2017 ਵਿਚ ਮਸ਼ਹੂਰ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨਾਲ ਵਿਆਹ ਤੋਂ ਬਾਅਦ ਅਦਾਕਾਰਾ ਅਨੁਸ਼ਕਾ ਸ਼ਰਮਾ ਦੀਆਂ ਫਿਲਮੀ ਦੁਨੀਆ ਦੀਆਂ ਸਰਗਰਮੀਆਂ ਬਹੁਤ ਘਟ ਗਈਆਂ ਹਨ। 2017 ਅਤੇ 2018 ਵਿਚ ਉਸ ਦੀਆਂ ਕੁੱਲ ਪੰਜ ਫਿਲਮਾਂ ਰਿਲੀਜ਼ ਹੋਈਆਂ: 2017 ਵਿਚ ‘ਫਿਲੌਰੀ’ ਤੇ ‘ਜਬ ਹੈਰੀ ਮੈੱਟ ਸੇਜਲ’; 2018 ਵਿਚ ‘ਪਰੀ’, ‘ਸੰਜੂ’, ‘ਸੂਈ ਧਾਗਾ’ ਤੇ ‘ਜ਼ੀਰੋ’।
ਇਸ ਤੋਂ ਬਾਅਦ ਉਸ ਦੀਆਂ ਸਿਰਫ ਦੋ ਫਿਲਮਾਂ ਆਈਆਂ: ‘ਬੁਲਬੁਲ’ ਤੇ ‘ਕਲਾ’। ਇਨ੍ਹਾਂ ਦੋਹਾਂ ਫਿਲਮਾਂ ਵਿਚ ਉਸ ਨੇ ਖੁਦ ਅਦਾਕਾਰੀ ਨਹੀਂ ਕੀਤੀ ਸਗੋਂ ਇਨ੍ਹਾਂ ਫਿਲਮਾਂ ਦੀ ਉਹ ਨਿਰਮਾਤਾ ਸੀ। ਹਾਂ, ਫਿਲਮ ‘ਕਲਾ’ ਵਿਚ ਉਸ ਦੀ ਸਪੈਸ਼ਲ ਅਪੀਅਰੈਂਸ ਸੀ। ਉਸ ਦੀ ਇਕ ਹੋਰ ਫਿਲਮ ‘ਛਕੜਾ ਐਕਸਪ੍ਰੈੱਸ’ ਬਿਲਕੁਲ ਤਿਆਰ ਹੈ। ਇਸ ਫਿਲਮ ਵਿਚ ਉਸ ਦਾ ਮੁੱਖ ਰੋਲ ਹੈ। ਇਹ ਫਿਲਮ ਪ੍ਰਸਿੱਧ ਕ੍ਰਿਕਟ ਖਿਡਾਰਨ ਝੂਲਨ ਗੋਵਸਾਮੀ ਦੇ ਜੀਵਨ ‘ਤੇ ਆਧਾਰਿਤ ਹੈ। ਇਹ ਫਿਲਮ ਇਸੇ ਸਾਲ ਅਗਸਤ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।
ਅਨੁਸ਼ਕਾ ਸ਼ਰਮਾ ਅਯੁੱਧਿਆ ਵਿਚ ਜੰਮੀ ਅਤੇ ਬੰਗਲੌਰ ਵਿਚ ਪਲੀ ਤੇ ਪੜ੍ਹੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਇਹ 2007 ਦੀਆਂ ਗੱਲਾਂ ਹਨ। ਬਾਅਦ ਵਿਚ ਉਹ ਮੁੰਬਈ ਚਲੇ ਗਈ। ਉਥੇ ਕੁਝ ਸਮਾਂ ਮਾਡਲਿੰਗ ਕੀਤੀ ਪਰ ਛੇਤੀ ਹੀ ਫਿਲਮੀ ਦੁਨੀਆ ਦੀ ਨਜ਼ਰ ਉਸ ਉਤੇ ਪੈ ਗਈ ਅਤੇ ਉਸ ਨੂੰ ਫਿਲਮ ‘ਰੱਬ ਨੇ ਬਨਾ ਦੀ ਜੋੜੀ’ ਮਿਲ ਗਈ। ਇਸ ਫਿਲਮ ਦਾ ਹੀਰੋ ਸ਼ਾਹਰੁਖ ਖਾਨ ਸੀ। ਸਾਲ 2008 ਵਿਚ ਰਿਲੀਜ਼ ਹੋਈ ਇਹ ਫਿਲਮ ਜ਼ਬਰਦਸਤ ਹਿੱਟ ਰਹੀ ਅਤੇ ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਲਈ ਫਿਲਮੀ ਦੁਨੀਆ ਦੇ ਦਰਵਾਜ਼ੇ ਖੁੱਲ੍ਹ ਗਏ। 2010 ਵਿਚ ਉਸ ਦੀਆਂ ਦੋ ਫਿਲਮਾਂ ‘ਬਦਮਾਸ਼ ਕੰਪਨੀ’ ਅਤੇ ‘ਬੈਂਡ ਬਾਜਾ ਬਾਰਾਤ’ ਆਈਆਂ। ਇਹ ਦੋਵੇਂ ਫਿਲਮਾਂ ਹਿੱਟ ਰਹੀਆਂ। ਫਿਲਮ ‘ਬੈਂਡ ਬਾਜਾ ਬਾਰਾਤ’ ਦੀ ਤਾਂ ਚਰਚਾ ਵੀ ਬਹੁਤ ਚੱਲੀ, ਖਾਸ ਕਰ ਕੇ ਅਨੁਸ਼ਕਾ ਦੀ ਅਦਾਕਾਰੀ ਨੇ ਸਭ ਨੂੰ ਕੀਲ ਲਿਆ। ਇਉਂ ਪੈਂਦੀ ਸੱਟੇ ਹੀ ਉਹਦੀਆਂ ਪੰਜੇ ਉਂਗਲਾਂ ਘਿਉ ਵਿਚ ਪੈ ਗਈਆਂ ਅਤੇ ਉਸ ਦੀ ਗਿਣਤੀ ਚੋਟੀ ਦੀਆਂ ਅਦਾਕਾਰਾਵਾਂ ਵਿਚ ਹੋਣ ਲੱਗ ਪਈ। -ਕੁਦਰਤ ਕੌਰ