ਕੋਰੇ ਵਰਕਿਆਂ ‘ਤੇ ਕੁਝ ਲਿਖੀਏ?

ਡਾ ਗੁਰਬਖ਼ਸ਼ ਸਿੰਘ ਭੰਡਾਲ
ਸਫ਼ੇ, ਸ਼ਬਦਾਂ ਨੂੰ ਉਡੀਕਦੇ। ਸ਼ਬਦ ਜੋ ਸਫ਼ਿਆਂ ਨੂੰ ਸਾਂਭਣ-ਜੋਗ ਬਣਾਉਣ। ਆਉਣ ਵਾਲੇ ਸਮੇਂ ਨੂੰ ਸੇਧ ਤੇ ਸੰਦੇਸ਼ ਦੇ ਸਕਣ ਅਤੇ ਇਨ੍ਹਾਂ ਦੀ ਕੀਮਤ ਪਵੇ।
ਜ਼ਿੰਦਗੀ ਦੇ ਸਫ਼ੇ ਕੋਰੇ ਹੋਣ ਤਾਂ ਬਹੁਤ ਝੂਰਦੇ। ਇਨ੍ਹਾਂ ਦੀ ਤੜਪ ਨੂੰ ਸਮਝਣ ਅਤੇ ਹੂਕ ਨੂੰ ਕਲਮ ਦੇ ਨਾਮ ਕਰਨ ਵਾਲੇ ਬਹੁਤ ਹੀ ਵਿਰਲੇ। ਪਰ ਇਹੀ ਵਿਰਲੇ ਦਰਅਸਲ ਵਕਤ ਦਾ ਮਾਣ ਹੁੰਦੇ।

ਜ਼ਿੰਦਗੀ ਦੀ ਕਿਤਾਬ ਦੇ ਸਾਰੇ ਵਰਕੇ ਕਦੇ ਵੀ ਨਾ ਤਾਂ ਭਰੇ ਹੁੰਦੇ ਅਤੇ ਨਾ ਹੀ ਕੋਰੇ। ਕੁਝ ਭਰੇ ਅਤੇ ਕੁਝ ਕੋਰੇ। ਕੁਝ ਸਫ਼ੇ ਅਜਿਹੇ ਵੀ ਜਿਹੜੇ ਆਪਣੇ ਪਿੰਡੇ `ਤੇ ਲਿਖੀ ਅੱਧ- ਪਚੱਧੀ ਲਿਖਤ ਵਿਚੋਂ ਆਪਣੇ ਅਧੂਰੇਪਣ ਨੂੰ ਹੀ ਪੜ੍ਹਨ ਜੋਗੇ ਰਹਿ ਜਾਂਦੇ। ਕਦੇ ਇਨ੍ਹਾਂ ਅਧੂਰੇ ਸਫ਼ਿਆਂ ਦੇ ਦਰਦ ਨੂੰ ਪੜ੍ਹਨਾ। ਇਨ੍ਹਾਂ ਵਿਚਲੇ ਸਿੰਮਦੇ ਸ਼ਬਦਾਂ ਦੀਆਂ ਤਹਿਆਂ ਫਰੋਲਣਾ, ਅਰਥਾਂ ਦੀ ਥਾਹ ਪਾਉਣਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅਧੂਰਾਪਣ ਕੀ ਹੁੰਦਾ, ਅਧੂਰੇ ਜੀਵਨ ਦੀ ਅਰਥਕਾਰੀ ਕਿੰਨੀ ਕਠਨ ਅਤੇ ਅਧੂਰੇ ਤੋਂ ਪੂਰਾ ਕਿਵੇਂ ਬਣੀਦਾ?
ਹਰ ਸਫ਼ੇ ਦੀ ਆਪਣੀ ਤਾਸੀਰ ਅਤੇ ਤਕਦੀਰ ਜਿਹੜੀ ਬੰਦਾ ਖ਼ੁਦ ਕਲਮ ਅਤੇ ਸੋਚ ਨਾਲ ਉੱਕਰਦਾ। ਵਰਕੇ ਨੇ ਕਿਹੜੇ ਸਮਿਆਂ ਵਿਚ ਕਿਹੜੀ ਤਰਾਸਦੀ ਹੰਢਾਈ? ਕਿਸ ਵੇਲੇ ਅੱਖ ਸਿੰਮਣ ਲਾਈ? ਕਦੋਂ ਦਰਾਂ ਨੂੰ ਮਿਲੀ ਵਧਾਈ? ਕਿਸ ਹਨੇਰੀ ਨੇ ਬਨੇਰੇ ‘ਤੇ ਜਗਦੀ ਮੋਮਬੱਤੀ ਬੁਝਾਈ? ਰਾਤ ਦੇ ਕਿਸ ਪਹਿਰ ‘ਚ ਨੀਂਦ ਆਈ? ਕਿਹੜੀਆਂ ਰਾਤਾਂ ਨੇ ਝੋਲੀ ‘ਚ ਪਾਈ ਤਨਹਾਈ? ਕਿਹੜੇ ਪਲਾਂ ਨੇ ਵਿਛੋੜੇ ਦੀ ਹੂਕ ਪਲੰਘ ਦੇ ਨਾਮ ਲਾਈ? ਕਿਹੜੇ ਸੁਪਨੇ ਨੇ ਨੈਣਾਂ ‘ਚ ਮਿਲਣ ਦੀ ਆਸ ਜਗਾਈ? ਕਿਸ ਡੰਗੋਰੀ ਨੇ ਮਾਪਿਆਂ ਦੀ ਆਸ ਪੁਗਾਈ? ਕਿਹੜੀ ਔਲਾਦ ਨੇ ਉਨ੍ਹਾਂ ਦੇ ਪੱਲੇ ਨਮੋਸ਼ੀ ਪਾਈ, ਇਹ ਸਭ ਕੁਝ ਸਫ਼ਿਆਂ ਵਿਚੋਂ ਪੜ੍ਹਿਆ ਜਾ ਸਕਦਾ।
ਬੀਤੇ ਦੇ ਕੁਝ ਸੱਖਣੇ ਅਤੇ ਕੁਝ ਭਰੇ ਹੋਏ ਸਫ਼ੇ ਹੀ ਹੁੰਦੇ ਜਿਹੜੇ ਸਾਡੀਆਂ ਕਮੀਆਂ ਅਤੇ ਕੁਤਾਹੀਆਂ ਦਾ ਨਮੂਨਾ। ਕੁਝ ਪ੍ਰਾਪਤੀਆਂ ਅਤੇ ਮਾਣ-ਸਨਮਾਨ ਦੇ ਜ਼ਾਮਨ। ਕੁਝ ਅਵੱਗਿਆਵਾਂ ਅਤੇ ਉਲੰਘਣਾਵਾਂ ਦਾ ਜ਼ਿਕਰ। ਕੁਝ ਸੁਪਨਿਆਂ ਦੀ ਤਫ਼ਸੀਲ ਅਤੇ ਤਸ਼ਬੀਹ। ਕੁਝ ਕਦਮਾਂ ਦਾ ਸਫ਼ਰਨਾਮਾ। ਕੁਝ ਹਰਫ਼ਾਂ ਦਾ ਸ਼ਬਦ ਨਾਮਾ। ਕੁਝ ਦਿਸਹੱਦਿਆਂ ਦੀ ਨਿਸ਼ਾਨਦੇਹੀ। ਕੁਝ ਮੰਜ਼ਲਾਂ ਦੇ ਅਧ-ਮਿਟੇ ਸਿਰਨਾਵੇਂ ਵੀ ਹੁੰਦੇ।
