(ਜਥੇਦਾਰ ਕੋਲ ਅਕਾਲੀ ਫੂਲਾ ਸਿੰਘ ਵਰਗਾ ਕੌਤਕ ਦੁਹਰਾਉੁਣ ਦਾ ਮੌਕਾ)
ਹਜ਼ਾਰਾ ਸਿੰਘ
ਫੋਨ: 647-685-5997
ਲਓ ਜੀ, ਸੱਤਾ ਦੀ ਔੜ ਦੇ ਸਤਾਏ ਅਕਾਲੀ ਅਤੇ ਅਕਾਲੀ ਰਾਜਕੁਮਾਰ (ਬਜ਼ੁਰਗ ਅਕਾਲੀਆਂ ਦੀ ਮਾਡਰਨ ਆਰਾਮ ਪ੍ਰਸਤ ਔਲਾਦ ਅਤੇ ਦੋਹਤ-ਪੋਤ) ਸੱਤਾ ਲਈ ਮੱਛੀ ਵਾਂਗ ਤੜਪਦੇ ਹੋਏ ਅਕਾਲ ਤਖਤ ਜਾ ਪਹੁੰਚੇ ਹਨ। ਇਹ ਬੇਅਸੂਲੀ ਸਿਆਸਤ ਦੇ ਵਪਾਰੀ ਅਕਾਲ ਤਖਤ ‘ਤੇ ਮਨ ਦੀ ਸਫ਼ਾਈ ਲਈ ਨਹੀਂਂ ਜਾ ਰਹੇ, ਅਕਾਲ ਤਖਤ ਨੂੰ ਆਪਣੀ ਚਤੁਰ ਬੁੱਧੀ ਨਾਲ ਵਰਤ ਕੇ ਮੁੜ ਸੱਤਾ ਹਾਸਲ ਕਰਨ ਦੇ ਰਾਹ ਪੈਣ ਦਾ ਆਹਰ-ਪਾਹਰ ਕਰ ਰਹੇ ਹਨ।
ਇਨ੍ਹਾਂ ਦੀ ਬੁੱਧੀ ਇਨ੍ਹਾਂ ਨੂੰ ਕਾਇਲ ਕਰੀ ਬੈਠੀ ਹੈ ਕਿ ਲੋਕਾਂ ਨੂੰ (ਖਾਸ ਕਰਕੇ ਸਿੱਖਾਂ ਨੂੰ) ਬੇਵਕੂਫ ਬਣਾਉਣਾ ਕੋਈ ਔਖਾ ਕੰਮ ਨਹੀਂਂ ਹੈ। ਸੱਤਾ ਦੇ ਸੁਖ ਵਿਚ ਪਲੇ ਸਿੱਖ ਸਰੋਕਾਰਾਂ ਤੋਂ ਕੋਰੇ ਇਹ ਅਕਾਲੀ ਰਾਜਕੁਮਾਰ ਸਿਆਸਤ ਨੂੰ ਸਿਆਸੀ ਤਿਕੜਮਬਾਜ਼ੀ ਤੋਂ ਵੱਧ ਨਹੀਂ ਜਾਣਦੇ। ਇੱਕ ਧੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਲਈ ਅਕਾਲ ਤਖਤ ‘ਤੇ ਸ਼ਿਕਾਇਤ ਲਾ ਰਿਹਾ ਹੈ ਅਤੇ ਸੁਖਬੀਰ ਬਾਦਲ ਆਪਣੇ ਧੜੇ ਨਾਲ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੀਆਂ ਗੱਲਾਂ ਕਰ ਰਿਹਾ ਹੈ। ਦੋਹਾਂ ਧੜਿਆਂ ਦੇ ਲੋਕ- ਖਾਸ ਕਰ ਬਾਗੀ ਧੜੇ ਦੇ ਆਗੂ ਬੜੀ ਚਤੁਰਾਈ ਨਾਲ ਅਕਾਲ ਤਖਤ ਦੀ ਵਰਤੋਂ ਨਾਲ ਨਾਤ੍ਹੇ-ਧੋਤੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਦੀ ਨਜ਼ਰ ਵਿਚ ਅਕਾਲ ਤਖਤ ‘ਤੇ ਭੁੱਲਾਂ ਬਖਸ਼ਾਉਣ ਲਈ ਜਾਣ ਵਾਲੇ ਇਹ ਦੋਨੋਂ ਧੜਿਆਂ ਦੀ ਖਸਲਤ, “ਨਾਵਿ੍ਹਣ ਚਲੈ ਤੀਰਥੀਂ, ਮਨ ਖੋਟੈ ਤਨਿ ਚੋਰ” ਤੋਂ ਵੱਧ ਨਹੀਂ ਹੈ।
ਅਕਾਲੀ ਦਲ ਦਾ ਸੰਕਟ ਸਿਆਸੀ ਅਤੇ ਨੈਤਿਕ ਹੈ। ਅੱਜ ਦਾ ਅਕਾਲੀ ਦਲ ਨਾ ਲੋਕਤੰਤਰੀ ਹੈ ਤੇ ਨਾ ਕਿਸੇ ਸਿਧਾਂਤ ਨੂੰ ਪ੍ਰਣਾਇਆ ਹੋਇਆ। ਸਿਆਸਤ ਨੂੰ ਵਪਾਰ ਬਣਾਉਣ ਵਾਲੇ ਸੱਤਾ ਦੌਰਾਨ ਸਫਲ ਵਪਾਰੀ ਸਾਬਿਤ ਹੋਏ, ਪਰ ਸੱਤਾ ਜਾਣ ਤੋਂ ਬਾਅਦ ਹੁਣ ‘ਮੰਦਵਾੜੇ’ ਵਿਚ ਮਹਿਸੂਸ ਕਰ ਰਹੇ ਹਨ। ਸਿਆਸੀ ਸੂਝ-ਬੂਝ ਤੋਂ ਕੋਰੇ ਕੇਵਲ ਸਵਾਰਥ ਦੀ ਰਾਜਨੀਤੀ ਕਰਨ ਵਾਲੇ ਇਹ ਅਕਾਲੀ ਇਹ ਸੋਚੀ ਬੈਠੇ ਸਨ ਕਿ ਲੋਕ ਇਨ੍ਹਾਂ ਦੀਆਂ ਗਲਤੀਆਂ ਨੂੰ ਭੁੱਲ-ਭੁਲਾ ਜਾਣਗੇ। ਮਸਲਾ ਤਾਂ ਸਿਆਸਤ ਅਤੇ ਸਿਆਸੀ ਜਥੇਬੰਦਕ ਢਾਂਚੇ ਨੂੰ ਦਰੁਸਤ ਕਰਨ ਦਾ ਸੀ ਪਰ ਇਹ ਸਭ ਕੁੱਝ ਨੂੰ ਧਾਰਮਿਕ ਉਕਾਈਆਂ ਦੀ ਚਾਦਰ ਵਿਚ ਲਪੇਟਣ ਦੇ ਦਾਅ ਵਜੋਂ ਅਕਾਲ ਤਖਤ ‘ਤੇ ਚਲੇ ਗਏ। ਇਸ ਅਨਾੜੀਪੁਣੇ ਵਾਲੇ ਕਦਮ ਨਾਲ ਪਿਛਲੀਆਂ ਖੁਨਾਮੀਆਂ ਦੇ ਕੱਚੇ ਚਿੱਠੇ ਫਿਰ ਤਾਜ਼ੇ ਹੋਣੇ ਸ਼ੁਰੂ ਹੋ ਗਏ ਹਨ। ਦਿੱਤੀਆਂ ਜਾਣ ਵਾਲੀਆਂ ਸਫਾਈਆਂ ਦੇ ਚੀਰ-ਫਾੜ ਵਿਚੋਂ ਲੋਕ ਇਨ੍ਹਾਂ ਦੇ ਦੰਭ ਨਿਤਾਰਨਗੇ ਅਤੇ ਹੋਰ ਸਵਾਲ ਖੜ੍ਹੇ ਹੋਣਗੇ। ‘ਵਾਰਿਸ ਸ਼ਾਹ ਮੀਆਂ ਸੱਚ ਝੂਠ ਵਿਚੋਂ, ਪਾਪ ਕੱਢਦਾ ਪੁੰਨ ਨਿਤਾਰਦਾ ਈ।’ ਜਿਹੜੇ ਪਾਪ ਢਕਣ ਲਈ ਅਕਾਲ ਤਖਤ ਦਾ ਓਹਲਾ ਵਰਤਣ ਦਾ ਯਤਨ ਕੀਤਾ ਹੈ, ਉਹ ਇੱਕ ਵਾਰ ਫੇਰ ਨਿੱਤਰ ਕੇ ਸਾਹਮਣੇ ਆਉਣਗੇ। ਅਕਾਲ ਤਖਤ ਦਾ ਜਥੇਦਾਰ ਲੋਕ ਭਾਵਨਾਵਾਂ ਅਨੁਸਾਰ ਫੈਸਲਾ ਨਾ ਕਰ ਸਕਿਆ ਤਾਂ ਉਸਦੀ ਤੋਏ-ਤੋਏ ਅਲੱਗ ਹੋਏਗੀ, ਜਿਹੜੀ ਕਿ ਹੋਣੀ ਸ਼ੁਰੂ ਹੋ ਵੀ ਗਈ ਹੈ।
