ਤਾਜ਼ਾ ਲੋਕ ਸਭਾ ਚੋਣਾਂ ਨੇ ਕੇਂਦਰ ਸਰਕਾਰ ਦੇ ਲੁਕਵੇਂ ਏਜੰਡੇ ਦੀ ਫੂਕ ਕੱਢ ਦਿੱਤੀ ਹੈ, ਖਾਸ ਕਰਕੇ ਭਾਜਪਾ ਦੀ| 400 ਸੀਟਾਂ ਦਾ ਸੁਫਨਾ ਲੈਣ ਵਾਲੀ ਭਾਜਪਾ ਨੂੰ ਕੇਵਲ 240 ਸੀਟਾਂ ਉੱਤੇ ਸਬਰ ਕਰਨਾ ਪਿਆ ਹੈ| ਇਸਦਾ ਸਿਹਰਾ ਇੰਡੀਆ ਗੱਠਜੋੜ ਦੇ ਸਿਰ ਬੱਝਦਾ ਹੈ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਠੁੰਮਣਾ ਦੇਣ ਵਾਲੀਆਂ ਕਾਰਪੋਰੇਟਾਂ ਦੀ ਅਰਬਾਂ-ਖਰਬਾਂ ਦੀ ਮਾਇਆ ਦੇ ਪੈਰ ਨਹੀਂ ਲੱਗਣ ਦਿੱਤੇ| ਇਸ ਵਿਚ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਵਿਢੇ ਅੰਦੋਲਨਾਂ ਦਾ ਯੋਗਦਾਨ ਵੀ ਘੱਟ ਨਹੀਂ|
ਪਰ ਇਸਦਾ ਇਹ ਭਾਵ ਨਹੀਂ ਕਿ ਦੇਸ਼ ਦੀ ਅਨੇਕਤਾ ਵਿਚ ਏਕਤਾ ਨੂੰ ਪਰਨਾਈ ਰਾਜਨੀਤੀ ਸੁਖ ਦੀ ਨੀਂਦਰ ਸੌਂ ਸਕਦੀ ਹੈ| ਜੋ ਕੁਝ ਡੋਡਾ, ਰਿਆਸੀ, ਕਠੂਆ, ਪੁਣਛ ਤੇ ਰਾਜੌਰੀ ਵਿਚ ਆਏ ਦਿਨ ਵਾਪਰ ਰਿਹਾ ਹੈ ਇਸਨੂੰ ਪਾਕਿਸਤਾਨ ਦੀ ਰਾਜਸੀ ਨੀਤੀ ਤੱਕ ਸੀਮਤ ਕਰਨਾ ਕਾਫੀ ਨਹੀਂ| ਇਸ ਦੀਆਂ ਜੜ੍ਹਾਂ ਹਿੰਦੂਤਵ ਧਾਰਨਾ ਵਿਚ ਹਨ ਜਿਸਦੀ ਭਾਜਪਾ ਝੰਡਾਬਰਦਾਰ ਹੈ ਏਥੇ ਦੇਸ਼-ਕਸ਼ਮੀਰ ਦੇ ‘ਅਤਿਵਾਦੀਆਂ’ ਦੀ ‘ਸਿਰ ਧਰ ਤਲੀ ਗਲੀ ਮੋਰੀ ਆਓ’ ਨੀਤੀ ਦਾ ਵਿਸ਼ਲੇਸ਼ਣ ਕਰਨਾ ਬਣਦਾ ਹੈ| ਉਹ ਜਾਣਦੇ ਹਨ ਕਿ ਜੰਮੂ ਕਸ਼ਮੀਰ ਦੇ ਟੁਕੜੇ ਕਰ ਕੇ ਉਨ੍ਹਾਂ ਨੂੰ ਕੇਂਦਰੀ ਪ੍ਰਸ਼ਾਸਨ ਥੱਲੇ ਲਿਆ ਕੇ ਯੂਟੀ ਐਲਾਨਣਾ ਵੀ ਸੋਚੀ ਸਮਝੀ ਰਾਜਨੀਤੀ ਦਾ ਹਿੱਸਾ ਸੀ ਜਿਸ ਤੋਂ ਅਤਿਵਾਦੀ ਗਰਦਾਨੇ ਜਾਣ ਵਾਲੇ ਸਾਰੇ ਕਰਿੰਦੇ ਜਾਣੂ ਹਨ| ਜੰਮੂ ਕਸ਼ਮੀਰ ਨੂੰ ਮੁੜ ਕੇ ਰਾਜ ਦਾ ਰੁਤਬਾ ਦੇਣ ਪਿੱਛੇ ਇਹ ਸੋਚ ਵੀ ਹੋ ਸਕਦੀ ਹੈ ਕਿ ਇਸਨੂੰ ਦਿੱਲੀ ਵਰਗਾ ਰਾਜ ਬਣਾ ਕੇ ਸਾਰਾ ਕੰਟਰੋਲ ਕੇਂਦਰੀ ਰਾਜਪਾਲ ਨੂੰ ਦੇ ਦਿੱਤਾ ਜਾਵੇ|
ਇੰਡੀਆ ਗਠਜੋੜ ਨੂੰ ਏਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ| ਇਹ ਵੀ ‘ਇੱਕ ਰਾਸ਼ਟਰ ਇੱਕ ਭਾਸ਼ਾ’ ਵਰਗਾ ਹੀ ਨਾਅਰਾ ਹੈ| ਭਰਮ ਭੁਲੇਖੇ ਵਾਲਾ| ਹਰ ਕੋਈ ਜਾਣਦਾ ਹੈ ਕਿ ਭਾਸ਼ਾ ਇੱਕ ਨਦੀ ਦੀ ਨਿਆਈਂ ਹੁੰਦੀ ਹੈ| ਇਸਨੇ ਆਪਣਾ ਰਾਹ ਆਪ ਹੀ ਬਣਾ ਲੈਣਾ ਹੁੰਦਾ ਹੈ| ਜਦੋਂ ਇਸਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਇਸਦੇ ਅਰਥ ਬਦਲ ਜਾਂਦੇ ਹਨ| ਅਜੋਕੀ ਸਰਕਾਰ ਇਸਨੂੰ ਆਪਣੇ ਆਪ ਹੋਂਦ ਵਿਚ ਆਉਂਦਾ ਨਹੀਂ ਵੇਖਣਾ ਚਾਹੁੰਦੀ, ਲਾਗੂ ਕਰਨਾ ਚਾਹੁੰਦੀ ਹੈ| ਇਸ ਲਈ ਕਿ ਪਹਿਲੀ ਅਨੇਕਤਾ ਵਿਚ ਏਕਤਾ ਉੱਤੇ ਮੁਹਰ ਲਾਉਂਦੀ ਹੈ ਤੇ ਦੂਜੀ ਇੱਕ ਰਾਸ਼ਟਰ ਇਕ ਭਾਸ਼ਾ ਉੱਤੇ| ਮੂਲ ਮੰਤਵ ਪੰਡਤ ਨਹਿਰੂ ਦੇ ਅਨੇਕਤਾ ਵਿਚ ਏਕਤਾ ਦੇ ਸਿਧਾਂਤ ਨੂੰ ਨਕਾਰਦਾ ਹੈ|
