ਸੁਰਜੀਤ ਪਾਤਰ ਕਾਵਿ; ਸੰਪਾਦਕ ਦਾ ਜੋਖ਼ਮ ਅਤੇ ਪੰਜਾਬ ਦੇ ਖੱਬੇ ਪੱਖ ਦੀ ‘ਗ਼ਦਾਰੀ’!

ਸੁਖਪਾਲ
ਪੰਜਾਬ `ਚ ਸਾਡੇ ਸਮਿਆਂ ਦਾ ਸਭ ਤੋਂ ਮਹਿਬੂਬ ਸ਼ਾਇਰ, ਸੁਰਜੀਤ ਪਾਤਰ ਸਥਾਪਤੀ ਦਾ ਸ਼ਾਇਰ ਸੀ ਜਾਂ ਉਸ ਦੇ ਕਾਵਿ ਅੰਦਰ ਖੱਬੀ-ਸੈਕੂਲਰ ਸੁਰ ਨੁਮਾਇਆ ਰੂਪ ਵਿਚ ਹਾਵੀ ਸੀ। ਇਹ ਵਿਵਾਦ ਅੱਜ ਤੋਂ ਕਰੀਬਨ ਅੱਧੀ ਸਦੀ ਪਹਿਲਾਂ ਉਨ੍ਹਾਂ ਵਲੋਂ ਆਪਣੇ ਕਾਵਿ ਸਫ਼ਰ ਦੇ ਮੁੱਢਲੇ ਵਰਿ੍ਹਆਂ ਦੌਰਾਨ ਹੀ ਲਿਖੀ ਗਈ ‘ਬੁੱਢੀ ਜਾਦੂਗਰਨੀ’ ਦੇ ਸਮੇਂ ਤੋਂ ਹੀ ਚਲਦਾ ਰਿਹਾ ਹੈ।

‘ਪੰਜਾਬ ਸੰਕਟ’ ਦੇ ਸਾਰੇ ਸਾਲਾਂ ਦੌਰਾਨ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਨਾਲ ਹੀ ਖੱਬੀਆਂ ਧਿਰਾਂ ਦੀ ਭੂਮਿਕਾ ਨੂੰ ਲੈ ਕੇ ਵੀ ਲਗਾਤਾਰ ਤਿੱਖੇ ਸਵਾਲ ਉਠਦੇ ਰਹੇ ਹਨ, ਇਨ੍ਹਾਂ ਸਵਾਲਾਂ ਨੂੰ ਹੀ ਮੁਖਾਤਿਬ ਹੈ ਡਾ. ਸੁਖਪਾਲ ਹੁਰਾਂ ਵਲੋਂ ‘ਪੰਜਾਬ ਟਾਈਮਜ਼’ ਨੂੰ ਭੇਜਿਆ ਗਿਆ ਇਹ ਹਾਲੀਆ ਲੇਖ, ਜਿਸ ਵਿਚ ਉਨ੍ਹਾਂ ਵਲੋਂ ਬਹੁਤ ਹੀ ਧੀਮੀ ਸੁਰ ਵਾਲੇ ਪਰ ਬੜੇ ਹੀ ਬੇਬਾਕ ਅਤੇ ਸਪੱਸ਼ਟ ਅੰਦਾਜ਼ ਵਿਚ ਵਿਸਥਾਰ ਚਰਚਾ ਕੀਤੀ ਗਈ ਹੈ।
ਕਿਤਾਬ ਨੂੰ ਪੜ੍ਹਨਾ ਸਹਿਜ ਹੋ ਕੇ ਬੈਠਣ ਦੀ ਕਿਰਿਆ ਹੈ। ਕਿਤੇ ਵੀ ਰੁਕ ਸਕਦੇ ਹੋ, ਪਿੱਛੇ ਪਰਤ ਸਕਦੇ, ਬਾਰ ਬਾਰ ਪੜ੍ਹ ਸਕਦੇ ਜਾਂ ਸਫ਼ਾ ਮੋੜ ਕੇ ਸੋਚਣ ਲੱਗ ਸਕਦੇ ਹੋ।
ਫ਼ੇਸਬੁੱਕ ਭੱਜੇ ਜਾਂਦੇ ਪਾਠਕ ਲਈ ਲਿਖ਼ੀ ਰਚਨਾ ਹੈ। ਪਾਠਕ ਪੜ੍ਹਦਾ ਨਹੀਂ, ਨਿਰੰਤਰ ਸਕ੍ਰੋਲਦਾ ਹੈ। ਪੰਜਾਬੀ ਵਿਚ ਕਹੋ ਤਾਂ “ਫ਼ਰੋਲਦਾ” ਹੈ। ਟਰੰਕ ਵਿਚੋਂ ਮਰਜ਼ੀ ਦਾ ਕਪੜਾ ਫ਼ਰੋਲਣ ਵੇਲ਼ੇ ਅਸੀਂ ਬਾਕੀ ਕਪੜਿਆਂ ਨੂੰ ਚੁੱਕ ਚੁੱਕ ਪਾਸੇ ਸੁਟਦੇ ਹਾਂ। ਫ਼ੇਸਬੁੱਕ `ਤੇ ਪੜ੍ਹਦਾ ਪਾਠਕ ਅਣਜਾਣੇ ਹੀ ਇਹੀ ਕਿਰਿਆ ਸ਼ਬਦਾਂ ਨਾਲ਼ ਕਰਦਾ ਹੈ। ਲੰਮੀ ਰਚਨਾ ਪੜ੍ਹਣ ਲਈ ਉਸ ਕੋਲ ਸਮਾਂ ਵੀ ਹੋਵੇ ਤਾਂ ਸਬਰ ਨਹੀਂ ਹੁੰਦਾ। ਪਾਠਕ ਨੂੰ (ਅਚੇਤ ਹੀ) ਜਾਪਦਾ ਹੈ ਕਿ ਜੋ ਉਹ ਪੜ੍ਹ ਰਿਹਾ ਹੈ, ਉਸਦੇ ਹੇਠਾਂ ਉਸ ਤੋਂ ਬੇਹਤਰ ਪੜ੍ਹਨ ਵਾਲ਼ਾ ਕੁਝ ਪਿਆ ਹੈ, ਉਹ ਕਿਤੇ ਰਹਿ ਨਾ ਜਾਵੇ। ਫ਼ੇਸਬੁੱਕ ਮ੍ਰਿਗ-ਤ੍ਰਿਸ਼ਨਾ ਪੜ੍ਹਤ ਹੈ।
ਨਵਤੇਜ ਭਾਰਤੀ ਕਹਿੰਦੇ ਹਨ : ਮੋਟਰਸਾਈਕਲ `ਤੇ ਜਾਂਦੇ ਬੰਦੇ ਦੇ ਨਕਸ਼ ਪਛਾਣਨੇ ਅਸੰਭਵ ਹਨ, ਸਿਰਫ਼ ਚਿਹਰੇ ਦਾ ਝਾਉਲਾ ਪੈਂਦਾ ਹੈ, ਬਾਕੀ ਵੇਰਵਾ ਅਸੀਂ ਆਪਣੀ ਕਲਪਨਾ ਨਾਲ ਪੂਰਾ ਕਰਦੇ ਹਾਂ, ਤੇ ਇਹ ਕਲਪਨਾ ਬਹੁਤ ਵਾਰੀ ਭੁਲੇਖੇ-ਭਰੀ ਹੁੰਦੀ ਹੈ। ਇਸੇ ਕਰਕੇ ਅੱਜ ਦੇ ਸਮੇਂ ਵਿਚ ਅਸੀਂ ਇਕ ਦੂਜੇ ਨੂੰ ਬੇਪਛਾਣ ਹੋਈ ਜਾ ਰਹੇ ਹਾਂ।
ਮੈਂ ਪਹਿਲਾਂ ਇਕ ਲੇਖ ਵਿਚ ਲਿਖ਼ਿਆ ਸੀ : ਇਹ ਸ਼ਬਦ ਵੀ ਪੰਜਾਬ ਦੀ “ਇਕ ਖੱਬੀ ਧਿਰ” ਵੱਲੋਂ ਹੀ ਆਏ ਹਨ : ਪਾਤਰ ਦੇ ਜਾਣ ਦਾ ਸਾਨੂੰ ਕੋਈ ਅਫ਼ਸੋਸ ਨਹੀਂ।
ਮੈਂ ਉਪਰਲੇ ਵਾਕ ਵਿਚ ‘ਇਕ ਖੱਬੀ ਧਿਰ’ ਲਿਖ਼ਿਆ ਸੀ। ‘ਖੱਬੀ ਧਿਰ’ ਜਾਂ ‘ਖੱਬੀਆਂ ਧਿਰਾਂ’ ਜਾਂ ‘ਕੁੱਲ ਖੱਬੀ ਧਿਰ’ ਨਹੀਂ ਲਿਖਿਆ ਸੀ। ਪਰ ਫ਼ੇਸਬੁੱਕ ਦੀ ਪੜ੍ਹਨ-ਦੌੜ ਵਿਚ ‘ਇੱਕ’ ਸ਼ਬਦ ਗੁਆਚ ਗਿਆ। ਇਹ ਇਉਂ ਪੜ੍ਹਿਆ ਗਿਆ: ‘ਇਹ ਸ਼ਬਦ ਪੰਜਾਬ ਦੀ ਖੱਬੀ ਧਿਰ ਵੱਲੋਂ ਆਏ ਹਨ …’।
ਇਸ ਘਟਨਾ ਨੇ ਗ਼ਲਤਫ਼ਹਿਮੀ ਪੈਦਾ ਕੀਤੀ ਕਿ ਸਭ ਖੱਬੀਆਂ ਧਿਰਾਂ ਪਾਤਰ ਦੇ ਵਿਰੋਧ ਵਿਚ ਸਨ। ਇਹ ਸਹੀ ਨਹੀਂ। ਸੁਰਜੀਤ ਪਾਤਰ ਅਤੇ ਖੱਬੀ ਧਿਰ ਸਾਰੀ ਉਮਰ ਇਕ ਦੂਜੇ ਦੇ ਸਮਾਨਾਂਤਰ ਵਗਦੇ ਦਰਿਆ ਸਨ, ਜਿਹੜੇ ਇਕ ਦੂਜੇ ਵਿਚ ਆਪਣਾ ਪਾਣੀ ਪਾਉਂਦੇ ਰਹਿੰਦੇ ਸਨ। ਇਹ ਨਕਸਲੀ ਲਹਿਰ ਵੇਲੇ ਵੀ ਸੱਚ ਸੀ, ਤੇ 50 ਵਰ੍ਹੇ ਮਗਰੋਂ ਵਾਪਰੇ ਕਿਸਾਨ ਮੋਰਚੇ ਵੇਲ਼ੇ ਵੀ। ਪਾਤਰ ਦੇ ਜਾਣ ਮਗਰੋਂ ਉਨ੍ਹਾਂ ਦੀ ਕਵਿਤਾ ਦੇ ਸਨਮਾਨ ਵਿਚ ਬਰਨਾਲੇ ਵਿਚ ਖੱਬੀਆਂ ਧਿਰਾਂ ਵੱਲੋਂ ਕੀਤਾ ਦਸ ਹਜ਼ਾਰ ਤੋਂ ਵੱਧ ਬੰਦਿਆਂ ਦਾ ਇਕੱਠ ਏਹਦਾ ਸਬੂਤ ਹੈ।
ਪਰ ਉਸ ਇਕ ਖੱਬੀ ਧਿਰ ਵੱਲੋਂ ਪਾਤਰ ਦੇ ਜਾਣ ਮਗਰੋਂ ਪਾਤਰ ਵਿਰੁੱਧ ਕਹੇ ਉਪਰਲੇ ਸਖ਼ਤ ਸ਼ਬਦਾਂ `ਤੇ ਹੈਰਾਨ ਵੀ ਨਹੀਂ ਹੋਣਾ ਚਾਹੀਦਾ। ਹਰ ਲਹਿਰ ਵਿਚ ਹਰ ਬੰਦਾ ਇਕੋ ਜਿਹੇ ਬੌਧਿਕ ਪੱਧਰ `ਤੇ ਨਹੀਂ ਜੀਂਦਾ। ਕਈ ਲਹਿਰ ਦੇ ਸਿਧਾਂਤਾਂ ਨੂੰ ਬੇਪਰਵਾਹੀ ਨਾਲ਼ ਜੀਂਦੇ ਹਨ, ਕਈ ਪੂਰਣਤਾ ਨਾਲ, ਕਈ ਕੱਟੜਤਾ ਨਾਲ। ਏਹਦਾ ਅਰਥ ਇਹ ਵੀ ਨਹੀਂ ਕਿ ਜਿਨ੍ਹਾਂ ਨੇ ਉਹ ਸ਼ਬਦ ਕਹੇ ਹਨ, ਉਹ ਬੁਰੇ ਲੋਕ ਹਨ, ਜਾਂ ਖੱਬੀ ਲਹਿਰ ਪ੍ਰਤੀ ਇਮਾਨਦਾਰ ਨਹੀਂ। ਉਹ ਸ਼ਾਇਦ ਆਪਣੇ ਵੱਲੋਂ ਬਹੁਤ ਜ਼ਿਆਦਾ ਇਮਾਨਦਾਰ ਹਨ, ਇਸੇ ਲਈ ਅਜਿਹੀ ਓਣਟਰੲਮੲ ਫੋਸਟਿiੋਨ ‘ਤੇ ਜੀਂਦੇ ਅਤੇ
ਸੋਚਦੇ ਹਨ।
*
ਖੱਬੀ ਧਿਰ ਦੇ ਇਕ ਹਿੱਸੇ ਨੇ ਪਾਤਰ ਦੀ ਵਿਰੋਧਤਾ ਕੀਤੀ। ਖ਼ੁਦ ਖੱਬੀ ਧਿਰ ਦੀ ਅਸੰਤੁਲਿਤ ਵਿਰੋਧਤਾ ਵੀ ਬਹੁਤ ਵਾਪਰੀ ਹੈ ਜੋ ਅੱਧਸੋਚੀ, ਨਾਵਾਜਬ ਅਤੇ ਮੌਕਾਪ੍ਰਸਤ ਵੀ ਹੈ। ਮੈਂ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਪਰ ਕੁਝ ਸਾਲ ਪਹਿਲਾਂ ਇਹ ਗੱਲ ਸੁਣ ਕੇ ਮੈਨੂੰ ਧੱਕਾ ਲੱਗਾ ਕਿ: ਪੰਜਾਬ ਵਿਚ ਹੁਣ ਕਿਸੇ ਨੂੰ ਗਾਲ੍ਹ ਕੱਢਣੀ ਹੋਵੇ ਤਾਂ ਉਹਨੂੰ ਕਾਮਰੇਡ ਕਹਿ ਦਿਓ! ਮੈਨੂੰ ਜਾਪਿਆ : ਕੀ ਅਸੀਂ ਵਿਚਾਰਧਾਰਾ ਫ਼ੈਸ਼ਨ ਵਾਂਗ ਬਦਲਦੇ ਹਾਂ ਜੋ ਅਜਕਲ੍ਹ ਕਾਮਰੇਡ ਹੋਣ ਦਾ ਫ਼ੈਸ਼ਨ ਨਹੀਂ ਰਿਹਾ? ਦੂਜੇ ਅਰਥਾਂ ਵਿਚ : ਸਾਨੂੰ ਪਤਾ ਹੀ ਨਹੀਂ ਕਿ ਸਾਡੀ ਵਿਚਾਰਧਾਰਕ ਚਮੜੀ ਕਿਹੜੀ ਸੂਝ ਦੀ ਬਣੀ ਹੋਈ ਹੈ?
