ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਦੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਤਲਬ ਕੀਤਾ ਹੈ ਤੇ ਦੋਸ਼ਾਂ ਸਬੰਧੀ 15 ਦਿਨਾਂ ਵਿਚ ਸਪਸ਼ਟੀਕਰਨ ਦੇਣ ਲਈ ਕਿਹਾ ਹੈ। ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਵਿਖੇ ਹੋਈ ਇਕੱਤਰਤਾ ਵਿਚ ਇਹ ਮਾਮਲਾ ਵਿਚਾਰਿਆ ਗਿਆ।
ਇਸੇ ਤਰ੍ਹਾਂ ਹੀ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਫੈਸਲੇ ਨੂੰ ਸਹੀ ਠਹਿਰਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ 90 ਲੱਖ ਦੇ ਇਸ਼ਤਿਹਾਰਾਂ ਬਾਰੇ ਸਿੱਖ ਸੰਸਥਾ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ।
ਜਥੇਦਾਰ ਰਘਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਕੁਝ ਸੀਨੀਅਰ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਸ਼ਿਕਾਇਤ ਦਿੱਤੀ ਗਈ ਸੀ। ਇਸ ਵਿਚ ਉਨ੍ਹਾਂ ਦੋਸ਼ ਲਾਇਆ ਸੀ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ। ਉਨ੍ਹਾਂ ਨੂੰ ਇਨ੍ਹਾਂ ਦੋਸ਼ਾਂ ਸਬੰਧੀ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਸ੍ਰੀ ਅਕਾਲ ਤਖ਼ਤ ਵਿਖੇ ਨਿੱਜੀ ਤੌਰ ਉਤੇ ਪੇਸ਼ ਹੋ ਕੇ ਲਿਖਤੀ ਰੂਪ ਵਿਚ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਅਕਾਲੀ ਦਲ ਦੇ ਨਾਰਾਜ਼ ਆਗੂਆਂ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਜੀਤ ਕੌਰ ਲਾਂਡਰਾ, ਰਣਧੀਰ ਸਿੰਘ ਰੱਖੜਾ ਆਦਿ ਨੇ ਅਕਾਲ ਤਖ਼ਤ ਵਿਖੇ ਚਾਰ ਪੰਨਿਆਂ ਦੇ ਪੱਤਰ ਵਿਚ ਮੰਨਿਆ ਸੀ ਕਿ ਅਕਾਲੀ ਦਲ ਸਰਕਾਰ ਵੇਲੇ 2007 ਤੋਂ 2017 ਦਰਮਿਆਨ ਕਈ ਅਹਿਮ ਭੁੱਲਾਂ ਹੋਈਆਂ ਸਨ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਸੀ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇ ਮਾਮਲੇ ਨੂੰ ਜਾਇਜ਼ ਕਰਾਰ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਉਸ ਵੇਲੇ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਸਨ। ਦੱਸ ਦਈਏ ਕਿ ਇਸ ਸਮੇਂ ਅਕਾਲੀ ਦਲ ਵਿਚ ਵੱਡੇ ਪੱਧਰ ਉਤੇ ਬਗਾਵਤ ਉਠੀ ਹੋਈ ਹੈ। ਟਕਸਾਲੀ ਆਗੂਆਂ ਦਾ ਇਕ ਵੱਡਾ ਧੜਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਲਾਂਭੇ ਕਰਨ ਉਤੇ ਅੜਿਆ ਹੋਇਆ ਹੈ। ਬਾਗੀ ਧੜੇ ਨੇ ਪਿਛਲੇ ਦਿਨੀਂ ਅਕਾਲ ਤਖਤ ਉਤੇ ਪੇਸ਼ ਹੋਏ ਕਿ ਬੀਤੇ ਵਿਚ ਹੋਈਆਂ ਭੁੱਲਾਂ ਲਈ ਮੁਆਫੀ ਮੰਗੀ ਸੀ। ਚੇਤੇ ਰਹੇ ਕਿ ਅਕਾਲੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਣੇ ਹੋਰ ਮਸਲਿਆਂ ਨੂੰ ਲੈ ਕੇ ਪਾਰਟੀ ਪ੍ਰਧਾਨ ਹੋਣ ਦੇ ਨਾਅਤੇ ਸੁਖਬੀਰ ਬਾਦਲ ਨੂੰ ਅਕਾਲ ਤਖਤ ਅੱਗੇ ਪੇਸ਼ ਹੋ ਕੇ ਮੁਆਫੀ ਮੰਗਣ ਦੀ ਮੰਗ ਉਠ ਰਹੀ ਹੈ, ਹਾਲਾਂਕਿ ਸੁਖਬੀਰ ਕੁਝ ਸੀਨੀਅਰ ਆਗੂਆਂ ਸਣੇ ਦਰਬਾਰ ਸਾਹਿਬ ਵਿਚ ਨਤਮਸਤਕ ਹੋ ਕੇ ਮੁਆਫੀ ਮੰਗ ਚੁੱਕੇ ਹਨ, ਪਰ ਅਕਾਲ ਤਖਤ ਅੱਗੇ ਪੇਸ਼ ਨਹੀਂ ਹੋਏ। ਹੁਣ ਬਾਗੀ ਧੜੇ ਨੇ ਅਕਾਲ ਤਖਤ ਉਤੇ ਪੇਸ਼ ਹੋ ਕੇ ਸੁਖਬੀਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਦਰਅਸਲ, ਅਕਾਲੀ ਦਲ (ਸੁਖਬੀਰ ਧੜੇ) ਦੀ ਹਾਲਤ ਇਸ ਸਮੇਂ ਇਹ ਹੈ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਇਸ ਦੀ ਹਮਾਇਤ ਵਾਲੇ ਬਸਪਾ ਉਮੀਦਵਾਰ ਨੂੰ ਸਿਰਫ਼ 734 ਵੋਟਾਂ ਹੀ ਮਿਲੀਆਂ, ਜਦ ਕਿ ‘ਤੱਕੜੀ‘ ਦੇ ਨਿਸ਼ਾਨ ਉਤੇ ਚੋਣ ਲੜੀ ਬਾਗੀ ਧੜੇ ਦੀ ਹਮਾਇਤ ਵਾਲੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੂੰ 1242 ਵੋਟਾਂ ਮਿਲੀਆਂ। ਇਹ ਵੋਟਾਂ ਬਸਪਾ ਉਮੀਦਵਾਰ ਬਿੰਦਰ ਲਾਖਾ ਨਾਲੋਂ ਵੱਧ ਹਨ। ਹੁਣ ਸਵਾਲ ਉਠ ਰਹੇ ਹਨ ਕਿ 734 ਵਿਚੋਂ ਸੁਖਬੀਰ ਧੜੇ ਨੂੰ ਕਿੰਨੀਆਂ ਵੋਟਾਂ ਪਈਆਂ ਹੋਣਗੀਆਂ।
ਉਧਰ, ਅਕਾਲੀ ਦਲ ਦੇ ਬਾਗ਼ੀ ਖੇਮੇ ਨੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਿੰਘ ਸਾਹਿਬਾਨ ਨੇ ਸਿੱਖ ਰਵਾਇਤਾਂ ਅਨੁਸਾਰ ਫ਼ੈਸਲੇ ਲਏ ਹਨ ਅਤੇ ਇਹ ਠੀਕ ਪਹਿਲਕਦਮੀ ਹੋਈ ਹੈ।
ਅਕਾਲੀ ਦਲ ਸੁਧਾਰ ਲਹਿਰ ਦੀ ਕਮਾਨ ਵਡਾਲਾ ਹਵਾਲੇ
ਚੰਡੀਗੜ੍ਹ: ਅਕਾਲੀ ਦਲ ਦੇ ਬਾਗ਼ੀ ਖੇਮੇ ਨੇ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ` ਦੇ ਬੈਨਰ ਹੇਠ ਪੰਜਾਬ ਦੇ ਪੰਥਕ ਪਿੰਡਾਂ ਤੋਂ ਪਾਰਟੀ ਦੀ ਸੁਰਜੀਤੀ ਲਈ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਮੀਟਿੰਗ ਕਰਕੇ ਸਰਬਸੰਮਤੀ ਨਾਲ ਕੋਰ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਨਵੀਨਰ ਬਣਾ ਦਿੱਤਾ ਹੈ। ਮੀਟਿੰਗ ਵਿਚ 11 ਮੈਂਬਰੀ ਸਥਾਈ ਕਾਰਜਕਾਰੀ ਕਮੇਟੀ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ।