ਪਿੰ੍ਰ. ਸਰਵਣ ਸਿੰਘ
ਓਲੰਪਿਕ ਖੇਡਾਂ ਦੀ ਮਸ਼ਾਲ ਪੈਰਿਸ ਪੁੱਜ ਚੁੱਕੀ ਹੈ ਜੋ ਹੱਥੋ-ਹੱਥੀ ਸਾਰੇ ਫਰਾਂਸ ਵਿਚ ਘੁਮਾਈ ਜਾ ਰਹੀ ਹੈ। ਇਹ ਮਸ਼ਾਲ ਓਲੰਪਿਕ ਖੇਡਾਂ ਦੇ ਜਨਮ ਦਾਤਾ ਓਲੰਪੀਆ ਦੀ ਪਹਾੜੀ ਤੋਂ 16 ਅਪ੍ਰੈਲ 2024 ਨੂੰ ਸੂਰਜ ਦੀਆਂ ਕਿਰਨਾਂ ਨਾਲ ਜਗਾਈ ਗਈ ਸੀ। ਉਥੋਂ ਮਸ਼ਾਲ 14 ਜੁਲਾਈ ਨੂੰ ਪੈਰਿਸ ਪਹੁੰਚੀ ਹੈ ਜਿਸ ਦਾ ਸਵਾਗਤ ਵੱਡੀ ਪੱਧਰ `ਤੇ ਕੀਤਾ ਜਾ ਰਿਹੈ। ਸੂਰਜੀ ਕਿਰਨਾਂ ਤੋਂ ਅਗਨੀ ਤੇ ਅਗਨੀ ਤੋਂ ਓਲੰਪਿਕ ਲਾਟ ਬਣੀ ਇਹ ਮਸ਼ਾਲ 26 ਜੁਲਾਈ 2024 ਨੂੰ ਓਲੰਪਿਕ ਸਟੇਡੀਅਮ ਵਿਚ ਪੁੱਜੇਗੀ। 33ਵੀਆਂ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਦੀਆਂ ਰਸਮਾਂ ਅਨੁਸਾਰ ਇਸ ਮਸ਼ਾਲ ਨਾਲ ਚਬੂਤਰੇ `ਤੇ ਬਣੇ ਕੁੰਡ ਵਿਚ ਓਲੰਪਿਕ ਖੇਡਾਂ ਦੀ ਜੋਤ ਜਗਾਈ ਜਾਵੇਗੀ ਜੋ ਖੇਡਾਂ ਦੌਰਾਨ ਦਿਨ ਰਾਤ ਜਗਦੀ ਰਹੇਗੀ।
ਲੱਖਾਂ ਦੀ ਗਿਣਤੀ ਵਿਚ ਦਰਸ਼ਕ, ਸਟੇਡੀਅਮ ਤੇ ਖੇਡ ਭਵਨਾਂ ਵਿਚ ਬੈਠ ਕੇ ਖੇਡਾਂ ਦੇ ਨਜ਼ਾਰੇ ਤੱਕਣਗੇ ਤੇ ਕਰੋੜਾਂ ਦੀ ਗਿਣਤੀ ਵਿਚ ਬਿਜਲਈ ਸੰਚਾਰ ਸਾਧਨਾਂ ਰਾਹੀਂ ਖੇਡਾਂ ਵੇਖਣਗੇ। ਹੈਂਡਬਾਲ, ਫੁੱਟਬਾਲ ਤੇ ਰਗਬੀ ਦੀਆਂ ਖੇਡਾਂ ਦੇ ਮੁਕਾਬਲੇ 24 ਜੁਲਾਈ ਨੂੰ ਸ਼ੁਰੂ ਹੋ ਜਾਣਗੇ। ਤਿੰਨ ਹਫ਼ਤੇ ਦੁਨੀਆ ਭਰ ਦਾ ਮੀਡੀਆ ਪੈਰਿਸ ਦੀਆਂ ਓਲੰਪਿਕ ਖੇਡਾਂ ਦੇ ਨਜ਼ਾਰੇ ਵਿਖਾਉਂਦਾ ਨਜ਼ਰ ਆਵੇਗਾ। ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਹ ਨਜ਼ਾਰੇ ਮੈਲਬੌਰਨ-1956 ਦੀਆਂ ਓਲੰਪਿਕ ਖੇਡਾਂ ਤੋਂ ਵੇਖਣ ਤੇ ਉਨ੍ਹਾਂ ਬਾਰੇ ਪੜ੍ਹਨ ਲਿਖਣ ਦੇ ਮੌਕੇ ਮਿਲਦੇ ਆ ਰਹੇ ਹਨ।
ਓਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ 26 ਜੁਲਾਈ ਨੂੰ ਉਥੋਂ ਦੇ ਸਥਾਨਕ ਸਮੇਂ ਅਨੁਸਾਰ 19:30 ਵਜੇ ਸੇਨ ਦਰਿਆ ਦੇ ਰਮਣੀਕ ਕੰਢੇ ਆਈਫਲ ਟਾਵਰ ਦੇ ਸਾਹਮਣੇ ਸ਼ੁਰੂ ਹੋਵੇਗਾ। ਆਈਫਲ ਟਾਵਰ ਉਪਰ ਪੰਜ ਰੰਗਾਂ ਦੇ ਆਪਸ ਵਿਚ ਪਰੋਏ ਪੰਜ ਗੋਲ ਚੱਕਰਾਂ ਵਾਲਾ ਝੂਲਦਾ ਓਲੰਪਿਕ ਪਰਚਮ ਮੇਲੀਆਂ ਨੂੰ ਜੀ ਆਇਆਂ ਕਹਿ ਰਿਹਾ ਹੋਵੇਗਾ। ਖਿਡਾਰੀਆਂ ਦਾ ਮਾਰਚ ਪਾਸਟ, ਉਨ੍ਹਾਂ ਦੇ ਮੁਲਕੀ ਝੰਡਿਆਂ ਨਾਲ ਸਜਾਈਆਂ ਛੋਟੀਆਂ ਵੱਡੀਆਂ ਬੋਟਾਂ `ਤੇ ਹੋਵੇਗਾ। 6 ਕਿਲੋਮੀਟਰ ਦੀ ਪ੍ਰੇਡ `ਚ ਫਰਾਂਸ ਦੀਆਂ ਸਭਿਆਚਾਰਕ ਝਲਕਾਂ ਵੀ ਵਿਖਾਈਆਂ ਜਾਣਗੀਆਂ। ਓਲੰਪਿਕ ਖੇਡਾਂ `ਚ ਆਮ ਲੋਕਾਂ ਦੀ ਸ਼ਮੂਲੀਅਤ ਲਈ 2 ਲੱਖ ਦਰਸ਼ਕਾਂ ਦਾ ਦਰਿਆ ਸੇਨ ਦੇ ਕੰਢਿਆਂ `ਤੇ ਖਲੋਣ ਤੇ ਇਕ ਲੱਖ ਦਰਸ਼ਕਾਂ ਦਾ ਟਿਕਟਾਂ ਲੈ ਕੇ ਸੀਟਾਂ `ਤੇ ਬਹਿਣ ਦਾ ਪ੍ਰਬੰਧ ਹੋਵੇਗਾ। ਲੱਖਾਂ ਦਰਸ਼ਕ ਸੇਨ ਦੁਆਲੇ ਦੀਆਂ ਇਮਾਰਤਾਂ ਤੋਂ ਝਾਕੀਆਂ ਵੇਖ ਸਕਣਗੇ। ਕਰੋੜਾਂ ਅਰਬਾਂ ਲੋਕ ਟੀਵੀ ਤੇ ਹੋਰ ਸੰਚਾਰ ਸਾਧਨਾਂ ਤੋਂ ਉਦਘਾਟਨੀ ਸਮਾਰੋਹ ਦੇ ਨਜ਼ਾਰੇ ਵੇਖਣਗੇ।
ਓਲੰਪਿਕ ਖੇਡਾਂ 26 ਜੁਲਾਈ ਤੋਂ 11 ਅਗਸਤ ਤਕ ਫਰਾਂਸ ਦੀ ਰਾਜਧਾਨੀ ਪੈਰਿਸ ਅਤੇ 16 ਹੋਰ ਸ਼ਹਿਰਾਂ ਦੇ 35 ਖੇਡ ਸਥਾਨਾਂ `ਤੇ ਹੋਣਗੀਆਂ। ਉਨ੍ਹਾਂ ਵਿਚ ਓਲੰਪਿਕ ਖੇਡਾਂ ਲਈ ਮਿੱਥੇ ਮਿਆਰਾਂ ਨੂੰ ਪਾਰ ਕਰਨ ਵਾਲੇ 206 ਦੇਸ਼ਾਂ ਦੇ 10714 ਖਿਡਾਰੀ ਭਾਗ ਲੈਣਗੇ। ਐਤਕੀਂ ਪਹਿਲੀ ਵਾਰ ਔਰਤਾਂ ਤੇ ਮਰਦ ਖਿਡਾਰੀਆਂ ਦੀ ਗਿਣਤੀ ਬਰਾਬਰ ਹੋਵੇਗੀ ਜਦ ਕਿ ਪਹਿਲਾਂ ਔਰਤਾਂ ਦੀ ਗਿਣਤੀ ਘੱਟ ਹੁੰਦੀ ਸੀ। ਇਹ ਖੇਡਾਂ ਚਾਰ ਸਾਲਾਂ ਬਾਅਦ ਲੀਪ ਦੇ ਸਾਲ ਹੁੰਦੀਆਂ ਹਨ ਜਿਨ੍ਹਾਂ ਦਾ ਬਜਟ ਅਰਬਾਂ ਤਕ ਚਲਾ ਜਾਂਦਾ ਹੈ। ਪੈਰਿਸ ਦੀਆਂ ਓਲੰਪਿਕ ਖੇਡਾਂ ਦਾ ਬਜਟ 9 ਬਿਲੀਅਨ ਯੂਰੋ ਹੈ।