ਇਹ ਸਫ਼ੇ ਸਾਡਾ ਜ਼ਿੰਦਗੀ-ਨਾਮਾ। ਅਵਚੇਤਨ ਅਤੇ ਚੇਤਨ ਮਨ ਵਿਚ ਆਏ ਫੁਰਨਿਆਂ ਦਾ ਲੇਖਾ-ਜੋਖਾ। ਸਫਲਤਾਵਾਂ ਅਤੇ ਅਸਫਲਤਾਵਾਂ ਦਾ ਹਿਸਾਬ-ਕਿਤਾਬ। ਸੰਭਾਵਨਾਵਾਂ ਅਤੇ ਸਿਰੜ ਦਾ ਸੰਤੁਲਨ। ਪੈਰਾਂ ਨਾਲ ਉੱਡਦੀ ਧੁਧਲ ਤੇ ਰਾਹਾਂ ਦਾ ਮਿਲਾਪ। ਕਰਮ ਹੀਣਤਾ ਅਤੇ ਕਰਮ ਯੋਗਤਾ। ਸਾਡੀ ਕਰਨੀ ਅਤੇ ਕਥਨੀ ਦਾ ਆਸਾਵਾਂਪਣ।

ਹਰ ਵਿਅਕਤੀ ਨਿੱਜੀ ਜੀਵਨ ਦੀ ਕਿਤਾਬ। ਕਿਤਾਬ ਜੋ ਉਹ ਖ਼ੁਦ ਲਿਖਦਾ। ਇਸ ਵਿਚੋਂ ਝਲਕਦੀ ਬੀਤੀ ਤੇ ਆਉਣ ਵਾਲੀ ਜ਼ਿੰਦਗੀ ਦੀ ਤਸਵੀਰ। ਜੀਵਨ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਅਤੇ ਭਵਿੱਖ ਦਾ ਪ੍ਰਮਾਣ। ਧਾਰਨਾਵਾਂ ਅਤੇ ਵਿਸੰਗਤੀਆਂ ਦਾ ਕਥਨ। ਉਸ ਦੇ ਉਸੇ ਅਤੇ ਬਚਨਾਂ ਦੀ ਕਥਾ। ਅਹਿਸਾਸ ਦਾ ਇਤਿਹਾਸ। ਆਸ ਅਤੇ ਆਸਥਾ ਦੀ ਕਥਾਕਾਰੀ।
ਹਰ ਕਿਤਾਬ ਵਿਕੋਲਿਤਰੀ ਤੇ ਵਿਲੱਖਣ। ਵਿੱਥਾਂ ਤੇ ਵਿਰਲਾਂ ਨਾਲ ਭਰੀ। ਵਹਿਮਾਂ ਤੇ ਵਰਤਾਰਿਆਂ ਦੀ ਚਸ਼ਮਦੀਦੀ। ਵਰਗਾਂ ਤੇ ਵਰਨਾਂ ਦੀ ਕਤਾਰ ਬੰਦੀ। ਬੰਦਿਆਈ ਅਤੇ ਬੁਰਿਆਈ ਦਾ ਚੌਖਟਾ। ਬੰਦਾ ਕਦੇ ਸਫ਼ੇ ਦੇ ਚੌਖਟੇ ਵਿਚ ਖੋਖਲਾ ਅਤੇ ਕਦੇ ਇਸ ਚੌਖਟੇ ਤੋਂ ਬਾਹਰ। ਸਫ਼ੇ ਦੇ ਹਾਣ ਦਾ ਬਣਨ ਲਈ ਖ਼ੁਦ ਨੂੰ ਤਰਾਸ਼ਦਾ। ਇਹੀ ਤਰਾਸ਼ਣਾ ਹੀ ਬੰਦੇ ਦਾ ਵਿਅਕਤੀਤਵ ਵਿਕਾਸ। ਪਤਾ ਲੱਗਦਾ ਕਿ ਅਸੀਂ ਕਿਸ ਹਿੱਸੇ ਨੂੰ ਤਰਾਸ਼ਿਆ ਤੇ ਕਿਸ ਹਿੱਸੇ `ਚ ਵਾਧਾ ਕਰ ਕੇ, ਖ਼ੁਦ ਦੀ ਸਫ਼ੇ ਨੂੰ ਅਹਿਮੀਅਤ ਅਤੇ ਅਸਲੀਅਤ ਦੇ ਨੇੜੇ ਕਰਨ ਲਈ ਯਤਨਸ਼ੀਲ।
ਯਾਦ ਰਹੇ ਕਿ ਬੰਦਾ ਤਾਅ-ਉਮਰ ਕਿਤਾਬ ਦੀ ਕਥਾਕਾਰੀ ਵਿਚ ਰੁੱਝਿਆ ਰਹਿੰਦਾ। ਪਰ ਇਹ ਕਿਤਾਬ ਕਦੇ ਵੀ ਹੁੰਦੀ ਨਹੀਂ ਪੂਰੀ, ਸਗੋਂ ਸਦਾ ਅਧੂਰੀ। ਇਹ ਅਧੂਰਾਪਣ ਹੀ ਮਨੁੱਖ ਦੇ ਵਿਕਾਸ ਅਤੇ ਪ੍ਰਾਪਤੀਆਂ ਦਾ ਮੂਲ-ਮੰਤਰ। ਸੀਮਤ ਸਫ਼ਿਆਂ ‘ਤੇ ਸੀਮਤ ਸਮੇਂ ਵਿਚ ਤੁਸੀਂ ਕੀ ਕੁਝ ਲਿਖਦੇ ਹੋ ਤੇ ਇਸ ਦੀ ਸਾਰਥਿਕਤਾ ਕੀ ਹੈ, ਇਸ ਨੇ ਹੀ ਸਿੱਧ ਕਰਨਾ ਕਿ ਤੁਸੀਂ ਇਸ ਕਿਤਾਬ ਪ੍ਰਤੀ ਕਿੰਨਾ ਕੁ ਸੰਜੀਦਾ ਅਤੇ ਸਮਰਪਿਤ ਹੋ?
ਜ਼ਿੰਦਗੀ ਦੀ ਕਿਤਾਬ ਦੇ ਹਰ ਸਫ਼ੇ ‘ਤੇ ਕੁਝ ਤਾਂ ਅਜੇਹਾ ਲਿਖ ਜਾਓ ਕਿ ਸਨਦ ਰਹੇ। ਅਰਥਾਂ ਦੇ ਜਗਦੇ ਦੀਵਿਆਂ ਦੀ ਰੌਸ਼ਨੀ ਵਿਚ ਆਉਣ ਵਾਲੀਆਂ ਪੀੜ੍ਹੀਆਂ ਜੀਵਨ-ਰਾਹਾਂ ਨੂੰ ਰੁਸ਼ਨਾ ਸਕਣ। ਆਪਣੀਆਂ ਕਮਜ਼ੋਰੀਆਂ ਨੂੰ ਤਾਕਤ ਬਣਾ, ਪੈਰਾਂ ਵਿਚ ਨਰੋਈਆਂ ਮੰਜ਼ਲਾਂ ਦਾ ਸਫ਼ਰ ਉਗਾ ਸਕਣ ਅਤੇ ਰੌਸ਼ਨ ਰਾਹਾਂ ਨੂੰ ਅਗਲੀਆਂ ਨਸਲਾਂ ਦੇ ਨਾਮ ਲਾ ਸਕਣ।
ਬਜ਼ੁਰਗਾਂ ਦੀ ਜੀਵਨ-ਕਿਤਾਬ ਨੂੰ ਪੜ੍ਹਨ ਲਈ, ਉਨ੍ਹਾਂ ਦੀ ਸੰਗਤ ਵਿਚ ਕੁਝ ਸਮਾਂ ਮਾਣਨਾ, ਉਨ੍ਹਾਂ ਦੇ ਸੁਮੱਤੀ ਬਚਨਾਂ ਵਿਚੋਂ ਜੀਵਨ ਦੀ ਭਵਿੱਖੀ ਵਿਉਂਤਬੰਦੀ ਕਰਨਾ। ਉਨ੍ਹਾਂ ਦੀਆਂ ਮੁਸ਼ਕਲਾਂ ਵਿਚੋਂ ਖ਼ੁਦ ਲਈ ਅਸਾਨੀਆਂ ਪੈਦਾ ਕਰਨਾ। ਤੁਹਾਨੂੰ ਵਿਰਾਸਤੀ ਸਿਆਣਪ ਵਿਚੋਂ ਉਹ ਕੁਝ ਮਿਲੇਗਾ ਜਿਹੜਾ ਆਮ ਜੀਵਨ ਵਿਚੋਂ ਨਹੀਂ ਮਿਲਦਾ। ਕਿਸੇ ਵਿਅਕਤੀ ਦੀ ਸਫ਼ਲਤਾ ਪਿੱਛੇ, ਮਾਪਿਆਂ ਦੀ ਵਿਰਾਸਤ ਹੀ ਹੁੰਦੀ ਜੋ ਅਚੇਤ ਰੂਪ ਵਿਚ ਉਸ ਨੂੰ ਮਿਲਦੀ ਅਤੇ ਉਹ ਨਵੀਆਂ ਪੇਸ਼ਬੰਦੀਆਂ ਨੂੰ ਆਪਣਾ ਅਪਣਾ ਅਤੇ ਨਿਸ਼ਠਾ ਬਣਾਉਂਦੇ।
ਕੋਰੇ ਸਫ਼ਿਆਂ `ਤੇ ਕੁਝ ਉੱਕਰਨ ਲਈ ਵਿਉਂਤਬੰਦੀ ਬਹੁਤ ਜ਼ਰੂਰੀ। ਖ਼ੁਦ ਨੂੰ ਭਵਿੱਖੀ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਅਤੇ ਆਪਣੇ ਰਾਹ ਖ਼ੁਦ ਸਿਰਜਣਾ, ਚੌਤ੍ਹੀਆਂ ਲਈ ਕੁਦਰਤੀ ਅਤੇ ਕਰਤਾਰੀ ਇਨਾਇਤ ਹੁੰਦੀ।
ਅਸੀਂ ਅਕਸਰ ਹੀ ਮਹਾਨ ਵਿਅਕਤੀਆਂ ਦੀਆਂ ਸਵੈ-ਜੀਵਨੀਆਂ ਪੜ੍ਹਦੇ। ਉਨ੍ਹਾਂ ਥੀਂ ਵਿਚਰਦਿਆਂ ਬਹੁਤ ਕੁਝ ਸਿੱਖਦੇ ਅਤੇ ਉਨ੍ਹਾਂ ਦੇ ਰਾਹਾਂ `ਤੇ ਤੁਰਨ ਦਾ ਤਹੱਈਆ ਕਰਦੇ। ਪਰ ਜ਼ਰੂਰੀ ਹੁੰਦਾ ਆਪਣੀਆਂ ਰਾਹਾਂ ਤੇ ਮੰਜ਼ਲਾਂ ਨੂੰ ਖ਼ੁਦ ਨਿਰਧਾਰਤ ਕਰੀਏ। ਆਪਣੇ ਪੈਰਾਂ ‘ਚ ਸਫ਼ਰ ਖ਼ੁਦ ਉਗਾਈਏ। ਸੁਪਨਈ ਮੰਜ਼ਲਾਂ ਨੂੰ ਪਾਈਏ ਅਤੇ ਫਿਰ ਇਸ ਨੂੰ ਜੀਵਨ-ਪੁਸਤਕ ਦਾ ਹਿੱਸਾ ਬਣਾਈਏ ਤਾਂ ਕਿ ਇਸ ਕਿਤਾਬ ਦੀਆਂ ਕਮੀਆਂ ਤੇ ਘਾਟਾਂ ਕਦੇ ਨਾ ਰੜਕਣ। ਤੁਹਾਨੂੰ ਕਦੇ ਅਫ਼ਸੋਸ ਨਾ ਹੋਵੇ ਕਿ ਮੈਂ ਆਪਣੇ ਜੀਵਨ ਦੀ ਕਿਤਾਬ ਨੂੰ ਪੂਰਾ ਨਾ ਕਰ ਸਕਿਆ।
ਇਸ ਕਿਤਾਬ ਦੇ ਕੁਝ ਸਫ਼ਿਆਂ ‘ਤੇ ਸੂਰਜ ਉਗਾਈਏ ਤਾਂ ਕਿ ਇਸ ਦਾ ਨਿੱਘ ਠਰੀਆਂ ਰਾਤਾਂ ਨੂੰ ਗਰਮਾਵੇ ਤੇ ਚਾਨਣ ਓਝੜ ਰਾਹੀਆਂ ਨੂੰ ਰਸਤਾ ਦਿਖਾਵੇ। ਉਹ ਸੂਰਜਾਂ ਦੇ ਹਾਣੀ ਬਣ ਕੇ ਅੰਬਰ ਨੂੰ ਕਲਾਵੇ ਵਿਚ ਲੈਣ ਦਾ ਹੌਸਲਾ ਕਰਨ।
ਅੰਬਰ ਉਨ੍ਹਾਂ ਦੀ ਬੁੱਕਲ ਬਣ ਜਾਵੇ। ਅੰਬਰ ਵਰਗੇ ਸੁਪਨਿਆਂ ਨਾਲ ਹੀ ਬੰਦੇ ਦਾ ਮਾਨਸਿਕ ਫੈਲਾਅ ਵਸੀਹ ਹੁੰਦਾ ਅਤੇ ਇਸ ਵਸੀਹਤਾ ਵਿਚੋਂ ਹੀ ਮਨੁੱਖ ਆਪਣੀ ਅਸੀਮਤਾ ਨੂੰ ਪਹਿਚਾਣਦਾ ਤੇ ਪ੍ਰਾਪਤ ਕਰਦਾ।
ਕੁਝ ਕੁ ਸਫ਼ਿਆਂ `ਤੇ ਚੰਨ ਧਰਨਾ। ਸ਼ਬਦਾਂ ਦੀ ਕੁੱਖ ਨੂੰ ਚਾਨਣੀ ਨਾਲ ਗਰਭਾਉਣਾ। ਇਸ ‘ਚੋਂ ਉੱਗਿਆ ਚਾਨਣ ਮੱਸਿਆ ਦੀਆਂ ਰਾਤਾਂ ਦੇ ਨਾਮ ਕਰਨਾ ਤਾਂ ਕਿ ਹਨੇਰਿਆਂ ਵਿਚ ਚਾਨਣੀਆਂ ਰਾਤਾਂ ਦਾ ਸਫ਼ਰ ਅਤੇ ਸਾਥ ਹਰੇਕ ਨੂੰ ਨਸੀਬ ਹੋਵੇ ਅਤੇ ਉਹ ਚਾਨਣ-ਰੱਤੇ ਪਲਾਂ ਦੌਰਾਨ ਸਾਹਾਂ ਵਿਚ ਸੁਗੰਧ ਪਰੋਵੇ।
ਕੁਝ ਸਫ਼ਿਆਂ `ਤੇ ਵਗਦੇ ਪਾਣੀਆਂ ਵਰਗੀ ਲੇਖਣੀ ਹੋਵੇ ਤਾਂ ਇਸ ਵਿਚੋਂ ਉੱਠੀਆਂ ਤਰੰਗਾਂ ਵਿਚ ਮਨ ਦਾ ਮੋਰ ਪੈਲਾਂ ਪਾਵੇ ਤੇ ਹਰ ਸਾਹ ਨੂੰ ਸ਼ਗਨਾਂ ਦੀ ਰੁੱਤ ਬਣਾਵੇ। ਉਮੰਗਾਂ ਨਾਲ ਰੂਹ ਦੀ ਸਾਂਝ ਵਧਾਵੇ ਤੇ ਦਰਿਆ ਦੇ ਦੋਹਾਂ ਕੰਢਿਆਂ ਨੂੰ ਮਿਲਾਉਣ ਦਾ ਸਬੱਬ ਬਣ ਜਾਵੇ। ਪਾਣੀਆਂ ਵਰਗੀ ਤਰਲਤਾ ਨੂੰ ਆਪਣੀ ਕਿਤਾਬ ਦੇ ਨਾਮ ਲਾਉਣ ਵਾਲੇ ਜਲਦੀ ਤਰਲ ਹੋ ਜਾਂਦੇ ਅਤੇ ਅੰਦਰ ਉਤਰ ਰੂਹ ਵਿਚ ਜੀਰ ਜਾਂਦੇ। ਪਾਣੀ ਵਰਗੀ ਸੋਚ `ਤੇ ਨਾ ਹੀ ਤਰੇੜ ਪੈਂਦੀ ਅਤੇ ਨਾ ਹੀ ਕੋਈ ਵਿਰਲ। ਸਦਾ ਅਭੇਦਤਾ ਅਤੇ ਅੰਤਰੀਵੀ ਮਿਲਾਪ ਦਾ ਨਾਮਕਰਨ। ਪਾਣੀ ਵਿਚੋਂ ਨਾ ਨਿਕਲੇ ਪਾਣੀ, ਪਾਣੀ ਸਦਾ ਅਭੇਦ। ਪਾਣੀ ਵਿਚੋਂ ਪਾਣੀ ਨਿਖੇੜਨਾ, ਪੱਲੇ ਪੈਂਦਾ ਖੇਦ। ਪਾਣੀ ਅੰਦਰ ਪਾਣੀ ਵੱਸਦਾ, ਜੀਕੂੰ ਸਾਹਾਂ ਦੇ ਵਿਚ ਜੋਤ। ਪਾਣੀ, ਪਾਣੀ ਨੂੰ ਜੱਫੀ ਪਾਉਂਦਾ ਤੇ ਪਾਣੀ ਅੰਤਰ ਜੋਤ। ਤਾਂ ਹੀ ਵਗਦੇ ਪਾਣੀ ਪਿੰਡੇ ਹੁੰਦੀ ਨਹੀਂ ਖੜੋਤ। ਜਦ ਕਿ ਖੜੇ ਪਾਣੀ ਮਰਦੇ ਸਦਾ ਹੀ ਆਪਣੀ ਮੌਤ।
