ਸਰਘੀ ਨੇ ਆਪਣੀ ਇਸ ਕਹਾਣੀ ‘ਕੁੜੀਆਂ’ ਵਿਚ ਆਪਣੇ ਨਾਂ ਵਰਗੀ ਹੀ ਬਾਤ ਪਾਈ ਹੈ ਅਤੇ ਕੁੜੀਆਂ ਦੇ ਦਰਦ ਨੂੰ ਆਪਣੇ ਸ਼ਬਦਾਂ ਰਾਹੀਂ ਜ਼ੁਬਾਨ ਦਿੱਤੀ ਹੈ। ਕਹਾਣੀ ਸ਼ੁਰੂ ਹੁੰਦੀ ਹੈ ਤਾਂ ਜਾਪਦਾ ਹੈ ਜਿਵੇਂ ਚਾਰੇ ਪਾਸੇ ਹਨ੍ਹੇਰਾ ਛਾਈ ਜਾਂਦਾ ਹੈ; ਕਹਾਣੀ ਮੁੱਕਣ ਵੱਲ ਵਧਦੀ ਹੈ ਤਾਂ ਲਗਦਾ ਹੈ, ਸਰਘੀ ਦਾ ਵੇਲਾ ਦਸਤਕ ਦੇਣ ਲੱਗਾ ਹੈ। ਉਂਜ ‘ਕੁੜੀਆਂ’ ਕਦੇ ਨਾ ਮੁੱਕਣ ਵਾਲੀ ਕਹਾਣੀ ਹੈ ਅਤੇ ਸਰਘੀ ਨੇ ਜਿਸ ਢੰਗ ਨਾਲ ਇਹ ਕਹਾਣੀ ਸੁਣਾਈ ਹੈ, ਉਹ ਬਰਮੇ ਦੇ ਪੇਚਾਂ ਵਾਂਗ ਜ਼ਿਹਨ ਵਿਚ ਸੁਰਾਖ ਕਰਦੀ ਚਲੀ ਜਾਂਦੀ ਹੈ। -ਸੰਪਾਦਕ
ਸਾਡੀ ਸਰਘੀ ਦੀ ਲੋਅ
‘ਕੁੜੀਆਂ’ ਕਹਾਣੀ ਦੀ ਲੇਖਕਾ ਸਰਘੀ ਰਿਸ਼ਤੇ ‘ਚ ਮੇਰੀ ਭਤੀਜੀ ਲਗਦੀ ਹੈ, ਮੇਰੇ ਭਰਾ ਤੇ ਕਹਾਣੀਕਾਰ ਦਲਬੀਰ ਚੇਤਨ ਦੀ ਧੀ। ਪਿੰਡ ਤਾਰਾਗੜ੍ਹ ਤਲਾਣਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਅਖਬਾਰਾਂ, ਰਸਾਲਿਆਂ ਅਤੇ ਸਾਹਿਤਕ ਕਿਤਾਬਾਂ ਵਾਲੇ ਕਮਰੇ ਵਿਚ ਤੜਕੇ ਇਸ ਧੀ ਦਾ ਜਨਮ ਹੋਇਆ। ਬਾਪ ਨੇ ਸਾਹਿਤ ਦੀ ਗੁੜਤੀ ਦਿੱਤੀ ਅਤੇ ਨਾਂ ਸਰਘੀ ਰੱਖਿਆ। ਮੈਂ ਜਨਮ ਤੋਂ ਹੀ ਉਹਨੂੰ ਸਰਘਾ ਸਿੰਘ ਕਹਿੰਦਾ ਹਾਂ। ਮੇਰੇ ਜਨਮ ਤੋਂ ਬਾਅਦ ਘਰ ਵਿਚ ਜੋ ਨਵੀਂ ਪੀੜ੍ਹੀ ਚੱਲੀ, ਉਸ ਪਹਿਲੀ ਪੀੜ੍ਹੀ ‘ਤੇ ਸਰਘੀ ਬਿਰਾਜਮਾਨ ਹੋਈ।
ਦੋ ਸਾਲ ਬਾਅਦ ਦਲਬੀਰ ਦੇ ਘਰ ਪੁੱਤ ਨੇ ਜਨਮ ਲਿਆ। ਨਾਂ ਨਵਚੇਤਨ ਰੱਖਿਆ। ਉਨ੍ਹਾਂ ਦਿਨਾਂ ਵਿਚ ਦਲਬੀਰ ਹਫ਼ਤੇ ਬਾਅਦ ਘਰ ਆਉਂਦਾ ਸੀ। ਮੇਰੀ ਮਾਂ ਬਹੁਤ ਖੁਸ਼ ਸੀ ਕਿ ਉਹ ਪੋਤੇ ਦੀ ਦਾਦੀ ਬਣੀ ਹੈ। ਦਲਬੀਰ ਜਦ ਘਰ ਆਇਆ ਤਾਂ ਰਾਤ ਨੂੰ ਸਾਰਾ ਪਰਿਵਾਰ ਬੈਠਾ ਸੀ। ਮਾਂ ਨੇ ਗੱਲ ਤੋਰੀ, “ਵੇ ਦਲਬੀਰ! ਅਸੀਂ ਤੈਨੂੰ ਹੀ ਉਡੀਕਦੇ ਸਾਂ। ਅੱਜ ਕੱਲ੍ਹ ਪਤਾਸਿਆਂ ਦਾ ਰਿਵਾਜ਼ ਨਹੀਂ। ਹੁਣ ਪਤਾਸੇ ਵੰਡਦੇ ਚੰਗੇ ਨਹੀਂ ਲਗਦੇ। ਪਿੰਡ ਵਧਾਈਆਂ ਵੀ ਭੇਜਣੀਆਂ ਹਨæææਕੱਲ੍ਹ ਨੂੰ ਹਲਵਾਈ ਘਰ ਬਿਠਾ ਲਉ, ਮੈਂ ਐਤਕੀਂ ਲੱਡੂ ਵੰਡਣੇ ਆ।” ਦਲਬੀਰ ਮਾਂ ਨੂੰ ਅੰਮਾ ਕਹਿੰਦਾ ਹੁੰਦਾ ਸੀ। ਕਹਿੰਦਾ, “ਅੰਮਾ! ਉਰੇ ਆ ਮੇਰੇ ਲਾਗੇ ਬੈਠ। ਦੋ ਸਾਲ ਪਹਿਲਾਂ ਆਪਣੇ ਘਰ ਸਰਘੀ ਨੇ ਜਨਮ ਲਿਆ ਸੀ। ਉਦੋਂ ਵੀ ਤਾਂ ਤੁਸੀਂ ਦਾਦੀ ਮਾਂ ਬਣੇ ਸੀ।” ਅੰਮਾ ਕਹਿੰਦੀ, “ਹਾਂ!” ਦਲਬੀਰ ਬੋਲਿਆ, “ਸਰਘੀ ਦੇ ਜਨਮ ‘ਤੇ ਪਤਾਸੇ ਵੰਡੇ ਸੀ?” ਅੰਮਾ ਕਹਿੰਦੀ, “ਨਹੀਂ।” ਕਹਿੰਦਾ, “ਜੇ ਧੀ ਦੇ ਜਨਮ ‘ਤੇ ਪਤਾਸੇ ਨਹੀਂ ਵੰਡੇ, ਤਾਂ ਹੁਣ ਪੁੱਤ ਜੰਮਣ ‘ਤੇ ਲੱਡੂ ਕਾਹਦੇ?” ਅੰਮਾ ਕਹਿੰਦੀ, “ਵੇ ਦਲਬੀਰ! ਤੇਰੀਆਂ ਗੱਲਾਂ ਜਹਾਨ ਨਾਲੋਂ ਅਲੋਕਾਰ ਹੁੰਦੀਆਂ! ਕੋਈ ਧੀਆਂ ਦੇ ਪਤਾਸੇ ਲੱਡੂ ਵੀ ਵੰਡਦਾ!!” ਦਲਬੀਰ ਕਹਿੰਦਾ, “ਅੰਮਾ! ਮੈਨੂੰ ਧੀ ਵੀ ਉਦਾਂ ਦੀ, ਤੇ ਪੁੱਤ ਵੀ।” æææ ਤੇ ਫਿਰ ਇਸੇ ਤਰ੍ਹਾਂ ਹੋਇਆ।
ਸਰਘੀ ਨੇ ਪੈਂਤੀ ਅੱਖਰ ਪੜ੍ਹਨੇ ਤੇ ਲਿਖਣੇ ਆਪਣੇ ਡੈਡੀ ਦੇ ਦਸਮੇਸ਼ ਪਬਲਿਕ ਸਕੂਲ ਤੋਂ ਸਿੱਖੇ। ਹੌਲੀ-ਹੌਲੀ ਉਹ ਇਨ੍ਹਾਂ ਹੀ ਪੈਂਤੀ ਅੱਖਰਾਂ ਦੀ ਡਾਕਟਰ ਬਣ ਗਈ। ਹੋਸ਼ ਸੰਭਾਲੀ ਤਾਂ ਡੈਡੀ ਦਾ ਡਾਕ ਦਾ ਕੰਮ ਸੰਭਾਲ ਲਿਆ। ਲੇਖਕਾਂ ਦੀਆਂ ਚਿੱਠੀਆਂ, ਰਸਾਲੇ ਤੇ ਕਿਤਾਬਾਂ ਦਾ ਆਉਣਾ-ਜਾਣਾ। ਦੂਜੇ ਬੱਚਿਆਂ ਨੇ ਉਹਨੂੰ ਡੈਡੀ ਦਾ ਡਾਕ ਤਾਰ ਵਿਭਾਗ ਮੰਤਰੀ ਕਹਿ ਕੇ ਛੇੜਿਆ ਕਰਨਾ।
æææਬਈ ਸਰਘਾ ਸਿੰਘਾ! ਤੇਰੀ ਕਹਾਣੀ ‘ਕੁੜੀਆਂ’ ਪੜ੍ਹ ਕੇ ਕਾਲਜੇ ਨੂੰ ਧੂਅ ਪਾ ਗਈ। ਇਹ ਸਾਰਾ ਕੁਝ ਸਾਡੇ ਆਲੇ-ਦੁਆਲੇ ਰੋਜ਼ ਵਾਪਰਦਾ ਏ। ਆਪਣੇ ਘਰ ਵਿਚ। ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿਚ। ਸਮਾਜ ਤਾਂ ਬਹੁਤ ਦੂਰ ਦੀ ਗੱਲ ਏ, ਪਰ ਸਮਝ ਸਾਨੂੰ ਫਿਰ ਵੀ ਨਹੀਂ ਆਉਂਦੀ ਤੇ ਨਾ ਹੀ ਅਕਲ! ਵੈਸੇ ਤਾਂ ਅੱਧੀ ਧਰਤੀ ਔਰਤ ਦੀ ਸੀ ਤੇ ਅੱਧੀ ਮਰਦ ਦੀ, ਪਰ ਮਰਦ ਨੇ ਬਹੁਤੀ ਧਰਤੀ ਉਤੇ ਕਬਜ਼ਾ ਕਰੀ ਰੱਖਿਆ। ਜਿਵੇਂ ਸੰਵਿਧਾਨ ‘ਚ ਕੁਝ ਸ਼੍ਰੇਣੀਆਂ ਨੂੰ ਗੱਲੀਂ-ਬਾਤੀਂ ਬੜਾ ਅਹਿਮ ਸਥਾਨ ਦਿੱਤਾ ਜਾਂਦਾ ਹੈ, ਇੰਜ ਹੀ ਔਰਤ ਨੂੰ ਵੀ ਧਰਮ ‘ਚ ਇੰਜ ਦਾ ਹੀ ਰੁਤਬਾ ਹਾਸਿਲ ਹੈ। ਹਕੀਕੀ ਤੌਰ ‘ਤੇ ਇੰਜ ਦਾ ਕੁਝ ਵੀ ਨਹੀਂ। ਅਸੀਂ ਬੜੇ ਮਾਣ ਨਾਲ ਗੁਰੂ ਨਾਨਕ ਦੇਵ ਦੀ ਬਾਣੀ ਦੀ ਤੁਕ ਦੁਹਰਾਉਂਦੇ ਹਾਂ, ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਪਰ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਇਸ ਦਾ ਕਿੰਨਾ ਕੁ ਸਥਾਨ ਹੈ? ਇਸ ਦਾ ਸਾਨੂੰ ਵੀ ਇਲਮ ਹੈ।
ਮਨ ਖੁਸ਼ ਹੁੰਦਾ ਏ ਤੇਰੀਆਂ ਕਹਾਣੀਆਂ ਪੜ੍ਹ ਕੇ। ਇਹ ਮੈਨੂੰ ਪਤਾ ਏ ਕਿ ਤੂੰ ਆਪਣੇ ਡੈਡੀ ਦੀ ਦਵਾਤ ਵਿਚੋਂ ਡੋਬੇ ਲੈ ਕੇ ਸਾਹਿਤ ਲਿਖਣਾ ਸਿੱਖਿਆ ਤੇ ਹੌਲੀ-ਹੌਲੀ ਤੂੰ ਅੱਗੇ ਵਧ ਰਹੀ ਏਂ। ਉਹਦੇ ਤੁਰ ਜਾਣ ਤੋਂ ਬਾਅਦ ਇਸ ਕਲਮ ਨੂੰ ਸੁੱਕਣ ਨਹੀਂ ਦਿੱਤਾ ਤੇ ਨਾ ਹੀ ਕਲਿਫ ਬੋਰਡ ਤੇ ਖਾਲੀ ਸਫ਼ਿਆਂ ਉਤੇ ਧੂੜ ਹੀ ਜੰਮਣ ਦਿੱਤੀ। ਤੇਰੀਆਂ ਕਹਾਣੀਆਂ ਜਦ ਮੈਂ ਪੜ੍ਹਦਾ ਹਾਂ ਤਾਂ ਤੇਰੇ ਡੈਡੀ ਦੇ ਨੈਣ-ਨਕਸ਼ ਦਿਖਾਈ ਦਿੰਦੇ ਹਨ ਤੇ ਉਹ ਆਪ ਵੀ ਤੁਰਿਆ ਫਿਰਦਾ ਨਜ਼ਰ ਆਉਂਦਾ ਏ। ਮੈਨੂੰ ਇਹ ਭਰੋਸਾ ਏ, ਤੇਰੀ ਕਲਮ ਬੁਲੰਦੀ ਛੋਹੇਗੀ।
ਸਰਘੀ ਕਹਿੰਦੀ ਏæææ ਜਦ ਮੈਂ ਪੰਜਾਬੀ ਦੀ ਪੀਐਚæਡੀæ ਸ਼ੁਰੂ ਕੀਤੀ ਤਾਂ ਮੇਰੇ ਕੋਲ ਦੋ ਹੌਸਲੇ ਸਨ- ਇਕ ਮੇਰੀ ਦਾਦੀ ਮਾਂ ਔਰ ਦੂਜੇ ਡੈਡੀ। ਮੇਰੀ ਦਾਦੀ ਮਾਂ ਕੋਰੀ ਅਨਪੜ੍ਹ ਏ ਪਰ ਪਤਾ ਨਹੀਂ, ਉਹਦੇ ਕੋਲ ਪੰਜਾਬੀ ਦਾ ਫੋਕਲੋਰ ਕਿਥੋਂ ਆਉਂਦਾ ਸੀ। ਗਾਉਣ, ਸਿੱਠਣੀਆਂ, ਸ਼ਗਨ, ਕੀਰਨੇ æææਪਤਾ ਨਹੀਂ ਹੋਰ ਕੀ ਕੁਝ। ਡੈਡੀ ਮੈਨੂੰ ਆਪ ਯੂਨੀਵਰਸਿਟੀ ਵਿਚ ਛੱਡ ਕੇ ਆਏ ਤੇ ਕਹਿਣ ਲੱਗੇ, ਦੇਖ ਸਰਘੀ! ਅੱਜ ਇਹ ਪ੍ਰਿੰਸੀਪਲ ਪ੍ਰੋਫੈਸਰ ਸਾਰੇ ਮੇਰੇ ਕਰ ਕੇ ਤੇਰੇ ਵਾਕਫ਼ ਹਨ, ਪਰ ਜਦੋਂ ਤੂੰ ਇਥੋਂ ਪੜ੍ਹਾਈ ਖ਼ਤਮ ਕਰ ਕੇ ਨਿਕਲੇਂ ਤਾਂæææ ਤੇ ਅੱਗੇ ਉਹ ਹਾਸ਼ੀਆ ਲਾ ਗਏ। ਉਦੋਂ ਮੈਨੂੰ ਸਮਝ ਨਾ ਆਇਆ। ਸਮਾਂ ਪੈਣ ‘ਤੇ ਜਦ ਮੈਂ ਡਾਕਟਰ ਦੀ ਡਿਗਰੀ ਲੈ ਕੇ ਘਰ ਆਈ ਤੇ ਮੇਰੇ ਲਈ ਸਭ ਤੋਂ ਖੁਸ਼ੀ ਦਾ ਦਿਨ ਵੀ ਉਹੀ ਸੀ ਅਤੇ ਗਮੀ ਦਾ ਵੀ। ਮੈਂ ਬਹੁਤ ਰੋਈ ਜਦ ਮੈਨੂੰ ਡੈਡੀ ਦੀ ਗੱਲ ਸਮਝ ਆਈ। ਘਰ ਵਿਚ ਦਾਦੀ ਮਾਂ ਅਤੇ ਡੈਡੀ ਆਪਣੀ ਜ਼ਿੰਦਗੀ ਨਾਲ ਹਾਸ਼ੀਆ ਲਾ ਚੁੱਕੇ ਸਨ!
