ਬਠਿੰਡਾ: ਪੰਜਾਬ ਸਰਕਾਰ ਦੀ ਮਾੜੀ ਆਰਥਿਕ ਹਾਲਤ ਨੇ ਪੀæਆਰæਟੀæਸੀ ਨੂੰ ਵੀ ਖੂੰਜੇ ਲਾ ਦਿੱਤਾ ਹਨ। ਸੂਬਾ ਸਰਕਾਰ ਨੇ ਇਸ ਅਦਾਰੇ ਨੂੰ ਐਸਾ ਰਗੜਾ ਲਾਇਆ ਹੈ ਕਿ ਇਸ ਨੂੰ ਕਰਜ਼ੇ ਖਾਤਰ ਹੁਣ ਆਪਣੇ ਬੱਸ ਅੱਡੇ ਗਿਰਵੀ ਰੱਖਣੇ ਪੈ ਗਏ ਹਨ। ਮੌਜੂਦਾ ਹਾਲਤ ਇਹ ਹੈ ਕਿ ਪੀæਆਰæਟੀæਸੀæ ਸਿਰ ਇਕ ਅਰਬ ਰੁਪਏ ਦਾ ਕਰਜ਼ਾ ਹੈ। ਪੀæਆਰæਟੀæਸੀ ਨੂੰ ਸਰਕਾਰ ਕਰਜ਼ਾ ਤਾਂ ਦੇ ਰਹੀ ਹੈ ਪਰ ਸਬਸਿਡੀ ਦੀ ਰਾਸ਼ੀ ਦੇਣ ਤੋਂ ਪੱਲਾ ਝਾੜ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਕਈ ਵਰਗਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਤੇ ਰਿਆਇਤੀ ਦਰ ‘ਤੇ ਸਫ਼ਰ ਕਰਨ ਦੀ ਸਹੂਲਤ ਦਿੱਤੀ ਹੋਈ ਹੈ। ਕਾਰਪੋਰੇਸ਼ਨ ਵੱਲੋਂ ਇਹ ਸਹੂਲਤ ਦਿੱਤੀ ਜਾ ਰਹੀ ਹੈ ਪਰ ਬਦਲੇ ਵਿਚ ਪੰਜਾਬ ਸਰਕਾਰ ਸਬਸਿਡੀ ਦੀ ਰਾਸ਼ੀ ਨਹੀਂ ਦੇ ਰਹੀ ਹੈ। ਪੰਜਾਬ ਸਰਕਾਰ ਵੱਲ ਇਨ੍ਹਾਂ ਸਬਸਿਡੀਆਂ ਦੇ ਤਕਰੀਬਨ 80 ਕਰੋੜ ਰੁਪਏ ਖੜ੍ਹੇ ਹਨ। ਪੀæਆਰæਟੀæਸੀ ਹੁਣ ਆਪਣੇ ਰੋਜ਼ ਮਰ੍ਹਾ ਦੇ ਕੰਮਾਂ ਖਾਤਰ ਵੀ ਕਰਜ਼ਾ ਚੁੱਕ ਰਹੀ ਹੈ। ਪੀæਆਰæਟੀæਸੀ ਨੇ ਹਾਲ ਹੀ ਵਿਚ ਬਠਿੰਡਾ ਦਾ ਬੱਸ ਅੱਡਾ ਤੇ ਵਰਕਸ਼ਾਪ ਗਿਰਵੀ ਕਰ ਦਿੱਤੀ ਹੈ। ਪੀæਆਰæਟੀæਸੀ ਨੇ ਕੁਝ ਅਰਸਾ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ ਕੋਲ ਬਠਿੰਡਾ ਦਾ ਬੱਸ ਅੱਡਾ ਗਿਰਵੀ ਕਰਕੇ ਤਕਰੀਬਨ 49 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ।
ਉਸ ਮਗਰੋਂ ਇਸ ਬੈਂਕ ਤੋਂ 10 ਕਰੋੜ ਰੁਪਏ ਦੀ ਲਿਮਟ ਵੀ ਬਣਵਾਈ ਸੀ। ਹੁਣ 15 ਕਰੋੜ ਰੁਪਏ ਦੀ ਲਿਮਟ ਇਸ ਬੱਸ ਅੱਡੇ ਦੀ ਬਾਕੀ ਜ਼ਮੀਨ ਨੂੰ ਗਿਰਵੀ ਰੱਖ ਕੇ ਬਣਵਾਈ ਹੈ। ਆਰæਟੀæਆਈ ਤਹਿਤ ਦਿੱਤੀ ਗਈ ਜਾਣਕਾਰੀ ਮੁਤਾਬਕ ਪੀæਆਰæਟੀæਸੀ ਨੇ ਸਟੇਟ ਬੈਂਕ ਆਫ ਪਟਿਆਲਾ ਤੋਂ 65æ50 ਕਰੋੜ ਰੁਪਏ ਦੇ ਲੋਨ ਲੈਣ ਲਈ ਬਠਿੰਡਾ ਦੇ ਬੱਸ ਅੱਡੇ ਦੀ ਜ਼ਮੀਨ ਸਮੂਹਿਕ ਸਕਿਊਰਿਟੀ ਵਜੋਂ ਗਿਰਵੀ ਕੀਤੀ ਹੈ। ਇਸ ਜ਼ਮੀਨ ਦੀ ਬਾਜ਼ਾਰੂ ਕੀਮਤ 68 ਕਰੋੜ ਰੁਪਏ ਪਾਈ ਗਈ ਹੈ। ਬਠਿੰਡਾ ਦਾ ਬੱਸ ਅੱਡਾ ਤੇ ਵਰਕਸ਼ਾਪ ਤਕਰੀਬਨ 12 ਏਕੜ ਵਿਚ ਹਨ। ਜਦੋਂ ਅਕਾਲੀ-ਭਾਜਪਾ ਗੱਠਜੋੜ ਸੱਤਾ ਵਿਚ ਆਇਆ ਸੀ ਤਾਂ ਸਭ ਤੋਂ ਪਹਿਲਾਂ ਪੀæਆਰæਟੀæਸੀ ਨੇ ਫਗਵਾੜਾ ਬੱਸ ਅੱਡੇ ਨੂੰ ਕਰਜ਼ੇ ਖਾਤਰ ਗਿਰਵੀ ਰੱਖਿਆ ਸੀ। ਇਸ ਬੱਸ ਅੱਡੇ ਦੀ ਜਗ੍ਹਾ ਗਿਰਵੀ ਕਰਕੇ ਸਾਲ 2007-08 ਵਿਚ 1æ22 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਇਸੇ ਤਰ੍ਹਾਂ ਦੋ ਕਰੋੜ ਰੁਪਏ ਦਾ ਹੋਰ ਕਰਜ਼ਾ ਇਸੇ ਬੱਸ ਅੱਡੇ ਦੀ ਜ਼ਮੀਨ ਗਿਰਵੀ ਕਰਕੇ ਲਿਆ ਗਿਆ ਸੀ। ਇਸ ਕਰਜ਼ੇ ਵਿਚੋਂ ਕਾਫੀ ਲੋਨ ਉਤਾਰ ਵੀ ਦਿੱਤਾ ਗਿਆ ਹੈ। ਮੂਨਕ ਬੱਸ ਅੱਡਾ ਵੀ ਬੈਂਕ ਕੋਲ ਗਿਰਵੀ ਪਿਆ ਹੈ। ਇਸ ਬੱਸ ਅੱਡੇ ‘ਤੇ ਲਏ ਕਰਜ਼ੇ ਵਿਚੋਂ 31 ਮਾਰਚ, 2012 ਤੱਕ 45æ41 ਲੱਖ ਰੁਪਏ ਬਕਾਇਆ ਖੜ੍ਹੇ ਸਨ।
ਮੌਜੂਦਾ ਸਥਿਤੀ ਦੇਖੀਏ ਤਾਂ 31 ਮਾਰਚ, 2012 ਤੱਕ ਪੀæਆਰæਟੀæਸੀ ਸਿਰ ਵਪਾਰਕ ਬੈਂਕਾਂ ਦਾ 46æ90 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਪੰਜਾਬ ਸਰਕਾਰ ਵੱਲੋਂ ਛੇ ਵਾਰ ਪੀæਆਰæਟੀæਸੀ ਨੂੰ ਕਰਜ਼ਾ ਦਿੱਤਾ ਗਿਆ ਹੈ। ਤਕਰੀਬਨ 100 ਕਰੋੜ ਰੁਪਏ ਦਾ ਕਰਜ਼ਾ ਪੀæਆਰæਟੀæਸੀ ਸਿਰ ਹੈ। ਸਾਲ 2007-08 ਵਿਚ ਪੀæਆਰæਟੀæਸੀ ਸਿਰ 67æ60 ਕਰੋੜ ਰੁਪਏ ਦਾ ਕਰਜ਼ਾ ਸੀ। ਵਪਾਰਕ ਬੈਂਕਾਂ ਦਾ ਕਰਜ਼ਾ ਹੁਣ ਦੁੱਗਣਾ ਹੋ ਗਿਆ ਹੈ।
ਪੰਜਾਬ ਸਰਕਾਰ ਪੀæਆਰæਟੀæਸੀ ਨੂੰ ਸਬਸਿਡੀ ਦੇ ਬਕਾਏ ਨਹੀਂ ਦੇ ਰਹੀ ਹੈ ਤੇ ਉਲਟਾ ਸਰਕਾਰ ਪੀæਆਰæਟੀæਸੀ ਨੂੰ ਅੱਠ ਫੀਸਦੀ ਵਿਆਜ ਦਰ ‘ਤੇ ਲੋਨ ਦੇ ਰਹੀ ਹੈ। ਸਾਲ 2007-08 ਵਿਚ ਪੀæਆਰæਟੀæਸੀ ਨੇ ਪੰਜਾਬ ਸਰਕਾਰ ਤੋਂ ਮੁਫ਼ਤ ਸਹੂਲਤਾਂ ਬਦਲੇ 10æ56 ਕਰੋੜ ਰੁਪਏ ਲੈਣੇ ਸਨ। ਪੀæਆਰæਟੀæਸੀ ਦੇ ਐਮæਡੀ ਭੁਪਿੰਦਰ ਸਿੰਘ ਰਾਏ ਨੇ ਕਿਹਾ ਕਿ ਬਠਿੰਡਾ ਦੇ ਬੱਸ ਅੱਡੇ ਦੀ ਜ਼ਮੀਨ ‘ਤੇ ਹੁਣ 25 ਕਰੋੜ ਰੁਪਏ ਦੀ ਲਿਮਟ ਬਣਵਾਈ ਗਈ ਹੈ। ਰੋਜ਼ਾਨਾ ਦੇ ਕੰਮ-ਕਾਰ ਵਾਸਤੇ ਇਹ ਕਰਜ਼ਾ ਚੁੱਕਿਆ ਹੈ। ਬੱਸਾਂ ਖਰੀਦਣ ਵਾਸਤੇ ਪਹਿਲਾਂ ਕਰਜ਼ਾ ਚੁੱਕਿਆ ਗਿਆ ਸੀ, ਜਿਸ ਵਿਚੋਂ ਕਾਫੀ ਰਾਸ਼ੀ ਵਾਪਸ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਬਸਿਡੀ ਦੀ ਰਾਸ਼ੀ ਲੈਣ ਲਈ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ।
Leave a Reply