ਕੁਝ ਸਫ਼ਿਆਂ `ਤੇ ਜਿਗਰੀ ਯਾਰੀ ਦੀਆਂ ਬਾਤਾਂ ਪਾਈਏ। ਕਸਮਾਂ ਨੂੰ ਤੋੜ ਨਿਭਾਈਏ। ਉਚਮਤਾ ਨੂੰ ਬੋਲਾਂ ਦੇ ਨਾਮ ਲਾਈਏ। ਯਾਰ ਰੁੱਸ ਜਾਣ ਤਾਂ ਖ਼ੁਦ ਮਨਾਈਏ ਕਿਉਂਕਿ ਰੁੱਸਿਆ ਯਾਰ ਜੇ ਕਦੇ ਸਦਾ ਲਈ ਰੁੱਸ ਗਏ ਤਾਂ ਫਿਰ ਯਾਰ ਦੇ ਰੋਸੇ ਦਾ ਦਰਦ, ਬਣ ਜਾਂਦਾ ਰਿਸਦਾ ਤੇ ਪੱਲੇ ਵਿਚ ਰਹਿ ਜਾਂਦਾ ਉਮਰ ਭਰ ਦਾ ਪਛਤਾਵਾ।
ਕੁਝ ਸਫ਼ਿਆਂ `ਤੇ ਆਪਣੀ ਨੇਕਨੀਤੀ ਅਤੇ ਕਿਰਤ-ਕਾਮਨਾ ਉਗਾਈਏ ਤਾਂ ਕਿ ਇਨ੍ਹਾਂ ਦੀ ਪ੍ਰਫੁੱਲਤਾ, ਬੇਹੇ ਵਕਤਾਂ ਨੂੰ ਤਾਜ਼ਗੀ ਬਖ਼ਸ਼ੇ। ਜਰਜਰੀ ਕਦਰਾਂ ਕੀਮਤਾਂ ਨੂੰ ਨਵੀਨਤਾ ਅਰਪਿਤ ਕਰੇ। ਵਹਿਮਾਂ ਭਰਮਾਂ ਤੋਂ ਮੁਕਤੀ ਹੋਵੇ। ਬੰਦਾ ਕਿਰਤ ਕਮਾਈ ਨੂੰ ਜੀਵਨ ਦੀ ਮੂਲ ਧਾਰਨਾ ਬਣਾਵੇ। ਬਚਦੇ ਸਾਹਾਂ ਦੀ ਸਦੀਵਤਾ ਕਮਾਵੇ ਅਤੇ ਬਖਸ਼ਿੰਦਗੀ ਦਾ ਰਾਗ ਹੋਠਾਂ ਦੇ ਨਾਮ ਲਾਵੇ।
ਜ਼ਿੰਦਗੀ ਦਾ ਹਰ ਸਫ਼ਾ ਸੰਪੂਰਨ ਹੋਵੇ ਤਾਂ ਕਿ ਇਸ ਦਾ ਅਧੂਰਾਪਣ ਨਾ ਕੋਹਵੇ। ਤੁਹਾਡੇ ਲਈ ਚੀਸ ਨਾ ਬਣ ਜਾਵੇ ਅਤੇ ਪੂਰਨਤਾ ਦਾ ਅਹਿਸਾਸ ਤੁਹਾਡੇ ਨਾਂ ਲਾਵੇ। ਕੁਝ ਕੁ ਸਫ਼ਿਆਂ `ਤੇ ਆਪਣੀ ਰੁੱਸੀ ਹੋਈ ਜ਼ਿੰਦਗੀ ਨੂੰ ਮਨਾਉਣ ਦਾ ਉਲੇਖ ਕਰੋ। ਗਵਾਈਆਂ ਰੁੱਤਾਂ ਦਾ ਜ਼ਿਕਰ ਕਰੋ। ਇਸ ਦੀ ਅਹਿਮੀਅਤ ਨੂੰ ਸਮਝ, ਇਸ ਦਾ ਫ਼ਿਕਰ ਕਰੋ ਅਤੇ ਇਸ ਦੀ ਪੁਨਰ-ਸੁਰਜੀਤੀ ਲਈ ਕੁਝ ਤਾਂ ਯਤਨ ਕਰੋ।
ਇਕ ਅੱਧ ਵਰਕੇ `ਤੇ ਆਪਣੇ ਹਿੱਸੇ ਦੇ ਵਕਤ ਦੀ ਕਲਮਕਾਰੀ ਕਰੋ। ਆਪਣੇ ਆਪ ਨੂੰ ਮਿਲਣ ਦੀ ਆਸ ਪ੍ਰਗਟਾਓ। ਮਿਲ ਕੇ ਹੋਣ ਵਾਲੀ ਤ੍ਰਿਪਤੀ ਨੂੰ ਲਫ਼ਜ਼ਾਂ ਵਿਚ ਸਮਾਓ। ਫਿਰ ਤੁਹਾਨੂੰ ਅਹਿਸਾਸ ਹੋਵੇਗਾ ਕਿ ਕਿੰਨਾ ਕਸ਼ਟਮਈ ਹੁੰਦਾ ਅਪੂਰਨ ਹੋ ਕੇ ਜਿਊਣਾ। ਕਿੰਨਾ ਸੁਖਨਮਈ ਹੁੰਦਾ ਪੂਰਨ ਹੋਣ ਦਾ ਵਿਸਮਾਦ। ਸਾਹ-ਸੁਰੰਗੀ ਵਿਚ ਪੈਦਾ ਹੁੰਦਾ ਏ ਨਾਦ ਅਤੇ ਬਣ ਜਾਂਦਾ ਜੀਵਨ ਦੀ ਸੁਨਹਿਰੀ ਯਾਦ।
ਯਾਦ ਰੱਖਣਾ! ਹਰ ਸਫ਼ਾ ਤੁਹਾਡੀ ਕਲਮਕਾਰੀ ਦੀ ਆਸ ਰੱਖਦਾ। ਤੁਹਾਡੇ ਲਈ ਹਰਦਮ ਉਤਾਵਲਾ ਕਿ ਤੁਸੀਂ ਕਦੋਂ, ਕੀ, ਕਿਵੇਂ ਅਤੇ ਕਿਸ ਮੋੜ `ਤੇ ਕੀ ਸ਼ਬਦਾਂ ਦੇ ਅਰਥਾਂ ਵਿਚ ਸਮਾਇਆ?
ਸਮੇਂ ਨੂੰ ਬਹੁਤ ਉਡੀਕ ਹੁੰਦੀ ਤੁਹਾਡੇ ਵੱਲੋਂ ਕੀਤੀ ਵਰਕਿਆਂ `ਤੇ ਵਰਨਮਾਲਾ। ਇਨ੍ਹਾਂ ਰਾਹੀਂ ਹੀ ਸਮੇਂ ਨੇ ਤੁਹਾਨੂੰ ਮਿਲਣਾ ਹੈ ਜਦ ਤੁਸੀਂ ਨਹੀਂ ਰਹਿਣਾ। ਸਿਰਫ਼ ਇਸ ਇਬਾਰਤ ਨੇ ਜਿਊਂਦੇ ਰਹਿਣਾ ਅਤੇ ਇਸ ਸ਼ਬਦ ਕਾਰੀ ਨੇ ਤੁਹਾਡੀ ਹੋਂਦ ਅਤੇ ਹਾਸਲ ਦੀ ਤਸਦੀਕ ਕਰਨੀ। ਤੁਸੀਂ ਖ਼ੁਦ ਨੂੰ ਕੀ ਸਮਝਦੇ ਹੋ, ਇਹ ਸਭ ਕੁਝ ਤੁਹਾਡੇ ਜੀਵਨ ਦੀ ਕਿਤਾਬ ਨੇ ਖ਼ੁਦ ਬਖ਼ੁਦ ਵਕਤ ਨੂੰ ਦੱਸ ਦੇਣਾ। ਤੁਸੀਂ ਕਾਹਤੋਂ ਫ਼ਿਕਰ ਕਰਦੇ ਹੋ?
ਜ਼ਿੰਦਗੀ ਦੀ ਕਿਤਾਬ ਦੇ ਵਰਕੇ ਰੌਲਾ ਨਹੀਂ ਹੋਣਾ ਚਾਹੀਦਾ। ਇਹ ਸਦਾ ਅੰਤਰੀਵ ਵਿਚ ਵਸੀ ਅਨਾਦੀ ਚੁੱਪ ਵਰਗੇ ਹੋਣੇ ਚਾਹੀਦੇ ਜੋ ਬਿਨਾਂ ਕੁਝ ਬੋਲਿਆਂ ਵੀ ਉਹ ਕੁਝ ਦੱਸ ਜਾਂਦੀ ਜਿਸ ਦਾ ਕਈ ਵਾਰ ਖ਼ੁਦ ਨੂੰ ਵੀ ਪਤਾ ਨਹੀਂ ਹੁੰਦਾ। ਤੁਹਾਡੀ ਕੀਰਤੀ ਤੇ ਕਰਮ-ਸਾਧਨਾ ਬੋਲਦੀ। ਤੁਹਾਡੀ ਕਰਮ ਯੋਗਤਾ ਵਿਚੋਂ ਬੰਧਨਾਂ ਪੈਦਾ ਹੁੰਦੀ। ਤੁਹਾਡੇ ਕਰਮਾਂ ਵਿਚਲੀ ਅਸੀਮਤਾ ਚੁਗ਼ਲੀ ਕਰਦੀ ਅਤੇ ਤੁਹਾਡੀ ਮਹਿਕ ਹੀ ਫ਼ਿਜ਼ਾ ਨੂੰ ਮਹਿਕਾਉਣ ਲਈ ਕਾਫ਼ੀ। ਕਦੇ ਉਚੇਚ ਨਾ ਕਰੋ। ਉੱਚੀ ਬੋਲ ਕੇ ਕਿੱਲ੍ਹਣ ਵਾਲੇ ਅਕਸਰ ਹੀ ਅੰਦਰੋਂ ਬਹੁਤ ਖੋਖਲੇ ਹੁੰਦੇ।
ਸਮਾਂ ਤਿਲ੍ਹਕਦਾ ਜਾ ਰਿਹਾ। ਹੱਥ ਖਿਸਕ ਰਹੇ ਸਮੇਂ ਨੂੰ ਅਜਾਈਂ ਨਾ ਗਵਾਓ। ਵਰਤੋਂ ਵਿਵਹਾਰ ਵਿਚੋਂ ਕੁਝ ਕੁ ਅਜੇਹਾ ਕਰ ਜਾਵੋ ਕਿ ਆਉਣ ਵਾਲੀਆਂ ਨਸਲਾਂ ਨੂੰ ਇਹ ਪਤਾ ਤਾਂ ਹੋਵੇ ਕਿ ਸਾਡੇ ਪੁਰਖਿਆਂ ਨੇ ਇਤਿਹਾਸ ਨੂੰ ਮਾਣ-ਮੱਤਾ ਕੀਤਾ। ਅਸੀਂ ਵੀ ਇਸ ਮਾਣ ਦਾ ਹਿੱਸਾ ਬਣੀਏ। ਅਜੇਹਾ ਨਾ ਹੋਵੇ ਕਿ ਸਮਾਂ ਹੀ ਲੰਘ ਜਾਵੇ ਅਤੇ ਅਸੀਂ ਕੋਰੇ ਵਰਕਿਆਂ ਵਾਲੀ ਕਿਤਾਬ ਸਮੇਂ ਦੇ ਹਵਾਲੇ ਕਰ ਇਸ ਦੁਨੀਆ ਤੋਂ ਰੁਖ਼ਸਤ ਹੋਈਏ।
