ਼ਾਹ ਨੇ ਜੰਡਿਆਲੇ ਦੀ ਮਸੀਤ ਦੇ ਹੁਜਰੇ `ਚ ਬੈਠ ਕੇ ਲਿਖੀ ਸੀ। ਅਸੀਂ ਵਾਰਿਸ ਸ਼ਾਹ ਨਾਲ ਵੀ ਉਹੀ ਵਾਰਦਾਤ ਪਾਈ ਹੈ ਜਿਹੜੀ ਕਈ ਵਲੀਆਂ, ਪੈਗੰਬਰਾਂ ਅਤੇ ਉਨ੍ਹਾਂ ਦੇ ਕਲਾਮ ਨਾਲ ਕਰਦੇ ਆਏ ਹਾਂ।
ਜੇ ਉਹ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਸਨ ਤਾਂ ਅਸੀਂ ਉਨ੍ਹਾਂ ਦਾ ਨਾਮ ਲੈ ਕੇ ਕਾਫ਼ਰ-ਕਾਫ਼ਰ ਦੇ ਨਾਅਰੇ ਮਾਰ ਛੱਡੀਦੇ ਹਨ। ਜੇ ਉਹ ਫ਼ਰਮਾ ਗਏ ਸਨ ਕਿ ਜ਼ਮੀਨ `ਤੇ ਧੌਣ ਨੀਵੀਂ ਕਰ ਕੇ ਟੁਰੋ ਤਾਂ ਸਾਨੂੰ ਜੇਕਰ ਕਿਸੇ ਬੰਦੇ ਦੀ ਗੱਲ ਪਸੰਦ ਨਾ ਆਵੇ ਤਾਂ ਅਸੀਂ ‘ਸਿਰ ਤਨ ਸੇ ਯੁਦਾ` ਦਾ ਨਾਅਰਾ ਮਾਰ ਛੱਡੀਦਾ ਹੈ ਅਤੇ ਜੇਕਰ ਫਿਰ ਵੀ ਤਸੱਲੀ ਨਾ ਹੋਵੇ, ਬੰਦਾ ਸਾੜ ਕੇ ਭੰਗੜੇ ਪਾਉਂਦੇ ਹਾਂ ਅਤੇ ਕਹਿੰਦੇ ਹਾਂ ਕਿ ਅਸੀਂ ਪੈਗੰਬਰੀ ਕੰਮ ਕਰ ਛੱਡਿਆ ਹੈ। ਜਿਹਦਾ ਵੀ ਦਿਲ ਕਰੇ, ਉਹ ਹੀਰ ਸੁਣੋ ਪਰ ਅਗਲੀ ਦਫਾ ਕੋਈ ਗਾਵੇ- ‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ’ ਤਾਂ ਯਾਦ ਰੱਖੋ ਕਿ ਵਾਰਿਸ ਸ਼ਾਹ ਦੀ ਹੀਰ ਤਾਂ ਆਪਣੇ ਵਕਤ ਦੇ ਜ਼ਾਲਮਾਂ ਦੀਆਂ ਚੀਕਾਂ ਕੱਢਵਾ ਕੇ ਗਈ ਸੀ ਤੇ ਬਾਕੀ ਆਸ਼ਿਕ ਲੋਕਾਂ ਲਈ ਵਾਰਿਸ ਸ਼ਾਹ ਆਪ ਫ਼ਰਮਾ ਗਏ ਹਨ:
ਮਾਣ ਮੱਤੀਏ ਰੂਪ ਗੁਮਾਨ ਭਰੀਏ,
ਅਠਖੇਲੀਏ ਰੰਗ ਰੰਗੀਲੀਏ ਨੀ।
ਆਸ਼ਕ, ਭੋਰ, ਫ਼ਕੀਰ ਤੇ ਨਾਗ ਕਾਲੇ,
ਬਾਝ ਮੰਤਰੋਂ ਮੂਲ ਨਾ ਕੀਲੀਏ ਨੀ।
ਕਿੱਸਾ ਹੀਰ: ਕੁਝ ਵੰਨਗੀ
ਹੀਰ ਦਾ ਮਾਂ ਨਾਲ ਕਲੇਸ਼
ਹੀਰ ਮਾਉਂ ਦੇ ਨਾਲ ਆ ਲੜਨ ਲੱਗੀ,
ਤੁਸਾਂ ਸਾਕ ਕੀਤਾ ਨਾਲ ਜ਼ੋਰੀਆਂ ਦੇ।
