ਵੰਡ ਦੀਆਂ ਦੋ ਤਸਵੀਰਾਂ

ਜਤਿੰਦਰ ਮੌਹਰ
ਫੋਨ: 91-97799-34747
ਪਿਛਲੀ ਸਦੀ ਦੇ ਅੱਧ ‘ਚ ਭਾਰਤ ਦੇ ਆਵਾਮ ‘ਤੇ ਖ਼ੂਨੀ ਬਟਵਾਰਾ ਥੋਪਿਆ ਗਿਆ। ਆਲਮੀ ਇਤਿਹਾਸ ‘ਚ ਗਿਣਤੀ ਪੱਖੋਂ ਆਬਾਦੀ ਦਾ ਸਭ ਤੋਂ ਵੱਡਾ ਤਬਾਦਲਾ ਹੋਇਆ। ਲਗਭਗ ਦਸ ਲੱਖ ਮਨੁੱਖੀ ਜੀਅ ਕਤਲ ਕਰ ਦਿੱਤੇ ਗਏ। ਮਨੁੱਖੀ ਸੰਵੇਦਨਾ ਅਤੇ ਕਦਰਾਂ-ਕੀਮਤਾਂ ਦਾ ਘਾਣ ਮੁਲਕ ਦੇ ਇਤਿਹਾਸ ਦਾ ਕਾਲਾ ਵਰਕਾ ਹੈ। ਵੰਡ ਦੇ ਸਾਲਾਂ (1947-48) ‘ਚ ਅਮਰੀਕੀ ਬੀਬੀ ਮਾਰਗਰੇਟ ਬਰਕੇ ਵ੍ਹਾਈਟ ਹਿੰਦੋਸਤਾਨ ਵਿਚ ‘ਲਾਈਫ’ ਰਸਾਲੇ ਦੀ ਤਸਵੀਰਸਾਜ਼ ਸੀ। ਇਨ੍ਹਾਂ ਸਮਿਆਂ ‘ਚ ਉਹਨੇ ਪੰਜਾਬ ਵਿਚ ਵੱਡੇ ਪੱਧਰ ‘ਤੇ ਤਸਵੀਰਕਸ਼ੀ ਕੀਤੀ। ਵ੍ਹਾਈਟ ਦਾ ਜਨਮ ਅਮਰੀਕਾ ਵਿਚ ਸੰਨ 1904 ਵਿਚ ਹੋਇਆ। ਉਹਨੂੰ ‘ਫਾਰਚੂਨ’ ਰਸਾਲੇ ਵਿਚ ਪਹਿਲਾ ਕੰਮ ਮਿਲਿਆ। 1937 ਵਿਚ ਵ੍ਹਾਈਟ ਨੇ ਨਾਵਲਕਾਰ ਐਰਸਕਾਈਨ ਕਾਲਡਵੈਲ ਦੇ ਨਾਲ ਕਿਤਾਬ ‘ਯੂ ਹੈਵ ਸੀਨ ਦੇਅਰ ਫੇਸਜ਼’ ਲਈ ਕੰਮ ਕੀਤਾ। ਬੀਬੀ ਵ੍ਹਾਈਟ ‘ਅਮਰੀਕਨ ਆਰਟਿਸਟ ਕਾਂਗਰਸ’ ਦੀ ਸਰਗਰਮ ਕਾਰਕੁਨ ਸੀ। ਇਹ ਜੱਥੇਬੰਦੀ ਸਿਆਹਫ਼ਾਮ ਕਲਾਕਾਰਾਂ ਦੇ ਹਕੂਕ ਲਈ ਲੜਦੀ ਸੀ ਅਤੇ ਕੌਮਾਂਤਰੀ ਪੱਧਰ ‘ਤੇ ਫ਼ਾਸੀਵਾਦ ਦੇ ਖਿਲਾਫ਼ ਲੜਨ ਲਈ ਮਾਲੀ ਮੱਦਦ ਭੇਜਦੀ ਸੀ। ਵ੍ਹਾਈਟ ਨੇ ਦੂਜੀ ਆਲਮੀ ਜੰਗ ਦੀ ਭਿਆਨਕਤਾ ਨੂੰ ਕੈਮਰੇ ਵਿਚ ਕੈਦ ਕੀਤਾ। ਉਹ ਪਹਿਲੀ ਔਰਤ ਤਸਵੀਰਸਾਜ਼ ਸੀ ਜਿਹਨੇ ਜੰਗ ਦੀਆਂ ਛਾਪਾਮਾਰ ਕਾਰਵਾਈਆਂ ਦੌਰਾਨ ਤਸਵੀਰਸਾਜ਼ੀ ਕੀਤੀ। 