ਵੀਨਾ ਵਰਮਾ
ਪਾਕਿਸਤਾਨ ਦੀ ਸਰਜ਼ਮੀਨ, ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ ‘ਸਰਾਏ ਆਲਮਗੀਰ’। ਸ਼ਹਿਰ ਦੇ ਇੱਕ ਕੋਨੇ ਵਿਚ ਜੇਹਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਿਲਾਂ ਸੁਰਮਈ ਹਵੇਲੀ, ਇੰਨੀ ਸੁਰਮਈ ਕਿ ਦੂਰੋਂ ਕਿਸੇ ਪਹਾੜ ਦਾ ਭੁਲੇਖਾ ਪਵੇ। ਛੱਤ ‘ਤੇ ਖੜ੍ਹਾ ਇਨਸਾਨ ਜੇਹਲਮ ਦਰਿਆ ਦੇ ਹੁਸਨ ਨੂੰ ਨੰਗਿਆਂ ਦੇਖ ਸਕਦਾ ਸੀ। ਇਸ ਛੱਤ ‘ਤੇ ਖੜ੍ਹੋ ਕੇ ਹਵੇਲੀ ਦੀ ਮਾਲਕਣ ਨੇ ਬੇਸ਼ੁਮਾਰ ਵਾਰੀ ਜੇਹਲਮ ਦੇ ਹੁਸਨ ਦਾ ਜਲਵਾ ਦੇਖਿਆ ਸੀ। ਪਰ ਉਸਦੇ ਆਪਣੇ ਹੁਸਨ ਨੂੰ ਸਿਰਫ ਹਵਾ ਤੇ ਸੂਰਜ ਤੋਂ ਇਲਾਵਾ ਸ਼ਾਇਦ ਇਸ ਸ਼ਹਿਰ, ‘ਚ ਕਿਸੇ ਨਹੀਂ ਸੀ ਦੇਖਿਆ ਜਾਂ ਫੇਰ ਦਰਿਆ ਜੇਹਲਮ ਉਸਦਾ ਹਮਰਾਜ਼ ਸੀ।
ਇਸ ਛੱਤ `ਤੇ ਉਸਦੀ ਜ਼ਿੰਦਗੀ ਦਾ ਬਹੁਤਾ ਹਿਸਾ ਇਸੇ ਤਰ੍ਹਾਂ ਘੁੰਮਦਿਆਂ ਗੁਜ਼ਰਿਆ ਸੀ। ਕਦੇ ਉਦਾਸ ਤੇ ਕਦੇ ਪੁਰਸਕੂਨ। ਜੇਹਲਮ ਅਤੇ ਉਹ ਦੋਵੇਂ ਆਪਣੇ ਅੰਦਰ ਉਠਦੇ ਤੂਫਾਨਾਂ ਨੂੰ ਸਾਂਝਿਆਂ ਕਰਦੇ। ਕਦੇ ਸ਼ਾਂਤ ਹੋ ਕੇ ਹੇਠਾਂ ਉਤਰਦੀ ਤੇ ਕਦੇ ਦੋਵੇਂ ਮਿਲ ਕੇ ਦੁੱਗਣੇ ਭੜਕਦੇ। ਪਿਛਲੇ ਚਾਲ੍ਹੀ ਸਾਲਾਂ ਤੋਂ ਇਹੀ ਹੋ ਰਿਹਾ ਸੀ। ਪਿਛਲੀ ਜ਼ੁੰਮੇਰਾਤ ਨੂੰ ਉਸਦੇ ਬੇਟੇ ਸ਼ਮੀਰ ਦਾ ਇੰਗਲੈਂਡ ਤੋਂ ਖ਼ਤ ਆਇਆ ਕਿ ‘ਅੰਮੀ ਤੁਸੀਂ ਸਾਡੇ ਕੋਲ ਆ ਜਾਉ। ਬੱਚੇ ਤੁਸਾਂ ਨੂੰ ਯਾਦ ਕਰਦੇ ਨੇ। ਫਿਰਦੋਸ਼ ਸਲਾਮ ਭੇਜਦੀ ਹੈ, ਤੇ ਹੋਰ ਪਤਾ ਨਹੀਂ ਕੀ ਕੁਛ ਲਿਖਿਆ। ਖ਼ਤ ਪੜ੍ਹ ਕੇ ਬਨੇਰੇ ’ਤੇ ਰੱਖ ਦਿਤਾ ਤੇ ਤੇਜ਼ ਹਵਾ ਨਾਲ ਖ਼ਤ ਉਡਦਾ ਹੋਇਆ ਜੇਹਲਮ ਦੇ ਪਾਣੀ, ‘ਚ ਜਾ ਸਮਾਇਆ।
ਅੱਜ ਫਿਰ ਸੁਬਹਾ ਜਦੋਂ ਸ਼ਮੀਰ ਦਾ ਫੋਨ ਆਇਆ, ਤਾਂ ਉਹ ਅੱਧ-ਸੁੱਤੀ ਸੀ। ਨੌਕਰ ਨੇ ਦਰਵਾਜ਼ੇ ’ਤੇ ਦਸਤਕ ਦਿਤੀ ਤਾਂ ਉਸਨੇ ਬਹਾਨਾ ਬਣਾ ਦਿਤਾ ਕਿ ਆਖ ਦੇਵੇ ‘ਅੰਮੀ ਸੌਂ ਰਹੀ ਏ, ਤਬੀਅਤ ਠੀਕ ਨਹੀਂਂ ਏ। ਬਜ਼ੁਰਗ ਨੌਕਰ ਫਾਰੂਕ ਪਿਛਲੇ ਪੰਜਾਹ ਸਾਲਾਂ ਤੋਂ ਇਸ ਹਵੇਲੀ ਵਿਚ ਕੰਮ ਕਰ ਰਿਹਾ ਸੀ ਅਤੇ ਬੇਗਮ ਸਾਹਿਬਾ ਦੀ ਰਗ-ਰਗ ਦਾ ਵਾਕਿਫ਼ ਸੀ। ਉਹ ਮੁੜ ਸੌਂ ਨਾ ਸਕੀ। ਸੁੱਕੇ ਜ਼ਖਮ ਹਰੇ ਹੋ ਗਏ। ਉਸਦੇ ਜ਼ਖਮੀ ਦਿਲ ਦੀਆਂ ਤਾਰਾਂ ਕਿਸੇ ਨੇ ਝੰਜੋੜ ਦਿਤੀਆਂ ਸਨ। ਫੇਰ ਕੋਈ ਪੁਰਾਣਾ ਅਫ਼ਸਾਨਾ ਯਾਦ ਆ ਗਿਆ ਸੀ। ਅਫ਼ਸਾਨਾ, ਜੋ ਹਰ ਵਕਤ ਉਸ ਦੇ ਦਿਲੋ-ਦਿਮਾਗ ਵਿਚ ਘੁੰਮਦਾ ਸੀ। ਅਫ਼ਸਾਨਾ, ਜੋ ਉਸਦੇ ਨਾਲ ਗੁਜ਼ਰਿਆ ਸੀ। ਅਫ਼ਸਾਨਾ, ਜੋ ਉਸਦੀ ਹਕੀਕਤ ਸੀ, ਤੇ ਅਫ਼ਸਾਨਾ ਜੋ ਉਹ ਖੁਦ ਬਣ ਗਈ ਸੀ।
ਵੈਸੇ ਤੇ ਮਰਦ ਸਮਾਜ, `ਚ ਔਰਤਾਂ ਦੇ ਅਫ਼ਸਾਨੇ ਬਣਨੇ ਬੜੇ ਆਸਾਨ ਹੁੰਦੇ ਨੇ। ਔਰਤ ਤਾਂ ਦੋ ਵਾਰੀ ਖਿੜਕੀ ਵਿਚ ਖੜ੍ਹੀ ਹੋ ਜਾਵੇ ਤਾਂ ਅਫ਼ਸਾਨਾ ਬਣ ਜਾਂਦਾ ਹੈ। ਰਾਹ ਜਾਂਦੀ ਦੇ ਕਿੱਸੇ ਘੜੇ ਜਾਂਦੇ ਹਨ। ਥਾਂ ਥਾਂ ਅਫ਼ਸਾਨਾ-ਨਿਗਾਰ ਬੈਠੇ ਹਨ ਉਸ ਦੇ ਲਈ।…ਪਰ ਉਸਨੇ ਤਾਂ ਅਸਲੋਂ ਜੱਗੋਂ ਤੇਰ੍ਹਵੀਂ ਕੀਤੀ ਸੀ। ਅਫ਼ਸਾਨਾ ਵੀ ਉਹ ਬਣਿਆ ਕਿ ਕੋਈ ਸੁਣੇ ਤਾਂ ਫੈਸਲਾ ਨਾ ਕਰ ਸਕੇ ਕਿ ਉਸਦੀ ਹਾਲਤ ‘ਤੇ ਹੱਸਿਆ ਜਾਵੇ ਜਾਂ ਆਂਸੂ ਬਹਾਏ ਜਾਣ।
ਪਰ ਬੇਗਮ ਸਾਹਿਬਾ ਹੁਣ ਖੁੱਦਾਰ, ਮਗਰੂਰ ਤੇ ਬੁਲੰਦ, ਕਿਸੇ ਚੱਟਾਨ ਵਾਂਗ ਸੀ। ਜਿਸ ਦੇ ਆਸੇ ਪਾਸਿਓਂ ਤੂਫਾਨ ਲੰਘ ਜਾਂਦੇ ਪਰ ਉਸਦਾ ਸਿਰ ਨਹੀਂਂ ਸੀ ਝੁਕਦਾ। ਪਿਛਲੇ ਚਾਲ੍ਹੀ ਸਾਲ ਤੋਂ ਉਹ ਕਿਸੇ ਕੈਦੀ ਵਾਂਗ ਇਸ ਹਵੇਲੀ ਵਿਚ ਨਜ਼ਰਬੰਦ ਸੀ। ਕੈਦੀ ਜੋ ਜੇਲ੍ਹ ਦਾ ਮਾਲਿਕ ਹੋਵੇ। ਇਹ ਉਮਰ ਕੈਦ ਖੁਦ ਉਸਨੇ ਆਪਣੇ ਆਪ ਨੂੰ ਦਿੱਤੀ ਸੀ।
ਚਾਲ੍ਹੀ ਸਾਲ ਪਹਿਲਾਂ ਉਹ ਕਿਸੇ ਤੂਫਾਨ ਵਾਂਗ ਆਈ ਤੇ ਹਵੇਲੀ ਦੀਆਂ ਕਿਲ੍ਹੇ ਵਰਗੀਆਂ ਕੰਧਾਂ ਵਿਚ ਸਮਾਅ ਗਈ ਸੀ। ਉਸ ਤੂਫਾਨ ਨਾਲ ਜੋ ਗਰਦੋ-ਗੁਬਾਰ ਉਡੀ ਸੀ, ਉਹ ਵਕਤ ਨਾਲ ਉਤਰ ਗਈ।
ਬੱਸ ਕੋਈ ਕੋਈ ਸ਼ਖਸ ਸੀ, ਉਸਦੇ ਜ਼ਮਾਨੇ ਦਾ ਜੋ ਉਸਦੇ ਅਫ਼ਸਾਨੇ ਨੂੰ ਛੇੜ ਬਹਿੰਦਾ ਸੀ। ਵਰਨਾ ਉਹ ਹੁਣ ਬੀਤ ਚੁੱਕੀ ਬਾਤ ਸੀ। ਬੁੱਢੇ ਮਰ ਚੁੱਕੇ ਸਨ। ਨੌਜਵਾਨ ਬੁੱਢੇ ਹੋ ਗਏ ਸਨ ਤੇ ਬੱਚੇ ਜਵਾਨ ਹੋ ਗਏ ਸਨ। ਉਹਦਾ ਰਾਜ਼ ਹੁਣ ਇਸ ਹਵੇਲੀ ਦੀਆ ਕੰਧਾਂ ਵਿਚ ਮਹਿਫੂਜ਼ ਸੀ। ਪੂਰੀ ਆਦਮਜ਼ਾਤ ਨਾਲ ਜਿਵੇਂ ਉਸਨੂੰ ਨਫ਼ਰਤ ਸੀ। ਦੋ ਸ਼ਬਦਾਂ ਤੋਂ ਵੱਧ ਗੱਲ ਨਾ ਕਰਦੀ। ਮਾਇਕੇ ਉਹ, ਇਸ਼ਕ ਵਿਚ ਛੱਡ ਕੇ ਆ ਗਈ ਸੀ ਤੇ ਸਸੁਰਾਲ ਉਸਨੇ ਨਫ਼ਰਤ ਵਿਚ ਛੱਡ ਦਿਤਾ ਸੀ।
ਮੁਹੱਬਤ ਅਤੇ ਨਫ਼ਰਤ ਦੇ ਦੋ ਰੰਗਾਂ ਵਿਚ ਰੰਗੀ ਉਹ ਦੁਨੀਆ ਦੇ ਹਰ ਤੀਜੇ ਰੰਗ ਤੋਂ ਬੇਖ਼ਬਰ ਸੀ। ਨਫ਼ਰਤ ਦਾ ਰੰਗ ਉਸਦੀ ਮਮਤਾ ਦੇ ਰੰਗ ਨੂੰ ਵੀ ਖਾ ਗਿਆ ਸੀ। ਪੁੱਤਰ ਸ਼ਮੀਰ ਨੇ ਵੀ ਕੀ ਕੀਤਾ ਸੀ…? ਆਪਣੀ ਹੀ ਮਾਂ ਦੇ ਜਜ਼ਬਾਤ ਦੀ ਪ੍ਰਵਾਹ ਨਾ ਕਰਦਿਆਂ ਵਿਕ ਗਿਆ ਸੀ, ਉਨ੍ਹਾਂ ਲੋਕਾਂ ਕੋਲ, ਜਿਨ੍ਹਾਂ ਦਾ ਨਾਮ ਲੈਣਾ ਵੀ ਉਹ ਆਪਣੀ ਤੌਹੀਨ ਸਮਝਦੀ ਸੀ। ਉਹ ਲੋਕ ਜਿਨ੍ਹਾਂ ਨੇ ਫੁੱਲ ਵਰਗੀ ‘ਗੁਲਬਾਨੋ’ ਨੂੰ ਕੰਡਿਆਂ ਦੀ ਝਾੜ ਉਪਰ ਸੁੱਟ ਦਿਤਾ ਸੀ।
ਹਾਂ ਫੁੱਲ ਵਰਗੀ ਤਾਂ ਸੀ ਉਹ ਗੁਲਬਾਨੋ…ਤਾਜ਼ਾ ਖਿੜ੍ਹੇ ਗੁਲਾਬ ਵਰਗੀ। ਗੁਲਾਬੀ ਰੰਗ ਤੇ ਕਾਬੁਲ ਦੇ ਅਨਾਰ ਵਰਗੀਆ ਸੁਰਖ਼ ਗੱਲ੍ਹਾਂ। ਸ਼ਰਬਤੀ ਅੱਖਾਂ ‘ਚ ਧਾਰੀਦਾਰ ਸੁਰਮਾ। ਨਾਜ਼ਕ ਪੱਤੀਆਂ ਵਰਗੇ ਹੋਂਠ। ਬੋਲਦੀ ਸੀ ਤਾਂ ਲਗਦਾ ਸੀ ਜਿਵੇਂ ਬੁਲਬੁਲ ਚਹਿਕ ਰਹੀ ਹੋਵੇ। ਪੌਣੇ ਛੇ ਫੁੱਟ ਦੀ ਲੰਮ-ਸਲੰਮੀ ਕੱਦ ਵਾਲੀ ਕਿ ਸਧਾਰਨ ਮਰਦ ਉੁਸਦੇ ਸਾਹਮਣੇ ਬੌਣਾ ਲੱਗਦਾ ਸੀ। ਸੁਰਾਹੀ ਵਰਗੀ ਗਰਦਨ, ਗੋਰੀਆਂ ਗੋਲ ਬਾਹਾਂ ਤੇ ਬਾਹਾਂ ਵਿਚ ਸੱਤ-ਰੰਗੀਆਂ ਵੰਗਾਂ।
ਜ਼ੁਲਫਾਂ ਦੇ ਸਿਆਹ ਛੱਲੇ ਤੇ ਛੱਲਿਆਂ, ‘ਚ ਘਿਰਿਆ ਰੌਸ਼ਨ ਚਿਹਰਾ। ਗਿੱਠ ਉਚੀਆਂ ਸਖਤ ਛਾਤੀਆਂ ਤੇ ਸੰਗਮਰਮਰੀ ਬਦਨ। ਹੁਸਨ ਦਾ ਕੋਈ ਮੁਜੱਸਮਾ ਸੀ ਉਹ ਗੁਲਬਾਨੋ…ਹਨੇਰੀ ਵਾਂਗ ਜਵਾਨੀ ਚੜ੍ਹੀ ਸੀ ਉਸਨੂੰ ਜਿਵੇਂ ਅਟਕ ਦਰਿਆ ਵਿਚ ਹੜ੍ਹ ਆਇਆ ਹੋਵੇ। ਠਾਰਾਂ ਸਾਲਾਂ, `ਚ ਛੱਬੀਆਂ ਦੀ ਲੱਗਦੀ ਸੀ ਉਹ।
ਉਸਦੀ ਅੰਮੀ ਉਸਨੂੰ ਛੁਪਾ-ਛੁਪਾ ਰੱਖਦੀ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਅੱਬੂ ਉਸਨੂੰ ਪੁੱਤਰਾਂ ਨਾਲੋਂ ਵੱਧ ਪਿਆਰ ਦਿੰਦੇ ਅਤੇ ਚਾਰੇ ਭਰਾਵਾਂ ਦੀ ਜਾਨ ਤੋਂ ਪਿਆਰੀ ਸੀ। ਜਿੰਨੀ ਹਸੀਨ ਸੀ ਉਨੀਂ ਹੀ ਜ਼ਹੀਨ ਸੀ। ਜ਼ਮੀਂਦਾਰ ਨਾਸਿਰ ਹੁਸੈਨ ਦੀ ਚਾਰਾਂ ਪੁੱਤਰਾਂ ਤੋਂ ਬਾਅਦ ਇਕੱਲੀ ਛੋਟੀ ਧੀ ਸੀ ਉਹ। ਹਾਲੇ ਦਸ ਸਾਲਾਂ ਦੀ ਸੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ, ਪਰ ਅੰਮੀ ਉਸਦਾ ਵਿਆਹ ਟਾਲਦੀ ਆ ਰਹੀ ਸੀ। ‘ਤੇਰੇ ਬਗੈਰ ਸਾਡਾ ਦਿਲ ਕਿੱਦਾਂ ਲੱਗੇਗਾ ਬੱਚੀਏ’ ਵਿਆਹ ਦੀ ਗੱਲ ਛਿੜਦਿਆਂ ਹੀ ਅਕਸਰ ਅੱਖਾਂ ਭਰ ਲੈਂਦੀ।