ਮੇਰੇ ਕੋਲ ਅਨੇਕਤਾ ਵਿਚ ਏਕਤਾ ਦੀ ਇਕ ਨਿੱਜੀ ਕਹਾਣੀ ਵੀ ਹੈ| ਮੇਰਾ ਨਾਨਾ ਸੰਨ ਸੰਤਾਲੀ ਦੀ ਵੰਡ ਸਮੇਂ ਇਕ ਲਾਵਾਰਸ ਹੋਏ ਮੁਸਲਮਾਨ ਬੱਚੇ ਨੂੰ ਆਪਣੇ ਘਰ ਲੈ ਆਇਆ ਸੀ ਜਿਸਨੂੰ ਮੇਰੀ ਨਾਨੀ ਨੇ ਸਿੱਖੀ ਮਾਣ ਮਰਯਾਦਾ ਨਾਲ ਪਾਲਿਆ| ਉਹ ਦਿੱਲੀ ਜਾ ਕੇ ਮੇਰੇ ਮਾਮਿਆਂ ਦੀਆਂ ਟੈਕਸੀਆ ਸਾਫ ਕਰਦੇ ਸਮੇਂ ਡਰਾਈਵਰੀ ਸਿੱਖ ਗਿਆ ਤਾਂ ਉਸਦਾ ਇਕ ਮੁੰਬਈ ਤੋਂ ਭੱਜ ਕੇ ਆਈ ਈਸਾਈ ਯੁਵਤੀ ਨਾਲ ਵਿਆਹ ਕਰ ਦਿੱਤਾ ਗਿਆ| ਉਸ ਤੋਂ ਪਿਛੋਂ ਉਹ ਬਿਰਲਿਆਂ ਦਾ ਡਰਾਈਵਰ ਬਣ ਕੇ ਘਟਨਾ, ਬਿਹਾਰ ਤੇ ਰਾਂਚੀ ਨੌਕਰੀ ਕਰਦਾ ਰਿਹਾ| ਉਹ ਤਿੰਨ ਪੁੱਤਰਾਂ ਤੇ ਚਾਰ ਧੀਆਂ ਦਾ ਬਾਪ ਬਣਿਆ| ਇੱਕ ਪੜਾਅ ਉੱਤੇ ਉਸਦੀ ਪਤਨੀ, ਜਿਸਦਾ ਨਾਂ ਵੰਧਨਾ ਤੋਂ ਮਨਜੀਤ ਕੌਰ ਹੋ ਚੁੱਕਿਆ ਸੀ, ਆਪਣੇ ਮਾਪਿਆਂ ਨੂੰ ਜਾ ਮਿਲੀ ਤਾਂ ਉਸਦੇ ਇੱਕ ਪੁੱਤਰ ਨੂੰ ਉਨ੍ਹਾਂ ਨੇ ਸਾਂਭ ਲਿਆ| ਜਦ ਪੁੱਤਰ ਦੀ ਨੌਕਰੀ ਦਾਦਰਾ ਨਗਰ ਹਵੇਲੀ ਦੀ ਕਿਸੇ ਫੈਕਟਰੀ ਵਿਚ ਲੱਗ ਗਈ ਤਾਂ ਉਸਨੇ ਉਤੋਂ ਦੀ ਕਿਸੇ ਈਸਾਈ ਯੁਵਤੀ ਨਾਲ ਵਿਆਹ ਕਰਵਾ ਲਿਆ| ਸਹਿਜੇ ਸਹਿਜੇ ਉਸ ਬੇਟੇ ਨੇ ਆਪਣੇ ਮਾਪਿਆਂ ਨੂੰ ਹੀ ਨਹੀਂ, ਆਪਣੀ ਇਕ ਭੈਣ ਨੂੰ ਵੀ ਦਾਦਰਾ ਨਗਰ ਹਵੇਲੀ ਨੌਕਰੀ ਦਿਲਵਾ ਦਿੱਤੀ| ਅੱਜ ਦੇ ਦਿਨ ਰਾਮ ਸਿੰਘ ਦਾ ਪਰਿਵਾਰ ਮੁੰਬਈ, ਦਾਦਰਾ, ਝਾਰਖੰਡ, ਪੰਜਾਬ ਤੇ ਹਰਿਆਣਾ ਵਿਚ ਰਹਿ ਰਿਹਾ ਹੈ|
ਮੇਰੀ ਨਾਨੀ ਨਾਮਧਾਰੀਆਂ ਦੀ ਧੀ ਸੀ| ਉਸਦੇ ਪਾਲੇ ਹੋਏ ‘ਰਾਮ ਸਿੰਘ’ ਨੇ ਆਪਣੀ ਪਤਨੀ ਦਾ ਨਾਂ ਮਨਜੀਤ ਕੌਰ ਰਖਿਆ ਤੇ ਆਪਣੇ ਬੱਚਿਆਂ ਦੇ ਨਾਂ ਸਤਿੰਦਰ ਕੌਰ, ਜਗਜੀਤ ਸਿੰਘ, ਸਤਿਬੀਰ ਕੌਰ, ਜਤਿੰਦਰ ਸਿੰਘ, ਧਰਮਿੰਦਰ ਕੌਰ, ਤੇਗ ਬਹਾਦਰ ਸਿੰਘ ਤੇ ਰਣਜੀਤ ਕੌਰ ਰੱਖੇ| ਇਨ੍ਹਾਂ ਸਿੰਘਾਂ ਤੇ ਕੌਰਾਂ ਦੇ ਮਾਂ-ਬਾਪ ਤਾਂ ਪਰਲੋਕ ਸਿਧਾਰ ਚੁੱਕੇ ਹਨ ਪਰ ਆਪ ਕਾਇਮ ਹਨ| ਦੇਸ਼ ਦੇ ਵੱਖ-ਵੱਖ ਭਾਗਾਂ ਵਿਚ| ਆਪਣੇ ਮਰਾਠਾ, ਈਸਾਈ ਤੇ ਗੁਜਰਾਤੀ ਪਤੀ ਪਤਨੀਆਂ ਸਮੇਤ|
ਸਮਰਾਲਾ ਦੀ ਭੌਂ ਵਿਚ ਗੋਰੀ ਹਿਰਨੀ
ਮੈਂ ਤਹਿਸੀਲ ਸਮਰਾਲਾ ਦੇ ਪਿੰਡ ਕੋਟਲਾ ਬਡਲਾ ਦਾ ਜੰਮਪਲ ਹਾਂ| ਇਹ ਮੇਰਾ ਨਾਨਕਾ ਪਿੰਡ ਹੈ| ਮੇਰੇ ਬਚਪਨ ਵਿਚ ਏਥੇ ਹਿਰਨਾ ਦੀਆਂ ਡਾਰਾਂ ਏਧਰ ਓਧਰ ਜਾਂਦੀਆਂ ਆਮ ਹੀ ਦੇਖੀਆਂ ਜਾਂਦੀਆਂ ਸਨ| ਇਕ ਲੋਕ ਬੋਲੀ ਅਨੁਸਾਰ ਉਨ੍ਹਾਂ ਦੇ ਸਿੰਗਾਂ ਉੱਤੇ ਵੀ ਮਿਰਗਾਂ ਦੀ ਜੂਨ ਲਿਖੀ ਹੋਈ ਸੀ:
ਹੀਰਿਆ ਹਰਨਾ, ਬਾਗੀਂ ਚਰਨਾ
ਤੇਰੇ ਸਿੰਗਾਂ `ਤੇ ਕੀ ਕੁੱਝ ਲਿਖਿਆ
ਮਿਰਗ ਤੇ ਮਿਰਗਾਈਆਂ।
ਹੁਣ ਤਾਂ ਜੇ ਕਿਸੇ ਨੇ ਹਿਰਨ ਵੇਖਣੇ ਹੋਣ ਤਾਂ ਨੀਲੋਂ ਦੇ ਚਿੜੀਆ ਘਰ ਵਿਚ ਕੈਦ ਕੀਤੇ ਹੀ ਦੇਖੇ ਜਾ ਸਕਦੇ ਹਨ| ਪਿਛਲੇ ਹਫਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਪਰਨਾਏ ਲੇਖਕ ਮੰਚ, ਸਮਰਾਲਾ ਨੇ ਇਕ ਗੋਸ਼ਟੀ ਕੀਤੀ ਜਿਸ ਵਿਚ ਮੈਂ ਤੇ ਮੇਰੀ ਪਤਨੀ ਵੀ ਸ਼ਾਮਲ ਹੋਏ| ਏਸ ਲਈ ਕਿ ਇਹ ਮੇਰੀ ਜਨਮ ਭੂਮੀ ਹੈ| ਬਹੁਤੀ ਏਸ ਲਈ ਕਿ ਇਹ ਗੋਸ਼ਟੀ ਮੇਰੇ ਬਾਰੇ ਸੀ| ਇਹ ਮੇਰੀ ਲਿਖੀ ਹੋਈ ਪੁਸਤਕ ‘ਗੋਰੀ ਹਿਰਨੀ’ ਇੱਕ ਵੱਖਰੀ ਕਿਸਮ ਦੀ ਹਿਰਨੀ ਉੱਤੇ ਆਧਾਰਤ ਨਾਵਲ ਹੈ ਜਿਸਦੀ ਨਾਇਕਾ ਹਿਟਲਰ ਦੀ ਯੁਵਾ ਬ੍ਰਿਗੇਡ ਦੀ ਮੈਂਬਰ ਰਹਿ ਚੁੱਕੀ ਸੀ| ਕਿਸੇ ਇੱਕ ਉਹ ਮੇਰੇ ਹਾਣੀ ਮਾਮੇ ਦੀ ਜਾਣੂ ਹੋ ਗਈ ਤੇ ਉਸਨੇ ਮੇਰੇ ਮਾਮੇ ਨੂੰ ਉਸਦੀ ਪਤਨੀ ਨਾਲੋਂ ਨਿਖੇੜ ਦਿੱਤਾ| ਉਂਜ ਜਰਮਨ ਗੋਰੀ ਨੇ ਵੀ ਖੂਬ ਚੁੰਗੀਆਂ ਭਰੀਆਂ ਸਨ| ਹਿਟਲਰ ਵੇਲੇ ਤੇ ਉਸ ਤੋਂ ਪਿੱਛੋਂ|
ਮੇਰਾ ਮਾਮਾ ਚਾਰ ਦਹਾਕੇ ਪਹਿਲਾਂ ਜਰਮਨੀ ਜਾ ਕੇ ਉਥੋਂ ਦੇ ਸ਼ਹਿਰ ਹੈਮਬਰਗ ਦਾ ਵਸਨੀਕ ਹੋ ਗਿਆ ਸੀ| ਮੇਰਾ ਮਾਮਾ, ਉਸਦੀ ਮੋਗੇ ਵਾਲੀ ਪਤਨੀ ਅਤੇ ਰੱਬੀ ਸਬੱਬੀਂ ਜੀਵਨ ਵਿਚ ਆਈ ਜਰਮਨ ਮੇਰਾ ਤਾਂ ਪਰਲੋਕ ਸਿਧਾਰ ਚੁੱਕੇ ਹਨ ਪਰ ਉਨ੍ਹਾਂ ਦੇ ਤਿੰਨ ਦੇ ਤਿੰਨੋਂ ਬੇਟੇ ਹੈਮਬਰਗ ਦੇ ਵਸਨੀਕ ਹਨ|
ਉਨ੍ਹਾਂ ਸਭਨਾਂ ਦੇ ਜੀਵਨ ਉੱਤੇ ਆਧਾਰਤ ਮੇਰਾ ਨਾਵਲ ‘ਗੋਰੀ ਹਿਰਨੀ’ 2013 ਵਿਚ ਲਿਖਿਆ ਸੀ ਜਿਸਦਾ ਅਗਲੇ ਸਾਲ ਦੂਜਾ ਐਡੀਸ਼ਨ ਵੀ ਮਾਰਕਿਟ ਵਿਚ ਆ ਗਿਆ ਸੀ| ਫੇਰ 2020 ਵਿਚ ‘ਠਹੲ ਘੲਰਮਅਨ ਾਂੋੲ’ ਸਿਰਲੇਖ ਵਾਲਾ ਅੰਗਰੇਜ਼ੀ ਐਡੀਸ਼ਨ ਅਤੇ ‘ਗੋਰੀ ਹਿਰਣੀ’ ਨਾਂ ਦਾ ਹਿੰਦੀ ਐਡੀਸ਼ਨ ਫਰਵਰੀ 2024 ਵਿਚ ਜਾਰੀ ਹੋ ਗਿਆ ਸੀ ਜਿਹੜਾ ‘ਲੇਖਕ ਮੰਚ’ ਵਲੋਂ ਵਿਉਂਤੀ ਗੋਸ਼ਟੀ ਦਾ ਕਾਰਨ ਬਣਿਆ| ਭਾਵੇਂ ਇਸ ਨਾਵਲ ਦੇ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਦੇ ਪ੍ਰਕਾਸ਼ਕ ਕ੍ਰਮਵਾਰ ਲੋਕਗੀਤ ਪ੍ਰਕਾਸ਼ਨ, ਅਭੀਸ਼ੇਕ ਪਬਲੀਕੇਸ਼ਨਜ਼ ਤੇ ਗਾਰਗੀ ਪ੍ਰਕਾਸ਼ਨ ਹਨ ਪਰ ਹਿੰਦੀ ਐਡੀਸ਼ਨ ਏਨਾ ਮਕਬੂਲ ਹੋਇਆ ਹੈ ਕਿ ਪੰਜ ਮਹੀਨੇ ਵਿਚ ਸਾਰੇ ਦਾ ਸਾਰਾ ਵਿਕ ਚੁੱਕਾ ਹੈ ਤੇ ਇਸਦਾ ਦੂਜਾ ਐਡੀਸ਼ਨ ਛਾਪੇਖਾਨੇ ਵਿਚ ਹੈ| ਇਸਦੇ ਅਨੁਵਾਦਕ ਵੰਨਦਾ ਸ਼ਕੀਜਾ ਤੇ ਗੁਰਬਖਸ਼ ਸਿੰਘ ਮੋਂਗਾ ਹਨ ਜਿਹੜੇ ਗੋਸ਼ਟੀ ਵਿਚ ਸ਼ਿਰਕਤ ਕਰ ਰਹੇ ਸਨ|
ਗੋਸ਼ਟੀ ਦਾ ਪ੍ਰਮੁਖ ਪ੍ਰਬੰਧਕ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਸੀ ਜਿਸਦੇ ਸ਼ਾਹੀ ਪੈਲੇਸ ਵਿਚ ਇਸਦਾ ਪ੍ਰਬੰਧ ਸੀ| ਇਸ ਗੋਸ਼ਟੀ ਵਿਚ ਸ਼ਾਹੀ ਪਰਵਾਰ ਦੇ ਕਿੰਡਰਗਾਰਟਨ ਸਕੂਲ ਦਾ ਅਮਲਾ ਵੀ ਹੁੰਮ-ਹੁੰਮਾ ਕੇ ਪਹੁੰਚਿਆ ਹੋਇਆ ਸੀ| ਮੁੱਖ ਬੁਲਾਰਾ ਸਿਰਸੇ ਵਾਲਾ ਸਵਰਨ ਸਿੰਘ ਵਿਰਕ ਸੀ ਜਿਸਨੇ ਨਾਵਲ ਦੀਆਂ ਘਟਨਾਵਾਂ ਤੇ ਇਸ ਵਿਚਲੇ ਪਾਤਰਾਂ ਦਾ ਵਰਤ ਵਰਤਾਰਾ ਏਦਾਂ ਬਿਆਨਿਆ ਜਿਵੇਂ ਇਹ ਪਾਤਰ ਮੇਰੇ ਨਾਨਕਾ ਪਰਿਵਾਰ ਦੇ ਨਹੀਂ ਸਗੋਂ ਸਿਰਸਾ ਦੇ ਕਿਸੇ ਵੱਡੇ ਪਰਿਵਾਰ ਦੇ ਮੈਂਬਰ ਹੋਣ|
ਹਿੰਦੀ ਐਡੀਸ਼ਨ ਦੀ ਮਕਬੂਲੀਅਤ ਦੱਸ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਇਸਨੂੰ ਪੂਰੇ ਦੇਸ਼ ਦੀ ਭਾਸ਼ਾ ਬਣਾ ਸਕੇ ਜਾਂ ਨਾ ਇਸਨੇ ਭਾਰਤ ਵਾਸੀਆਂ ਦੇ ਮਨਾਂ ਵਿਚ ਆਪਣੀ ਥਾਂ ਆਪ ਹੀ ਬਣਾ ਲੈਣੀ ਹੈ|
ਅੰਤਿਕਾ
ਹਰਦਿਆਲ ਸਾਗਰ॥
ਕੁੱਝ ਨੇ ਕਿਹਾ ਉਹ ਰਬ ਹੈ, ਕੁੱਝ ਨੇ ਕਿਹਾ ਉਹ ਅੱਲਾਹ
ਉਹ ਮੁਸਕਰਾਇਆ ਸੁਣ ਕੇ, ਦੋ ਵਾਰ ਨਾਮ ਆਪਣਾ।