ਖੱਬੀ-ਧਿਰ ਦੀ ਅਸੰਤੁਲਿਤ ਆਲੋਚਨਾ ਦੀ ਇਕ ਉਦਾਹਰਣ ਅੰਮ੍ਰਿਤਸਰੋਂ ਛਪੇ ਨਵੇਂ ਪਰਚੇ ‘ਸੁਰਤਿ’ ਵਿਚ ਛਪੀ ਮੁੱਖ ਮੁਲਾਕਾਤ ਹੈ। ਇਸ ਮੁਲਾਕਾਤ ਦੇ ਇਹ ਸ਼ਬਦ ਸੋਸ਼ਲ ਮੀਡੀਆ `ਤੇ ਕਾਫ਼ੀ ਪ੍ਰਚੱਲਤ ਹੋਏ: “ਪੰਜਾਬ ਦੇ ਲੈਫ਼ਟ ਨੇ ਪੰਜਾਬ ਨੂੰ ਨਾ ਮਾਨਸਿਕ ਤੌਰ `ਤੇ ਅਤੇ ਨਾ ਬੌਧਿਕ ਤੌਰ `ਤੇ ਸਮਝਿਆ ਹੈ। ਉਨ੍ਹਾਂ ਨੇ ਤਾਂ ਮਾਰਕਸਵਾਦ ਨੂੰ ਵੀ ਨਹੀਂ ਸਮਝਿਆ। ਪੰਜਾਬ ਨਾਲ ਜੋ ਅਨਿਆਂ ਲੈਫ਼ਟ ਨੇ ਕੀਤਾ ਉਹ ਜੜ੍ਹ ਹੋ ਚੁੱਕੀ ਸੋਚ ਕਰਕੇ ਕੀਤਾ’।
ਇਸ ਬਿਆਨ ਵਿਚ “ਅਨਿਆਂ” ਸ਼ਬਦ ਵੱਡਾ ਅਤੇ ਭਾਰਾ ਹੈ।
ਅਗਲੀ ਗੱਲ ਕਰਨੋਂ ਪਹਿਲਾਂ ਇਸ ਮੁਲਾਕਾਤ ਵਿਚ ਕਹੀਆਂ ਚੰਗੀਆਂ ਗੱਲਾਂ ਦੀ ਪ੍ਰਸ਼ੰਸਾ ਕਰ ਲਈਏ। ਲੇਖਕ ਨੇ ਪਦਾਰਥਵਾਦੀ ਕਾਰਪੋਰੇਟ ਵਰਤਾਰੇ ਦੇ ਮਨੁੱਖ ਦੀ ਮਨੁੱਖਤਾ, ਵਿਦਿਆ, ਵਿਚਾਰ, ਜੜ੍ਹਾਂ, ਜੀਵਨ-ਜਾਚ, ਅਤੇ ਬੌਧਿਕਤਾ `ਤੇ ਪੈ ਰਹੇ ਪ੍ਰਭਾਵ ਨੂੰ ਨੀਝ ਨਾਲ ਬਿਆਨਿਆ ਹੈ। ਪੂੰਜੀ-ਤੰਤਰ ਦੀ ਅਸੀਮ ਤਾਕਤ ਦਾ ਸਹੀ ਜ਼ਿਕਰ ਕੀਤਾ ਹੈ। ਦੂਜਾ – ਉਹਨੇ ਲੇਖਕ ਅਤੇ ਸ਼ਬਦ-ਪੁਰਸ਼ ਵਿਚ ਫ਼ਰਕ ਸਮਝਾਇਆ ਹੈ। ਪੰਜਾਬੀ ਸਾਹਿਤ ਅਤੇ ਲੇਖਕ ਦੇ ਨਿਘਾਰ ਦੇ ਕਾਰਨਾਂ ਦਾ ਬਿਆਨ ਕੀਤਾ ਹੈ। ਤੀਜਾ : ਧਰਮ ਨੂੰ ਤਲਾਸ਼ਕਾਰੀ ਨਾਲ ਖੂਬਸੂਰਤੀ ਸਹਿਤ ਜੋੜਿਆ ਹੈ। ਚੌਥਾ : ਕਿਰਤ ਨੂੰ ਮਨੁੱਖ ਦੀ ਸਵੈ-ਸੱਤਾ ਦਾ ਰਾਹ ਦੱਸਿਆ ਹੈ ਪਰ ਪੰਜਾਬ ਵਿਚ ਇਸ ਬਿਰਤਾਂਤ ਦੀ ਅਸਫ਼ਲਤਾ ਲਈ ਅੰਗਰੇਜ਼ੀ ਰਾਜ ਦੀ ਚਾਲਬਾਜ਼ੀ ਨੂੰ ਸਹੀ ਦੋਸ਼ੀ ਠਹਿਰਾਇਆ ਹੈ। ਪੰਜਵਾਂ : ਪੰਜਾਬੀ ਬੰਦੇ ਦਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਤਰਲਾ ਦਰਸਾਇਆ ਹੈ। ਸੁਖਦਾਈ ਪਰਵਾਸ ਅੰਦਰ ਵੀ ਵਾਪਰਦੀ ਟੁੱਟ-ਭੱਜ ਦੀ ਜੜ੍ਹ ਨੂੰ ਪਛਾਣਿਆ ਹੈ। ਇਹ ਉਸ ਲੇਖਕ ਦੀਆਂ ਕਹੀਆਂ ਸਹੀ ਗੱਲਾਂ ਹਨ।
ਪਰ ਇਸ ਮੁਲਾਕਾਤ ਵਿਚ ਚਲਾਕੀ ਨਾਲ ਕੁਝ ਹਕੀਕਤਾਂ ਤੋਂ ਪਾਸਾ ਵੱਟਿਆ ਗਿਆ ਹੈ। ਲੇਖਕ ਸ਼ਿਵ ਕੁਮਾਰ ਨੂੰ ਤਾਂ ‘ਰੋਸ਼ਨੀ ਦਾ ਦੂਤ’ ਗਿਣਦਾ ਹੈ, ਸੁਰਜੀਤ ਪਾਤਰ ਨੂੰ ਨਹੀਂ। ਹੋ ਸਕਦਾ ਹੈ ਕਿਸੇ ਨੂੰ ਸ਼ਿਵ ਕੁਮਾਰ ਦੀ ਕਾਵਿਕ ਸਮਰੱਥਾ ਅਤੇ ਭਾਸ਼ਾਈ-ਸੂਝ ਸੁਰਜੀਤ ਪਾਤਰ ਤੋਂ ਵੱਡੀ ਜਾਪੇ, ਪਰ ਪਾਤਰ ਦੀ ਪੰਜਾਬ ਨੂੰ ਬੌਧਿਕ ਦੇਣ ਸ਼ਿਵ ਕੁਮਾਰ ਤੋਂ ਵਡੇਰੀ ਅਤੇ ਵੱਧ-ਦਿਸ਼ਾਵੀ ਹੈ। ਇਹੀ ਲੇਖਕ ਗੁਰਬਖ਼ਸ਼ ਸਿੰਘ, ਨਾਨਕ ਸਿੰਘ, ਪੂਰਨ ਸਿੰਘ, ਭਾਈ ਵੀਰ ਸਿੰਘ ਨੂੰ ਤਾਂ ਪੰਜਾਬੀ ਪਾਠਕ ਪੈਦਾ ਕਰਨ ਦਾ ਸਿਹਰਾ ਦਿੰਦਾ ਹੈ, ਪਰ ਮੋਹਨ ਸਿੰਘ ਜਾਂ ਅੰਮ੍ਰਿਤਾ ਪ੍ਰੀਤਮ ਨੂੰ ਨਹੀਂ ਜਦ ਕਿ ‘ਪੰਜ ਦਰਿਆ’ ਅਤੇ ‘ਨਾਗਮਣੀ’ ਨੇ ਵੀ ਪੰਜਾਬੀ ਵਿਚ ਬਹੁਤ ਸਾਰੇ ਪਾਠਕ ਹੀ ਨਹੀਂ, ਲੇਖਕ ਵੀ ਪੈਦਾ ਕੀਤੇ। ਅੰਮ੍ਰਿਤਾ ਦੀ ਨਿਜੀ ਜੀਵਨ ਸ਼ੈਲੀ ਨਾਲ ਕਿਸੇ ਨੂੰ ਇਤਰਾਜ਼ ਵੀ ਹੋ ਸਕਦਾ ਹੈ, ਉਸਦੀ ਲੇਖਣੀ ਲੋੜੋਂ ਵੱਧ ਭਾਵੁਕ ਵੀ ਜਾਪ ਸਕਦੀ ਹੈ, ਪਰ ਅੰਮ੍ਰਿਤਾ ਦੀ ਲਿਖ਼ਤ ਨੂੰ ਧਿਆਨ ਨਾਲ ਅਤੇ ਪੂਰੀ ਤਰ੍ਹਾਂ ਪੜ੍ਹਨ ਵਾਲਾ ਬੰਦਾ ਇਸਤ੍ਰੀ ਦਾ ਅਪਮਾਨ ਨਹੀਂ ਕਰ ਸਕਦਾ। ਜੇ ਕੋਈ ਲੇਖਕ ਜੀਵਨ ਵਿਚ ਏਨਾ ਕੰਮ ਵੀ ਕਰ ਜਾਵੇ ਤਾਂ ਕੀ ਉਹਨੂੰ ਵੱਡਾ ਨਹੀਂ ਗਿਣਨਾ ਚਾਹੀਦਾ? ਕੀ ਉਹ ਵੀ ਰੋਸ਼ਨੀ ਦਾ ਦੂਤ ਕਹਾਉਣ ਦਾ ਹੱਕਦਾਰ ਨਹੀਂ?