ਅੱਜ ਬਹੁਤ ਸਾਰੇ ਸੁਹਿਰਦ ਪਰੰਤੂ ਉਨ੍ਹਾਂ ਦੇ ਨਾਲ ਹੀ ਕੁਝ ਮਨਚਲੇ, ਅੱਧਪੜ੍ਹ ਅਤੇ ਅਰਾਜਕ ਸੱਜਣਾਂ ਵਲੋਂ ਉਚੀ-ਉਚੀ ਕੂਕ ਕੇ ਕਿਹਾ ਜਾ ਰਿਹਾ ਹੈ ਕਿ ਅਕਾਲ ਤਖਤ ਦਾ ਸਿਸਟਮ ਬਾਦਲਾਂ ਨੇ ਤਬਾਹ ਕੀਤਾ। ਪਰ ਕੀ ਇਹ ਸੱਚ ਹੈ ਕਿ ਇਹ ਸਾਰੀ ਕਹਾਣੀ ਇੰਨੀ ਸਿੱਧੀ ਹੀ ਹੈ…ਨਹੀਂ ਇਹ ਇੰਨੀ ਸਿੱਧੀ ਬਿਲਕੁਲ ਵੀ ਨਹੀਂਂ। ਇਸ ਪਿਛੇ ਵੀ ਬਹੁਤ ਅਣਸੁਖਾਵਾਂ ਅਤੇ ਟੇਢਾ ਇਤਿਹਾਸ ਛੁਪਿਆ ਹੋਇਆ ਹੈ। ਅਕਾਲ ਤਖਤ ਨੂੰ ਆਪਣੇ ਧੜੇ ਦੀ ਸਿਆਸਤ ਲਈ ਵਰਤਣ ਦੀ ਪਿਰਤ ਕੋਈ 45 ਕੁ ਸਾਲ ਪੁਰਾਣੀ ਹੈ। ਉਦੋਂ ਅਕਾਲੀ ਦਲ ਵਿਚ ਸ਼ਕਤੀ ਦੇ ਤਿੰਨ ਕੇਂਦਰ ਹੋਇਆ ਕਰਦੇ ਸਨ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ ਅਤੇ ਮੁੱਖ ਮੰਤਰੀ। ਸ੍ਰ. ਬਾਦਲ ਮੁੱਖ ਮੰਤਰੀ ਦਾ ਅਹੁਦਾ ਆਪਣੇ ਲਈ ਰਾਖਵਾਂ ਸਮਝਦਾ ਸੀ ਪਰ ਦੂਸਰੇ ਸ਼ਕਤੀ ਕੇਂਦਰਾਂ ਵਾਲੇ ਵੀ ਵੱਡੀ ਕੁਰਸੀ ਦਾ ਆਨੰਦ ਮਾਨਣ ਦੇ ਚਾਹਵਾਨ ਸਨ। ਉਨ੍ਹਾਂ 1979 ਵਿਚ ਅਕਾਲ ਤਖਤ ਨੂੰ ਵਰਤ ਕੇ ਬਾਦਲ ਦੀ ਕੁਰਸੀ ਹਿਲਾਉਣ ਦੇ ਪੈਂਤੜਿਆਂ ਦੀ ਸੁLਰੂਆਤ ਕਰ ਦਿੱਤੀ। ਇਨ੍ਹਾਂ ਧਿਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਕ ਹੀ ਆਪਣੇ-ਆਪ ਨੂੰ ਸੀਮਤ ਨਾ ਰਖਿਆ, ਸਗੋਂ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਤਲਵੰਡੀ ਨੇ ਸ. ਬਾਦਲ ਵਿਰੁਧ ਸ਼ਿਕਾਇਤ ਪੱਤਰ ਦਾਖਲ ਕਰਨ ਦੇ ਨਾਲ ਨਾਲ ਉਨ੍ਹਾਂ ਵਿਰੁਧ ਪੰਜਾਬ ਦੇ ਗਵਰਨਰ ਨੂੰ ਵੀ ਮੈਮੋਰੰਡਮ ਜਾ ਦਿਤਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਦੇ ਸਭ ਹੱਦਾਂ-ਬੰਨ੍ਹੇ ਪਾਰ ਕਰ ਗਈ ਹੈ, ਇਸ ਨੂੰ ਖੜੇ ਪੈਰ ਭੰਗ ਕਰ ਦਿਤਾ ਜਾਵੇ-ਸਾਫ ਜ਼ਾਹਰ ਹੈ ਕਿ ਇਹ ਜਥੇਦਾਰ ਹਰ ਹੱਥਕੰਡਾ ਵਰਤ ਕੇ ਮੁਖ ਮੰਤਰੀ ਦੀ ਚੌਗੱਡੀ ਕਰਨ ‘ਤੇ ਤੁਲੇ ਹੋਏ ਸਨ। ਪੰਜਾਬ ਵਿਚ ਕੁਕੜ-ਖੋਹ ਦੀ ਰਾਜਨੀਤੀ ਦੀ ਸ਼ੁਰੂਆਤ ਉਨ੍ਹਾਂ ਨੇ ਕਰ ਦਿਤੀ ਸੀ ਅਤੇ ਇਸੇ ਆਤਮਘਾਤੀ ਅਕਾਲੀ ਰਾਜਨੀਤੀ ਦੇ ਸਿੱਟੇ ਵਜੋਂ ਸਾਲ 1980 ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਰਾਜਸੀ ਤਾਕਤ ਤੋਂ ਪਾਸੇ ਕਰ ਦਿਤਾ। ਲੋਕਾਂ ਨੇ ਸ. ਦਰਬਾਰਾ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਸੱਤਾ ਵਿਚ ਲੈ ਆਂਦਾ। ਅਕਾਲੀ ਬੁਰੀ ਤਰ੍ਹਾਂ ਬੇਚੈਨ ਹੋ ਗਏ। ਨਵੇਂ ਸਿਰਿਓਂ ਮੋਰਚੇ ਲਾਉਣ ਲਈ ਕਮਰਕੱਸੇ ਸ਼ੁਰੂ ਕਰ ਦਿਤੇ। ਪਿਛੋਂ ਜਿਸ ਕਿਸਮ ਦੇ ਦਰਦਨਾਕ ਸਾਕੇ ਵਾਪਰੇ, ਉਨ੍ਹਾਂ ਬਾਰੇ ਸਾਰੇ ਪੰਜਾਬੀ ਭਲੀ-ਭਾਂਤ ਜਾਣੂ ਹਨ ਤੇ ਉਨ੍ਹਾਂ ਦੀ ਤਫਸੀਲ ਵਿਚ ਜਾਣ ਦਾ ਸਾਡਾ ਕੋਈ ਇਰਾਦਾ ਵੀ ਨਹੀਂ ਹੈ।
’84 ਦੇ ਸਾਕੇ ਪਿਛੋਂ ਜਿਸ ਕਿਸਮ ਦੀ ਰਾਜਨੀਤੀ ਸ਼ੁਰੂ ਹੋਈ, ਉਸ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੀ ‘ਸਰਵਉਚਤਾ’ ਦਾ ਨਾਅਰਾ ਘੜਿਆ ਗਿਆ ਅਤੇ ਫਿਰ ਇਸ ਦੀ ਦੁਰਵਰਤੋਂ ਸ਼ੁਰੂ ਹੋਈ। ਪਹਿਲਾਂ ਖਾੜੂਕਆਂ ਨੇ ਸੰਤ ਭਿੰਡਰਾਂਵਾਲੇ ਦੇ ਨੇੜਲੇ ਸਲਾਹਕਾਰ, ਹੰਢੇ-ਵਰਤੇ, ਸੁਘੜ ਪਰੰਤੂ ਆਪਣੀ ਪੁਰਾਣੀ ਧਿਰ ਨਾਲ ਵਿਟਰੇ ਹੋਏ ਕਾਮਰੇਡ ਪੱਤਰਕਾਰ ਦਲਬੀਰ ਸਿੰਘ ਦੀਆਂ ਸੇਵਾਵਾਂ ਲੈ ਕੇ ਅਕਾਲੀਆਂ ਨੂੰ ਬਦੂ ਕਰਨ ਦੀ ਮੁਹਿੰਮ ਸ਼ੁਰੂ ਕਰ ਦਿਤੀ। ਉਸ ਤੋਂ ਪਿਛੋਂ ਜਿਵੇਂ ਮਨਮਾਨੇ ਤਰੀਕੇ ਨਾਲ ਸਿੰਘ ਸਾਹਿਬ ਤੇ ਸ਼੍ਰੋਮਣੀ ਕਮੇਟੀ ਜਿਹੀਆਂ ਸੰਸਥਾਵਾਂ ਦੀਆਂ ਧੱਜੀਆਂ ਉਡਾਉਣ ਦੀਆਂ ਕੋਸ਼ਿਸ਼ਾਂ ਹੋਈਆਂ, ਉਸ ਬਾਰੇ ਵੀ ਬਥੇਰੀਆਂ ਦੰਦ ਕਥਾਵਾਂ ਬਣ ਅਤੇ ਬਿਨਸ ਚੁਕੀਆਂ ਹਨ। ਗੁਰਬਾਣੀ ਦੇ ਸਿਰਮੌਰ ਕੀਰਤਨੀਏ ਪੋ੍ਰ. ਦਰਸ਼ਨ ਸਿੰਘ ਦੀ ਜਥੇਦਾਰੀ ਦੌਰਾਨ ਉਨ੍ਹਾਂ ਨਾਲ ਕਿਸ ਕਿਸਮ ਦੀ ਗੁਜ਼ਰੀ, ਉਸ ਦਾ ਵਿਸਤਾਰ ਵੀ ਸਾਡੇ ਇਸ ਲੇਖ ਦਾ ਹਿੱਸਾ ਨਹੀਂ ਹੈ।
ਸੰਨ ’84 ਤੋਂ ਪੂਰੇ ਦਸ ਸਾਲ ਪਿਛੋਂ ਜਥੇਦਾਰ ਟੌਹੜਾ ਅਤੇ ਕੁਝ ਸਿੱਖ ਚਿੰਤਕਾਂ ਨੂੰ ਸੋL੍ਰਮਣੀ ਅਕਾਲੀ ਦਲ ਦੀਆਂ ਸਫਾਂ ਵਿਚ ਮੁੜ ਨਵੀਂ ਰੂਹ ਫੂਕਣ ਜਾਂ ਕਹੋ ਕਿ ਖਾੜਕੂ ਲਹਿਰ ਦੇ ਬਿਖਰ ਜਾਣ ਤੋਂ ਬਾਅਦ ਮੁੜ ਤੇਜ਼ੀ ਨਾਲ ਅਗੇ ਵਧ ਰਹੇ ਸ. ਬਾਦਲ ਨੂੰ ਪੈਂਖੜ ਪਾਉੁਣ ਲਈ ਇਕ ਵਾਰ ਮੁੜ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਅਗੇ ਲਗਾਉਣ ਦਾ ਚੇਤਾ ਆਇਆ ਅਤੇ ਤਖਤ ਦਮਦਮਾ ਸਾਹਿਬ ਵਿਖੇ ਉਹ ਸ. ਬਾਦਲ ਨੂੰ ਘੇਰਾ ਪਾਉਣ ਵਿਚ ਸਫਲਤਾ ਦੇ ਨੇੜੇ ਵੀ ਪੁਜ ਗਏ। ਸ. ਬਾਦਲ ਨੇ ਵਕਤ ਵਿਚਾਰਦਿਆਂ ਉਦੋਂ ਤਕ ਪੋ੍ਰ. ਮਨਜੀਤ ਸਿੰਘ ਅਗੇ ਸੀਸ ਨਿਵਾ ਕੇ ਉਨ੍ਹਾਂ ਦੀ ਗੱਲ ਪ੍ਰਵਾਨ ਕਰ ਲਈ, ਪਰ ਦਿਲੋਂ ਉਸ ਨੇ ਹਾਰ ਨਾ ਮੰਨੀ, ਸਗੋਂ ਆਪਣੇ ਇਨ੍ਹਾਂ ਸੰਗੀਆਂ ਤੋਂ ਪੱਲਾ ਛੁਡਾ ਕੇ ਸਿੱਧਾ ਰੋਜ਼ਾਨਾ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੇ ਵਿਹੜੇ ਵਿਚ ਜਾ ਪਹੁੰਚੇ। ਬੜੀ ਹੈਰਾਨੀ ਦੀ ਗੱਲ ਹੈ ਕਿ ਸ. ਬਰਜਿੰਦਰ ਸਿੰਘ ਵਰਗਾ ਦਾਨਾ ਵਿਅਕਤੀ ਵੀ ਬਦਕਿਸਮਤੀ ਵਸ ਇਸ ‘ਲੂੰਬੜ ਰਾਜਨੀਤੀ’ ਦੀ ਲਪੇਟ ਵਿਚ ਨਾ ਕੇਵਲ ਅਵੇਸਲੇ ਹੀ ਖੁਦ ਫਸ ਗਿਆ ਬਲਕਿ ਉਹ ਸ. ਬਾਦਲ ਦੇ ਹੱਕ ਵਿਚ ਲੋਕ ਰਾਇ ਖੜ੍ਹੀ ਕਰਨ ਲਈ ਸਾਬਕਾ ਨਕਸਲੀ/ਸਿੱਖ ਚਿੰਤਕ ਅਜਮੇਰ ਸਿੰਘ ਦੀਆਂ ਵਿਸ਼ੇਸ਼ ਸੇਵਾਵਾਂ ਲੈਣ ਵਿਚ ਵੀ ਸਫਲ ਹੋ ਗਿਆ। ਅਜਮੇਰ ਸਿੰਘ ਨੇ ਜਥੇਦਾਰ ਟੌਹੜਾ ਵਾਲੀ ਧਿਰ ਨੂੰ ਬੇਅਸੂਲੀ ਰਾਜਨੀਤੀ ਲਈ ਦੋਸ਼ੀ ਕਰਾਰ ਦਿੰਦਿਆਂ ਲੇਖਾਂ ਦੀ ਲੜੀ ਲਾ ਦਿਤੀ। ਉਸ ਵਲੋਂ ਇਸ ਮੌਕੇ ਲਿਖੇ ਗਏ ਸਿਧਾਂਤਕ ਲੇਖਾਂ ਦਾ ਵੇਰਵਾ ਉਸ ਨੇ ਆਪਣੀ ਜੀਵਨ ਕਹਾਣੀ ‘ਖਾੜਕੂ ਲਹਿਰਾਂ ਦੇ ਅੰਗ-ਸੰਗ’ ਦੇ 42ਵੇਂ ਕਾਂਡ ਵਿਚ ਖੁਦ ਪੂਰੇ ਵਿਸਤਾਰ ਵਿਚ ਦਿਤਾ ਵੀ ਹੋਇਆ ਹੈ। ਉਸ ਮੌਕੇ ਜਥੇਦਾਰ ਟੌਹੜਾ ਦੀ ਬਾਦਲ ਵਿਰੋਧੀ ਮੁਹਿੰਮ ਦਾ ਮੋਹਰੀ ਰਿਹਾ ਫੈਡਰੇਸ਼ਨ ਆਗੂ ਸ. ਅਮਰੀਕ ਸਿੰਘ ਮੁਕਤਸਰ ਆਪਣੀ ਫੇਸਬੁਕ ਕੰਧ ‘ਤੇ ਪੋਸਟਾਂ ਪਾ-ਪਾ ਕੇ ਝੁਰੀ ਜਾਂਦਾ ਹੈ ਕਿ ਉਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਦੀ ਮਦਦ ਨਾਲ ਬਾਦਲ ਅਤੇ ਉਸਦੇ ਸਾਥੀ ‘ਜਗੀਰੂ ਲਾਣੇ’ ਨੂੰ ਸਿੱਖ ਕੌਮ ਦੇ ਗਲੋਂ ਲਾਹ ਹੀ ਦਿਤਾ ਸੀ ਪਰ ਇਨ੍ਹਾਂ ਰੱਬ ਦੇ ਬੰਦਿਆਂ ਨੇ ਸਿੱਖ ਪੰਥ ਨਾਲ ਪਤਾ ਨਹੀਂ ਕਿਹੜੇ ਜਨਮਾਂ ਦਾ ਧ੍ਰੋਹ ਕਮਾਉਂਦਿਆਂ ਕਾਮਯਾਬੀ ਦੇ ਸਿਖਰ ‘ਤੇ ਪਹੁੰਚੀ ਉਨ੍ਹਾਂ ਦੀ ਮੁਹਿੰਮ ਨੂੰ ਸਾਬੋਤਾਜ ਕਰ ਦਿਤਾ।
ਚੇਤੇ ਰਹੇ ਕਿ ਇਸ ਪਿਛੋਂ ਜਥੇਦਾਰ ਟੌਹੜਾ ਬਾਦਲ ਨੂੰ ਪਾਸੇ ਕਰਨ ਦੇ ਆਪਣੇ ਮਨਸੂਬਿਆਂ ਅਤੇ ਮਸ਼ਕਾਂ ਵਿਚ ਬੁਰੀ ਤਰ੍ਹਾਂ ਅਸਫਲ ਰਹਿਣ ਅਤੇ ਸਾਲ 1996 ਆਉਂਦਿਆਂ ਆਉਂਦਿਆਂ ਉਸਦੀ ਗੁਡੀ ਮੁੜ ਚੜ੍ਹਦਿਆਂ ਵਿੰਹਦੇ ਸਾਰ ਹੀ ਇਕ ਵਾਰ ਮੁੜ ਉਸੇ ਦੀ ਛਤਰੀ ਹੇਠਾਂ ਆ ਗਏ। ਉਸ ਤੋਂ ਪਿਛੋਂ ਅਗਲੇ ਦੋ-ਢਾਈ ਵਰਿ੍ਹਆਂ ਦੌਰਾਨ ਜਿਸ ਕਿਸਮ ਦੀਆਂ ਖੇਡਾਂ ਚਲੀਆਂ, ਉਨ੍ਹਾਂ ਦੇ ਵਿਸਤਾਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਜਥੇਦਾਰ ਟੌਹੜਾ ਅਤੇ ਸ. ਬਾਦਲ ਦੇ ਵਿਰੋਧ ਹੀ ਐਸੇ ਸਨ ਕਿ ਦੇਰ-ਸਵੇਰ ਕਿਸੇ ਨਾ ਕਿਸੇ ਆਨੇ-ਬਹਾਨੇ ਉਨ੍ਹਾਂ ਦੀ ਆਪਸ ਵਿਚ ਖੜਕਣੀ ਹੀ ਸੀ ਤੇ ਉਹ ਆਦਮਪੁਰ ਜ਼ਿਮਨੀ ਚੋਣ ਵਿਚ ਅਕਾਲੀ ਉਮੀਦਵਾਰ ਦੀ ਹਾਰ ਦੇ ਓਹਲੇ ਵਿਚ ਟੌਹੜਾ ਸਾਹਿਬ ਵਲੋਂ ਕੋਈ ਚੁਸਤ ਟਿਪਣੀ ਕਰਦਿਆਂ ਸਾਰ ਹੀ ਖੜਕ ਗਈ। ਜਥੇਦਾਰ ਟੌਹੜਾ ਦੇ ਸ਼ਾਇਦ ਇਹ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਉਨ੍ਹਾਂ ਵਲੋਂ ਅਜਿਹੇ ਨਾਜ਼ੁਕ ਮੌਕੇ `ਤੇ ਆਪਣੇ ਪੁਰਾਣੇ ਸਾਥੀ ਸ. ਬਾਦਲ ਨੂੰ ਚੂੰਡੀ ਵੱਢ ਕੇ ਜੋ ‘ਮਾਸੂਮ’ ਜਿਹੀ ਇੱਲਤ ਕੀਤੀ ਗਈ ਸੀ ਉਸ ਦੇ ਬਟਰਫਲਾਈ ਇਫੈਕਟ ਕਿਤਨੀ ਦੂਰ ਤੱਕ ਚਲੇ ਜਾਣੇ ਸਨ।
