ਸੰਸਾਰ ਭਰ ਦੀ ਸਿਆਸਤ ਅੰਦਰ ਬੜੀਆਂ ਵੱਡੀਆਂ ਅਤੇ ਅਹਿਮ ਤਬਦੀਲੀਆਂ ਹੋ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਨਾਲ ਸੰਸਾਰ ਸਿਆਸਤ ਵਿਚ ਕਾਫੀ ਤਿੱਖੇ ਮੋੜ ਆਉਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਅਮਰੀਕਾ ਦੀ ਰਾਸ਼ਟਰਪਤੀ ਦੀ ਚੋਣ ਨੂੰ ਸਾਰੀ ਦੁਨੀਆ ਗਹੁ ਨਾਲ ਦੇਖ ਰਹੀ ਹੈ। ਹੁਣ ਤੱਕ ਰਿਪੋਰਟਾਂ ਇਹੀ ਆ ਰਹੀਆਂ ਹਨ
ਕਿ ਉਘੇ ਕਾਰੋਬਾਰੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦਾ ਪੱਲੜਾ ਭਾਰੀ ਹੈ। ਪਿੱਛੇ ਜਿਹੇ ਟਰੰਪ ਅਤੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਵਿਚਕਾਰ ਹੋਈ ਪਹਿਲੀ ਸਿੱਧੀ ਬਹਿਸ ਵਿਚ ਵੀ ਟਰੰਪ ਦਾ ਹੱਥ ਉਪਰ ਰਿਹਾ ਸੀ। ਇਸ ਬਹਿਸ ਵਿਚ ਬੁਰੀ ਤਰ੍ਹਾਂ ਪਛਾੜ ਖਾਣ ਪਿੱਛੋਂ ਬਾਇਡਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਦੌੜ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਨਾਲ ਹੀ ਉਸ ਨੇ ਐਲਾਨ ਕੀਤਾ ਹੈ ਕਿ ਇਸ ਵਕਤ ਟਰੰਪ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ, ਇਸ ਲਈ ਉਹ ਪਿੱਛੇ ਹਟ ਰਹੇ ਹਨ। ਹੁਣ ਡੈਮੋਕਰੈਟਿਕ ਪਾਰਟੀ ਕਿਸੇ ਹੋਰ ਆਗੂ ਨੂੰ ਆਪਣਾ ਉਮੀਦਵਾਰ ਨਾਮਜ਼ਦ ਕਰੇਗੀ। ਕਿਆਸਆਰਾਈਆਂ ਹਨ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ `ਤੇ ਗੁਣਾ ਪੈ ਸਕਦਾ ਹੈ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਅਮਰੀਕੀ ਜਮਹੂਰੀਅਤ ਅੱਜ ਕੱਲ੍ਹ ਬੜੇ ਸੰਕਟ ਨਾਲ ਦੋ-ਚਾਰ ਹੋ ਰਹੀ ਹੈ। ਅਸਲ ਵਿਚ ਟਰੰਪ ਜਿਸ ਢੰਗ ਨਾਲ ਵਿਹਾਰ ਕਰ ਰਿਹਾ ਹੈ, ਉਸ ਤੋਂ ਸਾਰੇ ਭੈਅ-ਭੀਤ ਹਨ; ਇਥੋਂ ਤੱਕ ਕਿ ਉਸ ਦੀ ਆਪਣੀ ਪਾਰਟੀ ਦੇ ਕਈ ਆਗੂ ਵੀ ਉਸ ਦੇ ਹੱਕ ਵਿਚ ਨਹੀਂ ਹਨ ਪਰ ਹੁਣ ਹਾਲਾਤ ਇਹ ਹਨ ਕਿ ਟਰੰਪ ਪਾਰਟੀ ਦਾ ਉਮੀਦਵਾਰ ਹੈ ਅਤੇ ਬਥੇਰੇ ਪਾਰਟੀ ਆਗੂ ਉਸ ਦੀ ਜਿੱਤ ਲਈ ਕੰਮ ਵੀ ਕਰ ਰਹੇ ਹਨ।