ਸਾਹਿਤਕਾਰਾਂ ਦਾ ਘਰ ਵਿਚ ਆਉਣਾ ਜਾਣਾ ਸੀ। ਉਨ੍ਹਾਂ ਤੋਂ ਬੱਚਿਆਂ ਨੂੰ ਸਾਹਿਤ ਦੀ ਬਹੁਤ ਪ੍ਰੇਰਨਾ ਮਿਲਦੀ। ਇਕ ਵਾਰੀ ਦਿੱਲੀ ਤੋਂ ਡਾæ ਸੁਤਿੰਦਰ ਸਿੰਘ ਨੂਰ ਤੇ ਡਾæ ਜਗਬੀਰ ਸਿੰਘ ਆਏ। ਆਪਣੀ ਜੇਬ ਨਾਲੋਂ ਪੈਨ ਲਾਹ ਕੇ ਦਿੱਤਾ ਤੇ ਕਹਿਣ ਲੱਗੇ, ਸਰਘੀ ਇਸ ਪੈਨ ਦੀ ਲਾਜ ਰੱਖੀਂ। ਸਰਘੀ ਨੇ ਉਸੇ ਪੈਨ ਨਾਲ ਜੇæਆਰæਐਫ਼ ਦੇ ਨਾਲ ਯੂæਜੀæਸੀæ ਪਾਸ ਕੀਤੀ। ਲਹਿੰਦੇ ਪੰਜਾਬ ਦਾ ਲੇਖਕ ਤੌਕੀਰ ਚੁਗਤਾਈ ਇਕ ਵਾਰੀ ਦਿੱਲੀ ਪੰਜਾਬੀ ਕਾਨਫਰੰਸ ਵਿਚ ਆਇਆ। ਜਾਂਦਾ ਹੋਇਆ ਅੰਮ੍ਰਿਤਸਰ ਸਾਡੇ ਕੋਲ ਵੀ ਕੁਝ ਦਿਨ ਲਈ ਠਹਿਰਿਆ। ਉਸ ਤੋਂ ਬਾਅਦ ਉਹਦੇ ਘਰ ਜੌੜੀਆਂ ਬੇਟੀਆਂ ਨੇ ਜਨਮ ਲਿਆ। ਤੌਕੀਰ ਨੇ ਅੰਮ੍ਰਿਤਾ ਪ੍ਰੀਤਮ ਨੂੰ ਫੋਨ ਕੀਤਾ ਕਿ ਉਹਨੇ ਇਕ ਬੇਟੀ ਦਾ ਨਾਮ ਰੱਖ ਲਿਆ ਏ, ਦੂਜੀ ਬੇਟੀ ਦਾ ਨਾਮ ਤੁਸੀਂ ਦੱਸੋ? ਅੰਮ੍ਰਿਤਾ ਜੀ ਨੇ ਕਿਹਾ-ਦੂਜੀ ਦਾ ਨਾਮ ਸਰਘੀ ਰੱਖੋ। ਤੌਕੀਰ ਕਹਿਣ ਲੱਗਾ-ਸਰਘੀ ਤਾਂ ਦਲਬੀਰ ਚੇਤਨ ਦੀ ਧੀ ਦਾ ਨਾਂ ਹੈ। ਉਤਰ ਮਿਲਿਆ-ਹਾਂ ਮੈਨੂੰ ਪਤਾ ਏ! ਉਹ ਚੜ੍ਹਦੇ ਪੰਜਾਬ ਦੀ ਸਰਘੀ ਏ ਤੇ ਇਹ ਲਹਿੰਦੇ ਪੰਜਾਬ ਦੀ ਸਰਘੀ ਹੋਵੇਗੀ। ਤੇ ਤੌਕੀਰ ਨੇ ਆਪਣੀ ਬੇਟੀ ਦਾ ਨਾਂ ਸਰਘੀ ਹੀ ਰੱਖਿਆ।
ਦਾਦਾ ਜੀ ਉਹਨੂੰ ਕਹਿੰਦੇ ਹਨ, ਆਪਣੇ ਨਾਂ ਨਾਲ ਡਾਕਟਰ ਲਿਖਿਆ ਕਰ। ਅਮਰੀਕਾ ਵਾਲੀ ਚਾਚੀ, ਭਾਵ ਮੇਰੀ ਘਰਵਾਲੀ ਕਹਿੰਦੀ ਏ, ਸਰਘੀ ਚੇਤਨ ਲਿਖਿਆ ਕਰ। ਸਰਘੀ ਕਹਿੰਦੀ ਏ-ਨਹੀਂ ਚਾਚਾ ਜੀ ਮੈਂ ਆਪਣਾ ਨਾਂ ਸਿਰਫ਼ ਸਰਘੀ ਲਿਖਣਾ ਏ, ਇਹੀ ਮੇਰੀ ਪਛਾਣ ਏ।
ਸਰਘੀ! ਤੇਰਾ ਇਹ ਫੈਸਲਾ ਮੈਨੂੰ ਬਹੁਤ ਵਧੀਆ ਲੱਗਦਾ। ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਸਾਨੂੰ ਤੇ ਤੇਰੇ ਪਾਠਕਾਂ ਨੂੰ ਹੋਰ ਵੀ ਵਧੀਆ ਕਹਾਣੀਆਂ ਪੜ੍ਹਨ ਨੂੰ ਮਿਲਣਗੀਆਂ।
ਬੜੇ ਮੋਹ ਨਾਲ
– ਪਰਸ਼ਿੰਦਰ ਤੇ ਅਮਰੀਕਾ ਵਾਲਾ ਪਰਿਵਾਰ
ਫੋਨ: 469-335-2263
_________________________________________
ਸਰਘੀ
ਫੋਨ: 91-99888-54454
ਨੰਨ੍ਹੀ ਛਾਂ
ਟੈਲੀਵਿਜ਼ਨ ‘ਤੇ ਨੰਨ੍ਹੀ ਛਾਂ ਦੀ ਮਸ਼ਹੂਰੀ ਆਉਣ ਡਈ ਆ। ਨੰਨ੍ਹੀ ਛਾਂ ਵਾਲੀ ਬੀਬੀ ਦੇ ਬੋਲ ਮੇਰੀਆਂ ਆਂਦਰਾਂ ਨੂੰ ਧੂਹ ਪਾਉਂਦੇ। ਮੈਨੂੰ ਲੱਗਦਾ ਜਿਵੇਂ ਹਰਸਿਮਰਤ ਇਹ ਸਭ ਕੁਝ ਮੈਨੂੰ ਹੀ ਕਹਿਣ ਡਈ ਆ। ਉਦੋਂ ਮੇਰਾ ਜੀਅ ਕਰਦਾ, ਇਹ ਡੱਬਾ ਜਿਹਾ ਬੰਦ ਕਰ ਦੇਵਾਂ ਤੇ ਉਹਦੇ ਸਾਹਮਣੇ ਬੈਠੇ ਸਭ ਜੀਆਂ ਦਾ ਸਿਰ ਭੰਨ ਦੇਵਾਂæææਪਰ ਸਾਰਾ ਗੁੱਸਾ ਅੰਦਰੋ-ਅੰਦਰੀ ਪੀ ਜਾਂਦੀ ਆਂæææਅਜੇ ਮੇਰਾ ਵੇਲਾ ਨਹੀਂæææਬਸ ਰੱਬ ਇਕ ਪੁੱਤ ਦੇ ਦੇਵੇ, ਫਿਰ ਦੱਸੂੰ ਪਤਾ ਇਨ੍ਹਾਂ ਸਾਰਿਆਂ ਨੂੰæææ।
ਪੁੱਤ ਦਾ ਖਿਆਲ ਆਉਂਦਿਆਂ ਹੀ ਮੇਰੇ ਪੈਰ ਮੱਲੋ-ਮੱਲੀ ਉਸ ਕਮਰੇ ਨੂੰ ਹੋ ਤੁਰੇ ਜਿੱਥੇ ਮੇਰੀ ਕੁੜੀ ਘੂਕ ਸੁੱਤੀ ਪਈ ਸੀ। ਜਦੋਂ ਮਨ ਨੂੰ ਭਚੱਤਰੀ ਜਿਹੀ ਲੱਗੂ, ਕੁੜੀ ਨੂੰ ਵੇਖਣ ਲੱਗ ਪਊਂ। ਇਹਨੂੰ ਵੇਖਦਿਆਂ ਈ ਸਭ ਕੁਝ ਛੁਪਣ ਹੋ ਜਾਂਦਾ। ਸੁਖ ਨਾਲ ਪੰਜਵਾਂ ਲੱਗਾ ਤੇ ਇਨ੍ਹਾਂ ਪੰਜਾਂ ਸਾਲਾਂ ‘ਚ ਜੋ ਮੈਂ ਝੱਲਿਆ ਜਾਂ ਝੱਲਣ ਡਈ ਆਂ, ਉਹ ਮੈਨੂੰ ਜਾਂ ਮੇਰੇ ਰੱਬ ਨੂੰ ਈ ਪਤਾ। “ਹੇ ਰੱਬਾ! ਚਹੁੰ ਵੇਲਿਆਂ ਦਾ ਇਕ ਵੇਲਾ! ਮੇਰੀ ਨਿਮਾਣੀ ਦੀ ਝੋਲੀ ਭਰ ਦੇਹ। ਤੇਰੇ ਘਰ ਕਿਸੇ ਸ਼ੈਅ ਦਾ ਕੋਈ ਘਾਟਾ ਨਈਂ। ਇਸ ਤੋਂ ਅੱਗੇ ਮੇਰੇ ਕੋਲੋਂ ਬੋਲ ਨਹੀਂ ਹੁੰਦਾ, ਅੱਖਾਂ ਭਰ ਆਉਂਦੀਆਂæææ। ਮੁੰਡਾ ਲੈਣ ਲਈ ਬੜੇ ਪਾਪ ਹੋਏ ਮੇਰੇ ਤੋਂ, ਕਈ ਵਾਰੀ ਮੜ੍ਹੀਂ-ਮਸਾਣੀਂ ਜਾ ਕੇ ਨ੍ਹਾਤੀ, ਬੜੇ ਟੂਣੇ-ਟਾਮਣ ਕੀਤੇ। ਹੁਣ ਵੀ ਸੱਸ ਜਿਧਰ ਨੂੰ ਲੈ ਜਾਵੇ, ਨਾਲ ਤੁਰ ਪੈਂਦੀ ਆਂæææਪਰ ਰੱਬ ਅਜੇ ਤੱਕ ਨਹੀਂ ਸੀ ਬਹੁੜਿਆ।
ਕੁੜੀ ਨੇ ਪਾਸਾ ਲਿਆ, ਮੈਂ ਉਹਨੂੰ ਆਪਣੀ ਹਿੱਕ ਨਾਲ ਲਾ ਲਿਆ। ਇਸ ਪੂਰੇ ਘਰ ‘ਚ ਇਹੋ ਤਾਂ ਪੂਰੀ ਦੀ ਪੂਰੀ ਮੇਰੀ ਸੀ। ਮਾੜੀ ਮੋਟੀ ਖਸਮ ਗੱਲ ਸੁਣ ਲੈਂਦਾ ਪਰ ਹੈਗਾ ਉਹ ਵੀ ‘ਮਾਂ ਦਾ ਦੀਵਾ’æææ। ਤਦੇ ਜੀਅ ਕਰਦਾ, ਮੇਰੀ ਧੀ ਛੇਤੀ-ਛੇਤੀ ਵੱਡੀ ਹੋ ਜੇæææਮੈਂ ਸਾਰੀਆਂ ਗੱਲਾਂ ਕਰਾਂ ਇਹਦੇ ਨਾਲ਼ææਆਂਹਦੇ ਹੁੰਦੇ ਆ, ਮਾਵਾਂ-ਧੀਆਂ ਦੀਆਂ ਬੁੱਕਲ ‘ਚ ਗੱਲਾਂ। ਹੁਣ ਤੇ ਆਪੇ ਦਲੀਲੇ ਪਈ ਰਹਿੰਦੀ ਆਂ।
ਵਿਆਹ ਦੇ ਪਹਿਲੇ ਸਾਲ ਪਲੇਠੀ ਧੀ ਹੋਈ ਤਾਂ ਸਾਰਿਆਂ ਦੇ ਮੂੰਹ ਸੀਤੇ ਗਏ। ਕਿਸੇ ਨੇ ਮੇਰੀ ਧੀ ਨੂੰ ਚੱਜ ਨਾਲ ਨਾ ਵੇਖਿਆ ਤੇ ਨਾ ਹੀ ਮੇਰੀ ਸਾਰ ਲਈ। ਮੇਰੀ ਦਦ੍ਹੇਸ ਰੱਬ ਨੂੰ ਮੰਨਣ ਵਾਲੀ ਮੇਰੇ ਸਿਰ ‘ਤੇ ਹੱਥ ਫੇਰਦਿਆਂ ਬੋਲੀ, “ਉਹ ਨਾਰ ਸੁਲੱਖਣੀ, ਜਿਸ ਪਹਿਲੀ ਜਾਈ ਲੱਛਮੀ।” ਪਰ ਇਹ ਕਹਿਣ ਤੋਂ ਬਾਅਦ ਉਹਦੀ ‘ਵਾਜ਼ ਵੀ ਕੰਬ ਗਈ ਸੀ। ਕੋਈ ਮੇਰੇ ਖ਼ਸਮ ਨੂੰ ਕਹਿ ਛੱਡਦ, ‘ਜੇ ਨ੍ਹੇਰੀ ਆਈ ਤਾਂ ਮੀਂਹ ਵੀ ਆਊਗਾ।’ ਚਾਹੁੰਦੀ ਤਾਂ ਮੈਂ ਵੀ ਪੁੱਤ ਸੀ। ਇਕ ਵਾਰ ਮੇਰੇ ਦਿਲ ਨੂੰ ਵੀ ਧੱਕਾ ਜਿਹਾ ਲੱਗਾæææਪਰ ਦੁੱਧ ਉਤਰਿਆ ਤਾਂ ਧੀ ਚੰਗੀ ਲੱਗਣ ਲੱਗ ਪਈ। ਜਿਸ ਸਾਲ ਇਹ ਹੋਈ, ਸਾਡੇ ਵਿਆਹ ਦੀ ਪਹਿਲੀ ਲੋਹੜੀ ਸੀ, ਮੈਨੂੰ ਚੰਗਾ ਚੇਤਾ, ਕਿਸੇ ਨੇ ਮੇਰੀ ਧੀ ਨੂੰ ਗੋਦੀ ਚੁੱਕ ਸ਼ਗਨ ਪਾਉਂਦਿਆਂ ਆਖਿਆ ਸੀ, “ਕਰਮਾਂ ਵਾਲੀ ਆਂ ਜੀਹਨੇ ਪਹਿਲੀ ਵਾਰੀ ਮੱਲ ਲਈ, ਫਿਰ ਕਿਸੇ ਨੇ ਤੇਰੀ ਵਾਰੀ ਆਉਣ ਦੇਣੀ ਸੀ ਭਲਾ।” ਵਾਕਿਆ ਈ ਫਿਰ ਜਿਹੜੀਆਂ ਕੁੱਖੇ ਪਈਆਂ ਉਹ ਕਦੋਂ ਆਈਆਂ? ਜੇ ਇਕ ਆਈ ਵੀ ਸੀ, ਉਹ ਵੀ ਹਫ਼ਤੇ ਦੀ ਹੋ ਕੇ ਮਰ ਖਪ ਗਈ।
ਵੱਡੀ ਦੋ ਕੁ ਸਾਲ ਦੀ ਸੀ ਜਦੋਂ ਦਿਨ ਥੋੜ੍ਹੇ ਉਤੇ ਚੜ੍ਹੇ। ਐਤਕੀਂ ਸੱਸ ਕੋਈ ਢਿੱਲ ਨਹੀਂ ਸੀ ਰਹਿਣ ਦੇਣੀ ਚਾਹੁੰਦੀ। ਮੁੰਡੇ ਵਾਲੀ ਦਵਾਈ ਖਾਧੀ। ਜੀਹਦੇ ਕੋਲੋਂ ਦਵਾਈ ਲਈ, ਉਹ ਬੜਾ ਵਲੀ ਦੱਸੀਦਾ ਸੀ। ਮੋਰ ਦੇ ਖੰਭ ਨੂੰ ਛੁਹਾ ਕੇ ਸੱਜਰ ਸੂਈ ਗਾਂ ਦੇ ਦੁੱਧ ਨਾਲ ਦਵਾਈ ਖਾਣੀ ਸੀ। ਉਹਦੇ ਦੱਸੇ ਸਭ ਓਹੜ-ਪੋਹੜ ਕੀਤੇ ਪਰ ਰੱਬ ਫਿਰ ਨਈਂ ਸੀ ਰੀਝਿਆ। “ਵੇ ਸਰਦਾਰਾ, ਐਤਕੀਂ ਫਿਰ ਪੱਥਰæææ।” ਇਹ ਸੱਸ ਦੇ ਬੋਲ ਸੀ ਜਿਹੜੇ ਹਸਪਤਾਲ ਪਈ ਨੇ ਮੈਂ ਸੁਣ ਲਏ ਸੀ। ਪੱਥਰ ਜੰਮਣ ਵਾਲੀ ਮੈਂ ਆਪ ਵੀ ਪੱਥਰ ਬਣ ਗਈ। ਨਨਾਣ ‘ਦੁੱਧ ਧੋਣੀ’ ਕਰ ਕੇ ਗਈ ਸੀ। ਉਦੋਂ ਪਿੱਛੋਂ ਕੁੜੀ ਨੂੰ ਦੁੱਧ ਚੁੰਘਾਇਆ ਤਾਂ ਬਸ ਪਲਾਂ ਛਿਣਾਂ ‘ਚ ਚਲਦੀ ਲੱਗੀ। ਹੁਣ ਕਈ ਵਾਰ ਮੈਨੂੰ ਲੱਗੂ ਇਨ੍ਹਾਂ ਮੇਰੀ ਧੀ ਜਾਣ-ਬੁਝ ਕੇ ਮਾਰ’ਤੀ। ਕੋਈ ਉਸ ਤੱਤੜੀ ਨੂੰ ਵੇਖਣ ਨਹੀਂ ਸੀ ਆਇਆ ਪਰ ਸਾਰਾ ਸ਼ਰੀਕਾ ਹਿਰਖ ਕਰਨ ਜ਼ਰੂਰ ਪਹੁੰਚਿਆ ਤੇ ਉਦੋਂ ਮੇਰੀ ਨਨਾਣ ਨੇ ਕਿਹਾ ਸੀ, “ਚੱਲ ਭਾਬੀ, ਜੀਹਦੀ ਦਾਤ ਸੀ, ਉਹ ਲੈ ਗਿਆ। ਨਾਲੇ ਕਹਿੰਦੇ ਹੁੰਦੇ ਆæææਕੁੜੀ ਦੀ ਕੁੜੀ ਮਰਗੀ, ਕੁੜੀ ਕੁੜੀਆਂ ‘ਚ ਰਲ’ਗੀ।” ਹਿਰਖ ਕਰਨ ਆਈ ਵੀ ਮੁਆਤਾ ਲਾ ਗਈ। ਉਦੋਂ ਤੋਂ ਈ ਮੈਨੂੰ ਆਪਣੀ ਨਨਾਣ ਭੋਰਾ ਚੰਗੀ ਨਹੀਂ ਲੱਗਦੀ। ਉਂਜ ਵੀ ਜਦੋਂ ਆਊ, ਕੋਈ ਨਾ ਕੋਈ ਕਲੇਸ਼ ਖੜ੍ਹਾ ਕਰ ਕੇ ਤੁਰਦੀ ਬਣੂ, ਨਿਰੀ ਕਲਹਿ ਦੀ ਮੁੱਢੀ।
ਕਲਹਿ ਦੀ ਮੁੱਢੀ
ਕੱਲ੍ਹ ਦੀ ਆ ਕੇ ਬੈਠੀ ਆ ਮੇਰੀ ਨਨਾਣæææਸਾਰਾ ਟੱਬਰ ਉਹਦੇ ਗੋਡੇ ਮੁੱਢ ਬੈਠਾ ਹਿੜ-ਹਿੜ ਕਰਨ ਡਿਆ। ਆਪਣਾ ਖਸਮ ਤਾਂ ਪੁੱਛਿਆਂ ਬਿਨਾਂ ਹਿੱਲਦਾ ਨਹੀਂ ਤੇ ਇਥੇ ਮੇਰੇ ਖਸਮ ਨੂੰ ਪਤਾ ਨਈਂ ਕੀ-ਕੀ ਲਾਵਾਂ-ਲੂਤੀ ਲਾਉਂਦੀ ਰਹਿੰਦੀ ਆæææਤੇ ਉਹ ਵੀ ਜਦੋਂ ਭੈਣ ਆਈ ਹੋਵੇ, ਮੇਰੇ ‘ਤੇ ਫੋਕੇ ਫੈਂਟਰ ਚਲਾਈ ਜਾਊ। ਦੱਸਦਾ ਬਈ, ਮੈਂ ਬੜੀ ਤੁੰਨ ਕੇ ਰੱਖੀ ਆ ਆਪਣੀ ਰੰਨ। ਹੁਣ ਵੀ ਉਹਦੇ ਗੋਡੇ ਮੁੱਢ ਜੁੜ ਕੇ ਬੈਠਾ ਤੇ ਉਹ ਵੀ ਗੱਲਾਂ ਭਾਵੇਂ ਮੇਰੇ ਖਸਮ ਨਾਲ ਕਰਨ ਡਈ ਹੋਵੇ, ਸੁਣਾਈਆਂ ਮੈਨੂੰ ਕਰਦੀ, “ਵੇ ਵੀਰ! ਮੈਂ ਤਾਂ ਕਹਿੰਦੀ ਆਂ ਤੂੰ ਵੀ ‘ਭੈਣੀਂ-ਭਰਾਈਂ’ ਰਲੇਂ, ਆਪਣੇ ਘਰ ਬੈਠੀ ਦਾ ਵੀ ਧਿਆਨ ਤੇਰੇ ‘ਚ ਰਹੂæææਕਦ ਮੇਰਾ ਵੀਰ ਪੁੱਤ ਵਾਲਾ ਬਣੂ। ਜਿਵੇਂ ਦੀ ਮਾਂ, ਉਸੇ ਤਰ੍ਹਾਂ ਦੀ ਧੀ ਨਿਕਲੀ।” ਮੇਰੇ ਤੋਂ ਸ਼ੁਰੂ ਹੋਈ ਗੱਲ ਮੇਰੀ ਮਾਂ ‘ਤੇ ਆ ਕੇ ਮੁੱਕ ਗਈ। ਅਸੀਂ ਵੀ ਦੋਵੇਂ ਭੈਣਾਂ ਜੁ ਸਾਂ। ਮੈਂ ਗੱਲ ਸੁਣੀ ਵੀ ਅਣਸੁਣੀ ਕਰ ਦਿੰਦੀ। ਸਭ ਦੀਆਂ ਢਿੱਡ ‘ਚ ਪਾ ਲਈਆਂ। ਅੰਦਰੋ-ਅੰਦਰੀ ਧੁਖਦੀ ਰਹਿੰਦੀ ਤੇ ਕਈ ਵਾਰ ਅੰਦਰੋ-ਅੰਦਰੀ ਧੁਖਦੀ ਦਾ ਧੂੰਆਂ ਸਿਰ ਨੂੰ ਜਾ ਚੜ੍ਹਦਾ।
ਸ਼ਰੀਕੇ ‘ਚ ਵਿਆਹ ਆ। ਇਹ ‘ਕਲਹਿ ਦੀ ਮੁੱਢੀ’ ਹਫ਼ਤਾ ਪਹਿਲਾਂ ਆ ਕੇ ਬਹਿ’ਗੀ। ਅੱਜ ਤੋਂ ਚੁੱਲ੍ਹੇ ਨੇਂਦਾæææ। ਮੈਨੂੰ ਵੀ ਥੋੜ੍ਹਾ ਆਰਾਮ ਮਿਲ ਜੂ। ਉਂਜ ਪਹਿਲਾਂ ਪਹਿਲ ਕਦੇ ਸ਼ਰੀਕੇ ‘ਚੋਂ ਵਿਆਹ ਆਉਂਦਾ ਤਾਂ ਮੇਰਾ ਚਾਅ ਸਾਂਭਿਆ ਨਾ ਜਾਂਦਾ। ਹੁਣ ਤੇ ਬਸ ਬੰਨ੍ਹੀ-ਰੁੱਧੀ ਜਾਂਦੀ ਆਂ। ਸਾਰਾ ਟੱਬਰ ਉਥੇ ਈ ਆæææਗਿੱਧਾ ਪੈਣ ਲੱਗਾ ਤਾਂ ਮੈਂ ਘਰ ਆ ਗਈ।
ਖੱਟ ਕੇ ਲਿਆਂਦੀਆਂ ਛਾਨਣੀਆਂ,
ਪਰ੍ਹਾਂ ਮਰ ਦਿਉਰਾ ਵੇ ਰਾਤਾਂ ਚਾਨਣੀਆਂæææ।
ਵਿਆਹ ਵਾਲੇ ਘਰੋਂ ਆਉਂਦੀ ਬੋਲੀਆਂ ਦੀ ‘ਵਾਜ਼ ਮੈਨੂੰ ਪ੍ਰੇਸ਼ਾਨ ਕਰਨ ਡਈ ਆ। ਹੁਣ ਗਿੱਧੇ ਦਾ ਪਿੜ ਵੇਖ ਕੇ ਮੈਂ ਤ੍ਰਹਿ ਜਾਂਦੀ ਆਂ। ਕਦੇ ਪੂਰੇ ਪੇਕੇ ਪਿੰਡ ‘ਚ ਮੇਰਾ ਗਿੱਧਾ ਮਸ਼ਹੂਰ ਸੀ। ਤੀਆਂ ‘ਚ ਵਿਆਹ ਦੇ ਮੌਕੇ ਮੈਂ ਗਿੱਧਾ ਪਾਉਂਦੀ ਥੱਕਦੀ ਨਾ। ਦੋ ਧਿਰਾਂ ਬਣਾ ਕੇ ਅਸੀਂ ਆਪੋ ‘ਚ ਵਾਰੀ ਲਾਉਣ ਬਹਿ ਜਾਂਦੀਆਂæææ। ਹਾਰਨ ਲੱਗਣਾ ਤਾਂ ਮੈਂ ਕੋਈ ਝੂਠੀ-ਮੂਠੀ ਬੋਲੀ ਘੜ ਲੈਣੀ। ਕਿਸੇ ਨੂੰ ਵੀ ਪਤਾ ਨਈਂ ਸੀ ਲੱਗਦਾ ਹੁੰਦਾ। ਉਹ ਦਿਨ ਪਤਾ ਨਹੀਂ ਕਿੱਥੇ ਛਿਪਣ ਹੋ’ਗੇ।
ਸਲਾਈਆਂ ਸਲਾਈਆਂ ਸਲਾਈਆਂ
ਰੌਣਕ ਗਿੱਧਿਆਂ ਦੀ ਨਣਦਾਂ ਤੇ ਭਰਜਾਈਆਂ।
ਉਦੋਂ ਵੀ ਮੈਂ ਇਹੋ ਜਿਹੀ ਬੋਲੀ ਪਾ ਕੇ ਹਟੀ ਸੀ। ਉਦੋਂ ਈ ਇਸੇ ਘਰ ਸ਼ਰੀਕਣੀਆਂ ਜੁੜੀਆਂ ਸੀ। ਮੈਂ ਆਪਣੀ ਵਾਰੀ ਲਾ ਹਟੀ ਸੀ। ਇਸ ‘ਕਲਹਿ ਦੀ ਮੁੱਢੀ’ ਮੇਰੀ ਨਨਾਣ ਨੇ ਗਿੱਧੇ ਦੇ ਪਿੜ ‘ਚ ਮੈਨੂੰ ਖਲ੍ਹਾਰ ਕੇ ਬੋਲੀ ਪਾਈ ਸੀ।
ਸਤਿ ਦੇ ਬਚਨ ਵਿਚ ਪੁੜੀਆਂ
ਸਤਿ ਦੇ ਬਚਨ ਵਿਚ ਪੁੜੀਆਂ
ਅਸਾਂ ਤੈਨੂੰ ਨਈਉਂ ਰੱਖਣਾ
ਤੇਰੀ ਨਾੜ-ਨਾੜ ਵਿਚ ਕੁੜੀਆਂ।
ਇਹ ਬੋਲੀ ਸੁਣ ਮੈਨੂੰ ਧਰਤ ਨੇ ਵਿਹਲ ਨਾ ਦਿੱਤੀ। ਸਾਰਾ ਸਰੀਰ ਝੂਠਾ ਪੈ ਗਿਆ ਸੀ। ਐਵੇਂ ਦੋ ਕੁ ਗੇੜੇ ਲਏæææਸਾਰੀਆਂ ਸ਼ਰੀਕਣੀਆਂ ਚੁੰਨੀਆਂ ਮੂੰਹ ਅੱਗੇ ਦੇ-ਦੇ ਹੱਸਣ। ਸਾਰੇ ਸ਼ਰੀਕੇ ‘ਚੋਂ ਸੋਹਣੀ ਸੁਨੱਖੀ ਮੈਂ, ਉਸੇ ਵੇਲੇ ਪੀਲੀ ਭੂਕ ਬਣ ਗਈ ਸੀ। ਨਨਾਣ ਦੀ ਪਾਈ ਬੋਲੀ ਨੇ ਮੈਨੂੰ ਇਹੋ ਜਿਹੀ ‘ਬੋਲੀ’ ਮਾਰੀ ਤੇ ਮੈਂ ਬੋਲੀਆਂ ਪਾਉਣੀਆਂ ਭੁੱਲ’ਗੀ। ਉਹ ਦਿਨ ਜਾਵੇ ਤੇ ਆਹ ਦਿਨ ਆਵੇ, ਮੈਂ ਨਹੀਂ ਕਦੇ ਗਿੱਧੇ ਵਿਚ ਵੜੀ। ਕਈ ਵਾਰ ਸੋਚੂੰ ‘ਚੱਲ ਛੱਡ ਮਨਾ’ ਜਿੱਥੇ ਇੰਨੀਆਂ ਢਿੱਡ ‘ਚ ਪਾ ਲਈਆਂ, ਉਥੇ ਇਹ ਵੀ ਸਹੀ ਪਰ ਮੈਂ ਗਿੱਧਾ ਪੈਂਦਾ ਨਈਂ ਵੇਖ ਸਕਦੀæææਮੈਨੂੰ ਇਵੇਂ ਲੱਗੂ ਜਿਵੇਂ ਇਹ ਸਾਰੀਆਂ ਸ਼ਰੀਕਣੀਆਂ ਰਲ-ਮਿਲ ਮੇਰਾ ਮਜ਼ਾਕ ਉਡਾਉਣ ਲੱਗੀਆਂ ਹੋਣ।
ਬਾਹਰ ਖੜਕਾ ਹੋਇਆ। ਮਾਵਾਂ-ਧੀਆਂ ਆ ਗਈਆਂ ਲੱਗਦੀਆਂ। ਕਿੱਦਾਂ ਹਿੜ-ਹਿੜ ਕਰਨ ਡਈਆਂ। ਉਨ੍ਹਾਂ ਦਾ ਹਾਸਾ ਮੇਰੇ ਸਿਰ ‘ਚ ਹਥੌੜੇ ਵਾਂਗ ਵੱਜਣ ਲੱਗਾ। ਜੀਅ ਕਰਦਾ ਇਸ ‘ਕਲਹਿ ਦੀ ਮੁੱਢੀ’ ਨੂੰ ਗੁੱਤੋਂ ਫੜ ਲਾਂ ਪਰ ਮੈਂ ਇੰਜ ਦਾ ਕੁਝ ਨਹੀਂ ਕਰ ਸਕਦੀ। ਬਾਹਰੋਂ ਆਉਂਦਾ ਹਾਸਾ, ਡੀæਜੇæ ‘ਤੇ ਲੱਗੀਆਂ ਬੋਲੀਆਂ ਦੇ ਸ਼ੋਰ ਨਾਲ ਮੇਰਾ ਸਿਰ ਭਾਰਾ ਹੋਣ ਲੱਗਾæææਮੈਨੂੰ ਪਤਾ ਨਈਂ ਕੀ ਹੁੱਲ ਕੁੱਦੀæææਟੋਕਰੇ ‘ਚ ਪਏ ਸਾਰੇ ਭਾਂਡਿਆਂ ਨੂੰ ਮੈਂ ਜ਼ਮੀਨ ‘ਤੇ ਵਗਾਹ ਮਾਰਿਆ।
“ਨੀ! ਕੀ ਚੰਨ ਚਾੜ੍ਹਿਆ ਈ ਅੰਦਰ।”
“ਭਾਂਡੇ ਹੱਥੋਂ ਛੁੱਟ’ਗੇ ਬੀæææਅæææਜੀ।”
“ਨੀਂ ਬੁੰਨ੍ਹੀਏ, ਤੈਨੂੰ ਸਾਰੀ ਉਮਰ ਅਕਲ ਨਾ ਆਈ। ਧਿਆਨ ਪਤਾ ਨਹੀਂ ਕਿੱਥੇ ਲੱਗਾ ਰਹਿੰਦਾ ਤੇਰਾ।”
ਚੰਗੀ ਭਲੀ ਅਕਲ ਵਾਲੀ ਮੈਂ ਇਸ ਘਰ ਆ ਕੇ ‘ਬੁੰਨ੍ਹੀ’ ਬਣਗੀ। ਇਹ ਬੁੱਢੜੀ ਮੈਨੂੰ ਬੁੰਨ੍ਹੀ ਤੋਂ ਸਿਵਾ ਕੂੰਦੀ ਨਈਂ। ਮੈਨੂੰ ਸਭ ਪਤਾ, ਬਾਹਰ ਬੈਠੀਆਂ ਮਾਵਾਂ-ਧੀਆਂ ਮੇਰੇ ਈ ‘ਗੁੱਡੇ’ ਬੰਨ੍ਹਣ ਡਈਆਂ ਤੇ ਮੈਂ ਰਸੋਈ ‘ਚ ਡਿੱਗੇ ਭਾਂਡਿਆਂ ਨੂੰ ਫਿਰ ਥਾਂ ਸਿਰ ਟਿਕਾ ਦਿੱਤਾ।