ਹਰ ਵਿਅਕਤੀ ਹੀ ਆਪਣੀ ਬੁੱਧੀ ਅਤੇ ਸਮਰੱਥਾ ਰਾਹੀਂ ਬਹੁਤ ਸਾਰੀਆਂ ਬਰਕਤਾਂ ਸਮਾਜ ਦੀ ਝੋਲੀ ਵਿਚ ਪਾ ਸਕਦਾ ਬਸ਼ਰਤੇ ਕਿ ਉਸ ਦੇ ਮਨ ਵਿਚ ਕੁਝ ਕਰਨ ਦਾ ਜਨੂੰਨ ਤੇ ਜਜ਼ਬਾ ਹੋਵੇ। ਇਹ ਸਭ ਕੁਝ ਜਜ਼ਬਾਤਾਂ ਅਤੇ ਯਤਨਾਂ ਰਾਹੀਂ ਪੈਦਾ ਹੋਵੇ ਜੋ ਸਮਾਜ ਨੂੰ ਨਵੀਆਂ ਉਪਲਬਧੀਆਂ ਦੀ ਦੇਣ ਦੇ ਸਕੇ।
ਜ਼ਿੰਦਗੀ ਦੀ ਕਿਤਾਬ ਕਦੇ ਖ਼ਤਮ ਨਹੀਂ ਹੁੰਦੀ। ਇਕ ਚਾਪਟਰ ਪੂਰਾ ਹੁੰਦਾ ਤਾਂ ਨਵਾਂ ਸ਼ੁਰੂ ਹੋ ਜਾਂਦਾ। ਕੁਝ ਚਾਪਟਰ ਦਰਦੀਲੇ ਅਤੇ ਕੁਝ ਪੁਰ-ਖ਼ਲੂਸ। ਕੁਝ ਪ੍ਰਾਪਤੀ ਦਾ ਸਿਰਨਾਵਾਂ ਤੇ ਕੁਝ ਅਸਫਲਤਾਵਾਂ ਦਾ ਇਤਿਹਾਸ। ਕੁਝ ਵਿਛੋੜੇ ਦਾ ਬਿਰਤਾਂਤ ਅਤੇ ਕੁਝ ਮਿਲਾਪ ਦਾ ਅਹਿਸਾਸ। ਹਰ ਚਾਪਟਰ ਨੂੰ ਪੜ੍ਹਨਾ ਜ਼ਰੂਰੀ। ਇਕ ਚਾਪਟਰ ‘ਤੇ ਸੀਮਤ ਰਹਿਣਾ ਜੀਵਨ ਨਹੀਂ ਹੁੰਦਾ। ਇਹ ਕਦੇ ਵੀ ਸੰਪੂਰਨ ਨਹੀਂ ਹੁੰਦੀ।
ਜ਼ਿੰਦਗੀ ਦੀ ਕਿਤਾਬ ਨੂੰ ਕੁਝ ਕੁ ਵਿਰਲਿਆਂ ਸਾਹਵੇਂ ਖੋਲ੍ਹੋ। ਬਹੁਤ ਘੱਟ ਤੁਹਾਡੀ ਸੰਵੇਦਨਾ ਦੇ ਹਾਣੀ ਜਦ ਕਿ ਜ਼ਿਆਦਾਤਰ ਸਫ਼ੇ ਪਲਟਣਾ ਹੀ ਜਾਣਦਾ। ਉਹ ਸਮਝਦਾਰ ਨਹੀਂ ਸਗੋਂ ਤਮਾਸ਼ਬੀਨ ਹੁੰਦੇ।
ਹਰ ਸਫ਼ੇ ਦੇ ਦੋ ਪਹਿਲੂ। ਕੁਝ ਚੜ੍ਹਦੇ ਦੀ ਲਾਲੀ ਅਤੇ ਕੁਝ ਡੁੱਬਦੇ ਦੀ ਪਲਿੱਤਣ। ਕੁਝ ਪੁੰਨਿਆਂ ਦੀ ਰਾਤ ਅਤੇ ਕੁਝ ਮੱਸਿਆ ਵਰਗੇ। ਕੁਝ ਤਿੱਖੜ ਦੁਪਹਿਰਾਂ ਅਤੇ ਕੁਝ ਢਲਦੇ ਪਰਛਾਵੇਂ। ਕੁਝ ਸੁਪਨਿਆਂ ਦਾ ਉਗਮਣਾ ਅਤੇ ਕੁਝ ਸੁਪਨਿਆਂ ਦਾ ਮਾਤਮ। ਕੁਝ ਨਵ-ਜੰਮੇ ਬੱਚੇ ਦੀ ਕਿਲਕਾਰੀ ਅਤੇ ਕੁਝ ਮਰਿਆਂ ਦੇ ਵੈਣ। ਤੁਸੀਂ ਇਸ ਨੂੰ ਕਿਸ ਰੂਪ ਅਤੇ ਕਿਸ ਨਜ਼ਰੀਏ ਨਾਲ ਲਿਖਣਾ ਤੇ ਪੜ੍ਹਨਾ, ਇਹ ਤੁਹਾਡੀ ਨਿੱਜੀ ਚੋਣ।
ਜ਼ਿੰਦਗੀ ਦੇ ਕਿਤਾਬ ਦੇ ਹਰ ਸਫ਼ੇ `ਤੇ ਬਹੁਤ ਸਾਰੇ ਪ੍ਰਸ਼ਨ। ਇਨ੍ਹਾਂ ਦੇ ਜਵਾਬ ਖ਼ੁਦ ਲੱਭਣੇ ਪੈਣੇ। ਇਨ੍ਹਾਂ ਦੇ ਜਵਾਬ ਕਦੇ ਵੀ ਕਿਤਾਬ ਦੇ ਪਿਛਲੇ ਪੰਨਿਆਂ `ਤੇ ਨਹੀਂ ਹੁੰਦੇ।
ਖ਼ਾਲੀ ਸਫ਼ਿਆਂ ਵਾਲੀ ਸੁੰਦਰ ਜਿਲਦ ਵਾਲੀ ਕਿਤਾਬ ਦੀ ਕੋਈ ਵੁੱਕਤ ਨਹੀਂ ਹੁੰਦੀ। ਇਹ ਕਿਤਾਬ ਖੁੱਲ੍ਹਦੇ ਸਾਰ ਹੀ ਆਪਣੀ ਅਹਿਮੀਅਤ ਗਵਾ ਬਹਿੰਦੀ। ਕਦੇ ਕੂੜੇ ਦਾ ਢੇਰ ਬਣੀ, ਮੀਹਾਂ ਵਿਚ ਗਲਦੀ, ਹਨੇਰੀਆਂ ਨਾਲ ਵਰਕਾ ਵਰਕਾ ਹੋਈ ਪਤਾ ਨਹੀਂ ਕਿਧਰ ਗਵਾਚ ਜਾਵੇ ਅਤੇ ਆਪਣੀ ਹੋਂਦ ਦੀ ਫਿਟਕਾਰ ਨੂੰ ਆਪਣੇ ਨਾਮ ਲਾਵੇ। ਰੱਦੀ ਬਣੀਆਂ ਇਹ ਜੀਵਨ-ਕਿਤਾਬਾਂ ਨੂੰ ਕੋਈ ਕਿਉਂ ਪੜ੍ਹੇ? ਇਹ ਕਿਤਾਬ ਕਦੇ ਚੁੱਲਿ੍ਹਆਂ ਵਿਚ ਸੜੇ, ਕਦੇ ਕੰਡਿਆਂ ਵਿਚ ਅੜੇ ਅਤੇ ਕਦੇ ਡੁੱਬਦੀ ਹੋਈ ਕਿਸੇ ਤਿਣਕੇ ਨੂੰ ਫੜੇ। ਯਾਦ ਰਹੇ ਕਿ ਸਿਰਫ਼ ਕੀਮਤੀ ਕਿਤਾਬਾਂ ਦਾ ਹੀ ਮੁੱਲ ਪੈਂਦਾ। ਮਾੜੀਆਂ ਕਿਤਾਬਾਂ ਨੂੰ ਤਾਂ ਕੋਈ ਰੱਦੀ ਦੇ ਭਾਅ ਵੀ ਨਹੀਂ ਖ਼ਰੀਦਦਾ।
ਜੇ ਵਰਕੇ ਖ਼ਾਲੀ ਹੀ ਰਹੇ, ਜੇ ਇਹ ਹਰਫ਼ਾਂ ਤੋਂ ਕੋਰੇ ਹੀ ਰਹੇ, ਜੇ ਅਸੀਂ ਕੁਝ ਨਾ ਲਿਖਿਆ, ਜੇ ਅਸੀਂ ਕੁਝ ਨਾ ਸਮਝਿਆ, ਜੇ ਅਸੀਂ ਸਫ਼ਿਆਂ ਨੂੰ ਅਧੂਰੇਪਣ ਦੀ ਆਉਧ ਹੰਢਾਉਣ ਲਈ ਮਜਬੂਰ ਕਰਦੇ ਰਹੇ, ਜੇ ਸਾਡੀ ਕਲਮ ਹੀ ਟੁੱਟ ਗਈ, ਜੇ ਦਵਾਤ ਦੀ ਸਿਆਹੀ ਹੀ ਸੁੱਕ ਗਈ, ਜੇ ਸਾਡੀ ਸੰਵੇਦਨਾ ਹੀ ਮਰ ਮੁੱਕ ਗਈ, ਜੇ ਸਾਡੀ ਚੇਤਨਾ ਹੀ ਰੁੱਸ ਗਈ, ਜੇ ਸਾਡੀ ਸੁਪਨਸਾਜ਼ੀ ਹੀ ਮਰ ਗਈ, ਜੇ ਸਾਡੇ ਯਤਨ ਹੀ ਹਰ ਗਏ ਤਾਂ ਫਿਰ ਇਨ੍ਹਾਂ ਕੋਰੇ ਅਤੇ ਅਧੂਰੇ ਵਰਕਿਆਂ ਦੀ ਹਾਅ ਵਕਤ ਨੂੰ ਹਜ਼ਮ ਜਾਵੇਗੀ। ਵਰਕਿਆਂ ਦੀ ਇਬਾਰਤ ਅਜੇਹੀ ਨਜ਼ਮ ਬਣ ਜਾਵੇਗੀ ਜਿਹੜੀ ਨਾ ਤਾਂ ਵਕਤ ਕੋਲੋਂ ਪੜ੍ਹ ਹੋਣੀ ਅਤੇ
ਨਾ ਹੀ ਕਿਸੇ ਕੋਲੋਂ ਸੁਣਾਈ ਜਾਣੀ।
ਸੋ ਇਸ ਤੋਂ ਪਹਿਲਾਂ ਕਿ ਸਭ ਕੁਝ ਸਾਡੇ ਹੱਥੋਂ ਨਿਕਲ ਜਾਵੇ। ਅਸੀਂ ਕੁਝ ਵੀ ਕਰਨ ਜੋਗੇ ਨਾ ਰਹੀਏ। ਉੱਠੋ! ਕੁਝ ਤਾਂ ਕਰੀਏ। ਖ਼ਾਲੀ ਵਰਕਿਆਂ ਨੂੰ ਭਰੀਏ। ਇਨ੍ਹਾਂ ਦੀ ਹੋਂਦ ਨੂੰ ਸਫਲਾ ਕਰੀਏ। ਇਨ੍ਹਾਂ ਦੀ ਹਿੱਕ `ਤੇ ਅਜੇਹਾ ਕੁਝ ਧਰੀਏ ਕਿ ਸਫ਼ੇ ਮਹਿਕਦੇ ਰਹਿਣ। ਇਨ੍ਹਾਂ ਦੀ ਸ਼ਬਦ ਕਾਰੀ ਆਉਣ ਵਾਲੇ ਸਮਿਆਂ ਨੂੰ ਸੁਗੰਧਿਤ ਕਰਦੀ ਰਹੇ ਅਤੇ ਯੁੱਗ ਜਿਊਣ ਦਾ ਦਮ ਭਰਦੀ ਰਹੇ।