ਬਹੁਪੱਖੀ ਸ਼ਖਸੀਅਤ ਬਾਬਾ ਬੁੱਢਾ ਜੀ

ਪ੍ਰੋæ ਜੋਗਿੰਦਰ ਸਿੰਘ ਰਮਦੇਵ
ਸਿੱਖ ਪਰੰਪਰਾ ਵਿਚ ਬਾਬਾ ਬੁੱਢਾ ਦਾ ਸਤਿਕਾਰਯੋਗ ਸਥਾਨ ਹੈ ਪਰ ਉਨ੍ਹਾਂ ਦੇ ਜੀਵਨ ਬਾਰੇ ਲਿਖਤੀ ਜਾਣਕਾਰੀ ਬਹੁਤ ਘੱਟ ਮਿਲਦੀ ਹੈ। ਬਾਬਾ ਬੁੱਢਾ ਇਕੱਲੇ ਐਸੇ ਵਿਅਕਤੀ ਸਨ ਜਿਨ੍ਹਾਂ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ, ਗੁਰੂ ਅਰਜਨ ਦੇਵ, ਗੁਰੂ ਹਰਿਗੋਬਿੰਦ ਤੇ ਗੁਰੂ ਹਰਿ ਰਾਇ ਤੇ ਗੁਰੂ ਤੇਗ ਬਹਾਦਰ, ਭਾਵ ਅੱਠਾਂ ਪਾਤਸ਼ਾਹੀਆਂ ਦੇ ਨਾਂ ਸਿਰਫ਼ ਦਰਸ਼ਨ ਕੀਤੇ ਸਗੋਂ ਪੰਜ ਪਾਤਸ਼ਾਹੀਆਂ ਨੂੰ ਆਪਣੇ ਹੱਥਾਂ ਨਾਲ ਤਿਲਕ ਲਗਾਉਣ ਦੀ ਖੁਸ਼ੀ ਵੀ ਲਈ।
ਸਭ ਤੋਂ ਪਹਿਲਾਂ 17ਵੀਂ ਸਦੀ ਦੇ ਸ਼ੁਰੂ ਵਿਚ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਆਪ ਦਾ ਜ਼ਿਕਰ ਮਿਲਦਾ ਹੈ ਜਿਸ ਤੋਂ ਬਾਬਾ ਬੁੱਢਾ ਬਾਰੇ ਉਨ੍ਹਾਂ ਦੇ ਸਿੱਖ ਇਤਿਹਾਸ ਵਿਚ ਪ੍ਰਸਿੱਧ ਸਥਾਨ ਦਾ ਵਰਣਨ ਆਉਂਦਾ ਹੈ। ਭਾਈ ਗੁਰਦਾਸ ਗੁਰੂ ਨਾਨਕ ਦੇ ਸਿੱਖਾਂ ਦਾ ਵਰਣਨ ਕਰਦਿਆਂ 19ਵੀਂ ਪਉੜੀ ਦੀ ਚੌਥੀ ਲਾਈਨ ਵਿਚ ਬਾਬੇ ਬੁੱਢੇ ਦਾ ਉਲੇਖ ਜਿਥੇ ਅਜਿਤੇ ਰੰਧਾਵੇ ਨੂੰ ਭਲਾ ਕਿਹਾ ਹੈ, ਉਥੇ ਬਾਬੇ ਬੁੱਢਾ ਨੂੰ ਇਕ ਮਨ ਹੋ ਕੇ ਈਸ਼ਵਰ ਦੇ ਨਾਂ ਨੂੰ ਧਿਆਨ ਵਾਲਾ ਉਲੀਕਿਆ ਹੈ।
ਜਿਤਾ ਰੰਧਾਵਾ ਭਲਾ ਹੈ
ਬੂੜਾ ਬੁੱਢਾ ਇਕ ਮਨਿ ਧਿਆਵੈ॥
ਇਸ ਤੋਂ ਛੁੱਟ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਪੁਰਾਣੇ ਖਰੜਿਆਂ ਵਿਚ ਵੀ ਉਨ੍ਹਾਂ ਦਾ ਜ਼ਿਕਰ ਆਉਂਦਾ ਹੈ। ਮਹਾਨ ਕੋਸ਼ ਅਨੁਸਾਰ ਬਾਬਾ ਬੁੱਢਾ ਦਾ ਜਨਮ 1506 ਈæ 6 ਅਕਤੂਬਰ ਦਿਨ ਮੰਗਲਵਾਰ ਨੂੰ ਭਾਈ ਸੁੱਖਾ ਦੇ ਘਰ ਮਾਤਾ ਗੌਰਾ ਦੀ ਕੁੱਖੋਂ ਪਿੰਡ ਕਥੂਨੰਗਲ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਬੂੜਾ ਸੀ ਅਤੇ ਬਚਪਨ ਕਥੂਨੰਗਲ ਹੀ ਬੀਤਿਆ। ਬਾਅਦ ਵਿਚ ਮਾਤਾ ਪਿਤਾ ਨਾਲ ਪਿੰਡ ਰਾਮਦਾਸ ਵਿਚ ਆ ਵਸੇ। ਉਸ ਸਮੇਂ ਉਹ 12 ਸਾਲਾਂ ਦੇ ਸਨ। ਸੰਮਤ 1575 ਵਿਚ ਜਗਤ ਗੁਰੂ ਨਾਨਕ ਦੇਵ ਵਿਚਰਦੇ ਹੋਏ ਬੂੜਾ ਦੇ ਪਿੰਡ ਵੱਲ ਆਏ ਤਾਂ ਇਹ ਪਸ਼ੂ ਚਾਰਦੇ ਹੋਏ, ਪ੍ਰੇਮ ਭਾਵ ਨਾਲ ਗੁਰੂ ਦੀ ਸੇਵਾ ਵਿਚ ਦੁੱਧ ਦਾ ਛੰਨਾ ਲੈ ਕੇ ਹਾਜ਼ਰ ਹੋਏ। ਬੜੀਆਂ ਹੀ ਵਿਵੇਕ ਵਿਰਾਗ ਦੀਆਂ ਗੱਲਾਂ ਸੁਣਾਈਆਂ। ਸਤਿਗੁਰੂ ਨੇ ਫਰਮਾਇਆ ਕਿ ਤੇਰੀ ਉਮਰ ਭਾਵੇਂ ਛੋਟੀ ਹੈ ਪਰ ਸਮਝ ਕਰ ਕੇ ਬੁੱਢਾ ਹੈਂ। ਉਸ ਦਿਨ ਤੋਂ ਉਨ੍ਹਾਂ ਦਾ ਨਾਂ ਬੁੱਢਾ ਪ੍ਰਸਿੱਧ ਹੋਇਆ। ਬਾਬਾ ਬੁੱਢਾ ਨੇ ਸਿੱਖੀ ਧਾਰਨ ਕਰ ਕੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ ਗੁਰੂ ਘਰ ਵਿਚ ਵੱਡਾ ਮਾਣ ਪਾਇਆ। ਉਹ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੱਕ ਜਿਉਂਦੇ ਰਹੇ।