1896 ਤੋਂ 2021 ਤਕ ਸਵਾ ਸੌ ਸਾਲਾਂ ਦੇ ਸਫ਼ਰ ਦੌਰਾਨ 28 ਵਾਰ ਓਲੰਪਿਕ ਖੇਡਾਂ ਹੋਈਆਂ ਹਨ। ਪਹਿਲੀ ਤੇ ਦੂਜੀ ਵਿਸ਼ਵ ਜੰਗ ਕਰਕੇ ਤਿੰਨ ਵਾਰ ਇਹ ਖੇਡਾਂ ਨਹੀਂ ਹੋ ਸਕੀਆਂ। 32ਵੀਆਂ ਓਲੰਪਿਕ ਖੇਡਾਂ ਜੋ 2020 ਵਿਚ 24 ਜੁਲਾਈ ਤੋਂ 9 ਅਗਸਤ ਤਕ ਹੋਣੀਆਂ ਸਨ ਕੋਵਿਡ ਕਰਕੇ ਮੁਲਤਵੀ ਹੋ ਗਈਆਂ ਸਨ। ਆਖ਼ਰ ਉਹ ਖੇਡਾਂ 23 ਜੁਲਾਈ 2021 ਤੋਂ 8 ਅਗਸਤ 2021 ਤਕ ਜਪਾਨ ਦੇ ਸ਼ਹਿਰ ਟੋਕੀਓ ਵਿਚ ਹੋਈਆਂ।
ਮਾਡਰਨ ਓਲੰਪਿਕ ਖੇਡਾਂ 1896 ਵਿਚ ਏਥਨਜ਼ ਤੋਂ ਸ਼ੁਰੂ ਹੋਈਆਂ ਸਨ। 1900 ਵਿਚ ਪੈਰਿਸ, 1904 ਸੇਂਟ ਲੂਈਸ, 1908 ਲੰਡਨ ਤੇ 1912 ਸਟਾਕਹੋਮ ਵਿਚ ਹੋਣ ਪਿੱਛੋਂ 1916 ਵਿਚ ਹੋ ਨਹੀਂ ਸਕੀਆਂ ਕਿਉਂਕਿ ਵਿਸ਼ਵ ਜੰਗ ਲੱਗ ਗਈ ਸੀ। 1920 ਵਿਚ ਐਂਟਵਰਪ, 1924 ਪੈਰਿਸ, 1928 ਐਮਸਟਰਡਮ, 1932 ਲਾਸ ਏਂਜਲਸ ਤੇ 1936 ਬਰਲਿਨ ਵਿਚ ਹੋਈਆਂ। 1940 ਤੇ 1944 ਦੀਆਂ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਚੜ੍ਹ ਗਈਆਂ। 1948 ਵਿਚ ਲੰਡਨ, 1952 ਹੈਲਸਿੰਕੀ, 1956 ਮੈਲਬੌਰਨ, 1960 ਰੋਮ ਤੇ 1964 ਵਿਚ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਓ ਵਿਚ ਹੋਈਆਂ। 1968 ਵਿਚ ਮੈਕਸੀਕੋ, 1972 ਮਿਊਨਿਖ, 1976 ਮੌਂਟਰੀਅਲ, 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ, 1992 ਬਾਰਸੀਲੋਨਾ, 1996 ਐਟਲਾਂਟਾ, 2000 ਸਿਡਨੀ, 2004 ਏਥਨਜ਼, 2008 ਬੀਜਿੰਗ, 2012 ਵਿਚ ਲੰਡਨ ਤੇ 2016 ਵਿਚ ਰੀਓ ਡੀ ਜਨੀਰੋ ਵਿਚ ਓਲੰਪਿਕ ਖੇਡਾਂ ਹੋਈਆਂ।
ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਮਹਾਂਦੀਪ ਏਸ਼ੀਆ ਵਿਚ ਓਲੰਪਿਕ ਖੇਡਾਂ ਕੇਵਲ 4 ਵਾਰ ਹੋਈਆਂ ਹਨ। ਪਹਿਲੀ ਵਾਰ ਟੋਕੀਓ, ਦੂਜੀ ਵਾਰ ਸਿਓਲ, ਤੀਜੀ ਵਾਰ ਬੀਜਿੰਗ ਤੇ ਚੌਥੀ ਵਾਰ ਟੋਕੀਓ। 2016 ਦੀਆਂ ਓਲੰਪਿਕ ਖੇਡਾਂ ਪਹਿਲੀ ਵਾਰ ਦੱਖਣੀ ਅਮਰੀਕਾ ਦੇ ਸ਼ਹਿਰ ਰੀਓ ਡੀ ਜਨੀਰੋ ਵਿਚ ਹੋਈਆਂ। 2028 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਤੇ 2032 ਦੀਆਂ ਖੇਡਾਂ ਬ੍ਰਿਜ਼ਬੇਨ ਵਿਖੇ ਹੋਣਗੀਆਂ। ਭਾਰਤ ਨੇ ਓਲੰਪਿਕ ਖੇਡਾਂ ਕਰਾਉਣ ਦੀ ਕਦੇ ਪੇਸ਼ਕਸ਼ ਨਹੀਂ ਕੀਤੀ ਹਾਲਾਂ ਕਿ ਆਬਾਦੀ ਪੱਖੋਂ ਹੁਣ ਇਹ ਵਿਸ਼ਵ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸ ਵਿਚ ਦੁਨੀਆ ਦੀ ਛੇਵਾਂ ਹਿੱਸਾ ਮਨੁੱਖੀ ਆਬਾਦੀ ਵਸਦੀ ਹੈ।
ਲੰਡਨ, ਪੈਰਿਸ ਤੇ ਲਾਸ ਏਂਜਲਸ ਤਿੰਨ ਐਸੇ ਸ਼ਹਿਰ ਹਨ ਜਿਥੇ ਓਲੰਪਿਕ ਖੇਡਾਂ ਤਿੰਨ ਵਾਰ ਹੋਈਆਂ ਜਾਂ ਹੋਣ ਜਾ ਰਹੀਆਂ ਹਨ। ਓਲੰਪਿਕ ਖੇਡਾਂ ਦੁਨੀਆ ਦਾ ਸਭ ਤੋਂ ਸੋਹਣਾ, ਸਿਹਤਮੰਦ ਤੇ ਨਰੋਆ ਜੋੜ ਮੇਲਾ ਹੁੰਦੀਆਂ ਹਨ। ਇਸ ਮੇਲੇ `ਚ ਦੁਨੀਆਂ ਭਰ ਦੀ ਜੁਆਨੀ ਦੇ ਜ਼ੋਰ ਤੇ ਜੁਗਤ ਦੇ ਦਰਸ਼ਨ ਹੁੰਦੇ ਹਨ। ਓਲੰਪਿਕ ਖੇਡਾਂ ਵਿਚ ਨਾ ਰੰਗ ਦਾ ਵਿਤਕਰਾ ਹੁੰਦੈ, ਨਾ ਨਸਲ ਦਾ, ਨਾ ਦੇਸ਼ ਦਾ ਤੇ ਨਾ ਹੀ ਕੌਮ ਜਾਂ ਜਾਤ ਦਾ।
ਬੀਜਿੰਗ ਓਲੰਪਿਕ-2008 ਦੀ ਤਗ਼ਮਾ ਸੂਚੀ ਵਿਚ ਭਾਰਤ ਦਾ 50ਵਾਂ ਨੰਬਰ ਸੀ। ਲੰਡਨ-2012 ਵਿਚ 55ਵੇਂ ਥਾਂ ਰਿਹਾ ਤੇ ਰੀਓ-2016 ਦੀ ਮੈਡਲ ਸੂਚੀ ਵਿਚ 67ਵੇਂ ਥਾਂ ਜਾ ਪਿਆ ਸੀ। 2016 ਵਿਚ ਰੀਓ ਦੀ ਅੰਤਮ ਤਗ਼ਮਾ ਸੂਚੀ ਅਨੁਸਾਰ ਅਮਰੀਕਾ ਨੇ 46 ਸੋਨੇ, 37 ਚਾਂਦੀ, 38 ਤਾਂਬੇ, ਬਰਤਾਨੀਆ ਨੇ 27, 13, 17, ਚੀਨ ਨੇ 26, 18, 26, ਰੂਸ 19, 18, 19, ਜਰਮਨੀ 17, 19, 15, ਜਾਪਾਨ 12, 8, 21, ਫਰਾਂਸ 10, 18, 14, ਦੱਖਣੀ ਕੋਰੀਆ 9, 3, 9, ਇਟਲੀ 8, 12, 8 ਤੇ ਆਸਟ੍ਰੇਲੀਆ ਨੇ 8, 11, 8, ਤਗਮੇ ਜਿੱਤੇ ਸਨ। ਭਾਰਤ ਨੇ ਕੇਵਲ 1 ਚਾਂਦੀ ਤੇ 1 ਤਾਂਬੇ ਦਾ ਤਗ਼ਮਾ ਜਿੱਤਿਆ ਸੀ। 59 ਦੇਸ਼ ਐਸੇ ਸਨ ਜਿਨ੍ਹਾਂ ਨੇ 1 ਜਾਂ ਵੱਧ ਗੋਲਡ ਮੈਡਲ ਹਾਸਲ ਕੀਤੇ। 73 ਮੁਲਕਾਂ ਨੇ ਚਾਂਦੀ ਤੇ 87 ਮੁਲਕਾਂ ਦੇ ਖਿਡਾਰੀਆਂ ਨੇ ਕਾਂਸੀ ਦੇ ਮੈਡਲ ਜਿੱਤੇ। ਇਓਂ 87 ਮੁਲਕਾਂ ਦੇ ਖਿਡਾਰੀ ਜਿੱਤ-ਮੰਚ `ਤੇ ਚੜ੍ਹੇ। ਦੁਨੀਆ ਦੇ 206 ਮੁਲਕਾਂ ਤੇ 1 ਰੀਫਿਊਜ਼ੀ ਦਲ `ਚੋਂ 120 ਦੇਸ਼ ਖਾਲੀ ਹੱਥ ਰਹੇ। ਉਥੇ 48% ਮੈਡਲ ਯੂਰਪ, 22% ਅਮਰੀਕਾ, 21% ਏਸ਼ੀਆ, 5% ਅਫਰੀਕਾ ਤੇ 5% ਓਸ਼ਨੀਆ ਮਹਾਂਦੀਪ ਦੇ ਖਿਡਾਰੀਆਂ ਨੇ ਜਿੱਤੇ।
ਟੋਕੀਓ `ਚ ਅਮਰੀਕਾ ਤੇ ਚੀਨ ਵਿਚਕਾਰ ਵਧੇਰੇ ਮੈਡਲ ਜਿੱਤਣ ਦਾ ਮੁਕਾਬਲਾ ਅਖ਼ੀਰਲੇ ਦਿਨ ਤਕ ਚਲਦਾ ਰਿਹਾ ਸੀ। ਆਖ਼ਰੀ ਦਿਨ ਅਮਰੀਕਾ ਬਾਜ਼ੀ ਮਾਰ ਗਿਆ ਸੀ। ਅਮਰੀਕਾ ਦੇ ਖਿਡਾਰੀਆਂ ਨੇ 39 ਸੋਨੇ, 41 ਚਾਂਦੀ, 33 ਤਾਂਬੇ, ਚੀਨ 38, 32, 18, ਜਾਪਾਨ 27, 14, 17, ਬਰਤਾਨੀਆ 22, 21,22, ਰੂਸ 20, 28, 23, ਆਸਟ੍ਰੇਲੀਆ 17, 07, 22, ਨੀਦਰਲੈਂਡਜ਼ 10, 12, 14, ਫਰਾਂਸ 10, 12, 11, ਜਰਮਨੀ 10, 11, 16, ਇਟਲੀ 10, 10, 20 ਤੇ ਕੈਨੇਡਾ 7, 6, 11 ਜਦ ਕਿ ਭਾਰਤ ਨੇ 1 ਸੋਨੇ, 2 ਚਾਂਦੀ ਤੇ 4 ਤਾਂਬੇ ਦੇ ਤਗ਼ਮੇ ਜਿੱਤੇ ਸਨ। ਨੀਰਜ ਚੋਪੜਾ ਨੇ ਗੋਲਡ ਮੈਡਲ, ਮੀਰਬਾਈ ਚੰਨੂੰ ਤੇ ਰਵੀ ਦਾਹੀਆ ਨੇ ਸਿਲਵਰ, ਪੀਵੀ ਸਿੰਧੂ, ਲਵਲੀਨਾ, ਬਜਰੰਗ ਪੂਨੀਆ ਤੇ ਮਰਦਾਂ ਦੀ ਹਾਕੀ ਟੀਮ ਨੇ ਬਰਾਂਜ਼ ਮੈਡਲ ਜਿੱਤੇ। ਇੰਜ ਭਾਰਤ ਪਹਿਲਾਂ ਨਾਲੋਂ ਵੱਧ ਤਗ਼ਮੇ ਜਿੱਤ ਸਕਿਆ ਜਿਸ ਦੀ ਖ਼ੁਸ਼ੀ ਵੀ ਵਧੇਰੇ ਮਨਾਈ। ਖ਼ਾਸ ਖ਼ੁਸ਼ੀ ਅਥਲੈਟਿਕਸ ਦਾ ਗੋਲਡ ਮੈਡਲ ਤੇ ਹਾਕੀ ਦਾ ਬਰਾਂਜ਼ ਮੈਡਲ ਜਿੱਤਣ ਦੀ ਸੀ।
ਅਫਰੀਕਾ ਮਹਾਂਦੀਪ ਵਿਚ ਓਲੰਪਿਕ ਖੇਡਾਂ ਕਦੇ ਵੀ ਨਹੀਂ ਹੋਈਆਂ। ਉਂਜ ਓਲੰਪਿਕ ਖੇਡਾਂ ਦੇ ਆਪਸ ਵਿਚ ਪ੍ਰੋਏ ਪੰਜ ਚੱਕਰ ਪੰਜਾਂ ਮਹਾਂਦੀਪਾਂ ਦੀ ਨੁਮਾਇੰਦਗੀ ਕਰਦੇ ਹਨ। ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ਵਿਚ 43 ਵਿਸ਼ਵ ਰਿਕਾਰਡ ਟੁੱਟੇ ਸਨ, ਲੰਡਨ ਵਿਚ 30, ਰੀਓ ਵਿਚ 19 ਜਦ ਕਿ ਟੋਕੀਓ ਵਿਚ 17 ਵਰਲਡ ਰਿਕਾਰਡ ਟੁੱਟੇ।
ਟੋਕੀਓ ਵਿਚ ਮਰਦਾਂ ਦੀਆਂ ਟੀਮ ਖੇਡਾਂ ਵਿਚੋਂ ਹਾਕੀ ਦਾ ਓਲੰਪਿਕ ਚੈਂਪੀਅਨ ਬੈਲਜੀਅਮ, ਫੁੱਟਬਾਲ ਦਾ ਬ੍ਰਾਜ਼ੀਲ, ਵਾਲੀਬਾਲ ਦਾ ਫਰਾਂਸ, ਬਾਸਕਟਬਾਲ ਦਾ ਅਮਰੀਕਾ, ਹੈਂਡਬਾਲ ਦਾ ਫਰਾਂਸ ਤੇ ਵਾਟਰ ਪੋਲੋ ਦਾ ਸਰਬੀਆ ਬਣਿਆ ਸੀ। ਔਰਤਾਂ ਦੀਆਂ ਟੀਮ ਖੇਡਾਂ ਵਿਚ ਬਾਸਕਟਬਾਲ ਦੀ ਚੈਂਪੀਅਨ ਟੀਮ ਅਮਰੀਕਾ, ਵਾਲੀਬਾਲ ਦੀ ਵੀ ਅਮਰੀਕਾ, ਤੇ ਵਾਟਰ ਪੋਲੋ ਦੀ ਵੀ ਅਮਰੀਕਾ ਬਣੀ। ਹਾਕੀ ਦੀ ਨੀਦਰਲੈਂਡਜ਼, ਫੁੱਟਬਾਲ ਦੀ ਕੈਨੇਡਾ ਤੇ ਹੈਂਡਬਾਲ ਦੀ ਫਰਾਂਸ। 