ਕਦੋ ਮੰਗਿਆ ਮੁਣਸ ਮੈਂ ਆਖ ਤੈਨੂੰ,
ਵੈਰ ਕੱਢਿਉਈ ਕਿਨ੍ਹਾਂ ਖੋਰੀਆਂ ਦੇ।
ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ,
ਇਹ ਕੰਮ ਨਾ ਹੁੰਦੇ ਨੀ ਚੋਰੀਆਂ ਦੇ।
ਜਿਹੜੇ ਹੋਣ ਬੇਅਕਲ ਚਾ ਲਾਂਵਦੇ ਨੀ,
ਇੱਟ ਮਾੜੀਆਂ ਦੀ ਵਿਚ ਮੋਰੀਆਂ ਦੇ।
ਚਾਇ ਚੁਗ਼ਦ ਨੂੰ ਕੂੰਜ ਦਾ ਸਾਕ ਦਿੱਤੋ,
ਪਰੀ ਬਧੀਆ ਜੇ ਗਲ ਢੋਰੀਆਂ ਦੇ।
ਵਾਰਿਸ ਸ਼ਾਹ ਮੀਆਂ ਗੰਨਾ ਚੱਖ ਸਾਰਾ,
ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ।
ਹੀਰ ਨੇ ਰਾਂਝੇ ਨਾਲ ਸਲਾਹ ਕਰਨੀ
ਹੀਰ ਆਖਦੀ ਰਾਂਝਿਆ ਕਹਿਰ ਹੋਇਆ,
ਏਥੋਂ ਉਠ ਕੇ ਚਲ ਜੇ ਚੱਲਣਾ ਈ।
ਦੋਨੋਂ ਉਠ ਕੇ ਲੰਮੜੇ ਰਾਹ ਪਈਏ,
ਕੋਈ ਅਸਾਂ ਨੇ ਦੇਸ ਨਾ ਮੱਲਣਾ ਈ।
ਜਦੋਂ ਝੁੱਗੜੇ ਵੜੀ ਮੈਂ ਖੇੜਿਆਂ ਦੇ,
ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ।
ਮਾਂ ਬਾਪ ਨੇ ਜਦੋਂ ਵਿਆਹ ਟੋਰੀ,
ਕੋਈ ਅਸਾਂ ਦਾ ਵੱਸ ਨਾ ਚੱਲਣਾ ਈ।
ਅਸੀਂ ਇਸ਼ਕੇ ਦੇ ਆਣ ਮੈਦਾਨ ਰੁਧੇ,
ਬੁਰਾ ਸੂਰਮੇ ਨੂੰ ਰਣੋਂ ਹੱਲਣਾ ਈ।
ਵਾਰਿਸ ਸ਼ਾਹ ਜੇ ਇਸ਼ਕ ਫ਼ਿਰਾਕ ਛੁੱਟੇ,
ਇਹ ਕਟਕ ਫਿਰ ਆਖ ਕਿਸ ਝੱਲਣਾ ਈ।
ਰਾਂਝੇ ਦਾ ਹੀਰ ਨੂੰ ਉੱਤਰ
ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ,
ਨਾਲ ਚੋਰੀਆਂ ਅਤੇ ਉਧਾਲਿਆਂ ਦੇ।
ਕਿੜਾਂ ਪੌਂਦੀਆਂ ਮੁਠੇ ਸਾਂ ਦੇਸ ਵਿਚੋਂ,
ਕਿਸੇ ਸੁਣੇ ਸਨ ਖੂਹਣੀਆਂ ਗਾਲਿਆਂ ਦੇ।
ਠੱਗੀ ਨਾਲ ਤੂੰ ਮਝੀਂ ਚਰਾ ਲਈਆਂ,