ਬਾਬਾ ਬੁੱਢਾ ਦਾ ਵਿਆਹ ਕਥੂਨੰਗਲ ਵਿਖੇ 1580 ਬਿਕਰਮੀ ਫੱਗਣ 15 (1538 ਈæ ਵਿਚ) ਐਤਵਾਰ ਨੂੰ ਅਚਲ (ਬਟਾਲੇ) ਵਿਚ ਸਮਰਾਹ ਗੋਤ ਦੀ ‘ਮਿਰਆ’ ਨਾਲ ਹੋਇਆ। ਬਾਬਾ ਦੇ ਘਰ ਚਾਰ ਪੁੱਤਰ ਹੋਏ। ਪਹਿਲੇ ਪੁੱਤਰ ਸੁਧਾਰੀ ਦਾ ਜਨਮ 1527 ਈæ, ਦੂਜੇ ਪੁੱਤਰ ਭਿਖਾਰੀ ਦਾ ਜਨਮ 1531 ਈæ ਤੀਜੇ ਪੁੱਤ ‘ਮਹਿਮ’ ਦਾ ਜਨਮ 1533 ਈæ ਅਤੇ ਚੌਥੇ ਪੁੱਤਰ ਭਾਨਾ ਦਾ ਜਨਮ 1536 ਈæ ਵਿਚ ਹੋਇਆ। ‘ਗੁਰਪ੍ਰਤਾਪ ਸੂਰਜ’ ਅਨੁਸਾਰ ਬਾਬਾ ਬੁੱਢਾ ਗੁਰੂ ਨਾਨਕ ਦੇਵ ਨਾਲ ਕਰਤਾਰਪੁਰ ਰਹਿ ਕੇ ਗੁਰੂ ਤੇ ਸੰਗਤ ਦੀ ਸੇਵਾ ਕਰਦੇ ਰਹੇ।
ਗੁਰੂ ਨਾਨਕ ਨੇ ਆਪਣਾ ਸਮਾਂ ਨੇੜੇ ਜਾਣ ‘ਜੋਤਿ’ ਭਾਈ ਲਹਿਣੇ ਵਿਚ ਪਰਵਿਰਤ ਕਰ ਦਿੱਤੀ। ਜੂਨ 1539 ਈæ ਵਿਚ ਉਨ੍ਹਾਂ ਨੂੰ ਆਪਣਾ ਅੰਗ ਜਾਣ ਉਨ੍ਹਾਂ ਨੂੰ ਗੁਰੂ ਅੰਗਦ ਬਣਾ ਦਿੱਤਾ। ਬਾਬਾ ਬੁੱਢਾ ਤੋਂ ਗੁਰਿਆਈ ਦਾ ਤਿਲਕ ਲਗਵਾ, ਉਨ੍ਹਾਂ ਆਪ ਗੁਰੂ-ਜੋਤਿ ਨੂੰ ਮੱਥਾ ਟੇਕਿਆ। ਅੰਗਦ ਦੇਵ ਨੂੰ ਗੱਦੀ ਮਿਲਣ ‘ਤੇ ਵਿਰੋਧ ਹੋਇਆ ਤਾਂ ਉਹ ਕਰਤਾਰਪੁਰ ਛੱਡ ਕੇ ਖਡੂਰ ਵੱਲ ਚਲੇ ਗਏ ਪਰ ਗੁਰੂ ਨਾ ਖਡੂਰ ਪੁੱਜੇ ਤੇ ਨਾ ਹੀ ਕਿਸੇ ਨੂੰ ਪਤਾ ਚਲਿਆ ਕਿ ਗੁਰੂ ਕਿਥੇ ਲੋਪ ਹੋ ਗਏ ਹਨ। ‘ਸੂਰਜ ਪ੍ਰਕਾਸ਼’ ਦੇ ਲਿਖਾਰੀ ਅਨੁਸਾਰ ਕੋਈ ਛੇ ਮਹੀਨੇ ਸੰਗਤਾਂ ਨੂੰ ਗੁਰੂ ਦੇ ਦਰਸ਼ਨ ਨਾ ਹੋਏ ਤਾਂ ਸਭ ਬਾਬਾ ਬੁੱਢਾ ਪਾਸ ਆਏ। ਬਾਬੇ ਨੂੰ ਵਰ ਸੀ ਕਿ “ਤੈਥੋਂ ਕਦੇ ਓਹਲੇ ਨਾ ਹੋਸਾਂ”, ਉਹ ਸਿੱਧੇ ਖਡੂਰ ਨੇੜੇ ਸੰਘਰ ਆਏ। ਉਥੇ ਮਾਤਾ ਵਿਗਈ ਨੂੰ ਮਿਲੇ। ‘ਮਹਿਮਾ ਪ੍ਰਕਾਸ਼’ ਵਿਚ ਲਿਖਿਆ ਹੈ ਕਿ ਮਾਤਾ ਵਿਗਈ ਨੂੰ ਆਗਿਆ ਕੀਤੀ ਹੋਈ ਸੀ ਕਿ “ਕੋਠੜੀ ਦਾ ਦਰਵਾਜ਼ਾ ਮੁੰਦ ਕੇ ਕੋਠੜੀ ਕੋ ਲੇਪ ਛਡਣਾ। ਜੋ ਸਾਡੀ ਖ਼ਬਰ ਪੁੱਛੇ ਤਾਂ ਦੱਸਣਾ ਨਹੀਂ।”
ਬਾਬਾ ਬੁੱਢਾ ਨੇ ਦਰਵਾਜ਼ਾ ਖੋਲਿਆ ਤੇ ਸਿੱਖ ਵਾੜੀ ਦੀ ਦੇਖ-ਭਾਲ ਤੇ ਸੰਭਾਲ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਗੁਰ ਸੰਗਤ ਨਵ ਜਨਮੇ ਬੂਟੇ ਉਤੇ ਹੱਲੇ ਕਰ ਰਹੀ ਹੈ, ਸੰਨਿਆਸੀ ਇਕੱਠੇ ਹੋ ਗਏ ਹਨ। ਇਸ ਸਮੇਂ ਅਗਵਾਈ ਦੀ ਲੋੜ ਹੈ। ਗੁਰੂ ਅੰਗਦ ਨੇ ਬੇਨਤੀ ਸਵੀਕਾਰ ਕੀਤੀ ਅਤੇ ਅਜਿਹੇ ਉਪਰਾਲੇ ਕੀਤੇ ਕਿ ਸਿੱਖੀ ਦੀ ਮਹਿਕ ਸਾਰੇ ਮਾਝੇ ਵਿਚ ਫੈਲ ਗਈ। ਬਾਬਾ ਬੁੱਢਾ ਇਲਾਕੇ ਵਿਚ ਵਿਚਰੇ ਤੇ ਖਡੂਰ ਸਾਹਿਬ ਦਾ ਕੇਂਦਰ ਮਜ਼ਬੂਤ ਕੀਤਾ ਅਤੇ ਮਾਤਾ ਖੀਵੀ ਨਾਲ ਮਿਲ ਕੇ ਲੰਗਰ ਦੀ ਸੰਭਾਲ ਕਰਦੇ ਰਹੇ।
ਗੁਰੂ ਅੰਗਦ ਨੇ ਆਪਣਾ ਸਮਾਂ ਨੇੜੇ ਜਾਣ ਗੁਰੂ ਗੱਦੀ ਅਮਰ ਦਾਸ ਨੂੰ ਸੌਂਪੀ ਤੇ ਆਪ 29 ਮਾਰਚ ਸੰਨ 1552 ਨੂੰ ਜੋਤੀ ਜੋਤਿ ਸਮਾ ਗਏ। ਪੁੱਤਰਾਂ ਨੇ ਆਪਣੇ ਹੱਕ ਜਤਾਏ ਪਰ ਗੁਰੂ ਅੰਗਦ ਨੇ ਇਹ ਆਖ ਕੇ ‘ਪੰਡ ਉਠਾਉਣ ਜੋਗ ਮੈ ਇਹ ਹੀ ਡਿਠਾ’ ਕਹਿ ਕੇ ਗੱਲ ਮੁਕਾ ਦਿੱਤੀ। ਆਪਣੇ ਹੱਥੀਂ ਗੁਰੂ ਅਮਰ ਦਾਸ ਨੂੰ ਤਖ਼ਤ ‘ਤੇ ਬਿਠਾ ਕੇ ਮੱਥਾ ਟੇਕਿਆ ਤੇ ਸ਼ਬਦ ਖ਼ਜ਼ਾਨਾ ਬਖ਼ਸ਼ ਦਿੱਤਾ। ਬਾਬਾ ਬੁੱਢਾ ਨੂੰ ਤਿਲਕ ਲਗਾਉਣ ਦੀ ਆਗਿਆ ਦਿੱਤੀ। ਦਾਤੂ ਤੇ ਦਾਸੂ ਨੇ ਵਿਰੋਧ ਕੀਤਾ ਅਤੇ ਆਪ ਗੋਇੰਦਵਾਲ ਚਲੇ ਗਏ ਪਰ ਉਥੇ ਵੀ ਇਕ ਦਿਨ ਭਰੇ ਦਰਬਾਰ ਵਿਚ ਦਾਤੂ ਨੇ ਗੁਰੂ ਅਮਰਦਾਸ ਨੂੰ ਲੱਤ ਕੱਢ ਮਾਰੀ ਪਰ ਨਿਮਰਤਾ ਤੇ ਸ਼ਾਂਤੀ ਦੇ ਪੁੰਜ ਨੇ ਚਰਨ ਫੜ ਲਏ ਤੇ ਘੁੱਟਣ ਲੱਗੇ ਤੇ ਮੁੱਖੋਂ ਫਰਮਾਇਆ, ‘ਆਪ ਦੇ ਚਰਨ ਕੋਮਲ, ਮੇਰੇ ਹੱਡ ਕਰੜੇ।’ ਦੂਜੇ ਦਿਨ ਗੋਇੰਦਵਾਲ ਛੱਡ ਬਾਸਰਕੇ ਚਲੇ ਗਏ।