*
ਉਸ ਲੇਖਕ ਦੀ ਟੂਕ ਨੂੰ ਦੁਬਾਰਾ ਪੜ੍ਹਦੇ ਹਾਂ :
“ਪੰਜਾਬ ਦੇ ਲੈਫ਼ਟ ਨੇ ਪੰਜਾਬ ਨੂੰ ਨਾ ਮਾਨਸਿਕ ਤੌਰ ਅਤੇ ਨਾ ਬੌਧਿਕ ਤੌਰ `ਤੇ ਸਮਝਿਆ ਹੈ। ਉਹਨੇ ਤਾਂ ਮਾਰਕਸਵਾਦ ਨੂੰ ਵੀ ਨਹੀਂ ਸਮਝਿਆ। ਲੈਫ਼ਟ ਨੇ ਤੈਅਸ਼ੁਦਾ ਥਿਰ ਮਾਡਲ ਦੀ ਨਜ਼ਰ ਤੋਂ ਧਰਮ ਨੂੰ ਸਮਝਿਆ। ਮੈਂ ਕਹਿਨਾਂ ਸਿੱਖੀ ਨੂੰ ਸਿਰਫ਼ ਧਰਮ ਤਕ ਸੀਮਤ ਨਾ ਰੱਖੋ। ਸਿੱਖੀ ਇਤਿਹਾਸਕ ਘਟਨਾਵਾਂ ਦੀ ਸਟਰੱਕਚਰ ਵੀ ਹੈ। ਜਿਹੜੀਆਂ ਚੀਜ਼ਾਂ ਪੰਜਾਬੀ ਬੰਦੇ ਦੇ ਅੰਦਰ ਰਮੀਆਂ ਹੋਈਆਂ ਨੇ, ਉਹਦੇ ਸਭਿਆਚਾਰਕ ਅਵਚੇਤਨ ਦਾ ਹਿੱਸਾ ਨੇ, ਉਹਨੂੰ ਅਣਗੌਲਿਆਂ ਕਰਕੇ ਆਪਣੀ ਰੱਟ ਨਾ ਲਗਾਈ ਜਾਉ। ਅਜਿਹਾ ਲੈਫ਼ਟ ਨੇ ਕੀਤਾ। ਪੰਜਾਬ ਨਾਲ ਜੋ ਅਨਿਆਂ ਲੈਫ਼ਟ ਨੇ ਕੀਤਾ, ਉਹ ਜੜ੍ਹ ਹੋ ਚੁੱਕੀ ਸੋਚ ਕਰਕੇ ਕੀਤਾ”।
ਪਹਿਲੀ ਗੱਲ : ਇਹ ਸਹੀ ਹੈ ਕਿ ਖੱਬੀ ਧਿਰ ਨੇ ਸਿੱਖੀ ਨੂੰ ਮਾਰਕਸਵਾਦ ਨਾਲ ਗੁੰਨ੍ਹੇ (ੳਮਅਲਗਅਮਅਟੲ ਕੀਤੇ) ਬਿਨਾਂ ਹੀ ਲਹਿਰ ਵਿੱਢ ਲਈ। ਜਿਹੜਾ ਸੰਘਰਸ਼ ਉਹ ਕਰਨਾ ਚਾਹੁੰਦੇ ਸਨ, ਉਹਦੇ ਬੀਜ ਸਿੱਖ/ਪੰਜਾਬੀ ਇਤਿਹਾਸ ਵਿਚ ਪਹਿਲਾਂ ਹੀ ਪਏ ਸਨ, ਪਰ ਉਨ੍ਹਾਂ ਵਰਤੇ ਨਾ। ਉਨ੍ਹਾਂ ਨੇ ਮਾਰਕਸਵਾਦ ਨੂੰ ੀਮਪੋਰਟ ਕਰ ਕੇ ਜਿਉਂ ਦਾ ਤਿਉਂ ਲਾਗੂ ਕਰਨ ਦਾ ਯਤਨ ਕੀਤਾ ਜਿਸਦਾ ਇਹ ਨੁਕਸਾਨ ਹੋਇਆ ਕਿ ਉਹਦੀ ਜੜ੍ਹ ਪੰਜਾਬ ਦੀ ਧਰਤੀ ਵਿਚ ਸਹਿਜ ਸੁਭਾਏ ਨਾ ਲੱਗੀ। ਪੰਜਾਬ ਦੀਆਂ ਕੰਧਾਂ `ਤੇ ਲਾਲ ਰੰਗ ਵਿਚ ਲਿਖ਼ੇ ਸ਼ਬਦ – ਪ੍ਰੋਲੋਤਾਰੀ ਦੀ ਏਕਤਾ, ਜਾਂ ਬੁਰਜੁਆਜ਼ੀ ਮੁਰਦਾਬਾਦ – ਪੜ੍ਹੇ ਲਿਖ਼ੇ ਲੋਕਾਂ ਨੂੰ ਵੀ ਸਮਝ ਨਾ ਆਏ।
ਪਰ ਗ਼ਲਤੀ ਕਰਨ ਅਤੇ ਅਨਿਆਂ ਕਰਨ ਵਿਚ ਫ਼ਰਕ ਹੈ। ਜੇ ਖੱਬੇ-ਪੱਖ ਦੇ ਪੰਜਾਬ ਵਿਚ ਕੀਤੇ ਕੰਮ ਨੂੰ ਅਨਿਆਂ ਕਹਿਣਾ ਹੈ ਤਾਂ ਫ਼ਿਰ ਮੋਦੀ-ਯੋਗੀ-ਸ਼ਾਹ-ਆਰ.ਐਸ.ਐਸ ਦੀ ਦੇਸ਼-ਭਰ ਵਿਚ ਵਿੱਢੀ ਹੋਈ ਮੌਜੂਦਾ Sੇਸਟੲਮਅਟਚਿ ੀਨਸਟਟਿੁਟiੋਨਅਲ Sਟਰਅਨਗੁਲਅਟiੋਨ ਨੂੰ ਕੀ ਕਹੋਗੇ? ਉਨ੍ਹਾਂ ਵੱਲੋਂ ਲੋਕਰਾਜ ਵਿਚ ਨਿਆਂ ਲੈਣ ਦੀ ਆਖ਼ਰੀ ਠਾਹਰ ਅਦਾਲਤਾਂ ਨੂੰ ਵੀ ਢਹਿ-ਢੇਰੀ ਕਰ ਦੇਣ ਦੇ ਕੁਕਰਮ ਨੂੰ ਕੀ ਕਹੋਗੇ? ਫ਼ਿਰ ਸੰਨ 84-ਦਿੱਲੀ ਜਾਂ 2002-ਗੁਜਰਾਤ ਜਾਂ 2023-ਮਨੀਪੁਰ ਦੀ ਨਸਲਕੁਸ਼ੀ ਨੂੰ ਕੀ ਕਹੋਗੇ?
*
ਉਸ ਲੇਖਕ ਦਾ ਇਹੀ ਉਪਰਲਾ ਬਿਆਨ ਪੰਜਾਬ ਦੀ ਸੱਜੀ ਧਿਰ ਬਾਰੇ ਵੀ ਦਿੱਤਾ ਜਾ ਸਕਦਾ ਹੈ। ਜੇ ਉਪਰਲੀ ਟੂਕ ਵਿਚ ਸ਼ਬਦ ‘ਲੈਫ਼ਟ’ ਨੂੰ ‘ਖਾੜਕੂਆਂ’, ਅਤੇ ‘ਮਾਰਕਸਵਾਦ’ ਨੂੰ ‘ਸਿੱਖੀ’ ਨਾਲ ਬਦਲ ਕੇ ਪੜ੍ਹਿਆ ਜਾਵੇ ਤਾਂ ਏਦਾਂ ਹੋਵੇਗਾ :
‘ਪੰਜਾਬ ਦੇ ਖਾੜਕੂਆਂ ਨੇ ਪੰਜਾਬ ਨੂੰ ਨਾ ਮਾਨਸਿਕ ਤੌਰ `ਤੇ ਸਮਝਿਆ ਹੈ ਨਾ ਬੌਧਿਕ ਤੌਰ `ਤੇ। ਉਨ੍ਹਾਂ ਨੇ ਤਾਂ ਸਿੱਖੀ ਨੂੰ ਵੀ ਨਹੀਂ ਸਮਝਿਆ। ਖਾੜਕੂਆਂ ਨੇ ਤੈਅਸ਼ੁਦਾ ਥਿਰ (ਹਥਿਆਰਬੰਦ) ਮਾਡਲ ਦੀ ਨਜ਼ਰ ਤੋਂ ਧਰਮ ਨੂੰ ਸਮਝਿਆ। ਮੈਂ ਕਹਿਨਾਂ ਸਿੱਖੀ ਨੂੰ ਸਿਰਫ਼ ਧਰਮ ਤਕ ਸੀਮਤ ਨਾ ਰੱਖੋ। ਸਿੱਖੀ ਇਤਿਹਾਸਕ ਘਟਨਾਵਾਂ ਦੀ ਸਟਰੱਕਚਰ ਵੀ ਹੈ। ਜਿਹੜੀਆਂ ਚੀਜ਼ਾਂ (ਨਿਰਭਉ ਨਿਰਵੈਰ, ਭਾਈਚਾਰਕ ਏਕਤਾ, ਸਰਬੱਤ ਦਾ ਭਲਾ) ਪੰਜਾਬੀ ਬੰਦੇ ਦੇ ਅੰਦਰ ਰਮੀਆਂ ਹੋਈਆਂ ਨੇ, ਉਹਦੇ ਸਭਿਆਚਾਰਕ ਅਵਚੇਤਨ ਦਾ ਹਿੱਸਾ ਨੇ, ਉਹਨੂੰ ਅਣਗੌਲਿਆਂ ਕਰਕੇ ਆਪਣੀ ਰੱਟ ਨਾ ਲਗਾਈ ਜਾਉ। ਅਜਿਹਾ ਖਾੜਕੂ ਲਹਿਰ ਨੇ ਕੀਤਾ। ਪੰਜਾਬ ਨਾਲ ਜੋ ਅਨਿਆਂ ਸੱਜੇ ਖਾੜਕੂਵਾਦ ਨੇ ਕੀਤਾ, ਉਹ ਜੜ੍ਹ ਹੋ ਚੁੱਕੀ ਸੋਚ ਕਰਕੇ ਕੀਤਾ”।
ਗੱਲ ਤਾਂ ਇਹ ਵੀ ਵਾਜਬ ਜਾਪਦੀ ਹੈ, ਪਰ ‘ਸੁਰਤਿ’ ਪਰਚੇ ਦੀ ਮੁਲਾਕਾਤ ਦਾ ਮੁੱਖ ਲੇਖਕ ਏਹ ਗੱਲ ਨਹੀਂ ਕਹੇਗਾ। ਕਿਉਂ? ਸ਼ਾਇਦ ਏਸ ਲਈ ਕਿ ਪੰਜਾਬ ਦੀ ਸੱਜੀ ਖਾੜਕੂ ਧਿਰ ਹੱਥੋਂ ਮਾਰੇ ਜਾਣ ਦਾ ਡਰ ਅਜੇ ਵੀ ਬਰਕਰਾਰ ਹੈ ਜਦ ਕਿ ਖੱਬੇ ਪੰਜਾਬੀ ਕਾਮਰੇਡ ਹੁਣ ਕਿਸੇ ਦਾ ਕੁਝ ਵਿਗਾੜਣ ਜੋਗੇ ਨਹੀਂ ਰਹੇ, ਇਸ ਲਈ ਕੁਝ ਵੀ ਆਖਣ ਲਈ ‘ਸੇਫ਼ ਟਾਰਗੈੱਟ’ ਹਨ। ‘ਸੁਰਤਿ’ ਪਰਚੇ ਵਿਚ ਛਪੀ ਲੰਮੀ ਗੱਲਬਾਤ ਦੌਰਾਨ ਲੇਖਕ ਨੇ ਪੰਜਾਬ ਦੀ ਅਜੋਕੀ ਬਰਬਾਦੀ ਵਾਸਤੇ ਪੰਜਾਬ ਵਿਚ ਫੈਲੀ ਅੱਤਵਾਦੀ ਲਹਿਰ ਦੇ ਪ੍ਰਭਾਵ ਦਾ ਮਾਮੂਲੀ ਜ਼ਿਕਰ ਵੀ ਨਹੀਂ ਕੀਤਾ। ਨਾ ਹੀ ਉਹ ਦਿੱਲੀ ਸਰਕਾਰਾਂ ਦੀ ਪਾਲਸੀ ਨੂੰ ਪੰਜਾਬ ਦੇ ਦੁੱਖਾਂ ਵਾਸਤੇ ਕਿਤੇ ਨਿੰਦਦਾ ਹੈ। ਅਜਿਹਾ ਅੱਧਾ ਸੱਚ ਲਿਖ਼ਣਾ ਚੰਗੀ ਗੱਲ ਨਹੀਂ। ਜੇ ਪਰਖ ਕਰਨ ਹੀ ਲੱਗੇ ਹੋ ਤਾਂ ਪੂਰੀ ਪੂਰੀ ਕਰੋ, ਸੰਤੁਲਿਤ ਕਰੋ, ਅਤੇ ਹਿੰਮਤ ਕਰਕੇ ਸਭਨਾਂ ਦੀ ਹੀ ਕਰੋ। ਮੁਲਾਕਾਤ ਵਿਚ ਲੇਖਕ ਦਾ ਮੁੱਖਵਾਕ ਹੈ : ‘ਮੇਰੀ ਲਿਖ਼ਤ ਪਿੱਛੇ ਅਜਿਹਾ ਬੰਦਾ ਹੈ ਜਿਸਨੇ ਜ਼ੋਖਮ-ਦਰ-ਜ਼ੋਖਮ ਉਠਾਇਆ ਹੈ’। ਜੇ ‘ਜੋLਖਮ’ ਉਠਾਉਣਾ ਸੀ ਤਾਂ ਫ਼ਿਰ ਸਾਰਾ ਹੀ ਉਠਾਅ ਲੈਣਾ ਸੀ …!