ਅਜੇ ਤੱਕ ਮੇਰਾ ਘਰਵਾਲਾ ਨਹੀਂ ਬਹੁੜਿਆæææਪੀਣ ਡੱਫਣ ਬਹਿ ਗਿਆ ਹੋਊæææਬਾਹਰ ਭਾਵੇਂ ਇਸ ‘ਚੰਡਾਲ ਚੌਂਕੜੀ’ ਤੋਂ ਡਰਦਾ ਮੇਰੀ ਸੁਣੇ-ਗਿਣੇ ਨਾ ਅੰਦਰ ਵੜਦਾ ਮੇਮਣਾ ਜਿਹਾ ਬਣ ਜੂæææ।
‘ਆਪ ਗਵਾਈਐ ਤਾਂ ਸਹੁ ਪਾਈeੈ’
ਮੇਰੀਆਂ ਲਾਵਾਂ ਹੋਣ ਤੋਂ ਬਾਅਦ ਗੁਰਦੁਆਰੇ ਦੇ ਭਾਈ ਨੇ ਤੁਕ ਦੁਹਰਾਈ, ‘ਆਪ ਗਵਾਈਐ ਤਾ ਸਹੁ ਪਾਈeੈ’, ਤੇ ਇਸ ਤੁਕ ਦਾ ਅਰਥ ਕਰਦਿਆਂ ਉਸ ਆਖਿਆ ਸੀ, “ਗ੍ਰਹਿਸਥ ਜੀਵਨ ਵਿਚਲਾ ਸਹੁ ਪਤੀ ਹੈ। ਪਤੀ ਨੂੰ ਪਾਉਣ ਲਈ ਆਪਣੀ ਹਉਮੈ ਮਾਰਨੀ ਪੈਂਦੀ ਹੈ।” ਨਿੱਤ ਨੇਮਣ ਮੇਰੀ ਮਾਂ, ਉਹ ਵੀ ਕਹਿੰਦੀ ਹੁੰਦੀ ਸੀ, “ਧੀਏ! ਆਪਾ ਗੁਆ ਕੇ ਪਤੀ ਪਰਮੇਸ਼ਰ ਨੂੰ ਪਾਈਦਾ।” ਡਰਪੋਕ ਸੀ ਉਹ, ਧੀਆਂ ਦੀ ਮਾਂ ਜੁ ਸੀ, ਮੈਨੂੰ ਪਤਾ ਨਈਂ ਕੀ ਕੁਝ ਸਮਝਾ ਛੱਡਿਆ। ਪਹਿਲੇ ਸਾਲ ਤਾਂ ਮੈਂ ਫਿਰ ਵੀ ਕਦੇ ਕਦਾਈਂ ਵਿੱਟਰ ਜਾਂਦੀ ਸੀ ਪਰ ਜਦੋਂ ਪਹਿਲੀ ਕੁੜੀ ਹੋਈ ਤਾਂ ਘਰਦਿਆਂ ਦੇ ਹਾਲਾਤ ਵੇਖ ਕੇ ਮੈਂ ਵੀ ਮਾਂ ਵਰਗੀ ਬਣ’ਗੀ। ਫੁਕ-ਫੂਕ ਕੇ ਕਦਮ ਰੱਖਣ ਵਾਲੀ ਤੇ ਸਾਰੇ ਟੱਬਰ ਨੇ ਮੇਰੇ ‘ਤੇ ਛੱਪਾ ਪਾ ਲਿਆ। ਇਕ ਮਾੜਾ ਮੋਟਾ ਬੰਦੇ ਦਾ ਆਸਰਾæææਕਈ ਵਾਰੀ ਜੀਅ ‘ਚ ਆਉ ਆਪਾ ਗੁਆ ਕੇ ਵੀ ਕਿਤੇ ਬੰਦਾ ਜਿੱਤ ਹੋਇਆ। ਕਮਰੇ ਦੇ ਮੋਹ ਨੂੰ ਕੀ ਕਰਨਾæææਜੋ ਕਦੇ ਬਾਹਰ ਮੇਰੀ ਧਿਰ ਨਈਂ ਬਣਦਾ।
“ਜੀਤਾਂ, ਬੂਹਾ ਖੋਲ੍ਹ।”
“ਸੌਂ ਗਈ ਸੀ ਤੂੰ।”
“ਹੋਰ ਤੈਨੂੰ ‘ਡੀਕਦੀ ਰਹਿੰਦੀ। ਨਾਲੇæææਤੇਰਾ ਹੁਣ ਵਿਆਹ ਖ਼ਤਮ ਹੋਇਆ।”
“ਭਾਗਵਾਨੇ ਪਤੀ ਪਰਮੇਸ਼ਰ ਨਾਲ ਇੰਜ ਤੱਤੇ ਠੰਢੇ ਨਈਂ ਹੋਈਦਾ। ਰਾਤ ਦਾ ਵੇਲਾ ਕੋਈ ਚੰਗੀ ਜਿਹੀ ਗੱਲ ਕਰ।”
“ਰਾਤ ਨੂੰ ਤੈਨੂੰ ਮੈਂ ਚੇਤੇ ਆ ਗਈ, ਸਾਰਾ ਦਿਨ ਤੇ ਦੀਹਦੀ ਨਈਂ ਤੈਨੂੰ।”
“ਗੱਲ ਸੁਣ, ਹੋਰ ਤੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਰਵ੍ਹਾਂ।”
“ਹੁਣ ਐਵੇਂ ਖਾਧੀ-ਪੀਤੀ ‘ਚ ਹੱਥ ਨਾ ਲਾਈਂ ਮੈਨੂੰ।”
“ਕਿਉਂ ਸਹੁਰੀ ਦੀਏ ਤੂੰ ਮੇਰੀ ਰੰਨ ਨਈਂ।”
“ਪੀ-ਡੱਫ ਕੇ ਰੰਨ ਦਿਸਣ ਲੱਗ ਪਈæææਕਦੇ ਦਿਲ ਦੀ ਗੱਲ ਕੀਤੀ ਓ ਮੇਰੇ ਨਾਲ।”
“ਐਵੇਂ ਕਿਉਂ ਮੱਚੀ ਜਾਨੀ ਆਂ, ਚੱਲ ਲਿਆ ਦਿਲ ਦਿਖਾæææਦਿਲ ਦਿਖਾਏਂਗੀ ਤਾਂ ਦਿਲ ਦੀ ਗੱਲ ਹੋਊ।”
“ਸ਼ਰਾਬ ਪੀਤੀ ‘ਚ ਵੇਖਾਂ ਕਿੱਡੀਆਂ ਕਹਿਤਾਂ ਆਉਂਦੀਆਂæææਮੈਨੂੰ ਨਹੀਉਂ ਤੇਰੀ ਪੀਣੀ ਚੰਗੀ ਲੱਗਦੀ ਜਾਂ ਸ਼ਰਾਬ ਛੱਡ ਦੇ ਜਾਂ ਮੈਨੂੰ ਛੱਡ ਦੇæææ।”
“ਸਹੁਰੀ ਦੀਏ ਤੁਸੀਂ ਦੋਵੇਂ ਬੜੀਆਂ ਚੰਗੀਆਂæææਨਾ ਤੈਨੂੰ ਛੱਡਣਾæææਨਾ ਸ਼ਰਾਬ ਨੂੰ ਛੱਡਣਾ।”
ਇੰਨਾ ਆਖ ਉਸ ਮੈਨੂੰ ਆਪਣੇ ਵੱਲ ਖਿੱਚ ਲਿਆ ਤੇ ਮੈਂ ਵੀ ਆਪਣੇ ਮਨ ਆਈਆਂ ਕਹਿ ਦਿੱਤੀਆਂ। “ਵੇਖ! ਇਕ ਤੇਰਾ ਈ ਆਸਰਾ ਇਸ ਪੂਰੇ ਘਰ ‘ਚæææ। ਮਾਵਾਂ-ਧੀਆਂ ਮੇਰੀ ਸਾਰਾ ਦਿਨ ਕੁੱਤੇਖਾਣੀ ਕਰਦੀਆਂ ਰਹਿੰਦੀਆਂ। ਮੇਰਾ ਵੀ ਜੀਅ ਕਰਦਾ ਤੂੰ ਕਦੇ ਤਾਂ ਮੇਰੇ ‘ਹੱਕ’ ‘ਚ ਖਲੋਵੇਂ।”
“ਏਧਰ ਵੇਖ, ਮੇਰੀ ਗੱਲ ਸੁਣæææਮੈਂ ਕਿਹੜਾ ਸੌਖਾਂæææਜਣਾ-ਖਣਾ ਗੱਲ ਕਰ ਕੇ ਅਹੁ ਜਾਂਦਾ। ਪਰਸੋਂ ਲੰਬੜਾਂ ਦਾ ਮੀਤਾ ਕਹਿੰਦਾ, “ਕੀਹਦੇ ਵਾਸਤੇ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾਂ।”
ਇਹ ਗੱਲ ਸੁਣ ਮੈਨੂੰ ਆਪਣੇ ਖ਼ਸਮ ‘ਤੇ ਤਰਸ ਜਿਹਾ ਆਇਆ ਤੇ ਉਹ ਮੇਰੀ ਹਿੱਕ ਨਾਲ ਡਰੇ ਨਿਆਣੇ ਵਾਂਗੂੰ ਚੰਬੜ ਗਿਆ।
“ਬਸ਼ææਇਕ ਮੁੰਡਾ ਦੇ-ਦੇæææਫਿਰ ਵੇਖੀਂ ਕਿਵੇਂ ਨ੍ਹੇਰੀਆਂ ਲਿਆਉਂਦਾ।” ਉਹ ਮੁੰਡਾ ਮੰਗਦਾ-ਮੰਗਦਾ ਉਥੇ ਪਹੁੰਚ ਗਿਆ ਸੀ ਜਿੱਥੇ ਸਭ ਰੋਸੇ ਖ਼ਤਮ ਹੋ ਜਾਂਦੇ ਨੇ।
ਕੁੱਖੇ ਪਈਆਂæææ
ਪਤਾ ਨਈਂ ਕਿੰਨੀਆਂ ਮੇਰੀ ਕੁੱਖੇ ਪਈਆਂ ਤੇ ਕਿੰਨੀ ਵਾਰ ਮੈਥੋਂ ਗੁਨਾਹ ਹੋਇਆ। ਕਈ ਵਾਰ ਸੋਚੂੰ ਕਿ ਉਨ੍ਹਾਂ ‘ਕੁੱਖੇ ਪਈਆਂ’ ਦਾ ਸਰਾਪ ਲੱਗਾ ਮੈਨੂੰ। ਮਾੜੇ ਹੱਥੀਂ ਸਫ਼ਾਈ ਕਰਾ ਲਈ, ਫਿਰ ਕੁੱਖ ਨਈਂ ਨਿੰਮੀ, ਦੋ ਸਾਲ ਹੋ ਗਏæææ।
ਮੈਨੂੰ ਚੰਗਾ ਚੇਤਾ ਜਦ ਆਖ਼ਰੀ ਵਾਰ ਸਫ਼ਾਈ ਕਰਾਈ ਸੀæææਤਿੰਨ ਮਹੀਨਿਆਂ ਬਾਅਦ ਟੈਸਟ ਕਰਾਇਆ ਫਿਰ ਕੁੜੀ ਨਿਕਲੀ। ਡਾਕਟਰਨੀ ਨੇ ਅੰਦਰ ਦਵਾਈ ਰੱਖ ਘਰ ਭੇਜ ਦਿੱਤਾ ਸੀ ਸਾਰੀ ਵਾਟੇ ਢਿੱਡ ‘ਤੇ ਹੱਥ ਰੱਖ ਰੋਂਦੀ ਰਹੀ ਸੀ। ਮੈਨੂੰ ਲੱਗਾ ਜਿਵੇਂ ਕੋਈ ਬੋਟ ਮੇਰੇ ਅੰਦਰ ਤੜਫ-ਤੜਫ ਕੇ ਮਰ ਰਿਹਾ ਪਰ ਮੈਂ ਕੁਝ ਨਹੀਂ ਸੀ ਕਰ ਸਕਦੀ। ਤਿੰਨ ਘੰਟੇ ਬਾਅਦ ਫਿਰ ਹਸਪਤਾਲ ਗਏæææਸਫ਼ਾਈ ਕਰਨ ਤੋਂ ਬਾਅਦ ਨਰਸ ਨੇ ਲਫ਼ਾਫ਼ੇ ‘ਚ ਲਪੇਟ ਸਭ ਕੁਝ ਫੜਾਉਂਦਿਆਂ ਕਿਹਾ ਸੀ, “ਇਹਨੂੰ ਭਾਵੇਂ ਵਗਦੇ ਪਾਣੀ ‘ਚ ਵਹਾਅ ਦੇਵੋ ਜਾਂ ਟੋਆ ਕੱਢ ਕੇ ਨੱਪ ਦੇਵੋ।” ਲਫ਼ਾਫ਼ਾ ਮੇਰੇ ਹੱਥ ਵਿਚ ਸੀ। ਮੈਂ ਉਸ ਲਫ਼ਾਫ਼ੇ ‘ਚ ਪਈਆਂ ਆਪਣੀਆਂ ਹੀ ਆਂਦਰਾਂ ਟੋਹੀਆਂ ਤੇ ਮੇਰੇ ਮੂੰਹੋਂ ਸੁਭਾਇਕੀ ਨਿਕਲ ਗਿਆ ‘ਨਿਕਰਮਣ।’ ਨਹਿਰ ਆਈ, ਕਾਰ ਰੁਕ ਗਈ। ਸਾਡੀਆਂ ਰੰਨ-ਖਸਮ ਦੀਆਂ ਅੱਖਾਂ ਸਿੱਲ੍ਹੀਆਂ ਸਨ। ਉਹਨੇ ਬਗ਼ੈਰ ਕੁਝ ਕਿਹਾਂ ਮੈਥੋਂ ਲਫ਼ਾਫ਼ਾ ਫੜਿਆ ਤੇ ਨਹਿਰ ਵਿਚ ਸੁੱਟ ਦਿੱਤਾ। ਕਹਿੰਦੇ ਹੁੰਦੇ ਆ ‘ਸੂਅ ਨਾਲੋਂ ਚੂਅ ਮਾੜੀæææ’ ਸਾਰਾ ਸਰੀਰ ਟੁੱਟਦਾ ਜਾਂਦਾ ਸੀ ਤੇ ਅੱਗੋਂ ਸੱਸ ਤੱਤੀਆਂ ਠੰਢੀਆਂ ਸੁਣਾਉਣ ਬਹਿ’ਗੀ। ਉਦੋਂ ਮੈਂ ਇਸ ਟੱਬਰ ਦੀਆਂ ਕਈ ਵਧੀਕੀਆਂ ਝੱਲ ਲਈਆਂ, ਭੋਰਾ ਦਿਲ ‘ਤੇ ਨਾ ਲਾਈ ਪਰ ਹੁਣ ਇਸ ਟੱਬਰ ਦੀ ਨਿੱਕੀ-ਨਿੱਕੀ ਗੱਲ ਦਿਲ ‘ਤੇ ਬਹਿ ਜਾਂਦੀ ਆ।
ਸਾਧ ਦੀ ਚੌਂਕੀ