ਗੁਲਬਾਨੋ, ਦੁਨੀਆਦਾਰੀ ਤੋਂ ਦੂਰ ਮਸਤ ਆਪਣੀਆਂ ਸਹੇਲੀਆਂ ਵਿਚ ਕਸੀਦੇ ਕੱਢਦੀ ਰਹਿੰਦੀ। ਅਮੀਰੀ ਤੇ ਹੁਸਨ, ਸੋਨੇ `ਤੇ ਸੁਹਾਗਾ। ਅੱਲੜ੍ਹ ਉਮਰ, ਬੇਗਮ, ਬੇਪ੍ਰਵਾਹ ਅਤੇ ਬੇਖ਼ੌਫ।
ਉਮਰ, ਜੋ ਜਾਗਦਿਆਂ ਖਾਬ ਦੇਖੇ…ਉਮਰ, ਜੋ ਕਸਤੂਰੀ ਵਾਲੇ ਹਿਰਨ ਵਾਂਗ ਆਪਣੀ ਮਹਿਕ `ਚ ਹੀ ਮਦਮਸਤ ਹੋਵੇ। ਇਹੀ ਉਮਰ ਸੀ ਜਦੋਂ ਉਹ ਆਪਣੀ ਸਹੇਲੀ ਦੇ ਘਰ ਸਿਖਰ ਦੁਪਹਿਰ ਕਸੀਦਾ ਕੱਢਣ ਗਈ ਡੰਗੀ ਗਈ ਸੀ। ਮਿੱਠਾ-ਮਿਠਾ ਜ਼ਹਿਰ ਚੜ੍ਹਿਆ ਸੀ ਉਸ `ਤੇ ਹਲਕਾ-ਹਲਕਾ ਸਰੂਰ ਹੋ ਗਿਆ ਸੀ। ਰਾਤ ਨੂੰ ਬਿਸਤਰ ‘ਤੇ ਪਈ ਉਹ ਕਰਵਟਾਂ ਬਦਲਦੀ ਰਹੀ। ਪਰ ਉਹ ਹੁਸੀਨ ਚਿਹਰਾ ਉਸਦੀ ਨੀਂਦ ਉੜਾ ਕੇ ਲੈ ਗਿਆ ਸੀ। ਚਿਹਰਾ ਜੋ ਆਫ਼ਤਾਬੀ ਸੀ। ਨਜ਼ਰ, ਜੋ ਜਾਦੂ ਸੀ ਤੇ ਹੁਸਨ, ਜਿਵਂੇ ਟੂਣਾਂ ਸੀ।
‘ਫਿਰੋਜ਼’…ਉਸਦੇ ਬੰਦ ਹੋਠਾਂ ਨੇ ਕਈ ਵਾਰ ਉਸ ਜਾਦੂਗਰ ਦਾ ਨਾਂ ਲਿਆ, ਜਿਸ ਨੇ ਦਿਲ ਦਾ ਸਕੂਨ ਚੁਰਾ ਲਿਆ ਸੀ। ਫਿਰੋਜ਼ ਦਾਮਾਦ ਸੀ ਉਸਦੇ ਪੜੌਸੀਆਂ ਦਾ। ਉਸਦੀ ਪੱਕੀ ਸਹੇਲੀ ਸ਼ਕੀਲਾ ਦਾ ਸ਼ੌਹਰ। ਇੱਕ ਦੰਦ ਰੋਟੀ ਸੀ ਦੋਹਾਂ ਸਹੇਲੀਆਂ ਦੀ। ਸ਼ਕੀਲਾ ਦੀ ਸ਼ਾਦੀ ਸਮੇਂ ਗੁਲਬਾਨੋ ਆਪਣੀ ਖਾਲਾ ਦੀ ਬੇਟੀ ਦੀ ਸ਼ਾਦੀ ‘ਤੇ ਗਈ ਹੋਈ ਸੀ, ਫਿਰੋਜ਼ ਨੂੰ ਨਹੀਂ ਮਿਲੀ ਸੀ। ਨਹੀਂ ਸੀ ਪਤਾ ਉਸਨੂੰ ਕਿ ਸ਼ਕੀਲਾ ਦੀ ਝੋਲੀ ਨੂੰ ਕੁਦਰਤ ਨੇ ਇੰਨਾ ਨਾਯਾਬ ਤੋਹਫਾ ਬਖਸ਼ਿਆ ਸੀ। ਸ਼ਕੀਲਾ ਨੇ ਜਦੋਂ ਗੁਲਬਾਨੋ ਦਾ ਫਿਰੋਜ਼ ਨਾਲ ਤੁਆਰਫ ਕਰਵਾਇਆ, ਤਾਂ ਦੋਹਾਂ ਨੂੰ ਜਿਵੇਂ ਕਾਠ ਮਾਰ ਗਿਆ। ਮੂੰਹਾਂ, `ਚੋਂ ਆਵਾਜ਼ ਨਾ ਨਿੱਕਲੀ, ਅੱਖਾਂ ਵਿਚ ਅੱਖਾਂ ਫਸ ਗਈਆ ਦੋਹਾਂ ਦੀਆਂ। ਹੋਂਠ ਕੰਬੇ ਤੇ ’ਇਸਲਾਮਾ ਲੇਕਮ’ ਜੀਭ ‘ਤੇ ਆ ਕੇ ਰੁਕ ਗਿਆ ਦੋਨਾਂ ਦਿਆਂ ਬੋਲਾ ਵਿਚੋਂ। ਫਿਰੋਜ਼ ਦੇ ਹੋਸ਼ ਤਾਂ ਉਡਣੇ ਹੀ ਸੀ ਗੁਲਬਾਨੋ ‘ਤੇ ਵੀ ਤੀਰ ਚੱਲ ਗਿਆ ਸੀ।
‘ਏਹਾ ਖੂਬਸੂਰਤ ਨੌਜਵਾਨ..! ਜਿਵੇਂ ਕੋਈ ਤਸਵੀਰ ਹੋਵੇ। ਗੁਲਬਾਨੋ ਤੋਂ ਦੋ ਗਿੱਠ ਉਚਾ, ਗੋਰਾ ਨਿਛੋਹ ਰੰਗ, ਤੇ ਫ਼ੌਲਾਦੀ ਜਿਸਮ। ਕਾਲੇ ਸਿਆਹ ਜ਼ੁਲਫਾਂ ਦੇ ਪੇਚ ਚੌੜੇ ਮੱਥੇ ਨੂੰ ਚੁੰਮਣ ਦੀ ਹਸਰਤ ਵਿਚ ਝੁਕ ਝੁਕ ਜਾਂਦੇ। ਗੁਲਬਾਨੋ ਦੇ ਦਿਲ ਦੇ ਕੋਰੇ ਤੇ ਖਾਲੀ ਫਰੇਮ ਵਿਚ ਫਿਰੋਜ਼ ਦੀ ਤਸਵੀਰ ਵਸ ਗਈ ਸੀ। ਗੁਲਬਾਨੋ ਦੇ ਨੱਕ ਵਿਚ ਪਾਏ ਹੀਰੇ ਦੇ ਲੌਂਗ ਦੇ ਲਿਸ਼ਕਾਰੇ ਸੂਰਜ ਦੀਆਂ ਕਿਰਨਾਂ ਨਾਲ ਝਗੜ ਕੇ ਫਿਰੋਜ਼ ਦੀਆਂ ਅੱਖਾਂ ਵਿਚ ਪੈ ਰਹੇ ਸੀ। ਦੂਜੇ ਦਿਨ ਫਿਰੋਜ਼ ਵੀ ਦਿਲ ਨੂੰ ਸੰਭਾਲਦਾ ਆਪਣੇ ਸ਼ਹਿਰ ਵਾਪਸ ਚਲਾ ਗਿਆ।
ਥੋੜ੍ਹਾ ਅਰਸਾ ਬੀਤ ਗਿਆ, ਸ਼ਕੀਲਾ ਅਕਸਰ ਗੁਲਬਾਨੋ ਕੋਲ ਆਪਣੇ ਖਾਵੰਦ ਦੀਆਂ ਗੱਲਾਂ ਕਰਦੀ। ਜਦੋਂ ਵੀ ਫਿਰੋਜ਼ ਦਾ ਜ਼ਿਕਰ ਛਿੜਦਾ ਗੁਲਬਾਨੋ ਦਾ ਦਿਲ ਧੜਕਣ ਲੱਗ ਜਾਂਦਾ। ਫਿਰੋਜ਼ ਨਾਲ ਅਧੂਰੀ ਜਿਹੀ ਮੁਲਾਕਾਤ ਨੇ ਉਸ ਦੇ ਅਰਮਾਨ ਜਗਾਅ ਦਿਤੇ ਸੀ। ਨਾ ਉਹ ਉਸ ਨੂੰ ਮਿਲ ਸਕਦੀ ਸੀ ਤੇ ਨਾ ਭੁੱਲ ਸਕਦੀ ਸੀ। ਨਾ ਖ਼ਤ ਨਾ ਸੁਨੇਹਾ। ਨਾ ਹਾਂ, ਨਾ ਨਾਂਹ। ਕਾਸ਼! ਇਕ ਵਾਰ ਫਿਰ ਮਿਲੇ, ਉਹ ਨੂਰਾਨੀ ਚਿਹਰਾ ਦੂਹਰੀ ਵਾਰ ਦੇਖਣ ਲਈ ਉਹ ਖੁLਦਾ ਅੱਗੇ ਦੁਆ ਕਰਦੀ।
ਤੇ ਖੁLਦਾ ਨੇ ਉਹਦੀ ਛੇਤੀ ਸੁਣ ਲਈ। ਫਿਰੋਜ਼ ਇਕ ਦਿਨ ਅਚਾਨਕ ਘੋੜੇ ’ਤੇ ਆ ਗਿਆ। ਬਹਾਨਾ ਕੀਤਾ ਕਿ ਉਹ ਆਪਣੇ ਦੋਸਤ ਨਾਲ ਸ਼ਿਕਾਰ ਖੇਡਣ ਗਿਆ ਸੀ। ਵਾਪਸੀ `ਤੇ ਸੋਚਿਆ ਸੁਸਰਾਲ ਵਾਲਿਆਂ ਨੂੰ ਵੀ ਮਿਲਦਾ ਜਾਵੇ। ਗੁਲਬਾਨੋ ਨੇ ਸੁਣਿਆ ਤਾਂ ਜਿਵੇਂ ਉਸਨੂੰ ਮਨ ਦੀ ਮੁਰਾਦ ਮਿਲ ਗਈ, ਉਹ ਬੁਲਬੁਲਟੀਨ ਦਾ ਨਵਾਂ ਗਰਾਰਾ ਸੂਟ ਪਾ ਕੇ ਸ਼ਕੀਲਾ ਦੇ ਘਰ ਪਹੁੰਚ ਗਈ। ਗੁਲਬਾਨੋ ਉਨ੍ਹਾਂ ਲਈ ਘਰ ਦੀ ਹੀ ਲੜਕੀ ਸੀ, ਇਸ ਲਈ ਕਿਸੇ ਨੂੰ ਸ਼ੱਕ ਨਹੀਂ ਪਈ। ਫਿਰੋਜ਼ ਤੇ ਗੁਲਬਾਨੋ ਨੇ ਰੱਜ ਕੇ ਅੱਖਾਂ ਦੀ ਪਿਆਸ ਬੁਝਾਈ, ਕੋਈ ਗੱਲ ਨਹੀਂ ਹੋਈ। ਦੋਵਾਂ ਨੇ ਖਾਮੋਸ਼ ਇਕਰਾਰ ਕੀਤੇ ਤੇ ਸ਼ਾਮ ਨੂੰ ਦੋਵੇਂ ਪਿੰਡ ਤੋਂ ਬਾਹਰ ਮਸਜਿਦ ਕੋਲ ਮਿਲੇ।
ਮੈਂ ਬੜੇ ਬਹਾਨੇ ਬਣਾ ਕੇ ਆਇਆ ਹਾਂ। ਬਹੁਤ ਉਦਾਸ ਹੋ ਗਿਆ ਸਾਂ, ਉਸਨੇ ਆਉਣ ਦਾ ਮਕਸਦ ਦੱਸਿਆ।
‘ਮੈਨੂੰ ਇਲਮ ਏ…ਤੂੰ ਝੂਠ ਬੋਲ ਕੇ ਆਇਆ ਏਂ…ਤੇ ਮੈਂ ਵੀ…ਗੁਲਬਾਨੋ ਤੋਂ ਗੱਲ ਨਹੀਂ ਸੀ ਹੋ ਰਹੀ।
ਦੇਰ ਤੱਕ ਉਹ ਜ਼ਮੀਨ `ਤੇ ਬੈਠੇ ਗੱਲਾਂ ਕਰਦੇ ਰਹੇ। ਇਕ-ਦੂਜੇ ਦਾ ਹੱਥ ਫੜੀ ਕਸਮਾਂ-ਵਾਅਦੇ ਹੁੰਦੇ ਰਹੇ। ਦੋਨਾਂ ਦਾ ਘਰ ਜਾਣ ਨੂੰ ਦਿਲ ਨਾ ਕਰੇ। ਆਖ਼ਰ ਦੋਵਾਂ ਨੇ ਫਿਰੋਜ਼ ਦੀ ਫੂਫੀ ਨਜ਼ੀਰਾਂ ਦੇ ਘਰ ਮਿਲਣ ਲਈ ਵਾਅਦਾ ਕੀਤਾ। ਫਿਰੋਜ਼ ਨੇ ਸੋਚਿਆ ਉਹ ਆਪਣੀ ਫੂਫੀ ਜਾਨ ਨੂੰ ਆਪਣੇ ਦਿਲ ਦੀ ਗੱਲ ਦੱਸੇਗਾ ਤੇ ਉਹ ਉਨ੍ਹਾਂ ਦਾ ਸਾਥ ਦੇਵੇਗੀ।
ਫੂਫੋ ‘ਨਜ਼ੀਰਾਂ ਬੇਗ’ ਨੂੰ ਜਦੋਂ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਗੱਲ ਪਤਾ ਲੱਗੀ ਤਾਂ ਉਹ ਖਿੜ ਕੇ ਕੁੱਪਾ ਹੋ ਗਈ। ਉਹ ਫਿਰੋਜ਼ ਦੇ ਸਸੁਰਾਲ ਨੂੰ ਪਸੰਦ ਨਹੀਂ ਸੀ ਕਰਦੀ ਤੇ ਉਸਨੇ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਅੱਗ ਨੂੰ ਦੋਵੇਂ ਹੱਥਾਂ ਨਾਲ ਪੱਖੀਆਂ ਝੱਲ ਕੇ ਹਵਾ ਦਿੱਤੀ।
ਗੁਲਬਾਨੋ ਤੇ ਫਿਰੋਜ਼ ਚੋਰੀਉਂ ਫੂਫੀ ਨਜ਼ੀਰਾਂ ਦੇ ਘਰ ਮਿਲਦੇ ਰਹਿੰਦੇ, ਪਰ ਇਸ਼ਕ-ਮੁਸ਼ਕ ਛੁਪਾਇਆ ਨਾ ਛੁਪੇ। ਹੌਲੀ ਹੌਲੀ ਲੋਕਾਂ, ‘ਚ ਫੈਲਦੀ ਗੱਲ ਗੁਲਬਾਨੋ ਦੀ ਅੰਮੀ ਤੱਕ ਪੁੱਜੀ। ਅੰਮੀ ਨੇ ਅੰਦਰ ਵੜ ਕੇ ਗੁਲਬਾਨੋ ਨੂੰ ਸਮਝਾਇਆ ਜੇ ਤੇਰੇ ਭਰਾਵਾਂ ਤੱਕ ਗੱਲ ਚਲੀ ਗਈ ਤੈਨੂੰ ਤੇ ਫਿਰੋਜ਼ ਨੂੰ ਜਾਨੋਂ ਮਾਰ ਦੇਣਗੇ। ਸ਼ਾਦੀਸ਼ੁਦਾ ਨਾਲ ਤੇਰੇ ਤਅਲੁਕਾਤ ਨੂੰ ਬਰਦਾਸ਼ਤ ਨਹੀਂ ਕਰਨਗੇ, ਫਿਰੋਜ਼ ਕੁਆਰਾ ਹੁੰਦਾ ਗੱਲ ਹੋਰ ਸੀ।
ਗੁਲਬਾਨੋ, ਫਿਰੋਜ਼ ਦੀ ਫੂਫੀ ਨਜ਼ੀਰਾਂ ਕੋਲ ਜਾ ਕੇ ਰੋਈ। ਉਸ ਨੂੰ ਹੁਣ ਕੁੜੀ ਨਾਲ ਹਮਦਰਦੀ ਹੋਣ ਲੱਗੀ।
‘ਕੁੜੀ ਨਾਲ ਵਫ਼ਾ ਕਰੀਂ ਵੇ ਮੁੰਡਿਆ, ਜੇ ਹੱਥ ਫੜਿਆ ਈ ਤਾਂ ਪਾਰ ਲੰਘਾ ਨਹੀਂ ਤਾਂ ਅਗਲੀ ਦਰਗਾਹ, ‘ਚ ਮੂੰਹ ਕਾਲਾ ਹੋਸੀ’।
ਅਗਲੇ ਦਿਨ ਫਿਰੋਜ਼ ਤੇ ਗੁਲਬਾਨੋ ਮਿਲੇ ਤਾਂ ਕਾਫੀ ਦੇਰ ਗੁਫਤਗੂ ਹੋਈ…ਘਰੋਂ ਭੱਜਣ ਦਾ ਹੱਲ ਹੀ ਨਜ਼ਰ ਆਇਆ।
‘ਬਦਨਾਮ ਹੋ ਜਾਵਾਂਗੇ’…ਜਵਾਨੀ ਦੀ ਬਦਨਾਮੀ ਸਾਰੀ ਉਮਰ ਪਿੱਛਾ ਨਹੀਂ ਛੱਡਦੀ, ਅੱਬੂ ਜਾਨ, ਅੰਮੀ ਤੇ ਭਰਾਵਾਂ ਦੀ ਇੱਜ਼ਤ ਬੂ’…ਤੌਬਾ ਮੇਰੀ। ਥਾਂ ਥਾਂ ਚਰਚੇ ਹੋਣਗੇ। ਉਹ ਇੰਨੀ ਵੱਡੀ ਉਡਾਰੀ ਲਗਾਉਣ ਤੋਂ ਪਹਿਲਾਂ ਆਪਣੇ ਪਰ ਤੋਲ ਰਹੀ ਸੀ…ਗੁਲਬਾਨੋ ਨੇ ਡਰ ਕੇ ਕਿਹਾ, ‘ਉਹ ਜਵਾਨੀ ਹੀ ਕੀ ਜਿਸ ਨੇ ਇਸ਼ਕ ਨੀਂ ਕੀਤਾ ਤੇ ਉਹ ਇਸ਼ਕ ਹੀ ਕੀ…ਜਿਸ ਦਾ ਚਰਚਾ ਨਾ ਹੋਇਆ…ਫਿਰੋਜ਼ ਜਵਾਬ ਦਿੰਦਾ।
ਇਸ ਦਾ ਮਤਲਬ ਈ, ਤੂੰ ਮੈਨੂੰ ਕੱਢ ਕੇ ਲੈ ਜਾਣ ਦਾ ਇਰਾਦਾ ਕਰ ਲਿਆ ਏ..! ਗੁਲਬਾਨੋ ਉਸਦੇ ਮੱਥੇ `ਤੇ ਪੈਂਦੀਆਂ ਜ਼ੁਲਫ਼ਾਂ ਨਾਲ ਖੇਡਦੀ ਬੋਲੀ…
‘ਮੈਂ ਤੈਨੂੰ ਆਪਣੇ ਘਰ ਲੈ ਕੇ ਜਾਵਾਂਗਾ ਹੋਰ ਕਿਤੇ ਨੀਂ ਗੁਲਬਾਨੋ’…ਇੱਕ ਵਾਰ ਤੂੰ ਆਪਣਾ ਘਰ ਛੱਡ ਕੇ ਮੇਰੇ ਨਾਲ ਨਿਕਲ ਗਈ ਤਾਂ ਮੇਰੇ ਵਾਲਦਾਇਨ ਨੂੰ ਮਜਬੂਰਨ ਸਾਡੀ ਸ਼ਾਦੀ ਕਰਨੀ ਪਵੇਗੀ…ਫਿਰੋਜ਼ ਨੇ ਸਮਝਾਇਆ।
‘ਕਿਉਂ ਨਹੀਂਂ ਮੰਨਣਗੇ..! ਮੇਰੇ ਚਾਚਾ ਜਾਨ ਨੇ ਚਾਰ ਸ਼ਾਦੀਆਂ ਕੀਤੀਆਂ ਸੂ। ਇਸਲਾਮ ਵਿਚ ਚਾਰ ਸ਼ਾਦੀਆਂ ਦੀ ਇਜਾਜ਼ਤ ਏ। ਤੈਨੂੰ ਵੀ ਉਹੀ ਹੱਕ ਮਿਲਣਗੇ ਜੋ ਸ਼ਕੀਲਾ ਕੋਲ ਹੈਨ…ਫਿਰੋਜ਼ ਨੇ ਤਸੱਲੀ ਦਿਤੀ।
ਤੇ ਦੂਸਰੇ ਦਿਨ ਆਪਣੀ ਕਿਸੇ ਸਹੇਲੀ ਦੇ ਘਰ ਕਸੀਦਾ ਕੱਢਣ ਗਈ ਗੁਲਬਾਨੋ ਘਰ ਨਹੀਂਂ ਆਈ। ਬੁਰਕੇ ਵਿਚ ਖ਼ੁਦ ਨੂੰ ਛੁਪਾ ਕੇ ਉਹ ਫਿਰੋਜ਼ ਦੇ ਘੋੜੇ ’ਤੇ ਬੈਠ ਆਪਣੇ ਪਿੰਡ ਨੂੰ ਅਲਵਿਦਾ ਕਹਿ ਗਈ। ਇਹ ਸੋਚ ਕੇ, ਛੇਤੀ ਹੀ ਉਹ ਫਿਰੋਜ਼ ਨਾਲ ਸ਼ਾਦੀ ਕਰ ਕੇ…ਸ਼ਾਨੌ-ਸ਼ੌਕਤ ਨਾਲ ਪੇਕੇ ਪਿੰਡ ਵਾਪਸ ਆਵੇਗੀ। ਉਹ ਪਿੰਡ, ਜੋ ਉਸਦੀ ਕੰਵਾਰੀ ਮੁਹੱਬਤ ਨੂੰ ਨਾਜਾਇਜ਼ ਦੱਸ ਰਿਹਾ ਏ, ਨਿਕਾਹ ਦੀ ਮੋਹਰ ਲੱਗ ਜਾਣ ਬਾਅਦ ਉਸ ਦਾ ਸੁਆਗਤ ਕਰੇਗਾ।
ਦੁਪਹਿਰ ਢਲ ਗਈ ਸੀ, ਫਿਰੋਜ਼ ਨਾਲ ਬੈਠੀ ਗੁਲਬਾਨੋ ਧੁੱਪ ਵਿਚ ਕੁਮਲਾ ਗਈ ਸੀ। ਪਿਆਸ ਨਾਲ ਗਲਾ ਸੁੱਕ ਰਿਹਾ ਸੀ। ਫਿਰੋਜ਼ ਦੀ ਪਿੱਠ ਨੂੰ ਚੰਬੜੀ, ਜਿਵੇਂ ਹਵਾ ‘ਚ ਉਡ ਰਹੀ ਸੀ। ਜਿਵਂੇ ਕੋਈ ਮੈਦਾਨ ਸਰ ਕਰ ਲਿਆ ਹੋਵੇ। ਉਸਦਾ ਪਿਆਰ ਉਸਨੂੰ ਮਿਲ ਗਿਆ ਸੀ, ਹੋਰ ਕੀ ਚਾਹੀਦਾ ਸੀ। ਜਿਸ ਨੂੰ ਮਹਿਬੂਬ ਮਿਲ ਜਾਵੇ ਫਿਰ ਰੱਬ ਵੀ ਭੁੱਲ ਜਾਂਦੈ। ਭੁੱਖ-ਪਿਆਸ ਤਾਂ ਕੀ ਚੀਜ਼ ਸੀ, ਉਹ ਤਾਂ ਆਪਣੇ ਬਾਪ ਦੀ ਧਨ-ਦੌਲਤ, ਇੱਜ਼ਤ ਤੇ ਰਿਵਾਰ ਦੇ ਪਿਆਰ ਤੱਕ ਨੂੰ ਭੁਲਾ ਬੈਠੀ ਸੀ।
ਇੱਕ ਵਾਰ ਵੀ ਨਹੀਂਂ ਸੋਚਿਆ ਕਿ ਜਵਾਨ ਭੈਣ ਦੇ ਘਰਂੋ ਭੱਜਣ ਤੋਂ ਬਾਅਦ ਗੱਭਰੂ ਭਰਾ ਮੁਆਸ਼ਰੇ ਵਿਚ ਕੀ ਮੂੰਹ ਦਿਖਾਉਣਗੇ। ਉਸਨੂੰ ਤਾਂ ਫਿਰੋਜ਼ ਚਾਹੀਦਾ ਸੀ, ਹਰ ਕੀਮਤ, ਹਰ ਕੁਰਬਾਨੀ ਦੇ ਕੇ ਆਪਣਾ ਪਿਆਰ ਹਾਸਲ ਕਰਨਾ ਚਹੁੰਦੀ ਸੀ। ਅੱਜ ਦੁਨੀਆ ਜਹਾਨ ਨੂੰ ਠੁਕਰਾ ਕੇ ਸ਼ਰਮ-ਹਯਾ ਲਾਹ ਕੇ ਉਹ ਫਿਰੋਜ਼ ਨਾਲ ਆਪਣੀ ਨਵੀ ਮੰਜ਼ਿਲ ਵੱਲ ਵਧ ਰਹੀ ਸੀ, ਜੋ ਬਸ ਥੋੜ੍ਹੀ ਹੀ ਦੂਰ ਸੀ।
ਜੇਹਲਮ ਦਰਿਆ ਦੇ ਨਾਲ ਨਾਲ ਕਈ ਘੰਟੇ ਘੋੜਾ ਭਜਾਉਣ ਤੋਂ ਬਾਅਦ ਦਰੱਖਤ ਹੇਠਾਂ ਫਿਰੋਜ਼ ਰੁਕਿਆ। ਦੋਹਾਂ ਨੇ ਪਾਣੀ ਪੀਤਾ, ਮੂੰਹ `ਤੇ ਠੰਡੇ ਪਾਣੀ ਦੇ ਛਿੱਟੇ ਮਾਰੇ। ਸ਼ਾਮ ਤੈਰ ਰਹੀ ਸੀ, ਗੁਲਬਾਨੋ ਨੇ ਜ਼ਮੀਨ ‘ਤੇ ਬੈਠ ਕੇ ਫਿਰੋਜ਼ ਦਾ ਸਿਰ ਆਪਣੀ ਗੋਦੀ ਵਿਚ ਲੈ ਲਿਆ।
ਬਾਨੋ…ਜੇ ਇਸ ਵੇਲੇ ਤੇਰੇ ਭਰਾ ਆਪਣਾ ਪਿੱਛਾ ਕਰਦੇ ਆ ਜਾਣ ਤਾਂ ਮੇਰੀ ਰਫ਼ਲ ਦਰੱਖਤ `ਤੇ ਤਾਂ ਨਹੀਂ ਟੰਗ ਦੇਵੇਗੀ…! ਫਿਰੋਜ਼ ਨੇ ਮਜ਼ਾਕ ਵਿਚ ਪੁੱਛਿਆ।
‘ਤੂੰ ਕਿੱਧਰ ਦਾ ਵੇ ਮਿਰਜ਼ਾ ਆ ਗਿਆ..! ਬਾਨੋ ਨੇ ਮਜ਼ਾਕ ਦਾ ਜਵਾਬ ਮਜ਼ਾਕ ਵਿਚ ਦਿਤਾ।
ਹੋਰ ਤੂੰ ਐਵੇਂ ਨੀ ਟੁਰ ਪਈ ਮੇਰੇ ਨਾਲ..! ਜੇ ਦਸ ਆਦਮੀ ਵੀ ਆ ਜਾਣ, ਤਾਂ ਮੇਰੀ ਰਫ਼ਲ ਕਿਸੇ ਨੂੰ ਬਚ ਕੇ ਨਹੀਂ ਜਾਣ ਦਿੰਦੀ…ਪਠਾਣ ਹਾਂ ਪਠਾਣ…ਫਿਰੋਜ਼ ਨੇ ਆਪਣਾ ਫੌਲਾਦੀ ਸੀਨਾ ਉਸ ਦੇ ਸਾਹਮਣੇ ਨੰਗਾ ਕੀਤਾ।
‘ਸੱਚ ਕਹਾਂ ਪਤਾ ਨਹੀਂਂ ਤੂੰ ਕੀ ਏਂ! ਪਰ ਮੈਂ ਉਹ ਸਾਹਿਬਾਂ ਨਹੀਂਂ, ਜਿਹਨੇ ਭਰਾਵਾਂ ਲਈ ਯਾਰ ਨਾਲ ਦਗਾ ਕੀਤਾ ਸੀ। ਪਹਿਲਾਂ ਖੁLਦ ਜਾਨ ਦਿਆਂਗੀ, ਫੇਰ ਕੋਈ ਤੇਰੇ ਵੱਲ ਆਵੇਗਾ…ਗੁਲਬਾਨੋ ਵੀ ਸਿਰ `ਤੇ ਕਫਨ ਬੰਨ੍ਹ ਕੇ ਤੁਰੀ ਸੀ।
ਝੱਲੀਏ…ਮੇਰੇ ਹੁੰਦੇ ਤੂੰ ਜਾਨ ਦੇਵੇਂ…! ਫਿਰੋਜ਼ ਇੰਨਾਂ ਕੱਚਾ ਨਹੀਂ…ਵਕਤ ਆਏ ’ਤੇ ਜਾਣ ਜਾਵੇਂਗੀ…ਫਿਰੋਜ਼ ਉਠ ਬੈਠਾ।
‘ਇਸੇ ਯਕੀਨ ‘ਤੇ ਤਾਂ ਸਭ ਕੁਛ ਛੱਡ-ਛਡਾ ਕੇ ਆ ਗਈ ਤੇਰੇ ਨਾਲ। ਵਰਨਾ ਕੱਚਿਆਂ `ਤੇ ਤਰਨ ਵਾਲੀਆਂ ਤਾਂ ਕਈ ਡੁੱਬ ਗਈਆਂ ਇਨ੍ਹਾਂ ਦਰਿਆਵਾਂ ਵਿਚ…ਬਾਨੋ ਨੇ ਜੇਹਲਮ ਦੇ ਪਾਣੀ ਵੱਲ ਲੰਮੀ ਝਾਤ ਮਾਰੀ।
ਦੋਵੇਂ ਦੇਰ ਤੱਕ ਬੈਠੇ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਖ਼ਾਬ ਦੇਖਦੇ ਰਹੇ। ਰਾਤ ਉਤਰ ਆਈ, ਦੂਰ ‘ਸਰਾਏ ਆਲਮਗੀਰ’ ਵਿਚ ਰੌਸ਼ਨੀਆਂ ਜਗਮਗਾ ਉਠੀਆਂ ਸੀ। ਫਿਰੋਜ਼ ਤੇ ਗੁਲਬਾਨੋ ਘੋੜੇ ’ਤੇ ਸਵਾਰ ਹੋ ਕੇ ਮੁਕਾਮ ਵੱਲ ਵਧੇ।
‘ਹਾਕਮ ਖ਼ਾਨ ਦੀ ਹਵੇਲੀ ਵਿਚ ਭੂਚਾਲ ਆ ਗਿਆ। ਫਿਰੋਜ਼ ਜਿਵੇਂ ਘੋੜੇ ਉਤੇ ਗੁਲਬਾਨੋ ਨੂੰ ਨਹੀਂ ਬਲਕਿ ਕੋਈ ਅੱਗ ਬਿਠਾ ਲਿਆਇਆ ਸੀ। ਹਾਕਮ ਖ਼ਾਨ ‘ਹਾਜੀ-ਨਮਾਜ਼ੀ’ ਇਨਸਾਨ ਸਨ। ਭਾਈਚਾਰੇ ਵਿਚ ਲੋਕ ਉਨ੍ਹਾਂ ਦਾ ਨਾਮ ਇਜ਼ਤ ਨਾਲ ਲੈਂਦੇ। ਪੁੱਤਰ ਫਿਰੋਜ਼ ਦੀ ਹਰਕਤ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿਤਾ। ਡਿਉਢੀ, ‘ਚ ਵੜਦਿਆਂ ਹੀ ਫਿਰੋਜ਼ ਦਾ ਸਾਹਮਣਾ ਅੱਬਾਜਾਨ ਨਾਲ ਹੀ ਹੋ ਗਿਆ। ਗੁਲਬਾਨੋ ਨਕਾਬ ਵਿਚ ਮੂੰਹ ਛੁਪਾਈ ਕਿਸੇ ਚੋਰ ਵਾਂਗ ਪੈਰ ਦੱਬੀ ਉਸਦੇ ਪਿੱਛੇ ਆ ਗਈ। ਹਾਕਮ ਖਾਨ ਨੇ ਹੈਰਾਨ ਪਰੇਸ਼ਾਨ ਨਜ਼ਰਾਂ ਨਾਲ ਉਸ ਨਕਾਬ ਵਾਲੀ ਔਰਤ ਵੱਲ ਦੇਖਿਆ। ਫਿਰੋਜ਼ ਨੇ ਹਿੰਮਤ ਕੀਤੀ ਤੇ ਗੁਲਬਾਨੋ ਨੂੰ ਫੜ ਕੇ ਦੀਵਾਨ ਉਤੇ ਬਿਠਾ ਦਿਤਾ।
‘ਅੱਬਾ ਹਜ਼ੂਰ…ਇਹ ਗੁਲਬਾਨੋ ਹੈ, ਮੇਰੇ ਸਹੁਰਿਆਂ ਦੇ ਪਿੰਡ ਦੀ ਏ, ਉਨ੍ਹਾਂ ਦੇ ਪੜੋਸੀ ਜ਼ਮੀਂਦਾਰ ਨਾਸਿਰ ਹੁਸੈਨ ਦੀ ਧੀ’…ਫਿਰੋਜ਼ ਨੇ ਜਿਵੇਂ ਕਿਸੇ ਅਦਾਲਤ ਵਿਚ ਅਰਜ਼ੀ ਦਿਤੀ।
‘ਇਥੇ ਕੀ ਕਰਨ ਆਈ ਊ…! ਹਾਕਮ ਖਾਨ ਦੀ ਹੈਰਾਨੀ ਹੋਰ ਵਧ ਗਈ…
‘ਮੇਰੇ ਨਾਲ ਆਈ ਏ ਅੱਬਾ ਜਾਨ, ਸ਼ਾਦੀ ਕਰਨਾ ਚਾਹੁੰਦੇ ਹਾਂ। ਮੈਂ ਸਹਿਮਤੀ ਨਾਲ ਇਸ ਨੂੰ ਘਰੋਂ ਭਜਾ ਕੇ ਲਿਆਇਆ ਹਾਂ…ਫਿਰੋਜ਼ ਨੂੰ ਡਰਦਿਆਂ ਆਖਿਰ ਸੱਚ ਦੱਸਣਾ ਪਿਆ….
‘ਸ਼ਾਦੀ’…! ਘਰਂੋ ਉਧਾਲ ਕੇ ਲਿਆਇਆ ਆਪਣੇ ਨਾਲ ਊ…! ਯਾਹ ਅੱਲਾਹ ਹਾਕਮ ਖਾਨ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ। ਹਾਕਮ ਖਾਨ ਨੂੰ ਹੁਣ ਹੋਰ ਪੁੱਛਣ ਦੀ ਲੋੜ ਨਹੀਂਂ ਸੀ। ਬੁਰਕੇ, ‘ਚ ਲਿਪਟੀ ਲੜਕੀ, ਫਿਰੋਜ਼ ਦਾ ਉਡਿਆ ਚਿਹਰਾ, ਗਲ ਪਾਈ ਰਫਲ ਅਤੇ ਬਾਹਰ ਖੜ੍ਹਾ ਘੋੜਾ। ਥੋੜ੍ਹਾ ਚਿਰ ਖਾਮੋਸ਼ੀ ਰਹੀ, ਜਿਵੇਂ ਅਦਾਲਤ ਵਿਚ ਫੈਸਲਾ ਸੁਣਨ ਵੇਲੇ ਵਰਗੀ ਖਾਮੋਸ਼ੀ।
‘ਅੱਬਾ ਹਜ਼ੂਰ’ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਚਾਚਾ ਜਾਨ ਨਦੀਮ ਨੇ ਵੀ ਚਾਰ ਸ਼ਾਦੀਆਂ ਕੀਤੀਆਂ ਸੂ।
ਮੈਨੂੰ ਵੀ ਦੋ ਦੀ ਇਜਾਜ਼ਤ ਦੇ ਦਿਉ ਖ਼ੁਦਾ ਦੇ ਵਾਸਤੇ..! ਇਸਲਾਮ ਵਿਚ ਇਜਾਜ਼ਤ ਏ। ਫਿਰੋਜ਼ ਨੂੰ ਉਮੀਦ ਸੀ ਕਿ ਅੱਬਾ ਜਾਨ, ਉਸਦੀਆਂ ਬਾਕੀ ਜ਼ਿੱਦਾਂ ਵਾਂਗ ਇਹ ਵੀ ਮੰਨ ਜਾਣਗੇ…!
‘ਖ਼ਾਮੋਸ਼…ਬੇਗੈਰਤ ਅਤੇ ਗੁਸਤਾਖ ਲੜਕੇ…ਹਾਲੇ ਪਿਛਲੇ ਸਾਲ ਤੇਰੀ ਸ਼ਾਦੀ ਹੋਈ ਸੂ। ਅੱਜ ਨਵੀਂ ਲੜਕੀ ਲੈ ਆਇਆ। ਉਹ ਪੁਰਾਣੀ ਹੋ ਗਈ ਸੂ…! ਤੂੰ ਕਿਧਰ ਦਾ ਆਲਮ ਬਣ ਗਿਆ ਏਂ…! ਨਦੀਮ ਨੇ ਤੇਰੀ ਔਕਾਤ ਦੀ ਤਰ੍ਹਾਂ ਔਰਤਾਂ ਉਧਾਲ ਕੇ ਨਹੀਂ ਲਿਆਦੀਆਂ ਸੂ। ਉਸ ਦੀ ਹੈਸੀਅਤ ਨੂੰ ਰਿਸ਼ਤੇ ਹੋਏ ਸੂ। ਬੇਸਹਾਰਾ ਔਰਤਾਂ ਨੂੰ ਸਹਾਰਾ ਅਤੇ ਬਰਾਬਰ ਦੇ ਹਕੂਕ ਦੇਣ ਲਈ ਇਸਲਾਮ ਵਿਚ ਚਾਰ ਸ਼ਾਦੀਆਂ ਦੀ ਇਜਾਜ਼ਤ ਏ। ਔਰਤਾਂ ਨੂੰ ਖਿਡੌਣਾ ਬਣਾ ਕੇ ਖੇਡਣ ਲਈ ਹਰਗਿਜ਼ ਨਹੀਂਂ। ਤੇਰੀ ਪਹਿਲੀ ਬੀਵੀ ਵਿਚ ਕੀ ਕਮੀ ਊ.. ! ਉਸਦੇ ਹੱਕਾਂ ‘ਤੇ ਡਾਕਾ ਨਹੀਂ ਪੈਣ ਦਿਆਂਗਾ ਮੈਂ। ਹਾਕਮ ਖਾਨ ਨੇ ਅੱਜ ਤੱਕ ਕਦੇ ਪੁੱਤਰ ਦਾ ਮੂੰਹ ਨਹੀਂ ਸੀ ਮੋੜਿਆ, ਪਰ ਇੰਨੇ ਖਤਰਨਾਕ ਅਤੇ ਬੇਗੈਰਤੇ ਹਾਲਤ ਦੀ ਫਿਰੋਜ਼ ਤੋਂ ਉਮੀਦ ਨਹੀਂ ਸੀ।
‘ਮੈਂ ਪਿਆਰ ਦੇ ਹੱਥੋਂ ਮਜਬੂਰ ਹਾਂ ਅੱਬਾ ਜਾਨ। ਫਿਰੋਜ਼ ਨੇ ਪਿਆਰ ਦੀ ਭੀਖ ਮੰਗੀ।
‘ਆਪਣੇ ਹੱਥੀਂ ਗੋਲੀ ਮਾਰਦੇ ਇਹੋ ਜਿਹੇ ਅਵਾਰਾ ਦਿਲ ਨੂੰ, ਜੋ ਖਾਨਦਾਨ ਦੀ ਇੱਜ਼ਤ ‘ਤੇ ਧੱਬਾ ਏ, ਅਤੇ ਵਾਪਸ ਛੱਡ ਕੇ ਆ ਇਸ ਅਵਾਰਾ ਲੜਕੀ ਨੂੰ ਇਸ ਦੇ ਮਾਪਿਆਂ ਕੋਲ,…ਹਾਕਮ ਖਾਨ ਨੇ ਫੈਸਲਾ ਸੁਣਾਇਆ। ਗੁਲਬਾਨੋ ਇਹ ਸਭ ਸੁਣਦਿਆਂ ਡਰ ਅਤੇ ਸਹਿਮ ਨਾਲ ਖੜ੍ਹੀ ਹੋ ਗਈ।
ਅੱਬਾ ਹਜ਼ੂਰ…ਇਹ ਲੜਕੀ ਅਵਾਰਾ ਨਹੀਂ, ਜ਼ਮੀਂਦਾਰ ਨਾਸਿਰ ਹੁਸੈਨ ਦੀ ਧੀ ਏ ਜੋ ਪੰਜ ਪਿੰਡਾਂ ਦਾ ਮਾਲਕ ਏ, ਬਹੁਤ ਸ਼ਰੀਫ ਖ਼ਾਨਦਾਨ ਏ…ਫਿਰੋਜ਼ ਨੂੰ ਗੁਲਬਾਨੋ ਬਾਰੇ ਵਰਤੇ ਸ਼ਬਦ ਅਵਾਰਾ ਅਲਫ਼ਾਜ਼ `ਤੇ ਦੁੱਖ ਲੱਗਿਆ।
‘ਸ਼ਰੀਫ਼ ਖਾਨਦਾਨਾਂ ਦੀਆਂ ਕੁੜੀਆਂ ਇਸ ਤਰ੍ਹਾਂ ਮਾਪਿਆਂ ਦੀ ਇਜ਼ਤ ਦਾਅ ‘ਤੇ ਲਾ ਕੇ ਘਰੋਂ ਨਹੀਂ ਭਜਦੀਆਂ। ਮੇਰੇ ਘਰ ਵਿਚ ਇਸ ਲਈ ਕੋਈ ਥਾਂ ਨਹੀਂ। ਬੇਗੈਰਤ, ਬੇਹਯਾ…ਤੇਰੀਆਂ ਭੈਣਾਂ `ਤੇ ਕੀ ਅਸਰ ਪਵੇਗਾ ਤੇਰੀ ਕਰਤੂਤ ਦਾ..! ਕੱਲ੍ਹ ਨੂੰ ਉਹ ਵੀ ਇਹਦੇ ਵਾਂਗ ਮੇਰੀ ਪੱਗ ਨੂੰ ਮਿਟੀ, ‘ਚ ਰੋਲ ਕੇ ਗੈਰ ਮਰਦਾਂ ਨਾਲ ਨੱਠ ਜਾਣਗੀਆਂ..! ਛੋੜ ਕੇ ਆ ਇਸ ਨੂੰ ਇਹਦੇ ਘਰ। ਤਿੰਨ ਖਾਨਦਾਨਾਂ ਦੀ ਦੁਸ਼ਮਣੀ ਪੁਆਉਣ ਲੱਗਿਆ ਏਂ ਤੂੰ, ਆਪਣੇ ਇਸ਼ਕ ਦੀ ਖ਼ਾਤਿਰ। ਹਾਕਮ ਖ਼ਾਨ ਨੂੰ ਆਪਣੇ ਖ਼ਾਨਦਾਨ ਦੀ ਇੱਜ਼ਤ ਜਾਨ ਨਾਲੋਂ ਵੀ ਵੱਧ ਪਿਆਰੀ ਸੀ।
‘ਇਹ ਵਾਪਸ ਨਹੀਂਂ ਜਾ ਸਕਦੀ ਅੱਬਾ ਜਾਨ…ਇਹਦੇ ਭਰਾ ਮਾਰ ਦੇਣਗੇ ਇਸ ਨੂੰ, ਰਹਿਮ ਕਰੋ ਇਸ ‘ਤੇ ਅੱਬਾ ਜਾਨ…ਫਿਰੋਜ਼ ਅੱਬੂ ਦੇ ਪੈਰ ਛੂੰਹਦਾਂ ਗਿੜਗੜਾਇਆ।
‘ਜੇ ਤੂੰ ਇਸ ਨੂੰ ਵਾਪਸ ਨਾ ਛੱਡਣ ਗਿਆ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ…ਹਾਕਮ ਖਾਨ ਨੇ ਗੁੱਸੇ ‘ਚ ਆਉਂਦਿਆਂ ਸਾਹਮਣੇ ਦੀਵਾਰ `ਤੇ ਟੰਗੀ ਦੋਨਾਲੀ ਰਫਲ ਉਤਾਰੀ।
ਫਿਰੋਜ਼ ਦੀ ਮਾਂ ਪਰਦੇ ਪਿੱਛੇ ਖੜ੍ਹੀ ਸਭ ਸੁਣ ਰਹੀ ਸੀ, ਪਰ ਸ਼ੌਹਰ ਦੇ ਡਰ ਕਾਰਨ ਸਾਹਮਣੇ ਨਹੀਂਂ ਸੀ ਆ ਰਹੀ। ਪਰ ਹਾਕਮ ਖਾਨ ਦੇ ਹੱਥ, ‘ਚ ਰਫਲ ਦੇਖ ਕੇ ਉਹ ਚੀਕ ਮਾਰ ਕੇ ਪੁੱਤਰ ਸਾਹਮਣੇ ਆ ਗਈ।
‘ਰਹਿਮ ਕਰੋ ਮੇਰੇ ਬੱਚੇ ਉਤੇ’…ਜਵਾਨੀ, ‘ਚ ਗਲਤੀ ਹੋ ਈ ਜਾਂਦੀ ਊ। ਘਰ ਵਿਚ ਸਿਆਣੇ ਬੈਠੇ ਸੂ, ਉਨ੍ਹਾਂ ਦੀ ਸਲਾਹ ਲੈ ਲਵੋ, ਆਪਣੇ ਭਰਾਵਾਂ ਨੂੰ ਸੱਦ ਲਉ ਪੁੱਤਰ ਨੂੰ ਜਾਨੋਂ ਕਿਉਂ ਮਾਰਦੇ ਓ। ਫਿਰੋਜ਼ ਦੀ ਮਾਂ ਨੇ ਰੋਂਦਿਆਂ ਪੁੱਤ ਦੀ ਜ਼ਿੰਦਗੀ ਮੰਗੀ।
ਹਾਕਮ ਖਾਨ ਦਾ ਗੁੱਸਾ ਕੁਝ ਢਲਿਆ। ਮਾਂ ਫਿਰੋਜ਼ ਨੂੰ ਲੈ ਕੇ ਅੰਦਰ ਚਲੀ ਗਈ। ਗੁਲਬਾਨੋ ਡਿਉਢੀ ਦੇ ਵਿਚਕਾਰ ਖੜ੍ਹੀ ਡਰ ਨਾਲ ਕੰਬ ਰਹੀ ਸੀ। ਉਸ ਨੂੰ ਅਜਿਹੇ ਹਾਲਾਤ ਦੀ ਉਮੀਦ ਨਹੀਂ ਸੀ। ਕੀ ਕਰ ਬੈਠੀ ਸੀ ਉਹ…!!! ਜਵਾਨੀ ਤੇ ਇਸ਼ਕ ਦੇ ਨਸ਼ੇ ਵਿਚ ਫ਼ਿਰੋਜ਼ ਦੇ ਪਿੱਛੇ ਲੱਗ ਤੁਰੀ ਅਤੇ ਆਪਣਾ ਅੰਜ਼ਾਮ ਨਹੀਂ ਸੀ ਸੋਚਿਆ। ਹਾਕਮ ਖ਼ਾਨ ਨੇ ਨੌਕਰ ਭੇਜ ਕੇ ਉਸੇ ਵਕਤ ਕਬੀਲੇ ਦੇ ਅਜ਼ੀਮ ਬੰਦੇ ਸੱਦ ਲਏ ਤੇ ਪੰਚਾਇਤ ਜੁੜ ਗਈ।
‘ਮੇਰਾ ਪੁੱਤਰ ਫ਼ਿਰੋਜ਼ ਖ਼ਾਨ ਜ਼ਮੀਂਦਾਰ ਨਾਸਿਰ ਹੁਸੈਨ ਦੀ ਧੀ ਨੂੰ ਕੱਢ ਲਿਆਇਆ ਸੂ। ਬੇਗੈਰਤ ਨੇ ਖ਼ਾਨਦਾਨ ਦੀ ਇਜ਼ਤ-ਆਬਰੂ ਮਿੱਟੀ ਵਿਚ ਰੋਲ ਕੇ ਰੱਖ ਦਿਤੀ ਸੂ। ਮੈਂ ਚਾਹੁੰਦਾਂ, ਇਸ ਲੜਕੀ ਨੂੰ ਵਾਪਸ ਇਸਦੇ ਪਿਉ ਦੇ ਘਰ ਭੇਜਿਆ ਜਾਵੇ।
‘ਪਰ ਫਿਰੋਜ਼ ਕਹਿੰਦਾ…ਇਸ ਦੇ ਭਰਾ ਇਸ ਨੂੰ ਮਾਰ ਦੇਣਗੇ। ਤੁਸੀਂ ਫੈਸਲਾ ਕਰੋ ਇਸ ਲੜਕੀ ਨੂੰ ਵਾਪਸ ਕਿਵੇਂ ਭੇਜਿਆ ਜਾਵੇ’…ਹਾਕਮ ਖ਼ਾਨ, ਜੋ ਲੋਕਾਂ ਦੇ ਫ਼ੈਸਲੇ ਆਪ ਕਰਦਾ ਸੀ, ਅੱਜ ਖੁਦ ਮੁਜਰਮ ਬਣ ਕੇ ਕਟਹਿਰੇ, ‘ਚ ਖੜ੍ਹਾ ਸੀ।
ਕਾਫੀ ਦੇਰ ਸੋਚ ਵਿਚਾਰ ਹੁੰਦੀ ਰਹੀ। ਫਿਰੋਜ਼ ਖਾਨ ਠੀਕ ਆਖਦਾ ਏ। ਲੜਕੀ ਦੇ ਭਰਾ ਇਸ ਨੂੰ ਮਾਰ ਦੇਣਗੇ। ਘਰਂੋ ਭੱਜੀ ਨੂੰ ਮਰਦ ਸਮਾਜ ਮਾਫ਼ ਨਹੀਂ ਕਰਦਾ। ਕਿਹੜਾ ਮਰਦ ਇਸ ਦਾ ਹੱਥ ਫੜੇਗਾ..! ਕਿਸ ਨਾਲ ਇਹ ਸ਼ਾਦੀ ਕਰੇਗੀ..! ਉਧਲ ਗਈਆਂ ਬੇਮੌਤ ਮਾਰੀਆਂ ਜਾਂਦੀਆਂ ਹਨ। ਫਿਰੋਜ਼ ਨਾਲ ਘਰੋਂ ਨੱਠ ਕੇ ਜੇ ਇਹ ਸਾਡੇ ਕਬੀਲੇ ਆ ਗਈ ਏ, ਤਾਂ ਇਸ ਨੂੰ ਪਨਾਹ ਦੇਣਾ ਸਾਡਾ ਇਖ਼ਲਾਕੀ ਫਰਜ਼ ਏ, ਪੰਚਾਂ ਨੇ ਸਲਾਹ ਕੀਤੀ।
ਲੰਮੀ ਗੁਫਤਗੂ ਤੋਂ ਬਾਅਦ ਹਾਕਮ ਖਾਨ ਦੇ ਮਰਹੂਮ ਭਰਾ ਨਵਾਜ਼ ਖਾਨ ਦੇ ਪੁੱਤਰ ਅਮੀਰ ਖਾਨ ਨੂੰ ਬੁਲਾਇਆ ਗਿਆ। ਅਮੀਰ ਖਾਨ ਦੀ ਬੀਵੀ ਪਿਛਲੇ ਸਾਲ ਬੱਚੇ ਨੂੰ ਜਨਮ ਦਿੰਦਿਆਂ ਫੌਤ ਹੋ ਗਈ ਸੀ। ਪੰਚਾਇਤ ਵਿਚ ਅਮੀਰ ਖਾਨ ਨੂੰ ਫਿਰੋਜ਼ ਤੇ ਗੁਲਬਾਨੋ ਦੀ ਕਹਾਣੀ ਸੁਣਾਈ ਗਈ। ਉਸ ਸਾਹਮਣੇ, ਗੁਲਬਾਨੋ ਨਾਲ ਨਿਕਾਹ ਕਰ ਲੈਣ ਦੀ ਤਜਵੀਜ਼ ਰੱਖੀ ਗਈ।
ਅਮੀਰ ਖਾਨ ਜੋ ਸੰਜੀਦਾ ਕਿਸਮ ਅਤੇ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ, ਆਪਣੀ ਬੀਵੀ ਦੇ ਗਮ ਨੂੰ ਭੁੱਲਿਆ ਨਹੀਂ ਸੀ। ਪਰ ਜ਼ਿੰਦਗੀ ਇਕੱਲਿਆਂ ਵੀ ਪਹਾੜ ਵਾਂਗ ਲੱਗਦੀ ਸੀ।
‘ਪਰ ਇਹ ਲੜਕੀ ਫਿਰੋਜ਼ ਦੇ ਇਸ਼ਕ ਵਿਚ ਆਪਣੇ ਮਾਪਿਆਂ ਭੈਣ-ਭਰਾਵਾਂ ਨੂੰ ਛੱਡ ਕੇ ਆਈ ਏ। ਪਿਆਰ ਇਹ ਫਿਰੋਜ਼ ਨੂੰ ਕਰਦੀ ਏ ਤੇ ਉਮਰ ਭਰ ਕਰਦੀ ਰਹੇਗੀ। ਮੇਰੇ ਨਾਲ ਸ਼ਾਦੀ ਤੋਂ ਬਾਅਦ ਵੀ ਇਨ੍ਹਾਂ ਦੀ ਆਸ਼ਨਾਈ ਜਾਰੀ ਰਹੇਗੀ, ਇਸ ਲਈ ਮੈਂ ਇਹ ਖਤਰਾ ਨਹੀਂ ਸਹੇੜ ਸਕਦਾ, ਬੀਵੀ ਮੇਰੀ ਹੋਵੇ ਤੇ ਇਸ਼ਕ ਮੇਰੇ ਭਰਾ ਨੂੰ ਕਰੇ, ਮੈਨੂੰ ਗਵਾਰਾ ਨਹੀਂ ਹੋਵੇਗਾ’..!
ਅਮੀਰ ਖਾਨ ਨੇ ਬਿਨਾਂ ਕਿਸੇ ਲਾਗ ਲਪੇਟ ਤੋਂ ਆਪਣੇ ਦਿਲ ਦੀ ਗੱਲ ਕਹੀ।
‘ਇਹ ਤੂੰ ਸਾਡੇ ’ਤੇ ਛੱਡ ਦੇ ਅਮੀਰ ਖਾਨ’..ਤੇਰੀ ਬੀਵੀ ਤੇਰੀ ਹੋਵੇਗੀ। ਕਿਸੇ ਗ਼ੈਰ ਦੀ ਮਜ਼ਾਲ ਨਹੀਂ, ਜੋ ਤੇਰੀ ਬੀਵੀ `ਤੇ ਅੱਖ ਚੁੱਕ ਵੀ ਦੇਖ ਲਵੇ। ਅਸੀਂ ਲੱਤਾਂ ਵੱਢ ਦਿਆਂਗੇ ਫਿਰੋਜ਼ ਦੀਆਂ, ਜੇ ਤੇਰੀ ਹਵੇਲੀ ਵੱਲ ਕਦੇ ਉਸਨੇ ਕਦਮ ਪਾਇਆ। ਸਾਡੇ ਖਾਨਦਾਨ ਦੀ ਇੱਜ਼ਤ ਦਾ ਸਵਾਲ ਏ, ਫਿਰੋਜ਼ ਨਾਦਾਨ, ਅਵਾਰਾਗਰਦ ਛੋਕਰੇ ਨੇ ਜਿਹੜੀ ਮੇਰੀ ਪੱਗ ਉਛਾਲੀ ਏ, ਤੂੰ ਉਸਨੂੰ ਮੇਰੇ ਸਿਰ ‘ਤੇ ਵਾਪਸ ਰੱਖ ਸਕਦਾ ਏਂ ਪੁੱਤਰ। ਘਰ ਦੀ ਗੱਲ ਘਰ ਵਿਚ ਰਹਿ ਜਾਵੇ, ਇਸ ਵਿਚ ਹੀ ਆਪਣਾ ਸਭ ਦਾ ਭਲਾ ਏ…ਹਾਕਮ ਖਾਨ ਨੇ ਅਮੀਰ ਖ਼ਾਨ ਅੱਗੇ ਹੱਥ ਜੋੜ ਦਿਤੇ।
ਅਖੀਰ, ‘ਚ ਫੈਸਲਾ ਹੋ ਗਿਆ, ਗੁਲਬਾਨੋ ਅਤੇ ਅਮੀਰ ਖਾਨ ਦੀ ਸ਼ਾਦੀ ਦਾ। ਦੂਜੇ ਦਿਨ ਦਰਜ਼ੀ ਬੁਲਾ ਲਿਆ ਗਿਆ, ਗੁਲਬਾਨੋ ਦੇ ਨਿਕਾਹ ਦਾ ਸੂਟ ਬਣਾਉਣ ਲਈ।
ਗੁਲਬਾਨੋ ਨੂੰ ਡਿਉਢੀ ਵਿਚੋਂ ਉਠਾ ਕੇ ਇੱਕ ਅਲੱਗ ਕਮਰੇ, ‘ਚ ਬਿਠਾ ਦਿਤਾ। ਜਿਵੇਂ ਉਹ ਇਸ ਘਰ ਦੀ ਇਕ ਵਸਤੂ ਹੋਵੇ। ਘਰ ਦੀ ਕੋਈ ਔਰਤ ਉਸ ਕੋਲ ਨਹੀਂ ਆਈ ਸੀ। ਬੱਚੇ ਆਉਂਦੇ ਤੇ ਉਸ ਵੱਲ ਦੇਖ ਕੇ ਹੱਸ ਕੇ ਚਲੇ ਜਾਂਦੇ ਜਿਵੇਂ ਉਹ ਕੋਈ ਤਮਾਸ਼ਾ ਹੋਵੇ। ਨੌਕਰ ਆ ਕੇ ਖਾਣਾ ਦੇ ਗਿਆ, ਪਰ ਉਸਨੇ ਖਾਣੇ ਨੂੰ ਹੱਥ ਤੱਕ ਨਾ ਲਾਇਆ। ਕਿਸੇ ਬੁੱਤ ਵਾਂਗ ਸੁੰਨ ਬੈਠੀ ਸੀ ਉਹ। ਅਡੋਲ, ਬੇਹਰਕਤ ਤੇ ਬੇਜ਼ੁਬਾਨ। ਕਿਸੇ ਨੇ ਆ ਕੇ ਉਸ ਦਾ ਹਾਲ ਨਹੀਂ ਪੁੱਛਿਆ ਸੀ। ਇਕ ਫਤਵੇ ਵਾਂਗ ਉਸਦੇ ਨਿਕਾਹ ਦਾ ਐਲਾਨ ਸੁਣਾ ਦਿੱਤਾ ਗਿਆ ਤੇ ਉਹ ਸਜ਼ਾਏ-ਮੌਤ ਵਾਂਗ ਚੁੱਪ-ਚਾਪ ਸੁਣਦੀ ਰਹੀ।
ਡਿਉਢੀ ਦੇ ਨਾਲ ਲੱਗਦੇ ਕਮਰੇ ਵਿਚ ਪਰਦੇ ਪਿੱਛੇ ਬੈਠੀ ਉਹ ਪੰਚਾਇਤ ਦੀ ਸਾਰੀ ਕਾਰਵਾਈ ਸੁਣਦੀ ਰਹੀ। ਕਿਸੇ ਦਾ ਚਿਹਰਾ ਨਹੀਂਂ ਸੀ ਦੇਖਿਆ ਉਸਨੇ। ਮਹਿਸੂਸ ਕਰ ਰਹੀ ਸੀ ਜਿਵੇਂ ਸਭ ਦੇ ਚਿਹਰੇ ਇਕੋ ਜਿਹੇ ਹੀ ਸਨ। ਕਿਸੇ ਇਕ ਨੇ ਵੀ ਫਿਰੋਜ਼ ਨਾਲ ਉਸਦੇ ਨਿਕਾਹ ਦੀ ਗੱਲ ਨਹੀਂ ਸੀ ਕੀਤੀ। ਤੇ ਫਿਰੋਜ਼ ਜੋ ਖ਼ੁਦ ਨੂੰ ਵੱਡਾ ‘ਸੁੱਚਾ ਸੂਰਮਾ’ ਦੱਸਦਾ ਹੁੰਦਾ ਸੀ, ਕਿਸੇ ਛਾਏ ਵਾਂਗ ਅਲੋਪ ਹੋ ਗਿਆ ਸੀ। ਮੁੜ ਕੇ ਨਾ ਉਸਨੇ ਫ਼ਿਰੋਜ਼ ਦੀ ਅਵਾਜ਼ ਸੁਣੀ ਤੇ ਨਾ ਸ਼ਕਲ ਦੇਖੀ। ਉਸਨੂੰ ਇਸ ਕੈਦਖਾਨੇ, ‘ਚ ਸੁੱਟ ਕੇ ਉਹ ਖ਼ੁਦ ਪਤਾ ਨਹੀਂ ਕਿਥੇ ਚਲੇ ਗਿਆ ਸੀ। ਬੁਲਬੁਲ ਨੂੰ ਪਿੰਜਰੇ ਵਿਚ ਪਾ ਸ਼ਿਕਾਰੀ ਖੁਦ ਗਾਇਬ ਹੋ ਗਿਆ ਸੀ…!
ਗੁਲਬਾਨੋ ਦਾ ਅਮੀਰ ਖਾਨ ਨਾਲ ਨਿਕਾਹ ਕਰ ਦਿਤਾ। ਫਿਰੋਜ਼ ਦੀ ਹਵੇਲੀ ਵਿਚੋਂ, ਉਹ ਕਿਸੇ ਸਮਾਨ ਵਾਂਗ ਅਮੀਰ ਖਾਨ ਦੀ ਹਵੇਲੀ ਆ ਗਈ। ਜਿਵੇਂ ਕਿਸੇ ਦੀ ਮਈਅਤ ਉਠੀ ਹੋਵੇ। ਨਾ ਸ਼ਗਨ ਨਾ ਸ਼ਹਿਨਾਈ। ਜ਼ਮੀਂਦਾਰ ਨਾਸਿਰ ਹੁਸੈਨ ਦੀ ਇਕਲੌਤੀ ਲਾਡਲੀ ਧੀ ਦਾ ਨਿਕਾਹ ਇੱਦਾਂ ਹੋਵੇਗਾ, ਕਿਸੇ ਨੇ ਤਸੱਵਰ ਵੀ ਨਹੀਂ ਸੀ ਕੀਤਾ। ਗੁਲਬਾਨੋ ਨੇ, ਨਾ ਤਾਂ ਫਿਰੋਜ਼ ਦੀ ਹਵੇਲੀ ਦੇਖੀ ਸੀ ਤੇ ਨਾ ਅੱਖ ਚੁੱਕ ਕੇ ਅਮੀਰ ਦੇ ਘਰ ਨੂੰ ਦੇਖਿਆ। ਘਰ ਵਿਚ ਨੌਕਰ ਸਨ, ਜੋ ਵਾਰ ਵਾਰ ਆਉਂਦੇ ਤੇ ਉਸਨੂੰ ਆਦਾਬ ਕਹਿੰਦੇ ਅਤੇ ਖਿਦਮਤ ਲਈ ਪੁੱਛਦੇ। ਪਰ ਉਹ ਕਿਸੇ ਮੁਰਦੇ ਵਾਂਗ ਬੇਜ਼ਾਨ ਬਿਸਤਰ ‘ਤੇ ਪਈ ਸੀ। ਪਿਛਲੀਆਂ ਤਿੰਨ ਰਾਤਾਂ ਤੋਂ ਸੁੱਤੀ ਨਹੀਂ ਸੀ ਉਹ। ਅੱਖਾਂ ਪਥਰਾ ਗਈਆਂ ਸੀ ਉਸ ਦੀਆਂ। ਆਪਣੇ ਨਾਲ ਬੀਤੇ ਹਾਦਸੇ ਨੇ ਉਸ ਦਾ ਜਿਹਨ ਸੁੰਨ ਕਰ ਦਿਤਾ ਸੀ।
ਅਮੀਰ ਖਾਨ ਨੇ ਕਮਰੇ, ‘ਚ ਕਦਮ ਰੱਖਿਆ ਤਾਂ ਵੀ ਗੁਲਬਾਨੋ ਉਠ ਕੇ ਨਹੀਂ ਬੈਠੀ। ਪੱਖੀ ਝੱਲ ਰਹੀ ਨੌਕਰਾਣੀ ਨੇ ਰੇਸ਼ਮੀ ਨਕਾਬ ਨਾਲ ਗੁਲਬਾਨੋ ਦਾ ਮੂੰਹ ਢੱਕ ਦਿਤਾ ਤੇ ਖੁLਦ ਉਠ ਕੇ ਬਾਹਰ ਚਲੀ ਗਈ। ਅਮੀਰ ਕਦਮ ਰੱਖਦਾ ਪਲੰਘ ਵੱਲ ਵਧਿਆ। ਗੁਲਬਾਨੋ ਦੇ ਚਿਹਰੇ ਤੋਂ ਨਕਾਬ ਚੁੱਕਿਆ ਤੇ ਸਾਹ ਲੈਣਾ ਭੁੱਲ ਗਿਆ ਉਹ।
‘ਸੁਭਾਨ ਅੱਲਾਹ’..‘ਗੁਲਬਾਨੋ ਤੈਨੂੰ ਦੇਖ ਕੇ ਤਾਂ ਫਰਿਸ਼ਤਿਆਂ ਦਾ ਵੀ ਈਮਾਨ ਡੋਲ ਜਾਵੇ’…! ਅਮੀਰ ਨੂੰ ਉਮੀਦ ਨਹੀਂ ਸੀ ਕਿ ਵਿਆਹਿਆ ਵਰਿਆ ਫਿਰੋਜ਼..ਹੁਸਨ ਦੀ ਸਰਕਾਰ ਲੁੱਟ ਕੇ ਲਿਆਇਆ ਹੋਵੇਗਾ। ਅਮੀਰ ਖਾਨ ਨੇ ਉਸਦਾ ਮੂੰਹ-ਸਿਰ ਨੰਗਾ ਕਰ ਦਿਤਾ।
ਗੁਲਬਾਨੋ ਨੇ ਅੱਖਾਂ ਚੱਕ ਕੇ ਉਸ ਵੱਲ ਦੇਖਿਆ। ਭੱਦਾ ਚਿਹਰਾ, ਸਾਉਲਾ ਰੰਗ ਤੇ ਮੋਟੇ ਹੋਂਠ, ਕਨਪਟੀਆਂ ਕੋਲ ਸਫੇਦ ਵਾਲ। ਕਿਥੇ ਫਿਰੋਜ਼ ਤੇ ਕਿਥੇ ਅਮੀਰ। ਕਿਥੇ ਖੂਬਸੂਰਤ ਮਹਿਬੂਬ ਤੇ ਕਿਥੇ ਬਦਸ਼ਕਲ ਸ਼ੌਹਰ…ਯਾ ਮੌਲਾ, ! ਕਿਸ ਨੂੰ ਦਿਲ, ‘ਚ ਵਸਾਇਆ, ਇਬਾਦਤ ਕੀਤੀ ਤੇ ਪੱਲੇ ਕੌਣ ਪੈ ਗਿਆ। ਪਿਆਰ ਕਿਸ ਨੂੰ ਕੀਤਾ ਤੇ ਨਿਕਾਹ ਇੱਕ ਰੰਡਵੇ ਨਾਲ…! ਕਿਸ ਸਦਕਾ ਦੁਨੀਆਂ ਨਾਲ ਬਗਾਵਤ ਕੀਤੀ ਤੇ ਹਾਸਲ ਕੀ ਕੀਤਾ। ਗੁਲਬਾਨੋ ਤੋਂ ਦਿਲ ਅੰਦਰ ਉਠਦੇ ਤੂਫਾਨ ਸੰਭਾਲੇ ਨਹੀਂ ਜਾ ਰਹੇ ਸਨ। ਅਮੀਰ ਖਾਨ ਕਾਫੀ ਦੇਰ ਤੱਕ ਗੁਲਬਾਨੋ ਨੂੰ ਸਾਹਮਣੇ ਦੇਖ ਕੇ ਇਕੱਲਾ ਹੀ ਗੱਲਾਂ ਕਰਦਾ ਰਿਹਾ ਤੇ ਗੁਲਬਾਨੋ ਨੇ ਕੋਈ ਜਵਾਬ ਨਾ ਦਿਤਾ।
‘ਗੁਲਬਦਨ’, ਅਮੀਰ ਨੇ ਉਸਨੂੰ ਆਪਣੀਆਂ ਬਾਹਾਂ, ‘ਚ ਲੈ ਘੁੱਟਿਆ। ਹੌਲੀ ਹੌਲੀ ਜੇਵਰ ਉਤਾਰੇ, ਪਰ ਉਹ ਟਿਕਟਿਕੀ ਲਾਈ ਛੱਤ ਵੱਲ ਤੱਕਦੀ ਰਹੀ। ਕੋਈ ਹਰਕਤ ਨਾ ਕੀਤੀ, ਕਿਸੇ ਜਜ਼ਬਾਤ ਦਾ ਪ੍ਰਛਾਵਾਂ ਉਸਦੇ ਚਿਹਰੇ ’ਤੇ ਨਾ ਆਇਆ। ਉਹ ਹੁਣ ਉਸਦੇ ਖੂਬਸੂਰਤ ਅੰਗਾਂ ਨਾਲ ਖੇਡ ਰਿਹਾ ਸੀ, ਤੇ ਉਹ ਸਾਹ ਰੋਕੀ ਬੇਜਾਨ ਪਈ ਰਹੀ। ਅਮੀਰ ਨੇ ਜਦੋਂ ਉਸਦੇ ਰੇਸ਼ਮੀ ਗਰਾਰੇ ਦੇ ਨਾਲੇ ਨੂੰ ਹੱਥ ਪਾਇਆ ਤਾਂ ਜਿਵੇਂ ਅਚਾਨਕ ਗੁਲਬਾਨੋ ਦੇ ਕਰੰਟ ਲੱਗਿਆ।
‘ਮੈਨੂੰ ਬਜ਼ਾਰ ਵਿਚ ਨਿਲਾਮ ਕਰਨ ਵਾਲੇ ਫਿਰੋਜ਼ ਤੇਰਾ ਕੱਖ ਨਾ ਰਹੇ, ਤੇਰਾ ਕੱਖ ਨਾ ਰਹੇ ਓ ਮੇਰੇ ਅੱਲਾ ‘…ਗੁਲਬਾਨੋ ਦੀ ਕੂਕ ਪੂਰੀ ਹਵੇਲੀ, ‘ਚ ਗੂੰਜ ਗਈ।
‘ਇਹ ਤੂੰ ਕੀ ਕਹਿ ਰਹੀ ਏਂ ਬੇਗਮ’! ਅਮੀਰ ਬਿਸਤਰ ਤੋਂ ਉਠਿਆ ਤੇ ਕਮਰੇ ‘ਚ ਖੜ੍ਹਾ ਹੋ ਗਿਆ, ਜਿਵੇਂ ਉਸਨੂੰ ਆਪਣੇ ਕੰਨਾਂ ‘ਤੇ ਯਕੀਨ ਨਾ ਆ ਰਿਹਾ ਹੋਵੇ। ਗੁਲਬਾਨੋ ਫੁੱਟ-ਫੁੱਟ ਕੇ ਰੋ ਪਈ। ਪਿਛਲੇ ਤਿੰਨ, ਦਿਨ-ਰਾਤਾਂ ਦਾ ਥੰਮਿਆਂ ‘ਗਮ-ਦਰਦ’, ਸੈਲਾਬ ਵਾਂਗ ਵਹਿ ਤੁਰਿਆ ਤੇ ਉਹ ਹੰਝੂਆਂ, ‘ਚ ਡੁੱਬ ਗਈ। ਉਠ ਕੇ ਬੈਠ ਗਈ ਤੇ ਗੋਡਿਆਂ ਵਿਚ ਮੂੰਹ ਦੇ ਕੇ ਹੁਬਕੀਆਂ ਲੈਂਦੀ ਰੋਣ ਲੱਗੀ। ਅਮੀਰ ਥੋੜ੍ਹੀ ਦੇਰ ਖੜ੍ਹਾ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ।
‘ਤੂੰ ਗਲਤ ਸਮਝ ਰਹੀ ਏਂ ਗੁਲਬਾਨੋ ਬੇਗਮ ‘ਇਹ ਬਜ਼ਾਰ ਨਹੀਂਂ ਤੇਰਾ ਘਰ ਏ। ਇਸ ਹਵੇਲੀ ਦੀ ਆਬਰੂ ਹੈਂ ਤੂੰ…ਮੈਂ ਇਸਲਾਮੀ ਨੁੱਕਤਾ-ਏ-ਨਜ਼ਰ ਨਾਲ, ਤੇਰੇ ਨਾਲ ਹੱਕ-ਏ-ਨਿਕਾਹ ਕੀਤਾ ਏ। ਆਪਣੀ ਬੀਵੀ ਕਬੂਲ ਕੀਤਾ ਏ। ਪਰ ਜੇ ਫਿਰ ਵੀ ਵਾਪਿਸ ਜਾਣਾ ਚਾਹਂੇ ਤਾਂ ਮੈਂ ਤੈਨੂੰ ਰੋਕਾਂਗਾ ਨਹੀਂ…! ਇਸ ਸਭ ਦਾ ਅਮੀਰ ਖ਼ਾਨ ਨੂੰ ਪਹਿਲਾਂ ਹੀ ਡਰ ਖਾਈ ਜਾ ਰਿਹਾ ਸੀ।
‘ਜੇ ਵਾਪਿਸ ਜਾ ਸਕਦੀ ਤਾਂ ਕੁਰਬਾਨੀ ਦਾ ਬਕਰਾ ਕਿਉਂ ਬਣਦੀ’, ਗੁਲਬਾਨੋ ਨੇ ਰੋਂਦਿਆ ਪੁੱਛਿਆ…!
‘ਕੁਰਬਾਨੀ ਦਾ ਬੱਕਰਾ ਨਹੀਂ ਹੈਂ ਤੂੰ..ਬੇਗਮ ਅਮੀਰ ਖਾਨ ਹੈਂ ਤੂੰ। ਮੈਨੂੰ ਪਤਾ ਏ ਤੇਰੇ ਅਰਮਾਨ ਟੁੱਟੇ ਨੇ, ਧੋਖਾ ਹੁੰਦਾ ਆਇਆ ਤੇਰੇ ਨਾਲ, ਪਰ ਹਰ ਮਰਦ ਫਿਰੋਜ਼ ਨਹੀਂ ਹੁੰਦਾ। ਤੈਨੂੰ ਆਪਣੀ ਜ਼ਿੰਦਗੀ ‘ਤੇ ਪੂਰਾ ਅਖਤਿਆਰ ਏ। ਅਗਰ ਤੂੰ ਚਾਹੇ ਤਾਂ ਇਸ ਹਵੇਲੀ, ‘ਚ ਇਕ ਮਹਿਮਾਨ ਦੇ ਤੌਰ `ਤੇ ਜ਼ਿੰਦਗੀ ਬਸ਼ਰ ਕਰ ਸਕਦੀ ਏਂ..! ਘਰ ਦਾ ਹਰ ਸ਼ਖਸ ਤੇਰਾ ਅਹਿਤਰਾਮ ਕਰੇਗਾ। ਮੈਂ…ਮੈਂ…ਮੈਂ ਗੁਸਤਾਖੀ ਲਈ ਸ਼ਰਮਿੰਦਾ ਹਾਂ। ਆਖ ਕੇ, ਅਮੀਰ ਬਾਹਰ ਚਲਿਆ ਗਿਆ ਤੇ ਗੁਲਬਾਨੋ ਸਾਰੀ ਰਾਤ ਬੈਠੀ ਰੋਂਦੀ ਰਹੀ।
ਦਿਨ ਬੀਤਣੇ ਸ਼ੁਰੂ ਹੋਏ, ਗੁਲਬਾਨੋ ਦੀ ਉਦਾਸੀ ਨਾ ਟੁੱਟੀ। ਉਹ ਆਪਣੇ ਕਮਰੇ ਚੋਂ ਬਾਹਰ ਨਾ ਨਿੱਕਲਦੀ। ਹਾਰ ਸ਼ਿੰਗਾਰ ਸਭ ਛੱਡ ਗਈ, ਫੁੱਲ ਵਰਗਾ ਚਿਹਰਾ ਮੁਰਝਾ ਗਿਆ। ਜ਼ੁਲਫ਼ਾਂ ਦੇ ਪੇਚ ਢਿੱਲੇ ਪੈ ਗਏ। ਅੱਖਾਂ ਸੁਰਮੇ ਨੂੰ ਤਰਸ ਗਈਆਂ। ਪਰੀਆਂ ਵਰਗੀ ਸ਼ਕਲ ‘ਤੇ ਮਾਯੂਸੀ ਛਾ ਗਈ। ਹੋਂਠ ਮੁਸਕ੍ਰਾਹਟ ਭੁੱਲ ਗਏ ਤੇ ਬੁਲਬਲ ਨੇ ਚਹਿਕਣਾ ਛੱਡ ਦਿਤਾ। ਸ਼ੋਖੀ ਗਾਇਬ ਹੋ ਗਈ ਤੇ ਸੰਜੀਦਗੀ ਆ ਗਈ। ਦੁਖ ਅਤੇ ਗਮ ਨੇ ਉਸਦੇ ਜਿਸਮ ਤੇ ਚਿਹਰੇ ਦਾ ਮਾਸ ਤਰਾਸ਼ ਦਿਤਾ…ਜਿਵੇਂ ਕੋਈ ਬੁੱਤਘਾੜਾ ਕਿਸੇ ਬੁੱਤ ਦੇ ਅੰਗ ਨਿਖਾਰਨ ਲਈ ਉਸਦਾ ਫਾਲਤੂ ਸੰਗਮਰਮਰ ਆਪਣੇ ਔਜ਼ਾਰਾਂ ਨਾਲ ਛਿੱਲ ਦੇਵੇ।
ਅਮੀਰ ਖ਼ਾਨ ਨੇ, ਮੁੜ ਉਸਨੂੰ ਬੁਲਾਉਣ ਦੀ ਕੋਸ਼ਿਸ਼ ਨਾ ਕੀਤੀ। ਉਹ ਨੌਕਰਾਂ ਤੋਂ ਆਪਣੇ ਕੰਮ ਕਰਵਾਉਂਦਾ। ਗੁਲਬਾਨੋ ਦਾ ਖ਼ਿਆਲ ਰੱਖਣ ਦੀਆਂ ਹਦਾਇਤਾਂ ਕਰਦਾ ਤੇ ਉਸ ਦੀ ਜ਼ਰੂਰਤ ਦੀ ਹਰ ਚੀਜ਼ ਵਕਤ ਤੋਂ ਪਹਿਲਾਂ ਹਾਜ਼ਰ ਕਰਵਾਉਂਦਾ। ਗੁਲਬਾਨੋ ਲਈ ਰੇਸ਼ਮੀ ਸੂਟ, ਜ਼ੇਵਰ, ਮੇਵੇ, ਇਤਰ ਤੇ ਮਹਿਕਾਂ ਦੇ ਢੇਰ ਲੱਗੇ ਰਹਿੰਦੇ, ਪਰ ਉਹ ਅੱਖ ਉਠਾ ਨਾ ਦੇਖਦੀ। ਨੌਕਰ ਸਭ ਸਮਝਦੇ ਸੀ, ਪਰ ਹਵੇਲੀ ਦੀ ਕੋਈ ਗੱਲ ਤੇ ਭੇਤ ਕਦੇ ਬਾਹਰ ਨਹੀਂ ਗਏ ਸੀ। ਕਿਸੇ ਨੂੰ ਕੋਈ ਨਹੀਂਂ ਸੀ ਪਤਾ ਕਿ ਇਸ ਹਵੇਲੀ ਦੀ ਚਾਰ ਦੀਵਾਰੀ ਅੰਦਰ ਕੀ ਕਹਾਣੀ ਚੱਲ ਰਹੀ ਹੈ।
ਅਮੀਰ ਖ਼ਾਨ ਦੇ ਮਰਹੂਮ ਬਾਪ ਦੀ ਸਾਲਾਨਾ ਬਰਸੀ ਸੀ। ਹਰ ਸਾਲ ਬਰਸੀ ‘ਤੇ ਰਿਸ਼ਤੇਦਾਰ ਅਮੀਰ ਖ਼ਾਨ ਦੇ ਘਰ ਇਕੱਠੇ ਹੁੰਦੇ। ਇਸ ਸਾਲ ਵੀ ਤਿਆਰੀਆਂ ਹੋਣ ਲੱਗੀਆਂ, ਤਾਂ ਗੁਲਬਾਨੋ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ।
‘ਮੈਂ ਨਹੀਂ ਕੁਝ ਕਰਨਾ ਤੇ ਨਾ ਸ਼ਾਮਲ ਹੋਣਾਂ ਏ। ਉਹ ਕੁੱਤਾ-ਕਮੀਨਾ ਫਿਰੋਜ਼ ਵੀ ਆਵੇਗਾ। ਮੱਥੇ ਨਹੀਂ ਲੱਗਣਾ ਚਾਹੁੰਦੀ ਮੈਂ ਉਸ ਜ਼ਲੀਲ ਦੇ’ ਗੁਲਬਾਨੋ ਨੇ ਪਰਦੇ ਪਿੱਛੇ ਖੜ੍ਹੇ ਖੜ੍ਹੇ ਅਮੀਰ ਖ਼ਾਨ ਨੂੰ ਸੁਣਾ ਕੇ ਨੌਕਰਾਣੀ ਨੂੰ ਕਿਹਾ। ਤੇ ਅਮੀਰ ਖ਼ਾਨ ਨੇ ਬਾਪ ਦੀ ਬਰਸੀ ਨਾ ਮਨਾਉਣ ਦਾ ਫੈਸਲਾ ਕਰ ਲਿਆ।
ਰਿਸ਼ਤੇਦਾਰਾ ਮੇਹਣੇ ਮਾਰਨ ਲੱਗੇ…‘ਔਰਤ ਦੇ ਹੇਠਾਂ ਲੱਗ ਗਿਆ’
‘ਇਸ ਘਰ, ‘ਚ ਉਹੀ ਹੋਵੇਗਾ ਜੋ ਮਾਲਕਣ ਚਾਹੇਗੀ’, ਤੁਸੀਂ ਬਰਸੀ ਮਨਾਉਣੀ ਤਾਂ ਮੈਂ ਬਾਹਰ ਪ੍ਰਬੰਧ ਕਰ ਦਿਆਂਗਾ, ਅਮੀਰ ਨੇ ਘਰ ਆਏ ਤਾਏ-ਚਾਚੇ ਸਾਕ-ਸਬੰਧੀ ਵਾਪਸ ਮੋੜ ਦਿਤੇ। ਇਸ ਘਟਨਾ ਤੋਂ ਬਾਅਦ ਗੁਲਬਾਨੋ ਦੀ ਖ਼ਾਮੋਸ਼ੀ ਥੋੜ੍ਹੀ ਟੁੱਟੀ। ਹੁਣ ਉਹ ਨੌਕਰਾਣੀ ਨਾਲ ਥੋੜ੍ਹੀ ਗੱਲਬਾਤ ਕਰਨ ਲੱਗ ਪਈ। ਉਸ ਤੋਂ ਆਪਣੇ ਵਾਲਾਂ ਵਿਚ ਖ਼ੁਸ਼ਬੂਦਾਰ ਤੇਲ ਲਗਵਾਉਣ ਲੱਗ ਪਈ ਤੇ ਕਦੇ ਕਦੇ ਉਸ ਨਾਲ ਹਵੇਲੀ ਦੀ ਡਿਉਢੀ ਵਿਚ ਬੈਠ ਕੇ ਉਸਦੇ ਬੱਚਿਆਂ ਨਾਲ ਵਕਤ ਗੁਜ਼ਾਰਨ ਲੱਗ ਪਈ।
ਅਮੀਰ ਖ਼ਾਨ ਨਾਲ ਗੁਲਬਾਨੋ ਦੀ ਕੋਈ ਗੁਫਤਗੂ ਨਹੀਂਂ, ਨਾ ਜ਼ੁਬਾਨੀ ਨਾ ਕਲਾਮੀ ਸੀ। ਅਮੀਰ ਖਾਨ ਸ਼ਾਮ ਨੂੰ ਘਰ ਆਉਂਦਾ ਤਾਂ, ਉਹ ਆਪਣੇ ਕਮਰੇ ਵਿਚ ਚਲੀ ਜਾਂਦੀ। ਉਹ ਖਾਣਾ ਖਾਣ ਤੋਂ ਬਾਅਦ ਡਿਉਢੀ ਵਿਚ ਬੈਠ ਜਾਂਦਾ। ਜੇ ਬਾਹਰੋਂ ਕੋਈ ਮਿਲਣ ਆ ਜਾਂਦਾ ਤਾਂ ਗੱਲਾਂ-ਬਾਤਾਂ ਕਰਦਾ ਵਰਨਾ ਹਨੇਰੇ, ‘ਚ ਖ਼ਾਮੋਸ਼ ਅੱਖਾਂ ਮੀਚ ਕੁਰਸੀ ’ਤੇ ਬੈਠਾ ਰਹਿੰਦਾ।
ਕਿਸੇ ਕੋਲ ਉਸਨੇ ਦਿਲ ਦੀ ਗੱਲ ਨਹੀਂ ਸੀ ਕੀਤੀ। ਕਦੇ ਜ਼ਾਹਰ ਨਹੀਂਂ ਹੋਣ ਦਿੱਤਾ ਸੀ ਕਿ ਦੂਸਰੀ ਵਾਰੀ ਵੀ ਉਸਦੇ ਮੁਕੱਦਰ ਨੇ ਉਸ ਨਾਲ ਦਗ਼ਾ ਕੀਤਾ ਸੀ। ਕਦੇ ਕਦੇ ਨੌਕਰਾਣੀ ਨਾਦਿਰਾ ਦੇ ਬੱਚੇ ਅਮੀਰ ਖ਼ਾਨ ਕੋਲ ਆ ਖੇਡਦੇ। ਉਹ ਬਿਠਾ ਲੈਂਦਾ, ਉਨ੍ਹਾਂ ਲਈ ਤੋਹਫੇ ਲੈ ਕੇ ਆਉਂਦਾ। ਜਿੰਨੀ ਦੇਰ ਬੱਚੇ ਉਸ ਕੋਲ ਰਹਿੰਦੇ, ਉਹ ਬੱਚਾ ਬਣਿਆ ਖੇਡਦਾ ਰਹਿੰਦਾ। ਉਨ੍ਹਾਂ ਦੇ ਜਾਂਦਿਆਂ ਹੀ ਉਦਾਸੀ ਦੀ ਚਾਦਰ ਓੜ ਕੇ ਲੰਮਾ ਪੈ ਜਾਂਦਾ।
ਆਪਣੇ ਸ਼ਰੀਕੇ ਨਾਲੋਂ ਤਾਂ ਪੂਰਾ ਟੁੱਟ ਚੁੱਕਾ ਸੀ। ਹੁਣ ਬੀਮਾਰ ਰਹਿਣ ਲੱਗ ਪਿਆ ਸੀ। ਡਿਉਢੀ ਵਿਚੋਂ ਉਹਦੇ ਖੰਘਣ ਦੀ ਆਵਾਜ਼ ਗੁਲਬਾਨੋ ਨੂੰ ਆਪਣੇ ਕਮਰੇ ਵਿਚ ਸੁਣਾਈ ਦਿੰਦੀ। ਉਹ ਕਈ ਵਾਰ ਪਰਦੇ ਵਿਚੋਂ ਅਮੀਰ ਖ਼ਾਨ ਨੂੰ ਡਿਉਢੀ ਵਿਚ ਬੈਠਿਆ ਦੇਖਦੀ। ਵਧੀ ਹੋਈ ਦਾੜੀ, ਵੀਰਾਨ ਅੱਖਾਂ ਦੇ ਆਸੇ ਪਾਸੇ ਵਧ ਰਹੇ ਸਿਆਹ ਘੇਰੇ ਤੇ ਮੋਟੇ ਹੋਂਠਾਂ ‘ਤੇ ਜੰਮ ਰਹੀ ਖੁਸ਼ਕੀ ਤੇ ਪੀਲਾ ਚਿਹਰਾ।
ਇਕ ਵਾਰੀ ਅਮੀਰ ਕਈ ਦਿਨਾਂ ਤੋਂ ਆਪਣੇ ਬਿਜ਼ਨਸ ‘ਤੇ ਨਾ ਗਿਆ, ਹਕੀਮ ਆਉਂਦਾ ਦਵਾਈ ਦੇ ਕੇ ਚਲਾ ਜਾਂਦਾ। ਇਹ ਪਹਿਲੀ ਵਾਰ ਹੋਇਆ, ਕਿ ਗੁਲਬਾਨੋ ਹੈਰਾਨ ਹੋਈ ਸੀ। ਨੌਕਰ ਨੇ ਦੱਸਿਆ ਕਿ ਖ਼ਾਨ ਸਾਹਬ ਦੀ ਤਬੀਅਤ ਠੀਕ ਨਹੀਂਂ ਏ। ਹਕੀਮ ਨੇ ਆਰਾਮ ਕਰਨ ਲਈ ਦੱਸਿਆ ਏ। ਗੁਲਬਾਨੋ ਦੇ ਅੰਦਰ ਕੋਈ ਹਲਚਲ ਜਿਹੀ ਹੋਈ, ਕਾਫ਼ੀ ਦੇਰ ਬੈਠੀ ਉਹ ਸੋਚਦੀ ਰਹੀ। ਉਸ ਰਾਤ ਅਮੀਰ ਖ਼ਾਨ ਰਾਤ ਨੂੰ ਗਰਮ ਚਾਦਰ ਲਪੇਟ ਕੇ ਛੱਤ `ਤੇ ਘੁੰਮ ਰਿਹਾ ਸੀ। ਨੌਕਰ ਫਾਰੂਕ ਨੇ ਬਾਵਰਚੀ ਖਾਨੇ ਵਿਚੋਂ ਹਕੀਮ ਵੱਲੋਂ ਦਿਤੀ ਦਵਾਈ ਉਬਾਲੀ ਤੇ ਪਿਆਲੇ ਵਿਚ ਪਾ ਉਪਰ ਜਾਣ ਲੱਗਿਆ ਤਾਂ ਗੁਲਬਾਨੋ ਨੇ ਉਸਦੇ ਹੱਥੋਂ ਪਿਆਲਾ ਫੜ ਲਿਆ।
‘ਮੈਂ ਲੈ ਕੇ ਜਾਂਦੀ ਹਾਂ ‘…ਉਸਨੇ ਬਿਨਾਂ ਨੌਕਰ ਵੱਲ ਦੇਖਦਿਆਂ ਕਿਹਾ। ਨੌਕਰ, ਜੋ ਇਸ ਘਰ ਦੇ ਸਾਰੇ ਭੇਤ ਜਾਣਦਾ ਸੀ, ਗੁਲਬਾਨੋ ਦੀ ਇਸ ਪੇਸ਼ਕਸ਼ `ਤੇ ਹੈਰਾਨ ਹੋ ਗਿਆ।
‘ਬਹੁਤ ਅੱਛਾ ਬੇਗ਼ਮ ਸਾਹਿਬਾਂ ‘..ਉਸਨੇ ਸਿਰ ਝੁਕਾ ਕੇ ਪਿਆਲਾ ਗੁਲਬਾਨੋ ਨੂੰ ਦੇ ਦਿਤਾ।
ਗੁਲਬਾਨੋ ਪਹਿਲੀ ਵਾਰ ਹਵੇਲੀ ਦੀ ਛੱਤ ‘ਤੇ ਚੜ੍ਹੀ ਸੀ। ਜਿਸ ਦਿਨ ਦੀ ਘਰੋਂ ਨਿਕਲੀ ਸੀ, ਆਸਮਾਨ ਦਾ ਰੰਗ ਨਹੀਂ ਸੀ ਦੇਖਿਆ। ਤਿੰਨ ਮੰਜ਼ਲੀ ਹਵੇਲੀ ਚੜ੍ਹਦਿਆਂ ਸਾਹ ਫੁਲ ਗਿਆ ਉਸਦਾ। ਖੁੱਲ੍ਹੀ ਚੌੜੀ ਛੱਤ …ਕਿਸੇ ਮੈਦਾਨ ਵਰਗੀ, ਚੌਂਹੀਂ ਪਾਸੀ ਜਾਲੀਦਾਰ ਬਨੇਰੇ ਤੇ ਉਤੇ ਖੁੱਲ੍ਹਾ ਆਕਾਸ਼। ਜਦੋਂ ਉਹ ਉਪਰ ਚੜ੍ਹੀ ਅਮੀਰ ਖਾਨ ਬਨੇਰੇ ਕੋਲ ਖੜ੍ਹਾ ਜਿਹਲਮ ਦੇ ਪਾਣੀ ਨੂੰ ਤੱਕ ਰਿਹਾ ਸੀ। ਗੁਲਬਾਨੋ ਵਲ ਪਿੱਠ ਸੀ ਉਸਦੀ। ਗੁਲਬਾਨੋ ਨੇ ਦਵਾਈ ਬਨੇਰੇ ’ਤੇ ਰੱਖੀ ਤੇ ਕੁਝ ਦੇਰ ਸੋਚਿਆ। ਅਮੀਰ ਹਾਲੇ ਵੀ ਉਸ ਤੋਂ ਬੇਖਬਰ ਸੀ।
‘ਮੈਂ ਆ ਗਈ ਹਾਂ ਖ਼ਾਨ ਸਾਹਬ’…ਗੁਲਬਾਨੋ ਦੀ ਸੁਰੀਲੀ ਆਵਾਜ਼ ਕਿਸੇ ਜਲਤਰੰਗ ਵਾਂਗ ਫਿਜ਼ਾ ਵਿਚ ਫੈਲ ਗਈ।
ਅਮੀਰ ਖ਼ਾਨ ਨੇ ਹੈਰਾਨ ਹੁੰਦਿਆਂ ਪਿੱਛੇ ਦੇਖਿਆ, ਯਕੀਨ ਨਾ ਆਇਆ ਜਿਵੇਂ ਕੋਈ ਖ਼ਾਬ ਦੇਖ ਰਿਹਾ ਹੋਵੇ। ਗੁਲਬਾਨੋ ਸਫੇਦ ਲਿਬਾਸ, ‘ਚ ਬੇਪਰਦਾ ਸਾਹਮਣੇ ਖੜ੍ਹੀ ਸੀ। ਜਿਵੇਂ ਚਿੱਟੇ ਬੱਦਲਾਂ ਵਿਚੋਂ ਕੋਈ ਪਰੀ ਛੱਤ ‘ਤੇ ਉਤਰ ਆਈ ਹੋਵੇ ਜਾਂ ਜਿਹਲਮ ਦੇ ਠਾਠਾਂ ਮਾਰਦੇ ਪਾਣੀ ਦੀ ਕੋਈ ਛੱਲ ਔਰਤ ਦੀ ਸੂਰਤ ਵਿਚ ਉਸਨੂੰ ਮੁਖ਼ਾਤਿਬ ਹੋ ਰਹੀ ਹੋਵੇ। ਉਹ ਗੁਲਬਾਨੋ ਵੱਲ ਵੇਖਦਾ ਹੀ ਰਹਿ ਗਿਆ।
‘ਮੈਂ…ਮੈਂ..ਤੁਸਾਂ ਦੀ ਦਵਾਈ ਲੈ ਕੇ ਆਈ ਹਾਂ…ਖਾਨ ਸਾਹਬ’…ਗੁਲਬਾਨੋ ਨੇ ਬਨੇਰੇ ਤੋਂ ਪਿਆਲਾ ਚੁੱਕ ਕੇ ਕਿਹਾ ਤੇ ਅਮੀਰ ਜਿਵੇਂ ਨੀਂਦ `ਚੋਂ ਜਾਗਿਆ।
‘ਉਹ..! ਤੁਹਾਨੂੰ ਤਕੱਲੁਫ ਕਰਨ ਦੀ ਕੀ ਲੋੜ ਸੀ, ਘਰ ਵਿਚ ਨੌਕਰ ਹੈਨ’…ਉਹਨੂੰ ਹਕੀਕਤ ਯਾਦ ਆਈ।
‘ਮੈਨੂੰ ਇਲਮ ਏ…ਪਰ ਅੱਜ ਤੁਸਾਂ ਨੂੰ ਮੇਰੀ ਜ਼ਰੂਰਤ ਏ..! ਪਰ ਅੱਜ ਤੁਸਾਂ ਨੂੰ ਮੇਰੀ ਜ਼ਰੂਰਤ ਏ ਖ਼ਾਨ ਸਾਹਬ’ ਗੁਲਬਾਨੋ ਨੇ ਜਵਾਬ ਦਿਤਾ ਤਾਂ, ਅਮੀਰ ਨੂੰ ਕੰਨਾਂ ‘ਤੇ ਯਕੀਨ ਨਾ ਆਇਆ।
‘ਮਿਹਰਬਾਨੀ ‘…ਆਖ ਉਸਨੇ ਦਵਾਈ ਗੁਲਬਾਨੋ ਕੋਲੋਂ ਫੜ ਲਈ।
‘ਖੁਦਾ ਕਰੇ ਤੁਹਾਡੀ ਸਿਹਤ ਜਲਦੀ ਠੀਕ ਹੋ ਜਾਏ’…ਗੁਲਬਾਨੋ ਨੇ ਦੁਆ ਮੰਗੀ।
‘ਇੰਸ਼ਾ ਅੱਲਾਹ! ਤੁਸਾਂ ਆਪਣੇ ਕੁਆਰੇ ਹੱਥਾਂ ਨਾਲ ਦਵਾ ਪਿਲਾਈ ਏ ਤਾਂ ਜ਼ਰੂਰ ਅਸਰ ਕਰੇਗੀ’…ਅਮੀਰ ਨੇ ਜਵਾਬ ਦਿਤਾ ਤੇ ਗੁਲਬਾਨੋ ਦੇ ਚਿਹਰੇ ‘ਤੇ ਗੁਲਾਬੀ ਰੰਗ ਫਿਰ ਗਿਆ।
ਥੋੜ੍ਹੀ ਦੇਰ ਦੋਵੇਂ ਖਾਮੋਸ਼ ਖੜ੍ਹੇ ਰਹੇ। ਬੜਾ ਸ਼ਾਂਤ ਮਾਹੌਲ ਸੀ। ਜਿਹਲਮ ਦੇ ਪਾਣੀ ਦੀ ਅਵਾਜ਼ ਤੋਂ ਬਗੈਰ ਹੋਰ ਕੋਈ ਦੂਸਰੀ ਆਵਾਜ਼ ਨਹੀਂ ਆ ਰਹੀ ਸੀ।
‘ਜੇਹਲਮ ਵਿਚ ਤੂਫਾਨ ਆਇਆ ਹੋਇਆ ਏ…’ ਅਮੀਰ ਨੇ ਦਰਿਆ ਵੱਲ ਵੇਖ ਕੇ ਕਿਹਾ।
‘ਤੂਫਾਨ ਤਾਂ ਇਸ ਹਵੇਲੀ ਵਿਚ ਵੀ ਆਇਆ ਹੋਇਆ ਏ’…ਮੈਨੂੰ ਡਰ ਲੱਗਦਾ ਏ ਕਿਤੇ ਇਹ ਮੈਨੂੰ ਦੂਹਰੀ ਵਾਰ ਰੋੜ੍ਹ ਕੇ ਨਾ ਜਾਵੇ’…ਗੁਲਬਾਨੋ ਨੇ ਪਹਿਲੀ ਵਾਰ ਅਮੀਰ ਦੀਆ ਅੱਖਾਂ ਨਾਲ ਅੱਖਾਂ ਮਿਲਾਈਆਂ।
‘ਕੀ ਮਤਲਬ’…! ਅਮੀਰ ਘਬਰਾ ਗਿਆ’
‘ਇਸ ਹਨੇਰੇ ਨੂੰ ਇਕ ਚਿਰਾਗ ਦੀ ਜ਼ਰੂਰਤ ਏ ਖਾਨ ਸਾਹਿਬ..! ਇਸ ਹਵੇਲੀ ਨੂੰ ਵਾਰਿਸ ਚਾਹੀਦਾ ਏ….! ਇਹੀ ਤੁਸਾਂ ਦੇ ਦੁੱਖ ਦੀ ਦਾਰੂ ਏ’…ਹਕੀਮ ਦੀਆਂ ਜੜ੍ਹੀ-ਬੂਟੀਆਂ ਕੁਛ ਨਹੀਂ ਕਰਨਗੀਆਂ…ਗੁਲਬਾਨੋ ਨੇ ਕੇਵਲ ਚਿਹਰੇ ਦਾ ਹੀ ਨਹੀਂਂ, ਦਿਲ ਦਾ ਪਰਦਾ ਵੀ ਲਾਹ ਸੁੱਟਿਆ..
‘ਗੁਲਬਾਨੋ ‘…ਅਮੀਰ ਨੇ ਉਮਰ ਜਿੱਡਾ ਹਓਕਾ ਲਿਆ…‘ਮੈਂ ਔਰਤ ਹਾਂ…ਸਮਝਦੀ ਹਾਂ ਸੱਭ ਕੁਛ…ਮੇਰਾ ਫਰਜ਼ ਏ ਕਿ ਜਿਸ ਘਰ ਨੇ ਮੈਨੂੰ ਪਨਾਹ ਦਿਤੀ ਏ ਉਸ ਨੂੰ ਰੌਸ਼ਨੀ ਦੇਵਾਂ…ਔਰਤ, ਮਰਦ ਨੂੰ ਸਿਰਫ ਜਿਸਮਾਨੀ ਸੁੱਖ ਨਹੀਂ ਦਿੰਦੀ, ਉਹਨੂੰ ਬਾਪ ਦਾ ਰੁਤਬਾ ਵੀ ਬਖਸ਼ਦੀ ਏ, ਵਰਨਾ ਜ਼ਮਾਨਾ ਮਰਦ ਨੂੰ ‘ਨ-ਮਰਦ’ ਦੱਸਦਾ ਏ’! ਗੁਲਬਾਨੋ ਤੋਂ ਇੰਨੀ ਸੰਜੀਦਗੀ ਦੀ ਅਮੀਰ ਨੂੰ ਆਸ ਨਹੀਂ ਸੀ।
‘ਏਨੀ ਦਲੇਰੀ’!!! ਅਮੀਰ ਖ਼ਾਨ ਦੇ ਆਪ ਮੁਹਾਰੇ ਮੂੰਹੋਂ ਨਿਕਲਿਆ।
‘ਖ਼ਾਨ ਸਾਹਬ ਦਲੇਰ ਔਰਤਾਂ, ਦਲੇਰ ਮਰਦਾਂ ਨੂੰ ਹੀ ਰੂਹ ਦਾ ਹਾਣੀ ਸਮਝਦੀਆਂ ਨੇ ਭਗੌੜਿਆਂ ਨੂੰ ਨਹੀਂਂ,’ ਉਹਨੇ ਨਫਰਤ ਨਾਲ ਜਵਾਬ ਦਿਤਾ…ਅਮੀਰ ਨੂੰ ਜਵਾਬ ਨਾ ਸੁੱਝਿਆ।
‘ਮੇਰੀਆਂ ਗੁਸਤਾਖ਼ੀਆਂ ਮਾਫ਼ ਕਰ ਦਿਉ ਖਾਨ ਸਾਹਬ…ਮੈਂ ਗੁੰਮਰਾਹ ਹੋ ਗਈ ਸਾਂ…ਤੁਸਾਂ ਨੂੰ ਬੜਾ ਦੁੱਖ ਦਿਤਾ ਏ ਮੈਂ। ਗੁਨਾਹਗਾਰ ਹਾਂ ਤੁਹਾਡੀ’…ਗੁਲਬਾਨੋ ਦਾ ਗਲਾ ਭਰ ਆੲਆ ਸੀ।
‘ਪਗਲੀ’…ਗੁਨਾਹਗਾਰ ਤੂੰ ਨਹੀਂਂ ਮੈਂ ਹਾਂ। ਬਗੈਰ ਤੇਰੇ ਜਜ਼ਬਾਤ ਨੂੰ ਸਮਝਿਆਂ ਕਿਸੇ ਭੁੱਖੇ ਜਾਨਵਰ ਵਾਂਗ ਮੈਂ ਤੇਰੇ ਗੋਸ਼ਤ ‘ਤੇ ਟੁੱਟ ਪਿਆ ਸੀ…ਤੈਨੂੰ ਕੀ ਪਤਾ ਏ ਕਿੰਨਾ ਸ਼ਰਮਿੰਦਾਂ ਹਾਂ। ਅਮੀਰ ਸੱਚਮੁੱਚ ਅੰਦਰੋਂ ਸ਼ਰਮਸਾਰ ਹੋ ਗਿਆ ਸੀ ਤੇ ਹਿੰਮਤ ਨਹੀਂ ਪੈ ਰਹੀ ਸੀ ਕਿ ਅੱਖਾਂ, ‘ਚ ਅੱਖਾਂ ਪਾ ਝਾਕ ਸਕੇ।
‘ਨਹੀਂਂ..ਫਰਿਸ਼ਤੇ ਹੋ ਤੁਸੀਂ ਤਾਂ…ਮੈਂ ਦਰੜਿਆ, ਕੁਮਲਾਇਆ ਫੁੱਲ ਹਾਂ ਜੋ ਤੁਹਾਡੇ ਕਾਬਲ ਨਹੀਂ, ਘਰੋ ਭੱਜੀ’ ਗੁਲਬਾਨੋ ਦੀਆਂ ਅੱਖਾਂ, `ਚੋਂ ‘ਆਂਸੂ ਵਹਿ ਤੁਰੇ…‘ਪਗਲੀ ਕੋਈ ਫਰਿਸ਼ਤਾ ਜਾਂ ਫੁੱਲ ਦਰੜਿਆ ਨਹੀਂ ਹੁੰਦਾ, ਇਨਸਾਨ ਹਾਂ ਅਸੀ ਸਭ…ਜੇ ਮੇਰੀ ਭੈਣ-ਬੇਟੀ ਇਹ ਕਦਮ ਚੁੱਕ ਲੈਂਦੀ ਤਾਂ ਕੀ ਮੈਂ ਉਸਨੂੰ ਮਾਫ਼ ਨਾ ਕਰਦਾ! ਬੀਵੀ ੲਂੇ ਤੂੰ ਮੇਰੀ…ਮੇਰੀ ਸ਼ਰੀਕੇ ਹਯਾਤ ਹੈਂ ਤੂੰ…ਇਸ ਹਵੇਲੀ ਦੀ ਮਾਲਕਣ’
‘ਸਿਰਫ ਹਵੇਲੀ ਦੀ’…! ਗੁਲਬਾਨੋ ਸੁਬਕੀ ਰੋਣ ਲੱਗੀ…
‘ਨਹੀਂ..ਮੇਰੇ ਦਿਲੋਂ ਜਾਨ ਦੀ ਵੀ’ ਅੱਜ ਅਮੀਰ ਦੇ ਉਦਾਸ, ਬੀਮਾਰ ਮੂੰਹ `ਤੇ ਪਹਿਲੀ ਵਾਰ ਮੁਸਕ੍ਰਾਹਟ ਆਈ।
ਗੁਲਬਾਨੋ ਤੋਂ ਹੁਣ ਆਪਣਾ-ਆਪ ਸੰਭਾਲਿਆ ਨਹੀਂ ਜਾ ਰਿਹਾ ਸੀ। ਅਮੀਰ ਦੇ ਕਿਰਦਾਰ ਸਾਹਮਣੇ ਉਸਨੂੰ ਆਪਣਾ ਜਾਤੀ ਗਰੂਰ ਬਹੁਤ ਛੋਟਾ ਲੱਗਿਆ। ਇਕ ਬਦਸੂਰਤ ਮਰਦ ਦੇ ਪਿਆਰ ਦੀ ਗਰਮੀ ਸਾਹਮਣੇ ਉਸਦਾ ਵਜੂਦ ਪਿਘਲ ਗਿਆ ਤੇ ਉਹ ਲੜਖੜਾ ਕੇ ਅਮੀਰ ਦੀਆਂ ਬਾਹਾਂ ਵਿਚ ਚਲੀ ਗਈ। ਅਮੀਰ ਬਹੁਤ ਦੇਰ ਤੱਕ ਉਸਦੇ ਵਾਲਾਂ ਵਿਚ ਹੱਥ ਫੇਰਦਾ ਰਿਹਾ। ਹੌਲੀ ਹੌਲੀ ਉਸਦਾ ਸਿਰ ਸਹਿਲਾਉਂਦਾ ਰਿਹਾ ਤੇ ਗੁਲਬਾਨੋ ਨੂੰ ਲੱਗਿਆ ਜਿਵੇਂ ਬਹੁਤ ਅਰਸੇ ਬਾਅਦ ਅੱਜ ਉਹ ਆਪਣੇ ਅੱਬਾ ਦਾ ਹੱਥ ਆਪਣੇ ਸਿਰ ‘ਤੇ ਮਹਿਸੂਸ ਕਰ ਰਹੀ ਸੀ ਜਾਂ ਆਪਣੇ ਵੱਡੇ ਭਰਾ ਦੇ ਮੋਢੇ ‘ਤੇ ਸਿਰ ਰੱਖ ਰੋ ਰਹੀ ਸੀ। ਅਮੀਰ ਖਾਨ ਨੇ ਉਸ ਨੂੰ ਚੁੱਪ ਨਾ ਕਰਾਇਆ। ਉਹ ਚਾਹੁੰਦਾ ਸੀ ਗੁਲਬਾਨੋ ਦੇ ਦਿਲ-ਮਨ ਅੰਦਰ ਨਫਰਤ ਦਾ ਜੋ ਨਾਸੂਰ ਬਣ ਗਿਆ ਸੀ, ਉਹ ਹੰਝੂਆਂ ਰਾਹੀਂ ਨਿਕਲ ਜਾਵੇ। ਗੁਲਬਾਨੋ ਬਹੁਤ ਦੇਰ ਤੱਕ ਰੋਂਦੀ ਰਹੀ। ਥੱਕ ਗਈ ਤਾਂ ਚੁੰਨੀ ਦੇ ਪਲੜੇ ਨਾਲ ਮੂੰਹ ਪੂੰਝਣ ਲੱਗੀ…।