ਇਸ ਕਰਕੇ ਲੇਖਕ ਦੀ ਦ੍ਰਿਸ਼ਟੀ ਸਹੀ ਦਿਸ਼ਾ ਵਿਚ ਹੁੰਦਿਆਂ ਵੀ ਉਹਦਾ ਦ੍ਰਿਸ਼ਟੀਕੋਣ ਗ਼ਲਤ ਹੈ – ਕਿਉਂਕਿ ਇਕ-ਤਰਫ਼ਾ ਹੈ। ਗੋਲ ਧਰਤੀ ਨੂੰ ਇਕੋ ਵੇਲੇ ਪੂਰੀ ਤਰ੍ਹਾਂ ਚਾਨਣਾ ਕਰਨਾ ਹੋਵੇ ਤਾਂ ਦੋ ਸੂਰਜ ਚਾਹੀਦੇ ਹਨ ਜਿਹੜੇ ਇਕ ਦੂਜੇ ਤੋਂ ਉਲਟ ਖੜ੍ਹੇ ਹੋਣ। ਕਿਸੇ ਵੀ ਪੁਸਤਕ, ਲੇਖਕ, ਜਾਂ ਕਿਸੇ ਲਹਿਰ ਦੀ ਕੁੱਲ-ਦੇਣ ਬਾਰੇ ਗੱਲ ਕਰੀਏ ਤਾਂ ਉਸ ਵਿਚ ਗੁਣ ਤੇ ਔਗੁਣ, ਪ੍ਰਾਪਤੀਆਂ ਤੇ ਕਮੀਆਂ – ਦੋਹਾਂ ਦਾ ਜ਼ਿਕਰ ਹੁੰਦਾ ਹੈ, ਹੋਣਾ ਚਾਹੀਦਾ ਹੈ। ਜਿਸ ਵੀ ਆਲੋਚਨਾ ਵਿਚ ਸਿਰਫ਼ ਪ੍ਰਸ਼ੰਸਾ ਜਾਂ ਸਿਰਫ਼ ਨਿੰਦਾ ਹੋਵੇ, ਉਹ ਇਕ ਅੱਖ ਨਾਲ ਵੇਖ਼ ਕੇ ਲਿਖ਼ੀ ਹੁੰਦੀ ਹੈ। ਆਮ ਬੰਦੇ ਕੋਲ ਇਕ ਅੱਖ ਹੁੰਦੀ ਹੈ, ਲੇਖਕ ਕੋਲ ਦੋਵੇਂ ਹੋਣੀਆਂ ਚਾਹੀਦੀਆਂ, ਅਤੇ ਆਲੋਚਕ ਦੀ ਤਾਂ ਤੀਜੀ ਅੱਖ ਵੀ ਖੁੱਲ੍ਹੀ ਹੋਣੀ ਚਾਹੀਦੀ ਹੈ।
‘ਪੰਜਾਬ ਨਾਲ ਜੋ ਅਨਿਆਂ ਲੈਫ਼ਟ ਨੇ ਕੀਤਾ’ – ਅਜਿਹੀ ਅੱਧੀ-ਸੱਚੀ ਭਲਅਨਕੲਟ Sਟਅਟੲਮੲਨਟ ਨਾਲ ਸਨਸਨੀ ਫ਼ੈਲਾਅ ਕੇ ਆਪਾਂ ਵਿਚਾਰਧਾਰਕ ਦਾਇਰਿਆਂ ਵਿਚ ਸਭ ਦਾ ਧਿਆਨ ਤਾਂ ਆਪਣੇ ਵੱਲ ਖਿੱਚ ਸਕਦੇ ਹਾਂ, ਕੁਝ ਸਾਲਾਂ ਦੀ ਗੁਮਨਾਮੀ ਮਗਰੋਂ ਕੁਝ ਹਫ਼ਤਿਆਂ ਲਈ ਸੋਸ਼ਲ ਮੀਡੀਆ `ਤੇ ਪ੍ਰਸਿੱਧ ਵੀ ਹੋ ਸਕਦੇ ਹਾਂ, ਪਰ ਸਮੁੱਚੇ ਵਰਤਾਰੇ ਬਾਰੇ ਦੂਜਿਆਂ ਨੂੰ ਚੇਤੰਨ ਨਹੀਂ ਕਰਦੇ। ਅਜਿਹੇ ਬਿਆਨ ਸਾਡਾ ਇਕ ਪਾਸਾ ਚਾਨਣਾ ਤੇ ਦੂਜਾ ਪਾਸਾ ਹਨੇਰਾ ਕਰਦੇ ਜਾਂਦੇ ਹਨ। ਅੱਧਾ ਸੱਚ – ਝੂਠ ਨਾਲ਼ੋਂ ਵੱਧ ਖ਼ਤਰਨਾਕ ਹੈ। ਝੂਠ ਨੂੰ ਬੰਦਾ ਦੇਰ ਸਵੇਰ ਪਛਾਣ ਸਕਦਾ ਹੈ, ਛੱਡ ਸਕਦਾ ਹੈ। ਅੱਧੇ ਸੱਚ ਦੀ ਕੁੜਿੱਕੀ ਵਿਚ ਫ਼ਸਿਆ ਬੰਦਾ – ਅੱਧੇ-ਸੱਚ ਨਾਲ ਜੁੜੇ ਅਣਦਿਸਦੇ ਅੱਧੇ ਝੂਠ ਦੀ ਬੁਰਕੀ ਵੀ ਵਿਸ਼ਵਾਸ ਨਾਲ ਖਾ ਜਾਂਦਾ ਹੈ। ਉਹਦੀ ਸਮਝ ਵਿਚ ਭੁਲੇਖੇ ਦਾ ਜ਼ਹਿਰ ਫ਼ੈਲ ਜਾਂਦਾ ਹੈ। ਇਸ ਲਈ ਚਲਾਕ ਬੰਦੇ ਕਦੀ ਵੀ ਪੂਰਾ ਝੂਠ ਨਹੀਂ ਬੋਲਦੇ। ਪਹਿਲਾਂ ਉਹ ਥੋੜ੍ਹਾ ਜਿਹਾ ਸੱਚ ਬੋਲਦੇ ਹਨ, ਫ਼ਿਰ ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ, ਉਨ੍ਹਾਂ ਦੀ ਗੱਲ `ਤੇ ਯਕੀਨ ਕਰਨ ਲੱਗ ਜਾਂਦੇ ਹਾਂ, ਤਾਂ ਮਨ-ਮਰਜ਼ੀ ਦਾ ਝੂਠ ਓਸੇ ਬਿਆਨ ਵਿਚ ਸਰਕਾਅ ਦਿੰਦੇ ਹਨ। ਪੰਜਾਬ ਵਿਚ ਕਈ ‘ਸਿੱਖ-ਚਿੰਤਕ’ ਅਤੇ ਦਿੱਲੀ ਜਾਂ ਦੇਸ਼-ਭਰ ਵਿਚ ਕਈ ‘ਹਿੰਦੂਵਾਦੀ’ ਇਹ ਵਿਧੀ ਬੜੀ ਨਿਪੁੰਨਤਾ ਨਾਲ਼ ਵਰਤ ਰਹੇ ਹਨ, ਤੇ ਇਉਂ ਇਕ ਦੂਜੇ ਦੀ ਸਿਆਸੀ ਮਦਦ ਕਰ ਰਹੇ ਹਨ।
*
ਕਾਮਰੇਡਾਂ ਨੇ ਰੱਬ ਦੇ ਹੋਣ ਤੋਂ ਨਾਂਹ ਕੀਤੀ ਅਤੇ ਧਾਰਮਿਕ ਕਰਮ-ਕਾਂਡ ਨੂੰ ਦੁਰਕਾਰਿਆ। ਪਰ ਉਨ੍ਹਾਂ ਨੇ ਧਰਮ ਨਾਲ ਛੇੜ-ਛਾੜ ਤਾਂ ਨਹੀਂ ਕੀਤੀ। ਨਾ ਏਹਦੇ ਮਨ-ਮਰਜ਼ੀ ਦੇ ਅਰਥ ਕੱਢੇ। ਨਾ ਧਰਮ ਨੂੰ ਨਿੱਜੀ ਲਾਭ ਲਈ ਵਰਤਿਆ। ਨਾ ਲੋਕਾਂ ਨੂੰ ਧਰਮ ਦੇ ਨਾਂ `ਤੇ ਲੜਾਇਆ। ਕੀ ਏਸ ਗੱਲ ਦਾ ਆਦਰ ਕਰਨਾ ਨਹੀਂ ਬਣਦਾ? ਕੀ ਏਸ ਗੱਲ ਨੂੰ ਵੀ ਖੱਬੇ-ਪੱਖੀਆਂ ਦਾ ਪੰਜਾਬ ਨਾਲ ਕੀਤਾ ਅਨਿਆਂ ਕਹੋਗੇ?
ਜਿਨ੍ਹਾਂ ਨੇ ਧਰਮ ਦੀ ਗੱਲ ਕੀਤੀ ਉਨ੍ਹਾਂ ਵਿਚੋਂ ਕਈਆਂ ਨੇ ਧਰਮ ਨਾਲ, ਪੰਜਾਬ ਦੀ ਧਾਰਮਿਕ ਮਾਨਸਿਕਤਾ ਨਾਲ, ਅਤੇ ਸਿਹਤਮੰਦ ਧਾਰਮਿਕ ਵਿਸ਼ਵਾਸਾਂ ਨਾਲ ਵਧੇਰੇ ਧੱਕਾ ਕੀਤਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਦੀ ਇਹ ਸਿਫ਼ਤ ਰਹੀ ਕਿ ਉਨ੍ਹਾਂ ਦੇ ਜਨਸੰਘ (ਅਤੇ ਬਾਅਦ ਵਿਚ ਭਾਰਤੀ ਜਨਤਾ ਪਾਰਟੀ) ਨਾਲ ਰਲ਼ ਕੇ ਸਰਕਾਰ ਬਣਾਉਣ ਨੇ ਪੰਜਾਬ ਦੇ ਸਿੱਖ ਅਤੇ ਹਿੰਦੂ ਤਬਕੇ ਨੂੰ ਸਿਆਸੀ ਤੌਰ `ਤੇ ਨੇੜੇ ਨੇੜੇ ਰੱਖਿਆ। ਇਨ੍ਹਾਂ ਸਰਕਾਰਾਂ ਨੇ ਲੋਕਾਂ ਲਈ ਚੰਗਾ ਕੰਮ ਨਹੀਂ ਕੀਤਾ, ਪਰ ਪੰਜਾਬੀ ਸੂਬੇ ਦੀ ਕਾਇਮੀ ਵੇਲ਼ੇ ਪੈਦਾ ਹੋਈ ਹਿੰਦੂ-ਸਿੱਖ ਫ਼ੁੱਟ ਨੂੰ ਮੱਧਮ ਜ਼ਰੂਰ ਕੀਤਾ ਜੋ ਚੰਗੀ ਗੱਲ ਸੀ। ਪਰ ਬਾਦਲ ਹੁਰਾਂ ਦਾ ਸਭ ਤੋਂ ਭਿਆਨਕ ਕੰਮ ਸੀ – ਆਪਣੀ ਸਿਆਸੀ ਤਾਕਤ ਬਣਾਈ ਰੱਖਣ ਖ਼ਾਤਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਤਨਖ਼ਾਹਦਾਰ ਨੌਕਰ ਬਣਾਉਣ ਦੀ ਹੈਸੀਅਤ ਵਿਚ ਲੈ ਆਉਣਾ। ਅੱਜ ਦੀ ਤਾਰੀਖ਼ ਵਿਚ ਅਕਾਲ ਤਖ਼ਤ ਦੇ ਜਥੇਦਾਰ ਕੋਈ ਹੁਕਮਨਾਮਾ ਜਾਰੀ ਕਰਨ ਤਾਂ 50 ਸਾਲ ਪਹਿਲਾਂ ਨਾਲੋਂ ਕਿਤੇ ਥੋੜ੍ਹੇ ਸਿੱਖ ਅੱਜ ਉਹਦੀ ਪਰਵਾਹ ਕਰਨਗੇ। ਸਿੱਖਾਂ ਨੇ ਅੱਜ ਆਪਣੇ ਧਰਮ ਦੇ ਕਿਸੇ ਮਾਮਲੇ `ਤੇ ਨਿਰਪੱਖ, ਅਕਲਮੰਦ, ਸੰਤੁਲਿਤ, ਨਵੀਂ, ਅਗਾਂਹਵਧੂ ਅਤੇ ਦਲੇਰ ਦਿਸ਼ਾ ਚੁਣਨੀ ਹੋਵੇ ਜਾਂ ਪੁਰਾਣੇ ਤਰੀਕਿਆਂ ਵਿਚ ਤਬਦੀਲੀ ਕਰਨੀ ਹੋਵੇ ਤਾਂ ਨਿਰਦੇਸ਼ ਦੇਣ ਵਾਲੀ ਕੋਈ ਸਾਂਝੀ, ਸਿਆਣੀ, ਸੰਤੁਲਿਤ ਅਤੇ ਸਹੀ ਅਥਾਰਿਟੀ ਨਹੀਂ ਬਚੀ। ਏਸ ਨੂੰ ਕੈਥੋਲਿਕ ਚਰਚ ਦੇ ਮੌਜੂਦਾ ਪੋਪ ਫ੍ਰਾਂਸਿਸ ਦੀ ਸੋਚ ਅਤੇ ‘ਹੁਕਮਨਾਮਿਆਂ’ ਨਾਲ ਤੁਲਨਾ ਕਰਕੇ ਵੇਖੋ :