ਸੰਗਤਾਂ ਨੂੰ ਜਦ ਗੁਰੂ ਪਾਤਸ਼ਾਹ ਦੇ ਦਰਸ਼ਨ ਨਾ ਹੋਏ ਤਾਂ ਸੰਗਤਾਂ ਵਿਆਕੁਲ ਹੋ ਗਈਆਂ। ਡਾਵਾਂ-ਡੋਲ ਸੰਗਤਾਂ ਦਾ ਧਿਆਨ ਮੁੜ ਬਾਬਾ ਬੁੱਢਾ ਵੱਲ ਗਿਆ। ਬਾਬਾ ਬੁੱਢਾ ਨੇ ਵਿਉਂਤ ਬਣਾਈ। ਗੁਰੂ ਦੀ ਘੋੜੀ ਅੱਗੇ ਲਾ, ਪਿੱਛੇ ਨੂੰ ਤੁਰ ਪਏ। ਘੋੜੀ ਬਾਸਰਕੇ ਜਾ ਕੇ ਇਕ ਕੋਠੇ ਅੱਗੇ ਰੁਕੀ। ਉਸ ਦੇ ਦਰਵਾਜ਼ੇ ਅੱਗੇ ਪਾਤਸ਼ਾਹ ਦੇ ਹੱਥਾਂ ਦਾ ਲਿਖਿਆ ਸੀ, “ਜੇ ਕੋਈ ਇਹ ਦਰ ਖੋਲ੍ਹੇਗਾ, ਉਹ ਸਾਡਾ ਸਿੱਖ ਨਹੀਂ ਹੋਵੇਗਾ ਤੇ ਅਸੀਂ ਉਸ ਦੇ ਗੁਰੂ ਨਹੀਂ ਰਹਾਂਗੇ।” ਸੰਗਤ ਤਾਂ ਇਹ ਪੜ੍ਹ ਕੇ ਹੋਰ ਘਾਬਰ ਗਈ ਪਰ ਬਾਬਾ ਬੁੱਢਾ ਮੁਸਕਰਾ ਪਏ ਤੇ ਰਮਜ਼ ਸਮਝ ਗਏ। ਉਨ੍ਹਾਂ ਪਿਛਲੇ ਪਾਸਿਉਂ ਪੱਛਮ ਵਿਚ ਸੰਨ੍ਹ ਮਾਰੀ ਤੇ ਉਸੇ ਮਘੋਰੇ ਵਿਚੋਂ ਸਭ ਤੋਂ ਪਹਿਲਾਂ ਕੋਠੇ ਅੰਦਰ ਚਲੇ ਗਏ। ਗੁਰੂ ਬਾਬਾ ਬੁੱਢਾ ਨੂੰ ਵੇਖ ਕੇ ਮੁਸਕਰਾ ਪਏ। ਬਾਬਾ ਬੁੱਢਾ ਨੇ ਗੁਰੂ ਦੇ ਚਰਨ ਛੋਹੇ ਅਤੇ ਰਮਜ਼ ਖੋਲ੍ਹ ਦਿੱਤੀ ਕਿ ਅਸਾਂ ਆਪ ਦਾ ਹੁਕਮ ਮੰਨਿਆ ਹੈ ਤੇ ਦਰਵਾਜ਼ਾ ਨਹੀਂ ਖੋਲ੍ਹਿਆ। ਸੰਗਤਾਂ ਨੇ ਉਚੀ ਆਖਿਆ,
ਧੰਨ ਭਾਈ ਬੁੱਢਾ, ਜਿਨ ਗੁਰੂ ਲੱਧਾ।
ਉਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਜੋ ਸੰਨ੍ਹ ਸਾਹਿਬ ਨਾਂ ਨਾਲ ਪ੍ਰਸਿੱਧ ਹੈ। ਕੋਠੇ ਦਾ ਦਰਵਾਜ਼ਾ ਪੱਛਮ ਵੱਲ ਹੈ ਤੇ ਸੰਨ੍ਹ ਪੂਰਵ ਦਿਸ਼ਾ ਵੱਲ ਹੈ। ਅੰਦਰ ਮੰਜੀ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਦਾ ਨਿਤ ਪ੍ਰਕਾਸ਼ ਹੁੰਦਾ ਹੈ, ਪੁਜਾਰੀ ਨਿਰਮਲੇ ਸਿੰਘ ਹਨ। ਗੁਰੂ ਅਮਰ ਦਾਸ ਨੇ ਜਦ ਵੇਖਿਆ ਕਿ ਸੁੱਚ-ਭਿੱਟ, ਊਚ-ਨੀਚ ਤੇ ਛੂਤ-ਛਾਤ ਕਾਰਨ ਮਨੁੱਖ, ਮਨੁੱਖ ਤੋਂ ਘਿਰਣਾ ਕਰਦਾ ਹੈ ਤਾਂ ਉਨ੍ਹਾਂ ਉਸ ਦੇ ਸਦੀਵੀ ਹੱਲ ਲਈ ਬਾਉਲੀ ਬਣਾਉਣੀ ਚਾਹੀ ਜਿਥੇ ਹਰ ਧਰਮ, ਹਰ ਜਾਤ, ਹਰ ਇਲਾਕੇ ਦਾ ਮਨੁੱਖ ਇਸ਼ਨਾਨ ਕਰੇ, ਵਿਤਕਰਿਆਂ ਰੂਪੀ ਚੌਰਾਸੀ ਤੋਂ ਮੁਕਤ ਹੋ ਸਕੇ। ਗੁਰੂ ਸਾਹਿਬ ਨੇ 1552 ਈæ ਵਿਚ ਬਾਬਾ ਬੁੱਢਾ ਪਾਸੋਂ ਬਾਉਲੀ ਦਾ ਟੱਕ ਲਗਵਾਇਆ। ਇਸ ਪਵਿੱਤਰ ਕਾਰਜ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਵੀ ਬਾਬਾ ਬੁੱਢਾ ਜੀ ਨੂੰ ਸੌਂਪ ਦਿੱਤੀ। ਛੇ ਸਾਲ ਬਾਉਲੀ ਸਾਹਿਬ ਦੀ ਸਮਾਪਤੀ ਵਿਚ ਲੱਗੇ।
ਗੁਰੂ ਅਮਰ ਦਾਸ ਨੇ ਸਿੱਖੀ ਦੇ ਪ੍ਰਚਾਰ ਖੇਤਰ ਵਧਾਉਣ ਤੇ ਨਿਯਮਬੱਧ ਕਰਨ ਹਿਤ 22 ਮੰਜੀਆਂ ਦੀ ਸਥਾਪਨਾ ਕੀਤੀ। ਇਸ ਮੰਜੀ ਪ੍ਰਥਾ ਦੇ ਮੁੱਖ ਪ੍ਰਬੰਧਕ ਬਾਬਾ ਬੁੱਢਾ ਜੀ ਹੀ ਸਨ।
