ਸਿਆਸਤ ਦੇ ਬਦਲਦੇ ਰੰਗ

ਇਸ ਹਫਤੇ ਤਿੰਨ ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਬਾਰੇ ਸਿਆਸੀ ਮਾਹਿਰਾਂ ਦੀਆਂ ਟਿੱਪਣੀਆਂ ਹਨ ਕਿ ਇਨ੍ਹਾਂ ਨੇ ਆਉਣ ਵਾਲੇ ਸਮੇਂ ਦੌਰਾਨ ਸਿਆਸਤ ਵਿਚ ਵੱਡੀਆਂ ਤਬਦੀਲੀਆਂ ਲਿਆਉਣੀਆਂ ਹਨ। ਪਹਿਲੀ ਘਟਨਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਤੇ ਹਮਲੇ ਦੀ ਹੈ; ਦੂਜੀ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਹੈ, ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਹੈ ਅਤੇ ਤੀਜੀ ਘਟਨਾ ਕਿਸਾਨਾਂ ਨਾਲ ਜੁੜੀ ਹੋਈ ਹੈ, ਅਦਾਲਤੀ ਫੈਸਲੇ ਤੋਂ ਬਾਅਦ ਕਿਸਾਨ ਇਕ ਵਾਰ ਫਿਰ ਦਿੱਲੀ ਵੱਲ ਕੂਚ ਕਰ ਰਹੇ ਹਨ।

ਟਰੰਪ ਉਤੇ ਹਮਲੇ ਵਾਲੀ ਘਟਨਾ ਨੇ ਅਮਰੀਕੀ ਸਿਆਸਤ ਨੂੰ ਚੰਗਾ ਹਲੂਣਾ ਦਿੱਤਾ ਹੈ। ਪਹਿਲੀ ਸਿੱਧੀ ਬਹਿਸ ਵਿਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਬਣ ਰਹੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਪਛਾੜਨ ਤੋਂ ਬਾਅਦ ਡੋਨਲਡ ਟਰੰਪ ਦੀ ਲਗਾਤਾਰ ਚੜ੍ਹਤ ਹੋ ਰਹੀ ਹੈ। ਬਟਲਰ (ਪੈਨਸਿਲਵੇਨੀਆ) ਵਿਚ ਰੈਲੀ ਦੌਰਾਨ ਹੋਏ ਹਮਲੇ ਤੋਂ ਉਸ ਦਾ ਗਰਾਫ ਹੋਰ ਚੜ੍ਹ ਗਿਆ ਹੈ। ਸਿਆਸੀ ਵਿਸ਼ਲੇਸ਼ਕ ਕਿਆਸਆਰਾਈਆਂ ਲਾ ਰਹੇ ਹਨ ਕਿ ਹੁਣ ਜੋਅ ਬਾਇਡਨ ਦਾ ਟਰੰਪ ਨੂੰ ਹਰਾਉਣਾ ਮੁਸ਼ਕਿਲ ਜਾਪ ਰਿਹਾ ਹੈ। ਪਹਿਲੀ ਆਹਮੋ-ਸਾਹਮਣੀ ਬਹਿਸ ਵਿਚ ਪਛਾੜ ਪੈਣ ਤੋਂ ਬਾਅਦ ਡੈਮੋਕਰੇਟਿਕ ਪਾਰਟੀ ਅੰਦਰ ਉਮੀਦਵਾਰ ਬਦਲਣ ਬਾਰੇ ਚਰਚਾ ਛਿੜ ਗਈ ਸੀ ਹਾਲਾਂਕਿ ਬਾਇਡਨ ਨੇ ਇਕ ਤੋਂ ਵੱਧ ਵਾਰ ਸਪਸ਼ਟ ਕੀਤਾ ਹੈ ਕਿ ਮੈਦਾਨ ਵਿਚੋਂ ਹਟ ਨਹੀਂ ਰਹੇ ਅਤੇ ਉਹ ਟਰੰਪ ਨੂੰ ਮਾਤ ਦੇਣ ਦੀ ਸਮਰੱਥਾ ਰੱਖਦੇ ਹਨ। ਡੈਮੋਕਰੇਟਾਂ ਨੂੰ ਫੰਡ ਦੇਣ ਵਾਲੀ ਕਾਰਪੋਰੇਟ ਲੌਬੀ ਨੇ ਵੀ ਸੰਕੇਤ ਦਿੱਤਾ ਹੈ ਕਿ ਇਹ ਵੀ ਬਾਇਡਨ ਨੂੰ ਬਦਲਣ ਦੇ ਹੱਕ ਵਿਚ ਹੈ।
