ਸਲਾਵੋਈ ਜ਼ਿਜ਼ੇਕ
ਤਰਜਮਾ: ਬੂਟਾ ਸਿੰਘ ਮਹਿਮੂਦਪੁਰ
ਯੂਰਪੀ ਸੰਸਦ ਲਈ ਹੋਈਆਂ ਚੋਣਾਂ ਤੋਂ ਬਾਅਦ ਹੁਣ ਮੁੱਖਧਾਰਾ ਦੀਆਂ ਰਾਜਨੀਤਕ ਪਾਰਟੀਆਂ ਅਤੇ ਆਗੂ ਘੋਰ ਸੱਜੇ ਪੱਖ ਨਾਲ ਇੱਕੋ ਬੇੜੀ ‘ਚ ਸਵਾਰ ਹੋਣ ਦੀ ਪੂਰੀ ਤਿਆਰੀ ਕਰ ਚੁੱਕੇ ਹਨ। ਲਿਹਾਜ਼ਾ, ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪ ਦੇ ਜਮਹੂਰੀ ਮੁਲਕਾਂ ਦੇ ਅਪਣਾਏ ‘ਫਾਸਿਸਟਾਂ ਨਾਲ ਗੱਠਜੋੜ’ ਨਾ ਕਰਨ ਦੇ ਸਿਧਾਂਤ ਨੂੰ ਚੁੱਪ-ਚੁਪੀਤੇ ਤਿਲਾਂਜਲੀ ਦੇ ਦਿੱਤੀ ਗਈ ਹੈ। ਜਾਪਦਾ ਹੈ, ਯੂਰਪ ਨੂੰ ਫਾਸਿਸਟ ਕਬੂਲ ਹਨ। ਇਸ ਬਾਬਤ ਉਘੇ ਖੱਬੇ ਪੱਖੀ ਚਿੰਤਕ ਸਲਾਵੋਈ ਜ਼ਿਜ਼ੇਕ ਦਾ ਇਹ ਵਿਸ਼ਲੇਸ਼ਣ ਅਹਿਮ ਨੁਕਤੇ ਉਠਾਉਂਦਾ ਹੈ। ਇਸ ਲਿਖਤ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।
ਜੂਨ ਮਹੀਨੇ ਯੂਰਪੀ ਸੰਸਦ ਦੀਆਂ ਚੋਣਾਂ ਦੀ ਸਭ ਤੋਂ ਵੱਡੀ ਹੈਰਾਨੀ ਇਹ ਸੀ ਕਿ ਲੋਕਾਂ ਨੇ ਜਿਸ ਨਤੀਜੇ ਦੀ ਆਸ ਲਾਈ ਸੀ, ਓੜਕ ਉਹੀ ਨਤੀਜਾ ਨਿਕਲਿਆ। ‘ਮਾਰਕਸ ਬ੍ਰਦਰਜ਼’ (ਅਮਰੀਕਨ ਫੈਮਿਲੀ ਕਾਮੇਡੀ ਨਾਟਕ) ਦੇ ਕਲਾਸਿਕ ਦ੍ਰਿਸ਼ ਤੋਂ ਉਧਾਰ ਲੈ ਕੇ ਕਹਿਣਾ ਹੋਵੇ ਤਾਂ: ਯੂਰਪ ਜਿਸ ਤਰ੍ਹਾਂ ਦੀਆਂ ਗੱਲਾਂ ਅਤੇ ਜਿਸ ਤਰ੍ਹਾਂ ਦਾ ਵਰਤਾਓ ਕਰ ਰਿਹਾ ਸੀ, ਉਸ ਨਾਲ ਇੰਝ ਲੱਗਦਾ ਰਿਹਾ ਹੋਵੇਗਾ ਕਿ ਉਹ ਘੋਰ ਸੱਜੇ ਪੱਖ ਵੱਲ ਜਾ ਰਿਹਾ ਹੈ ਪਰ ਤੁਹਾਨੂੰ ਇਸ ਚੱਕਰ `ਚ ਮੂਰਖ਼ ਨਹੀਂ ਬਣਨਾ ਚਾਹੀਦਾ; ਯੂਰਪ ਦਰਅਸਲ ਘੋਰ ਸੱਜੇ ਪੱਖ ਵੱਲ ਹੀ ਜਾ ਰਿਹਾ ਹੈ।
ਇਸ ਗੱਲ ਉਪਰ ਜ਼ੋਰ ਦੇਣ ਦੀ ਜ਼ਰੂਰਤ ਸਾਨੂੰ ਕਿਉਂ ਪੈ ਰਹੀ ਹੈ? ਕਿਉਂਕਿ ਮੁੱਖਧਾਰਾ ਦਾ ਜ਼ਿਆਦਾਤਰ ਮੀਡੀਆ ਇਸ ਨੂੰ ਦਬਾਉਣ ਦੀ ਕੋਸ਼ਿਸ਼ ‘ਚ ਜੁਟਿਆ ਹੋਇਆ ਹੈ। ਸਾਨੂੰ ਉਥੇ ਇਹੀ ਸੁਣਨ ਨੂੰ ਮਿਲਦਾ ਰਹਿੰਦਾ ਹੈ: “ਬੇਸ਼ੱਕ ਮਰੀਨ ਲੀ ਪੇਨ, ਜਾਰਜੀਆ ਮੈਲੋਨੀ ਅਤੇ ਆਲਟਰਨੇਟਿਵ ਫਾਰ ਜਰਮਨੀ (ਏ.ਐੱਫ.ਡੀ.) ਕਦੇ-ਕਦਾਈਂ ਫਾਸ਼ੀਵਾਦੀ ਮਨਸ਼ਿਆਂ ਨਾਲ ਗ਼ਲਤ ਬਿਆਨੀਆਂ ਕਰਦੇ ਦਿਸਦੇ ਹਨ ਪਰ ਇਸ ਵਿਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿਉਂਕ ਸੱਤਾ ਵਿਚ ਆਉਣ ਤੋਂ ਬਾਅਦ ਉਹ ਹੁਣ ਵੀ ਲੋਕਤੰਤਰੀ ਨੇਮਾਂ ਅਤੇ ਸੰਸਥਾਵਾਂ ਦਾ ਸਤਿਕਾਰ ਕਰਦੇ ਹਨ।” ਘੋਰ ਸੱਜੇ ਪੱਖ ਨੂੰ ਇਸ ਤਰੀਕੇ ਨਾਲ ਪਾਲਤੂ ਬਣਦੇ ਦਿਖਾਉਣਾ ਸਾਡੇ ਸਾਰਿਆਂ ਲਈ ਪ੍ਰੇਸ਼ਾਨੀ ਦੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਇਹ ਰਵਾਇਤੀ ਕੰਜ਼ਰਵੇਟਿਵ ਪਾਰਟੀਆਂ ਦੇ ਨਵੀਂ ਲਹਿਰ ਉਪਰ ਸਵਾਰ ਹੋਣ ਦੀ ਤਿਆਰੀ ਦਾ ਸੰਕੇਤ ਹੈ। ‘ਫਾਸਿਸਟਾਂ ਨਾਲ ਕੋਈ ਗੱਠਜੋੜ ਨਹੀਂ‘ – ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪੀ ਲੋਕਤੰਤਰ ਦੁਆਰਾ ਅਖ਼ਤਿਆਰ ਕੀਤੀ ਇਸ ਅਟੱਲ ਸਚਾਈ ਨੂੰ ਤਿਲਾਂਜਲੀ ਦਿੱਤੀ ਜਾ ਚੁੱਕੀ ਹੈ।
ਇਸ ਚੋਣ ਦਾ ਸੰਦੇਸ਼ ਸਪਸ਼ਟ ਹੈ। ਹੁਣ ਯੂਰਪੀ ਯੂਨੀਅਨ ਦੇ ਜ਼ਿਆਦਾਤਰ ਮੁਲਕਾਂ ਵਿਚ ਰਾਜਨੀਤਕ ਵੰਡ ਨਰਮ ਸੱਜੇ ਪੱਖ ਅਤੇ ਨਰਮ ਖੱਬੇ ਪੱਖ ਦੀ ਨਹੀਂ ਰਹਿ ਗਈ। ਹੁਣ ਇਹ ਰਵਾਇਤੀ ਸੱਜੇ ਪੱਖ (ਜਿਸ ਦੀ ਨੁਮਾਇੰਦਗੀ ਚੋਣ ਜਿੱਤਣ ਵਾਲੀ ਯੂਰਪੀ ਪੀਪਲਜ਼ ਪਾਰਟੀ – ਈ.