ਚੌਥੇ ਗੁਰੂ ਰਾਮਦਾਸ ਜਦ ਗੁਰਗੱਦੀ ‘ਤੇ ਬੈਠੇ ਤਾਂ ਉਨ੍ਹਾਂ ਨੂੰ ਤਿਲਕ ਵੀ ਬਾਬਾ ਬੁੱਢਾ ਨੇ ਹੀ ਲਾਇਆ ਸੀ। ਤੀਜੇ ਗੁਰੂ ਦਾ ਸੰਸਕਾਰ ਵੀ ਉਨ੍ਹਾਂ ਆਪਣੇ ਹੱਥੀਂ ਕੀਤਾ। ਗੁਰੂ ਰਾਮਦਾਸ ਨੇ ਜਦੋਂ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਬਾਬਾ ਬੁੱਢਾ ਦੇ ਹੱਥਾਂ ਨਾਲ ਅਰੰਭ ਕਰਵਾਈ। ਅੰਮ੍ਰਿਤਸਰ ਸਰੋਵਰ ਦੇ ਨਿਰਮਾਣ ਦੀ ਜ਼ਿੰਮੇਵਾਰੀ ਵੀ ਬਾਬਾ ਬੁੱਢਾ ਨੂੰ ਸੌਂਪੀ ਗਈ। ਉਹ ਪਰਿਕਰਮਾ ਵਿਚ ਬੇਰੀ ਹੇਠ ਬੈਠ ਇਸ ਕੰਮ ਦੀ ਦੇਖ-ਭਾਲ ਕਰਦੇ ਸਨ। ਉਹ ਬੇਰੀ ਅੱਜ ਵੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਮੌਜੂਦ ਹੈ ਅਤੇ ਬੇਰੀ ਬਾਬਾ ਬੁੱਢਾ ਦੇ ਨਾਂ ਨਾਲ ਪ੍ਰਸਿੱਧ ਹੈ।
ਸ੍ਰੀ ਗੁਰੂ ਅਰਜਨ ਦੇਵ ਸੰਨ 1581 ਈæ ਵਿਚ ਗੁਰਗੱਦੀ ‘ਤੇ ਬੈਠੇ ਤਾਂ ਰੀਤੀ ਅਨੁਸਾਰ ਤਿਲਕ ਇਕ ਵਾਰ ਫਿਰ ਬਾਬਾ ਬੁੱਢਾ ਨੇ ਲਗਾਇਆ। ਗੁਰੂ ਅਰਜਨ ਦੇਵ ਦੇ ਹਿਰਦੇ ਵਿਚ ਬਾਬਾ ਬੁੱਢਾ ਲਈ ਇੰਨਾ ਸਤਿਕਾਰ ਸੀ ਕਿ ਜਦੋਂ ਮਾਤਾ ਗੰਗਾ ਨੇ ਪਤੀ ਤੋਂ ਪੁੱਤਰ-ਯਾਚਨਾ ਕੀਤੀ ਤਾਂ ਪਤੀ ਨੇ ਪੁੱਤਰ ਵਰਗਾ ਮਿੱਠਾ ਮੇਵਾ ਸੰਤਾਂ ਦੀ ਸੇਵਾ ਵਿਚ ਪ੍ਰਾਪਤ ਕਰਨ ਦਾ ਆਦੇਸ਼ ਕੀਤਾ। ਜਦ ਗੰਗਾ ਸ਼ਾਹੀ ਠਾਠ-ਬਾਠ ਨਾਲ ਰੱਥਾਂ ਉਤੇ ਸਵਾਰ ਹੋ ਕੇ ਬੀੜ ਸਾਹਿਬ ਪੁੱਜੇ ਅਤੇ ਬਾਬਾ ਬੁੱਢਾ ਵੱਲੋਂ ਕਿਸੇ ਵੀ ਅਸ਼ੀਰਵਾਦ ਦਾ ਇਸ਼ਾਰਾ ਨਾ ਮਿਲਿਆ ਤਾਂ ਘਰ ਪੁੱਜ ਕੇ ਗੁਰੂ ਅਰਜਨ ਦੇਵ ਨੂੰ ਸਾਰੀ ਗੱਲ ਦੱਸੀ। ਅੱਗਿਉਂ ਗੁਰੂ ਨੇ ਕਿਹਾ, “ਗੰਗਾ ਗੁਰੂ ਘਰ ਵਿਚ ਰਹਿੰਦਿਆਂ ਤੁਹਾਨੂੰ ਇੰਨਾ ਪਤਾ ਨਹੀਂ ਲੱਗਾ ਕਿ ਸੰਤਾਂ ਦੀ ਸੇਵਾ ਵਿਚ ਮਾਣ ਨਾਲ ਨਹੀਂ, ਨਿਮਰਤਾ ਨਾਲ ਜਾਈਦਾ ਹੈ। ਫਿਰ ਆਪਣੀ ਪਤਨੀ ਨੂੰ ਆਪਣੇ ਹੱਥੀਂ ਪੀਹਣ, ਪਕਾਉਣ, ਪੈਦਲ ਤੁਰ ਕੇ ਜਾਣ ਦੀ ਸਲਾਹ ਦਿੱਤੀ। ਇਸ ਗੱਲ ਦਾ ਉਲੇਖ ਮਿਲਦਾ ਹੈ ਕਿ ਗੁਰੂ ਹਰਿਗੋਬਿੰਦ ਦੇ ਜਨਮ ਸਮੇਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਨੂੰ ਨਾਲ ਲੈ ਕੇ ਵਧਾਈ ਦੇਣ ਲਈ ਆਪ ਪੁੱਜੇ ਸਨ। ਗੁਰੂ ਹਰਿਗੋਬਿੰਦ ਜੀ ਨੂੰ ਵਿਦਿਆ ਦੇਣ ਦੇ ਕੰਮ ਦੀ ਜ਼ਿੰਮੇਵਾਰੀ ਵੀ ਬਾਬਾ ਬੁੱਢਾ ਨੂੰ ਸੌਂਪੀ ਗਈ।
ਗੁਰੂ ਅਰਜਨ ਦੇਵ ਦੀ ਗੱਦੀ-ਨਸ਼ੀਨੀ ਸਮੇਂ ਵੀ ਉਨ੍ਹਾਂ ਦੇ ਵੱਡੇ ਭਾਈ ਬਾਬਾ ਪ੍ਰਿਥੀ ਚੰਦ ਨੇ ਬਹੁਤ ਬੁਰਾ ਮਨਾਇਆ। ਪਿਤਾ ਗੁਰੂ ਰਾਮਦਾਸ ਨੂੰ ਵੀ ਬੜਾ ਦੁਖੀ ਕੀਤਾ। ਭਾਈ ਗੁਰਦਾਸ ਦੇ ਸਮਝਾਉਣ ਦਾ ਵੀ ਕੋਈ ਫਰਕ ਨਾ ਪਿਆ। ਇਥੋਂ ਤੱਕ ਕਿ ਭਾਈ ਗੁਰਦਾਸ ਨੇ ‘ਮੀਣਾ’ ਤਕ ਦਾ ਸ਼ਬਦ ਪਰਤਿਆ। ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ‘ਤੇ ਪ੍ਰਿਥੀ ਚੰਦ ਨੂੰ ਬਹੁਤ ਦੁੱਖ ਹੋਇਆ। ਅਰੰਭ ਵਿਚ ਉਸ ਨੂੰ ਉਮੀਦ ਸੀ ਕਿ ਸ਼ਾਇਦ ਉਨ੍ਹਾਂ ਦੇ ਬੇਟੇ ਮਨੋਹਰ ਦਾਸ ਮਿਹਰਬਾਨ ਨੂੰ ਗੱਦੀ ਮਿਲ ਜਾਏ ਕਿਉਂ ਜੋ ਮਿਹਰਬਾਨ ਵੀ ਗੁਰੂ ਅਰਜਨ ਦੇਵ ਦੇ ਬੜਾ ਨੇੜੇ ਸਨ। ਚੰਗੇ ਕੀਰਤਨੀਏ ਤੇ ਬਾਣੀ ਦੇ ਰਸੀਆ ਸਨ ਤੇ ਗੁਰੂ ਅਰਜਨ ਦੇਵ ਵੀ ਇਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ ਪਰ ਹਰਿਗੋਬਿੰਦ ਸਾਹਿਬ ਦੇ ਜਨਮ ਨੇ ਇਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।
