-ਗੁਲਜ਼ਾਰ ਸਿੰਘ ਸੰਧੂ
ਉਤਰੀ ਭਾਰਤ ਵਿਚ ਨਵੀਂ ਪੀੜ੍ਹੀ ਦੇ ਪ੍ਰੇਮ ਸਬੰਧਾਂ ਦੀ ਗਾਥਾ ਬੜੀ ਗੰਭੀਰ ਰੂਪ ਧਾਰ ਗਈ ਹੈ। ਮਾਪਿਆਂ ਵਲੋਂ ਇੱਜ਼ਤ ਲਈ ਕੀਤੇ ਜਾਂਦੇ ਧੀਆਂ ਦੇ ਕਤਲਾਂ ਦਾ ਸਬੰਧ ਇਸ ਨਾਲ ਜੁੜਦਾ ਹੈ। ਮਾਪਿਆਂ ਦੀ ਜ਼ਮੀਨ ਜਾਇਦਾਦ ਉਤੇ ਭੈਣਾਂ ਨੂੰ ਮਿਲਿਆ ਬਰਾਬਰ ਦਾ ਹੱਕ ਵੀ। ਹਰਿਆਣਾ ਦੀਆਂ ਖਾਪ ਪੰਚਾਇਤਾਂ ਦੇ ਸਵੈ-ਸਿਰਜੇ ਨਿਯਮਾਂ ਨਾਲ ਇਸ ਦਾ ਸਿੱਧਾ ਨਾਤਾ ਹੈ। ਰਾਜ ਸਰਕਾਰਾਂ ਖਾਪ ਨਿਯਮਾਵਲੀ ਨੂੰ ਦੋਸ਼ੀ ਮੰਨਣੋਂ ਝਿਜਕਦੀਆਂ ਹਨ। ਪੰਚਾਇਤ, ਸਮਾਜ ਤੇ ਸਰਕਾਰ ਦਾ ਅਜਿਹੇ ਕਤਲਾਂ ਪਿਛੋਂ ਚੁੱਪ ਸਾਧਣਾ ਉਨ੍ਹਾਂ ਨੂੰ ਬਰੀ ਨਹੀਂ ਕਰਦਾ। ਖਾਪ ਨਿਯਮਾਵਲੀ ਧੀ ਨੂੰ ਜੀਨ ਪਹਿਨਣ ਤੋਂ ਵਰਜਦੀ ਹੈ ਤੇ ਆਪਣੀ ਰਾਖੀ ਲਈ ਮੋਬਾਈਲ ਵੀ ਨਹੀਂ ਰੱਖਣ ਦਿੰਦੀ। ਆਪਣੇ ਗੋਤ ਜਾਂ ਆਪਣੇ ਪਿੰਡ ਵਿਚ ਸ਼ਾਦੀ ਕਰਨੀ ਮਨ੍ਹਾਂ ਹੈ। ਨਵੀਂ ਪੀੜ੍ਹੀ ਲਈ ਪੜ੍ਹਨਾ-ਲਿਖਣਾ ਤੇ ਰੋਜ਼ਗਾਰ ਲਈ ਬਾਹਰ ਜਾਣਾ ਕਠਿਨ ਹੋ ਰਿਹਾ ਹੈ। ਧੀਆਂ-ਪੁੱਤਰ ਆਪਣੇ ਪਿੰਡ ਤੇ ਗੋਤ ਤੋਂ ਬਾਹਰ ਉਚੇ ਨੀਵੇਂ ਘਰਾਂ ਵਲ ਵਧ ਰਹੇ ਹਨ। ਕਾਨੂੰਨ ਦੀ ਦ੍ਰਿਸ਼ਟੀ ਤੋਂ ਨਵੇਂ ਘਰ ਜ਼ਮੀਨ ਜਾਇਦਾਦ ਵਿਚੋਂ ਹਿੱਸਾ ਮੰਗ ਸਕਦੇ ਹਨ। ਮਾਪਿਆਂ ਦਾ ਡਰ ਸੱਚਾ ਵੀ ਹੈ। ਪਰ ਉਹ ਇਹ ਨਹੀਂ ਸੋਚਦੇ ਕਿ ਨਵੀਂ ਪੀੜ੍ਹੀ ਨੂੰ ਇਸ ਰਾਹ ਤੋਰਨ ਵਾਲੇ ਉਹ ਆਪ ਹੀ ਹਨ।