1947-48 ਵਿਚ ਉਹਨੇ ਭਾਰਤ ਦੇ ਬਟਵਾਰੇ ਦੀਆਂ ਤਸਵੀਰਾਂ ਖਿੱਚੀਆਂ। ‘ਪੋਰਟਰੇਟ ਔਫ਼ ਮਾਈਸੈਲਫ’ ਉਹਦੀ ਆਤਮ-ਕਥਾ ਹੈ। ਲੰਬੀ ਬਿਮਾਰੀ ਪਿੱਛੋਂ 1971 ਵਿਚ ਉਹਦੀ ਮੌਤ ਹੋ ਗਈ।
ਇਸ ਲੇਖ ਵਿਚ ਵੰਡ ਦੀਆਂ ਦੋ ਤਸਵੀਰਾਂ ਦੇ ਹਵਾਲੇ ਨਾਲ ਤ੍ਰਾਸਦੀ ਅਤੇ ਤਸਵੀਰਸਾਜ਼ੀ ਬਾਬਤ ਗੱਲ ਹੈ। ਪਹਿਲੀ ਤਸਵੀਰ ਮੁਸਲਿਮ ਪਰਿਵਾਰ ਦੀ ਹੈ ਜਿਹਦੇ ਵਿਚ ਦਾਦਾ-ਦਾਦੀ ਅਤੇ ਪੋਤੇ-ਪੋਤੀ ਦਿਸ ਰਹੇ ਹਨ। ਇਹ ਟੱਬਰ ਪੂਰਬੀ ਪੰਜਾਬ ਦੇ ਬਦਮਾਸ਼ਾਂ ਤੋਂ ਜਾਨ ਬਚਾਉਣ ਲਈ ਮੁਸਲਿਮ ਪਨਾਹਗੀਰਾਂ ਦੇ ਕਾਫ਼ਲੇ ਨਾਲ ਪੱਛਮੀ ਪੰਜਾਬ (ਪਾਕਿਸਤਾਨ) ਵੱਲ ਹਿਜਰਤ ਕਰ ਰਿਹਾ ਸੀ। ਬਜ਼ੁਰਗ ਦੀ ਤਬੀਅਤ ਵਿਗੜਨ ਕਰ ਕੇ ਟੱਬਰ ਕਾਫ਼ਲੇ ਤੋਂ ਬਹੁਤ ਪਿੱਛੇ ਰਹਿ ਗਿਆ। ਸੜਕ ਦੇ ਕੰਢੇ ਡੇਰਾ ਲਾਈ ਬੈਠੇ ਇਨ੍ਹਾਂ ਮਜ਼ਲੂਮਾਂ ਦੀ ਹੋਣੀ ਬਾਰੇ ਸੋਚਣਾ ਵੀ ਭੈਅ ਪੈਦਾ ਕਰਦਾ ਹੈ। ਬੀਬੀ ਵ੍ਹਾਈਟ ਨੇ ਇਹ ਤਸਵੀਰ 1947 ਦੇ ਅਕਤੂਬਰ ਮਹੀਨੇ ਵਿਚ ਖਿੱਚੀ ਸੀ। ਬੀਬੀ ਨੇ ਬਿਮਾਰ ਬਜ਼ੁਰਗ ਬਾਰੇ ਲਿਖਿਆ ਸੀ, “ਇਹ ਬਜ਼ੁਰਗ ਥਕਾਵਟ ਨਾਲ ਮਰ ਰਿਹਾ ਹੈ ਅਤੇ ਕਾਫ਼ਲਾ ਦੂਰ ਜਾ ਚੁੱਕਿਆ ਹੈ।” ਮਨ ਵਿਚ ਆਉਂਦਾ ਇਹ ਖ਼ਿਆਲ ਹਾਲਾਤ ਨੂੰ ਹੋਰ ਭਿਆਨਕ ਬਣਾਉਂਦਾ ਹੈ ਕਿ ਸ਼ਾਇਦ ਬੱਚਿਆਂ ਦੇ ਮਾਂ-ਬਾਪ ਅਤੇ ਬਜ਼ੁਰਗ ਜੋੜੇ ਦੇ ਨੂੰਹ-ਪੁੱਤ ਕਾਤਲਾਂ ਹੱਥੋਂ ਪਹਿਲਾਂ ਹੀ ਮਾਰੇ ਜਾ ਚੁੱਕੇ ਹੋਣ।
ਦੂਜੀ ਤਸਵੀਰ ਪੂਰਬੀਏ ਘੋੜਸਵਾਰ ਦੀ ਹੈ। ਇਸ ਤਸਵੀਰ ਦਾ ਨਾਮ ‘ਕੌਣ ਐਂ ਤੂੰ’ ਛਪਿਆ ਮਿਲਦਾ ਹੈ। ਤਸਵੀਰ ਦੇਖ ਕੇ ਕਈ ਵਿਚਾਰ ਮਨ ਵਿਚ ਆਉਂਦੇ ਹਨ। ਉਂਝ ਹਰ ਦੇਖਣ ਵਾਲੇ ਦਾ ਨਜ਼ਰੀਆ ਵੱਖਰਾ ਹੋ ਸਕਦਾ ਹੈ। ਤਸਵੀਰ ਨੂੰ ਪਰਖਣ ਵੇਲੇ ਸਮਕਾਲੀ ਹਾਲਾਤ ਅਤੇ ਚੇਤਿਆਂ ‘ਚ ਸਾਂਭੇ ਨਿੱਜੀ ਅਤੇ ਸਮੂਹਕ ਤਜਰਬੇ ਦਾ ਜਾਇਜ਼ਾ ਲੈਣਾ ਲਾਜ਼ਮੀ ਹੈ। ਤਸਵੀਰ ਵਿਚ ਉਜਾਗਰ ਹੁੰਦੇ ਹੈਂਕੜੀ ਰਵੱਈਏ ਅਤੇ ਨਾਮ ਦੇ ਹਵਾਲੇ ਨਾਲ ਇਹ ਤਸਵੀਰ ਕਿਸੇ ਪੂਰਬੀਏ ਬਦਮਾਸ਼ ਦੀ ਲਗਦੀ ਹੈ। ਉਹ ਸਾਹਮਣੇ ਵਾਲੇ ਜੀਅ ਦੀ ਪਛਾਣ ਪੁੱਛ ਰਿਹਾ ਹੈ। ਕਈ ਬੰਦੇ ਘੋੜਸਵਾਰ ਨੂੰ ਰਾਖੇ ਵਜੋਂ ਮੰਨਣਗੇ ਕਿ ਸ਼ਾਇਦ ਉਹ ਪੀੜਤ ਜੀਅ ਨੂੰ ਬਚਾਉਣ ਆਇਆ ਹੋਵੇ! ਜੇ ਘੋੜਸਵਾਰ ਰਾਖਾ ਹੈ ਤਾਂ ਉਹ ਬਦਮਾਸ਼ਾਂ ਨੂੰ ਨਹੀਂ ਪੁੱਛੇਗਾ ਕਿ ‘ਤੁਸੀ ਕੌਣ ਹੋ’? ਕਿਉਂਕਿ ਉਹ ਸ਼ਕਲ-ਸੂਰਤ ਤੋਂ ਮੁਕਾਮੀ ਬੰਦਿਆਂ ਦੀ ਪਛਾਣ ਕਰ ਸਕਦਾ ਹੈ। ਇਸੇ ਤਰ੍ਹਾਂ ਉਹ ਪੀੜਤ ਨੂੰ ਵੀ ਨਹੀਂ ਪੁੱਛੇਗਾ ਕਿ ‘ਤੂੰ ਕੌਣ ਹੈਂ’? ਕੁਦਰਤੀ ਹੈ ਕਿ ਪੀੜਤ ਮੁਸਲਮਾਨ ਹੋਵੇਗੀ/ਹੋਵੇਗਾ। ਕਈਆਂ ਨੂੰ ਘੋੜਸਵਾਰ ਦੇ ਹੱਥ ਸਿਰਫ਼ ਖੂੰਡੀ ਹੋਣਾ ਹਮਲਾਵਰ ਨਾ ਹੋਣ ਦਾ ਸਬੂਤ ਲੱਗ ਸਕਦਾ ਹੈ ਪਰ ਦੂਜਾ ਪਾਸਾ ਇਹ ਵੀ ਹੈ ਕਿ ਇਕੱਲੀ ਖੂੰਡੀ ਨਾਲ ਬਦਮਾਸ਼ਾਂ ਦਾ ਮੁਕਾਬਲਾ ਕਰ ਕੇ ਪੀੜਤ ਨੂੰ ਨਹੀਂ ਬਚਾਇਆ ਜਾ ਸਕਦਾ। ਤਸਵੀਰ ਪੂਰਬੀ-ਪੰਜਾਬ ਦੀ ਹੈ ਜਿੱਥੇ ਪੀੜਤ ਧਿਰ ਮੁਸਲਮਾਨਾਂ ਦੀ ਸੀ। ਜਾਨ ਬਚਾਉਣ ਲਈ ਲੁਕਦੇ ਫਿਰਦੇ ਜੀਆਂ ਉੱਤੇ ਦਹਿਸ਼ਤ ਸਿਰਫ਼ ਹਥਿਆਰ ਨਾਲ ਨਹੀਂ ਪਾਈ ਜਾਂਦੀ। ਬੇਵਿਸਾਹੀ ਦੇ ਮਾਹੌਲ ਵਿਚ ਸ਼ਿਕਾਰੀ ਦਾ ਇਲਾਕਾ ਅਤੇ ਉਹਦੀ ਹੋਂਦ ਵੀ ਮਾਇਨੇ ਰੱਖਦੀ ਹੈ। ਦਹਿਸ਼ਤ ਨਾਲ ਬੰਦੇ ਦਾ ਖ਼ੂਨ ਸੁਕਾਉਣਾ ਵੀ ਖ਼ੂਨ ਬਹਾਉਣ ਦੇ ਬਰਾਬਰ ਹੈ। ਘੋੜਸਵਾਰ ਕਿਸੇ ਵੀ ਪਹਿਰਾਵੇ, ਫ਼ਿਰਕੇ ਜਾਂ ਖ਼ਿੱਤੇ ਦਾ ਹੋ ਸਕਦਾ ਹੈ ਪਰ ਪੁੱਛਿਆ ਸਵਾਲ ‘ਕੌਣ ਐਂ ਤੂੰ?’ ਕੇਂਦਰੀ ਨੁਕਤਾ ਬਣਦਾ ਹੈ। ਕਿਹੜੀ ਚੀਜ਼ ਬੰਦਾ ਦਾ ਖ਼ੂਨ ਸੁਕਾਉਣ ਜਾਂ ਖ਼ੂਨ ਬਹਾਉਣ ਦਾ ਕਾਰਨ ਬਣੀ? ਸਿਆਸਤਦਾਨਾਂ ਦੀ ਲੋਕ-ਮਾਰੂ ਭੂਮਿਕਾ ਦੇ ਨਾਲ ਗੁੰਡਾ-ਢਾਣੀਆਂ ਨੂੰ ਮਿਲੀ ਹੱਲਾਸ਼ੇਰੀ ਕਾਰਨਾਂ ‘ਚ ਸ਼ੁਮਾਰ ਹੁੰਦੀ ਹੈ। ਮਜ਼ਲੂਮਾਂ ਦੇ ਗੁਆਂਢੀਆਂ ਦੀ ਚੁੱਪ ਵੀ ਸ਼ੱਕ ਦੇ ਘੇਰੇ ‘ਚ ਆਉਂਦੀ ਹੈ।
ਦਰਅਸਲ ਉਨ੍ਹਾਂ ਸਮਿਆਂ ਵਿਚ ਬੰਦੇ ਦੀ ਪਛਾਣ ਦੇ ਮਾਅਨੇ ਗੁੰਮ ਹੋ ਗਏ ਸਨ। ਬੰਦੇ ਦੀ ਪਛਾਣ ਮਨੁੱਖ ਵਜੋਂ ਕਰਨ ਦੀ ਥਾਂ ਨਾਮ, ਪਹਿਰਾਵੇ ਜਾਂ ਧਰਮ ਨਾਲ ਕੀਤੀ ਜਾਣ ਲੱਗੀ ਸੀ। ਮਜ਼ਲੂਮਾਂ ਦੇ ਕਤਲੇਆਮ ਦਾ ਫ਼ੈਸਲਾ ਵੀ ਇਸੇ ਪਛਾਣ ਵਿਚੋਂ ਨਿਕਲਿਆ ਸੀ। ਜਦੋਂ ਮੈਂ ਤਸਵੀਰ ਨੂੰ ‘ਕੌਣ ਐਂ ਤੂੰ?’ ਦੇ ਹਵਾਲੇ ਨਾਲ ਦੇਖਦਾ ਹਾਂ ਤਾਂ ਮੈਂ ਮਨ ਵਿਚ ਆਇਆ ਵਿਚਾਰ ਪੇਸ਼ ਕੀਤਾ ਹੈ। ਤਸਵੀਰ ਦਾ ਨਾਮ ਮੈਂ ਆਪਣੇ ਕੋਲੋਂ ਨਹੀਂ ਘੜਿਆ। ਮੈਂ ਤਸਵੀਰ ਅਤੇ ਉਹਦੇ ਨਾਮ ਦੇ ਹਵਾਲੇ ਨਾਲ ਵਿਚਾਰ ਰੱਖਿਆ ਹੈ। ਤਸਵੀਰ ਵਿਚ ਬੰਦੇ ਦਾ ਉਜਾਗਰ ਹੁੰਦਾ ਰਵੱਈਆ ਅਤੇ ਤਸਵੀਰ ਦੇ ਨਾਮ ਤੋਂ ਅੰਦਾਜ਼ਾ ਲਗਦਾ ਹੈ ਕਿ ਇਹ ਰਵੱਈਆ ਪੀੜਤ ਬਾਬਤ ਹੋ ਸਕਦਾ ਹੈ ਜਾਂ ਤਸਵੀਰਸਾਜ਼ ਬਾਬਤ ਹੋ ਸਕਦਾ ਹੈ। ਦੋਹਾਂ ਮਾਮਲਿਆਂ ਵਿਚ ਮਸਲਾ ‘ਮਨੁੱਖੀ ਪਛਾਣ’ ਦਾ  ਹੈ। ਤਸਵੀਰ ਸਮੁੱਚਤਾ ‘ਚ ਉਹ ਨਹੀਂ ਹੁੰਦੀ ਜੋ ਦਿਸਦੀ ਹੈ। ਬਹੁਤ ਕੁਝ ਅਣਕਿਹਾ ਹੁੰਦਾ ਹੈ ਜੋ ਅਸੀਂ ਸਮਿਆਂ ਦੀ ਯਾਦਾਸ਼ਤ ‘ਚੋਂ ਲੱਭਣਾ ਹੁੰਦਾ ਹੈ। ਸਵਾਲ ਹੈ ਕਿ ਅਸੀਂ ਲੱਭਣਾ ਕੀ ਚਾਹੁੰਦੇ ਹਾਂ ਅਤੇ ਅਤੀਤ ਦੀ ਤ੍ਰਾਸਦੀਆਂ ਦੇ ਹਵਾਲੇ ਨਾਲ ਸਮਕਾਲੀ ਸਮਿਆਂ ਨਾਲ ਕੀ ਸੰਵਾਦ ਰਚਾਉਣਾ ਚਾਹੁੰਦੇ ਹਾਂ? ਸੰਜੀਦਾ ਸੰਵਾਦ ਹੀ ਸਾਨੂੰ ਚੰਗੇ ਮਨੁੱਖ ਅਤੇ ਹਰ ਇਕ ਲਈ ਜਿਉਣ-ਜੋਗੇ ਸਮਾਜ ਦੀ ਸਿਰਜਣਾ ਵੱਲ ਲੈ ਕੇ ਜਾਣ ਦਾ ਸਬੱਬ ਬਣ ਸਕਦਾ ਹੈ। ਜੇ ਸਾਨੂੰ ਆਪਣੇ ਮਹਾਨ ਅਤੀਤ ਜਾਂ ਉੱਤਮ ਹੋਣ ਦਾ ਗੁਮਾਨ ਬਣਿਆ ਰਹੇਗਾ ਤਾਂ ਅਸੀਂ ਤੰਗ-ਨਜ਼ਰ ਸਮਾਜ ਦੀ ਸਿਰਜਣਾ ਵੱਲ ਜਾਵਾਂਗੇ।
ਪੰਜਾਬੀਆਂ ਨੇ ਵੰਡ ਸਮੇਂ ਲੱਖਾਂ ਸਮਕਾਲੀ ਜੀਆਂ ਨੂੰ ਮਾਰਿਆ ਸੀ ਜਿਹੜੇ ਸਦੀਆਂ ਤੋਂ ਗੁਆਂਢੀ ਸਨ। ਮੇਰੇ ਲਾਗਲੇ ਪਿੰਡਾਂ ‘ਚ ਲੋਕਾਂ ਨੇ ਥੋੜ੍ਹੇ-ਬਹੁਤ ਮੁਸਲਮਾਨ ਗਰਾਂਈਂ ਬੇਸ਼ੱਕ ਬਚਾਏ ਸਨ ਪਰ ਤੱਥ ਇਹ ਵੀ ਹੈ ਕਿ ਇਹ ‘ਗਰਾਂਈਂਆਂ ਦੇ ਰਾਖੇ’ ਦੂਜੇ ਪਿੰਡਾਂ ਦੇ ਮੁਸਲਮਾਨਾਂ ਨੂੰ ਮਾਰਨ-ਲੁੱਟਣ ਜਾਂਦੇ ਰਹੇ ਹਨ। ਦੱਸੋ ਇਨ੍ਹਾਂ ‘ਰਾਖਿਆਂ’ ਨੂੰ ਕਿਹੜੇ ਖ਼ਾਤੇ ਪਾਈਏ? ਸੰਤਾਲੀ ਦੇ ਗ਼ੁਨਾਹ ਤੋਂ ਬਰੀ ਹੋਣ ਲਈ ਸਾਨੂੰ ਸਾਡੇ ਪੁਰਖਿਆਂ ਦੇ ਕੀਤੇ ਦਾ ਪਛਤਾਵਾ ਕਰ ਲੈਣਾ ਚਾਹੀਦਾ ਹੈ। ਇਹ ਅੱਜ ਹੋਰ ਵੀ ਲਾਜ਼ਮੀ ਹੈ ਜਦੋਂ ਫ਼ਾਸ਼ੀਵਾਦ ਅਤੇ ਬੁਨਿਆਦਪ੍ਰਸਤੀ ਦੁਬਾਰਾ ਸਿਰ ਚੁੱਕ ਰਹੀ ਅਤੇ ਮੁਸਲਮਾਨ ਇਹਦਾ ਸਭ ਤੋਂ ਵੱਡਾ ਨਿਸ਼ਾਨਾ ਹਨ।
ਮੌਤਾਂ ਨੂੰ ਅੰਕੜਿਆਂ ਦੇ ਰੂਪ ਵਿਚ ਦੇਖਣਾ ਸ਼ਬਦੀ ਹਿੰਸਾ ਹੈ। ਇਸ ਹਿੰਸਾ ਦਾ ਇਲਜ਼ਾਮ ਆਪਣੇ ਸਿਰ ਲੈਂਦੇ ਹੋਏ ਤੱਥ ਸਾਂਝਾ ਕਰਦਾ ਹਾਂ ਕਿ ਵੰਡ ਸਮੇਂ ਕਤਲ ਹੋਣ ਵਾਲੇ ਮੁਸਲਮਾਨਾਂ ਦੀ ਗਿਣਤੀ ਸਿੱਖਾਂ-ਹਿੰਦੂਆਂ ਦੇ ਕਤਲਾਂ ਤੋਂ ਦੁੱਗਣੀ ਸੀ। ਪੰਜਾਬੀਆਂ ਅਤੇ ਕੌਮੀ-ਸ਼ਾਨ ਦੇ ਝੂਠੇ ਸੋਹਲੇ ਗਾਉਣ ਵੇਲੇ ਸਾਨੂੰ ਇਹ ਤਸਵੀਰ ਦੇਖ ਲੈਣੀ ਚਾਹੀਦੀ ਹੈ। ਜੇ ਇਹ ਸਮੇਂ ਸਾਡੇ ਚੇਤਿਆਂ ਵਿਚ ਸ਼ਾਨ ਦਾ ਸਬੱਬ ਨਹੀਂ ਬਣਦੇ ਤਾਂ ਸ਼ਰਮਿੰਦਾ ਹੋ ਲੈਣਾ ਲਾਜ਼ਮੀ ਹੈ। ਇਸ ਸ਼ਰਮਿੰਦਗੀ ਵਿਚੋਂ ਦਰਦਮੰਦੀ ਦਾ ਅਹਿਸਾਸ ਜਾਗ ਸਕਦਾ ਹੈ ਜੋ ਭਵਿੱਖ ਦੀਆਂ ਤ੍ਰਾਸਦੀਆਂ ਨੂੰ ਰੋਕਣ ਦਾ ਸਬੱਬ ਬਣੇਗਾ।

Be the first to comment

Leave a Reply

Your email address will not be published.