1896 ਤੋਂ 2021 ਤਕ ਹੋਈਆਂ 29 ਓਲੰਪਿਕ ਖੇਡਾਂ ਵਿਚੋਂ ਅਮਰੀਕਾ ਨੇ 27 ਓਲੰਪਿਕ ਖੇਡਾਂ ਵਿਚ ਭਾਗ ਲੈਂਦਿਆਂ 1051 ਸੋਨੇ, 830 ਚਾਂਦੀ, 733 ਤਾਂਬੇ, ਕੁਲ 2614 ਤਗ਼ਮੇ ਜਿੱਤ ਕੇ ਵਿਸ਼ਵ `ਤੇ ਝੰਡੀ ਕੀਤੀ ਹੋਈ ਹੈ। ਸੋਵੀਅਤ ਰੂਸ ਨੇ 10 ਓਲੰਪਿਕ ਖੇਡਾਂ ਵਿਚ ਭਾਗ ਲੈ ਕੇ ਕੁਲ 1010 ਤਗ਼ਮੇ, ਬਰਤਾਨੀਆ ਨੇ 28 ਖੇਡਾਂ ਵਿਚੋਂ 851 ਅਤੇ ਚੀਨ ਨੇ 10 ਖੇਡਾਂ ਵਿਚੋਂ 546 ਤਗ਼ਮੇ ਜਿੱਤੇ ਹਨ। ਫਰਾਂਸ ਦੇ 28 ਖੇਡਾਂ ਵਿਚੋਂ 716, ਇਟਲੀ ਨੇ 27 ਖੇਡਾਂ `ਚੋਂ 577, ਜਰਮਨੀ ਨੇ 16 ਖੇਡਾਂ ਚੋਂ 615, ਹੰਗਰੀ ਨੇ 26 ਖੇਡਾਂ `ਚੋਂ 491, ਪੂਰਬੀ ਜਰਮਨੀ ਨੇ 5 ਖੇਡਾਂ `ਚੋਂ 409, ਆਸਟ੍ਰੇਲੀਆ ਨੇ 28 ਖੇਡਾਂ `ਚੋਂ 554, ਰੂਸ ਨੇ 6 ਖੇਡਾਂ `ਚੋਂ 426, ਜਾਪਾਨ ਨੇ 22 ਖੇਡਾਂ `ਚੋਂ 439, ਦੱਖਣੀ ਕੋਰੀਆ ਨੇ 17 ਖੇਡਾਂ `ਚੋਂ 267, ਕੈਨੇਡਾ ਨੇ 26 ਖੇਡਾਂ `ਚੋਂ 302 ਅਤੇ ਗ਼ੁਲਾਮ ਇੰਡੀਆ ਤੇ ਆਜ਼ਾਦ ਭਾਰਤ ਨੇ 25 ਖੇਡਾਂ `ਚੋਂ 35 ਤਗ਼ਮੇ ਜਿੱਤੇ ਹਨ। ਉਨ੍ਹਾਂ ਵਿਚੋਂ ਵੀ ਦੋ ਤਗ਼ਮੇ ਬਰਤਾਨਵੀ ਅਥਲੀਟ ਨਾਰਮਨ ਪ੍ਰਿਚਰਡ ਦੇ ਹਨ।
ਭਾਰਤ ਨੇ ਬੀਜਿੰਗ ਤੋਂ 3 ਮੈਡਲ ਜਿੱਤੇ ਸਨ, ਲੰਡਨ ਤੋਂ 6 ਪਰ ਰੀਓ ਤੋਂ 2 ਮੈਡਲ ਹੀ ਜਿੱਤ ਸਕਿਆ ਸੀ। ਟੋਕੀਓ ਤੋਂ ਜ਼ਰੂਰ 7 ਮੈਡਲ ਜਿੱਤੇ। ਬ੍ਰਿਟਿਸ਼ ਇੰਡੀਆ ਤੇ ਆਜ਼ਾਦ ਭਾਰਤ ਨੇ ਓਲੰਪਿਕ ਖੇਡਾਂ `ਚੋਂ ਹੁਣ ਤਕ 10 ਗੋਲਡ, 9 ਸਿਲਵਰ ਤੇ 16 ਬਰਾਂਜ਼ ਮੈਡਲ ਜਿੱਤੇ ਹਨ। ਗੋਲਡ ਮੈਡਲਾਂ ਵਿਚ 8 ਹਾਕੀ ਦੇ ਹਨ ਅਤੇ 1 ਸ਼ੂਟਿੰਗ ਤੇ 1 ਅਥਲੈਟਿਕਸ ਦਾ ਹੈ। ਬਾਕੀ ਮੈਡਲ ਹਾਕੀ, ਸ਼ੂਟਿੰਗ, ਕੁਸ਼ਤੀ, ਮੁੱਕੇਬਾਜ਼ੀ, ਟੈਨਿਸ, ਵੇਟ ਲਿਫਟਿੰਗ ਤੇ ਬੈਡਮਿੰਟਨ ਦੇ ਹਨ।