ਹਵੇਲੀ ‘ਚੋਂ ਧਾਰਾਂ ਕੱਢ ਕੇ ਆਈ ਆਂ। ਸੱਸ ਮੈਨੂੰ ਇਸ਼ਾਰੇ ਨਾਲ ਦੂਜੇ ਕਮਰੇ ਵਿਚ ਲੈ ਗਈ। “ਕਿਸੇ ਨੇ ਸਿਆਣੇ ਦੀ ਦੱਸ ਪਾਈ ਆæææਬੜੀ ਕਰਨੀ ਵਾਲਾ ਸਾਧ ਦੱਸੀਦਾ। ਬੜੀਆਂ ਰਿੱਧੀਆਂ ਸਿੱਧੀਆਂ ਦਾ ਮਾਲਕæææਆਹ ਜਿਹੜਾ ਤੇਰੇ ਨੁਕਸ ਪੈ ਗਿਅ, ਉਹ ਵੀ ਉਹਨੇ ਠੀਕ ਕਰ ਦੇਣਾ।” ਮੈਂ ਚੁੱਪ-ਚਾਪ ਸਭ ਕੁਝ ਸੁਣਦੀ ਰਹੀ ਤੇ ਮੁੰਡਾ ਲੈਣ ਉਸ ਸਾਧ ਦੀ ਚੌਂਕੀ ਜਾ ਬੈਠੀ। ਮੈਂ ਤੇ ਮੇਰੀ ਸੱਸ ਸਾਧ ਦੇ ਕਮਰੇ ‘ਚ ਸਾਂ। ਸਾਧ ਦੀਆਂ ਲਾਲ ਸੁਰਖ਼ ਅੱਖਾਂ ਤੋਂ ਮੈਨੂੰ ਖੌਫ਼ ਜਿਹਾ ਆਇਆ ਪਰ ਫਿਰ ਸੰਭਲ ਗਈ। ਸਾਧ ਨੇ ਇਕ ਟਿੱਕ ਨੀਝ ਨਾਲ ਮੈਨੂੰ ਵੇਖਿਆ ਤੇ ਕਹਿਣ ਲੱਗਾ, “ਹੇ ਨਾਰੀ! ਤੁਮ੍ਹਾਰੀ ਕੋਖ ਕੋ ਕਿਸੀ ਨੇ ਬਾਂਧ ਰੱਖਾ ਹੈ, ਔਰ ਇਸ ਸੇ ਮੁਕਤ ਹੋਨੇ ਕੇ ਲੀਏ ਉਪਾਅ ਕਰਨਾ ਹੋਗਾ।” ਫਿਰ ਉਹ ਚਾਲੀ ਨਾਗ-ਨਾਗਣੀ ਦੇ ਜੋੜੇ ਮੇਰੇ ਹੱਥ ਫੜਾਉਂਦਿਆਂ ਸਮਝਾਉਣ ਲੱਗਾ, “ਨਾਰੀ! ਪ੍ਰਤੀ ਦਿਨ ਏਕ ਜੋੜੇ ਕੋ ਸ਼ਿਵਲਿੰਗ ਕੇ ਸਾਤ ਚੱਕਰ ਲਗਾ ਕਰ ਜਲ ਮੇਂ ਪ੍ਰਵਾਹ ਕਰਨਾ ਹੈ ਔਰ ਅੰਤਮ ਜੋੜੇ ਕੋ ਜਲ ਪ੍ਰਵਾਹ ਕਰਨੇ ਕੇ ਤੁਰੰਤ ਬਾਅਦ ਇਸ ਕਮਰੇ ਮੇਂ ਅਕੇਲੇ ਆਨਾ ਹੈ।” ਚਾਲੀ ਦਿਨਾਂ ਬਾਅਦ ਮੈਂ ਉਹਦੇ ਕਮਰੇ ‘ਚ ‘ਕੱਲੀ ਗਈæææਹਿੰਗ ਨਸਵਾਰ ਤੇ ਧੂਫ਼ ਦਾ ਰਲਦਾ-ਮਿਲਦਾ ਧੂੰਆਂ ਮੇਰੇ ਸਿਰ ਨੂੰ ਚੜ੍ਹਨ ਲੱਗਾ। ਨਾਗ-ਨਾਗਣੀ ਦੇ ਚਾਲੀ ਜੋੜੇ ਖ਼ਤਮ ਹੋ ਚੁੱਕੇ ਸਨ ਤੇ ਸਾਧ ਦੇ ਕਹੇ ਮੁਤਾਬਕ ਮੈਂ ਸ਼ਿਵਲਿੰਗ ਦੁਆਲੇ ਸੱਤ ਚੱਕਰ ਲਾਏ। ਆਖ਼ਰੀ ਚੱਕਰ ਤੋਂ ਬਾਅਦ ਸਾਧ ਨੇ ਨਾਗ ਬਣ ਮੈਨੂੰ ਥਾਂ-ਥਾਂ ਤੋਂ ਡੰਗ ਲਿਆ ਸੀ ਤੇ ਮੈਂ ਉਸ ਡੰਗ ਨੂੰ ਅੰਦਰੋ-ਅੰਦਰੀ ਜ਼ੀਰਦੀ ਘਰ ਪਹੁੰਚ ਗਈ। ਘਰ ਆ ਕੇ ਮੈਂ ਮਲ-ਮਲ ਨਹਾਉਂਦੀ ਪਰ ਮੇਰੇ ਸਰੀਰ ‘ਚੋਂ ਹਿੰਗ ਨਸਵਾਰ ਦੀ ਗੰਦੀ ਜਿਹੀ ਬੋਅ ਆਉਂਦੀ ਰਹਿੰਦੀ। ਜਦ ਮੇਰਾ ਘਰ ਵਾਲਾ, ਮੇਰੇ ਕੋਲ ਆਉਂਦਾ ਤਾਂ ਮੈਨੂੰ ਅਲਕਤ ਜਿਹੀ ਆਉਂਦੀæææਐਵੇਂ ਕੋਈ ਨਾ ਕੋਈ ਬਹਾਨਾ ਘੜ ਲੈਂਦੀ।
ਤੇ ਹੁਣ ਉਹ ਕਦੀ ਮੇਰੇ ਨੇੜੇ ਨਹੀਂ ਆਇਆ। ਪਤਾ ਨਹੀਂ ਕੀ-ਕੀ ਪੱਟੀਆਂ ਪੜ੍ਹਾਈਆਂ ਰਲ-ਮਿਲ ਮਾਵਾਂ-ਧੀਆਂ ਨੇ। ਉਹ ਨਿਰਮੋਹਿਆ ਹੋ ਗਿਆæææਹੁਣ ਤਾਂ ਘਰ ਵੀ ਵੱਢ-ਵੱਢ ਖਾਂਦਾæææਦੁਰਭਟਾ ਵਾਂਗੂੰ ਪਈ ਫਿਰਦੀ ਆਂæææਮੈਨੂੰ ਤਾਂ ਢਿੱਡ ਦਾ ਦੁੱਖ ਲੈ ਕੇ ਬਹਿ ਗਿਆæææਆਂਦਰਾਂ ਦੇ ਰੁੱਗ ਭਰ-ਭਰ ਜਾਂਦੇæææਢਿੱਡ ਦੇ ਹੌਕੇ ਦਿਮਾਗੇ ਅਸਰ ਕਰ’ਗੇ। ਰਹਿੰਦੀ-ਖੂੰਹਦੀ ਕਸਰ ਮੇਰੇ ਖ਼ਸਮ ਨੇ ਪੂਰੀ ਕਰ’ਤੀ। ਲਾਗੋਂ ਦੀ ਇੰਜ ਲੰਘ ਜੂ, ਜਿਵੇਂ ਜਾਣਦਾ ਨਹੀਂ ਹੁੰਦਾ। ਮੈਂ ਹੀ ਢੀਠ ਜਿਹੀ ਬਣ ਬੁਲਾਇਆ, “ਬੰਦਿਆ! ਮੇਰੇ ਨਾਲ ਏਦੂੰ ਵੱਧ ਕੀ ਹੋ ਜੂ। ਮੇਰਾ ਕਸੂਰ ਤਾਂ ਦੱਸ।” ਤੇ ਉਹ ਅੱਗੋਂ ਭਬਕ ਕੇ ਪੈ ਗਿਆ, “ਕੁੜੀ ‘ਤੇ ਕੁੜੀ ਸੁੱਟੀ ਜਾਂਦੀ ਆæææਤੇ ਅੱਗੋਂ ਕੋਈ ਆਸ ਨੀæææਤੇ ਅਜੇ ਕਸੂਰ ਪੁੱਛਦੀ ਆਂ।” ਉਹ ਮੇਰਾ ਕਸੂਰ ਦੱਸ ਲਾਂਭੇ ਹੋ ਗਿਆ ਸੀ ਤੇ ਮੈਂ ਸੁੰਨ ਜਿਹੀ ਹੋ ਕਿੰਨਾ ਚਿਰ ਉਥੇ ਹੀ ਖਲੋਤੀ ਰਹੀ।
ਲਿਖੀਆਂ ਲੇਖ ਦੀਆਂ
ਇਹ ਸਾਰਾ ਟੱਬਰ ਤਾਂ ਮੇਰੇ ਮੱਥੇ ਕਸੂਰ ਮੜ੍ਹ ਕੇ ਸੁਰਖਰੂ ਹੋ ਰਿਹੈ ਤੇ ਮੈਂ ਕਿੱਥੇ ਜਾਵਾਂ! ਕਈ ਵਾਰ ਸੋਚੂੰ ਇਹੋ ਜਿਹੇ ਜੀਣ ਖੁਣੋਂ ਕੀ ਥੁੜਿਆ ਜਿੱਥੇ ਨਾ ਕੋਈ ਦਿਲ ਦੀ ਪੁੱਛਣ ਵਾਲਾ ਤੇ ਨਾ ਕੋਈ ਦਿਲ ਦੀ ਦੱਸਣ ਵਾਲਾ! ਫਿਰ ਭੋਰਾ ਜਿੰਨੀ ਕੁੜੀ ਦਾ ਮੋਹ ਮਾਰ ਜਾਂਦਾ। ਜੇ ਛੱਡ ਕੇ ਪੇਕੇ ਚਲੀ ਗਈ ਤਾਂ ਇਹਦੇ ਮੁਰੱਬਿਆਂ ਨੂੰ ਤਾਂ ਹੋਰ ਜੁੜ ਜਾਣਗੀਆਂ ਤੇ ਮੇਰੀ ਕੁੜੀ ਰਹਿ ਜੂ ਬਿਗਾਨੀਆਂ ਪਟੋਕੀਆਂ ਜੋਗੀ। ਕਹਿੰਦੇ ਹੁੰਦੇ ਆ, ‘ਲਿਖੀਆਂ ਲੇਖ ਦੀਆਂ ਭੋਗ ਮਨਾਂ ਚਿੱਤ ਲਾ ਕੇ’ ਪਰ ਧੀਆਂ ਦੇ ਲੇਖ ਈ ਕਿਉਂ ਮਾੜੇ ਲਿਖ ਦਿੰਦਾ ਰੱਬæææ। ਜਦ ਕੁਆਰੀ ਸੀ ਤਾਂ ਮਾਂ ਕਹਿੰਦੀ ਹੁੰਦੀ ਸੀ, “ਸਾਊ ਘਰਾਂ ਦੀਆਂ ਧੀਆਂ ਇੰਜ ਨੀ ਕਰਦੀਆਂæææਆਪਣੇ ਘਰ ਜਾ ਕੇ ਜੋ ਮਰਜ਼ੀ ਕਰਿਉ।” ਕਈ ਵਾਰ ਸੋਚੂੰ, ਵਿਆਹ ਦੇ ਪੰਜ ਸਾਲ ਬਾਅਦ ਵੀ ਨਾ ਇਹ ਘਰ ਆਪਣਾ ਬਣਿਆ ਤੇ ਨਾ ਕੋਈ ਮਰਜ਼ੀ ਪੁੱਗੀ।
ਪਰਸੋਂ ਕਿੰਨੇ ਦਿਨਾਂ ਬਾਅਦ ਉਹ ਮੇਰੇ ਕਮਰੇ ‘ਚ ਆਇਆ ਸੀ, ਆਪਣੀ ਲੋੜ ਲਈ। ਮੈਂ ਉਹਦੀਆਂ ਅੱਖਾਂ ਵਿਚੋਂ ਬਿਗਾਨੀ ਔਰਤ ਲੱਭ ਲਈ ਸੀ। ਉਹਦੇ ਤਾਂ ਇਹ ਚਿੱਤ ਚੇਤੇ ਵੀ ਨਈਂ ਸੀ ਬਈ ਜਨਾਨੀ ਦੀ ਦੇਹ ਹੁੰਦੀ ਆ। ਕਈ ਵਾਰ ਦਿਲ ਕਰਦਾ ਉਹਨੂੰ ਆਖਾਂ, “ਬੰਦਿਆ! ਤੂੰ ਤਾਂ ਵੰਨ-ਸੁਵੰਨੀਆਂ ਨਾਲ ਜੋੜ ਮੇਲਾ ਕਰ ਆਉਂਦੈ, ਮੈਂ ਕਿੱਥੇ ਜਾਵਾਂ?” ਫਿਰ ਸੋਚਦੀ ਛੱਡ ਮਨਾਂ, ਜੇ ਦਿਲਾਂ ਦੀ ਸਾਂਝ ਨਈਂ ਤਾਂæææ। ਕੱਲ੍ਹ ਸਾਰੀ ਰਾਤ ਅੱਖਾਂ ‘ਚ ਲੰਘ ਗਈ। ਤਦੇ ਹੁਣ ਸਿਰ ਭਾਰਾ ਹੋਣ ਡਿਹਾ। ਜੀਅ ਕਰਦਾ ਸਿਰ ‘ਚ ਪਾਣੀ ਪਾ ਲਵਾਂ ਪਰ ਅੱਜ ਤਾਂ ਸ਼ਨਿਚਰਵਾਰ ਆæææ। ਕਹਿੰਦੇ ਹੁੰਦੇ ਆ, ‘ਸ਼ੁਕਰ ਛੱਡ, ਸ਼ਨਿੱਚਰ ਨਾਅ੍ਹ, ਆਪਣਾ ਗਰੋਹ ਪਤੀ ‘ਤੇ ਪਾ।’ ਅੱਗੇ ਕੀ ਪਤਾ ਕਿਹੜਾ ਕਿਹੜਾ ਗਰੋਹ ਸਿਰ ‘ਤੇ ਬੰਨ੍ਹੀ ਫਿਰਦਾ।
ਰਸੋਈ ‘ਚ ਬੰਨੀ-ਰੁੱਤੀ ਚਾਹ ਬਣਾਉਣ ਡਈ ਆਂ। “ਨੀਂ ਬੁੰਨ੍ਹੀਏ, ਚਾਹ ਰਿੱਝ-ਰਿੱਝ ਕਮਲੀ ਹੋ’ਗੀæææਲਾਹ ਇਹਨੂੰ।” ਮੈਂ ਚੁੱਪ-ਚੁਪੀਤੇ ਪਤੀਲੀ ਲਾਹ ਦਿੱਤੀ। “ਨੀ ਆਹ ਖੜਕਾ ਕਾਹਦਾ ਹੋਇਆ।” ਬਗੈਰ ਕੋਈ ਜਵਾਬ ਦਿੱਤਿਆਂ, ਮੈਂ ਵੀ ਸੱਸ ਦੇ ਪਿੱਛੇ ਹਵੇਲੀ ਵੱਲ ਹੋ ਤੁਰੀ।
“ਵੇ ਇਸ ਬੇਜ਼ੁਬਾਨ ਜੀਅ ਨੂੰ ਕਿਉਂ ਮਾਰਨ ਬਹਿ ਗਿਆਂ।”
“ਮਾਰਾਂ ਨਾ ਤਾਂ ਹੋਰ ਕੀ ਕਰਾਂ, ਆਰਤੀ ‘ਤਾਰਾਂ ਇਹਦੀæææਫਿਰ ਖਾਲੀ ਨਿਕਲ ਆਈ ਸਹੁਰੀ ਦੀ।”
“ਫੰਡਰ ਹੋ’ਗੀ ਫੇਰ ਤਾਂæææਸੁੱਟ ਪਰ੍ਹਾਂ ਇਹਨੂੰæææਘਰ ਬਾਹਰ ਫੰਡਰਾਂ ਨੂੰ ਥੋੜ੍ਹੀ ਸਾਂਭੀ ਜਾਣਾæææ।”
ਮੇਰੇ ਲਾਗੇ ਖਲੋਤੇ ਮਾਂ-ਪੁੱਤ ਮੈਨੂੰ ਚੁਆਤੀਆਂ ਲਾਉਂਦੇ ਰਹੇ। ਅਗਲੇ ਪਲ ਮੈਨੂੰ ਸਾਰੇ ਵਿਹੜੇ ‘ਚ ਫੰਡਰ ਮੱਝ ਦਿਸੀ ਜਾਵੇ। ਮੈਨੂੰ ਲੱਗਾ ਮੰਜੇ ‘ਤੇ ਬੈਠੇ ਦੋਵੇਂ ਮਾਂ-ਪੁੱਤ ਮੈਨੂੰ ਫੰਡਰ-ਫੰਡਰ ਕਹਿ ਕੇ ‘ਵਾਜ਼ਾਂ ਮਾਰਨ ਡਹੇ ਆ। ਮੈਂ ਉਚੀ ਸਾਰੀ ਚੀਕ ਮਾਰੀæææਸ਼ੁਦਾਈਆਂ ਵਾਂਗਰ ਕਦੇ ਸੱਸ ਵੱਲ ਤੇ ਕਦੇ ਖ਼ਸਮ ਵੱਲ ਵੇਖ ਮੈਂ ‘ਉਹ ਉਹ’ ਕਰੀ ਜਾਵਾਂ। ਮੇਰੇ ਸਰੀਰ ‘ਤੇ ਮੇਰਾ ਵੱਸ ਨਾ ਰਿਹਾ। ਆਪਣੇ ਵਾਲ ਖੋਹ ਸੁੱਟੇ। ਛਾਤੀ ਪਿੱਟ ਲਈ।
“ਨੀ ਹੋਇਆ ਕੀ, ਕੁਝ ਤਾਂ ਬੋਲ। ਕੀਹਨੂੰ ਪਿੱਟਣ ਬਹਿ’ਗੀ, ਨੀ ਕੌਣ ਦਿਸਦਾ।”
“ਉਹæææਉਹ ਮੇਰੀਆਂ ਧੀæææਈæææਆਂ ਖ਼ææਅæææਤæææਮ।”
ਮੈਂ ਆਪਣੇ ਮੂੰਹ ‘ਤੇ ਚਪੇੜਾਂ ਮਾਰੀ ਜਾਵਾਂ। ਸੱਸ ਨੇ ਹੱਥ ਫੜਿਆ, ਖਸਮ ਨੇ ਬਾਂਹ ਮਰੋੜੀ ਪਰ ਮੇਰੇ ‘ਚ ਜ਼ੋਰ ਪਤਾ ਨਹੀਂ ਕਿੱਥੋਂ ਆ ਗਿਆ। ਆਪਣੇ ਆਪ ਨੂੰ ਛੁਡਾ ਮੈਂ ਬਰਾਂਡੇ ‘ਚ ਪਏ ਮੰਜੇ ਦੇ ਪਾਵੇ ਨਾਲ ਲੱਗ ਉੱਚੀ-ਉੱਚੀ ਚੀਕਾਂ ਮਾਰੀ ਜਾਵਾਂ। ਮਨ ਦਾ ਗੁੱਭ-ਗੁਲਾਟ ਨਿਕਲ ਗਿਆ, ਸਿਰ ਹੌਲਾ ਹੋ ਗਿਆ ਤੇ ਮੈਂ ਸਾਰੇ ਘਰ ਦੀ ਬਹੁਕਰ-ਬਾਹਰੀ ਕਰਨ ਲੱਗ ਪਈ।
ਹੱਥ ਹੌਲਾ ਕਰਾਉਣਾ
ਸੱਸ ਮੇਰਾ ਹੱਥ ਹੌਲਾ ਕਰਾਉਣ ਲਈ ਮੈਨੂੰ ਸਾਧ ਦੀ ਚੌਂਕੀ ਲੈ ਗਈ। ਕਮਰਾ ਉਹੀ ਆæææਪਰ ਸਾਧ ਉਹ ਨਈਂ। “ਬਾਲਿਕਾ ਕਿਆ ਦੁਖ ਹੈ ਤੁਝੇ।” ਉਹਨੇ ਦੁੱਖ ਪੁੱਛਿਆ ਤਾਂ ਕਈ ਦਿਨਾਂ ਤੋਂ ਡੱਕੇ ਅੱਥਰੂ ਝਲਾਰਾਂ ਬਣ ਵਹਿ ਤੁਰੇ। “ਤੁਮ੍ਹਾਰੇ ਮਨ ਮੇਂ ਜੋ ਭੀ ਵਿਚਾਰ ਹੈ ਉਸੇ ਤਿਆਗ ਦੋ। ਤੁਮ੍ਹਾਰੀ ਸੁੰਦਰ ਕਾਯਾ ਕੋ ਦੀਮਕ ਲਗਾ ਹੈ। ਅਬ ਇਸ ਬਾਬਾ ਕੀ ਛੋਹ ਸੇæææਯੇ ਦੀਮਕ ਕਾਯਾ ਸੋਨ ਕਾਯਾ ਮੇਂ ਪਰਿਵਰਤਤ ਹੋਗੀ।” ਸਾਰੀ ਦੁਨੀਆਂ ਤੋਂ ਪੈਰੀਂ ਹੱਥ ਲੁਆਉਣ ਵਾਲਾ ਬਾਬਾ ਮੇਰੇ ਪੈਰਾਂ ਨੂੰ ਚੁੰਮ ਚੱਟ ਰਿਹਾ ਸੀ ਤੇ ਉਸ ਬਾਬੇ ਨੇ ਮੇਰਾ ਹੱਥ ਹੌਲਾ ਕਰਦਿਆਂ ਮੈਨੂੰ ਵੀ ਹੌਲੀ ਫੁੱਲ ਕਰ’ਤਾ। ਅੱਜ ਸਾਧ ਦੀ ਚੌਂਕੀ ਭਰਨੀ ਮੈਨੂੰ ਭੈੜੀ ਨਹੀਂ ਸੀ ਲੱਗੀ।
ਜਦੋਂ ਦੀ ਚੌਂਕੀ ਭਰ ਕੇ ਆਈ ਆਂ ਆਪਣਾ ਆਪ ਵਸ ‘ਚ ਆæææ। ਅੱਜ ਤੜਕੇ ਤੁਰ’ਗੇ ਘਰੋਂ ਸਾਰੇ। ਮੈਂ ਨਿਆਣੀ ਨਈਂæææਸਭ ਸਮਝਦੀ ਆਂ ਇਨ੍ਹਾਂ ਦੀਆਂæææ। ਜੋ ਇਨ੍ਹਾਂ ਦੇ ਢਿੱਡ ‘ਚ ਆ ਮੇਰੇ ਨਹੁੰਆਂ ‘ਤੇ ਆ। ਖਸਮ ਭਾਵੇਂ ਹੁਣ ਮੈਨੂੰ ਕਿਸੇ ਗਿਣਤੀ ‘ਚ ਨਈਂ ਰੱਖਦਾ ਪਰ ਜਦੋਂ ਦੇ ਘਰੋਂ ਗਏ ਆ, ਮੈਨੂੰ ਹੋਰ ਤਰ੍ਹਾਂ ਹੋਈ ਜਾਂਦਾ। ਇਹ ਘਰ ਖਾਣ ਨੂੰ ਪੈਂਦਾæææਇਸ ਘਰ ਦੀ ਇਕ-ਇਕ ਸ਼ੈਅ ਮੇਰਾ ਮੂੰਹ ਚੜ੍ਹਾਉਣ ਡਈ ਆæææ। ਕੰਧ ‘ਤੇ ਲੱਗੀ ਸਾਡੇ ਦੋਵਾਂ ਜੀਆਂ ਦੀ ਫੋਟੋ ਵਿਚ ਕੋਈ ਤੀਜੀ ਆ ਕੇ ਬਹਿ’ਗੀ।
“ਲੈ ਕੇ ਆਵੇ ਸਈਂ ਦੂਜੀæææਸਾਰੇ ਟੱਬਰ ਨੂੰ ਥਾਣੇ ਲੈ ਕੇ ਭੁਗਤੂੰæææ।” ਸਾਡੇ ਤਾਂ ਘਰ ਵਾਪਰ ਕੇ ਹਟੀਆਂ ਸੀ। ਤਾਏ ਦੇ ਇਹੋ ਜਿਹੇ ਕਾਰੇ ਕਰ ਕੇ ਚੰਗਾ ਰੋਲਿਆ ਸੀ ਤਾਈ ਨੇæææ।
ਕਈ ਵਾਰ ਜੀਅ ‘ਚ ਆਊ, ਨਵੀਂ ਲਿਆਉਣ ਕਰ ਕੇ ਮੇਰਾ ਚੱਜ ਨਾਲ ਇਲਾਜ ਨਹੀਂ ਕਰਾਉਂਦੇ। ਕਹਿੰਦੇ ਹੋਣੇ ਮਰ ਖਪ ਜਾਵੇ। ਸਕੂਲੋਂ ਆਈ ਕੁੜੀ ਨੂੰ ਮੈਂ ਬਾਹਾਂ ‘ਚ ਘੁੱਟ ਲਿਆ ਤੇ ਆਪਣੀ ਤਸੱਲੀ ਲਈ ਪੁੱਛਿਆ, “ਧੀਏ! ਤੂੰ ਮੇਰੀ ਆਂ ਨਾ।” ਉਹ ਉਂਜ ਹੀ ਸਹਿਮੀ ਜਿਹੀ ਮੇਰੇ ਨਾਲ ਲੱਗੀ ਰਹੀ। ਕੱਪੜੇ ਸੰਭਾਲਦੀ ਦੇ ਮੇਰੇ ਹੱਥ ਮਰੀ ਕੁੜੀ ਦਾ ਸਵੈਟਰ ਲੱਗ ਗਿਆæææਐਵੇਂ ਈ ਮਨ ‘ਚ ਆਇਆ, ਇਹੋ ਮੁੰਡਾ ਬਣ ਆ ਜਾਂਦੀ ਤਾਂ ਮੈਨੂੰ ਆਹ ਦਿਨ ਨਾ ਵੇਖਣੇ ਪੈਂਦੇæææਤੇ ਫਿਰ ਕੰਮ ਕਰਦਿਆਂ ਮੇਰੀ ਅੱਖ ਲੱਗ ਗਈ। ਮੇਰੀਆਂ ਮੀਚੀਆਂ ਅੱਖਾਂ ਸਾਹਮਣੇ ਸੱਥਰ ਵਿਛ ਗਿਆ। ਸਾਰੇ ਮੈਨੂੰ ਰੋਣ ਡਹੇ ਆ, ਸੱਸ ਵੀ ਫਫੜੇ ਕਰਨ ਡਈ ਆæææਮੇਰੀ ਮਾਂ ਨੇ ਉੱਚੀ ਦੇਣੀ ਵੈਣ ਪਾਇਆ, “ਕਿਹੜੇ ਰਾਹੇ ਪੈ ਗਈ ਧੀਏæææਮੰਦੇ ਪੈ’ਗੇ ਤੈਨੂੰ ਸਹੇੜਨ ਵਾਲੇæææਔਖੇ ਹੋ’ਗੇ ਨੀ ਤੈਨੂੰ ਜੰਮਣ ਵਾਲੇ?” ਮੈਂ ਤ੍ਰਬਕ ਕੇ ਉੱਠੀæææਇਹ ਮੈਂ ਕੀ ਵੇਖਣ ਡਈ ਸੀ ਆਪਣੇ ਆਪ ਨੂੰ ਹੱਥ ਲਾ ਕੇ ਟੋਹਿਆ, ਸਰੀਰ ਤ੍ਰੇਲੀਓ-ਤ੍ਰੇਲੀ ਹੋ ਗਿਆ। ਲਾਗੇ ਸੁੱਤੀ ਕੁੜੀ ਨੂੰ ਇੰਨਾ ਘੁੱਟ ਕੇ ਛਾਤੀ ਨਾਲ ਲਾਇਆ ਕਿ ਉਹਦੀ ਚੀਕ ਨਿਕਲ ਗਈ। ਉਹ ਡਰਦੀ ਮੈਥੋਂ ਦੂਰ ਹੋ ਗਈ। ਮੇਰੇ ਸਿਰਹਾਣੇ ਪਿਆ ਮਰੀ ਕੁੜੀ ਦਾ ਸਵੈਟਰ ਮੇਰੀ ਝੋਲੀ ਆਣ ਪਿਆ ਤੇ ਮੇਰੇ ਮੂੰਹੋਂ ਵੈਣ ਪੈਣ ਲੱਗੇ, “ਰੋਂਦੇ ਰਹਿ’ਗੇ ਪੱਟ ਤੇ ਪਟੋਲੇæææਉੱਠ ਕੇ ਵੇਖ ਨੀ ਧੀਏæææਤੂੰ ਉੱਠ ਕੇ æææਵੇæææਅæææਖ ਨੀ ਧੀਏæææ।”
ਉੱਚੀ ਦੇਣੀ ਮੇਰੀ ਭੁੱਬ ਨਿਕਲੀæææਗੁੱਤ ਖੁੱਲ੍ਹ’ਗੀæææਸਿਰ ਹਿੱਲਣ ਲੱਗਾ। ਕਮਰੇ ‘ਚ ਲੇਟਦੀ ਲੇਟਦੀ ਮੈਂ ਉਹ ਖ਼æææਅæææਤæææਮ ਕਰੀ ਜਾਵਾਂ। ਮੇਰੀ ਗੁਆਂਢਣ ਤੇ ਡਿਸਪੈਂਸਰੀ ਦੀ ਨਰਸ ਮੇਰੇ ਸਿਰਹਾਣੇ ਆਣ ਖੜ੍ਹੀਆਂ ਹੋਈਆਂ। ਨਰਸ ਨੇ ਟੀਕਾ ਲਾਇਆ ਤਾਂ ਮੇਰੀ ਸੁਰਤੀ ਕੰਮ ਕਰਨੋਂ ਹਟ ਗਈ।
ਥੋੜ੍ਹੀ ਚਿਰਕੀ ਹੋਸ਼ ਆਈ। ਅੱਖ ਪੁੱਟੀ ਤਾਂ ਲਾਗੇ ਕੋਈ ਨਹੀਂ ਸੀ। ਬਾਹਰ ਗਈ ਤਾਂ ਕਿਸੇ ਨੇ ਨਈਂ ਪੁੱਛਿਆ ਕੀ ਹੋਇਆ? ਮੈਨੂੰ ਆਪਣਾ ਆਪ ਵਾਧੂ ਜਿਹਾ ਲੱਗਾ। ਐਵੇਂ ਅੱਖਾਂ ਭਰ ਆਈਆਂ ਤੇ ਫਿਰ ਆਪੇ ਪੂੰਝ ਲਈਆਂ।
ਡਾਕਟਰਨੀ ਦੀ ਪੁੱਛ-ਦੱਸ
“ਨੀ ਕੁੜੇæææਘਰੇ ਈ ਆਂæææ।”
“ਹਾਂ ਚਾਚੀ, ਹੋਰ ਮੈਂ ਕਿੱਥੇ ਜਾæææਆæææਜਾ।” ਇਸ ਤੋਂ ਅੱਗੇ ਮੈਥੋਂ ਬੋਲ ਨਾ ਹੋਇਆ।
“ਐਵੇਂ ਦਿਲ ਹੌਲਾ ਨਈਂ ਕਰੀਦਾæææਕੀ ਹਾਲ ਬਣਾ ਲਿਆ ਆਪਣਾ।”
“ਚਾਚੀ ਕੀ ਕਰਾਂ ਜੀਹਦਾ ਪੱਲਾ ਫੜ ਕੇ ਆਈ ਸਾਂ ਹੁਣ ਤੇ ਉਹਨੇ ਵੀ ਪੱਲਾ ਝਾੜ ਲਿਆ।”
“ਧੀਏ! ਪੱਲੇ ਝਾੜਨੇ ਸੌਖੇ ਨਈਂæææਤੇਰੀ ਮਰਜ਼ੀ ਬਗ਼ੈਰ ਇਹ ਕੁਝ ਨਈਂ ਕਰ ਸਕਦੇ।”
“ਉਹ ਤੇ ਮੈਨੂੰ ਵੀ ਪਤਾ ਚਾਚੀ। ਮੇਰੇ ਤਾਂ ਪੇਕੇ ਘਰ ਇਹੋ ਜਿਹੇ ਕਾਰੇ ਹੋ ਹਟੇæææ।”
“ਗੱਲ ਸੁਣ, ਤੂੰ ਡਿਸਪੈਂਸਰੀ ਜਾਹ, ਬੜੀ ਸਿਆਣੀ ਆ ਨਵੀਂ ਡਾਕਟਰਨੀ। ਨਾਲੇ ਧੀਏæææਜੇ ਆਪਣੇ ਬਾਰੇ ਨਈਂ ਤਾਂ ਆਪਣੀ ਧੀ ਬਾਰੇ ਸੋਚ।”
ਚਾਚੀ ਚਲੀ ਗਈ ਸੀ ਤੇ ਮੈਨੂੰ ਸੋਚੀਂ ਲਾ ਗਈ। ਚਾਚੀ ਦੀ ਗੱਲ ਵੀ ਤਾਂ ਠੀਕ ਸੀæææ। ਜਿਹੜੇ ਹੁਣ ਨਈਂ ਭੋਰਾ ਜਿੰਨੀ ਕੁੜੀ ਨੂੰ ਵੇਖ ਸਖਾਉਂਦੇ, ਬਾਅਦ ‘ਚ ਕੀ ਕਰਨਗੇæææਨਾਲੇ ਮੈਂ ਕਿਉਂ ਮਰਾਂæææਇਹ ਸਾਰਾ ਟੱਬਰ ਢੱਠੇ ਖੂਹ ‘ਚ ਪੈ ਕੇ ਮਰੇ ਜਿਹਨੇ ਮੇਰਾ ਜਿਉਣਾ ਮੁਹਾਲ ਕਰ ਛੱਡਿਆ। ਘਰ ਦਾ ਕੰਮ-ਧੰਦਾ ਨਿਬੇੜ ਮੈਂ ਡਿਸਪੈਂਸਰੀ ਹੋ ਤੁਰੀ। ਡਿਸਪੈਂਸਰੀ ਦੇ ਬਾਹਰ ਬਰਾਂਡੇ ‘ਚ ਲਟਕੇ ਪੋਸਟਰ ਵੇਖ ਮੈਨੂੰ ਹੌਲ ਜਿਹੇ ਪੈਣ ਲੱਗੇ। ਪੋਸਟਰ ‘ਤੇ ਕੁੱਖ ‘ਚ ਪਿਆ ਬੱਚਾ ਤੇ ਬੱਚੇ ‘ਤੇ ਲੱਗਦੀ ਸੂਈ ਵੇਖਦਿਆਂ ਈ ਮੇਰੀ ਕੁੱਖ ‘ਚ ਸੂਈਆਂ ਚੁਭਣ ਲੱਗੀਆਂ। ਪਰਚੀ ਲੈ ਕੇ ਮੈਂ ਡਾਕਟਰਨੀ ਦੇ ਕਮਰੇ ‘ਚ ਚਲੀ ਗਈ।
“ਜੀਤਾਂ, ਕੀ ਹਾਲ ਆ ਤੇਰਾ?”