ਮੈਂ ਖੁਦ ਪਹਿਲੀ ਪੀੜ੍ਹੀ ਵਿਚੋਂ ਹਾਂ। ਸਾਡੇ ਵੇਲੇ ਅਜਿਹੀ ਗਲਤੀ ਕਰਨ ਵਾਲਿਆਂ ਦਾ ਸਮਾਜਕ ਬਾਈਕਾਟ ਕਰ ਦਿੱਤਾ ਜਾਂਦਾ ਸੀ। ਮੇਰੇ ਪਿੰਡ ਵਿਚ ਅਜਿਹੀ ਇਕ ਜੋੜੀ ਨੂੰ ਸਰਪੰਚ ਨੇ ਪਿੰਡ ਛੱਡ ਕੇ ਕਿਧਰੇ ਦੂਰ ਜਾ ਵਸਣ ਦੀ ਸਲਾਹ ਦਿੱਤੀ ਸੀ। ਉਹ ਨਹੀਂ ਸੀ ਮੰਨੇ ਤਾਂ ਕੁੜੀ ਦੇ ਭਰਾਵਾਂ ਨੇ ਦੋਨੋਂ ਕਤਲ ਕਰ ਦਿੱਤੇ ਸਨ। ਥਾਣੇ ਵਾਲਿਆਂ ਨੂੰ ਕੋਈ ਗਵਾਹ ਵੀ ਨਹੀਂ ਸੀ ਲਭਿਆ। ਉਨ੍ਹਾਂ ਨੇ ਕੇਸ ਦਰਜ ਨਹੀਂ ਸੀ ਕੀਤਾ। ਇਹ ਉਹ ਦਿਨ ਸਨ ਕਿ ਪਿੰਡ ਜਾਂ ਮਾਂ ਬਾਪ ਦਾ ਗੋਤ ਹੀ ਨਹੀਂ ਸਹੁਰਿਆਂ ਦੇ ਗੋਤ ਵਿਚ ਵੀ ਸ਼ਾਦੀ ਨਹੀਂ ਸੀ ਹੁੰਦੀ। ਮੇਰੇ ਨਾਨੇ ਨੂੰ ਮੇਰੀ ਮਾਂ ਦਾ ਰਿਸ਼ਤਾ ਕਰਨ ਸਤਲੁਜ ਪਾਰ ਕਰਕੇ ਚਾਲੀ ਕੋਹ ਜਾਣਾ ਪਿਆ ਸੀ ਤੇ ਮਾਸੀ ਲਈ ਮੁੰਡਾ ਲੱਭਣ ਘੱਗਰ ਨਦੀ ਪਾਰ ਕਰਕੇ ਏਨੀ ਹੀ ਦੂਰ ਉਲਟੇ ਪਾਸੇ।
ਹੁਣ ਰੇਡੀਓ, ਟੈਲੀਵਿਜ਼ਨ, ਮੋਟਰ, ਕਾਰਾਂ ਤੇ ਸਕੂਟਰਾਂ ਨੇ ਸਾਰੀ ਦੁਨੀਆਂ ਨੂੰ ਰਲਗਡ ਕਰ ਛੱਡਿਆ ਹੈ। ਹਰ ਕੋਈ ਜਾਣਦਾ ਹੈ ਕਿ ਉਨਤ ਦੇਸ਼ਾਂ ਵਿਚ ਜਿੱਥੇ ਅਸੀਂ ਰੋਜ਼ੀ ਰੋਟੀ ਲਈ ਜਾਂਦੇ ਹਾਂ, ਅਜਿਹੇ ਬੰਧਨ ਉਕਾ ਹੀ ਨਹੀਂ। ਸਾਡੇ ਆਪਣੇ ਦੇਸ਼ ਵਿਚ ਦੱਖਣੀ ਮਰਿਆਦਾ ਅਨੁਸਾਰ ਮਾਮੇ ਦਾ ਆਪਣੀ ਭਾਣਜੀ ਨਾਲ ਵਿਆਹ ਕਰਨਾ ਲਾਜ਼ਮੀ ਹੈ। ਇਸ ਲਈ ਕਿ ਜੇ ਮਾਮਾ ਹੀ ਭਾਣਜੀ ਦਾ ਸਹਾਰਾ ਨਹੀਂ ਬਣੇਗਾ ਤਾਂ ਹੋਰ ਕੌਣ ਬਣੇਗਾ? ਵਿਦਿਆ ਤੇ ਆਵਾਜਾਈ ਚਾਨਣ ਵੰਡ ਰਹੀ ਹੈ। ਹਰ ਕੋਈ ਜਾਣਦਾ ਹੈ ਕਿ ਪਰੰਪਰਾ ਪੁਰਾਣੀ ਹੋ ਕੇ ਬੂ ਮਾਰਨ ਲਗ ਜਾਂਦੀ ਹੈ। ਪਰ ਇਸ ਦਾ ਭਾਵ ਇਹ ਨਹੀਂ ਕਿ ਇਸ ਨੂੰ ਉਕਾ ਹੀ ਤੱਜ ਦੇਣਾ ਚਾਹੀਦਾ ਹੈ। ਤੱਜਿਆਂ ਪੇਤਲਾਪਨ ਆ ਜਾਂਦਾ ਹੈ। ਸੁਮੇਲ ਜ਼ਰੂਰੀ ਹੈ। ਪਰ ਸੁਮੇਲ ਨੇ ਖੁਦ ਚੱਲ ਕੇ ਨਹੀਂ ਆਉਣਾ, ਇਹ ਲਿਆਉਣਾ ਪੈਣਾ ਹੈ। ਨਵੀਂ ਪੀੜ੍ਹੀ ਨੇ ਲਿਆਉਣਾ ਹੈ। ਸਾਡੀ ਪੀੜ੍ਹੀ ਨੂੰ ਚਾਹੀਦਾ ਹੈ ਕਿ ਇਸ ਵਰਤਾਰੇ ਵਿਚ ਰੋਕਾਂ ਨਾ ਲਾਈਏ।
ਸੰਪਾਦਕ ਸਿਰਜਣਾ ਦੀ ਹੋਨੋਲੂਲੂ ਫੇਰੀ: ਸਿਰਜਣਾ ਵਾਲੇ ਰਘਬੀਰ ਸਿੰਘ ਤੇ ਸੁਲੇਖਾ ਹੁਣੇ ਹੁਣੇ ਸ਼ਾਂਤ ਮਹਾਂਨਗਰ ਦੇ ਹਵਾਈ ਟਾਪੂਆਂ ਦੀ ਯਾਤਰਾ ਕਰਕੇ ਆਏ ਹਨ। ਹਵਾਈ ਦੀ ਰਾਜਧਾਨੀ ਹੋਨੋਲੂਲੂ ਵਿਚ ਪਰਲ ਹਾਰਬਰ ਬੰਦਰਗਾਹ ਅਮਰੀਕਾ ਦੀ ਜਲ ਸੈਨਾ ਦਾ ਬਹੁਤ ਵੱਡਾ ਅੱਡਾ ਹੈ। ਦੂਜੀ ਵੱਡੀ ਜੰਗ ਸਮੇਂ ਇਸ ਅੱਡੇ ਉਤੇ ਜਪਾਨੀਆਂ ਨੇ ਸਮੁੰਦਰੀ ਅਤੇ ਹਵਾਈ ਹਮਲਾ ਕਰਕੇ ਅਮਰੀਕਾ ਦਾ ਇਕ ਬਹੁਤ ਵੱਡਾ ਜੰਗੀ ਬੇੜਾ ਨਸ਼ਟ ਕਰ ਦਿੱਤਾ ਸੀ ਜਿਸ ਵਿਚ ਤਿੰਨ ਚਾਰ ਹਜ਼ਾਰ ਅਮਰੀਕੀ ਮਾਰੇ ਗਏ ਸਨ। ਇਸ ਹਮਲੇ ਦੇ ਪ੍ਰਤੀਕਰਮ ਵਜੋਂ ਹੀ ਅਮਰੀਕਾ ਨੇ ਜਪਾਨ ਦੇ ਘੁੱਗ ਵਸਦੇ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉਤੇ ਬੰਬਾਰੀ ਕੀਤੀ ਸੀ। ਬੰਬਾਰੀ ਦੀ ਤਬਾਹੀ ਏਨੀ ਜ਼ਿਆਦਾ ਸੀ ਕਿ ਇਹ ਜਪਾਨੀਆਂ ਦੀ ਹਾਰ ਅਤੇ ਦੂਜੀ ਵੱਡੀ ਜੰਗ ਦਾ ਅੰਤ ਸਿੱਧ ਹੋਈ। ਅੱਜ ਜਪਾਨ ਦੇ ਦੋਵੇਂ ਸ਼ਹਿਰ ਮੁੜ ਵੱਸ ਚੁੱਕੇ ਹਨ ਤੇ ਇਨ੍ਹਾਂ ਟਾਪੂਆਂ ਦੀ ਰਾਜਧਾਨੀ ਹੋਨੋਲੂਲੂ ਵੀ।
ਹੋਨੋਲੂਲੂ ਵਿਚ ਪੋਲੀਨੀਸ਼ੀਅਨ ਆਦਿਵਾਸੀ ਰਹਿੰਦੇ ਹਨ। ਉਨ੍ਹਾਂ ਦੇ ਨਾਚ ਗਾਣੇ, ਕਾਹਵਾ ਘਰ, ਸ਼ਰਾਬਖਾਨੇ ਤੇ ਜੂਆ ਕੇਂਦਰ ਪ੍ਰਸਿੱਧ ਹਨ। ਇਥੇ ਹਰ ਰੋਜ਼ ਪੰਜ ਹਜ਼ਾਰ ਟੂਰਿਸਟ ਆਉਂਦੇ ਹਨ। ਇਨ੍ਹਾਂ ਟਾਪੂਆਂ ਦੀ ਗੱਲ ਸਾਡੇ ਘਰ ਹੁੰਦੀ ਰਹਿੰਦੀ ਹੈ। ਮੇਰੀ ਪਤਨੀ ਸੁਰਜੀਤ 1961 ਵਿਚ ਉਥੇ ਗਈ ਸੀ। ਅਮਰੀਕੀ ਰਾਸ਼ਟਰਪਤੀ ਓਬਾਮਾ ਦਾ ਜਨਮ ਓਥੋਂ ਦਾ ਹੈ। ਟੂਰਿਸਟ ਉਸ ਦਾ ਜਨਮ ਸਥਾਨ, ਸਕੂਲ ਤੇ ਉਹ ਹਸਪਤਾਲ ਵੀ ਵੇਖਣ ਜਾਂਦੇ ਹਨ ਜਿਸ ਵਿਚ ਉਸ ਦੀ ਜਨਮ ਤਿਥੀ ਤੇ ਮਾਤਾ-ਪਿਤਾ ਦਾ ਨਾਂ ਦਰਜ ਹੈ। ਭਲੇ ਸਮਿਆਂ ਵਿਚ ਆਦਿਵਾਸੀ ਫੁੱਲਾਂ ਤੇ ਪੱਤਿਆਂ ਦਾ ਪਹਿਰਾਵਾ ਪਹਿਨਦੇ ਸਨ ਤੇ ਇਸ ਪਹਿਰਾਵੇ ਵਿਚ ਨੱਚਦੇ ਗਾਉਂਦੇ ਮਹਿਮਾਨਾਂ ਦਾ ਸਵਾਗਤ ਕਰਦੇ ਸਨ। ਅੱਜ ਉਨ੍ਹਾਂ ਦੇ ਵਸਤਰ ਗੂੜੇ ਰੰਗ ਦੇ ਫੁੱਲਾਂ ਪੱਤਿਆਂ ਵਾਲੇ ਹੋ ਗਏ ਹਨ। ਗਲਾਂ ਵਿਚ ਫੁੱਲ, ਮਾਲਾ ਤੇ ਸਿਰ ਦੇ ਵਾਲਾਂ ਵਿਚ ਫੁੱਲਾਂ ਦੇ ਗੁੱਛੇ ਆਮ ਹਨ। ਰਘਬੀਰ ਤੇ ਸੁਰਜੀਤ ਤਬਦੀਲੀ ਦੀਆਂ ਗੱਲਾਂ ਕਰਦੇ ਹਨ। ਸੁਰਜੀਤ ਵੇਲੇ ਉਥੇ ਟੈਕਸੀ ਡਰਾਇਵਰ ਆਦਿ ਵਾਸੀ ਕੁੜੀਆਂ ਸਨ। ਸੁਰਜੀਤ ਡਰਾਇਵਰ ਕੁੜੀ ਨਾਲ ਅਗਲੀ ਸੀਟ ਉਤੇ ਬੈਠੀ ਸੀ ਤੇ ਇਸ ਦੇ ਦੋਵੇਂ ਜਮਾਤੀ ਮੁੰਡੇ ਪਿਛਲੀ ਸੀਟ ਉਤੇ।
ਇਥੇ ਜਾਣਾ ਕੋਈ ਸੌਖਾ ਕੰਮ ਨਹੀਂ। ਸਾਰੇ ਟਾਪੂ ਸਾਗਰ ਦੀ ਧੁੰਨੀ ਵਿਚ ਪੈਂਦੇ ਹਨ। ਸੁਰਜੀਤ ਹਾਰਵਰਡ ਸਕੂਲ ਆਫ ਪਬਲਿਕ ਹੈਲਥ ਦੀ ਪੜ੍ਹਾਈ ਕਰਕੇ ਵਾਪਸ ਆਉਂਦੀ ਉਥੇ ਠਹਿਰੀ ਸੀ। ਰਘਬੀਰ ਹੁਰੀਂ ਵੈਨਕੂਵਰ (ਕੈਨੇਡਾ) ਤੋਂ ਇੱਕ ਹਫਤੇ ਲਈ ਉਥੇ ਗਏ ਸਨ। ਤਿੰਨ ਹਜ਼ਾਰ ਡਾਲਰ ਦਾ ਖਰਚਾ ਕਰਕੇ। ਆਪਣੇ ਦੋ ਲੱਖ ਰੁਪਏ ਦੇ ਬਰਾਬਰ। ਇਹ ਖਰਚਾ ਉਨ੍ਹਾਂ ਦੀਆਂ ਕੈਨੇਡਾ ਤੇ ਅਮਰੀਕਾ ਰਹਿੰਦੀਆਂ ਧੀਆਂ-ਰਚਨਾ ਤੇ ਸਿਰਜਣਾ ਨੇ ਕੀਤਾ ਸੀ। ਉਹ ਏਨੀ ਦੂਰ ਜਾ ਕੇ ਵੀ ਮਾਪਿਆਂ ਬਾਰੇ ਸੋਚਦੀਆਂ ਹਨ। ਇਥੇ ਅਜਿਹੇ ਪੁੱਤਰ ਵੀ ਮਿਲਦੇ ਹਨ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਰਹਿਣ ਲਈ ਮਜਬੂਰ ਕਰ ਛੱਡਿਆ ਹੈ। ਮੈਂ ਇਹ ਗੱਲ ਉਨ੍ਹਾਂ ਲਈ ਲਿਖ ਰਿਹਾ ਹਾਂ ਜਿਹੜੇ ਧੀਆਂ ਦੇ ਹੁੰਦਿਆਂ ਸੁੰਦਿਆਂ ਪੁੱਤਰਾਂ ਲਈ ਮੱਥੇ ਰਗੜਦੇ ਹਨ। ਧੀਆਂ ਜ਼ਿੰਦਾਬਾਦ।
ਅੰਤਿਕਾ: (ਹਜ਼ਾਰਾ ਸਿੰਘ ਗੁਰਦਾਸਪੁਰੀ)
ਹੈ ਮੰਤਵ ਜ਼ਿੰਦਗੀ ਦਾ ਬਲਦੇ ਰਹਿਣਾ ਰੌਸ਼ਨੀ ਦੇਣਾ
ਜੁਗਾਂ ਤੋਂ ਖੂਨ ਦੀਵੇ ਦਾ, ਅੱਗਾਂ ਨੂੰ ਸਹਿਣ ਲੱਗਾ ਹੈ।
ਮੇਰੀ ਕਿਸ਼ਤੀ ਨੂੰ ਨਾ ਡੱਕੋ, ਸਮੁੰਦਰ ਦੀ ਦਸ਼ਾ ਤੱਕ ਕੇ
ਕਿਨਾਰੇ ਲਾਉਣ ਨੂੰ ਤੂਫਾਨ, ਮਾਸਾ ਖਹਿਣ ਲੱਗਾ ਹੈ।
Leave a Reply