ਲਗਭਗ ਦੋ ਹਜ਼ਾਰ ਸਾਲਾਂ ਤੋਂ ਇਸਾਈਅਤ ਦਾ ਵਿਸ਼ਵਾਸ ਹੈ ਕਿ ਰੱਬ ਨੇ ਛੇ ਦਿਨਾਂ ਵਿਚ ਸਾਰੀ ਸ੍ਰਿਸ਼ਟੀ ਰਚ ਦਿੱਤੀ, ਸੱਤਵੇਂ ਦਿਨ ਆਰਾਮ ਫ਼ਰਮਾਇਆ। ਪਰ ਵਧੇਰੇ ਪੱਛਮ ਹੁਣ ਚਾਰਲਸ ਡਾਰਵਿਨ ਦੇ ਵਿਗਿਆਨਕ ਜੀਵ-ਵਿਕਾਸ ਸਿਧਾਂਤ (ਓਵੋਲੁਟiੋਨ) ਵਿਚ ਭਰੋਸਾ ਰਖਦਾ ਹੈ ਕਿ ਸ੍ਰਿਸ਼ਟੀ ਲੱਖਾਂ ਸਾਲਾਂ ਵਿਚ ਸਾਧਾਰਣ ਅਣੂਆਂ ਦੇ ਜੋੜ ਤੋਂ ਕਦਮ-ਦਰ-ਕਦਮ ਜੀਵਨ ਦੀ ਮੌਜੂਦਾ ਸਥਿਤੀ ਵਿਚ ਪਹੁੰਚੀ ਹੈ। ਇਸਾਈਅਤ ਅਤੇ ਡਾਰਵਿਨ – ਇਕ ਦੂਜੇ ਦੇ ਉਲਟ ਹਨ। ਵੈਟੀਕਨ ਦਾ ਮੋਜੂਦਾ ਪੋਪ ਫ੍ਰਾਂਸਿਸ ਪਹਿਲਾ ਇਸਾਈ ਮੁੱਖ-ਜਥੇਦਾਰ ਹੈ ਜਿਸਨੇ ਸਵੀਕਾਰ ਕਰ ਲਿਆ ਕਿ ਡਾਰਵਿਨ ਸਹੀ ਹੈ, ਜੀਵ-ਵਿਕਾਸ ਵਾਪਰਿਆ ਹੈ। ਨਾਲ ਇਹ ਵੀ ਕਹਿ ਦਿੱਤਾ ਕਿ ਏਹ ਵੀ ਰੱਬ ਦੇ ਹੁਕਮ ਵਿਚ ਹੀ ਹੋਇਆ ਹੈ। ਉਹਨੇ ਰੱਬ ਦੇ ਰੋਲ ਨੂੰ ਵੀ ਨਹੀਂ ਨਕਾਰਿਆ ਪਰ ਇਖ਼ਤਲਾਫ਼ੀ ਲੀਕ ਵੀ ਮੇਟ ਦਿੱਤੀ। ਸਿਆਣਾ ਅਤੇ ਦਲੇਰ ਮੁਖੀ ਇਉਂ ਕਾਰਜ ਕਰਦਾ ਹੈ। ਉਹਦੀ ਏਸ ਗੱਲ ਨੇ ਸਾਇੰਸ ਵਿਚ ਭਰੋਸਾ ਰੱਖਣ ਵਾਲੇ ਇਸਾਈਆਂ ਦਾ ਚਰਚ ਨਾਲ ਵਖਰੇਵਾਂ ਘਟਾਅ ਦਿੱਤਾ, ਤੇ ਚਰਚ ਦਾ ਪ੍ਰਭਾਵ ਅਸਲ ਵਿਚ ਵਧਾਅ ਦਿੱਤਾ।
ਇਸਾਈਅਤ ਮਰਦ-ਔਰਤ ਦੇ ਰਿਸ਼ਤੇ ਵਿਚ ਭਰੋਸਾ ਰਖਦੀ ਹੈ, ਸਮਲਿੰਗੀ ਰਿਸ਼ਤਿਆਂ ਵਿਚ ਨਹੀਂ। ਪਰ ਪੱਛਮ ਵਿਚ ਮਰਦ-ਔਰਤ ਦਾ ਰਿਸ਼ਤਾ ਏਸ ਹੱਦ ਤਕ ਬਰਬਾਦ ਹੋ ਚੁੱਕਾ ਹੈ ਕਿ ਲੋਕ ਸਮਲਿੰਗੀ ਰਿਸ਼ਤਿਆਂ ਵੱਲ ਮੁੜ ਪਏ ਹਨ। ਇਸ ਦਾ ਕਾਰਣ ਨਿਰਾ ਲਿੰਗ-ਭੋਗ ਦਾ ਨਵਾਂ ਰਸ ਨਹੀਂ ਹੈ। ਮਾਨਸਿਕ ਤੌਰ `ਤੇ ਹੁਣ ਔਰਤਾਂ ਨੂੰ ਜਾਪਣ ਲੱਗ ਪਿਆ ਹੈ ਕਿ ਮਰਦ ਨਹੀਂ, ਕੋਈ ਔਰਤ ਹੀ ਉਨ੍ਹਾਂ ਨੂੰ ਸਹੀ ਤਰ੍ਹਾਂ ਸਮਝ ਸਕਦੀ ਹੈ। ਮਰਦਾਂ ਨੂੰ ਵੀ ਇਹੀ ਜਾਪਣ ਲੱਗਾ ਹੈ ਕਿ ਔਰਤ ਨਾਲ ਤਾਂ ‘ਕਮਿਊਨੀਕੇਟ’ ਕਰਨਾ ਹੀ ਅਸੰਭਵ ਹੈ, ਮਰਦ ਹੀ ਮਰਦ ਦੇ ਦੁੱਖ-ਸੁੱਖ ਨੂੰ ਸਮਝ ਸਕਦਾ ਹੈ। ਪਿਛਲੇ 20 ਸਾਲਾਂ ਵਿਚ ਇਹ ਤਬਦੀਲੀ ਲਹਿਰ ਬਣ ਗਈ ਹੈ। ਏਨੀ ਵੱਡੀ ਕਿ ਏਹਦਾ ਸਿਆਸਤ `ਤੇ ਅਸਰ ਪੈਣ ਲੱਗਾ ਹੈ। ਹਰ ਦੇਸ਼ ਵਿਚ ਕੁਝ ਪਾਰਟੀਆਂ ਲਿੰਗ-ਆਜ਼ਾਦੀ ਦਾ ਨਾਅਰਾ ਲਾ ਕੇ ਏਨ੍ਹਾਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ। ਇਹ ਵੱਡਾ ਵੋਟ ਬੈਂਕ ਹੈ। ਇਹ ਲੋਕ ਚਰਚ ਤੋਂ ਵੀ ਦੂਰ ਹੋਣ ਲੱਗ ਪਏ ਕਿਉਂਕਿ ਚਰਚ ਸਮਲਿੰਗੀ ਰਿਸ਼ਤੇ ਨੂੰ ਮਾਨਤਾ ਨਹੀਂ ਦਿੰਦੀ ਸੀ। ਪਰ ਪੋਪ ਫ਼੍ਰਾਂਸਿਸ ਨੇ ਆਖ਼ਰਕਾਰ ਕਹਿ ਦਿੱਤਾ ਕਿ ਜੇ ਰੱਬ ਨੇ ਏਨ੍ਹਾਂ ਲੋਕਾਂ ਨੂੰ ਇਉਂ ਦਾ ਹੀ ਬਣਾਇਆ ਹੈ ਤਾਂ ਏਹਨੂੰ ਨਿੰਦਣ ਦੀ ਥਾਂ ਸਵੀਕਾਰ ਕਰਨਾ ਬਣਦਾ ਹੈ। ਉਹ ਤਾਂ ਏਸ ਲਈ ਵੀ ਰਾਜ਼ੀ ਸੀ ਕਿ ਏਹ ਲੋਕ ਚਰਚ ਵਿਚ ਆ ਕੇ ਸਮਲਿੰਗੀ ਵਿਆਹ ਕਰਨਾ ਚਾਹੁਣ ਤਾਂ ਇਜਾਜ਼ਤ ਹੋਵੇ, ਪਰ ਕੱਟੜਪੰਥੀ ਕੈਥੋਲਿਕ ਪਾਦਰੀ ਅੜ ਗਏ। ਜੇ ਕਦੀ ਇਹ ਸਮੱਸਿਆ ਪੰਜਾਬ ਵਿਚ ਆਵੇ ਤਾਂ ਕਿਸੇ ਧਾਰਮਿਕ ਮੁਖੀ ਤੋਂ ਕਿਸੇ ਸੰਤੁਲਿਤ ਨਿਰਣੇ ਦੀ ਆਸ ਹੈ? ਸਾਡੇ ਤੋਂ ਤਾਂ ਇਹ ਆਸ ਵੀ ਨਹੀਂ ਕਿ ਪੰਜਾਬ ਵਿਚ ਹੋ ਰਹੇ ਏਨੇ ਮਹਿੰਗੇ ਤੇ ਦੌਲਤ-ਵਿਖਾਊ ਗਲ-ਘੋਟੂ ਵਿਆਹਾਂ `ਤੇ ਰੋਕ ਲਾਉਣ ਲਈ ਹੀ ਕੋਈ ਹੁਕਮਨਾਮਾ ਨਹੀਂ ਤਾਂ ਕੋਈ ਸਲਾਹਨਾਮਾ ਹੀ ਜਾਰੀ ਕਰਵਾ ਸਕੀਏ! ਹਾਂ, ਜਦੋਂ ਡਾ. ਸੁਰਜੀਤ `ਤੇ ਹਮਲਾ ਹੁੰਦਾ ਹੈ ਤਾਂ ਜਥੇਦਾਰ ਹੁਰੀਂ ਹਮਲੇ ਦੀ ਹਮਾਇਤ ਕਰਦਿਆਂ ਜ਼ਰੂਰ ਕਹਿ ਦਿੰਦੇ ਹਨ ਕਿ ਅਜਿਹੇ ਅਧਾਰਮਿਕ ਬੰਦੇ ਯੂਨੀਵਰਸਿਟੀਆਂ ਵਿਚ ਨਹੀਂ ਹੋਣੇ ਚਾਹੀਦੇ! ਇਹ ਉਨ੍ਹਾਂ ਨੂੰ ਵੱਡਾ ਅਤੇ ਜ਼ਰੂਰੀ ਧਾਰਮਿਕ ਮੁੱਦਾ ਜਾਪਦਾ ਹੈ।
ਕੁਝ ਸਾਲ ਪਹਿਲਾਂ ਪੋਪ ਨੇ ਇਹ ਗੱਲ ਵੀ ਕਹੀ ਕਿ ਆਪਣੇ ਖਰਚਿਆਂ ਦੀ ਪੂਰਤੀ ਅਤੇ ਕਾਇਮ ਰਹਿਣ ਲਈ ਚਰਚ ਅਮੀਰ ਲੋਕਾਂ ਦੇ ਦਾਨ `ਤੇ ਵੱਧ ਨਿਰਭਰ ਹੋਣ ਲੱਗ ਪਈ ਹੈ ਜਦਕਿ ਚਰਚ ਦਾ ਮੁੱਖ ਕੰਮ ਗਰੀਬ-ਗੁਰਬੇ ਨੂੰ ਸਾਂਭਣਾ ਅਤੇ ਖੜ੍ਹਾ ਰਖਣਾ ਹੈ ਪਰ ਚਰਚ ਆਪਣੇ ਇਸ ਧਰਮ ਤੋਂ ਹੁਣ ਥਿੜਕਦੀ ਜਾ ਰਹੀ ਹੈ। ਅਮਰੀਕਾ ਦੇ ਪਿਛਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਪ ਦੇ ਏਸ ਬਿਆਨ ਦੀ ਨਿੰਦਾ ਕਰਦਿਆਂ ਉਹਨੂੰ ‘ਕਾਮਰੇਡ ਪੋਪ’ ਆਖਿਆ ਪਰ ਪੋਪ ਫ੍ਰਾਂਸਿਸ ਆਪਣੇ ਬਿਆਨ `ਤੇ ਅੜੇ ਰਹੇ। ਅਮਰੀਕੀ ਪ੍ਰਧਾਨ ਦੁਨੀਆਂ ਦਾ ਸਭ ਤੋਂ ਤਾਕਤਵਰ ਬੰਦਾ ਗਿਣਿਆ ਜਾਂਦਾ ਹੈ। ਪਰ ਪੋਪ ਨੂੰ ਉਹਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਪਣੀ ਗੱਲ ਕਹਿਣ ਤੋਂ ਡਰ ਨਹੀਂ ਲਗਦਾ।
ਕੀ ਅਜਿਹੀ ਦਲੇਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਉਮੀਦ ਕਰ ਸਕਦੇ ਹਾਂ? ਕੀ ਪੰਜਾਬ ਦੀ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਸਿਆਸੀ ਸਮੱਸਿਆ ਦੇ ਹੱਲ ਲਈ ਜਥੇਦਾਰ ਹੁਰਾਂ ਤੋਂ ਕਿਸੇ ਗਾਈਡੈਂਸ ਦੀ ਉਮੀਦ ਕਰ ਸਕਦੇ ਹਾਂ? ਜੇ ਨਹੀਂ ਤਾਂ ਉਹਦਾ ਕਸੂਰ ਜਥੇਦਾਰ ਦਾ ਨਹੀਂ, ਉਨ੍ਹਾਂ ਦਾ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਪਦਵੀ, ਰਸੂਖ, ਸੁਤੰਤਰਤਾ ਅਤੇ ਅਧਿਕਾਰਾਂ ਨੂੰ ਬੇਅਸਰ ਕੀਤਾ ਹੈ। ਪਰ ਇਕ ਗੱਲ ਪੱਕੀ ਹੈ – ਉਨ੍ਹਾਂ ਨੂੰ ਕਾਮਰੇਡਾਂ ਨੇ ਬੇਅਸਰ ਨਹੀਂ ਕੀਤਾ।
ਕਈ ਖਾੜਕੂ ਧਿਰਾਂ ਵੀ ਜਥੇਦਾਰ ਦੀ ਕਮਜ਼ੋਰੀ ਬਾਰੇ ਇਹੀ ਕਹਿੰਦੀਆਂ ਹਨ। ਵਕਤ ਵਕਤ `ਤੇ ਉਨ੍ਹਾਂ ਆਪਣੀ ਮਰਜ਼ੀ ਦੇ ਮੁੱਖ-ਜਥੇਦਾਰ ਵੀ ਨਿਯੁਕਤ ਕੀਤੇ ਹਨ। ਪਰ ਕਿਸੇ ਵੀ ਜਥੇਦਾਰ ਨੂੰ ਮੁਕੰਮਲ ਸੁਤੰਤਰਤਾ ਉਹ ਵੀ ਨਹੀਂ ਦੇਣਗੀਆਂ। ਪ੍ਰਕਾਸ਼ ਸਿੰਘ ਬਾਦਲ ਸਿਆਸੀ ਅਤੇ ਆਰਥਿਕ ਤਾਕਤ ਵਰਤਦੇ ਸੀ, ਉਹ ਬੰਦੂਕ ਤਾਂ ਨਹੀਂ ਸੀ ਚੁੱਕੀ ਫਿਰਦੇ। ਖਾੜਕੂ-ਬੰਦੂਕ ਦੇ ਸਾਏ ਹੇਠ ਜਥੇਦਾਰ ਹੋਰ ਵੀ ਮਜਬੂਰ ਫ਼ੈਸਲੇ ਲੈਣਗੇ। ਏਹਦੀ ਉਦਾਹਰਣ ਮੈਂ 30 ਸਾਲ ਪਹਿਲਾਂ ਜਾਣੀ …
*
30 ਕੁ ਸਾਲ ਪਹਿਲਾਂ ਮੈਂ ਕਨੇਡਿਓਂ ਪੜ੍ਹਾਈ ਪੂਰੀ ਕਰਕੇ ਪੰਜਾਬ ਪਰਤਦਿਆਂ ਆਪਣੇ ਮਿੱਤਰ ਕੋਲ 3 ਦਿਨ ਲਈ ਲੰਡਨ ਠਹਿਰ ਗਿਆ। ਉਹਨੇ ਮੈਨੂੰ ਉਸ ਬੰਦੇ ਨਾਲ ਮਿਲਾਇਆ ਜਿਹੜਾ ਲੰਡਨ (ਯੂ.ਕੇ.) ਵਿਚ ਇੰਡੀਆ-ਟੁਡੇ ਪਰਚੇ ਦਾ ਪੱਤਰਕਾਰ ਸੀ। ਆਪਣੇ ਪਰਚੇ ਵੱਲੋਂ ਉਹ ਦੋ ਵਾਰੀ ਜਰਨੈਲ ਸਿੰਘ ਭਿੰਡਰਾਂਵਾiਲ਼ਆਂ ਦਾ ਇੰਟਰਵਿਊ ਕਰਨ ਗਿਆ ਸੀ ਜਿਸ ਬਾਰੇ ਉਹਨੇ ਕੁਝ ਦਿਲਸਚਪ ਗੱਲਾਂ ਦੱਸੀਆਂ :
‘ਮੈਨੂੰ ਪਹਿਲੀ ਮੁਲਾਕਾਤ ਦੀ ਇਜਾਜ਼ਤ ਮਿਲਦਿਆਂ 2 ਮਹੀਨੇ ਲੱਗੇ। ਜਦ ਮੈਂ ਦਰਬਾਰ ਸਾਹਿਬ ਪਹੁੰਚਿਆ ਤਾਂ ਛੱਤ ਉਤੇ ਭਿੰਡਰਾਂਵਾiਲ਼ਆਂ ਦਾ ਦਰਬਾਰ ਲੱਗਾ ਸੀ। ਸ਼ਸਤਰਧਾਰੀ ਬੰਦੇ ਪਹਿਰੇ `ਤੇ ਸਨ। ਭਿੰਡਰਾਂਵਾਲਿਆਂ ਦੀ ਆਦਤ ਸੀ – ਪੱਤਰਕਾਰਾਂ, ਸਰਕਾਰੀ ਬੰਦਿਆਂ, ਖਾਸ ਕਰਕੇ ਗੈਰ-ਪੰਜਾਬੀਆਂ ਦਾ – ਪੈਂਦੀ ਸੱਟੇ ਅਪਮਾਨ ਕਰਨਾ। ਇਕ ਤਰ੍ਹਾਂ ਨਾਲ ਉਨ੍ਹਾਂ ਦੀ ਧੌਣ `ਤੇ ਪਹਿਲਾਂ ਹੀ ਆਪਣਾ ਗੋਡਾ ਰੱਖ ਕੇ ਉਨ੍ਹਾਂ ਨਾਲ ਗੱਲ ਕਰਨਾ। ਮੈਨੂੰ ਵੀ ਖੜਾ ਕਰਕੇ ਪਹਿਲਾ ਸੁਆਲ ਪੁੱਛਿਆ: ‘ਦਿੱਲੀ ਤੋਂ ਅੰਮ੍ਰਿਤਸਰ ਕਿਵੇਂ ਪਹੁੰਚੇ?’ ਮੈਂ ਦੱਸਿਆ : ‘ਹਵਾਈ ਜਹਾਜ਼ ਤੇ’। ਉਹ ਆਪਣੀ ਸੰਗਤ ਨੂੰ ਮੁਖ਼ਾਤਿਬ ਹੋ ਕੇ ਬੋਲੇ : ‘ਵੇਖੋ ! ਆਮ ਬੰਦਾ ਬੱਸ ਜਾਂ ਗੱਡੀ `ਤੇ ਸਫ਼ਰ ਕਰਦਾ ਹੈ। ਹਵਾਈ ਜਹਾਜ਼ `ਤੇ ਤਾਂ ਸਰਕਾਰੀ ਬੰਦੇ ਹੀ ਆਉਂਦੇ ਹਨ। ਸਰਕਾਰ ਨੇ ਏਹਨੂੰ ਸਾਡੀ ਸੂਹ ਲੈਣ ਭੇਜਿਆ ਹੈ’। ਮੈਂ ਆਖਿਆ : ‘ਨਹੀਂ ਜੀ, ਮੈਂ ਤਾਂ ਗੱਡੀ ਜਾਂ ਬਸ `ਤੇ ਹੀ ਆਉਣਾ ਸੀ। ਮੇਰੇ ਪਰਚੇ ਦੇ ਸੰਪਾਦਕ ਨੂੰ ਫ਼ਿਕਰ ਸੀ ਪੰਜਾਬ ਦੇ ਮੌਜੂਦਾ ਹਾਲਾਤ ਵਿਚ ਕੋਈ ਪਤਾ ਨਹੀਂ ਕਿਸ ਹਿੰਦੂ ਬੰਦੇ ਨੂੰ ਕਦੋਂ ਬੱਸ ਜਾਂ ਗੱਡੀ ਤੋਂ ਲਾਹ ਕੇ ਝਟਕਾਅ ਦਿੱਤਾ ਜਾਵੇ। ਉਨ੍ਹਾਂ ਦੀ ਜ਼ਿੱਦ ਸੀ – ਮੈਂ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਅੰਮ੍ਰਿਤਸਰ ਪਹੁੰਚਾਂ!’ ਭਿੰਡਰਾਂਵਾਲੇ ਨੂੰ ਜਾਪਿਆ ਮੈਂ ਉਨ੍ਹਾਂ `ਤੇ ਨਿਸ਼ਾਨਾ ਬੰਨ੍ਹ ਰਿਹਾ ਹਾਂ। ਬੋਲੇ : ‘ਇਹ ਝੂਠ ਬੋਲਦੈ। ਕਿਹੜੇ ਪਰਚੇ ਕੋਲ ਏਨੇ ਪੈਸੇ ਹੁੰਦੇ ਜੋ ਆਪਣੇ ਮੁਲਾਜ਼ਮਾਂ ਨੂੰ ਹਵਾਈ ਜਹਾਜ਼ `ਤੇ ਸੈਰ ਕਰਾਉਂਦਾ ਫਿਰੇ?’
“ਮੈਨੂੰ ਭਿੰਡਰਾਂਵਾਲਿਆਂ ਦੀ ਹਮਲਾਵਰ ਟੋਨ ‘ਤੇ ਕੋਈ ਇਤਰਾਜ਼ ਨਹੀਂ ਸੀ। ਜਿਹੜਾ ਬੰਦਾ ਜੰਗ ਵਿਚ ਹੋਵੇ, ਉਹਦਾ ਹਰ ਓਪਰੇ `ਤੇ ਸ਼ੱਕ ਕਰਨਾ ਸੁਭਾਵਕ ਹੈ। ਪਰ ਜਦੋਂ ਉਨ੍ਹਾਂ ਮੈਨੂੰ ਝੂਠਾ ਕਿਹਾ ਮੈਨੂੰ ਗੁੱਸਾ ਆ ਗਿਆ ਕਿਉਂਕਿ ਮੈਂ ਝੂਠ ਨਹੀਂ ਬੋਲ ਰਿਹਾ ਸੀ। ਮੈਂ ਉਨ੍ਹਾਂ ਨੂੰ ਕਿਹਾ : ‘ਮੈਨੂੰ ਤੁਹਾਡੇ ਦੋ ਬੰਦੇ ਚਾਹੀਦੇ ਹਨ। ਇੱਕ – ਜਿਹੜਾ ਜ਼ਬਾਨੀ ਜੋੜ ਕਰਨਾ ਜਾਣਦਾ ਹੋਵੇ।’ ਦੋ ਬੰਦੇ ਖੜੇ ਹੋ ਗਏ। ਇਕ ਜਣੇ ਨੂੰ ਮੈਂ ‘ਇੰਡੀਆ ਟੁਡੇ’ ਦਾ ਨਵਾਂ ਅੰਕ ਬੈਗ ਵਿਚੋਂ ਕੱਢ ਕੇ ਫ਼ੜਾਇਆ ਤੇ ਕਿਹਾ : ਏਹਦੇ ਪਹਿਲੇ ਸਫ਼ੇ ਤੋਂ ਸ਼ੁਰੂ ਕਰਕੇ ਪੰਨਿਆਂ ਨੂੰ ਲਗਾਤਾਰ ਪਲਟੀ ਜਾਣਾ, ਇਉਂ ਕਿ ਸਾਰੀ ਸੰਗਤ ਨੂੰ ਦਿਸੇ। ਉਸਨੇ ਉਵੇਂ ਹੀ ਕੀਤਾ। ਜਿਸ ਵੀ ਪੰਨੇ `ਤੇ ਇਸ਼ਤਿਹਾਰ ਆਉਂਦਾ, ਮੈਂ ਉਹਦਾ (ਪਰਚੇ ਵੱਲੋਂ ਵਸੂਲ ਕੀਤਾ) ਮੁੱਲ ਦੱਸੀ ਜਾਂਦਾ। ਥੋੜ੍ਹੇ ਜਿਹੇ ਪੰਨੇ ਹੀ ਪਲਟੇ ਗਏ ਜਦੋਂ ਕੁੱਲ ਰਾਸ਼ੀ ਇਕ ਲੱਖ ਰੁਪਏ ਨੂੰ ਟੱਪ ਗਈ। ਭਿੰਡਰਾਂਵਾਲੇ ਓਥੇ ਹੀ ਰੋਕ ਕੇ ਬੋਲੇ : ‘ਏਹ ਮੁੰਡਾ ਚਲਾਕ ਵੀ ਹੈ, ਤੇ ਕਾਬਲ ਵੀ। ਏਹਨੂੰ ਆਪਣਾ ਕੰਮ ਆਉਂਦਾ ਹੈ। ਬੋਲ ਕਾਕਾ – ਤੂੰ ਕੀ ਪੁੱਛਣਾ ਮੈਥੋਂ?’ ਉਸ ਮਗਰੋਂ ਉਨ੍ਹਾਂ ਆਰਾਮ ਨਾਲ ਘੰਟਾ ਭਰ ਸਭ ਦੇ ਸਾਮ੍ਹਣੇ ਹੀ ਮੇਰੇ ਸੁਆਲਾਂ ਦੇ ਜੁਆਬ ਦਿੱਤੇ। ਸਾਲ ਭਰ ਮਗਰੋਂ ਜਦੋਂ ਮੈਂ ਦੁਬਾਰਾ ਮੁਲਾਕਾਤ ਲਈ ਸਮਾਂ ਮੰਗਿਆ ਤਾਂ ਫ਼ੌਰਨ ਸੱਦਾ ਮਿਲ ਗਿਆ। ਉਨ੍ਹਾਂ ਨੂੰ ਮੇਰਾ ਪੁਰਾਣਾ ਚੇਤਾ ਸੀ।
ਗੱਲਾਂ ਕਰਦਿਆਂ ਉਹ ਉਦਾਸ ਹੋ ਗਿਆ ਤੇ ਬੋਲਿਆ: ‘ਮੈਂ ਕਈ ਖਾੜਕੂਆਂ ਨੂੰ ਮਿਲਿਆ ਹਾਂ। ਉਨ੍ਹਾਂ ਦੇ ਘਰਾਂ ਵਿਚ ਵੀ ਗਿਆ ਤੇ ਲੁੱਕਣਗਾਹਾਂ `ਤੇ ਵੀ। ਮੈਂ ਉਨ੍ਹਾਂ ਦੀ ਤਕਲੀਫ਼ ਅੱਖੀਂ ਵੇਖੀ ਹੈ। ਬਹੁਤੇ ਜਣੇ ਉੱਜੜੇ ਹੋਏ ਖ਼ਾਨਾਬਦੋਸ਼ ਬੰਦੇ ਸਨ। ਜੀਵਨ ਦਾ ਕੋਈ ਭਰੋਸਾ ਨਹੀਂ ਕਦੋਂ ਕੋਈ ਨਾਲ ਦਾ ਹੀ ਸੂਹ ਦੇ ਕੇ ਮਰਵਾ ਦੇਵੇ। ਸੁੱਤੇ ਪਏ ਵੀ ਜਾਗਦੇ ਸਨ, ਤੇ ਰੋਟੀ ਖਾ ਕੇ ਵੀ ਭੁੱਖੇ ਰਹਿ ਜਾਂਦੇ ਸਨ ਕਿਉਂਕਿ ਧਿਆਨ ਰੋਟੀ ਵਿਚ ਹੈ ਈ ਨਹੀਂ ਸੀ। ਉਹ ਵੀ ਆਮ ਬੰਦਿਆਂ ਤਰ੍ਹਾਂ ਨੌਕਰੀ ਕੰਮ ਅਤੇ ਟੱਬਰ ਪਾਲਣ ਦਾ ਜੀਵਨ ਜੀਅ ਸਕਦੇ ਸਨ ਪਰ ਉਨ੍ਹਾਂ ਨੂੰ ਇਉਂ ਲੜਣਾ ਕਿਸੇ ਪੱਧਰ `ਤੇ ਵੱਡਾ ਜਾਂ ਜ਼ਰੂਰੀ ਕੰਮ ਜਾਪਿਆ, ਜਾਂ ਮਜਬੂਰੀ ਜਾਪੀ। ਪੁਲਿਸ ਉਨ੍ਹਾਂ ਦੇ ਟੱਬਰਾਂ ਨੂੰ ਚੁੱਕ ਕੇ ਲੈ ਜਾਂਦੀ, ਪਰਵਾਰ ਦੇ ਉਨ੍ਹਾਂ ਮੈਬਰਾਂ ਨੂੰ ਤਸੀਹੇ ਦਿੰਦੀ ਜਿਨ੍ਹਾਂ ਦਾ ਇਸ ਲੜਾਈ ਵਿਚ ਕੋਈ ਕਸੂਰ ਨਹੀਂ ਹੁੰਦਾ। ਖਾੜਕੂ ਪੁਲਿਸ ਵਾਲਿਆਂ ਦੇ ਟੱਬਰ ਮਾਰ ਦਿੰਦੇ ਜਿਨ੍ਹਾਂ ਦਾ ਇਸ ਲੜਾਈ ਨਾਲ ਕੋਈ ਲੈਣ ਦੇਣ ਨਹੀ ਹੁੰਦਾ। ਜਾਂ ਫਿਰ ਬੱਸਾਂ ਗੱਡੀਆਂ ਵਿਚੋਂ ਲਾਹ ਕੇ, ਜਾਂ ਨਹਿਰਾਂ ਕੰਢੇ ਕੰਮ ਕਰਦੇ, ਜਾਂ ਸੜਕ `ਤੇ ਤੁਰੇ ਜਾਂਦੇ ਬੰਦੇ ਭੁੰਨ ਕੇ ਸਮਝਦੇ ਕਿ ਉਹ ਸੰਘਰਸ਼ ਵਿਚ ਹਿੱਸਾ ਪਾ ਰਹੇ ਹਨ। ਕਿੱਡਾ ਲਹੂ ਲੁਹਾਨ ਪਾਗਲਪਣ ਸੀ ਇਹ! ਪਰ ਇਹ ਪਾਗਲਪਣ ਵੀ ਸਵੀਕਾਰ ਕੀਤਾ ਜਾ ਸਕਦਾ ਹੈ ਜੇਕਰ ਕਿਸੇ ਲਹਿਰ ਨੂੰ ਆਪਣੀ ਉਸ ਕੌਮ ਦੀ ਹਮਾਇਤ ਹੋਵੇ ਜਿਸ ਦਾ ਨਾਂ ਲੈ ਕੇ ਉਹ ਲਹਿਰ ਚੱਲ ਰਹੀ ਹੈ। ਅੱਸੀਵਿਆਂ ਦੇ ਆਰੰਭ ਵਿਚ ਜਦੋਂ ਭਿੰਡਰਾਂਵਾਲਿਆਂ ਦੀ ਪੂਰੀ ਚੜ੍ਹਾਈ ਹੋ ਚੁੱਕੀ ਸੀ ਤਾਂ ਸਾਡੇ ਪਰਚੇ ਨੇ ਪੰਜਾਬ ਵਿਚ ਸਰਵੇਅ ਕੀਤਾ ਇਹ ਜਾਣਨ ਲਈ ਕਿ – ਪੰਜਾਬ ਦੇ ਕਿੰਨੇ ਕੁ ਸਿੱਖ ਭਿੰਡਰਾਂਵਾਲਿਆਂ ਦੀ ਸੋਚ ਅਤੇ ਲੜਾਈ ਦੀ ਹਮਾਇਤ ਕਰਦੇ ਹਨ? ਸਿਰਫ਼ ਸਾਢੇ 3% ਸਿੱਖ ਹਮਾਇਤੀ ਨਿਕਲੇ। ਮੈਂ ਖਾੜਕੂਆਂ ਦੀ ਸਮਝ `ਤੇ ਸ਼ੱਕ ਕਰ ਸਕਦਾਂ, ਉਨ੍ਹਾਂ ਦੀ Sਨਿਚਇਰਟੇ `ਤੇ, ਜਾਂ ਆਪਣੇ ਮਕਸਦ ਪ੍ਰਤੀ ਨਿਸ਼ਠਾ `ਤੇ ਸ਼ੱਕ ਨਹੀਂ ਕਰਦਾ। ਉਨ੍ਹਾਂ ਦਾ ਜਾਨ ਤਲੀ `ਤੇ ਧਰ ਕੇ ਲੜਣਾ ਵੀ ਛੋਟੀ ਗੱਲ ਨਹੀਂ। ਪਰ ਜਿਸ ਕੌਮ ਦੇ ਨਾਂ `ਤੇ ਤੁਸੀਂ ਲੜ ਰਹੇ ਹੋ, ਜੇ ਤੁਸੀਂ ਸਮਝਿਆ ਹੀ ਨਹੀਂ ਕਿ ਉਨ੍ਹਾਂ ਨੂੰ ਇਹ ਲੜਾਈ ਚਾਹੀਦੀ ਵੀ ਹੈ ਕਿ ਨਹੀਂ, ਤਾਂ ਤੁਸੀਂ ਕੌਮ ਵੱਲੋਂ ਲੜ ਨਹੀਂ ਰਹੇ, ਤੁਸੀਂ ਆਪਣੀ ਸਮਝ ਨੂੰ ਕੌਮ ‘ਤੇ ਥੋਪ ਰਹੇ ਹੋ। ਤੁਹਾਡੀ ਪ੍ਰਤੀਬੱਧਤਾ ਉਨ੍ਹਾਂ ਦੀ ਆਜ਼ਾਦੀ ਦੀ ਥਾਂ ਉਨ੍ਹਾਂ ਦੀ ਬਰਬਾਦੀ ਬਣ ਰਹੀ ਹੈ। ਕੌਮ ਨੂੰ ਤੁਹਾਡੀ ਅਜਾਈਂ ਮੌਤ ਕਰਕੇ ਤੁਹਾਡੇ ਨਾਲ਼ ਹਮਦਰਦੀ ਹੋਵੇਗੀ, ਪਰ ਤੁਹਾਡੇ ਕਾਜ਼ ਦਾ ਆਦਰ ਕਦੀ ਨਹੀਂ ਹੋਵੇਗਾ ਕਿਉਂਕਿ ਤੁਹਾਡੇ ਕਾਜ਼ ਨੇ ਕੌਮ ਨੂੰ ਬਰਬਾਦ ਕੀਤਾ ਹੈ। ਹਮਦਰਦੀ ਅਤੇ ਹਮਾਇਤ – ਦੋ ਵੱਖਰੀਆਂ ਗੱਲਾਂ ਹਨ। ਜੇ ਤੁਸੀਂ ਮਰਨ ਲਈ ਗਲਤ ਰਾਹ ਚੁਣਿਆ ਹੈ ਤਾਂ ਏਹ ਤੁਹਾਡੇ ਸਹੀ ਹੋਣ ਦੀ ਦਲੀਲ ਨਹੀਂ ਬਣ ਜਾਂਦਾ’।
ਤਿੰਨ ਘੰਟਿਆਂ ਦੀ ਲੰਮੀ ਗੱਲਬਾਤ ਮਗਰੋਂ ਉਹਦਾ ਗਲ ਭਰ ਆਇਆ ਜਦੋਂ ਉਸ ਕਿਹਾ : ‘ਮੈਂ ਦਿੱਲੀ ਵਿਚ ਜੰਮਿਆ ਪਲਿਆ ਹਾਂ। ਮੇਰੇ ਮਾਂ ਬਾਪ ਪੱਛਮੀ ਪੰਜਾਬ ਤੋਂ ਹਿਜਰਤ ਕਰਕੇ ਆਏ। ਮੇਰੇ ਘਰ ਵਿਚ ਕਈ ਵਾਰੀ ਗੁਰਬਾਣੀ ਪੜ੍ਹੀ ਜਾਂਦੀ ਹੈ। ਮੈਂ ਹਿੰਦੂ ਹਾਂ ਤੇ ਪੰਜਾਬ ਦਾ ਬਹੁਤ ਆਦਰ ਕਰਦਾ ਹਾਂ ਕਿਉਂਕਿ ਇਹ ਮੇਰੀ ਅਸਲੀ ਧਰਤੀ ਹੈ। ਪਰ ਵੇਖੋ, ਮੈਨੂੰ ਆਪਣੀ ਹੀ ਧਰਤੀ ਤੋਂ ਓਪਰਾ ਕਰ ਦਿੱਤਾ ਗਿਆ ਬਾਵਜੂਦ ਕਿ ਮੈਂ ਕੋਈ ਕਸੂਰ ਨਹੀਂ ਕੀਤਾ। ਕਿਉਂ? ਗੁਰੂ ਗੋਬਿੰਦ ਸਿੰਘ ਨੇ ਲੜਾਈ ਕੀਤੀ ਤਾਂ ਹਿੰਦੂ ਅਤੇ ਮੁਸਲਮਾਨ ਵੀ ਉਨ੍ਹਾਂ ਵੱਲੋਂ ਆ ਕੇ ਲੜੇ। ਚਾਰ ਪੁੱਤ ਗੁਰੂ ਗੋਬਿੰਦ ਸਿੰਘ ਨੇ ਵਾਰੇ ਤਾਂ ਚਾਰ ਪੁੱਤ ਪੀਰ ਬੁੱਧੂ ਸ਼ਾਹ ਨੇ ਵੀ ਸਢੌਰੇ ਦੀ ਲੜਾਈ ਵਿਚ ਗੁਰੂ ਵੱਲੋਂ ਲੜਦਿਆਂ ਕੁਰਬਾਨ ਕਰ ਦਿੱਤੇ। ਸੱਚੀ ਲੜਾਈ ਦਾ ਇਹੀ ਪੈਮਾਨਾ ਹੁੰਦਾ ਹੈ ਕਿ ਤੁਹਾਡਾ ਦੁਸ਼ਮਣ ਵੀ ਤੁਹਾਡੇ ਤੋਂ ਮੁਤਾਸਿਰ ਹੋਵੇ। ਤੁਹਾਡੀ ਹੁਣ ਦੀ ਲੜਾਈ ਨੇ ਤਾਂ ਆਪਣੇ ਵੀ ਓਪਰੇ ਕਰ ਦਿੱਤੇ। ਤੁਸੀਂ ਠੀਕ ਕਿਵੇਂ ਹੋਏ? ਮੈਂ ਆਪਣੇ ਕੰਮ ਦੌਰਾਨ ਪੰਜਾਬ ਵਿਚ ਜੋ ਜੋ ਕੁਝ ਵਾਪਰਦਾ ਵੇਖਿਆ ਹੈ, ਉਸ ਦੇ ਆਸਰੇ ਬਹੁਤ ਦੁੱਖ ਨਾਲ ਕਹਿਣਾ ਚਾਹੁੰਨਾਂ – ਤੁਹਾਡਾ ਸਿੱਖਾਂ ਦਾ ਕੁਝ ਨਹੀਂ ਬਣ ਸਕਦਾ!’
ਮੈਂ ਕਾਰਣ ਪੁੱਛਿਆ ਤਾਂ ਬੋਲਿਆ:
‘ਏਸ ਲਈ ਕਿ – ਨਾਨਕ ਨੇ ਹਿੰਦੂ ਮੁਸਲਮਾਨ ਇਕੱਠੇ ਕੀਤੇ। ਗੁਰੂ ਗੋਬਿੰਦ ਸਿੰਘ ਨੇ ਜਾਤ ਪਾਤ ਦਾ ਭੇਦ ਅੰਮ੍ਰਿਤ ਛਕਾ ਕੇ ਮਿਟਾਇਆ। ਪਰ ਤੁਸੀਂ ਗੁਰੂ ਨਾਨਕ ਤੋਂ ਵੀ ਪਿੱਛੇ ਚਲੇ ਗਏ ਹੋ। ਏਹਦਾ ਸਬੂਤ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ। ਆਪਰੇਸ਼ਨ ਨੀਲਾ-ਤਾਰਾ ਦੇ ਸਾਲ ਭਰ ਅੰਦਰ ਹੀ ਖਾੜਕੂ ਜਥੇਬੰਦੀਆਂ ਦਾ ਦਰਬਾਰ ਸਾਹਿਬ `ਤੇ ਦੁਬਾਰਾ ਕਬਜ਼ਾ ਹੋ ਗਿਆ ਸੀ। ਵੱਖੋ ਵੱਖਰੇ ਬੰਦੇ ਥੋੜ੍ਹੇ ਥੋੜ੍ਹੇ ਚਿਰ ਲਈ ‘ਸੱਤਾ’ ਵਿਚ ਰਹੇ। ਉਨ੍ਹਾਂ ਵਿਚ ਦੋ ਭਰਾ ਵੀ ਸਨ ਜਿਨ੍ਹਾਂ ਦੇ ਹੁਕਮ ਨਾਲ ਓਥੇ ਸਭ ਫ਼ੈਸਲੇ ਹੁੰਦੇ ਸਨ।
ਮੈਂ ਉਨ੍ਹਾਂ ਭਰਾਵਾਂ ਨਾਲ ਇੰਟਰਵਿਊ ਕਰਨ ਗਿਆ ਤੇ ਕਿਹਾ : ‘ਆਪਣੀ ਗੱਲ ਮੈਂ ਬਾਹਰਲਾ ਬੰਦਾ ਅਤੇ ਅਜਿਹਾ ਨਿਰਪੱਖ ਪੱਤਰ ਪ੍ਰੇਰਕ ਹੋਣ ਦੇ ਨਾਤੇ ਦਸ ਰਿਹਾ ਹਾਂ ਜਿਹੜਾ ਲਗਾਤਾਰ ਪੰਜਾਬ ਵਿਚ ਹੋ ਰਹੀਆਂ ਕਾਰਵਾਈਆਂ ਨੂੰ ਗਹੁ ਨਾਲ ਵੇਖ਼ਦਾ ਹੈ, ਰੋਜ਼ ਪੜ੍ਹਦਾ ਹੈ, ਤੇ ਪੰਜਾਬ ਦਾ ਹਮਦਰਦ ਹੈ। ਅਕਾਲ ਤਖ਼ਤ ਦੇ ਅਜ ਤੱਕ ਜਿੰਨੇ ਵੀ ਜਥੇਦਾਰ ਹੋਏ ਹਨ, ਉਨ੍ਹਾਂ ਵਿਚੋਂ ਸਭ ਤੋਂ ਅਸਰਦਾਰ ਪ੍ਰੋ. ਦਰਸ਼ਨ ਸਿੰਘ ਰਹੇ ਹਨ। ਉਨ੍ਹਾਂ ਨੂੰ ਗੁਰਬਾਣੀ ਅਤੇ ਇਤਿਹਾਸ ਦੀ ਪੂਰੀ ਸਮਝ ਹੈ। ਉਹ ਦਲੀਲ ਨਾਲ ਗੱਲ ਕਰਦੇ ਹਨ। ਜਿਸਨੂੰ ਪੰਜਾਬੀ ਨਹੀਂ ਆਉਂਦੀ, ਉਹਦੇ ਨਾਲ ਹਿੰਦੀ ਜਾਂ ਅੰਗਰੇਜ਼ੀ ਵਿਚ ਵਧੀਆ ਗੱਲ ਕਰ ਲੈਂਦੇ ਹਨ। ਪੰਜਾਬ ਵਿਚ ਜਿੰਨੇ ਵੀ ਲੋਕ ਬਾਹਰੋਂ ਗੱਲ ਕਰਨ ਆਏ, ਭਾਵੇਂ ਉਹ ਪੱਤਰਕਾਰ ਸਨ, ਭਾਵੇਂ ਸਿਆਸੀ ਨੇਤਾ, ਸਮਾਜਿਕ ਕਾਰਕੁਨ, ਜਾਂ ਬਦੇਸ਼ੀ ਮੁਖੀ – ਪ੍ਰੋ. ਦਰਸ਼ਨ ਸਿੰਘ ਨੇ ਸਭ ਨੂੰ ਪੰਜਾਬ ਦੀ ਸਿੱਖ ਸਮੱਸਿਆ ਪ੍ਰਤੀ ਦਲੀਲਾਂ ਨਾਲ ਕਾਇਲ ਕਰਕੇ ਹੀ ਵਾਪਸ ਭੇਜਿਆ। ਜਿਹੜਾ ਵੀ ਅਕਾਲ ਤਖ਼ਤ `ਤੇ ਆਇਆ, ਉਹ ਭੁਲੇਖੇ ਲੈ ਕੇ ਆਇਆ, ਪਰ ਸਿੱਖਾਂ ਦਾ ਹਮਦਰਦ ਬਣ ਕੇ ਪਰਤਿਆ। ਇਹ ਸੱਚਾਈ ਮੈਂ ਪੱਤਰਕਾਰ ਹੋਣ ਦੇ ਨਾਤੇ ਬਾਅਦ ਵਿਚ ਉਨ੍ਹਾਂ ਲੋਕਾਂ ਨਾਲ ਮੁਲਾਕਾਤਾਂ ਕਰਨ ਕਰਕੇ ਜਾਣਦਾ ਹਾਂ। ਪਰ ਮੈਨੂੰ ਪਤਾ ਲੱਗਾ ਹੈ ਤੁਸੀਂ ਪ੍ਰੋਫ਼ੈਸਰ ਸਾਹਿਬ ਨੂੰ ਜਥੇਦਾਰੀ ਤੋਂ ਲਾਹੁਣਾ ਚਾਹੁੰਦੇ ਹੋ। ਹੋ ਸਕਦਾ ਹੈ ਦਰਸ਼ਨ ਸਿੰਘ ਹੁਰੀਂ ਤੁਹਾਡੇ ਅਨੁਸਾਰ ਪਰਫ਼ੈਕਟ ਨਾ ਹੋਣ, ਤੁਹਾਡੇ ਉਨ੍ਹਾਂ ਨਾਲ ਮਤਭੇਦ ਹੋਣ। ਪਰ ਮਸਾਂ ਤਾਂ ਤੁਹਾਨੂੰ ਕੋਈ ਬੰਦਾ ਮਿਲਿਆ ਹੈ ਜਿਹੜਾ ਵਿਦਵਾਨ ਵੀ ਹੈ, ਬਾਣੀ-ਗਾਇਕ ਵੀ, ਧਾਰਮਿਕ ਵੀ, ਭਾਸ਼ਾ ਵੀ ਜਾਣਦਾ ਹੈ, ਦਲੀਲ ਵੀ ਦਿੰਦਾ ਹੈ, ਨਿਰਪੱਖ ਵੀ ਹੈ, ਸਾਬਤ ਸੂਰਤ ਸਿੱਖ ਵੀ, ਤੇ ਹਰ ਆਏ ਗਏ ਵੱਡੇ ਛੋਟੇ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਵੀ ਰਖਦਾ ਹੈ। ਤੁਹਾਨੂੰ ਤਾਂ ਉਹਦੇ ਰਾਹੀਂ ਆਪਣੀ ਗੱਲ ਸੰਸਾਰ ਵਿਚ ਦੂਰ ਦੂਰ ਤਕ ਪੁਚਾਉਣੀ ਚਾਹੀਦੀ ਹੈ। ਉਹਨੂੰ ਸਾਲਸ ਬਣਾ ਕੇ ਸਰਕਾਰ ਪਾਸੋਂ ਆਪਣੇ ਹੱਕਾਂ ਲਈ ਹੱਕ ਨਾਲ ਗੱਲ ਚਾਹੀਦੀ ਹੈ। ਤੁਸੀਂ ਉਹਨੂੰ ਘਰੋਂ ਕੱਢ ਰਹੇ ਹੋ। ਕਿਉਂ?’
ਉਹ ਭਰਾ ਬੋਲੇ : ‘ਤੈਨੂੰ ਪਤੈ – ਦਰਸ਼ਨ ਸਿੰਘ ਦੀ ਜਾਤ ਕੀ ਹੈ? ਇਹ ਭਾਪਾ ਹੈ! ਇਹ ਤਾਂ ਪੰਥ ਨੂੰ ਵੇਚ ਕੇ ਖਾ ਜਾਊ! ਏਹਨੂੰ ਏਥੇ ਨਹੀਂ ਰਹਿਣ ਦੇਣਾ!’
*
ਇਹ ਗੱਲ ਉਨ੍ਹਾਂ ਬੰਦਿਆਂ ਨੇ ਕਹੀ ਜਿਨ੍ਹਾਂ ਦੇ ਕਬਜ਼ੇ ਵਿਚ ਸਿੱਖਾਂ ਦੀ ਸਰਵਉੱਚ ਥਾਂ ਅਕਾਲ ਤਖ਼ਤ ਸੀ। ਜਿਨ੍ਹਾਂ ਨੇ ਉਹ ਅੰਮ੍ਰਿਤ ਛਕਿਆ ਹੋਇਆ ਸੀ ਜਿਹੜਾ ਜਾਤ-ਪਾਤ ਨੂੰ ਖ਼ਤਮ ਕਰਨ ਲਈ ਸੀ। ਏਹ ਬੰਦੇ ਆਪਣੇ ਆਪ ਨੂੰ ਸ਼ੁੱਧ-ਸਿੱਖ, ਸਭ ਸਿੱਖਾਂ ਤੋਂ ਬੇਹਤਰ ਅਤੇ ਕੁੱਲ ਰਵਾਇਤੀ ਅਕਾਲੀ ਲੀਡਰਸ਼ਿਪ ਤੋਂ ਉੱਪਰ ਸਮਝਦੇ ਸਨ। ਦੋ ਕੁ ਸਾਲ ਪਹਿਲਾਂ ਖਾੜਕੂ ਲਹਿਰ ਵਿਚ ਕਿਸੇ ਸਮੇਂ ਹਿੱਸਾ ਲੈਣ ਵਾਲ਼ੇ ਇਕ ਸਿਆਣੇ ਬੰਦੇ ਨੇ ਮੈਨੂੰ ਦੱਸਿਆ : ‘ਜਾਤ ਪਾਤ ਖਾੜਕੂਆਂ ਵਿਚ ਵੀ ਸੀ। ਲਹਿਰ ਵਿਚ ਕਈ ਮੁੰਡੇ ਮਜ਼੍ਹਬੀ ਸਿੱਖ ਵੀ ਸਨ। ਮੈਂ ਕਈ ਵਾਰੀ ਵੱਡੇ ਖਾੜਕੂ ਨੂੰ ਦੂਜੇ ਛੋਟੇ ਖਾੜਕੂ ਨੂੰ ਕਹਿੰਦਿਆਂ ਸੁਣਿਆ : ਓਏ ਚੂਹੜਿਆ! ਚਾਹ ਬਣਾ ਕੇ ਲਿਆ …’
ਅਜਿਹੀਆਂ ਗੱਲਾਂ ਪੰਜਾਬ ਦੇ ਕਾਮਰੇਡਾਂ ਨੇ ਨਹੀਂ ਕਹੀਆਂ, ਨਾ ਕੀਤੀਆਂ। ਤਾਂ ਫ਼ਿਰ ਪੰਜਾਬ ਜਾਂ ਸਿੱਖੀ ਨਾਲ ਅਨਿਆਂ ਹੋਰ ਕਿਸ ਕਿਸ ਨੇ ਕੀਤਾ ਹੈ? ਸਿੱਖੀ ਵਿਚ ਜਾਤ-ਪਾਤ ਨੂੰ ਪਿਛਲੇ ਦਰਵਾਜ਼ਿਓਂ ਕਾਮਰੇਡਾਂ ਨੇ ਨਹੀਂ ਵਾੜਿਆ। ਪਿੰਡਾਂ ਵਿਚ ਅਖੌਤੀ ਨੀਵੀਆਂ ਜਾਤਾਂ ਦੇ ਵੱਖਰੇ ਸ਼ਮਸ਼ਾਨਘਾਟ ਵੀ ਕਾਮਰੇਡਾਂ ਨੇ ਨਹੀਂ ਬਣਾਏ। ਅੰਮ੍ਰਿਤ ਛਕਾਉਣ ਵੇਲੇ ਜੱਟਾਂ ਨੂੰ ਪਹਿਲਾਂ ਅਤੇ ਮਜ਼੍ਹਬੀ ਸਿੱਖਾਂ ਨੂੰ ਬਾਅਦ ਵਿਚ ਵੱਖਰੀ ਪਾਹੁਲ ਦੇਣ ਦਾ ਆਈਡੀਆ ਵੀ ਕਾਮਰੇਡਾਂ ਦਾ ਨਹੀਂ ਹੈ। ਕਾਮਰੇਡਾਂ ਤਾਂ ਏਸ ਸਭ ਦਾ ਵਿਰੋਧ ਹੀ ਕੀਤਾ ਹੈ। ਕੀ ਇਹ ਵਿਰੋਧ ਵੀ ਉਨ੍ਹਾਂ ਦਾ ਪੰਜਾਬ ਨਾਲ ‘ਅਨਿਆਂ’ ਕਿਹਾ ਜਾਣਾ ਚਾਹੀਦਾ ਹੈ?
ਖਾੜਕੂ ਲਹਿਰ ਨੇ ਸ਼ੁਰੂ ਹੁੰਦੇ ਸਾਰ ਹੀ ਪੰਜਾਬ ਵਿਚੋਂ ਖੱਬੀ ਧਿਰ ਦੀ ਪਹਿਲੀ ਤੇ ਦੂਜੀ ਸਫ਼ ਸਾਫ਼ ਕਰ ਦਿੱਤੀ। ਪਾਸ਼ ਅਤੇ ਸੁਮੀਤ ਸਿੰਘ ਵਰਗੇ ਜ਼ਹੀਨ ਬੰਦੇ ਜਿਹੜੇ ਕਿਸੇ ਤਰ੍ਹਾਂ ਵੀ ਸਰਕਾਰੀ ਨਹੀਂ ਸਨ, ਬਲਕਿ ਸਰਕਾਰ ਦੇ ਖ਼ਿਲਾਫ਼ ਸਨ – ਉਹ ਮਾਰ ਦਿੱਤੇ। ਏਸ ਵਰਤਾਰੇ ਨੂੰ ਵੀ ਕਾਮਰੇਡਾਂ ਦਾ ਅਨਿਆਂ ਕਹੋਗੇ? ਜਾਂ ਕਾਮਰੇਡਾਂ ਨਾਲ ਹੋਇਆ ਅਨਿਆਂ ਕਹੋਗੇ?
ਤਾਂ ਫ਼ਿਰ ਪੰਜਾਬ ਦੀ ਮਾਨਸਿਕਤਾ ਅਤੇ ਬੌਧਿਕਤਾ ਨੂੰ ਹੋਰ ਕਿਸ ਕਿਸ ਨੇ ਨਹੀਂ ਸਮਝਿਆ? ‘ਸੁਰਤਿ’ ਪਰਚੇ ਦੀ ਮੁਲਾਕਾਤ ਦੇ ਨਾਇਕ ਲੇਖਕ ਨੂੰ ਇਹ ਗੱਲ ਵੀ ਕਰ ਲੈਣੀ ਚਾਹੀਦੀ ਸੀ …।