ਪੀ.ਪੀ. – ਕਰਦੀ ਹੈ ਜਿਸ ਵਿਚ ਇਸਾਈ ਡੈਮੋਕਰੇਟ, ਲਿਬਰਲ-ਕੰਜ਼ਰਵੇਟਿਵ ਅਤੇ ਰਵਾਇਤੀ ਕੰਜ਼ਰਵੇਟਿਵ ਕਰਦੇ ਹਨ) ਅਤੇ ਨਵੇਂ ਫਾਸਿਸਟਾਂ (ਜਿਸ ਦੇ ਨੁਮਾਇੰਦੇ ਲੀ ਪੇਨ, ਮੈਲੋਨੀ ਅਤੇ ਏ.ਐੱਫ.ਡੀ. ਵਗੈਰਾ ਹਨ) ਦਰਮਿਆਨ ਦਾ ਮਾਮਲਾ ਬਣ ਚੁੱਕਾ ਹੈ।
ਹੁਣ ਸਵਾਲ ਬਸ ਇੰਨਾ ਹੈ: ਕੀ ਈ.ਪੀ.ਪੀ. ਇਨ੍ਹਾਂ ਨਵੇਂ ਫਾਸਿਸਟਾਂ ਨਾਲ ਗੱਠਜੋੜ ਕਰੇਗੀ? ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਫੌਨ ਡਰ ਲੇਯੇਨ ਇਸ ਚੋਣ ਦੇ ਨਤੀਜੇ ਨੂੰ ਦੋਵੇਂ ‘ਅੱਤ` (ਐਕਸਟ੍ਰੀਮ) ਦੇ ਖ਼ਿਲਾਫ਼ ਈ.ਪੀ.ਪੀ. ਦੀ ਜਿੱਤ ਦੇ ਰੂਪ `ਚ ਪ੍ਰਚਾਰਨ `ਚ ਜੁੱਟੀ ਹੋਈ ਹੈ, ਇਸ ਦੇ ਬਾਵਜੂਦ ਕਿ ਨਵੀਂ ਸੰਸਦ ਅੰਦਰ ਹੁਣ ਖੱਬੀ ਧਾਰਾ ਦੀ ਇਕ ਵੀ ਪਾਰਟੀ ਨਹੀਂ ਬੈਠੇਗੀ ਜਦਕਿ ਇਨ੍ਹਾਂ ਦਾ ਅੱਤਵਾਦ ਘੋਰ ਸੱਜੇ ਪੱਖ ਦੇ ਅੱਤਵਾਦ ਦੇ ਮੁਕਾਬਲੇ ਕਿਤੇ ਵੀ ਨਹੀਂ ਟਿਕਦਾ। ਯੂਰਪੀ ਯੂਨੀਅਨ ਦੀ ਸਿਖ਼ਰਲੀ ਅਧਿਕਾਰੀ ਦਾ ਅਜਿਹਾ ‘ਸੰਤੁਲਤ` ਵਿਚਾਰ ਸ਼ੈਤਾਨੀ ਇਸ਼ਾਰੇ ਹੀ ਕਰ ਰਿਹਾ ਹੈ।
ਅੱਜ ਫਾਸ਼ੀਵਾਦ ਉਪਰ ਗੱਲ ਕਰਦਿਆਂ ਸਾਨੂੰ ਸਿਰਫ਼ ਵਿਕਸਤ ਪੱਛਮੀ ਮੁਲਕਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਇਸੇ ਤਰ੍ਹਾਂ ਦੀ ਰਾਜਨੀਤੀ ਦਾ ਉਭਾਰ ਗਲੋਬਲ ਸਾਊਥ (ਚੀਨ, ਭਾਰਤ, ਇੰਡੋਨੇਸ਼ੀਆ, ਬ੍ਰਾਜ਼ੀਲ, ਪਾਕਿਸਤਾਨ ਆਦਿ) ਦੇ ਜ਼ਿਆਦਾਤਰ ਮੁਲਕਾਂ ‘ਚ ਵੀ ਹੈ। ਚੀਨ ਦੇ ਵਿਕਾਸ ਉਪਰ ਕੀਤੇ ਆਪਣੇ ਅਧਿਐਨ ‘ਚ ਇਟਲੀ ਦਾ ਮਾਰਕਸਵਾਦੀ ਇਤਿਹਾਸਕਾਰ ਦੋਮੇਨਿਕੋ ਲੇਸੁਰਦੋ (ਜੋ ਸਤਾਲਿਨ ਦੀ ਮੁੜ-ਬਹਾਲੀ ਲਈ ਵੀ ਜਾਣਿਆ ਜਾਂਦਾ ਹੈ) ਆਰਥਿਕ ਅਤੇ ਰਾਜਨੀਤਕ ਸੱਤਾ ਦਰਮਿਆਨ ਵਖਰੇਵਾਂ ਕਰਨ ਉਪਰ ਬਹੁਤ ਜ਼ੋਰ ਦਿੰਦਾ ਹੈ। ਉਹ ਦੱਸਦਾ ਹੈ ਕਿ ਆਰਥਿਕ ‘ਸੁਧਾਰ‘ ਲਾਗੂ ਕਰਦੇ ਵਕਤ ਡੇਂਗ ਸਿਆਓ ਪਿੰਗ ਨੂੰ ਭਲੀ-ਭਾਂਤ ਪਤਾ ਸੀ ਕਿ ਸਮਾਜ ਦੀਆਂ ਪੈਦਾਵਾਰੀ ਤਾਕਤਾਂ ਨੂੰ ਮੁਕਤ ਕਰਨ ਲਈ ਸਰਮਾਏਦਾਰਾ ਤੱਤ ਲਾਜ਼ਮੀ ਹੁੰਦੇ ਹਨ ਪਰ ਉਹ ਇਸ ਗੱਲ ਉਪਰ ਜ਼ੋਰ ਦਿੰਦਾ ਰਿਹਾ ਕਿ ਰਾਜਨੀਤਕ ਸੱਤਾ ਤਾਂ ਚੀਨ ਦੀ ਕਮਿਊਨਿਸਟ ਪਾਰਟੀ ਦੇ ਹੱਥ ਵਿਚ ਹੀ ਮਜ਼ਬੂਤੀ ਨਾਲ ਬਣੀ ਰਹਿਣੀ ਚਾਹੀਦੀ ਹੈ (ਤਾਂ ਜੋ ਉਹ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਪੇ ਬਣੀ ਨੁਮਾਇੰਦਾ ਬਣੀ ਰਹੇ)।
ਇਸ ਨਜ਼ਰੀਏ ਦੀਆਂ ਡੂੰਘੀਆਂ ਇਤਿਹਾਸਕ ਜੜ੍ਹਾਂ ਹਨ। ਤਕਰੀਬਨ ਇਕ ਸਦੀ ਤੋਂ ਜ਼ਿਆਦਾ ਸਮੇਂ ਤੋਂ ਚੀਨ ਨੇ ‘ਸਰਵ-ਏਸ਼ਿਆਈ` ਨਜ਼ਰੀਆ ਅਖ਼ਤਿਆਰ ਕੀਤਾ ਹੋਇਆ ਹੈ। ਇਹ ਨਜ਼ਰੀਆ ਉਨੀਵੀਂ ਸਦੀ ਦੇ ਅੰਤ `ਚ ਪੱਛਮੀ ਸਾਮਰਾਜਵਾਦ ਦੇ ਗ਼ਲਬੇ ਅਤੇ ਲੁੱਟ-ਖਸੁੱਟ ਦੇ ਪ੍ਰਤੀਕਰਮ `ਚੋਂ ਉਭਰਿਆ ਸੀ। ਜਿਵੇਂ ਇਤਿਹਾਸਕਾਰ ਵਿਰੇਨ ਮੂਰਤੀ ਦੱਸਦੇ ਹਨ, ਇਹ ਪ੍ਰੋਜੈਕਟ ਹਮੇਸ਼ਾ ਪੱਛਮ ਦੇ ਉਦਾਰ ਵਿਅਕਤੀਵਾਦ ਅਤੇ ਸਾਮਰਾਜਵਾਦ ਨੂੰ ਸਵੀਕਾਰ ਨਾ ਕੀਤੇ ਜਾਣ ਤੋਂ ਸੰਚਾਲਿਤ ਸੀ, ਨਾ ਕਿ ਪੱਛਮੀ ਸਰਮਾਏਦਾਰੀ ਨੂੰ ਸਵੀਕਾਰ ਨਾ ਕੀਤੇ ਜਾਣ ਤੋਂ। ਸਰਵ-ਏਸ਼ਿਆਈ ਨਜ਼ਰੀਏ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਪੂਰਵ-ਆਧੁਨਿਕ ਰਵਾਇਤਾਂ ਅਤੇ ਸੰਸਥਾਵਾਂ ਦੇ ਆਧਾਰ `ਤੇ ਏਸ਼ੀਆ ਦੇ ਸਮਾਜ ਖੁਦ ਆਪਣਾ ਆਧੁਨਿਕੀਕਰਨ ਕਰ ਸਕਣ ਦੇ ਸਮਰੱਥ ਹਨ ਜਿਸ ਦੇ ਸਹਾਰੇ ਉਹ ਪੱਛਮ ਤੋਂ ਕਿਤੇ ਜ਼ਿਆਦਾ ਗਤੀਸ਼ੀਲ ਹੋ ਸਕਦੇ ਹਨ।
ਖ਼ੁਦ ਹੀਗਲ ਵੀ ਏਸ਼ੀਆ ਨੂੰ ਚੀੜ੍ਹੇ ਪ੍ਰਬੰਧ ਵਾਲਾ ਸਮਾਜ ਮੰਨਦੇ ਸਨ ਜੋ ਵਿਅਕਤੀਵਾਦ (ਮੁਕਤ ਸਵੈਧੀਨਤਾ) ਦੀ ਛੋਟ ਨਹੀਂ ਦਿੰਦਾ। ਸਰਵ-ਏਸ਼ੀਆਵਾਦ ਦੇ ਤਰਜਮਾਨਾਂ ਨੇ ਨਵੀਂ ਹੀਗਲੀ ਧਾਰਨਾ ਪੇਸ਼ ਕੀਤੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਪੱਛਮੀ ਵਿਅਕਤੀਵਾਦ ‘ਚ ਹਾਸਲ ਹੋਣ ਵਾਲੀ ਸੁਤੰਤਰਤਾ ਕਿਉਂਕਿ ਆਖ਼ਿਰਕਾਰ ਪ੍ਰਬੰਧ ਦੇ ਖ਼ਿਲਾਫ਼ ਜਾਂਦੀ ਹੈ ਅਤੇ ਸਮਾਜ ਨੂੰ ਤੋੜਨ ਦਾ ਕੰਮ ਕਰਦੀ ਹੈ, ਇਸ ਲਈ ਸੁਤੰਤਰਤਾ ਨੂੰ ਬਚਾਈ ਰੱਖਣ ਦਾ ਇੱਕੋ-ਇਕ ਤਰੀਕਾ ਇਹ ਹੈ ਕਿ ਇਸ ਦਾ ਵਹਾਅ ਨਵੀਂ ਕਿਸਮ ਦੀ ਸਮੂਹਿਕਤਾ ਅਤੇ ਸਮੂਹਿਕ ਕਾਰਜ ਵੱਲ ਮੋੜ ਦਿੱਤਾ ਜਾਵੇ।
ਇਸ ਮਾਡਲ ਦੀ ਮੁੱਢਲੀ ਮਿਸਾਲ ਸਾਨੂੰ ਦੂਜੀ ਸੰਸਾਰ ਜੰਗ ਤੋਂ ਪਹਿਲੇ ਜਪਾਨ ਦੇ ਫ਼ੌਜੀਕਰਨ ਅਤੇ ਬਸਤੀਆਨਾ ਵਿਸਤਾਰ ‘ਚ ਦੇਖਣ ਨੂੰ ਮਿਲਦੀ ਹੈ ਪਰ ਇਤਿਹਾਸ ਦੇ ਸਬਕ ਅਸੀਂ ਬਹੁਤ ਛੇਤੀ ਭੁੱਲ ਜਾਂਦੇ ਹਾਂ। ਵੱਡੇ-ਵੱਡੇ ਮਸਲਿਆਂ ਦੇ ਹੱਲ ਦੀ ਭਾਲ ‘ਚ ਲੱਗੇ ਪੱਛਮ ‘ਚ ਹੋ ਸਕਦਾ ਹੈ ਕਿ ਕਈ ਲੋਕ ਵਿਅਕਤੀਗਤ ਪ੍ਰੇਰਨਾਵਾਂ ਨਿਗਲ ਜਾਣ ਵਾਲੇ ਅਤੇ ਸਮੂਹਿਕ ਪ੍ਰੋਜੈਕਟਾਂ ‘ਚ ਅਰਥ ਲੱਭਣ ਵਾਲੇ ਏਸ਼ਿਆਈ ਮਾਡਲ ਵੱਲ ਖਿੱਚੇ ਜਾ ਰਹੇ ਹੋਣ।