ਪ੍ਰਿਥੀ ਚੰਦ ਨੇ ਜਦ ਇਹ ਡਿੱਠਾ ਕਿ ਮਿਹਰਬਾਨ ਦੀ ਗੱਲ ਹੁਣ ਨਹੀਂ ਬਣਨੀ ਤਾਂ ਉਸ ਨੇ ਬਾਲਕ ਗੁਰੂ ਹਰਿਗੋਬਿੰਦ ‘ਤੇ ਮਾਰੂ ਵਾਰ ਕਰਨੇ ਸ਼ੁਰੂ ਕਰ ਦਿੱਤੇ। ਵਾਹਿਗੁਰੂ ਦੀ ਮਿਹਰ ਸਦਕਾ ਉਸ ਦੇ ਸਾਰੇ ਵਾਰ ਖਾਲੀ ਗਏ। ਗੁਰੂ ਅਰਜਨ ਦੇਵ ਬਾਲਕ “ਗੁਰੂ” ਨੂੰ ਅੰਮ੍ਰਿਤਸਰ ਲੈ ਆਏ। ਜਦ ਉਹ ਪੰਜ ਸਾਲ ਦੇ ਹੋਏ ਤਾਂ ਅੱਖਰੀ ਵਿੱਦਿਆ ਦਾ ਕਾਰਜ ਬਾਬਾ ਦੇ ਸਪੁਰਦ ਕੀਤਾ ਗਿਆ। ਉਹ ਘੋੜ ਸਵਾਰੀ ਵਿਚ ਅਜਿਹੇ ਤਾਕ ਹੋ ਗਏ ਕਿ ਕੋਈ ਉਨ੍ਹਾਂ ਨਾਲ ਘੋੜ ਸਵਾਰੀ ਵਿਚ ਮੁਕਾਬਲਾ ਨਾ ਕਰ ਸਕਦਾ। ਪ੍ਰਿਥੀ ਚੰਦ ਆਪਣੇ ਮੰਤਵ ਵਿਚ ਕਾਮਯਾਬੀ ਮਿਲਦੀ ਨਾ ਵੇਖ ਕੇ ‘ਹੇਹਠੀ’ ਤੁਰ ਗਏ ਤੇ ਉਥੇ ਆਪਣਾ ਵੱਖ ‘ਹਰਿਮੰਦਰ’ ਉਸਾਰ ਲਿਆ ਤੇ ਛੋਟੀਆਂ ਸਾਜ਼ਿਸ਼ਾਂ ਤੋਂ ਬਾਅਦ ਵੱਡੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਪਹਿਲਾਂ ਬੀਰਬਲ ਰਾਹੀਂ, ਫੇਰ ਸੁਲਹੀ ਖਾਨ ਤੇ ਸੁੱਲਭੀ ਖਾਨ ਨਾਲ ਮਿਲ ਕੇ ਹੱਲੇ ਕਰਾਉਣੇ ਚਾਹੇ ਪਰ ਕਿਸੇ ਪਾਸੇ ਵੀ ਕਾਮਯਾਬੀ ਹਾਸਲ ਨਾ ਹੋਈ। ਆਖਿਰ ਅਕਬਰ ਪਾਸ ਸ਼ਿਕਾਇਤ ਕੀਤੀ ਗਈ ਕਿ ਗੁਰੂ ਅਰਜਨ ਅਜਿਹਾ ਗ੍ਰੰਥ ਤਿਆਰ ਕਰ ਰਹੇ ਹਨ ਜਿਸ ਵਿਚ ਹਿੰਦੂਆਂ, ਮੁਸਲਮਾਨਾਂ ਵਿਰੁਧ ਲਿਖਿਆ ਹੋਇਆ ਹੈ। ਅਕਬਰ ਨੇ ਗੁਰੂ ਅਰਜਨ ਦੇਵ ਨੂੰ ਬਟਾਲਾ ਬੁਲਾ ਭੇਜਿਆ। ਅਕਬਰ 1598 ਈæ ਵਿਚ ਗੁਰੂ ਅਰਜਨ ਦੇਵ ਨੂੰ ਗੋਇੰਦਵਾਲ ਮਿਲ ਕੇ ਭਾਵੇਂ ਸ਼ਲਾਘਾ ਕਰ ਚੁੱਕਾ ਸੀ ਪਰ ਸ਼ਿਕਾਇਤ ਦੀ ਨਵਿਰਤੀ ਜ਼ਰੂਰੀ ਸੀ। ਗੁਰੂ ਜੀ ਨੇ ਭਾਈ ਬੁੱਢਾ ਤੇ ਭਾਈ ਗੁਰਦਾਸ ਨੂੰ ਭੇਜਿਆ। ਅਕਬਰ ਬਾਦਸ਼ਾਹ ਨੇ ਦੋਵੇਂ ਪੱਖ ਸੁਣਨ ਉਪਰੰਤ (ਗੁਰੂ) ਗ੍ਰੰਥ ਸਾਹਿਬ ਨੂੰ ਤਾਜ਼ੀਮ ਦੇ ਲਾਇਕ ਪੁਸਤਕ ਆਖ ਕੇ ਸਿਰ ਨਿਵਾਇਆ ਤੇ ਮੁਹਰਾਂ ਭੇਟ ਕੀਤੀਆਂ ਅਤੇ ਸਤਿਕਾਰ ਨਾਲ ਵਿਦਾ ਕੀਤਾ।
ਗੁਰੂ ਅਰਜਨ ਦੇਵ ਨੇ ਸਮੁੱਚੀ ਮਾਨਵਤਾ ਦੇ ਉਦਾਰ ਹਿਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਤਿਆਰ ਕੀਤਾ। ਕਾਫ਼ੀ ਸੋਚ ਵਿਚਾਰ ਕਰਕੇ ਗੁਰੂ ਜੀ ਨੇ ਬਾਬਾ ਬੁੱਢਾ ਨੂੰ ਮੁੱਖ ਗ੍ਰੰਥੀ ਦੀ ਸੇਵਾ ਸੌਂਪਣ ਦਾ ਫੈਸਲਾ ਲਿਆ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਸ਼ਬਦਾਂ ਵਿਚ,
ਕਰਤ ਵਿਚਾਰ ਇਹ ਠਹੁਰਾਈ।
ਬੁੱਢਾ ਸੇਵਾ ਨਿਪੁਨਾਈ।
ਗੁਰੂ ਨਾਨਕ ਇਨ ਦਰਸ਼ਨ ਕਰੇ।
ਸੇਵਾ ਮੈਂ ਅਤਿ ਹਿਤ ਇਹ ਧਰੇ।
ਜਦ ਪਾਵਨ ਆਦਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ ਤਾਂ ਮੁੱਖ ਗ੍ਰੰਥੀ ਬਾਬਾ ਬੁੱਢਾ ਨੂੰ ਨੀਯਤ ਕੀਤਾ ਗਿਆ ਅਤੇ ਬਾਬਾ ਬੁੱਢਾ ਨੇ ਪਹਿਲਾ ਵਾਕ ਸੰਗਤਾਂ ਨੂੰ ਸਰਵਣ ਕਰਵਾਇਆ। ਜਦ ਵਾਕ ਦੇ ਸ਼ਬਦ ਉਨ੍ਹਾਂ ਦੇ ਮੁੱਖ ਤੋਂ ਨਿਕਲੇ ਤਾਂ ਸਾਰਿਆਂ ਦੇ ਨੇਤਰਾਂ ਵਿਚ ਸ਼ੁਕਰਾਨੇ ਦਾ ਜਲ ਭਰ ਆਇਆ। ਪਹਿਲਾ ਵਾਕ ਸੀ,
ਮਹਲਾ 5
ਵਿਚਿ ਕਰਤਾ ਪੁਰਖੁ ਖਲੋਆ॥
ਵਾਲੁ ਨ ਵਿੰਗਾ ਹੋਆ॥
æææ
ਬਾਬਾ ਨਾਨਕ ਪ੍ਰਭ ਸਰਣਾਈ॥
ਸਭ ਚਿੰਤਾ ਗਣਤ ਮਿਟਾਈ॥
ਸੱਚਮੁੱਚ ਕੌਮ ਦੀਆਂ ਚਿੰਤਾਵਾਂ ਗੁਰੂ ਅਰਜਨ ਦੇਵ ਨੇ ਮਿਟਾ ਦਿੱਤੀਆਂ ਸਨ। ਜਿਸ ਕੌਮ ਕੋਲ ਕੇਂਦਰ, ਗ੍ਰੰਥ ਤੇ ਨਾਮ ਸ਼ਕਤੀ ਸੀ, ਉਸ ਨੂੰ ਹੁਣ ਕੋਈ ਤਾਕਤ ਉਖਾੜ ਨਹੀਂ ਸਕਦੀ ਸੀ।
ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਪਿੱਛੋਂ ਗੁਰੂ ਹੁਕਮ ਅਨੁਸਾਰ ਬਾਬਾ ਬੁੱਢਾ ਨੇ ਗੁਰੂ ਹਰਿਗੋਬਿੰਦ ਨੂੰ ਗੁਰਿਆਈ ਦਾ ਤਿਲਕ ਦਿੱਤਾ ਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਤਾਂ ਜੋ ਜ਼ਾਲਮ ਤੇ ਜਾਬਰ ਹਕੂਮਤ ਦੀਆਂ ਵਧੀਕੀਆਂ ਦਾ ਮੁਕਾਬਲਾ ਕੀਤਾ ਜਾ ਸਕੇ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਸ਼ਹੀਦ ਗੁਰੂ ਪਿਤਾ ਦੀ ਇੱਛਾ ਅਨੁਸਾਰ ਹਰ ਤਰ੍ਹਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਬਾਬਾ ਬੁੱਢਾ ਤੋਂ ਰਖਵਾਈ ਗਈ। ਗੁਰੂ ਹਰਿਗੋਬਿੰਦ ਸਾਹਿਬ ਨੇ ਇਤਨੀ ਇਹਤਿਆਤ ਵਰਤੀ ਕਿ ਕਿਸੇ ਮਿਸਤਰੀ ਦਾ ਹੱਥ ਨਾ ਲਗੇ। ਤਖਤ ਅਕਾਲ ਦਾ ਹੈ, ਇਸ ਦੀ ਉਸਾਰੀ ਕਰਨ ਵਾਲੇ ਵੀ ਅਕਾਲ ਦੇ ਸਹੀ ਪੁਰਖ ਹੋਣੇ ਚਾਹੀਦੇ ਹਨ। ਗੁਰੂ ਹਰਿਗੋਬਿੰਦ ਗਾਰਾ ਲਿਆਂਦੇ, ਬਾਬਾ ਬੁੱਢਾ ਇੱਟਾਂ ਫੜਾਉਂਦੇ ਤੇ ਭਾਈ ਗੁਰਦਾਸ ਉਸਾਰੀ ਕਰੀ ਜਾਂਦੇ। ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿਚ ਲਿਖਿਆ ਹੈ,
ਕਿਸੀ ਰਾਜ ਨਹਿ ਹਾਥ ਲਗਾਯੋ,
ਬੁੱਢਾ ਔ ਗੁਰਦਾਸ ਬਨਾਯੋ।
ਅਕਾਲ ਤਖਤ ਦੀ ਉਚਾਈ ਜਾਣ ਬੁੱਝ ਕੇ ਇਕ ਨੇਜ਼ਾ ਉਚੀ 12 ਫੁੱਟ ਰੱਖੀ ਗਈ। ਅੰਮ੍ਰਿਤਸਰ ਨੂੰ ਪਨਾਹ ਬਣਾ ਦਿੱਤਾ ਤੇ ਚਾਰੇ ਪਾਸੇ ਇਹ ਫਰਮਾਨ ਘੱਲ ਦਿੱਤੇ ਕਿ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ, ਅੱਛਾ ਘੋੜਾ ਤੇ ਉਠਦੀ ਜਵਾਨੀ ਹੈ। ਕੁਝ ਲੋਕਾਂ ਕਿੰਤੂ ਕੀਤੇ ਪਰ ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਨਾਲ ਰਲ ਕੇ ਮੂੰਹ-ਤੋੜ ਉਤਰ ਦਿੱਤਾ। ਇਸ ਸਭ ਦਾ ਸਿੱਟਾ ਗੁਰੂ ਹਰਿਗੋਬਿੰਦ ਸਾਹਿਬ ਦੀ ਗ੍ਰਿਫ਼ਤਾਰੀ ਵਿਚ ਨਿਕਲਿਆ। ਗੁਰੂ ਜੀ ਨੂੰ ਗਵਾਲੀਅਰ ਕਿਲ੍ਹੇ ਭੇਜ ਦਿੱਤਾ ਗਿਆ। ਇਕ ਸੌ ਤਿੰਨ ਸਾਲਾਂ ਦੇ ਹੋਣ ਦੇ ਬਾਵਜੂਦ ਬਾਬਾ ਬੁੱਢਾ ਟਿਕ ਕੇ ਨਹੀਂ ਬੈਠੇ। ਗੁਰੂ ਦੀ ਯਾਦ ਰੱਖਣ ਲਈ ਉਨ੍ਹਾਂ ਚੌਕੀਆਂ ਦੀ ਰੀਤੀ ਚਲਾਈ। ਮੁਸਲਮਾਨ ਸਮਕਾਲੀ ਇਤਿਹਾਸਕਾਰ ਹਸਨ ਫਾਨੀ ਦੇ ਕਹਿਣ ਅਨੁਸਾਰ ਸੰਗਤਾਂ ਇੰਨੀਆਂ ਬਿਹਬਲ ਹੋਈਆਂ ਕਿ ਉਨ੍ਹਾਂ ਦੇ ਜਥੇ ਗਵਾਲੀਅਰ ਪੁੱਜਦੇ। ਸਿੱਖ ਇਤਿਹਾਸ ਮੁਤਾਬਿਕ ਬਾਬਾ ਬੁੱਢਾ ਬਹੁਤ ਵੱਡੀ ਚੌਕੀ ਨਾਲ ਗਵਾਲੀਅਰ ਪੁੱਜੇ। ਬਾਬਾ ਜੀ ਨੇ ਜਿਥੇ ਸਿੱਖਾਂ ਨੂੰ ਗੁਰੂ ਭਾਲਣ ਦਾ ਵਲ ਸਿਖਾਇਆ ਸੀ, ਉਥੇ ਚੌਕੀਆਂ ਕੱਢ ਗੁਰੂ ਨੂੰ ਸਦਾ ਹਾਜ਼ਰ ਨਾਜ਼ਰ ਕਰਨ ਦਾ ਢੰਗ ਵੀ ਸਿਖਾ ਦਿੱਤਾ। ਇਹੀ ਕਾਰਨ ਲਗਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ‘ਚੌਕੀਆਂ ਜੁਗੋ ਜੁਗ ਅਟੱਲ’ ਹੋਣ ਦਾ ਵਰ ਦਿੱਤਾ ਸੀ। ਇੱਧਰ ਬਾਬਾ ਬੁੱਢਾ ਨੇ ਉਤਸ਼ਾਹ ਕਾਇਮ ਰੱਖਿਆ, ਉਧਰ ਮੀਆ ਮੀਰ ਜੀ, ਵਜ਼ੀਰ ਖਾਨ ਤੇ ਨੂਰ ਜਹਾਨ ਦੇ ਜ਼ੋਰ ਦੇਣ ਨਾਲ ਗੁਰੂ ਹਰਿਗੋਬਿੰਦ ਸਾਹਿਬ ਨੂੰ 1612 ਈæ ਵਿਚ ਰਿਹਾ ਕਰ ਦਿੱਤਾ ਗਿਆ।
ਗੁਰੂ ਹਰਿਗੋਬਿੰਦ ਸਾਹਿਬ ਦੇ ਵਾਪਸ ਪੁੱਜਣ ਉਤੇ ਜੋ ਸਵਾਗਤ ਸੰਗਤਾਂ ਨੇ ਕੀਤਾ, ਉਸ ਦੀ ਯਾਦ ਅੱਜ ਤੱਕ ਮਨਾਈ ਜਾਂਦੀ ਹੈ। ਬਾਬਾ ਬੁੱਢਾ ਨੇ ਗੁਰੂ ਹਰਿਗੋਬਿੰਦ ਸਾਹਿਬ ਕੋਲੋਂ “ਬੀੜ” ਜਾਣ ਦੀ ਆਗਿਆ ਲਈ ਤੇ ਆਪਣੇ ਪੁੱਤਰ ਭਾਈ ਭਾਨਾ ਨੂੰ ਗੁਰੂ ਦੇ ਹਵਾਲੇ ਕੀਤਾ।
ਬਾਬਾ ਬੁੱਢਾ ਦੇ ਸਾਰੇ ਜੀਵਨ ਵਿਚ ਕੋਈ ਵੀ ਅਜਿਹੀ ਘਟਨਾ ਦ੍ਰਿਸ਼ਟੀਗੋਚਰ ਨਹੀਂ ਹੁੰਦੀ ਜਦੋਂ ਉਨ੍ਹਾਂ ਨੇ ਗੁਰੂ ਘਰ ਵੱਲੋਂ ਮੂੰਹ ਮੋੜਿਆ ਹੋਵੇ। ਉਨ੍ਹਾਂ ਆਦਰਸ਼ ਸੇਵਕ ਵਾਂਗ ਤਨ, ਮਨ ਤੇ ਧਨ-ਸਭ ਕੁਝ ਗੁਰੂ ਅੱਗੇ ਅਰਪਣ ਕਰ ਦਿੱਤਾ। ਇਸੇ ਕਾਰਨ ਹੀ ਗੁਰੂ ਸਾਹਿਬਾਨ ਵੱਲੋਂ ਆਪ ਨੂੰ ਪੂਰਨ ਸਤਿਕਾਰ ਦਿੱਤਾ ਜਾਂਦਾ ਰਿਹਾ। ਸਾਈ ਮੀਆਂ ਮੀਰ ਦੇ ਕਹਿਣ ‘ਤੇ ਕਿ ਇਕ ਮਜ਼ਲੂਮ ਲੜਕੀ ਤੇ ਸਿੱਖੀ ਪ੍ਰਤੀ ਸ਼ਰਧਾ ਕਾਰਨ ਜ਼ੁਲਮ ਹੋ ਰਿਹਾ ਹੈ, ਇਸ ਦੀ ਰੱਖਿਆ ਕਰੋ; ਗੁਰੂ ਸਾਹਿਬ ਕੌਲਾਂ ਨੂੰ ਲਾਹੌਰ ਤੋਂ ਅੰਮ੍ਰਿਤਸਰ ਲੈ ਆਏ ਅਤੇ ਉਥੇ ਉਸ ਦੇ ਰਹਿਣ ਦਾ ਪ੍ਰਬੰਧ ਕਰਾ ਦਿੱਤਾ। ਇਸ ਤੋਂ ਇਲਾਵਾ ਉਹ ਕੌਲਾਂ ਕੋਲ ਵੀ ਨਿਤ ਪ੍ਰਤੀ ਜਾਂਦੇ ਹੁੰਦੇ ਸਨ। ਗੁਰੂ ਦੇ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ ਜਿਸ ਦਾ ਪਤਾ ਪ੍ਰਮੁੱਖ ਸਿੱਖਾਂ ਨੂੰ ਵੀ ਲੱਗਾ। ਉਨ੍ਹਾਂ ਸਾਰਿਆਂ ਵਿਚਾਰ ਕੀਤੀ ਕਿ ਕੇਵਲ ਬਾਬਾ ਬੁੱਢਾ ਹਨ ਜੋ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਹਿ ਸਕਦੇ ਹਨ ਜਿਨ੍ਹਾਂ ਦਾ ਕਹਿਣਾ ਗੁਰੂ ਸਾਹਿਬ ਕਦਾਚਿਤ ਨਹੀਂ ਮੋੜ ਸਕਦੇ।
ਭਾਈ ਕਿਸ਼ਨਾ, ਤੀਰਥ, ਤਖਤੂ, ਨਿਹਾਲੂ ਅਤੇ ਤਿਲੋਕਾ-ਪੰਜ ਸਿੱਖ ਬਾਬਾ ਬੁੱਢਾ ਨੂੰ ਮਿਲਣ ‘ਬੀੜ ਸਾਹਿਬ’ ਵਲ ਤੁਰ ਪਏ। ਸਿੱਖਾਂ ਨੇ ਜਾ ਕੇ ਸਾਰੀ ਗੱਲ ਦੱਸੀ। ਬਾਬਾ ਜੀ ਬਹੁਤ ਬਿਰਧ ਹੋ ਚੁੱਕੇ ਸਨ, ਫਿਰ ਵੀ ਉਨ੍ਹਾਂ ਦੇ ਹਿਰਦੇ ਅੰਦਰ ਗੁਰੂ ਘਰ ਦੇ ਪਿਆਰ ਦਾ ਤੇਜ਼ ਦਰਿਆ ਵਗਦਾ ਸੀ। ਉਹ ਉਸੇ ਵੇਲੇ ਸਿੱਖਾਂ ਨਾਲ ਤੁਰ ਪਏ। ਗੁਰੂ ਜੀ ਨੇ ਬਾਬਾ ਜੀ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ  ਉਨ੍ਹਾਂ ਨੇ ਸਾਰੀ ਗੱਲ ਦੱਸ ਦਿੱਤੀ। ਗੁਰੂ ਜੀ ਨੇ ਕਿਹਾ, “ਠੀਕ ਹੈ, ਜਿਵੇਂ ਤੁਹਾਡਾ ਸਭ ਦਾ ਹੁਕਮ ਹੈ।” ਬੀਬੀ ਕੌਲਾਂ ਗੁਰੂ ਦੇ ਹੁਕਮ ਅਨੁਸਾਰ ਕਰਤਾਰਪੁਰ ਚਲੇ ਗਏ ਅਤੇ ਪੰਦਰਾਂ ਦਿਨਾਂ ਬਾਅਦ ਹੀ ਉਹ ਸੰਮਤ 1686 ‘ਚ ਅਕਾਲ ਚਲਾਣਾ ਕਰ ਗਏ। ਕਰਤਾਰਪੁਰ ਵਿਚ ਹੀ ਉਨ੍ਹਾਂ ਦੀ ਸਮਾਧ ਹੈ। ਗੁਰੂ ਬਿਲਾਸ ਅਨੁਸਾਰ ਬਾਬਾ ਬੁੱਢਾ ਜੀ ਦੀ ਬੇਨਤੀ ‘ਤੇ ਹੀ ਗੁਰੂ ਹਰਿਗੋਬਿੰਦ ਸਾਹਿਬ ਨੇ ਕੌਲਸਰ (ਸਰੋਵਰ) ਦੀ ਖੁਦਾਈ ਦਾ ਟੱਕ ਲਗਾਇਆ ਸੀ। ਉਨ੍ਹਾਂ ਦੇ ਕਹਿਣ ‘ਤੇ ਹੀ ਗੁਰੂ ਸਾਹਿਬ ਨੇ ਬਿਬੇਕ ਸਰ ਦਾ ਟੱਕ ਲਗਾਇਆ ਸੀ। ਬਾਬਾ ਬੁੱਢਾ ਨੇ ਸਿਰ ‘ਤੇ ਚੁੱਕ ਕੇ ਸਰੋਵਰ ਦੀ ਕਾਰ (ਗਾਰ) ਕੱਢੀ ਅਤੇ ਨਾਲ ਗੁਰੂ ਦੇ ਗੁਣ ਗਾਉਂਦੇ ਰਹੇ।
ਬਾਬਾ ਬੁੱਢਾ ਬਹੁਤ ਬਿਰਧ ਹੋ ਚੁੱਕੇ ਸਨ। ਉਨ੍ਹਾਂ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਇਕ ਸਿੱਖ ਨੂੰ ਗੁਰੂ ਹਰਿਗੋਬਿੰਦ ਪਾਸ ਭੇਜਿਆ ਅਤੇ ਦਰਸ਼ਨ ਦੇਣ ਦੀ ਬੇਨਤੀ ਕੀਤੀ। ਗੁਰੂ ਭਾਈ ਗੁਰਦਾਸ ਤੇ ਹੋਰ ਅਨੇਕ ਸੂਰਮੇ ਨਾਲ ਲੈ ਕੇ ਰਾਮਦਾਸ ਪਹੁੰਚੇ। ਪਤਾ ਲੱਗਣ ‘ਤੇ ਬਾਬਾ ਬੁੱਢਾ ਗੁਰੂ ਨੂੰ ਅੱਗੇ ਲੈਣ ਜਾਣਾ ਚਾਹੁੰਦੇ ਹੋਏ ਵੀ ਬਿਰਧ ਹੋਣ ਕਰ ਕੇ ਨਾ ਜਾ ਸਕੇ। ਗੁਰੂ ਹਰਿਗੋਬਿੰਦ ਸਾਹਿਬ ਨੇ ਪਿਆਰ ਤੇ ਸਤਿਕਾਰ ਵਿਚ ਆ ਕੇ ਕਿਹਾ, “ਤੁਹਾਡੇ ਹਿਰਦੇ ਵਿਚ ਗੁਰੂ ਦਾ ਸ਼ਬਦ ਹੈ। ਗੁਰੂ ਅਰਜਨ ਨੇ ਕਿਹਾ ਹੈ ਜਿਨ੍ਹਾਂ ਗੁਰੂ ਨਾਨਕ ਦੇਵ ਦੇ ਦਰਸ਼ਨ ਕੀਤੇ ਹਨ ਤੇ ਉਨ੍ਹਾਂ ਦੀ ਸੰਗਤ ਮਾਣੀ ਹੈ, ਉਹ ਸੁਭਾਗੇ ਹਨ।”
ਅਗਲੇ ਦਿਨ ਹੀ ਬਾਬਾ ਬੁੱਢਾ ਨੇ ਜਪੁਜੀ ਦਾ ਪਾਠ ਕੀਤਾ ਤੇ ਗੁਰੂ ਹਰਿਗੋਬਿੰਦ ਜੀ ਦੇ ਸਾਹਮਣੇ ਹੀ ਚੜ੍ਹਾਈ ਕਰ ਗਏ। ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਦੇ ਮ੍ਰਿਤਕ ਸਰੀਰ ਨੂੰ ਆਪਣੀ ਹੱਥੀਂ ਚਿਤਾ ਉਤੇ ਰੱਖਿਆ।
ਚਿਖਾ ਉਪਰ ਜਬ ਹੀ ਧਰੀ ਸਾਹਿਬ ਬੁਢੇ ਦੇਹਿ॥
ਹਰਿਗੋਬਿੰਦ ਦੇ ਨੈਣ ‘ਤੇ ਚਲਯੋ ਨੀਰ ਸਨੇਹ॥
ਸੋ, ਬਾਬਾ ਬੁੱਢਾ ਨੇ ਅੱਠ ਗੁਰੂ ਸਾਹਿਬਾਨ ਦੇ ਸਾਖਿਆਤ ਦਰਸ਼ਨ ਕਰ, 125 ਸਾਲ ਦੀ ਉਮਰ ਭੋਗ 16 ਨਵੰਬਰ 1631 ਈæ ਨੂੰ ਅੰਤਮ ਸਵਾਸ ਤਿਆਗੇ।
ਸੰਖੇਪ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਬਾਬਾ ਬੁੱਢਾ ਸਮੇਂ ਦੀ ਨਜ਼ਾਕਤ ਨੂੰ ਸਮਝਣ ਵਾਲੇ ਸਨ। ਉਹ ਨਿਸ਼ਕਾਮ ਸੇਵਕ, ਵਧੀਆ ਨਿਗਰਾਨ, ਸਫ਼ਲ ਅਧਿਆਪਕ, ਨਿਸ਼ਕਪਟ, ਨਿਰਛਲ ਅਤੇ ਗੁਰੂ ਘਰ ਦੇ ਅਨਿੰਨ ਭਗਤ/ਸੇਵਕ ਹੋਏ ਹਨ ਜਿਨ੍ਹਾਂ ਨੇ ਆਪਣੇ ਜੀਵਨ ਦਾ ਮਨੋਰਥ ਗੁਰੂ ਘਰ ਦੀ ਸੇਵਾ ਹੀ ਰੱਖਿਆ। ਆਪ ਗੁਰੂ ਨਾਨਕ ਦੇ ਥਾਪੜੇ ਸਦਕਾ ਸਦਾ ਸੇਵਾ ਵਿਚ ਲੀਨ ਰਹਿਣ ਵਾਲੇ ਪਰਉਪਕਾਰੀ, ਬ੍ਰਹਮ ਗਿਆਨੀ, ਦੂਰ ਅੰਦੇਸ਼ ਅਤੇ ਵਿਦਵਾਨ ਸਨ ਤੇ ਸਿੱਖ ਧਰਮ ਦਾ ਪ੍ਰਚਾਰ ਅਤੇ ਪਸਾਰ ਕਰਨ ਵਾਲੇ ਮਹਾਨ ਉਸਰੱਈਏ ਰਹੇ ਹਨ।

Be the first to comment

Leave a Reply

Your email address will not be published.