ਓਧਰੋਂ ਜਲਦੀ ਹੀ ਪਿਛੋਂ ਖਾਲਸਾ ਪੰਥ ਦਾ ਤਿੰਨ ਸੌ ਸਾਲਾ ਸਾਜਨਾ ਦਿਵਸ ਨੇੜੇ ਆ ਗਿਆ। ਆਪਸੀ ਵਾਦ-ਵਿਵਾਦ ਦਿਨੋਂ-ਦਿਨ ਮੁੜ ਸ਼ੁਰੂ ਹੋ ਗਏ। ਤਖਤਾਂ ਦੇ ਜਥੇਦਾਰਾਂ ਨੂੰ ਵੀ ਵਿਚੇ ਲਪੇਟ ਲਿਆ ਗਿਆ। ਕੁਝ ਸਮਾਂ ਪਹਿਲਾਂ ਜੇਲ੍ਹ ‘ਚੋਂ ਬਾਹਰ ਆਏ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਭਾਈ ਰਣਜੀਤ ਸਿੰਘ ਆਪਣੇ ਸਾਥੀ ਜਥੇਦਾਰਾਂ ਪੋ੍ਰ. ਮਨਜੀਤ ਸਿੰਘ ਤੇ ਜਥੇਦਾਰ ਕੇਵਲ ਸਿੰਘ ਨੂੰ ਖਰੀਆਂ-ਖੋਟੀਆਂ ਸੁਣਾ ਕੇ ਸ. ਟੌਹੜਾ ਦੇ ਹੱਕ ਵਿਚ ਖੜ੍ਹੇ ਹੋ ਗਏ। ਪੋ੍ਰ. ਮਨਜੀਤ ਸਿੰਘ ਤੇ ਜਥੇਦਾਰ ਕੇਵਲ ਸਿੰਘ ਨੇ ਸ. ਬਾਦਲ ਦਾ ਪੱਖ ਲੈਣਾ ਸ਼ੁਰੂ ਕਰ ਦਿਤਾ।
ਜਥੇਦਾਰ ਰਣਜੀਤ ਸਿੰਘ ਨੇ ਸਾਜਨਾ ਦਿਵਸ ਮਨਾਉਣ ਤਕ ਦੋਹਾਂ ਧਿਰਾਂ ਨੂੰ ਇਕ ਦੂਸਰੇ ਵਿਰੁਧ ‘ਚਾਂਦਮਾਰੀ’ ਕਰਨ ਤੋਂ ਰੋਕਣ ਲਈ ਆਦੇਸ਼ ਜਾਰੀ ਕੀਤੇ, ਪਰ ਗੱਲ ਕਿਸੇ ਸਿਰ-ਪੱਤਣ ਲਗ ਨਾ ਸਕੀ। ਨਤੀਜਨ ਦੋ ਅਕਾਲੀ ਦਲ ਹੋਂਦ ਵਿਚ ਆ ਗਏ। ਸੁਖਬੀਰ ਸਿੰਘ ਬਾਦਲ ਵਿਰੁਧ ਬਾਗੀਆਂ ਦੀ ਅਜੋਕੀ ਮੁਹਿੰਮ ਦਾ ਝੰਡਾਬਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਉਦੋਂ ਜਥੇਦਾਰ ਟੌਹੜਾ ਦਾ ਸਭ ਤੋਂ ਉਚਦੁਮਾਲੜਾ ਸਾਥੀ ਬਣ ਉਭਰ ਕੇ ਸਾਹਮਣੇ ਆਇਆ। ਜਥੇਦਾਰ ਟੌਹੜਾ ਨਾਲ ਆਪਣੀ ਇਸੇ ਨੇੜਤਾ ਦਾ ਮੁੱਲ ਵਸੂਲ ਕਰਦਿਆਂ ਉਸਨੇ ਪਟਿਆਲਾ ਲੋਕ ਪਾਰਲੀਮਾਨੀ ਸੀਟ ਤੋਂ ਆਪਣੀ ਚੋਣ ਦੌਰਾਨ ਵੋਟਾਂ ਦੇ ਲਾਲਚ ਵਿਚ ਜਥੇਦਾਰ ਨੂੰ ਪਟਿਆਲਾ ਵਿਖੇ ਨਿਰੰਕਾਰੀ ਦਰਬਾਰ ਵਿਚ ਭੇਜਣ ਦਾ ਪੰਗਾ ਲੈ ਲਿਆ। ਗੱਲ ਬਾਹਰ ਨਿਕਲਣ ਕਰਕੇ ਲਾ-ਲਾ ਹੋ ਗਈ। ਵਿਰੋਧੀ ਧਿਰ ਵਾਲੇ ਮਸਲਾ ਅਕਾਲ ਤਖਤ ‘ਤੇ ਲੈ ਗਏ ਅਤੇ ਜਥੇਦਾਰ ਟੌਹੜਾ ਦੇ ਹੱਕ ਵਿਚ ਖੜ੍ਹੇ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਪਣੇ ਸਾਥੀ ਜਥੇਦਾਰਾਂ ਪੋ੍ਰ. ਮਨਜੀਤ ਸਿੰਘ ਤੇ ਭਾਈ ਕੇਵਲ ਸਿੰਘ ਦੇ ਇਤਰਾਜ਼ਾਂ ਨੂੰ ਨਜ਼ਰ-ਅੰਦਾਜ਼ ਕਰਦਿਆਂ ਜਥੇਦਾਰ ਟੌਹੜਾ ਨੂੰ ਸਾਫ ਬਰੀ ਕਰਨ ਦਾ ਫੈਸਲਾ ਕਰ ਦਿਤਾ। ਸ਼ਾਇਦ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਤਾਕਤ ਦਾ ਅਜਿਹੇ ਮਨਮਾਨੇ ਤਰੀਕੇ ਨਾਲ ਦੁਰਵਰਤੋਂ ਕਰਨ ਦਾ ਇਹ ਉਦੋਂ ਤਕ ਦਾ ਸਭ ਤੋਂ ਵਡਾ ਸਕੈਂਡਲ ਸੀ। ਅਕਾਲੀ ਰਾਜਨੀਤੀ ਅੰਦਰ ਇਸ ਨਾਮੁਰਾਦ ਰਸਾਕਸ਼ੀ ਦਾ ਸਿਖਰ ਉਦੋਂ ਆਇਆ, ਜਦੋਂ ਜਥੇਦਾਰ ਰਣਜੀਤ ਸਿੰਘ ਲਗਦੇ ਹੱਥ ਸ. ਬਰਜਿੰਦਰ ਸਿੰਘ ਹਮਦਰਦ ਨੂੰ ਵੀ ਅਕਾਲ ਤਖਤ ‘ਤੇ ਬੁਲਾ ਕੇ ਸਬਕ ਸਿਖਾਉਣ ਵਲ ਹੋ ਤੁਰਿਆ। ਇਸ ਸਥਿਤੀ ਵਿਚ ਸ. ਬਾਦਲ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਅੱਖਾਂ ਅੱਗੇ ਭੰਬੂਤਾਰੇ ਨੱਚਣ ਲਗ ਪਏ। ਸਾਰੀ ਉਮਰ ਆਪਣੇ ਠੰਡੇ/ਸੀਤਲ ਸੁਭਾਅ ਲਈ ਜਾਣੇ ਜਾਂਦੇ ਸ. ਬਾਦਲ ਨੂੰ ਖੜ੍ਹੇ ਪੈਰੀਂ ਜਥੇਦਾਰ ਦੇ ਵਾਰ ਨੂੰ ਰੋਕਣ ਲਈ ਐਮਰਜੈਂਸੀ ਫੈਸਲਾ ਲੈਣ ਲਈ ਮਜਬੂਰ ਹੋਣਾ ਪੈ ਗਿਆ। ਕੀ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਆਪਣੇ ਸਾਥੀਆਂ ਨੂੰ ਅਗੇ ਲਗਾ ਕੇ ਅੱਕੀਂ-ਪਲਾਹੀਂ ਹੱਥ ਮਾਰਦਿਆਂ ਉਸ ਨੇ ਰਣਜੀਤ ਸਿੰਘ ਦੀ ਥਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੋਹਨ ਸਿੰਘ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰਵਾਇਆ, ਪਰ ਉਹ ਦੂਸਰੀ ਧਿਰ ਤੋਂ ਡਰਦੇ ਇਹ ਜ਼ਿੰਮੇਵਾਰੀ ਲੈਣ ਤੋਂ ਇਨਕਾਰੀ ਹੋ ਗਏ। ਇਸ ‘ਤੇ ਕਾਹਲੀ-ਕਾਹਲੀ ਗਿਆਨੀ ਪੂਰਨ ਸਿੰਘ ਨੂੰ ਐਕਟਿੰਗ ਜਥੇਦਾਰ ਲਗਾ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਗਈ। ਜਥੇਦਾਰ ਪੂਰਨ ਸਿੰਘ ਨੇ ਪਿਛੋਂ ਜਿਸ ਕਿਸਮ ਦੇ ਚੰਦ ਚਾੜ੍ਹੇ, ਉਸ ਤੋਂ ਸਿੱਖ ਸੰਗਤਾਂ ਭਲੀ-ਭਾਂਤ ਜਾਣੂ ਹਨ। ਉਸ ਦਾ ਚਰਚਾ ਇਸ ਲੇਖ ਦਾ ਵਿਸ਼ਾ ਵੀ ਨਹੀਂ ਹੈ। ਇਸ ਪ੍ਰਕਾਰ ਉਨ੍ਹਾਂ ਸਮਿਆਂ ਦੌਰਾਨ ਅਕਾਲੀ ਸਿਆਸਤ ਦੀ ਇਹ ਸੀ ਸੰਖੇਪ ਜਿਹੀ ਪਿਛੋਕੜ, ਜਿਸ ਵਿਚ ਸ. ਬਾਦਲ ਨੂੰ ਆਉਣ ਵਾਲੇ ਸਾਲਾਂ ਦੌਰਾਨ ਐਸ.ਜੀ.ਪੀ.ਸੀ. ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਆਸਤ ਨੂੰ ਕੰਟਰੋਲ ਕਰਨ ਲਈ ਮਜਬੂਰ ਹੋਣਾ ਪਿਆ। ਨਤੀਜੇ ਵਜੋਂ ਅਕਾਲੀ ਸਿਆਸਤ ਉਨ੍ਹਾਂ ਦੇ ਹੱਥਾਂ ਵਿਚ ਕੇਂਦਰਿਤ ਹੋ ਗਈ। ਪਰੰਤੂ ਪੁਰਾਣੇ ਸਮਿਆਂ ਦੇ ਵਿਦਵਾਨ ਅਫਲਾਤੂਨ ਨੇ ਠੀਕ ਹੀ ਕਿਹਾ ਸੀ ਕਿ ਤਾਕਤ ਬੁਧੀ ਭ੍ਰਿਸ਼ਟ ਕਰ ਦੇਂਦੀ ਹੈ ਅਤੇ ਨਿਰੰਕੁਸ਼ ਤਾਕਤ ਪੂਰੀ ਤਰ੍ਹਾਂ ਹੀ ਬੁਧੀ ਨੂੰ ਭ੍ਰਿਸ਼ਟ ਕਰ ਦੇਂਦੀ ਹੈ। ਕਹਿਣ ਦਾ ਮਤਲਬ ਹੈ ਕਿ ਸ. ਬਾਦਲ ਅਤੇ ਉਸਦੇ ਜਾਨਸ਼ੀਨਾਂ ਵਲੋਂ ਅੰਨੀ ਤਾਕਤ ਦੇ ਲੋਰ ਵਿਚ ਜਾਣੇ-ਅਣਜਾਣੇ ਕੁਝ ਬੱਜਰ ਕੁਤਾਹੀਆਂ ਹੋਈਆਂ, ਜਿਨ੍ਹਾਂ ਦਾ ਸ਼ਿਲਾ ਹੁਣ ਉਹ ਭੋਗ ਰਹੇ ਹਨ।
ਅਕਾਲ ਤਖਤ ਦੀ ਅਜਿਹੀ ਬੇਦਰੇਗ ਦੁਰਵਰਤੋਂ ਕਾਰਨ ਬਦਨਾਮੀ ਹੋ ਗਈ ਜਿਸ ਕਾਰਨ ਹੁਣ ਅਕਾਲ ਤਖਤ ਦੀ ਅਥਾਰਟੀ ਇਕ ਹਿਸਾਬ ਨਾਲ ਖੀਣ ਹੋ ਗਈ। “ਕਬੀਰ ਜੋ ਹਮ ਜੰਤੁ ਬਜਾਵਤੇ, ਟੂਟਿ ਗਈਂ ਸਭ ਤਾਰ। ਜੰਤੁ ਬਿਚਾਰਾ ਕਿਆ ਕਰੇ, ਚਲੇ ਬਜਾਵਨਹਾਰ।” ਲੋਕਾਂ ਵੱਲੋਂ ਖੁਨਾਮੀਆਂ ਦੀ ਦਿੱਤੀ ਸਿਆਸੀ ਸਜ਼ਾ ਕਾਰਨ ਬਾਦਲਕਿਆਂ ਦਾ ਰਾਜਸੀ ਸ਼ਕਤੀ ਦਾ ਬੋਹੜ ਵੀ ਸੁੱਕ ਗਿਆ। ਹੁਣ ਨਾ ਤਾਂ ਇਸ ਬੋਹੜ ਥੱਲੇ ਕੋਈ ਨਵਾਂ ਬੋਹੜ ਲੱਗ ਸਕਦਾ ਹੈ ਅਤੇ ਨਾ ਅਕਾਲ ਤਖਤ ਦੇ ਜਥੇਦਾਰ ਦੀ ਮਾਫੀ ਦਾ ਪਾਣੀ ਪਾਉਣ ਨਾਲ ਨਵੀਆਂ ਕਰੂੰਬਲਾਂ ਫੁੱਟ ਸਕਦੀਆਂ ਹਨ।
ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ, ਜੋ ਸੱਤਾ ਦੀ ਔੜ ਕਾਰਨ ਪਰੇਸ਼ਾਨ ਹੈ ਅਤੇ ਮੁੜ ਸੱਤਾ ਪ੍ਰਾਪਤੀ ਲਈ ਖੇਖਣ ਕਰ ਰਹੀ ਹੈ, ਨੇ ਅਕਾਲ ਤਖਤ ਨੂੰ ਮੁੜ ਆਪਣੇ ਸਿਆਸੀ ਝਮੇਲੇ ਦਾ ਆਖਾੜਾ ਬਣਾ ਲਿਆ ਹੈ। ਸੱਚ ਇਹ ਹੈ ਕਿ ਪਿਛਲੇ 45 ਸਾਲਾਂ ਵਿਚ ਇਸ ਤਖਤ ਨੇ ਕੋਈ ਵੀ ਧਾਰਮਿਕ ਜਾਂ ਰਾਜਨੀਤਕ ਮਾਮਲਾ ਹੱਲ ਨਹੀਂ ਕੀਤਾ। ਰਾਜਨੀਤੀ ਵਿਚ ਅਕਾਲ ਤਖਤ ਦੇ ਦਖਲ ਨੇ ਇਸ ਸੰਸਥਾ ਦਾ ਵੱਕਾਰ ਮਿੱਟੀ ਵਿਚ ਮਿਲਾ ਦਿੱਤਾ ਹੈ। ਰਾਜਨੀਤਕ ਸੇਧ ਦੇ ਮਾਮਲੇ ਵਿਚ ਅਕਾਲ ਤਖਤ ਦਾ ਰੋਲ ਗੁਮਰਾਹਕੁਨ ਹੈ। ਮੇਰੀ ਸਮਝ ਅਨੁਸਾਰ ਅਕਾਲ ਤਖਤ ਦੇ ਜਥੇਦਾਰ ਵੱਲੋਂ ਅਕਾਲੀ ਸਿਆਸਤ ਦੇ ਬਿਖੇੜੇ ਸੁਲਝਾਉਣ ਦੀ ਪਾਈ ਪਿਰਤ ਹੀ ਬੇਅਸੂਲੀ ਹੈ। ਪਿਛਲੇ 46 ਸਾਲ ਦਾ ਘਟਨਾਕ੍ਰਮ ਇਹ ਦੱਸਦਾ ਹੈ ਜਦ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਝਮੇਲੇ ਵਿਚ ਸ਼ਾਮਿਲ ਕੀਤਾ ਗਿਆ, ਹਰ ਵਾਰ ਅਕਾਲ ਤਖਤ ਦੇ ਜਥੇਦਾਰ ਦੀ ਪਦਵੀ ਦਾ ਸਤਿਕਾਰ ਘਟਿਆ ਅਤੇ ਅਕਾਲ ਤਖਤ ਦੀ ਸੰਸਥਾ ਨੂੰ ਠੇਸ ਪੁੱਜੀ। ਐਸ ਵਕਤ ਜਥੇਦਾਰ ਦੀ ਪਦਵੀ ਦੇ ਵੱਕਾਰ ਅਤੇ ਸਤਿਕਾਰ ਦਾ ਗਰਾਫ ਸਭ ਸਮਿਆਂ ਨਾਲੋਂ ਹੇਠਾਂ ਹੈ। ਸਿੰਘ ਸਾਹਿਬਾਨ ਦੇ ਆਪਣੇ ਪੈਰ ਨਹੀਂ ਹਨ, ਨਿੱਜੀ ਯੋਗਤਾ ਅਤੇ ਲਿਆਕਤ ਦਾ ਵੀ ਕੋਈ ਵਿਲੱਖਣ ਪ੍ਰਗਟਾਵਾ ਨਹੀਂ ਹੈ। ਜਿੰਨਾ ਕੁੱਝ ਉਲਝ ਗਿਆ ਹੈ, ਉਸਨੂੰ ਸੁਲਝਾਉਣ ਲਈ ਜਿਸ ਯੋਗਤਾ, ਹੌਸਲੇ ਅਤੇ ਅਸੂਲਪ੍ਰਸਤੀ ਦੀ ਲੋੜ ਹੈ, ਉਹ ਨਜ਼ਰ ਨਹੀਂ ਆਉਂਦੀ। ਕੁਤਾਹੀਆਂ ਕੇਵਲ ਧਾਰਮਿਕ ਨਹੀਂ ਹਨ, ਸਿਆਸੀ ਅਤੇ ਕਾਨੂੰਨੀ ਵੀ ਹਨ। ਸਿੰਘ ਸਾਹਿਬ ਵੱਲੋਂ ਧਾਰਮਿਕ ਸਜ਼ਾ ਤਾਂ ਲੱਗ ਜਾਏਗੀ। ਪਰ ਸਿਆਸੀ ਅਤੇ ਕਾਨੂੰਨੀ ਉਕਾਈਆਂ ਦਾ ਸਿੰਘ ਸਾਹਿਬ ਕੀ ਕਰਨਗੇ? ਮੈਨੂੰ ਖਦਸ਼ਾ ਹੈ ਕਿ ਇਸ ਐਪੀਸੋਡ ਦੀਆਂ ‘ਵਿਹਾਰ ਚਤੁਰਾਈਆਂ’ ਕਾਰਨ’ ਜਥੇਦਾਰ ਦੀ ਪਦਵੀ ਦੀ ਰਹਿੰਦੀ ਮਿੱਟੀ ਵੀ ਪਲੀਤ ਨਾ ਹੋ ਜਾਵੇ ਅਤੇ ਅਕਾਲ ਤਖਤ ਦੀ ਸੰਸਥਾ ਨੂੰ ਹੋਰ ਖੋਰਾ ਲੱਗੇਗਾ।
ਹੁਣ ਸੱਤਾ ਤੋਂ ਬਾਹਰ ਹੋਏ ਅਕਾਲੀ ਸੋਚ ਰਹੇ ਹਨ ਕਿ ਸੁਖਬੀਰ ਬਾਦਲ ਦਾ ਚਿਹਰਾ ਬਦਲੇ ਬਗੈਰ ਅਕਾਲੀ ਦਲ ਬਚ ਨਹੀਂ ਸਕੇਗਾ। ਸੁਖਬੀਰ ਬਾਦਲ ਸੋਚ ਰਿਹਾ ਹੈ ਕਿ ਪ੍ਰਧਾਨਗੀ ਛੱਡ ਕੇ ਬਚਾਏ ਅਕਾਲੀ ਦਲ ਦਾ ਉਸਨੂੰ ਕੀ ਲਾਭ। ਜਦ ਸੁਖਬੀਰ ਨੇ ਕਿਸੇ ਦੀ ਨਹੀਂ ਸੁਣੀ ਤਾਂ ਇਹ ਗਰੁੱਪ ਸੁਖਬੀਰ ਬਾਦਲ ਖਿਲਾਫ ਸ਼ਿਕਾਇਤ ਲੈ ਕੇ ਅਕਾਲ ਤਖਤ ‘ਤੇ ਪੇਸ਼ ਹੋ ਗਿਆ ਅਤੇ ਅਕਾਲ ਤਖਤ ਦੇ ਜਥੇਦਾਰ ਨੇ ਸਪੱਸ਼ਟੀਕਰਨ ਵਾਸਤੇ ਸੁਖਬੀਰ ਬਾਦਲ ਨੂੰ ਸੱਦ ਲਿਆ ਹੈ। ਜਿਸ ਮਸਲੇ ਨੂੰ ਧਾਰਮਿਕ ਚਾਦਰ ਵਿਚ ਲਪੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਅਸਲ ਵਿਚ ਜਥੇਬੰਦਕ ਢਾਂਚੇ ਨੂੰ ਦਰੁਸਤ ਕਰਨ ਅਤੇ ਨਵੇਂ ਸਿਆਸੀ ਪ੍ਰੋਗਰਾਮ ਉਲੀਕਣ ਦਾ ਹੈ ਨਾ ਕਿ ਧਾਰਮਿਕ। ਜਦ ਇਹ ਮਾਮਲਾ ਅਕਾਲ ਤਖਤ `ਤੇ ਚਲਾ ਹੀ ਗਿਆ ਹੈ ਤਾਂ ਹਰ ਕਿਸੇ ਦੇ ਮਨ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਹੁਣ ਕੀ ਕਰਨ? ਪਹਿਲੀ ਗੱਲ ਅਕਾਲ ਤਖਤ ਦੇ ਜਥੇਦਾਰ ਨੂੰ ਧਾਰਮਿਕ ਦਾਇਰੇ ਤੱਕ ਸੀਮਤ ਰਹਿਣਾ ਚਾਹੀਦਾ ਹੈ। ਸਿਆਸੀ ਅਤੇ ਕਾਨੂੰਨੀ ਦਾਇਰੇ ਦੇ ਮਾਮਲਿਆਂ ਵਿਚ ਉਲਝਣਾ ਨਹੀਂ ਚਾਹੀਦਾ। ਦੂਸਰਾ, ਕਿਸੇ ਨੂੰ ਵੀ ਤਲਬ ਕਰਨ ਵਾਲੀ ਪਿਰਤ ਦੀ ਥਾਂ ਸਵੈਇੱਛਾ ਨਾਲ ਨਿੱਜੀ ਤੌਰ ‘ਤੇ ਇਕੱਲਿਆਂ ਪੇਸ਼ ਹੋਣ ਦੀ ਰਵਾਇਤ ਮੁੜ ਸੁਰਜੀਤ ਕਰਨੀ ਚਾਹੀਦੀ ਹੈ। ਪੇਸ਼ ਹੋਣ ਵਾਲਾ ਆਪਣੀ ਭੁੱਲ ਆਪ ਹੀ ਲਿਖਤੀ ਤੌਰ ‘ਤੇ ਮੰਨੇ ਅਤੇ ਮੁਆਫੀ ਲਈ ਬੇਨਤੀ ਕਰੇ। ਇਹ ਸਮੂਹਿਕ ਜਾਂ ਜਥੇ ਦੇ ਰੂਪ ਵਿਚ ਨਹੀਂ ਹੋਣਾ ਚਾਹੀਦਾ, ਨਿੱਜੀ ਹੋਵੇ। ਕਿਸੇ ਸ਼ਿਕਾਇਤ ਬਾਰੇ ਸੁਣਵਾਈ ਕਰਨ ਅਤੇ ਸੁਣਵਾਈ ਤੋਂ ਬਾਅਦ ਅਦਾਲਤ ਵਾਂਗ ਫੈਸਲੇ ਕਰਨ ਦੀ ਰੀਤ ਖਤਮ ਕਰ ਦਿੱਤੀ ਜਾਵੇ। ਅਕਾਲ ਤਖਤ ਨੂੰ ਅਦਾਲਤ ਵਾਂਗ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਾਲੀ ਸੰਸਥਾ ਨਾ ਬਣਾਇਆ ਜਾਵੇ। ਮੌਜੂਦਾ ਹਾਲਾਤ ਵਿਚ ਸ਼ਿਕਾਇਤ ਕਰਨ ਵਾਲੇ ਅਕਾਲੀ ਆਗੂਆਂ ਨੂੰ ਉਨ੍ਹਾਂ ਦੇ ਨਿਭਾਏ ਰੋਲ ਦੀ ਸਵੈਇੱਛਾ ਨਾਲ ਲਿਖਤੀ ਗਲਤੀ ਮੰਨਣ ਅਤੇ ਮਾਫੀ ਮੰਗਣ ਲਈ ਕਹਿ ਕੇ ਫਾਰਗ ਕਰ ਦਿੱਤਾ ਜਾਵੇ। ਜਿਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ, ਉਹ ਸਪੱਸ਼ਟੀਕਰਨ ਜਨਤਕ ਕਰ ਦਿੱਤਾ ਜਾਏ। ਸਪੱਸ਼ਟੀਕਰਨ ਦੇਣ ਵਾਲਾ ਜੇ ਆਪਣੀ ਗਲਤੀ ਮੰਨਦਾ ਹੈ ਤਾਂ ਮਾਫੀ ਲਈ ਅਗ਼ਲੀ ਕਾਰਵਾਈ ਕੀਤੀ ਜਾਏ, ਨਹੀਂ ਤਾਂ ਫੈਸਲਾ ਲੋਕਾਂ ‘ਤੇ ਛੱਡ ਦਿੱਤਾ ਜਾਏ। ਕਾਨੂੰਨੀ ਗਲਤੀ ਦੀ ਸਜ਼ਾ ਅਦਾਲਤ ਅਤੇ ਸਿਆਸੀ ਸਜ਼ਾ ਲੋਕ ਹੀ ਦੇ ਸਕਦੇ ਹਨ। ਧਾਰਮਿਕ ਸਜ਼ਾ ਸਵੈ ਇੱਛਾ ਤੱਕ ਸੀਮਿਤ ਰੱਖੀ ਜਾਵੇ। ਪਿਛਲੇ ਸਮੇਂ ਵਿਚ ਅਕਾਲ ਤਖਤ ਤੋਂ ਕੀਤੇ ਫੈਸਲਿਆਂ ‘ਤੇ ਮੁੜ ਵਿਚਾਰ ਕੀਤਾ ਜਾਏ। ਪੰਥ ਵਿਚੋਂ ਖਾਰਿਜ ਕੀਤੇ ਵਿਅਕਤੀਆਂ ਨਾਲ ਸੰਬੰਧਿਤ ਸਾਰੇ ਹੀ ਫੈਸਲੇ ਵਾਪਸ ਲੈ ਲਏ ਜਾਣ। ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਮਾਮਲੇ ਅਕਾਲੀ ਦਲ ਨੂੰ ਆਪ ਨਿਬੇੜਨ ਲਈ ਕਿਹਾ ਜਾਏ।
ਹੁਣ ਕੋਈ ਕਹਿ ਸਕਦਾ ਹੈ ਕਿ ਜੇ ਅਕਾਲ ਤਖਤ ‘ਤੇ ਕੋਈ ਸ਼ਿਕਾਇਤ ਹੀ ਨਹੀਂ ਲਿਜਾਣੀ, ਧਾਰਮਿਕ ਭੁੱਲ ਦੀ ਮਾਫੀ ਕਿਸੇ ਗੁਰਦੁਆਰੇ ਜਾ ਕੇ ਹੀ ਮੰਗ ਲੈਣੀ ਹੈ, ਸਿਆਸੀ ਅਤੇ ਕਾਨੂੰਨੀ ਮਸਲੇ ਅਕਾਲ ਤਖਤ ਤੋਂ ਪਰ੍ਹੇ ਹੀ ਰੱਖਣੇ ਹਨ ਤਾਂ ਅਕਾਲ ਤਖਤ ਦੇ ਜਥੇਦਾਰ ਤੋਂ ਕੀ ਕਰਾਉਣਾ ਹੈ? ਅਸਲ ਵਿਚ ਅਕਾਲ ਤਖਤ ਦੇ ਜਥੇਦਾਰ ਦੀ ਨਿੱਜੀ ਅਤੇ ਸੌੜੇ ਹਿਤਾਂ ਲਈ ਵਰਤੋਂ ਕਰਨ ਦੀ ਪਿਰਤ ਤੋੜਨ ਤੋਂ ਬਾਅਦ ਹੀ ਸਪੱਸ਼ਟ ਹੋਏਗਾ ਕਿ ਅਕਾਲ ਤਖਤ ਦੇ ਜਥੇਦਾਰ ਲਈ ਕਰਨਯੋਗ ਸਾਰਥਕ ਕੰਮ ਵੀ ਬੜੇ ਹਨ।
ਅਕਾਲ ਤਖਤ ‘ਤੇ ਪੈਦਾ ਹੋਏ ਮੌਜੂਦਾ ਹਾਲਾਤ ਕਾਰਨ ਸਿੱਖ ਵਿਦਵਾਨ ਅਤੇ ਬੁੱਧੀਜੀਵੀ ਬਹੁਤ ਸਾਰੇ ਪੱਖਾਂ ‘ਤੇ ਵਿਚਾਰ ਕਰ ਰਹੇ ਹਨ। ਬਹੁਤ ਸਾਰੇ ਲੋਕ ਇਸ ਵਿਚਾਰ ਦੇ ਹਨ ਕਿ ਹੁਣ ਰਵਾਇਤੀ ਅਕਾਲੀ ਦਲ ਅਤੇ ਅਕਾਲ ਤਖਤ ਦੀ ਆਜ਼ਾਦ ਹਸਤੀ ਦੀ ਮੁੜ ਬਹਾਲੀ ਦੀ ਲੋੜ ਹੈ। ਜੇ ਅਕਾਲ ਤਖਤ ਦਾ ਜਥੇਦਾਰ ਮਿਸਾਲੀ ਹੌਸਲੇ ਨਾਲ ਇਤਹਾਸਕ ਫੈਸਲਾ ਕਰਨ ਦੀ ਜੁਅਰਤ ਦਿਖਾ ਜਾਏ ਤਾਂ ਐਸਾ ਹੋ ਵੀ ਸਕਦਾ ਹੈ। ਹੁਣ ਅਕਾਲੀ ਦਲ ਦੇ ਸਾਰੇ ਆਗੂ ਅਕਾਲ ਤਖਤ ਅੱਗੇ ਝੁਕੇ ਹੋਏ ਹਨ, ਰਾਜਸੀ ਤਾਕਤ ਤੋਂ ਬਾਹਰ ਹਨ, ਸ਼ਕਤੀਸ਼ਾਲੀ ਨਹੀਂ ਹਨ, ਬਦਨਾਮ ਹਨ ਅਤੇ ਹੋਰ ਬਦਨਾਮੀ ਤੋਂ ਡਰਦੇ ਹਨ। ਸਿੰਘ ਸਾਹਿਬ ਨਵੇਂ ਅਕਾਲੀ ਦਲ ਦਾ ਰਾਹ ਪੱਧਰਾ ਕਰਨ ਲਈ ਅਕਾਲੀ ਦਲ ਦੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਕਾਲ ਤਖਤ ‘ਤੇ ਸੱਦ ਕੇ ਅਗਲੇ ਕੁਝ ਸਮੇਂ ਲਈ ਕੋਈ ਵੀ ਅਹੁਦਾ ਨਾ ਲੈਣ ਦਾ ਹੁਕਮਨਾਮਾ ਸੁਣਾ ਦੇਣ। ਇਸ ਵਿਚ ਮੌਜੂਦਾ ਵਿਧਾਇਕਾਂ, ਸੰਸਦਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਹੁਦੇ ਦੀ ਮਿਆਦ ਤੱਕ ਕੰਮ ਕਰਦੇ ਰਹਿਣ ਦੀ ਛੋਟ ਦਿੱਤੀ ਜਾਏ। ਇਨ੍ਹਾਂ ‘ਤੇ ਮਿਥਿਆ ਸਮਾਂ ਅਹੁਦਾ ਨਾ ਲੈਣ ਵਾਲੀ ਸ਼ਰਤ ਅਹੁਦੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਲਾਗੂ ਹੋਏ। ਇਸ ਤੋਂ ਸਭ ਦੇ ਅਕਾਲ ਤਖਤ ਪ੍ਰਤੀ ਸਮਰਪਣ ਦਾ ਵੀ ਪਤਾ ਲੱਗ ਜਾਏਗਾ ਅਤੇ ਲੋਕਤੰਤਰੀ ਲੀਹਾਂ ‘ਤੇ ਨਵੇਂ ਜੋਸ਼ ਵਾਲਾ ਨਵਾਂ ਅਕਾਲੀ ਦਲ ਸਿਰਜਣ ਦਾ ਰਾਹ ਵੀ ਪੱਧਰਾ ਹੋ ਜਾਏਗਾ। ਜੇ ਐਸਾ ਹੋ ਜਾਂਦਾ ਹੈ ਤਾਂ ਅਕਾਲ ਤਖਤ ਦੀ ਸਰਵਉੱਚ ਹਸਤੀ ਸੱਚ-ਮੁੱਚ ਹੀ ਉਜਾਗਰ ਹੋ ਜਾਵੇਗੀ, ਪੰਥ ਵਿਚ ਨਵੀਂ ਹਵਾ ਰੁਮਕਣੀ ਸੁLਰੂ ਹੋ ਜਾਏਗੀ, ਖੜੋਤ ਟੁੱਟ ਜਾਏਗੀ ਅਤੇ ਸਾਰੇ ਸੰਸਾਰ ਵਿਚ ਜਥੇਦਾਰ ਦੀ ਮਹਿਮਾ ਅਪਰ-ਅਪਾਰ ਹੋ ਜਾਵੇਗੀ ਅਤੇ ਚਹੁੰ ਕੂਟਾਂ ਅੰਦਰ ਇਸ ਦੀ ਮਹਿਮਾ ਦਾ ਡੰਕਾ ਵਜ ਜਾਵੇਗਾ। ਪਰ ਕੀ ਐਸਾ ਕ੍ਰਿਸ਼ਮਾ ਹੋ ਸਕੇਗਾ?…ਸੱਚ ਕਹੀਏ ਤਾਂ ਇਸ ਸਮੇਂ ਅਕਾਲੀ ਦਲ ਦਾ ਬੇੜਾ ਬੰਧਨ ਲਈ ਸੁਣੀ ਦਾ ਹੈ ਕਿ ਸੁLਧ ਹਿਰਦੇ ਵਾਲੇ ਭਾਈ ਅਮਰੀਕ ਸਿੰਘ ਮੁਕਤਸਰ ਵਰਗੇ ਬੇਗਰਜ਼ ਨਵੇਂ ਨੌਜਵਾਨ ਆਗੂਆਂ ਦੀ ਟੀਮ ਦੀ ਲੋੜ ਹੈ। ਸੁਖਬੀਰ ਸਿੰਘ ਬਾਦਲ ਨੂੰ ਨਕਾਰ ਕੇ ਕੀ ਅਜਿਹੇ ਬੇਗਰਜ਼ ਨੌਜਵਾਨਾਂ ਦੀ ਟੀਮ ਜਥੇਦਾਰ ਸਾਹਿਬ ਲੱਭ ਸਕਣਗੇ ਜਾਂ ਸੁਝਾਅ ਸਕਣਗੇ? ਇਕ ਅਮਰੀਕ ਸਿੰਘ ਮੁਕਤਸਰ ਤਾਂ ਹੈਗਾ, ਤੇ ਲੋੜ ਪੈਣ ‘ਤੇ ਉਹ ਪੰਜਾਬ ਵਾਪਸ ਚਲਿਆ ਵੀ ਜਾਵੇਗਾ, ਹੋਰ ਮੁਕਤਸਰ ਵਰਗੇ ਅਕਾਲੀ ਆਗੂ ਕਿਥੋਂ ਆਉਣਗੇ। ਇਹ ਇਤਹਾਸਕ ਮੋੜ ਹੈ। ਕੁਦਰਤੀ ਹੈ ਕਿ ਇਤਹਾਸਕ ਮੋੜ ਕਹਿੰਦਿਆਂ ਸਾਡੇ ਮਨਾਂ ਵਿਚ ਆਪ-ਮੁਹਾਰੇ ਅਕਾਲੀ ਫੂਲਾ ਸਿੰਘ ਦੀ ਯਾਦ ਆ ਜਾਂਦੀ ਹੈ। ਸਿੱਖ ਯਾਦ ਅੰਦਰ ਉਨ੍ਹਾਂ ਵਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ ਦੀ ਦਿੱਤੀ ਸਜ਼ਾ ਲਗਾਏ ਜਾਣ ਕਾਰਨ ਸਤਿਕਾਰਤ ਥਾਂ ਹੈ। ਬੇਸ਼ਕ ਹੁਣੇ ਹੁਣੇ ਚਰਚਿਤ ਸਿੱਖ ਇਤਹਾਸਕਾਰ ਸ. ਹਰਜਿੰਦਰ ਸਿੰਘ ਦਿਲਗੀਰ ਵਲੋਂ ਇਸੇ ਸਾਰੇ ਵਿਵਾਦ ਬਾਰੇ ‘ਸਾਂਝਾ ਟੀਵੀ ਚੈਨਲ’ ਉਤੇ ਮਦਨਜੀਤ ਸਿੰਘ ਨਾਲ ਦਿਤੀ ਇੰਟਰਵਿਊ ਵਿਚ ਉਨ੍ਹਾਂ ਠੋਸ ਹਵਾਲਿਆਂ ਨਾਲ ਦਾਅਵਾ ਕੀਤਾ ਹੈ ਕਿ ਅਕਾਲ ਤਖਤ ਵਰਗੀ ਸੰਸਥਾ ਦਾ ਉਸ ਸਮੇਂ ਕੋਈ ਵਜੂਦ ਹੀ ਨਹੀਂਂ ਸੀ। ਉਥੇ ਅਕਾਲੀ ਬੁੰਗਾ ਜ਼ਰੂਰ ਸੀ, ਜਿਥੇ ਸਿੱਖ ਜਰਨੈਲ ਅਕਾਲੀ ਫੂਲਾ ਸਿੰਘ ਦਾ ਠਿਕਾਣਾ ਸੀ। ਉਨ੍ਹਾਂ ਦਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰੋਜ਼ਾਨਾਮਚਾ ਛੇ ਜਿਲਦਾਂ ਵਿਚ ਪਰਸ਼ੀਅਨ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਪਹਿਲਾਂ ਤੋਂ ਮੌਜੂਦ ਹੈ ਅਤੇ ਹੁਣ ਉਸਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬੀ ਅੱਖਰਾਂ ਵਿਚ ਵੀ ਛਾਪ ਦਿਤਾ ਹੋਇਆ ਹੈ। ਉਸ ਅੰਦਰ ਅਕਾਲੀ ਫੂਲਾ ਸਿੰਘ ਵਲੋਂ ਮਹਾਰਾਜੇ ਨੂੰ ਕਿਸੇ ਕੁਤਾਹੀ ਬਦਲੇ ਆਪਣੇ ਕੋਲ ਬੁਲਾਏ ਜਾਣ ਦਾ ਕੋਈ ਜ਼ਿਕਰ ਨਹੀਂ ਹੈ। ਫਿਰ ਵੀ ਸਿੱਖ ਯਾਦ ਅਨੁਸਾਰ ਇਹ ਕੌਤਕ ਵਾਪਰਿਆ ਜ਼ਰੂਰ ਸੀ।
ਜ਼ਾਹਰ ਹੈ ਕਿ ਵੀਹਵੀਂ ਸਦੀ ਦੇ ਦੂਸਰੇ ਅੱਧ ਦੇ ਇਤਿਹਾਸ ਦੌਰਾਨ ਵਾਪਰੀ ਬੜੀ ਹੀ ਤ੍ਰਾਸਦਿਕ ਤੇ ਆਪ-ਧਾਪੀ ਵਾਲੀ ਸਿੱਖ ਰਾਜਨੀਤੀ ਦਾ ਇਹ ਮੋਟਾ-ਮੋਟਾ ਸਰਵੇਖਣ ਦੱਸਦਾ ਹੈ:
1. 90ਵਿਆਂ ਵਿਚ ਆ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀਆਂ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਆਪਣੇ ਹੱਥਾਂ ਵਿਚ ਜ਼ਰੂਰ ਕੀਤਾ, ਪਰੰਤੂ ਉਸਨੂੰ ਇਸ ਪਾਸੇ ਧੱਕਣ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਸਪਿਰਟ ਦੇ ਐਨ ਉਲਟ ਚਲੀ ਹਉਮੈਵਾਦੀ ਅਤੇ ਬੇਅਸੂਲੀ ਰਾਜਨੀਤੀ ਹੀ ਸਭ ਤੋਂ ਵੱਧ ਜ਼ਿੰਮੇਵਾਰ ਸੀ।
2. ਅਗਲੇ ਦਸ ਵਰਿ੍ਹਆਂ ਦੇ ਅਰਸੇ ਦੌਰਾਨ ਸੁਖਬੀਰ ਬਾਦਲ ਨੇ ਬੱਜਰ ਕੋਤਾਹੀਆਂ ਕੀਤੀਆਂ ਪਰ ਉਹ ਇਕੱਲਾ ਅਜਿਹਾ ਕਦੀ ਵੀ ਨਹੀਂ ਸੀ ਕਰ ਸਕਦਾ, ਉਸ ਦੇ ਪੁਰਾਣੇ ਸਾਥੀਆਂ ਦੀ ਜੁੰਡਲੀ ਹੀ ਸਭ ਤੋਂ ਵੱਧ ਜ਼ਿੰਮੇਵਾਰ ਹੈ। ਖਾਸ ਕਰਕੇ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਬਦਨਾਮ ਪੁਲਿਸ ਅਧਿਕਾਰੀਆਂ ਨੂੰ ਲਾਣੇਦਾਰ ਬਣਾਉਣ ਬਾਰੇ ਜਿਸ ਬੱਜਰ ਗੁਨਾਹ ਲਈ ਸਭ ਤੋਂ ਉਚੀ ਉਂਗਲ ਬਾਦਲਾਂ ਉਪਰ ਉੱਠਦੀ ਹੈ, ਉਸ ਬਾਰੇ ਸਾਰੇ ਜਹਾਨ ਵਿਚ ਕਿਸ ਨੂੰ ਨਹੀਂ ਪਤਾ ਕਿ ਉਹ ‘ਗੁਨਾਹ’ ਤਾਂ ਉਨ੍ਹਾਂ ਕੋਲੋਂ ਕਿਸੇ ਹੋਰ ਨੇ ਨਹੀਂ ਬਲਕਿ ਉਨ੍ਹਾਂ ਦੇ ਅਜੋਕੇ ਬਾਗੀ ਧੜੇ ਦੇ ਅਲੰਬਰਦਾਰ ਸੁਖਦੇਵ ਸਿੰਘ ਢੀਂਡਸਾ ਵਲੋਂ ਹੀ ਕਰਵਾਇਆ ਗਿਆ ਸੀ।
ਇਸੇ ਕਰਕੇ ਆਉਣ ਵਾਲੇ ਕੁਝ ਦਿਨਾਂ ਦੌਰਾਨ ਵੇਖਣ ਵਾਲੀ ਗੱਲ ਇਹ ਕਿ ਜਥੇਦਾਰ ਹੁਣ ‘ਸਿੱਖ ਯਾਦ’ ਦੇ ਅਨੁਸਾਰੀ ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ‘ਕੌਤਕ’ ਦੁਹਰਾ ਕੇ ਸਿੱਖ ਸੰਗਤਾਂ ਦੀਆਂ ਬੇਚੈਨ ਰੂਹਾਂ ਨੂੰ ਆਰਾਮ ਪਹੁੰਚਾਉਣ ਦਾ ਜੋਖਮ ਉਠਾਉਂਦੇ ਹਨ ਕਿ ਨਹੀਂ। ਉਨ੍ਹਾਂ ਕੋਲ ਮੌਕਾ ਜ਼ਰੂਰ ਹੈ!