ਸਰਵ-ਏਸ਼ੀਆਵਾਦ ਦਾ ਵਿਚਾਰ ਹਮੇਸ਼ਾ ਹੀ ਆਪਣੇ ਸਮਾਜਵਾਦੀ ਅਤੇ ਫਾਸ਼ੀਵਾਦੀ ਐਡੀਸ਼ਨਾਂ ਦਰਮਿਆਨ ਝੂਲਦਾ ਰਿਹਾ ਹੈ। ਦੋਵਾਂ ਐਡੀਸ਼ਨਾਂ ਦਰਮਿਆਨ ਵੰਡ ਦੀ ਲਕੀਰ ਹਮੇਸ਼ਾ ਸਪਸ਼ਟ ਨਹੀਂ ਰਹੀ। ਇਸ ਤੋਂ ਸਮਝ ਆਉਂਦਾ ਹੈ ਕਿ ‘ਸਾਮਰਾਜਵਾਦ ਦਾ ਵਿਰੋਧ` ਓਨਾ ਮਾਸੂਮ ਵੀ ਨਹੀਂ ਹੈ ਜਿੰਨਾ ਇਹ ਦਿਸਦਾ ਹੈ। ਵੀਹਵੀਂ ਸਦੀ ਦੇ ਪਹਿਲੇ ਅੱਧ `ਚ ਜਪਾਨੀ ਅਤੇ ਜਰਮਨ ਫਾਸਿਸਟ ਆਪਣੇ ਆਪ ਨੂੰ ਲਗਾਤਾਰ ਅਮਰੀਕੀ, ਬਰਤਾਨਵੀ ਅਤੇ ਫਰਾਂਸੀਸੀ ਸਾਮਰਾਜਵਾਦ ਦੇ ਖ਼ਿਲਾਫ਼ ਰਖਵਾਲੇ ਦੇ ਰੂਪ `ਚ ਪੇਸ਼ ਕਰਦੇ ਸਨ। ਅੱਜ ਅਸੀਂ ਦੇਖਦੇ ਹਾਂ ਕਿ ਯੂਰਪੀ ਯੂਨੀਅਨ ਦੇ ਸਬੰਧ `ਚ ਘੋਰ ਸੱਜੇ ਪੱਖੀ ਰਾਸ਼ਟਰਵਾਦੀ ਆਗੂ ਐਨ ਇਹੀ ਪੁਜੀਸ਼ਨ ਲੈ ਰਹੇ ਹਨ।
ਇਹੀ ਰਵੱਈਆ ਡੇਂਗ ਤੋਂ ਬਾਅਦ ਉਭਰੇ ਚੀਨ ਵਿਚ ਦਿਸਦਾ ਹੈ ਜਿਸ ਨੂੰ ਰਾਜਨੀਤੀ ਵਿਗਿਆਨੀ ਏ. ਜੇਮਜ਼ ਗ੍ਰੇਗੋਰ ‘ਸਮਕਾਲੀ ਫਾਸ਼ੀਵਾਦ ਦਾ ਐਡੀਸ਼ਨ` ਮੰਨਦਾ ਹੈ – ਇਕ ਸਰਮਾਏਦਾਰਾ ਆਰਥਿਕਤਾ ਜਿਸ ਨੂੰ ਨਿਰੰਕੁਸ਼ ਰਾਜ ਕੰਟਰੋਲ ਅਤੇ ਸੰਚਾਲਤ ਕਰਦਾ ਹੈ ਜਿਸ ਦੀ ਵਾਜਬੀਅਤ ਨਸਲੀ ਰਵਾਇਤਾਂ ਅਤੇ ਰਾਸ਼ਟਰੀ ਵਿਰਾਸਤ ਦੇ ਚੌਖਟੇ `ਚ ਪਰਿਭਾਸ਼ਤ ਹੁੰਦੀ ਹੈ। ਇਸ ਲਈ ਚੀਨ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਹਮੇਸ਼ਾ ਚੀਨ ਦੇ ਲੰਮੇ, ਲਗਾਤਾਰ ਅਤੇ ਪੁਰਾਤਨ ਇਤਿਹਾਸ ਦਾ ਹਵਾਲਾ ਦਿੰਦਾ ਹੈ। ਰਾਸ਼ਟਰਵਾਦੀ ਪ੍ਰੋਜੈਕਟਾਂ ਦੇ ਹਿਤ `ਚ ਆਰਥਿਕ ਲਾਲਸਾਵਾਂ ਨੂੰ ਵਰਤਣਾ ਹੀ ਤਾਂ ਫਾਸ਼ੀਵਾਦ ਦੀ ਬੁਨਿਆਦੀ ਪਰਿਭਾਸ਼ਾ ਹੈ! ਰਾਜਨੀਤੀ ਦੀ ਬਿਲਕੁਲ ਅਜਿਹੀ ਹੀ ਗਤੀ ਅਸੀਂ ਭਾਰਤ, ਰੂਸ, ਤੁਰਕੀ ਅਤੇ ਹੋਰ ਮੁਲਕਾਂ `ਚ ਵੀ ਦੇਖਦੇ ਹਾਂ।
