ਆਮਨਾ ਕੌਰ
ਚਰਚਿਤ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਆਉਣ ਵਾਲੀ ਫਿਲਮ ‘ਦਿ ਬਕਿੰਘਮ ਮਰਡਰਜ਼` ਸਿਨੇਮਾ ਘਰਾਂ ਵਿਚ 13 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਐਸ਼ ਟੰਡਨ, ਰਣਵੀਰ ਬਰਾੜ ਅਤੇ ਕੇਥ ਐਲਨ ਵੀ ਨਜ਼ਰ ਆਉਣਗੇ। ਇਹ ਫਿਲਮ ‘ਅਲੀਗੜ੍ਹ`, ‘ਸ਼ਾਹਿਦ`, ‘ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ` ਵਰਗੀਆਂ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹੰਸਲ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ ਹੈ। ਫਿਲਮ ਨਾਲ ਕਰੀਨਾ ਬਤੌਰ ਸਹਿ-ਨਿਰਮਾਤਾ ਵੀ ਜੁੜੀ ਹੈ। ਕਰੀਨਾ ‘ਵੀਰੇ ਦੀ ਵੈਡਿੰਗ` ਅਤੇ ‘ਕਰਿਊ` ਤੋਂ ਬਾਅਦ ਏਕਤਾ ਕਪੂਰ ਨਾਲ ਮੁੜ ਕੰਮ ਕਰ ਰਹੀ ਹੈ।
ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ `ਤੇ ਫਿਲਮ ਦੇ ਪੋਸਟਰ ਸਾਂਝਾ ਕਰਦਿਆਂ ਫਿਲਮ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, “ਅਸੀਂ ਇਹ ਐਲਾਨ ਕਰਦਿਆਂ ਬਹੁਤ ਖੁਸ਼ ਹਾਂ ਕਿ ‘ਦਿ ਬਕਿੰਘਮ ਮਰਡਰਜ਼` 13 ਸਤੰਬਰ 2024 ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਰਹੀ ਹੈ।” ਇਸ ਤੋਂ ਪਹਿਲਾਂ ਫਿਲਮ ਨੂੰ ਬੀ.ਐੱਫ.ਆਈ. ਲੰਡਨ ਫਿਲਮ ਮੇਲੇ (2023) ਵਿਚ ਵੀ ਦਿਖਾਇਆ ਗਿਆ ਸੀ ਤੇ ਇਸ ਨੂੰ ਜੀਓ ਐੱਮ.ਏ.ਐੱਮ.ਆਈ. ਫਿਲਮ ਮੇਲੇ 2023 ਵਿਚ ਵੀ ਭਰਵਾਂ ਹੁੰਗਾਰਾ ਮਿਲਿਆ ਸੀ।
ਕਰੀਨਾ ਕਪੂਰ ਨੇ ਆਪਣੇ ਫਿਲਮੀ ਕਰੀਅਰ ਦਾ ਆਰੰਭ ਸਾਲ 2000 ਵਿਚ ਫਿਲਮ ‘ਰਿਫਊਜੀ’ ਨਾਲ ਕੀਤਾ ਸੀ। ਇਸ ਫਿਲਮ ਦਾ ਉਸ ਨਾਲ ਹੀਰੋ ਅਭਿਸ਼ੇਕ ਬੱਚਨ ਸੀ। ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਜੈਕੀ ਸ਼ਰਾਫ, ਸੁਨੀਲ ਸ਼ੈੱਟੀ, ਅਨੁਪਮ ਖੇਰ, ਕੁਲਭੂਸ਼ਣ ਖਰਬੰਦਾ, ਰੀਨਾ ਰੌਇ, ਮੁਕੇਸ਼ ਤਿਵਾੜੀ, ਅਸ਼ੀਸ਼ ਵਿਦਿਆਰਥੀ, ਅਵਤਾਰ ਗਿੱਲ ਤੇ ਪੁਨੀਤ ਈਸਰ ਵਰਗੇ ਕਲਾਕਾਰਾਂ ਨੇ ਵੀ ਕੰਮ ਕੀਤਾ ਸੀ। ਇਸ ਫਿਲਮ ਦਾ ਕੁੱਲ ਬਜਟ 15 ਕਰੋੜ ਸੀ ਅਤੇ ਇਸ ਨੇ 36 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਪਹਿਲੀ ਹੀ ਫਿਲਮ ਨਾਲ ਕਰੀਨਾ ਦਾ ਕਰੀਅਰ ਵਧੀਆ ਆਰੰਭ ਹੋ ਗਿਆ। ਉਂਝ, ਬਾਅਦ ਵਿਚ ਕਰੀਨਾ ਦੀਆਂ ਕਈ ਫਿਲਮਾਂ ਫਲਾਪ ਰਹੀਆਂ ਪਰ ਆਖਰਕਾਰ ਉਸ ਨੇ ਆਪਣੀ ਅਦਾਕਾਰੀ ਅਤੇ ਸੁਹੱਪਣ ਦੇ ਸਿਰ ‘ਤੇ ਫਿਲਮੀ ਦੁਨੀਆ ਵਿਚ ਆਪਣੀ ਥਾਂ ਬਣਾ ਲਈ। ਹੁਣ ਤੱਕ ਉਸ ਨੂੰ ਬਹੁਤ ਸਾਰੇ ਇਨਾਮ ਮਿਲ ਚੁੱਕੇ ਹਨ।