ਦੂਜਾ ਮਸਲਾ ਭਾਰਤ ਦੀ ਸਿਆਸਤ ਨਾਲ ਜੁੜਿਆ ਹੋਇਆ ਹੈ। ਐਤਕੀਂ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਪੂਰਨ ਬਹੁਮਤ ਹਾਸਿਲ ਨਹੀਂ ਹੋਇਆ। ਇਸ ਲਈ ਕਈ ਸਿਆਸੀ ਮਾਹਿਰ ਤਵੱਕੋ ਕਰ ਰਹੇ ਸਨ ਕਿ ਐਤਕੀਂ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਜਾਂ ਇਸ ਦੀ ਸਿਆਸੀ ਸਰਪ੍ਰਸਤ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਆਪਣੀ ਮਨਮਰਜ਼ੀ ਨਹੀਂ ਕਰ ਸਕਣਗੇ ਪਰ ਹੁਣ ਤੱਕ ਜੋ ਕੁਝ ਸਾਹਮਣੇ ਆਇਆ ਹੈ, ਉਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਜਾਂ ਆਰ.ਐੱਸ.ਐੱਸ. ਆਪਣੇ ਏਜੰਡੇ ਤੋਂ ਟੱਸ ਤੋਂ ਮੱਸ ਨਹੀਂ ਹੋਏ ਹਨ। ਮੋਦੀ ਸਰਕਾਰ ਨੇ ਆਰ.ਐੱਸ.ਐੱਸ. ਦੀਆਂ ਸਰਗਰਮੀਆਂ ਵਿਚ ਸਰਕਾਰੀ ਮੁਲਾਜ਼ਮਾਂ ਦੇ ਹਿੱਸਾ ਲੈਣ ਤੋਂ ਪਾਬੰਦੀ ਹਟਾਉਣ ਦਾ ਫ਼ੈਸਲਾ ਕਰ ਲਿਆ ਹੈ। ਆਰ.ਐੱਸ.ਐੱਸ. ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਦੇਸ਼ ਦੀ ਲੋਕਰਾਜੀ ਪ੍ਰਣਾਲੀ ਮਜ਼ਬੂਤ ਹੋਵੇਗੀ। ਦੂਜੇ ਪਾਸੇ, ਕਾਂਗਰਸ ਨੇ ਕੇਂਦਰ ਸਰਕਾਰ `ਤੇ ਹਮਲਾ ਕਰਦਿਆਂ ਆਖਿਆ ਹੈ ਕਿ ਇਸ ਨਵੇਂ ਫ਼ੈਸਲੇ ਨਾਲ ਸਰਕਾਰੀ ਮੁਲਾਜ਼ਮਾਂ ਦੀ ਨਿਰਪੱਖਤਾ ਅਸਰ ਅੰਦਾਜ਼ ਹੋਵੇਗੀ। ਆਰ.ਐੱਸ.ਐੱਸ. ਭਾਵੇਂ ਆਪਣੇ ਆਪ ਨੂੰ ਸੱਭਿਆਚਾਰਕ ਸੰਗਠਨ ਦੇ ਤੌਰ `ਤੇ ਪੇਸ਼ ਕਰਦੀ ਹੈ ਪਰ ਚੋਣਾਂ ਵਿਚ ਇਸ ਦੀ ਭੂਮਿਕਾ ਕਿਸੇ ਤੋਂ ਲੁਕੀ-ਛੁਪੀ ਨਹੀਂ। ਇਸ ਮਸਲੇ ਵਿਚ ਇਕ ਹੋਰ ਮਸਲਾ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਵਿਚਕਾਰ ਰਿਸ਼ਤੇ ਖਰਾਬ ਹੋਣ ਦਾ ਵੀ ਹੈ। ਪਹਿਲਾਂ ਭਾਰਤੀ ਜਨਤਾ ਪਾਰਟੀ ਉਤੇ ਆਰ.ਐੱਸ.ਐੱਸ. ਦਾ ਪੂਰਨ ਕੰਟਰੋਲ ਹੁੰਦਾ ਸੀ ਪਰ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੌਮੀ ਸਿਆਸਤ ਦੇ ਸੀਨ ‘ਤੇ ਆਏ ਹਨ, ਸਭ ਕੁਝ ਉਲਟ-ਪੁਲਟ ਹੋ ਗਿਆ ਹੈ। ਹੁਣ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਬਹੁਤ ਸਾਰੇ ਮਾਮਲਿਆਂ ਵਿਚ ਮਨਮਰਜ਼ੀ ਕਰਦੇ ਹਨ ਅਤੇ ਆਰ.ਐੱਸ.ਐੱਸ. ਦੀ ਹੁਣ ਬਹੁਤੀ ਵੁਕਅਤ ਨਹੀਂ ਰਹੀ ਹੈ। ਇਸੇ ਕਰ ਕੇ ਹੁਣ ਚੋਣਾਂ ਵਿਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਆਰ.ਐੱਸ.ਐੱਸ. ਦੀ ਲੀਡਰਸ਼ਿਪ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰ ਰਹੀ ਹੈ। ਆਰ.ਐੱਸ.ਐੱਸ. ਆਗੂ ਇੰਦਰੇਸ਼ ਕੁਮਾਰ ਨੇ ਆਖਿਆ ਕਿ ਭਗਵਾਨ ਰਾਮ ਨੇ ਆਪਣੇ ਆਪ ਨੂੰ ‘ਰਾਮ ਭਗਤ` ਕਹਾਉਣ ਦਾ ਦਾਅਵਾ ਕਰਨ ਵਾਲੀ ‘ਹੰਕਾਰੀ ਪਾਰਟੀ` ਨੂੰ ਬਹੁਮਤ ਹਾਸਿਲ ਕਰਨ ਤੋਂ ਰੋਕ ਦਿੱਤਾ ਹੈ। ਆਰ.ਐੱਸ.ਐੱਸ. ਦੇ ਮੁੱਖ ਪੱਤਰ ‘ਆਰਗੇਨਾਈਜ਼ਰ` ਨੇ ਵੀ ਲਿਖਿਆ ਹੈ ਕਿ ਚੋਣ ਨਤੀਜਿਆਂ ਨੇ ਅਤਿ ਉਤਸ਼ਾਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ‘ਹੋਸ਼ ਟਿਕਾਣੇ` ਲਿਆਉਣ ਦਾ ਕੰਮ ਕੀਤਾ ਹੈ। ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਇਸ਼ਾਰਾ ਕਰਦਿਆਂ ਆਖਿਆ ਸੀ ਕਿ ਇਨਸਾਨ ਦੀ ‘ਸੁਪਰਮੈਨ` ਅਤੇ ਫਿਰ ‘ਰੱਬ` ਬਣ ਜਾਣ ਦੀ ਖਾਹਿਸ਼ ਹੁੰਦੀ ਹੈ। ਇਸ ਸਭ ਕੁਝ ਦੇ ਬਾਵਜੂਦ ਮੋਦੀ ਸਰਕਾਰ ਹਿੰਦੂਤਵੀ ਏਜੰਡੇ ਮੁਤਾਬਿਕ ਚੱਲ ਰਹੇ ਹਨ।
ਪੰਜਾਬ ਦੀ ਸਿਆਸਤ ਵਿਚ ਹੋ ਰਹੀ ਉਥਲ-ਪੁਥਲ ਵੀ ਸਿਆਸੀ ਮਾਹਿਰਾਂ ਦਾ ਧਿਆਨ ਖਿੱਚ ਰਹੀ ਹੈ। ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ- ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਕਲੇਸ਼ ਵੱਲ ਸਭ ਦਾ ਧਿਆਨ ਲੱਗਿਆ ਹੋਇਆ ਹੈ। ਅਸਲ ਵਿਚ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਲਈ ਜਿੰਨੇ ਵੱਡੇ ਪੱਧਰ ‘ਤੇ ਸਿਆਸਤ ਚੱਲ ਪਈ ਹੈ, ਉਸ ਤਰ੍ਹਾਂ ਦੇ ਹਾਲਾਤ ਪਹਿਲਾਂ ਕਦੀ ਨਹੀਂ ਸਨ ਬਣੇ। ਹੁਣ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਨੂੰ ਇਸ ਸੰਕਟ ਦੇ ਮੋਚਨ ਲਈ ਕੋਈ ਆਗੂ ਨਹੀਂ ਲੱਭ ਰਿਹਾ। ਵੱਖ-ਵੱਖ ਚੋਣਾਂ ਵਿਚ ਲਗਾਤਾਰ ਹਾਰਾਂ ਤੋਂ ਬਾਅਦ ਬਾਦਲ ਪਰਿਵਾਰ ਬਹੁਤ ਕਮਜ਼ੋਰ ਹੋ ਚੁੱਕਾ ਹੈ। ਹੁਣ ਤਾਂ ਆਮ ਵਰਕਰ ਵੀ ਕਹਿਣ ਲੱਗ ਪਿਆ ਹੈ ਕਿ ਪਾਰਟੀ ਦੀ ਇੰਨੀ ਮਾੜੀ ਹਾਲਤ ਬਾਦਲ ਪਰਿਵਾਰ ਕਰ ਕੇ ਹੀ ਹੋਈ ਹੈ ਜਿਸ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅਤੇ ਪੰਥ ਦੀ ਥਾਂ ਨਿੱਜੀ ਹਿਤਾਂ ਨੂੰ ਵਧੇਰੇ ਪਹਿਲ ਦਿੱਤੀ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੁਖਬੀਰ ਆਪਣੀ ਕੁਰਸੀ ਕਾਇਮ ਰੱਖ ਸਕਣਗੇ ਜਾਂ ਨਹੀਂ ਪਰ ਹੁਣ ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ ਵਾਲੀ ਥਾਂ ਲੈਣ ਲਈ ਕਈ ਧਿਰਾਂ ਆਪੋ-ਆਪਣੀ ਸਰਗਰਮੀ ਕਰ ਰਹੀਆਂ ਹਨ।