ਆਸਟ੍ਰੇਲੀਆ ਦੀ ਆਬਾਦੀ ਇਕ ਕਰੋੜ ਦੇ ਆਸ ਪਾਸ ਹੈ ਪਰ ਉਹ 497 ਮੈਡਲ ਜਿੱਤ ਚੁੱਕੈ। ਸਾਢੇ ਤਿੰਨ ਕਰੋੜ ਲੋਕਾਂ ਦਾ ਮੁਲਕ ਕੈਨੇਡਾ 302 ਮੈਡਲਾਂ `ਤੇ ਪਹੁੰਚ ਗਿਐ। ਹੁਣ ਤਕੜੇ ਮਾੜੇ ਦਾ ਨਿਰਣਾ ਜੰਗੇ ਮੈਦਾਨ ਦੀ ਥਾਂ ਖੇਡ ਮੈਦਾਨ ਵਿਚ ਹੁੰਦਾ ਹੈ। 29 ਵਾਰ ਹੋਈਆਂ ਓਲੰਪਿਕ ਖੇਡਾਂ ਰਾਹੀਂ ਅਮਰੀਕਾ ਨੇ 18 ਵਾਰ ਵਿਸ਼ਵ `ਤੇ ਝੰਡੀ ਕੀਤੀ ਹੈ। 7 ਵਾਰ ਸੋਵੀਅਤ ਦੇਸ਼ ਨੇ ਜੇਤੂ ਪਰਚਮ ਲਹਿਰਾਇਆ ਹੈ। ਇਕ ਵਾਰ ਫਰਾਂਸ, ਇਕ ਵਾਰ ਬਰਤਾਨੀਆ, ਇਕ ਵਾਰ ਜਰਮਨੀ ਤੇ ਇਕ ਵਾਰ ਚੀਨ ਨੇ ਝੰਡੇ ਗੱਡੇ ਹਨ। ਖੇਡਾਂ ਦੇ ਰਿਕਾਰਡ ਹਰੇਕ ਓਲੰਪਿਕਸ ਵਿਚ ਟੁੱਟਦੇ ਆ ਰਹੇ ਹਨ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿਚ ਇਕ ਕੁਇੰਟਲ ਵਜ਼ਨ ਦਾ ਬਾਲਾ ਕੱਢਣ ਨਾਲ ਹੀ ਗੋਲਡ ਮੈਡਲ ਮਿਲ ਗਿਆ ਸੀ ਜੋ ਹੁਣ ਢਾਈ ਕੁਇੰਟਲ ਵਜ਼ਨ ਦਾ ਬਾਲਾ ਕੱਢਣ ਨਾਲ ਵੀ ਨਹੀਂ ਮਿਲਦਾ! ਟੋਕੀਓ ਵਿਚ ਜਾਰਜੀਆ ਦੇ ਲਾਸ਼ਾ ਤਲਖਾਡਜ਼ ਨੇ 265 ਕਿਲੋਗਰਾਮ ਦਾ ਬਾਲਾ ਕੱਢ ਕੇ ਗੋਲਡ ਮੈਡਲ ਜਿੱਤਿਆ ਸੀ। ਉਂਜ ਉਸ ਦਾ ਵਿਸ਼ਵ ਰਿਕਾਰਡ 267 ਕਿਲੋ ਵਜ਼ਨ ਦੀ ਜਰਕ ਲਾਉਣ ਦਾ ਹੈ। ਮਨੁੱਖ ਦਿਨੋ ਦਿਨ ਹੋਰ ਜ਼ੋਰਾਵਰ ਤੇ ਜੁਗਤੀ ਹੋ ਰਿਹੈ ਜਿਸ ਕਰਕੇ ਕੋਈ ਵੀ ਰਿਕਾਰਡ ਅਟੁੱਟ ਨਹੀਂ ਰਹਿੰਦਾ। ਓਲੰਪਿਕ ਖੇਡਾਂ ਦਾ ਤਾਂ ਮਾਟੋ ਹੀ ਹੈ: ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ!
ਸ੍ਰਿਸ਼ਟੀ ਬੜਾ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਸ ਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ, ਭੁੱਲ-ਭੁਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਐ ਤੇ ਬਾਜ਼ੀ ਪਾ ਰੱਖੀ ਹੈ, ਬਾਜ਼ੀਗਰ ਬਾਜ਼ੀ ਪਾਈ ਸਭ ਖਲਕ ਤਮਾਸ਼ੇ ਆਈ।