ਉਧਰ, ਅਕਾਲੀ ਦਲ ਦਾ ਬਾਗੀ ਧੜਾ ਆਪਣੀਆਂ ਸਰਗਰਮੀਆਂ ਨਿੱਤ ਦਿਨ ਤਿੱਖੀਆਂ ਕਰ ਰਿਹਾ ਹੈ। ਇਸ ਦਾ ਮੁੱਖ ਏਜੰਡਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣਾ ਹੈ। ਪਿਛਲੇ ਦਿਨੀਂ ਇਹ ਆਗੂ ਅਕਾਲ ਤਖਤ ਦੇ ਜਥੇਦਾਰ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਪੱਤਰ ਦੇ ਆਧਾਰ ‘ਤੇ ਹੀ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਉਤੇ ਤਲਬ ਕੀਤਾ ਗਿਆ ਹੈ। ਇਸ ਬਾਰੇ ਵੀ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਹਨ। ਇਕ ਤਾਂ ਇਹ ਕਿ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਨਾਟਕ ਰਚਿਆ ਜਾ ਚੁੱਕਾ ਹੈ ਅਤੇ ਜਥੇਦਾਰ ਰਾਹੀਂ ਇਸ ਉਤੇ ਮੋਹਰ ਲੁਆ ਲਈ ਜਾਵੇਗੀ। ਦੂਜਾ ਵਿਚਾਰ ਸੁਖਬੀਰ ਸਿੰਘ ਬਾਦਲ ਉਤੇ ਲਗਾਤਾਰ ਵਧ ਰਹੇ ਦਬਾਅ ਬਾਰੇ ਹੈ। ਕੁਝ ਵੀ ਹੋਵੇ, ਹੁਣ ਮਸਲਾ ਅਕਾਲੀ ਦਲ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਅਕਾਲੀ ਦਲ ਅੰਦਰ ਪਹਿਲਾਂ ਵੀ ਬਗਾਵਤਾਂ ਹੁੰਦੀਆਂ ਰਹੀਆਂ ਹਨ ਪਰ ਐਤਕੀਂ ਬਗਾਵਤ ਦਾ ਆਧਾਰ ਪਹਿਲਾਂ ਨਾਲੋਂ ਉਕਾ ਹੀ ਵੱਖਰਾ ਹੈ। ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਦੇ ਪਿੜ ਵਿਚ ਮਾਰ ਝੱਲ ਰਿਹਾ ਹੈ ਅਤੇ ਹਾਲੀਆ ਲੋਕ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦੀਆਂ ਜਿੱਤਾਂ ਨੇ ਅਕਾਲੀ ਲੀਡਰਸ਼ਿਪ ਨੂੰ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ। ਉਂਝ, ਇਹ ਵੀ ਹਕੀਕਤ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਚਲਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਇਕ ਤੱਥ ਇਹ ਵੀ ਹੈ ਕਿ ਉਹ ਇੰਨੀ ਵੱਡੀ ਪਾਰਟੀ ਚਲਾਉਣ ਦੀ ਕਾਬਲੀਅਤ ਵੀ ਸਾਬਤ ਨਹੀਂ ਕਰ ਸਕਿਆ ਹੈ। ਆਪਣੇ ਪਿਤਾ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਉਹ ਇਸ ਅਹੁਦੇ `ਤੇ ਤਾਂ ਪੁੱਜ ਗਿਆ ਪਰ ਪਾਰਟੀ ਨੂੰ ਜਦੋਂ ਵੀ ਕਦੀ ਸੰਕਟ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਹਰ ਵਾਰ ਲਾਚਾਰ ਹੀ ਦਿਖਾਈ ਦਿੱਤਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਊਂਦੇ ਸਨ, ਉਸ ਵਕਤ ਉਹ ਸੰਕਟ ਹੱਲ ਕਰਨ ਲਈ ਅੱਗੇ ਆ ਜਾਂਦੇ ਸਨ ਪਰ ਸੁਖਬੀਰ ਸਿੰਘ ਬਾਦਲ ਇਕੱਲਿਆਂ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਬਾਗੀ ਧੜਾ ਉਸ ਤੋਂ ਅਗਵਾਈ ਖੋਹਣ ਵਿਚ ਕਿੰਨਾ ਕੁ ਕਾਮਯਾਬ ਹੁੰਦਾ ਹੈ।
ਆਉਣ ਵਾਲੀ ਸਿਆਸਤ ‘ਤੇ ਅਸਰਅੰਦਾਜ਼ ਹੋਣ ਵਾਲੀ ਤੀਜੀ ਸਰਗਰਮੀ ਕਿਸਾਨਾਂ ਦੀ ਹੈ। ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਕਿਸਾਨ ਜਥੇਬੰਦੀਆਂ ਪੰਜਾਬ ਦੀ ਸਿਆਸਤ ਉਤੇ ਵਾਹਵਾ ਅਸਰ ਪਾ ਚੁੱਕੀਆਂ ਹਨ ਜਿਸ ਦਾ ਰੰਗ ਹੁਣ ਸਿਆਸਤ ਵਿਚ ਵੀ ਉਘੜਨਾ ਸ਼ੁਰੂ ਹੋ ਗਿਆ ਹੈ। ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਵਿੱਢੇ ਅੰਦੋਲਨ ਦੌਰਾਨ ਪੰਜਾਬ ਦੀ ਸਿਆਸਤ ਵਿਚ ਸਿਫਤੀ ਤਬਦੀਲੀ ਨੋਟ ਕਰਨ ਨੂੰ ਮਿਲੀ ਹੈ। ਇਸ ਅੰਦੋਲਨ ਸਦਕਾ ਲੋਕ ਆਪਣੇ ਆਗੂਆਂ ਨੂੰ ਸਵਾਲ ਪੁੱਛਣ ਲੱਗ ਪਏ; ਇਹੀ ਨਹੀਂ, ਲੋਕ ਹੁਣ ਇਹ ਵੀ ਕਹਿਣ ਲੱਗ ਪਏ ਹਨ ਕਿ ਪੰਜਾਬ ਦੇ ਸਾਰੇ ਸੰਕਟਾਂ ਲਈ ਪੰਜਾਬ ਦੇ ਸਿਆਸਤਦਾਨ ਹੀ ਜ਼ਿੰਮੇਵਾਰ ਹਨ। ਇਨ੍ਹਾਂ ਨੇ ਸੂਝ-ਬੂਝ ਤੋਂ ਕੰਮ ਲੈਣ ਦੀ ਥਾਂ ਸਦਾ ਆਪੋ-ਆਪਣੇ ਹਿਤਾਂ ਅਨੁਸਾਰ ਸਿਆਸਤ ਕੀਤੀ ਅਤੇ ਸੂਬੇ ਦੀਆਂ ਸਮੱਸਿਆਵਾਂ ਨੂੰ ਉਕਾ ਹੀ ਵਿਸਾਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਅਜੇ ਸਿਆਸੀ ਪਿੜ ਅੰਦਰ ਧਿਰ ਬਣ ਕੇ ਨਹੀਂ ਉਭਰੀਆਂ ਹਨ। ਜਿਸ ਦਿਨ ਅਜਿਹਾ ਹੋ ਗਿਆ, ਉਸ ਦਿਨ ਪੰਜਾਬ ਦੀ ਸਿਆਸਤ ਵਾਕਈ ਨਵਾਂ ਮੋੜ ਕੱਟੇਗੀ। ਇਤਿਹਾਸ ਵਿਚ ਅਜਿਹਾ ਵਾਪਰ ਚੁੱਕਾ ਹੈ। ਆਜ਼ਾਦੀ ਤੋਂ ਪਹਿਲਾਂ ਨੈਸ਼ਨਲ ਯੂਨੀਅਨਿਸਟ ਪਾਰਟੀ ਨੇ ਪੰਜਾਬ ਦੀ ਸਿਆਸਤ ਅੰਦਰ ਵੱਡਾ ਰੋਲ ਅਦਾ ਕੀਤਾ ਸੀ ਅਤੇ ਇਸ ਨੇ ਮੁਲਕ ਦੀ ਵੰਡ ਦੇ ਖ਼ਿਲਾਫ ਵੀ ਸਰਗਰਮੀ ਕੀਤੀ ਸੀ। ਹੁਣ ਇਹ ਦੇਖਣਾ ਬਾਕੀ ਹੈ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਲਈ ਹੁਣ ਕਿਸ ਤਰ੍ਹਾਂ ਦਾ ਅੰਦੋਲਨ ਛੇੜਦੀਆਂ ਹਨ ਅਤੇ ਉਸ ਅੰਦੋਲਨ ਦਾ ਸਿਆਸਤ ‘ਤੇ ਕੀ ਅਸਰ ਪਵੇਗਾ। ਪਿਛਲੇ ਅੰਦੋਲਨ ਨੂੰ ਕਿਸਾਨ ਜਥੇਬੰਦੀਆਂ ਸਿਆਸੀ ਮੋੜਾ ਦੇਣ ਵਿਚ ਅਸਫਲ ਰਹੀਆਂ ਹਨ। ਐਤਕੀਂ ਇਨ੍ਹਾਂ ਨੂੰ ਸਿਆਸੀ ਪਿੜ ਦਾ ਖਿਆਲ ਵੀ ਰੱਖਣਾ ਪਵੇਗਾ ਤਾਂ ਕਿ ਇੰਨਾ ਵੱਡਾ ਅੰਦੋਲਨ ਜਿੱਤਣ ਦੇ ਬਾਵਜੂਦ ਸਿਆਸਤ ਵਿਚ ਸਿਫਰ ਹੋਣ ਵਾਲੀ ਗਲਤੀ ਮੁੜ ਨਾ ਦੁਹਰਾਈ ਜਾਵੇ।