ਆਗੂਆਂ ਦੀ ਅੜੀ

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਦੇ ਮਾਮਲੇ ‘ਤੇ ਅੜ ਗਿਆ ਹੈ। ਪਿੱਛੇ ਜਿਹੇ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹਾਲਾਤ ਕੁਝ ਇਸ ਢੰਗ ਨਾਲ ਤਬਦੀਲ ਹੋਏ ਸਨ ਕਿ ਅਕਾਲੀ ਦਲ ਅੰਦਰ ਬਗਾਵਤ ਹੋ ਗਈ। ਇਨ੍ਹਾਂ ਬਾਗੀ ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਲ ਨੂੰ ਬਹੁਤ ਜ਼ਿਆਦਾ ਪਛਾੜ ਲੱਗ ਚੁੱਕੀ ਹੈ।

ਪਿਛਲੀਆਂ ਕਈ ਚੋਣਾਂ ਦੌਰਾਨ ਪਾਰਟੀ ਨੂੰ ਨਮੋਸ਼ੀਜਨਕ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਸਮਾਂ ਪਹਿਲਾਂ ਵੀ ਦਲ ਅੰਦਰ ਬਗਾਵਤ ਉਠੀ ਸੀ ਪਰ ਉਦੋਂ ਹਾਲਾਤ ਦਾ ਜਾਇਜ਼ਾ ਲੈ ਕੇ ਰਿਪੋਰਟ ਤਿਆਰ ਕਰਨ ਲਈ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਗਈ ਸੀ। ਇਸ ਕਮੇਟੀ ਨੇ ਆਪਣੀ ਰਿਪੋਰਟ ਸਮੇਂ ਸਿਰ ਤਿਆਰ ਵੀ ਕਰ ਦਿੱਤੀ ਸੀ ਪਰ ਅੱਜ ਤੱਕ ਇਸ ਰਿਪੋਰਟ ਬਾਰੇ ਭਾਵ ਵੀ ਨਹੀਂ ਕੱਢੀ ਗਈ। ਕੁਝ ਅਕਾਲੀ ਆਗੂਆਂ ਦੇ ਦੱਸਣ ਅਨੁਸਾਰ, ਕਮੇਟੀ ਦੇ ਬਹੁਤ ਸਾਰੇ ਸੁਝਾਵਾਂ ਵਿਚੋਂ ਇਕ ਸੁਝਾਅ ਇਹ ਵੀ ਸੀ ਕਿ ਦਲ ਦੀ ਕਮਾਨ ਸੁਖਬੀਰ ਸਿੰਘ ਬਾਦਲ ਦੀ ਥਾਂ ਕਿਸੇ ਹੋਰ ਆਗੂ ਨੂੰ ਸੌਂਪੀ ਜਾਵੇ ਪਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪੱਖ ਦੇ ਆਗੂਆਂ ਦੀ ਮਦਦ ਨਾਲ ਦਲ ਦਾ ਜਥੇਬੰਦਕ ਤਾਣਾ-ਬਾਣਾ ਤਾਂ ਭੰਗ ਕਰ ਦਿੱਤਾ ਅਤੇ ਪ੍ਰਧਾਨਗੀ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ। ਕਮੇਟੀ ਨੇ ਜਿਹੜੀਆਂ ਹੋਰ ਸਿਫਾਰਿਸ਼ਾਂ ਕੀਤੀਆਂ ਸਨ, ਉਨ੍ਹਾਂ ਵੱਲ ਵੀ ਕੋਈ ਖਾਸ ਤਵੱਜੋ ਨਹੀਂ ਦਿੱਤੀ ਗਈ। ਸਿੱਟੇ ਵਜੋਂ ਦਲ ਦੇ ਅੰਦਰ ਸੁਖਬੀਰ ਸਿੰਘ ਬਾਦਲ ਖਿਲਾਫ ਬਗਾਵਤ ਲਗਾਤਾਰ ਪਨਪਦੀ ਰਹੀ ਅਤੇ ਸਮਾਂ ਪਾ ਕੇ ਲੋਕ ਸਭਾ ਚੋਣਾਂ ਤੋਂ ਬਾਅਦ ਉਭਰ ਕੇ ਸਾਹਮਣੇ ਆ ਗਈ ਜਿਸ ਨੂੰ ਸੰਭਾਲਣਾ ਹੁਣ ਮੁਸ਼ਕਿਲ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨਬਾਦਲ ਪਰਿਵਾਰ ਨੇ ਚੰਮ ਦੀਆਂ ਚਲਾਈਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੌਲੀ-ਹੌਲੀ ਕਰ ਕੇ ਸ਼੍ਰੋਮਣੀਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਮੁਕੰਮਲ ਕਬਜ਼ਾ ਕਰ ਲਿਆ। ਹੁਣ ਇਹ ਤੱਥ ਪੱਕਾ ਹੋ ਚੁੱਕਾ ਹੈ ਕਿ ਬਾਦਲ ਪਰਿਵਾਰ ਨੇ ਪੰਜਾਬ ਅਤੇ ਪੰਥ ਦੀ ਥਾਂ ਆਪਣੇ ਪਰਿਵਾਰ ਨੂੰ ਹੀ ਤਰਜੀਹ ਦਿੱਤੀ। ਬੇਅਦਬੀ ਵਾਲੀਆਂ ਘਟਨਾਵਾਂ ਨੂੰ ਵੀ ਇਸੇ ਪਰਿਵਾਰਪ੍ਰਸਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬਾਦਲ ਪਰਿਵਾਰ ਨੇ ਚੋਣਾਂ ਜਿੱਤਣ ਲਈ ਜਿਸ ਤਰ੍ਹਾਂ ਦੀਆਂ ਸਿਆਸੀ ਅਤੇ ਧਾਰਮਿਕ ਸਰਗਰਮੀਆਂ ਕੀਤੀਆਂ, ਉਸ ਨਾਲ ਪੰਥ ਅਤੇ ਪੰਜਾਬ ਅੰਦਰ ਤਕੜੀ ਟੁੱਟ-ਭੱਜ ਹੋਈ। ਇਹ ਇਸੇ ਟੁੱਟ-ਭੱਜ ਦਾ ਹੀਨਤੀਜਾ ਹੈ ਕਿ ਪਾਰਟੀ ਲੀਡਰਸ਼ਿਪ ਨੂੰ ਹੁਣ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਦਾ ਜਥੇਬੰਦਕ ਤਾਣਾ-ਬਾਣਾ ਭਾਵੇਂ ਅਜੇ ਜਿਉਂ ਦਾ ਤਿਉਂ ਬਰਕਰਾਰ ਹੈ ਪਰ ਪਿੰਡਾਂ ਵਿਚ ਦਲ ਦੀ ਹਾਲਤ ਹੁਣ ਪਹਿਲਾਂ ਵਰਗੀ ਨਹੀਂ। ਹੁਣ ਤਾਂ ਟਕਸਾਲੀ ਅਕਾਲੀ ਪਰਿਵਾਰ ਵੀ ਹੋਰ ਪਾਰਟੀਆਂ ਨੂੰ ਵੋਟਾਂ ਪੁਆ ਰਹੇ ਹਨ; ਸਭ ਤੋਂ ਵੱਡੀ ਗੱਲ, ਉਹ ਦਲ ਦੇ ਲੀਡਰਾਂ ਨੂੰ ਦੱਸਕੇ ਅਜਿਹਾ ਕਰ ਰਹੇ ਹਨ। ਇਹ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਲੀਡਰਸ਼ਿਪ ਇਨ੍ਹਾਂ ਹਾਲਾਤ ਨੂੰ ਸਮਝਣ ਵਿਚਨਾਕਾਮ ਹੀ ਰਹੀ ਹੈ। ਪਿਛਲੀਆਂ ਵੱਖ-ਵੱਖ ਚੋਣਾਂ ਦੌਰਾਨ ਅਕਾਲੀ ਦਲ ਦੀ ਵੋਟ ਫੀਸਦ ਵਿਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸੌ ਸਾਲ ਪੁਰਾਣਾ ਇਤਿਹਾਸ ਹੈ। ਇਸ ਨੇ ਮੁਲਕ ਦੀ ਆਜ਼ਾਦੀ ਦੀ ਲਹਿਰ ਦੌਰਾਨ ਵੱਡੀ ਭੂਮਿਕਾ ਨਿਭਾਈ ਅਤੇ ਆਜ਼ਾਦੀ ਮਿਲਣ ਤੋਂ ਬਾਅਦ ਵੀ ਪੰਜਾਬ ਦੀ ਸਿਆਸਤ ਵਿਚ ਪੈਂਠ ਪਾਈ। ਆਜ਼ਾਦੀ ਤੋਂ ਪਹਿਲਾਂ ਨਵੰਬਰ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਸੀ। ਇਹ ਗੁਰਦੁਆਰਾ ਸੁਧਾਰ ਲਹਿਰ ਦਾ ਸਮਾਂ ਸੀ। ਉਸ ਵਕਤ ਸਿਆਸੀ ਪਿੜ ਵਿਚ ਆਪਣਾ ਦਖਲ ਵਧਾਉਣ ਲਈ ਦਸੰਬਰ 1920 ਵਿਚ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ। ਇਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਕਾਰ ਵਧਾਉਣ ਖਾਤਰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਉਸ ਵਕਤ ਧਾਰਮਿਕ ਲੀਡਰਾਂ ਦਾ ਸਿਆਸੀ ਆਗੂਆਂ ‘ਤੇ ਇਕ ਪ੍ਰਕਾਰ ਦਾ ਕੁੰਡਾ ਹੁੰਦਾ ਸੀ ਪਰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਬਾਅਦ ਇਹ ਸਭ ਉਲਟਾ ਦਿੱਤਾ ਗਿਆ। ਹੁਣ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ਾ ਹੈ। ਇਹ ਸਾਰਾ ਕੁਝ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਪਿੜ ਵਿਚ ਆਪਣੀ ਧਾਂਕ ਜਮਾਉਣ ਖਾਤਰ ਕੀਤਾ। ਉਸ ਦੇ ਰਾਜ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਂ ਉਸ ਵੱਲੋਂ ਭੇਜੇ ਲਿਫਾਫੇ ਵਿਚੋਂ ਨਿਕਲਦਾ ਸੀ। ਆਖਰਕਾਰ ਇਸ ਕਵਾਇਦ ਵਿਚ ਇੰਨਾ ਨਿਘਾਰ ਆ ਗਿਆ ਕਿ ਹਾਲਾਤ ਹੁਣ ਵਾਲੀ ਹਾਲਤ ਤੱਕ ਜਾ ਅੱਪੜੇ ਹਨ। ਸਿਤਮਜ਼ਰੀਫੀ ਇਹ ਹੈ ਕਿ ਬਾਦਲ ਪਰਿਵਾਰ ਇੰਨੇ ਤਿੱਖੇ ਵਿਰੋਧ ਦੇ ਬਾਵਜੂਦ ਅਜੇ ਵੀ ਦਲ ਤੋਂ ਆਪਣਾ ਕਬਜ਼ਾ ਛੱਡਣ ਲਈ ਤਿਆਰ ਨਹੀਂ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਸ ਢੰਗ ਨਾਲ ਬਾਗੀ ਆਗੂਆਂ ਨੂੰ ਦਲ ਵਿਚੋਂ ਕੱਢਿਆ ਹੈ, ਉਸ ਤੋਂ ਸਾਫ ਜ਼ਾਹਿਰ ਹੈ ਕਿ ਉਹ ਥੋੜ੍ਹੀ ਕੀਤੇ ਲਾਂਭੇ ਹੋਣ ਵਾਲਾ ਨਹੀਂ। ਇਸ ਸੂਰਤ ਵਿਚ ਹੁਣ ਇਕ ਹੀ ਰਾਹ ਬਚਦਾ ਹੈ; ਉਹ ਇਹ ਕਿ ਦਲ ਅੰਦਰੋਂ ਕੁਝ ਹੋਰ ਆਗੂ ਬਗਾਵਤ ਕਰ ਕੇ ਉਸ ਦਾ ਨੱਕ ਵਿਚ ਦਮ ਕਰ ਦੇਣ। ਜੇ ਅਜਿਹਾ ਨਾ ਹੋ ਸਕਿਆ ਤਾਂ ਅਕਾਲੀ ਦਲ ਦੀ ਥਾਂ ਕੋਈ ਹੋਰ ਸਿਆਸੀ ਧਿਰ ਲੈ ਲਵੇਗੀ। ਇਸ ਬਾਰੇ ਕਿਆਸਆਰਾਈਆਂ ਸਿਆਸੀ ਮਾਹਿਰ ਪਹਿਲਾਂ ਹੀ ਲਗਾ ਰਹੇ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਬਾਦਲ ਪਰਿਵਾਰ ਅਕਾਲੀ ਦਲ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਮਿੱਟੀ ਵਿਚ ਮਿਲਾ ਕੇ ਹੀ ਸਾਹ ਲਵੇਗਾ।