ਉਹਨੇ ਮੇਰਾ ਹਾਲ ਕੀ ਪੁੱਛਿਆ, ਮੇਰੇ ਹੰਝੂ ਵਹਿ ਤੁਰੇ। “ਡਾਕਟਰਨੀ ਜੀ! ਮੈਨੂੰ ਪਤਾ ਨਈਂ ਕੀ ਹੁੰਦਾæææਇਕਦਮ ਸਭ ਕੁਝ ਮੇਰੇ ਵੱਸੋਂ ਬਾਹਰ ਹੋ ਜਾਂਦਾ।”
“ਹੋਰ ਕੀ ਹੁੰਦਾ ਤੁਹਾਨੂੰ।”
“ਡਾਕਟਰਨੀ ਜੀ, ਕਈ ਵਾਰ ਐਵੇਂ ਦਿਲ ਕਰੂ ਰੋਈ ਜਾਵਾਂ।”
“ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਈਂ, ਇਹ ਮਾਈਨਰ ਡਿਪਰੈਸ਼ਨ ਹੈæææਹੋਰ ਕੋਈ ਸਮੱਸਿਆ।”
“ਡਾਕਟਰਨੀ ਜੀ, ਬੱਚੇਦਾਨੀ ਦਾ ਨੁਕਸ ਹੈ। ਕਿਸੇ ਧੀ ਧਿਆਣੀ ਦਾ ਸਰਾਪ ਲੱਗਾ ਮੇਰੀ ਕੁੱਖ ਨੂੰæææਮੁੰਡਾ ਲੱਭਦੀ ਨੇ ਦੇਹ ਨੂੰ ਰੋਗ ਲਾ ਲਿਆ।”
“ਵੇਖ ਜੀਤਾਂ! ਮੁੰਡਾ ਹੋਣਾ ਬੰਦੇ ਦੇ ਹੱਥ ਵੱਸ ਹੁੰਦਾ। ਧ ਢ ਸੂਤਰ ਦਾ ਪਤਾ ਹੋਣੈ ਤੁਹਾਨੂੰæææ।”
“ਨਹੀਂ ਡਾਕਟਰਨੀ ਜੀ! ਮੈਂ ਕਿਹੜਾ ਬਹੁਤਾ ਪੜ੍ਹੀ ਲਿਖੀ ਹੋਈ ਆਂæææਮੈਨੂੰ ਨੀਂ ਧ ਢ ਸਮਝ ਪੈਣੇਂæææਸਾਦੀ ਭਾਸ਼ਾ ‘ਚ ਸਮਝਾਉ।”
“ਵੇਖ ਜੀਤਾਂ! ਸਮਝ ਲੈ ਤੂੰ ਧਰਤੀ ਏਂæææਤੇਰੇ ‘ਚ ਬੀਅ ਤੇਰੇ ਘਰਵਾਲੇ ਦੇ ਪੈਣੇਂæææਜੇ ਉਹਦੇ ਕੋਲ ਪੁੱਤ ਵਾਲੇ ਬੀਅ ਹੋਏ, ਤੇਰੇ ਪੁੱਤ ਹੋ ਜੂ, ਜੇ ਉਹਦੇ ਕੋਲ ਧੀ ਵਾਲੇ ਬੀਅ ਹੋਏ ਤਾਂ ਧੀ ਹੋ ਜੂ।”
“ਡਾਕਟਰਨੀ ਜੀ! ਇਹਦਾ ਮਤਲਬ ਮੇਰਾ ਕੋਈ ਕਸੂਰ ਨਈਂæææਤੇ ਭਾਵੇਂ ਉਹ ਦੂਜੀ ਵੀ ਲੈ ਆਵੇ ਤਾਂ ਵੀ ਮੁੰਡਾ ਨ੍ਹੀਂ ਹੋਊ?”
“ਵੇਖ ਜੀਤਾਂ! ਧਰਤੀ ਬਦਲਣ ਨਾਲ ਵੀ ਫ਼ਸਲ ਤਾਂ ਉਹੋ ਹੋਵੇਗੀ ਜਿਹੜਾ ਬੀਅ ਪਾਇਆ ਗਿਆ ਹੈ।”
“ਹਾਂ ਹਾਂ ਡਾਕਟਰਨੀ ਜੀ ਹਾਂ ਹੁਣ ਮੈਨੂੰ ਸਭ ਸਮਝ ਲੱਗ ਗਈ।”
ਜਦੋਂ ਦੀ ਡਿਸਪੈਂਸਰੀ ਤੋਂ ਮੁੜੀ ਆਂ, ਇਉਂ ਲੱਗਦਾ ਜਿਵੇਂ ਮਣਾਂ ਮੂੰਹੀਂ ਭਾਰ ਮੇਰੇ ਦਿਲ ਤੋਂ ਲੱਥ ਗਿਆ ਹੋਵੇ। ਮੇਰਾ ਜੀਅ ਕਰਦਾ, ਮੈਂ ਸਾਰੇ ਸ਼ਰੀਕੇ ਨੂੰ ‘ਕੱਠਾ ਕਰ ਕੇ ਆਖਾਂ, ਮੇਰਾ ਕੋਈ ਕਸੂਰ ਨ੍ਹੀਂ। ਡਾਕਟਰਨੀ ਦੇ ਆਖੇ ਬੋਲ ਯਾਦ ਆਉਂਦੇ ਤਾਂ ਮੈਂ ਸਭ ਕਾਸੇ ਤੋਂ ਸੁਰਖਰੂ ਹੋ ਜਾਂਦੀæææਮੈਨੂੰ ਲੱਗਦਾ ਜਿਵੇਂ ਮੈਂ ਐਵੇਂ ਈ ਇਸ ਟੱਬਰ ਦੀਆਂ ਸੱਚੀਆਂ ਝੂਠੀਆਂ ਤੁਹਮਤਾਂ ਮੱਥੇ ਮੜ੍ਹ ਲਈਆਂæææਤੇ ਮੈਂ ਐਵੇਂ ਈ ਇੰਨੇ ਵਰ੍ਹੇ ਆਪਣੇ ਨਸੀਬਾਂ ਨੂੰ ਕੋਸਦੀ ਰਈ ਹੋਵਾਂ।
ਪਰ ਹੁਣ ਮੈਨੂੰ ਕਿਸੇ ਦੀ ਕੋਈ ਪਰਵਾਹ ਨਈਂ ਹੁਣ ਤੇ ਸੱਸ ਜੇ ਕੋਈ ਕੰਮ ਕਵ੍ਹੇ ਮੈਂ ਅਣਸੁਣੀ ਕਰ ਦੂੰæææ। ਆਪਣੇ ਪੁੱਤ ਨੂੰ ਇਕ ਦਿਨ ਕਹਿੰਦੀ, “ਡਮਾਕ ਦਾ ਰੋਗ ਮਾੜਾ ਹੁੰਦਾ। ਜਾਂਦਾ ਨਈਂ ਛੇਤੀਂæææਕੰਮ ਕੋਈ ਕਹੋ, ਕਰੂ ਹੋਰæææਉਂਜ ਵੇਖ ਕਿਵੇਂ ਲਾਲੀਆਂ ਭਖਣ ਡਈਆਂ ਮੂੰਹ ‘ਤੇ।” ਮੈਂ ਗੱਲ ਸੁਣ ਢਿੱਡੋਂ ਹੱਸੀ। ਜੀਅ ‘ਚ ਆਈ ਆਖਾਂ- ਬੁੱਢੀਏ, ਹੁਣੇ ਠੀਕ ਹੋਈ ਆਂæææਤੁਸੀਂ ਤਾਂ ਰਲ-ਮਿਲ ਮੈਨੂੰ ਸ਼ੁਦੈਣ ਕਰ ਛੱਡਿਆ ਸੀ।
ਡਾਕਟਰਨੀ ਦੇ ਕਹੇ ਮੁਤਾਬਕ ਦਵਾਈ ਖਾਂਦੀ ਆਂ। ਉਂਜ ਸਿਰ ਅਜੇ ਵੀ ਕਈ ਵਾਰ ਭਾਰਾ ਹੋ ਜਾਂਦਾ। ਗੋਲੀ ਖਾ ਲੈਂਦੀ ਆਂ ਤਾਂ ਨੀਂਦ ਜਿਹੀ ਆਉਣ ਲੱਗਦੀ ਆ। ਫਿਰ ਜਦੋਂ ਸਵੇਰੇ ਉਠਦੀ ਆਂ ਤਾਂ ਸਭ ਕੁਝ ਚੰਗਾ-ਚੰਗਾ ਲੱਗਦਾ। ਨੇਮ ਨਾਲ ਗੁਰਦੁਆਰੇ ਜਾਂਦੀ ਆਂ। ਕਈ ਜਣੀਆਂ ਮੱਥੇ ਲੱਗਦੀਆਂ। ਕਈ ਪੁੱਛ ਵੀ ਲੈਂਦੀਆਂ, “ਵਹੁਟੀਏ! ਠੀਕ ਆਂ ਹੁਣ।” ਮੈਂ ਅੱਗਾ ਵਲ ਲੈਂਦੀ, “ਲੈ ਚਾਚੀ, ਮੈਨੂੰ ਕੀ ਹੋਇਆ ਸੀ।”æææਤੇ ਫਿਰ ਉਹ ਸਾਰਾ ਤਰਸ ਮੂੰਹ ‘ਤੇ ‘ਕੱਠਾ ਕਰ ਕੇ ਕਹਿਣਗੀਆਂ, “ਚੱਲ ਧੀਏ! ਪਰਮਾਤਮਾ ਦੇ ਲੜ ਲੱਗੀ ਰਹਿ ਆਪੇ ਸੁਣੀ ਜਾਊ ਤੇਰੀ।” ਮੈਂ ਬਸ ਹੱਸ ਛੱਡਦੀ ਆਂ।
ਹੁਣ ਤੇ ਮੈਂ ਘਰ ਵੀ ਸੱਜ-ਸੰਵਰ ਕੇ ਰਹਿੰਦੀ ਆਂ। ਬਾਹਰੋਂ ਮੇਰਾ ਖਸਮ ਆਇਆ ਤੇ ਮੇਰੇ ਵੱਲ ਝਾਕਦਿਆਂ ਕਹਿੰਦਾ, “ਸਹੁਰੀ ਦੀਏ! ਬੜਾ ਫੱਬਣ ਡਈ ਆਂ ਅੱਜ।”
“ਫੱਬਾਂ ਨਾæææਤੂੰ ਸਾਰਿਆਂ ਨਾਲ ਰਲ-ਮਿਲ ਮੈਨੂੰ ਸ਼ੁਦੈਣ ਕਰ ਛੱਡਿਆ। ਥੋੜ੍ਹੀ ਬਹੁਤ ਅਕਲ ਆਈ ਆ ਹੁਣæææਆਪਣਾ ਆਪ ਸਾਂਭਿਆ।” ਮੈਂ ਐਵੇਂ ਓਪਰਿਆਂ ਜਿਹਾ ਵਾਂਗ ਜਵਾਬ ਦਿੱਤਾ। ਉਂਜ ਮੈਂ ਸਭ ਸਮਝਦੀ ਸੀ ਇਹਦੀਆਂ। ਹੁਣ ਕਿੱਦਾਂ ਮੀਣਾ-ਘੁੱਗਾ ਬਣਿਆ ਫਿਰਦਾ ਘਰ ਜੁ ਕੋਈ ਨਈਂ।
“ਝਾਕਦੀ ਕਿੱਦਾਂ! ਜਿਵੇਂ ਮੈਂ ਕੋਈ ਓਪਰਾ ਬੰਦਾ ਹੋਵਾਂ।”
“ਵੇ! ਤੂੰ ਓਪਰਾ ਈ ਬਣ ਗਿਆ ਮੇਰੇ ਲਈæææਤੇਰੇ ਭਾਅ ਦੀ ਤਾਂ ਮੈਂ ਕਦੋਂ ਦੀ ਮਰ ਮੁੱਕ ਗਈæææਕਦੇ ਕੁਝ ਪੁੱਛਿਆ ਈ ਮੈਨੂੰ?”
“ਚੱਲ ਸਭ ਕੁਝ ਪੁੱਛਦਾਂ। ਜ਼ਰਾ ਕਮਰੇ ‘ਚ ਆ।”
ਅੱਜ ਕਿੰਨੇ ਦਿਨਾਂ ਬਾਅਦ ਉਹ ਮੇਰੇ ਨੇੜੇ ਆਉਣ ਨੂੰ ਫਿਰਦਾ। ਉਂਜ ਕਹਿੰਦੇ ਹੁੰਦੇ ਆ, ‘ਖਸਮ ਹੋਵੇ ਵੱਲ ਤਾਂ ਵਿਹੜਾ ਦੇਵਾਂ ਥੱਲ’ ਪਰ ਮੈਨੂੰ ਪਤਾ, ਨਾ ਇਹਨੇ ਕਦੇ ਵੱਲ ਹੋਣਾ ਤੇ ਨਾ ਹੀ ਮੇਰੇ ਤੋਂ ਵਿਹੜਾ ਥੱਲ ਹੋਣਾ। ਆਪਣੇ ਮਤਲਬ ਨੂੰ ਅੱਜ ਕਿੱਡਾ ‘ਗੁੜ ਦਾ ਕੜਾਹ’ ਬਣੀ ਫਿਰਦਾ। ਉਂਜ ਇਹਦੇ ਮਤਲਬ ‘ਚੋਂ ਮੈਂ ਆਪਣਾ ਮਤਲਬ ਕੱਢ ਸਕਦੀ ਸੀæææਐਵੇਂ ਅੜਬਮਤੀ ਜਿਹੀ ਹੋਈ ਬਾਹਰ ਬੈਠੀ ਰਹੀ। ਨਾਲੇ ਮੈਂ ਕਿਉਂ ਇਹਦੇ ਪਿੱਛੇ-ਪਿੱਛੇ ਤੁਰੀ ਫਿਰਾਂ? ਮੇਰੇ ‘ਚ ਕਿਹੜਾ ਕੋਈ ਕਾਣ ਆ। ਕਮਰੇ ‘ਚੋਂ ਬਾਹਰ ਨਿਕਲ ਮੇਰਾ ਖਸਮ ਪਜਾਮੇ ਵਾਂਗ ਭੁੜਕੀ ਜਾਵੇ। “ਸਹੁਰੀ ਦੀਏ! ਕਰ ਲਾ ਮਨ ਆਈਆਂ, ਸੌਂਕਣ ਲੈ ਕੇ ਆਊਂ ਤੇਰੀæææ।”
“ਉਹ ਲੈ ਆ ਸੌਂਕਣæææਬਣਨਾ ਜੁੜਨਾ ਤੈਨੂੰ ਉਥੋਂ ਵੀ ਕੁਝ ਨਈਂ। ਤੇਰੇ ‘ਚ ਮੁੰਡਿਆਂ ਵਾਲੇ ਕਣ ਹੈ ਨਈਂ।”
“ਕੀ ਭੌਂਕੀæææਨਾਲੇ ਸਹੁਰੇ ਦੀਏ ਦੱਸ ਖਾਂæææਕੀ ਕੋਹੜ ਹੋਇਆ ਮੇਰੇ ਕਣਾਂ ਨੂੰ।”
ਉਹ ਚੁੱਲ੍ਹੇ ਅੱਗੇ ਪਈਆਂ ਛਿਟੀਆਂ ਨਾਲ ਮੈਨੂੰ ਝੰਬਣ ਲੱਗਿਆ। ਉਹ ਕੁੱਟੀ ਜਾਵੇ ਤੇ ਮੈਂ ਅੱਗੋਂ ਪਤਾ ਨਈਂ ਕੀ-ਕੀ ਬੱਕੜਵਾਹ ਕਰੀ ਜਾਵਾਂ।
ਚੀਕ-ਚਿਹਾੜਾ ਸੁਣ ਮੇਰੀ ਪਤੀਸ ਆ ਗਈ। ਮੇਰੇ ਖਸਮ ਹੱਥੋਂ ਛਿਟੀ ਫੜ ਕੇ ਕਹਿਣ ਲੱਗੀ, “ਵੇ! ਕਿਉਂ ਮਾਰਦਾਂ ਇਹਨੂੰæææਜਨਾਨੀ ਤੱਤੜੀ ‘ਚ ਹੁੰਦਾ ਕੀ ਆ? ਜਿਹੀ ਕੰਧ ਕੁੱਟ’ਲੀ, ਤਿਹੀ ਜਨਾਨੀ ਕੁੱਟ’ਲੀ।”
ਮੈਨੂੰ ਦੰਦਲ ਪੈ ਗਈæææਜਦੋਂ ਸੁਰਤ ਸੰਭਾਲੀ ਤਾਂ ਮੇਰੀ ਪਤੀਸ ਮੇਰੇ ਪੈਰਾਂ ਨੂੰ ਜ਼ੋਰ-ਜ਼ੋਰ ਦੀ ਝੱਸ ਰਹੀ ਸੀ। ਮੈਂ ਚੁੰਨੀ ਦੇ ਪੱਲੇ ਬੱਧੀ ਗੋਲੀ ਖਾ ਲਈ। ਡਾਕਟਰਨੀ ਦੀ ਗੋਲੀ ਨੇ ਮੇਰੇ ਹੰਝੂ ਮੁਕਾ ਦਿੱਤੇ। ਹੁਣ ਐਵੇਂ ਮੈਨੂੰ ਗੱਲ ਗੱਲ ‘ਤੇ ਰੋਣ ਨਈਂ ਆਉਂਦਾ।
“ਵੇਖ ਚਾਚੀ! ਕਰਤੂਤ ਆਪਣੇ ਪੱਲੇ ਹੈ ਨਈਂææ ਕੁੱਟ ਕੇ ਮੈਨੂੰ ਚਲਾ ਗਿਆ।”
“ਚੱਲ ਧੀਏ! ਬੁਲਾਰਾ ਨਾ ਕਰ ਬਹੁਤਾ, ਤੂੰ ਇਥੇ ਈ ਵੱਸਣਾ। ਸਿਆਣੇ ਕਹਿੰਦੇ ਆæææਇਕੋ ਹੱਟੀ, ਉਹ ਵੀ ਕਪੱਤੀæææਮੁੜ-ਮੁੜ ਜਾਣਾ ਓਸੇ ਹੱਟੀ ‘ਤੇ ਧੀਏ! ਤੂੰ ਦੱਸ ਖਾਂæææਬੰਦੇ ਵੀ ਭਲਾ ਬੇਕਰਤੂਤੇ ਹੁੰਦੇ ਆ।”
“ਚਾਚੀ! ਤੈਨੂੰ ਵੀ ਨਈਂ ਪਤਾæææਮੈਂ ਸਾਰਿਆਂ ਨੂੰ ਦੱਸੂੰ। ਮੁੰਡਿਆਂ ਵਾਲੀ ਕਰਤੂਤ ਇਹਦੇ ਪੱਲੇ ਹੈ ਨਈਂæææ।”
ਮੇਰੀ ਹਰ ਗੱਲ ਦਾ ਹੁੰਗਾਰਾ ਭਰਨ ਵਾਲੀ ਚਾਚੀ ਨੇæææਅੱਜ ਮੇਰੀ ਇਸ ਗੱਲ ਦਾ ਕੋਈ ਜਵਾਬ ਨਈਂ ਸੀ ਦਿੱਤਾæææਬਸ ਮੇਰੇ ਸਿਰ ‘ਤੇ ਹੱਥ ਰੱਖ ਕਮਰੇ ‘ਚੋਂ ਬਾਹਰ ਹੋ ਗਈ ਸੀ।
ਤੇਰੇ ਕਣ ਕਣ ਵਿਚ ਕੁੜੀਆਂ
ਕੱਲ੍ਹ ਦੀ ਫਿਰ ‘ਕਲਹਿ ਦੀ ਮੁੱਢੀ’ ਆ ਕੇ ਬੈਠੀ ਆ। ਆਉਂਦੀ ਈ ਕਹਿੰਦੀ, “ਭਾਬੀ! ਠੀਕ ਆਂ ਹੁਣ?” ਮੈਂ ਵੀ ਅੱਗੋਂ ਪਲਟ ਕੇ ਜਵਾਬ ਦਿੱਤਾ, “ਲੈ! ਮੈਨੂੰ ਕੀ ਹੋਇਆ ਸੀ?” ਉਹ ਮੇਰਾ ਮੂੰਹ ਵਿੰਹਦੀ ਰਹਿ ਗਈ। ਬਾਹਰੋਂ ਉਹਦੀ ਮਾਂ ਆਈ ਤਾਂ ਉਹਨੂੰ ਕਹਿਣ ਲੱਗੀ, “ਮਾਂ, ਆਹ ਤੇਰੀ ਨੂੰਹ ਤਾਂ ਅਲ-ਟਪਲੀਆਂ ਮਾਰਨ ਲੱਗ ਪਈ। ਕਹਿੰਦੀ ਆ, ਮੈਨੂੰ ਤਾਂ ਕਦੇ ਕੁਝ ਨਹੀਂ ਸੀ ਹੋਇਆ।”
“ਨੀ ਧੀਏ! ਕਦੇ ਕਮਲਾ ਵੀ ਆਪਣੇ ਆਪ ਨੂੰ ਕਮਲਾ ਕਹਿੰਦਾ ਹੁੰਦਾ।”
ਮਾਂ-ਧੀ ਦੀਆਂ ਗੱਲਾਂ ਸੁਣ ਮੈਨੂੰ ਆਪਣੇ ਆਪ ‘ਤੇ ਸ਼ੱਕ ਜਿਹਾ ਹੋਇਆ ਪਰ ਹੁਣ ਤਾਂ ਮੇਰਾ ਸਿਰ ਵੀ ਕਦੇ ਕਦਾਈਂ ਭਾਰਾ ਹੁੰਦਾæææਜਦ ਦਵਾਈ ਖਾ ਲਵਾਂ, ਠੀਕ ਹੋ ਜਾਂਦਾ ਪਰ ਇਹ ਵੱਡੀਆਂ ਚਾਤਰਾਂ ਮੈਨੂੰ ਸ਼ੁਦੈਣ ਕਿਉਂ ਸਮਝਦੀਆਂ। ਜੇ ਇਨ੍ਹਾਂ ਦੀਆਂ ਜ਼ਰਦੀ ਸੀ ਤਾਂ ਵੀ ਸ਼ੁਦੈਣæææਤੇ ਹੁਣ ਜਦ ਮੈਂ ਕਹਿੰਦੀ ਆਂ, ਮੈਂ ਠੀਕ ਆਂæææ ਤਾਂ ਮੰਨਦੀਆਂ ਨਈਂ।
ਇਸ ‘ਕਲਹਿ ਦੀ ਮੁੱਢੀ’ ਨੂੰ ਘਰੇ ਟੇਕ ਹੈ ਨਈਂæææਅੱਠੀਂ ਦਸੀਂ ਦਿਨੀਂ ਪੇਕੇ ਆਣ ਧਮਕੂ।
ਪਰਦੇ ਪਰਦੇ ਪਰਦੇ
ਨਾਲੇ ਲੋਕੀਂ ਰੰਨਾਂ ਭਾਲਦੇ
ਨਾਲੇ ਕੁੜੀਆਂ ਜੰਮਣ ਤੋਂ ਡਰਦੇ
“ਨੀ ਭਾਬੀ! ਆਹ ਬੋਲੀਆਂ ਕਿੱਥੇ ਪੈਣ ਡਈਆਂ।”
“ਸਰਕਾਰੀ ਸਕੂਲ ਵਿਚ।”
“ਮੈਂ ਜਦੋਂ ਆਉਣ ਡਈ ਸੀæææਵਾਹਵਾ ਝੰਡੀਆਂ ਲੱਗੀਆਂ ਸੀ ਉਥੇ।”
“ਆਹੋ, ਕੱਲ੍ਹ ਕਿਸੇ ਵੱਡੇ ਅਫ਼ਸਰ ਨੇ ਆਉਣਾ ਸਕੂਲ ਵਿਚ।” ਮੈਂ ਆਪਣੀ ਗੱਲ ਨਿਬੇੜ ਕੰਮ ਧੰਦੇ ਲੱਗ ਗਈ ਸੀ। ਉਂਜ ਵੀ ਮੈਨੂੰ ਇਹਦੇ ਨਾਲ ਸਿਰ ਖਪਾਉਣਾ ਚੰਗਾ ਨਹੀਂ ਸੀ ਲੱਗਦਾ।
ਪੇੜਾ ਪੇੜਾ ਪੇੜਾ
ਪੁੱਤਾਂ ਤੇਰਾ ਧੰਨ ਵੰਡਣਾਂ
ਧੀਆਂ ਵੰਡਣਾਂ ਦੁਖੜਾ ਤੇਰਾ।
“ਭਾਬੀ! ਆਹ ਬੋਲੀਆਂ ਕਿਵੇਂ ਦੀਆਂ ਪੈਣ ਡਈਆਂæææਆਪਣੇ ਵੇਲੇ ਤਾਂ ਇਹੋ ਜਿਹੀਆਂ ਬੋਲੀਆਂ ਨਈਂ ਸੀ ਹੁੰਦੀਆਂ।” ਮੈਂ ਚੁੱਪ ਰਹੀ ਪਰ ਮੈਨੂੰ ਇਹ ਬੋਲੀਆਂ ਚੰਗੀਆਂ ਲੱਗਦੀਆਂ। ਰਸੋਈ ‘ਚ ਮੈਂ ਇਸ ‘ਕਲਹਿ ਦੀ ਮੁੱਢੀ’ ਲਈ ਚਾਹ ਬਣਾਉਣ ਚਲੇ ਗਈ। ਹੁਣ ਪਤਾ ਨਈਂ ਕੀਹਦੇ ਨਾਲ ਗੱਲੀਂ ਟੱਕਰੀ ਸੀ। ਬਾਹਰ ਨਿਕਲ ਵੇਖਿਆ ਤਾਂ ਸਕੂਲ ਦੀ ਚੌਂਕੀਦਾਰਨੀ ਸੀ। ਮਾਸਟਰਨੀਆਂ ਦੀ ਚਾਹ ਲਈ ਦੁੱਧ ਲੈਣ ਆਈ ਸੀ। ਮੈਨੂੰ ਵੇਖ ਕੇ ਕਹਿਣ ਲੱਗੀ, “ਆ ਜਾਓ ਦੋਵੇਂ ਨਨਾਣ ਭਰਜਾਈ ਸਕੂਲੇæææਰੌਣਕ ਮੇਲਾ ਵੇਖਣæææਤੁਹਾਡੀਆਂ ਸ਼ਰੀਕਣੀਆਂ ਵੀ ਆਉਣ ਲੱਗੀਆਂ।”
“ਚੱਲ ਭਾਬੀ ਚਲੀਏæææਪਰ ਸੱਚæææਤੈਨੂੰ ਤਾਂ ਗਿੱਧੇ ਤੋਂ ਡਰ ਲੱਗਦਾ।”
“ਹੁਣ ਨਈਂ ਮੈਨੂੰ ਡਰ ਲੱਗਦਾæææਗਿੱਧੇ ਤੋਂ ਤਾਂ ਕੀæææਕਿਸੇ ਤੋਂ ਵੀ ਡਰ ਨਹੀਂ ਲੱਗਦਾ। ਮੈਂ ਕਿਉਂ ਡਰਾਂ ਭਲਾ।” ਇੰਨਾ ਆਖ ਮੈਂ ਅੰਦਰੋਂ ਨਵਾਂ ਸੂਟ ਪਾ ਉਹਦੇ ਨਾਲ ਸਕੂਲ ਪਹੁੰਚ ਗਈ।
ਝਾਵਾਂ ਝਾਵਾਂ ਝਾਵਾਂ
ਸਾਨੂੰ ਨਾ ਮਾਰੋ
ਅਸੀਂ ਹਾਂ ਨੰਨ੍ਹੀਆਂ ਛਾਵਾਂ
ਬੋਲੀ ਸੁਣ ਮੇਰੀਆਂ ਅੱਖਾਂ ਭਰ ਆਈਆਂæææਗਿੱਧੇ ‘ਚ ਨੱਚਦੀਆਂ ਕੁੜੀਆਂ ਮੈਨੂੰ ਆਪਣੀ ਹੀ ਕੁੱਖੋਂ ਜਾਈਆਂ ਲੱਗੀਆਂ। ਮੇਰਾ ਦਿਲ ਕਰੇ, ਉਨ੍ਹਾਂ ਨੂੰ ਆਪਣੀ ਹਿੱਕ ਨਾਲ ਲਾ ਲਵਾਂ। ਅਗਲੇ ਹੀ ਪਲ ਮੈਨੂੰ ਉਥੇ ਪੈਂਦੀਆਂ ਬੋਲੀਆਂ ਦੀ ‘ਵਾਜ਼ ਨਈਂ ਸੀ ਸੁਣਨ ਡਈæææਮੈਂ ਉਥੇ ਪਹੁੰਚ ਗਈ ਸੀæææਜਿੱਥੇ ਵਿਆਹ ਵਾਲਾ ਘਰ ਸੀæææਜਿੱਥੇ ਸਾਰੀਆਂ ਸ਼ਰੀਕਣੀਆਂ ਜੁੜ ਗਿੱਧਾ ਪਾਉਣ ਡਈਆਂ ਸੀæææਤੇ ਜਿੱਥੇ ਮੇਰੀ ਨਨਾਣ ਨੇ ਗਿੱਧੇ ਦੇ ਪਿੜ ‘ਚ ਮੈਨੂੰ ਖਲ੍ਹਾਰ ਕੇ ਬੋਲੀ ਪਾਈ ਸੀ:
ਸਤਿ ਦੇ ਬਚਨ ਵਿਚ ਪੁੜੀਆਂ
ਸਤਿ ਦੇ ਬਚਨ ਵਿਚ ਪੁੜੀਆਂ
ਅਸਾਂ ਤੈਨੂੰ ਨਈਉਂ ਰੱਖਣਾ
ਤੇਰੀ ਨਾੜ-ਨਾੜ ਵਿਚ ਕੁੜੀਆਂ।
ਨਨਾਣ ਦੀ ਪੁਰਾਣੀ ਪਾਈ ਬੋਲੀ ਮੇਰੇ ਚਾਰੇ ਪਾਸੇ ਗੂੰਜਣ ਲੱਗੀæææਤੇ ਮੈਂ ਸਾਹਮਣੇ ਖਲੋਤੀ ਨਨਾਣ ਨੂੰ ਗਿੱਧੇ ਦੇ ਪਿੜ ‘ਚ ਧੂਅ ਲਿਆਈ ਤੇ ਪੂਰੇ ਹਿੱਕ ਦੇ ਜ਼ੋਰ ਨਾਲ ਆਪਣੀ ਵਾਰੀ ਲੈਂਦਿਆਂ ਬੋਲੀ ਛੋਹ ਲਈ:
ਸਤਿ ਦੇ ਬਚਨ ਵਿਚ ਪੁੜੀਆਂ
ਸਤਿ ਦੇ ਬਚਨ ਵਿਚ ਪੁੜੀਆਂ
ਤੇਰੇ ਵੀਰ ਘਰ ਨਹੀਉਂ ਵੱਸਣਾ
ਉਹਦੇ ਕਣ-ਕਣ ਦੇ ਵਿਚ ਕੁੜੀਆਂ।
ਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਮੈਨੂੰ ਗਿੱਧੇ ਦੇ ਪਿੜ ਤੋਂ ਡਰ ਨਹੀਂ ਸੀ ਲੱਗਾæææਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਮੈਂ ਗਿੱਧੇ ਦੇ ਪਿੜ ‘ਚ ਬੋਲੀ ਪਾਈ ਸੀæææਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਮੈਂ ਗਿੱਧਾ ਪਾਉਂਦਿਆਂ ਆਪਾ ਖੋ ਬੈਠੀ ਸੀæææਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਬੋਲੀ ਦੀ ਲੈਅ ‘ਤੇ ਮੇਰੇ ਪੈਰ ਧਰਤ ਤੋਂ ਚਾਰ-ਚਾਰ ਗਿੱਠਾਂ ਉਚੇ ਉਠਣ ਡਏ ਸੀ। ਬੋਲੀ ਦੀ ਲੈਅ ਰਤਾ ਮੱਠੀ ਹੋਈ ਤਾਂ ਸਾਹਮਣੇ ਬੈਠੀਆਂ ਮੈਨੂੰ ਮੇਰੀਆਂ ਸ਼ਰੀਕਣੀਆਂ ਦਿਸੀਆਂ ਪਰ ਉਹ ਤਾਂ ਅੱਜ ਫਿਰ ਮੇਰੇ ਵੱਲ ਈ ਵੇਖ-ਵੇਖ ਹੱਸਣ ਡਈਆਂ ਸੀ। ‘ਕਲਹਿ ਦੀ ਮੁੱਢੀ’ ਮੇਰੀ ਨਨਾਣ ਨੇ ਮੈਨੂੰ ਘੁੱਟ ਕੇ ਬਾਹਾਂ ‘ਚ ਜਕੜ ਲਿਆ ਤੇ ਬੜੀ ਸਿਆਣੀ ਜਿਹੀ ਬਣਦੀ ਮੈਨੂੰ ਕਹਿਣ ਲੱਗੀ, “ਨੀ ਭਾਬੀ, ਥੋੜ੍ਹੀ ਅਕਲ ਕਰæææਦਿਮਾਗ ਦਾ ਨੁਕਸ ਛੇਤੀ ਜਾਂਦਾ ਨਈਂæææਹੁਣ ਤੇ ਤੈਨੂੰ ਥਾਂ ਕੁ ਥਾਂ ਦਾ ਵੀ ਪਤਾ ਨਈਂ ਲੱਗਦਾ। ਬੋਲੀ ਕੀ ਸੀ ਤੇ ਤੂੰ ਕੀ ਅਲ-ਟਪਲੀਆਂ ਮਾਰਨ ਲੱਗ ਪਈ। ਮੈਂ ਉਹਦੇ ਮੀਸਣੇ ਜਿਹੇ ਚਿਹਰੇ ਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਝਾਕਿਆ ਤੇ ਫਿਰ ਮੈਂ ਹੱਸਦੀ-ਹੱਸਦੀ ਰੋਣ ਲੱਗ ਪਈ।
Leave a Reply