ਏਹੋ ਰਾਹ ਨੇ ਰੰਨਾਂ ਦੀਆਂ ਚਾਲਿਆਂ ਦੇ।
ਵਾਰਿਸ ਸ਼ਾਹ ਸਰਾਫ ਸਭ ਜਾਣਦੇ ਨੀ,
ਐਬ ਖੋਟਿਆਂ ਭੰਨਿਆਂ ਰਾਲਿਆਂ ਦੇ।
ਹੀਰ ਦੇ ਵਿਆਹ ਦੀ ਤਿਆਰੀ
ਚੂਚਕ ਸਿਆਲ ਨੇ ਕੌਲ ਵਸਾਰ ਘੱਤੇ,
ਜਦੋਂ ਹੀਰ ਨੂੰ ਪਾਇਆ ਮਾਈਆਂ ਨੇ।
ਕੁੜੀਆਂ ਝੰਗ ਸਿਆਲ ਦੀਆਂ ਧੁੰਮਲਾ ਹੋ,
ਸਭੇ ਪਾਸ ਰੰਝੇਟੇ ਦੇ ਆਈਆਂ ਨੇ।
ਉਹਦੇ ਵਿਆਹ ਦੇ ਸਭ ਸਾਮਾਨ ਹੋਏ,
ਗੰਢੀਂ ਫੇਰੀਆਂ ਦੇਸ ਤੇ ਨਾਈਆਂ ਨੇ।
ਹੁਣ ਤੇਰੀ ਰੰਝੇਟਿਆ ਗੱਲ ਕੀਕੂੰ,
ਤੂੰ ਭੀ ਰਾਤ ਦਿੰਹੁ ਮਹੀਂ ਚਰਾਈਆਂ ਨੇ।
ਆ ਵੇ ਮੂਰਖਾ ਪੁੱਛ ਤੂੰ ਨਢੜੀ ਨੂੰ,
ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇ।
ਹੀਰੇ ਕਹਿਰ ਕੀਤੋ ਰਲ ਨਾਲ ਭਾਈਆਂ,
ਸਭਾ ਗਲੋ ਗਲ ਚਾ ਗਵਾਈਆਂ ਨੇ।
ਜੇ ਤੂੰ ਅੰਤ ਮੈਨੂੰ ਪਿੱਛਾ ਦੇਵਣਾ ਸੀ,
ਏਡੀਆਂ ਮਿਹਨਤਾਂ ਕਾਹੇ ਕਰਾਈਆਂ ਨੇ।
ਏਹੀ ਹੱਦ ਹੀਰੇ ਤੇਰੇ ਨਾਲ ਸਾਡੀ,
ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੇ।

ਤੈਨੂੰ ਵਿਆਹ ਦੇ ਹਾਰ ਸ਼ਿੰਗਾਰ ਬੱਧੇ,
ਅਤੇ ਖੇੜਿਆਂ ਘਰੀਂ ਵਧਾਈਆਂ ਨੇ।
ਖਾ ਕਸਮ ਸੌਗੰਦ ਤੂੰ ਘੋਲ ਪੀਤੀ,
ਡੋਬ ਸੁੱਟਿਉ ਪੂਰੀਆਂ ਪਾਈਆਂ ਨੇ।
ਬਾਹੋਂ ਪਕੜ ਕੇ ਟੋਰ ਦੇ ਕਢ ਦੇਸੋਂ,
ਓਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇ।
ਯਾਰ ਯਾਰ ਥੀਂ ਜੁਦਾ ਕਰ ਦੂਰ ਹੋਵੇ,
ਮੇਰੇ ਬਾਬ ਤਕਦੀਰ ਲਿਖਾਈਆਂ ਨੇ।
ਵਾਰਿਸ ਸ਼ਾਹ ਨੂੰ ਠਗਿਉ ਦਗ਼ਾ ਦੇ ਕੇ,
ਜੇਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ।