ਕੌਮੀ ਮੁਕਤੀ ਸੰਘਰਸ਼ਾਂ ਦਾ ਰਾਹ ਦਸੇਰਾ ਫ਼ਲਸਤੀਨ

ਸੰਦੀਪ
ਫੋਨ: +91-99156-12322
ਸੱਤ ਅਕਤੂਬਰ ਦੇ ਹਮਲੇ ਤੋਂ ਬਾਅਦ ਇਹ ਰੌਲਾ ਪਾਇਆ ਗਿਆ ਕਿ ਹਮਲਾ ਪਹਿਲਾਂ ਹਮਾਸ ਨੇ ਕੀਤਾ; ਇਹ ਸਚਾਈ ਨਹੀਂ। ਇਸ ਯੁੱਧ ਦੀ ਰਸਮੀ ਸ਼ੁਰੂਆਤ ਤਾਂ ਬਲਫ਼ੋਰ ਐਲਾਨਨਾਮੇ ਰਾਹੀਂ ਅੰਗਰੇਜ਼ੀ ਹਕੂਮਤ ਨੇ 1917 ਵਿੱਚ ਫ਼ਲਸਤੀਨ ਦੀ ਧਰਤੀ ‘ਤੇ ਯਹੂਦੀਆਂ ਦਾ ਕਬਜ਼ਾ ਕਰਵਾ ਕੇ ਕਰ ਦਿੱਤੀ ਸੀ। ਉਸ ਤੋਂ ਬਾਅਦ ਲਗਾਤਾਰ ਫ਼ਲਸਤੀਨੀਆਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਫ਼ਲਸਤੀਨੀਆਂ ਨੂੰ ਆਪਣੀ ਹੀ ਧਰਤੀ ‘ਤੇ ਖੁੱਲ੍ਹੀ ਜੇਲ ਵਾਂਗ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ। ਫ਼ਲਸਤੀਨ, ਫ਼ਲਸਤੀਨੀਆਂ ਦੀ ਧਰਤੀ ਹੈ ਜਿਸ ‘ਤੇ ਇਜ਼ਰਾਇਲ ਨੇ ਅਮਰੀਕਾ ਤੇ ਇਸ ਦੇ ਭਾਈਵਾਲਾਂ ਦੀ ਸ਼ਹਿ ‘ਤੇ ਕਬਜ਼ਾ ਕੀਤਾ ਹੋਇਆ ਹੈ।

ਸੱਤ ਅਕਤੂਬਰ ਨੂੰ ਹਮਾਸ ਦੀ ਅਗਵਾਈ ਵਾਲੇ ਸੰਯੁਕਤ ਮੋਰਚੇ ਨੇ ਇਜ਼ਰਾਈਲ `ਤੇ ਹਮਲੇ ਨੇ ਇਜ਼ਰਾਈਲ ਅਤੇ ਇਸ ਦੇ ਸਰਪ੍ਰਸਤ ਅਮਰੀਕਾ ਦੇ ਜੇਤੂ ਹੋਣ ਦੀ ਮਿੱਥ ਤੋੜ ਕੇ ਸਾਬਿਤ ਕਰ ਦਿੱਤਾ ਕਿ ਲੋਕਾਂ ਦੀ ਤਾਕਤ ਅੱਗੇ ਅਤਿ ਆਧੁਨਿਕ ਤਕਨੀਕ, ਹਥਿਆਰ, ਸੂਹੀਆ ਤੰਤਰ ਸਾਰੇ ਨਿਗੂਣੇ ਸਾਬਿਤ ਹੁੰਦੇ ਹਨ। ਇਸ ਹਮਲੇ ਨੇ ਪੀ.ਐੱਲ.ਓ. ਵਰਗੇ ਸੰਗਠਨਾਂ ਨੂੰ ਫ਼ਲਸਤੀਨੀ ਸੰਘਰਸ਼ ਅਤੇ ਫ਼ਲਸਤੀਨੀ ਜਨਤਾ `ਚੋਂ ਮਨਫ਼ੀ ਕਰ ਕੇ ‘ਦੋ ਦੇਸ਼ੀ ਹੱਲ` ਨੂੰ ਮੂਲੋਂ ਰੱਦ ਕਰ ਕੇ ਧਰਮ ਨਿਰਪੱਖ, ਲੋਕਤੰਤਰੀ ਤੇ ਆਜ਼ਾਦ ਫ਼ਲਸਤੀਨ ਦਾ ਝੰਡਾ ਬੁਲੰਦ ਕੀਤਾ ਹੈ। ਇਸ ਹਮਲੇ ਨੇ ਇਜ਼ਰਾਈਲ ਅਤੇ ਅਮਰੀਕਾ ਨੂੰ ਸੰਸਾਰ ਪੱਧਰ `ਤੇ ਨੰਗਾ ਕਰ ਕੇ ਅਮਰੀਕਾ ਦੀ ਕਥਿਤ ਜਮਹੂਰੀਅਤ ਤੇ ਨੈਤਿਕਤਾ ਦਾ ਪਰਦਾਫਾਸ਼ ਕਰ ਦਿੱਤਾ। ਸੰਸਾਰ ਪੱਧਰੀ ਤਾਜ਼ਾ ਸਮੀਕਰਨਾਂ ਅਨੁਸਾਰ, ਇਜ਼ਰਾਈਲ, ਅਮਰੀਕਾ ਤੇ ਇਸ ਦੀਆਂ ਭਾਈਵਾਲ ਸਾਮਰਾਜੀ ਤਾਕਤਾਂ ਦੀਆਂ ਗਿਣਤੀ-ਮਿਣਤੀਆਂ ਖ਼ਰਾਬ ਹੋਈਆਂ ਹਨ। ਦੂਜੇ ਪਾਸੇ, ਹਮਲੇ ਨੇ ਫ਼ਲਸਤੀਨ ਦੇ ਪੱਖ ਵਿਚ ਧੁਰਵੀਕਰਨ ਤੇਜ਼ ਕਰ ਕੇ ਫ਼ਲਸਤੀਨ ਮਸਲੇ ਨੂੰ ਕੌਮਾਂਤਰੀ ਖ਼ਾਸ ਕਰ ਕੇ ਪੱਛਮੀ ਏਸ਼ੀਆਂ ਦੀ ਸਿਆਸਤ ਦੇ ਕੇਂਦਰ ਵਿਚ ਲੈ ਆਂਦਾ ਹੈ।
ਸੱਤ ਅਕਤੂਬਰ ਦੇ ਹਮਲੇ ਤੋਂ ਬਾਅਦ ਇਹ ਰੌਲਾ ਪਾਇਆ ਗਿਆ ਕਿ ਹਮਲਾ ਪਹਿਲਾਂ ਹਮਾਸ ਨੇ ਕੀਤਾ; ਇਹ ਸਚਾਈ ਨਹੀਂ। ਇਸ ਯੁੱਧ ਦੀ ਰਸਮੀ ਸ਼ੁਰੂਆਤ ਤਾਂ ਬਲਫ਼ੋਰ ਐਲਾਨਨਾਮੇ ਰਾਹੀਂ ਅੰਗਰੇਜ਼ੀ ਹਕੂਮਤ ਨੇ 1917 ਵਿਚ ਫ਼ਲਸਤੀਨ ਦੀ ਧਰਤੀ `ਤੇ ਯਹੂਦੀਆਂ ਦਾ ਕਬਜ਼ਾ ਕਰਵਾ ਕੇ ਕਰ ਦਿੱਤੀ ਸੀ। ਉਸ ਤੋਂ ਬਾਅਦ ਲਗਾਤਾਰ ਫ਼ਲਸਤੀਨੀਆਂ `ਤੇ ਹਮਲੇ ਕੀਤੇ ਜਾ ਰਹੇ ਹਨ। ਫ਼ਲਸਤੀਨੀਆਂ ਨੂੰ ਆਪਣੀ ਹੀ ਧਰਤੀ `ਤੇ ਖੁੱਲ੍ਹੀ ਜੇਲ ਵਾਂਗ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ। ਵੈਸੇ ਵੀ ਹਰ ਕੌਮਪ੍ਰਸਤ ਨੂੰ ਕਬਜ਼ੇ ਖਿਲਾਫ਼ ਲੜਨ ਦਾ ਹੱਕ ਹੈ।
ਫ਼ਲਸਤੀਨ, ਫ਼ਲਸਤੀਨੀਆਂ ਦੀ ਧਰਤੀ ਹੈ ਜਿਸ `ਤੇ ਇਜ਼ਰਾਇਲ ਨੇ ਅਮਰੀਕਾ ਤੇ ਇਸ ਦੇ ਭਾਈਵਾਲਾਂ ਦੀ ਸ਼ਹਿ `ਤੇ ਕਬਜ਼ਾ ਕੀਤਾ ਹੋਇਆ ਹੈ। ਇਹ ਕੌਮੀ ਮੁਕਤੀ ਯੁੱਧ ਹੈ ਜੋ ਸਾਮਰਾਜੀ ਕਬਜ਼ੇ ਨਾਲ ਸ਼ੁਰੂ ਹੋਇਆ ਹੈ, ਨਾ ਕਿ ਸੱਤ ਅਕਤੂਬਰ ਦੇ ਜਵਾਬੀ ਹਮਲੇ ਨਾਲ। ਇਸ ਕਬਜ਼ੇ ਖਿਲਾਫ਼ ਫ਼ਲਸਤੀਨੀ ਸ਼ੁਰੂ ਤੋਂ ਹੀ ਅਲੱਗ-ਅਲੱਗ ਰੂਪਾਂ ਵਿਚ ਵਿਰੋਧ ਕਰ ਰਹੇ ਹਨ। 18ਵੀਂ ਸਦੀ ਦੇ ਸ਼ੁਰੂ ਤੋਂ ਹੀ ਫ਼ਲਸਤੀਨ ਦੇ ਇਲਾਕੇ ਦੀ ਭੂਗੋਲਿਕ, ਆਰਥਿਕ ਤੇ ਰਾਜਨੀਤਕ ਕਾਰਨਾਂ ਕਰ ਕੇ ਇਹ ਸਾਮਰਾਜਵਾਦੀਆਂ ਦੀਆਂ ਲਾਲਚੀ ਅੱਖਾਂ ਵਿਚ ਰੜਕਣ ਲੱਗਾ। ਫਰਾਂਸ ਦੀ ਇੱਕ ਕੰਪਨੀ ਦੁਆਰਾ 1869 ਵਿਚ ਸੁਏਜ਼ ਨਹਿਰ ਖੋਲ੍ਹਣ ਨਾਲ ਇਹ ਯੂਰੋਪ ਨੂੰ ਏਸ਼ੀਆ ਜੋੜਦਾ ਸਭ ਤੋਂ ਛੋਟਾ ਸਮੁੰਦਰੀ ਰਸਤਾ ਬਣਨ ਕਰ ਕੇ ਵੱਡਾ ਵਪਾਰ ਰਸਤਾ ਬਣ ਗਿਆ। ਦੂਜੇ ਪਾਸੇ ਯੂਰੋਪੀ ਖ਼ਾਸ ਕਰ ਕੇ ਬਰਤਾਨਵੀ ਸਾਮਰਾਜਵਾਦ ਲਈ ਫ਼ਲਸਤੀਨ, ਯੂਰੋਪ ਤੋਂ ਏਸ਼ੀਆ ਤੇ ਪੂਰਬ ਨਾਲ ਸਭ ਤੋਂ ਛੋਟਾ ਜ਼ਮੀਨੀ ਰਸਤਾ ਸੀ। ਤੀਜਾ, ਵਿਸ਼ਵ ਵਪਾਰ `ਚ ਇਜਾਰੇਦਾਰੀ ਦੇ ਪੱਖ ਅਤੇ ਤੇਲ, ਪੈਟਰੋਲੀਅਮ ਪਦਾਰਥਾਂ ਸਮੇਤ ਹੋਰ ਕੁਦਰਤੀ ਸਾਧਨਾਂ ਕਰ ਕੇ ਸਾਮਰਾਜੀ ਤਾਕਤਾਂ ਲਈ ਮੱਧ-ਪੂਰਬ ਵਿਚ ਫ਼ਲਸਤੀਨ ਦੀ ਮਹੱਤਤਾ ਹੋਰ ਵਧ ਗਈ। ਬ੍ਰਿਟੇਨ, ਫਰਾਂਸ, ਜਰਮਨੀ ਤੇ ਜ਼ਾਰਸ਼ਾਹੀ (ਰੂਸ) ਵਰਗੀਆਂ ਸਾਮਰਾਜੀ ਤਾਕਤਾਂ ਫ਼ਲਸਤੀਨ `ਤੇ ਆਪਣਾ ਕਬਜ਼ਾ ਸਥਾਪਤ ਕਰਨ ਲਈ ਖਿੱਚੋਤਾਣ ਵਧਦੀ ਗਈ। ਫ਼ਲਸਤੀਨ ਦੀ ਧਰਤੀ `ਤੇ ਸਾਮਰਾਜੀ ਕਬਜ਼ਾ 20ਵੀਂ ਸਦੀ ਦੇ ਸ਼ੁਰੂ `ਚ ਹੋਇਆ। ਇਸ ਸਮੇਂ ਤੱਕ ਪੂੰਜੀਵਾਦ, ਸਾਮਰਾਜ ਵਿਚ ਤਬਦੀਲ ਹੋ ਚੁੱਕਾ ਸੀ ਅਤੇ ਸਾਮਰਾਜੀ ਤਾਕਤਾਂ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਵਿਚ ਇਜਾਰੇਦਾਰੀ ਲਈ ਆਪਸ ਵਿਚ ਲੜ ਰਹੀਆਂ ਸਨ। ਇਸੇ ਕਰ ਕੇ ਪਹਿਲੇ ਸੰਸਾਰ ਯੁੱਧ ਨੂੰ ਸਾਮਰਾਜੀਆਂ ਦਾ ਬਸਤੀਆਂ ਨੂੰ ਆਪਸ ਵਿਚ ਵੰਡਣ ਦੀ ਲੜਾਈ ਵੀ ਕਿਹਾ ਜਾਂਦਾ ਹੈ।
ਫ਼ਲਸਤੀਨ ਉਦੋਂ ਉਟੋਮਾਨ ਸਾਮਰਾਜ ਦਾ ਹਿੱਸਾ ਸੀ। ਪਹਿਲੇ ਸੰਸਾਰ ਯੁੱਧ ਵੇਲੇ ਓਟੋਮਾਨ ਸਾਮਰਾਜ ਜਰਮਨੀ ਵਾਲੇ ਗੱਠਜੋੜ ਦਾ ਹਿੱਸਾ ਸੀ। ਬਰਤਾਨਵੀ ਬਸਤੀਵਾਦੀਆਂ ਨੇ ਬਲਫ਼ੋਰ ਐਲਾਨਨਾਮੇ ਵਿਚ ਯਹੂਦੀਆਂ ਨੂੰ ਭਰਮਾ ਕੇ ਆਪਣੇ ਪਾਸੇ ਵੱਲ ਕਰਨ ਲਈ ਯਹੂਦੀਆਂ ਦਾ ‘ਦੇਸ਼` ਫ਼ਲਸਤੀਨ ਦੀ ਧਰਤੀ ਦੇ ਬਣਾਉਣ ਦਾ ਵਾਅਦਾ ਕੀਤਾ। ਇਹੀ ਵਾਅਦਾ ਬ੍ਰਿਟੇਨ ਨੇ ਅਰਬ ਲੋਕਾਂ ਨੂੰ ਕੀਤਾ। ਦੂਜੇ ਪਾਸੇ, ਬ੍ਰਿਟੇਨ ਨੇ ਫਰਾਂਸ ਨਾਲ ਸਕਾਈ-ਪੀਕੋਟ ਸਮਝੌਤਾ ਕੀਤਾ ਜਿਸ ਤਹਿਤ ਫ਼ਲਸਤੀਨ ਫਰਾਂਸ ਦੀ ਬਸਤੀ ਬਣੇਗਾ ਪਰ ਯੁੱਧ ਤੋਂ ਬਾਅਦ ਬ੍ਰਿਟੇਨ ਤੇ ਫਰਾਂਸ ਨੇ ਮੱਧ-ਪੂਰਬ ਆਪਸ ਵਿਚ ਵੰਡ ਲਿਆ ਅਤੇ ਫ਼ਲਸਤੀਨ ਬ੍ਰਿਟੇਨ ਨੇ ਆਪਣੇ ਕਬਜ਼ੇ ਥੱਲੇ ਹੀ ਰੱਖਿਆ। ਇਸ ਦੇ ਨਾਲ ਹੀ ਯਹੂਦੀਆਂ ਦਾ ਪਰਵਾਸ ਜਾਰੀ ਰੱਖਿਆ। ਯਹੂਦੀਆਂ ਨੇ ਆਪਣਾ ਯਹੂਦੀ ਸੰਗਠਨ ਬਣਾਇਆ ਜਿਸ ਨੂੰ ਹੋਰ ਸਾਮਰਾਜੀ ਦੇਸ਼ਾਂ ਤੋਂ ਇਲਾਵਾ ਅਮਰੀਕਾ ਦੀਆਂ ਰੌਕੀਫੇਲਰ, ਲਾਹੇਮਨ, ਗੋਲਡਮੈਨ, ਸੈਚ, ਕੋਹਨ ਤੇ ਮੋਰਗਨ ਵਰਗੀਆਂ ਵੱਡੀਆਂ ਕੰਪਨੀਆਂ ਫੰਡ ਮੁਹੱਈਆਂ ਕਰਵਾਉਂਦੀ ਰਹੀਆਂ। ਯਹੂਦੀ ਫ਼ਲਸਤੀਨ ਦੇ ਪ੍ਰਸ਼ਾਸਨ ਤੇ ਜਨਤਕ ਸੰਸਥਾਵਾਂ `ਚ ਬਹੁਗਿਣਤੀ ਬਣਨ ਦੇ ਨਾਲ ਨਾਲ ਪੂਰੀ ਅਰਥਵਿਵਸਥਾ `ਚ ਕਾਬਜ਼ ਹੁੰਦੇ ਗਏ। ਇਸ ਨਾਲ ਹੀ ਇਹ ਯਹੂਦੀ ਏਜੰਸੀ ਦੀ ਅਗਵਾਈ ਵਿਚ ਆਪਣੀ ਫ਼ੌਜ ਵੀ ਵਿਕਸਤ ਕਰਨ ਲੱਗੇ। ਫਿਰ ਫ਼ਲਸਤੀਨੀ ਵੀ ਜਥੇਬੰਦ ਹੋਣ ਲੱਗੇ। 1936-39 ਵੇਲੇ ਅਰਬ ਲੋਕਾਂ ਨੇ ਵੱਡੇ ਵਿਦਰੋਹ ਵੀ ਕੀਤੇ ਪਰ ਬ੍ਰਿਟਿਸ਼ ਦੀ ਮਦਦ ਨਾਲ ਯਹੂਦੀ ਫ਼ਲਸਤੀਨ ਵਿਚ ਵੱਡੀ ਧਿਰ ਬਣਦੇ ਗਏ।
ਦੂਜੇ ਸੰਸਾਰ ਯੁੱਧ ਤੋਂ ਬਾਅਦ ਬ੍ਰਿਟਿਸ਼ ਸਾਮਰਾਜਵਾਦ ਦਾ ਸੂਰਜ ਡੁੱਬ ਗਿਆ ਤੇ ਅਮਰੀਕਾ ਨਵੀਂ ਸੰਸਾਰ ਪੱਧਰੀ ਸਾਮਰਾਜੀ ਤਾਕਤ ਬਣ ਕੇ ਉਭਰਿਆ। ਬ੍ਰਿਟਿਸ਼ ਤੇ ਅਮਰੀਕੀ ਸਾਮਰਾਜਵਾਦੀਆਂ ਨੇ ਫਾਸ਼ੀਵਾਦੀ ਹਿਟਲਰ ਵਲੋਂ ਕੀਤੇ ਯਹੂਦੀਆਂ ਦੇ ਕਤਲੇਆਮ ਦਾ ਫਾਇਦਾ ਚੁੱਕ ਕੇ ਯਹੂਦੀਆਂ ਦੀ ਫ਼ਲਸਤੀਨ ਵਿਚ ਵੱਡੇ ਪੱਧਰ `ਤੇ ਹਿਜਰਤ ਕਾਰਵਾਈ। ਇਸ ਤੋਂ ਬਾਅਦ ਇਸ ਨੇ ਫ਼ਲਸਤੀਨ ਨੂੰ ਯੂ.ਐੱਨ.ਓ. ਦੁਆਰਾ ਦੋ ਹਿਸਿਆਂ ਵਿਚ ਵੰਡ ਕੇ ਇਜ਼ਰਾਈਲ ਦੀ ਰਸਮੀ ਤੌਰ `ਤੇ ਸਥਾਪਨਾ ਕੀਤੀ। 8 ਲੱਖ ਤੋਂ ਵੱਧ ਫ਼ਲਸਤੀਨੀਆਂ ਨੂੰ ਆਪਣੀ ਧਰਤੀ ਤੋਂ ਜ਼ਬਰਦਸਤੀ ਕੱਢਿਆ ਗਿਆ। 500 ਤੋਂ ਜ਼ਿਆਦਾ ਫ਼ਲਸਤੀਨੀ ਪਿੰਡ ਢਾਹ ਕੇ ਫ਼ਲਸਤੀਨੀ ਆਪਣੀ ਹੀ ਧਰਤੀ ਤੋਂ ਆਸ-ਪਾਸ ਦੇ ਅਰਬ ਦੇਸ਼ਾਂ ਵੱਲ ਭੱਜਣ ਲਈ ਮਜਬੂਰ ਕੀਤੇ ਗਏ। ਇਸ ਤਰ੍ਹਾਂ ਫ਼ਲਸਤੀਨੀਆਂ ਦੀਆਂ ਲਾਸ਼ਾਂ `ਤੇ ਇਜ਼ਰਾਈਲ ਬਣਿਆ ਹਾਲਾਂਕਿ ਇਜ਼ਰਾਇਲੀ ਕਬਜ਼ੇ ਦੀ ਅਸਲੀ ਜੜ੍ਹ ਬ੍ਰਿਟੇਨ ਨੇ ਬਲਫੋਰ ਸਮਝੌਤੇ ਸਮੇਂ ਹੀ ਰੱਖ ਦਿੱਤੀ ਸੀ। ਇਉਂ ਸਾਮਰਾਜਵਾਦੀਆਂ ਨੇ ਫ਼ਲਸਤੀਨ ਤੋਂ ਉਸ ਦੀ ਅੱਧੀ ਧਰਤੀ ਖੋਹ ਕੇ ਆਪਣੇ ਲਈ ਮੱਧ-ਪੂਰਬ ਵਿਚ ਨਸਲ ਆਧਾਰਿਤ ਸਟੇਟ ਬਣਾ ਦਿੱਤੀ ਜੋ ਅੱਗੇ ਜਾ ਕੇ ਬਾਕੀ ਰਹਿੰਦੀ ਧਰਤੀ ਤੋਂ ਵੀ ਫ਼ਲਸਤੀਨ ਨੂੰ ਕੱਢਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੀ ਹੈ। ਫ਼ਲਸਤੀਨਆਂ ਅਤੇ ਅਰਬ ਦੇਸ਼ਾਂ ਦੇ ਸਮੂਹ ਨੇ ਦੋ ਦੇਸ਼ਾਂ ਵਾਲੇ ਅਮਰੀਕੀ ਹੱਲ ਨੂੰ ਸ਼ੁਰੂ ਵਿਚ ਹੀ ਰੱਦ ਕਰ ਦਿੱਤਾ ਜਿਸ ਕਰ ਕੇ ਤਿੰਨ ਅਰਬ-ਇਜ਼ਰਾਇਲ ਯੁੱਧ ਹੋਣ ਤੋਂ ਬਾਅਦ ਵੀ ਆਜ਼ਾਦ ਫ਼ਲਸਤੀਨ ਲਈ ਯੁੱਧ ਜਾਰੀ ਹੈ।
ਸਮਰਾਜਵਾਦੀ ਤਾਕਤਾਂ ਖ਼ਾਸ ਕਰ ਕੇ ਅਮਰੀਕਾ ਤੋਂ ਬਿਨਾਂ ਇਜ਼ਰਾਈਲ ਦੀ ਕੋਈ ਹੋਂਦ ਨਹੀਂ। ਇਜ਼ਰਾਈਲ ਦਾ ਨਾ ਤਾਂ ਫ਼ਲਸਤੀਨ ਦੇ ਸਮਾਜ, ਨਾ ਸਭਿਆਚਾਰ ਅਤੇ ਨਾ ਇਸ ਦੇ ਅਰਥਚਾਰੇ ਨਾਲ ਕੋਈ ਸਬੰਧ ਹੈ। ਇਸੇ ਕਰ ਕੇ ਇਜ਼ਰਾਈਲ ਆਪਣੀ ਹੋਂਦ ਫ਼ਲਸਤੀਨ ਦੇ ਖਾਤਮੇ ਨਾਲ ਜੁੜਿਆ ਮੰਨਦੀ ਹੈ ਜਦਕਿ ਹਮਾਸ ਤੇ ਇਸ ਦੇ ਭਾਈਵਾਲ ਜੋ ਅਲੱਗ-ਅਲੱਗ ਵਿਚਾਰਧਾਰਾਵਾਂ ਵਾਲੇ ਸੰਗਠਨ ਹਨ, ਫ਼ਲਸਤੀਨੀ ਸਮਾਜ ਦਾ ਅਨਿਖੜ ਅੰਗ ਹਨ। ਇਹ ਕੌਮਪ੍ਰਸਤ ਆਪਣੇ ਦੇਸ਼ ਨੂੰ ਇਜ਼ਰਾਈਲ ਅਤੇ ਅਮਰੀਕੀ ਕਬਜ਼ੇ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਨ। ਸੱਤ ਅਕਤੂਬਰ ਨੂੰ ਹਮਾਸ ਭਾਈਵਾਲਾਂ ਦੇ ਹਮਲੇ ਦਾ ਸਭ ਤੋਂ ਅਹਿਮ ਪੱਖ ਹੈ ਇਸ ਦਾ ਸਾਂਝਾ ਮੋਰਚਾ। ਇਸ ਮੋਰਚੇ ਦੀ ਖਾਸੀਅਤ ਹੈ ਕਿ ਇਸ ਵਿਚ ਅਲੱਗ-ਅਲੱਗ ਵਿਚਾਰਧਾਰਵਾਂ ਵਾਲੇ ਧਾਰਮਿਕ, ਧਰਮ ਨਿਰਪੱਖ, ਲੋਕਤੰਤਰੀ, ਮਾਰਕਸਵਾਦੀ-ਲੈਨਿਨਵਾਦੀ ਆਦਿ ਸੰਗਠਨ ਸ਼ਾਮਿਲ ਹਨ। ਇਸ ਵਿਚ ਹਮਾਸ, ਫ਼ਲਸਤੀਨ ਇਸਲਾਮੀ ਜਹਾਦ, ਪਾਪੂਲਰ ਫਰੰਟ ਫਾਰ ਦੀ ਲਿਬਰੇਸ਼ਨ ਆਫ ਫ਼ਲਸਤੀਨ, ਡੈਮੋਕ੍ਰੇਟਿਕ ਫਰੰਟ ਫਾਰ ਦੀ ਲਿਬਰੇਸ਼ਨ ਆਫ ਫ਼ਲਸਤੀਨ, ਪਾਪੂਲਰ ਰਿਜਿਸਟੈਂਸ ਕਮੇਟੀ, ਅਲ-ਅਕਸਾ ਮਾਰਟਾਆਰ ਬ੍ਰਿਗੇਡ-ਫਤਿਹ, ਜੈਨਿਨ ਬ੍ਰਿਗੇਡ, ਲੋਈਨ ਡੈਨ ਤੇ ਫ਼ਲਸਤੀਨ ਮੁਜਾਹਿਦੀਨ ਮੂਵਮੈਂਟ ਤੋਂ ਇਲਾਵਾ ਹੋਰ ਛੋਟੇ-ਛੋਟੇ ਸੰਗਠਨ ਸ਼ਾਮਿਲ ਹਨ। ਇਹਨਾਂ ਵਿਚ ਪਾਪੂਲਰ ਫਰੰਟ ਫਾਰ ਦੀ ਲਿਬਰੇਸ਼ਨ ਆਫ ਫ਼ਲਸਤੀਨ ਅਤੇ ਡੈਮੋਕ੍ਰੇਟਿਕ ਫਰੰਟ ਫਾਰ ਦੀ ਲਿਬਰੇਸ਼ਨ ਆਫ ਫ਼ਲਸਤੀਨ ਕ੍ਰਮਵਾਰ ਮਾਰਕਸਵਾਦੀ-ਲੈਨਿਨਵਾਦੀ ਤੇ ਮਾਰਕਸਵਾਦੀ-ਲੈਨਿਨਵਾਦੀ-ਮਾਓਵਾਦੀ ਸੰਗਠਨ ਹਨ। ਇਨ੍ਹਾਂ ਸੰਗਠਨਾਂ ਦੇ ਅਲੱਗ-ਅਲੱਗ ਮਿਲਟਰੀ ਵਿੰਗ ਹਨ। ਇਹ ਸਾਰੇ ਅਮਰੀਕੀ ਸਮਰਾਜਵਾਦੀਆਂ ਵਲੋਂ ਥੋਪਿਆ ਦੋ ਦੇਸ਼ੀ ਹੱਲ ਮੂਲੋਂ ਰੱਦ ਕਰ ਕੇ ਆਜ਼ਾਦ ਫ਼ਲਸਤੀਨ ਦੀ ਕੌਮੀ ਮੁਕਤੀ ਲਈ ਹਥਿਆਰਬੰਦ ਲੜਾਈ ਲੜ ਰਹੇ ਹਨ। ਹਮਾਸ ਤੇ ਫ਼ਲਸਤੀਨ ਇਸਲਾਮੀ ਜਹਾਦ ਦੋ ਵੱਡੇ ਸੰਗਠਨ ਹਨ। 2018 ਤੋਂ ਪਹਿਲਾਂ ਇਨ੍ਹਾਂ ਵਿਚ ਰਸਮੀ ਸਾਂਝ ਬਣੀ। 2020 ਵਿਚ ‘ਸਟਰੌਂਗ ਪਿੱਲਰ` ਦੇ ਕੋਡਨਾਮ ਤਹਿਤ ਕੇਂਦਰੀ ਕਮਾਂਡ ਥੱਲੇ ਦਸ ਸੰਗਠਨਾਂ ਨੇ ਇਕੱਠੇ ਹੋ ਕੇ ਚਾਰ ਡਰਿੱਲਾਂ ਕੀਤੀਆਂ। ਇਸ ਲਈ ਇਹ ਸਿਰਫ਼ ਹਮਾਸ-ਇਜ਼ਰਾਈਲ ਯੁੱਧ ਨਹੀਂ; ਫ਼ਲਸਤੀਨ ਦੀ ਕੌਮੀ ਮੁਕਤੀ ਦਾ ਯੁੱਧ ਹੈ।
ਦੂਜਾ, ਹਮਾਸ ਦੇ ਹਮਲੇ ਨੂੰ ਭੰਡਣ ਲਈ ਮੀਡੀਆ ਤੇ ਲਿਬਰਲ ਤਬਕਾ ਹਮਾਸ ਦੇ ਇਸਲਾਮੀ ਹੋਣ ਕਰ ਕੇ ਜਿਉਨਵਾਦੀ ਇਜ਼ਰਾਈਲ ਦਾ ਪੱਖ ਪੂਰ ਰਿਹਾ ਸੀ। ੳਸਲ ਵਿਚ, ਕੋਈ ਵੀ ਯੁੱਧ ਜਾਂ ਹਮਲਾ ਸਹੀ ਹੈ ਜਾਂ ਗ਼ਲਤ, ਇਹ ਉਸ ਦੀ ਰਾਜਨੀਤੀ ਤੈਅ ਕਰਦੀ ਹੈ। ਮਸਲੇ ਦੀ ਰਾਜਨੀਤੀ ਇਸ ਤੋਂ ਤੈਅ ਨਹੀਂ ਹੁੰਦੀ ਕਿ ਪਹਿਲਾਂ ਗੋਲੀ ਕਿਸ ਨੇ ਚਲਾਈ। ਇਹ ਇਸ ਤੋਂ ਤੈਅ ਹੁੰਦੀ ਹੈ ਕਿ ਜ਼ੁਲਮ ਕਰਨ ਵਾਲਾ ਕੌਣ ਹੈ, ਕੌਣ ਜ਼ੁਲਮ `ਚ ਮਦਦ ਕਰਦਾ ਹੈ ਤੇ ਕਿਸ `ਤੇ ਜ਼ੁਲਮ ਹੋ ਰਿਹਾ ਹੈ। ਫ਼ਲਸਤੀਨ ਵਿਚ ਫ਼ਲਸਤੀਨੀਆਂ `ਤੇ ਜ਼ੁਲਮ ਹੋ ਰਿਹਾ ਹੈ।
ਕਿਸੇ ਵੀ ਸਾਮਰਾਜੀ ਯੁੱਧ ਵਿਚ ਅਤਿ-ਆਧੁਨਿਕ ਤਕਨਾਲੋਜੀ, ਜੰਗੀ ਸਾਜ਼ੋ-ਸਾਮਾਨ ਅਤੇ ਫੌਜ, ਜਿੱਤ ਲਈ ਅਹਿਮ ਮੰਨੇ ਜਾਂਦੇ ਹਨ ਪਰ ਕਿਸੇ ਵੀ ਲੋਕ ਪੱਖੀ ਸੰਘਰਸ਼ ਲਈ ਸਭ ਤੋਂ ਅਹਿਮ ਹੁੰਦੀ ਹੈ ਲੋਕਾਂ ਦੀ ਤਾਕਤ, ਏਕਤਾ ਤੇ ਆਜ਼ਾਦੀ ਲਈ ਮਰ-ਮਿਟਣ ਦੀ ਇੱਛਾ। ਲੋਕ ਏਕਤਾ ਦੀ ਤਾਕਤ ਕੀ ਹੁੰਦੀ ਹੈ, ਇਹ ਫ਼ਲਸਤੀਨ-ਇਜ਼ਰਾਈਲ ਯੁੱਧ ਨੇ ਸਾਬਿਤ ਕੀਤਾ ਹੈ। ਸੱਤ ਅਕਤੂਬਰ ਦੇ ਹਮਲੇ ਤੋਂ ਬਾਅਦ ਫ਼ਲਸਤੀਨ ਲਈ ਸੰਸਾਰ ਭਰ ਦੇ ਲੋਕਾਂ ਦੀ ਹਮਾਇਤ ਵਧੀ ਹੈ। ਇਸ ਦੇ ਨਾਲ ਹੀ ਇਜ਼ਰਾਈਲ ਅਤੇ ਸਾਮਰਾਜੀ ਤਾਕਤਾਂ ਅਲੱਗ-ਥਲੱਗ ਹੋਈਆਂ ਹਨ। ਸੰਸਾਰ ਭਰ ਵਿਚ ਫ਼ਲਸਤੀਨ ਦੀ ਹਮਾਇਤ ਵਿਚ ਪ੍ਰਦਰਸ਼ਨ ਹੋਏ ਅਤੇ ਹੋ ਰਹੇ ਹਨ।
ਹਮਲੇ ਤੋਂ ਬਾਅਦ ਜਿੱਥੇ ਲਾਤੀਨੀ ਅਮਰੀਕਾ, ਅਫਰੀਕਾ ਤੇ ਅਰਬ ਦੇਸ਼ਾਂ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਤੋੜੇ ਅਤੇ ਕਈ ਦੇਸ਼ਾਂ ਨਾਲ ਆਰਥਿਕ ਤੇ ਰਾਜਨੀਤਕ ਸਬੰਧ ਕਾਫ਼ੀ ਮੱਧਮ ਪਏ ਹਨ। ਕਈ ਦੇਸ਼ਾਂ ਨੇ ਇਜ਼ਰਾਈਲ ਨੂੰ ਫ਼ਲਸਤੀਨੀਆਂ ਦੇ ਕਾਤਲ ਅਤੇ ਕਈਆਂ ਨੇ ਇਜ਼ਰਾਈਲ ਨੂੰ ਅਤਿਵਾਦੀ ਮੁਲਕ ਗਰਦਾਨਿਆ। ਕੌਮਾਂਤਰੀ ਸੰਗਠਨ ਯੂ.ਐੱਨ.ਓ., ਐਮਨੈਸਿਟੀ ਇੰਟਰਨੈਸ਼ਨਲ ਤੇ ਡਬਲਿਊ.ਐੱਚ.ਓ. ਵਲੋਂ ਅਮਰੀਕਾ ਦਾ ਵਿਰੋਧ ਕਰਦੇ ਹੋਏ ਲਗਾਤਾਰ ਯੁੱਧਬੰਦੀ ਲਈ ਮਤੇ ਪਾ ਰਹੇ ਹਨ ਜਿਸ ਨੂੰ ਵੱਡੀ ਗਿਣਤੀ ਦੇਸ਼ ਸਮਰਥਨ ਵੀ ਦੇ ਰਹੇ ਹਨ। ਹਮਲੇ ਤੋਂ ਬਾਅਦ ਪੱਛਮ ਵਿਚ ਇੱਕ ਪਾਸੇ ਨਵੀਂ ਪੀੜ੍ਹੀ ਫ਼ਲਸਤੀਨ ਲਈ ਹਮਦਰਦੀ ਦਿਖਾ ਰਹੀ ਹੈ, ਦੂਜੇ ਪਾਸੇ ਇਜ਼ਰਾਈਲ ਵਾਸਤੇ ਸਮਰਥਨ ਪਹਿਲਾਂ ਨਾਲੋਂ ਕਾਫ਼ੀ ਘਟਿਆ ਹੈ। ਦੱਖਣੀ ਅਫਰੀਕਾ ਨੇ ਨੇ ਇਜ਼ਰਾਈਲ ਨਾਲ ਸਬੰਧ ਤੋੜਨ ਦੇ ਨਾਲ-ਨਾਲ ਇਜ਼ਰਾਈਲ ਨੂੰ ਯੁੱਧ ਅਪਰਾਧਾਂ ਲਈ ਕੌਮਾਂਤਰੀ ਅਦਾਲਤ ਵਿਚ ਘੜੀਸਿਆ। ਇਸ ਤੋਂ ਇਲਾਵਾ 25 ਤੋਂ ਵੱਧ ਦੇਸ਼ ਇਜ਼ਰਾਈਲ ਨੂੰ ਪਹਿਲਾਂ ਹੀ ਮਾਨਤਾ ਨਹੀਂ ਦਿੰਦੇ। ਕਈ ਦੇਸ਼ਾਂ ਨਾਲ ਇਜ਼ਰਾਈਲ ਦੇ ਆਰਥਿਕ ਸਬੰਧ ਤਾਂ ਹਨ ਪਰ ਰਾਜਨੀਤਕ ਤੇ ਕੂਟਨੀਤਕ ਸਬੰਧ ਨਹੀਂ ਹਨ। ਇਜ਼ਰਾਈਲ ਆਪਣੇ ਜਿਉਨਵਾਦੀ ਰਾਜ ਲਈ 1948 ਤੋਂ ਮਾਨਤਾ ਪ੍ਰਾਪਤ ਕਰਨ ਲਈ ਜ਼ੋਰ ਲਾ ਰਿਹਾ ਹੈ। ਅਮਰੀਕਾ ਦੁਆਰਾ ਇਜ਼ਰਾਈਲ ਲਈ 1978 ਦੀ ਕੈਂਪ ਡੇਵਿਡ ਸੰਧੀ ਤੇ 2020 ਦਾ ਅਬਰਾਹਮ ਸਮਝੌਤੇ ਕਰਵਾਉਣਾ ਇਸੇ ਕੜੀ ਦਾ ਹਿੱਸਾ ਸੀ। ਹਮਲੇ ਤੋਂ ਪਹਿਲਾਂ ਅਮਰੀਕਾ ਅਤੇ ਸਾਊਦੀ ਅਰਬ ਦੀ ਵੱਡੀ ਆਰਥਿਕ ਸੰਧੀ ਹੋਣ ਵਾਲੀ ਸੀ। ਹਮਲੇ ਤੋਂ ਬਾਅਦ ਸਾਊਦੀ ਅਰਬ ਨੂੰ ਇਹ ਡੀਲ ਰੱਦ ਕਰਨੀ ਪਈ। ਬਹਿਰੀਨ ਨੇ ਆਪਣਾ ਰਾਜਦੂਤ ਵਾਪਸ ਬੁਲਾਇਆ ਤੇ ਆਰਥਿਕ ਸਬੰਧ ਮੁਅੱਤਲ ਕਰ ਦਿੱਤੇ। ਇਸ ਤੋਂ ਇਲਾਵਾ ਇਜ਼ਰਾਈਲ ਅਤੇ ਇਸ ਦੇ ਭਾਈਵਾਲ ਕੁਨੈਕਸ਼ਨ ਵਾਲੀਆਂ ਕੰਪਨੀਆਂ ਤੇ ਉਤਪਾਦਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। 2005 ਵਿਚ ਫ਼ਲਸਤੀਨੀ ਸਿਵਲ ਸੁਸਾਇਟੀ ਗਰੁੱਪਾਂ ਵਲੋਂ ਸ਼ੁਰੂ ਕੀਤੀ ਬਾਈਕਾਟ, ਅੱਪਨਿਵੇਸ਼ ਤੇ ਪਾਬੰਦੀ ਮੂਵਮੈਂਟ ਨੂੰ ਹੁੰਗਾਰਾ ਵਧਿਆ ਹੈ। ਅਮਰੀਕਾ, ਬ੍ਰਿਟੇਨ ਤੇ ਆਸਟਰੇਲੀਆ ਵਿਚ ਕਾਰਕੁਨਾਂ, ਮਜ਼ਦੂਰਾਂ ਤੇ ਯੂਨੀਅਨਾਂ ਨੇ ਹਥਿਆਰ ਫੈਕਟਰੀਆਂ ਵਿਚ ਇਜ਼ਰਾਈਲ ਵਾਸਤੇ ਹਥਿਆਰ ਸਪਲਾਈ ਕਰਨ ਦੇ ਵਿਰੋਧ ਦਰਜ ਕਰਵਾਏ। ਭਾਰਤ ਦੀਆਂ ਮਜ਼ਦੂਰ ਯੂਨੀਅਨਾਂ ਨੇ ਫ਼ਲਸਤੀਨੀ ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਕੇ ਭਾਰਤ ਤੋਂ ਮਜ਼ਦੂਰਾਂ ਨਾਲ ਬਦਲਣ ਦੇ ਪ੍ਰਸਤਾਵ ਦਾ ਪੁਰਜ਼ੋਰ ਵਿਰੋਧ ਕੀਤਾ। ਇਸ ਤਰ੍ਹਾਂ ਫ਼ਲਸਤੀਨ ਦੇ ਹੱਕ ਵਿਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਜਪਾਨ, ਆਸਟਰੇਲੀਆ ਤੇ ਹੋਰ ਯੂਰੋਪੀਅਨ ਦੇਸ਼ਾਂ ਤੋਂ ਲੈ ਲਾਤੀਨੀ ਅਮਰੀਕਾ, ਅਫਰੀਕਾ, ਮੱਧ-ਪੂਰਬ ਤੋਂ ਲੈ ਏਸ਼ੀਆ ਸਮੇਤ ਸੰਸਾਰ ਦੇ 120 ਤੋਂ ਵੱਧ ਦੇਸ਼ਾਂ ਵਿਚ 8000 ਤੋਂ ਵੀ ਵੱਧ ਮੁਜ਼ਾਹਰੇ ਹੋਏ।
ਫ਼ਲਸਤੀਨ ਦਾ ਸੰਘਰਸ਼ ਹੁਣ ਕੌਮਾਂਤਰੀ ਪੱਧਰ `ਤੇ ਕਬਜ਼ੇ ਵਿਰੋਧੀ ਯੁੱਧ ਦਾ ਚਿੰਨ੍ਹ ਬਣ ਚੁੱਕਾ ਹੈ। ਫ਼ਲਸਤੀਨ ਦੀ ਆਜ਼ਾਦੀ ਦਾ ਯੁੱਧ ਕੌਮੀ ਮੁਕਤੀ, ਲੁੱਟ, ਦਾਬੇ, ਰੋਜ਼ਮੱਰਾ ਜ਼ਲਾਲਤ, ਵਿਤਕਰੇ ਤੇ ਗੁਲਾਮੀ ਖਿਲਾਫ਼ ਹੈ। ਇਹ ਸਾਮਰਾਜਵਾਦ ਵਿਰੋਧੀ ਕੌਮੀ ਮੁਕਤੀ ਦਾ ਯੁੱਧ ਹੈ। ਸੱਤ ਅਕਤੂਬਰ ਵਾਲੇ ਹਮਲੇ ਨੇ ਨਾ ਸਿਰਫ਼ ਫ਼ਲਸਤੀਨ ਦੀ ਆਜ਼ਾਦੀ ਦੇ ਸਵਾਲ ਨੂੰ ਹਰਾ ਕੀਤਾ ਸਗੋਂ ਮੱਧ-ਪੂਰਬ ਵਿਚ ਵੀ ਗਿਣਤੀ-ਮਿਣਤੀ ਬਦਲ ਕੇ ਰੱਖ ਦਿੱਤੀ ਹੈ। ਇਸ ਲਈ ਸਾਰੇ ਇਨਸਾਫ਼ ਪਸੰਦਾਂ ਦਾ ਫਰਜ਼ ਹੈ ਕਿ ਕਬਜ਼ੇ ਤੇ ਸਾਮਰਾਜਵਾਦ ਵਿਰੋਧੀ ਇਸ ਲੜਾਈ ਵਿਚ ਸਾਥ ਦਿੱਤਾ ਜਾਵੇ।