ਇਹ ਸਮਝਣਾ ਮੁਸ਼ਕਿਲ ਨਹੀਂ ਕਿ ਇਸ ਮਾਡਲ ਦੀ ਇੰਨੀ ਖਿੱਚ ਕਿਉਂ ਹੈ। ਸੋਵੀਅਤ ਰੂਸ ਤਾਂ ਢਹਿ ਢੇਰੀ ਹੋ ਗਿਆ ਪਰ ਚੀਨ ਦੀ ਕਮਿਊਨਿਸਟ ਪਾਰਟੀ ਨੇ ਸਖ਼ਤ ਕੰਟਰੋਲ ਕਾਇਮ ਰੱਖਦੇ ਹੋਏ ਆਰਥਿਕ ਉਦਾਰੀਕਰਨ ਅਪਣਾਇਆ। ਜੋ ਖੱਬੇ ਪੱਖੀ ਚੀਨ ਨੂੰ ਹਮਦਰਦੀ ਨਾਲ ਦੇਖਦੇ ਹਨ, ਉਹ ਇਸ ਲਈ ਉਸ ਦੀ ਸ਼ਲਾਘਾ ਕਰਦੇ ਹਨ ਕਿ ਉਸ ਨੇ ਸਰਮਾਏ ਨੂੰ ਆਪਣੇ ਮਾਤਹਿਤ ਰੱਖਿਆ ਹੋਇਆ ਹੈ, ਜਦਕਿ ਇਸ ਦੇ ਐਨ ਉਲਟ ਅਮਰੀਕਾ ਅਤੇ ਯੂਰਪ ਦੇ ਤੰਤਰ ਵਿਚ ਸਰਮਾਏ ਦਾ ਰਾਜ ਹੀ ਪ੍ਰਧਾਨ ਹੈ।
ਨਵ-ਫਾਸ਼ੀਵਾਦ ਵਿਚ ਦੋ ਹੋਰ ਰੁਝਾਨ ਮਦਦ ਕਰ ਰਹੇ ਹਨ। ਯੂਰਪ ਦੀਆਂ ਚੋਣਾਂ ਵਿਚ ਲੀ ਪੇਨ ਤੋਂ ਬਾਅਦ ਇਕ ਹੋਰ ਵੱਡਾ ਜੇਤੂ ਮਿਸਰ ਦਾ ਮਸ਼ਹੂਰ ਯੂਟਿਊਬਰ ਫਿਦਿਆਸ ਪਨਾਈਓਤੂ ਹੈ ਜਿਸ ਨੇ ਐਲਨ ਮਸਕ ਨੂੰ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕਰ ਕੇ ਸੁਰਖ਼ੀਆਂ ਬਟੋਰੀਆਂ ਸਨ। ਟਵਿੱਟਰ ਸਦਰ ਮੁਕਾਮ ਦੇ ਬਾਹਰ ਮਸਕ ਦੇ ਆਉਣ ਦਾ ਇੰਤਜ਼ਾਰ ਕਰਦਿਆਂ ਉਸ ਨੇ ਆਪਣੇ ਫਾਲੋਅਰਾਂ ਨੂੰ ਆਪਣੀ ਇਹ ਇੱਛਾ ਮਸਕ ਦੀ ਮਾਂ ਤੱਕ ‘ਸਪੈਮ` ਸੰਦੇਸ਼ਾਂ ਰਾਹੀਂ ਪੁੱਜਦੀ ਕਰਨ ਨੂੰ ਕਿਹਾ ਹੋਇਆ ਸੀ। ਆਖ਼ਿਰਕਾਰ ਮਸਕ ਆ ਪਹੁੰਚਿਆ, ਪਨਾਈਓਤੂ ਨੂੰ ਮਿਲਿਆ ਅਤੇ ਉਸ ਨੂੰ ਗਲਵੱਕੜੀ ਵੀ ਪਾਈ। ਇਸ ਤੋਂ ਬਾਅਦ ਪਨਾਈਓਤੂ ਨੇ ਯੂਰਪੀ ਸੰਸਦ ਦੀਆਂ ਚੋਣਾਂ ਵਿਚ ਉਮੀਦਵਾਰ ਹੋਣ ਦਾ ਐਲਾਨ ਕਰ ਦਿੱਤਾ। ਉਸ ਨੇ ਬਿਨਾਂ ਕਿਸੇ ਪਾਰਟੀ ਦੇ ਚੋਣ ਲੜੀ ਅਤੇ 19.4 ਪ੍ਰਤੀਸ਼ਤ ਪਾਪੂਲਰ ਵੋਟ ਹਾਸਲ ਕਰ ਕੇ ਸੰਸਦ ਵਿਚ ਆਪਣੀ ਕੁਰਸੀ ਸੁਰੱਖਿਅਤ ਕਰ ਲਈ।
ਫਰਾਂਸ, ਯੂ.ਕੇ., ਸਲੋਵੇਨੀਆ ਅਤੇ ਹੋਰ ਥਾਵਾਂ ਉਪਰ ਵੀ ਕੁਝ ਅਜਿਹੇ ਚਿਹਰੇ ਉਭਰ ਕੇ ਸਾਹਮਣੇ ਆਏ ਹਨ। ਆਪਣੀ ਉਮੀਦਵਾਰੀ ਪਿੱਛੇ ਇਨ੍ਹਾਂ ਸਾਰਿਆਂ ਦੀ ‘ਖੱਬੇਵਾਦੀ` ਦਲੀਲ ਸੀ ਕਿ ਕਿਉਂਕਿ ਲੋਕਤੰਤਰੀ ਰਾਜਨੀਤੀ ਮਜ਼ਾਕ ਬਣ ਚੁੱਕੀ ਹੈ, ਇਸ ਲਈ ਹੁਣ ਮਸਖ਼ਰੇ/ਭੰਡ ਵੀ ਚੋਣ ਲੜ ਸਕਦੇ ਹਨ। ਇਹ ਖੇਡ ਬਹੁਤ ਖ਼ਤਰਨਾਕ ਹੈ। ਜਿੰਨੇ ਜ਼ਿਆਦਾ ਲੋਕ ਰਾਜਨੀਤੀ ਤੋਂ ਮਾਯੂਸ ਹੋ ਕੇ ਮਸਖ਼ਰੇਪਣ ਵੱਲ ਜਾਣਗੇ ਅਤੇ ਉਸ ਨੂੰ ਕਬੂਲ ਕਰਨਗੇ, ਨਵ-ਫਾਸ਼ੀਵਾਦ ਲਈ ਰਾਜਨੀਤਕ ਜਗ੍ਹਾ ਉਨੀ ਹੀ ਜ਼ਿਆਦਾ ਬਣਦੀ ਜਾਵੇਗੀ।
ਇਸ ਜਗ੍ਹਾ ਉਪਰ ਦਾਅਵਾ ਕਰਨਾ ਅਤੇ ਇਸ ਨੂੰ ਮੁੜ ਹਾਸਲ ਕਰਨਾ ਹੁਣ ਗੰਭੀਰ ਅਤੇ ਸੱਚੀ ਕਾਰਵਾਈ ਦੀ ਮੰਗ ਕਰਦਾ ਹੈ। ਫਰਾਸੀਸੀ ਰਾਸ਼ਟਰਪਤੀ ਇਮੈਨੁਏਲ ਮੈਕਰੌਨ ਨਾਲ ਮੇਰੀਆਂ ਕੁਲ ਅਸਹਿਮਤੀਆਂ ਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਉਸ ਨੇ ਘੋਰ ਸੱਜੇ ਪੱਖ ਦੇ ਜਿੱਤ ਦੇ ਅਮਲ ‘ਚ ਕੌਮੀ ਅਸੰਬਲੀ ਨੂੰ ਭੰਗ ਕਰ ਕੇ ਅਤੇ ਦੁਬਾਰਾ ਚੋਣ ਕਰਾਉਣ ਦੀ ਮੰਗ ਚੁੱਕ ਕੇ ਸਹੀ ਕੰਮ ਕੀਤਾ ਹੈ। ਉਸ ਦੇ ਇਸ ਐਲਾਨ ਨਾਲ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬੇਸ਼ੱਕ ਇਹ ਕੰਮ ਕਾਫ਼ੀ ਜੋਖ਼ਮ ਭਰਿਆ ਸੀ ਪਰ ਇਹ ਖ਼ਤਰਾ ਮੁੱਲ ਲੈਣ ਦੇ ਕਾਬਲ ਵੀ ਸੀ। ਸਾਨੂੰ ਇਸ ਲੜਾਈ ਨੂੰ ਨਵ-ਫਾਸ਼ੀਵਾਦ ਦੇ ਖ਼ਿਲਾਫ਼ ਮੁਕੰਮਲ ਕਰਨਾ ਹੀ ਪਵੇਗਾ – ਜਿੰਨੀ ਮਜ਼ਬੂਤੀ ਨਾਲ ਹੋ ਸਕੇ ਅਤੇ ਜਿੰਨੀ ਵੀ ਤੇਜ਼ੀ ਨਾਲ ਹੋ ਸਕੇ।