‘ਗਮ ਨਾ ਕਰ’…ਮੇਰੇ ਹੁੰਦੇ ਕੋਈ ਤੂਫਾਨ ਤੈਨੂੰ ਉਡਾ ਕੇ ਨਹੀਂ ਲਿਜਾ ਸਕਦਾ।…‘ਇਸ਼ਕ ਹਕੀਕੀ ਤੇ ਮਿਜਾਜ਼ੀ ਦਾ ਫਰਕ ਨਹੀਂਂ ਮਲੂਮ ਤੈਨੂੰ…ਅਣਜਾਣ ਏਂ ਤੂੰ’..! ਅਮੀਰ ਖਾਨ ਦੇ ਅਰਮਾਨਾਂ ਨੇ ਸਿਰ ਚੁਕਿਆ।
‘ਕਿਹੜਾ ਇਸ਼ਕ’…! ਗਲ ਪਿਆ ਢੋਲ ਵਜਾ ਰਹੇ ਹੋਂ ਤੁਸੀਂ। ਇਕ ਮਰੇ ਹੋਏ ਰਿਸ਼ਤੇ ਨੂੰ ਨਿਭਾ ਰਹੇ ਹੋ…ਜਿਸ ਦਾ ਕੋਈ…!! ਗੁਲਬਾਨੋ ਨੇ ਗੱਲ ਪੂਰੀ ਨਹੀਂਂ ਕੀਤੀ ਸੀ ਕਿ ਅਮੀਰ ਨੇ ਆਪਣਾ ਹੱਥ ਉਸ ਦੇ ਮੂੰਹ ‘ਤੇ ਰੱਖ ਦਿਤਾ…..।
‘ਮਰਿਆਂ ਹੋਇਆਂ ਦੇ ਤਾਂ ਤਾਜ ਮਹਿਲ ਬਣਾਏ ਨੇ…ਬਣਾਉਣ ਵਾਲਿਆਂ ਨੇ…ਪਿਆਰ ਦੀ ਕੋਈ ਹੱਦ ਨਹੀਂ ਹੁੰਦੀ ਗੁਲਬਾਨੋ’…ਅਮੀਰ ਨੇ ਉਸਨੂੰ ਆਪਣੇ ਸੀਨੇ ਨਾਲ ਲਾ ਲਿਆ, ਉਹ ਕੁਝ ਨਾ ਬੋਲੀ।
‘ਅੱਜ ਆਪਣਾ ਅਸਲ ਨਿਕਾਹ ਹੋਇਆ ਏ ਜਦੋਂ ਦੋ ਦਿਲਾਂ ਨੇ ਇੱਕ-ਦੂਜੇ ਨੂੰ ਕਬੂਲ ਕੀਤਾ ਏ। ਜੇ ਦਿਲ ਨਾ ਮੰਨੇ ਤਾਂ ਨਿਕਾਹ ਨਹੀਂ ਜਬਰ-ਜਨਾਹ ਹੁੰਦਾ ਏ। ਗੁਲਬਾਨੋ ਮੈਨੂੰ ਇਸ ਗੁਨਾਹ ਤੋਂ ਅੱਜ ਤੂੰ ਬਚਾ ਲਿਆ। ਅਮੀਰ ਨੇ ਆਪਣਾ ਮੂੰਹ ਉਸਦੇ ਮੂੰਹ ਨਾਲ ਜੋੜਿਆ।
‘ਊਈ ਅੱਲਾਹ’…ਉਹ ਅਮੀਰ ਦੇ ਸੀਨੇ ਨਾਲ ਜੁੜੀ ਸ਼ਟਪਟਾਈ।
‘ਕੀ ਹੋਇਆ’…!! ਅਮੀਰ ਵੀ ਘਬਰਾ ਗਿਆ।
‘ਦਾੜ੍ਹੀ ਚੁੱਭਦੀ ਏ’ ਗੁਲਬਾਨੋ ਨੇ ਆਪਣੀ ਕੋਮਲ ਗਲ ‘ਤੇ ਹੱਥ ਫੇਰਿਆ।
‘ਦਾੜ੍ਹੀ ਕਟਵਦ ਦਿੰਦਾਂ ਹਾਂ’ ਅਮੀਰ ਅੱਖਾਂ ‘ਚ ਅੱਖਾਂ ਪਾਈ ਮੁਸਕਰਾਇਆ।
‘ਮੇਰੇ ਮੌਲ੍ਹਾ…ਇਸ ਨਾਚੀਜ਼ ਲਈ ਦਾੜ੍ਹੀ ਕਟਵਾਓਗੇ’…! ਗੁਲਬਾਨੋ ਨੇ ਅਦਾ ਨਾਲ ਪੁੱਛਿਆ।
‘ਇਸ਼ਕ ਵਿਚ ਤਾਂ ਸਿਰ ਕੱਟ ਜਾਂਦੇ ਨੇ, ਦਾੜ੍ਹੀ ਤਾਂ ਮਾਮੂਲੀ ਚੀਜ਼ ਏ ਤੇਰੇ ਲਈ ਗੁਲਬਾਨੋ’ ਅਮੀਰ ਦਾ ਹਾਸਾ ਰਾਤ ਦੇ ਹਨੇਰੇ ਵਿਚ ਦੂਰ ਦੂਰ ਤੱਕ ਉਡਿਆ ਅਤੇ ਇਸੇ ਹਾਸੇ ਵਿਚ ਉਡ ਗਿਆ ਦੋਹਾਂ ਦੇ ਜਿਸਮਾਂ ਵਿਚਕਾਰਲਾ ਫਾਸਲਾ। ਦੋਹੇਂ ਇੱਕ-ਦੂਜੇ ਨੂੰ ਲਿਪਟੇ, ਹਾਸਿਆਂ ‘ਚ ਗੁਆਚੇ ਪੌੜੀਆਂ ਉਤਰਦੇ ਆਪਣੇ ਕਮਰੇ, ‘ਚ ਚਲੇ ਗਏ।
ਅਮੀਰ ਖਾਨ ਦੀ ਹਵੇਲੀ ਵਿਚ ਮੁੜ ਤੋਂ ਬਹਾਰ ਆ ਗਈ। ਮਹਿਕਾਂ ਦੀਆਂ ਸੁਗੰਧੀਆਂ ਨਾਲ ਹਵੇਲੀ ਦੀਆਂ ਕੰਧਾਂ ਜਿਵੇਂ ਜਗ-ਮਗਾ ਰਹੀਆਂ ਹੋਣ। ਨੌਕਰਾਂ-ਚਾਕਰਾਂ ਦੇ ਵੀ ਚਿਹਰਿਆਂ `ਤੇ ਰੌਣਕਾਂ ਪਰਤ ਆਈਆਂ। ਘਰ ਦੀ ਘੁਟਣ ਖਤਮ ਹੋ ਗਈ। ਮੀਆਂ-ਬੀਵੀ ਦੇ ਪਿਆਰ ਨੇ ਸੁੰਨੀ ਹਵੇਲੀ ਆਬਾਦ ਕਰ ਦਿਤੀ। ਵਕਤ ਗੁਜ਼ਰਦਾ ਰਿਹਾ। ਗੁਲਬਾਨੋ ਦੇ ਤਿੰਨ ਸਾਲਾਂ ਵਿਚ ਤਿੰਨ ਲੜਕੀਆਂ ਪੈਦਾ ਹੋਈਆਂ। ਨਹੀਂਦਾ, ਫਰੀਦਾ ਤੇ ਵਹੀਦਾ। ਦਸ ਸਾਲਾਂ ਬਾਅਦ ਜਾ ਕੇ ਪੈਦਾ ਹੋਇਆ ਸੀ ਸ਼ਮੀਰ। ਅਮੀਰ ਖਾਨ ਦਾ ਪੁੱਤਰ ਸ਼ਮੀਰ ਖਾਨ। ਹਵੇਲੀ ਦਾ ਵਾਰਿਸ, ਮਾਲਿਕ। ਭਾਵੇਂ ਬੇਟੀਆਂ ਦੇ ਪੈਦਾ ਹੋਣ ‘ਤੇ ਵੀ ਅਮੀਰ ਖਾਨ ਨੇ ਦਾਅਵਤਾਂ ਦਿੱਤੀਆਂ ਸੀ, ਪਰ ਪੁੱਤਰ ਦੇ ਜਨਮ ਉਤੇ ਜਸ਼ਨ ਮਨਾਏ ਗਏ। ਕਿਉਂ ਜੋ ਹਵੇਲੀ ਦਾ ਵਾਰਿਸ ਪੈਦਾ ਹੋਇਆ ਸੀ। ਲੱਖਾਂ ਦੀ ਜਾਇਦਾਦ ਦਾ ਮਾਲਕ।
ਗੁਲਬਾਨੋ ਹੁਣ ਮੁਕੰਮਲ ਔਰਤ ਬਣ ਗਈ ਸੀ। ਬੱਚਿਆਂ ਦੀ ਪਰਵਰਿਸ਼ ਤੇ ਘਰ ਦੇ ਕੰਮਾਂਕਾਰਾਂ ਕਾਰਨ ਉਸਨੂੰ ਆਪਣੇ ਬਾਰੇ ਸੋਚਣ ਦੀ ਫੁਰਸਤ ਨਹੀਂ ਸੀ। ਵਕਤ ਦੇ ਨਾਲ ਬੇਟੀਆਂ ਜੁਆਨ ਹੋਈਆਂ, ਰਿਸ਼ਤੇ ਲੱਭ ਕੇ ਵਿਆਹ ਕਰ ਦਿਤੇ। ਉਹ ਆਪਣੇ ਘਰ ਚਲੀਆਂ ਗਈਆਂ।
ਸ਼ਮੀਰ ਹਾਲੇ ਕਾਲਜ ਵਿਚ ਹੀ ਪੜ੍ਹਦਾ ਸੀ ਕਿ ਅਮੀਰ ਖਾਨ ਲੰਮੀ ਬਿਮਾਰੀ ਤੋਂ ਬਾਅਦ ਅੱਲ੍ਹਾ ਨੂੰ ਪਿਆਰਾ ਹੋ ਗਿਆ। ਗੁਲਬਾਨੋ ਦਾ ਇੱਕੋ-ਇੱਕ ਸਾਥੀ ਉਸਦਾ ‘ਮਿਜ਼ਾਜੀ ਖੁਦਾ’ ਇਸ ਦੁਨੀਆ ਤੋਂ ਚਲਾ ਗਿਆ ਪਰ ਗੁਲਬਾਨੋ ਨੇ ਸ਼ਮੀਰ, ਹਵੇਲੀ ਤੇ ਜਾਇਦਾਦ ਦੀ ਜ਼ਿੰਮੇਵਾਰੀ ਖਾਤਿਰ ਆਪਣੇ ਆਪ ਨੂੰ ਫਿਰ ਤੋਂ ਸੰਭਾਲਿਆ। ਗੁਲਬਾਨੋ ਅਤੇ ਸ਼ਮੀਰ ਇਕੱਲੇ ਰਹਿ ਗਏ ਕਿਲ੍ਹੇ ਵਰਗੀ ਹਵੇਲੀ ਵਿਚ। ਬਾਹਰਲੀ ਦੁਨੀਆਂ ਨਾਲ ਉਸਦਾ ਕੋਈ ਰਾਬਤਾ ਨਹੀਂ ਸੀ। ਅਮੀਰ ਖਾਨ ਨੇ ਕਦੇ ਉਸਨੂੰ ਮਜਬੂਰ ਵੀ ਨਹੀਂ ਕੀਤਾ ਸੀ ਕਿ ਉਸਦੇ ਪਰਿਵਾਰ ਤੇ ਸ਼ਰੀਕੇ ਨੂੰ ਮਿਲੇ।
ਸ਼ਮੀਰ ਜਦੋਂ ਕਾਨੂੰਨ ਦੀ ਪੜ੍ਹਾਈ ਕਰਨ ਲਾਹੌਰ ਚਲਾ ਗਿਆ ਤਾਂ ਗੁਲਬਾਨੋ ਇਕ ਵਾਰ ਫਿਰ ਤਨਹਾ ਹੋ ਗਈ। ਉਦਾਸੀਆਂ ਨੇ ਫੇਰ ਘੇਰ ਲਿਆ ਸੀ ਗੁਲਬਾਨੋ ਨੂੰ। ਇਕੋ ਆਸ `ਤੇ ਜੀਅ ਰਹੀ ਸੀ ਕਿ ਛੇਤੀ ਹੀ ਸ਼ਮੀਰ ਪੜ੍ਹਾਈ ਪੂਰੀ ਕਰ ਕੇ ਘਰ ਵਾਪਸ ਆ ਜਾਵੇਗਾ। ਉਸਦੀ ਸ਼ਾਦੀ ਕਰਾਂਗੀ ਤੇ ਸੁੰਨੀ ਹਵੇਲੀ ਮੁੜ ਆਬਾਦ ਹੋ ਜਾਵੇਗੀ।
ਸ਼ਮੀਰ ਪੜ੍ਹਾਈ ਕਰਨ ਗਿਆ, ਆਪਣੀ ਜ਼ਿੰਦਗੀ ਦਾ ਫੈਸਲਾ ਵੀ ਕਰ ਆਇਆ ਸੀ। ‘ਫਿਰੋਜ਼ ਖਾਨ’ ਦੀ ਧੀ ਫਿਰਦੋਸ ਨਾਲ ਇਸ਼ਕ ਹੋ ਗਿਆ ਸੀ, ਜੋ ਉਸਦੀ ਕਲਾਸ ਵਿਚ ਹੀ ਪੜ੍ਹਦੀ ਸੀ। ਗੁਲਬਾਨੋ ਨੂੰ ਪਤਾ ਲੱਗਿਆ ਤਾਂ ਜਿਵੇਂ ਉਸਦੇ ਸਿਰ ‘ਤੇ ਬਿਜਲੀ ਗਿਰੀ। ਲੱਗਿਆ ਜਿਵੇਂ 35 ਸਾਲ ਪਹਿਲਾਂ ਗੁਜ਼ਰਿਆ ਹਾਦਸਾ ਮੁੜ ਸਾਹਮਣੇ ਆ ਗਿਆ ਹੋਵੇ। ਸ਼ਮੀਰ, ਫਿਰਦੌਸ ਨਾਲ ਨਿਕਾਹ ਕਰਨ ਦਾ ਫੈਸਲਾ ਕਰੀ ਬੈਠਾ ਸੀ। ਗੁਲਬਾਨੋ ਨੂੰ ਸਮਝ ਨਹੀਂ ਆ ਰਹੀ ਸੀ ਕਿ ਜਵਾਨ ਪੁੱਤਰ ਨੂੰ ਅਣਹੋਣੀ ਤੋਂ ਕਿਵੇ ਰੋਕੇ।
‘ਸ਼ਮੀਰ ਪੁੱਤਰ…ਉਸ ਖਾਨਦਾਨ ਨਾਲ ਸਾਡੀ ਬੜੀ ਪੁਰਾਣੀ ਦੁਸ਼ਮਣੀ ਏ’…ਗੁਲਬਾਨੋ ਨੇ ਉਸ ਨੂੰ ਸਮਝਾਇਆ।
‘ਦੁਸ਼ਮਣੀ ਨੂੰ ਦੋਸਤੀ ਵਿਚ ਬਦਲ ਦੇਣਾ ਚਾਹੀਦਾ ਏ ਅੰਮੀ-ਜਾਨ ਜੀ’…ਸ਼ਮੀਰ ਨੇ ਮਾਂ ਦੀ ਗੱਲ ਮੋੜੀ।
‘ਮੇਰੇ ਪੁੱਤਰ, ਤੇਰੇ ਅੱਬਾ-ਜਾਨ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਨੂੰ ਬੜਾ ਦੁੱਖ ਹੋਣਾ ਸੀ ਕੇ ਤੂੰ ਕਿਸ ਕਾਰਨਾਮੇ ਨੂੰ ਅੰਜ਼ਾਮ ਦੇਣ ਜਾ ਰਿਹੈਂ! ਗੁਲਬਾਨੋ ਨੇ ਸਖਤ ਆਵਾਜ਼ ‘ਚ ਸ਼ਮੀਰ ਨੂੰ ਤਾੜਿਆ।
‘ਅੱਬਾਜਾਨ ਨੇ ਤਾਂ ਬਹੁਤ ਖੁਸ਼ ਹੋਣਾ ਸੀ ਅੰਮੀ’…ਉਹ ਤਾਂ ਇਨਕਲਾਬੀ ਇਨਸਾਨ ਸਨ। ਮੈਂ ਤਾਂ ਫਿਰੋਜ਼ ਅੰਕਲ ਦੀ ਪੜ੍ਹੀ ਲਿਖੀ ਬੇਟੀ ਨਾਲ ਨਿਕਾਹ ਕਰ ਰਿਹਾ ਹਾਂ। ਪਰ ਅੱਬਾਜਾਨ ਨੇ ਤਾਂ ਅੰਕਲ ਫਿਰੋਜ਼ ਦੀ ਠੁਕਰਾਈ ਹੋਈ ਮਾਸ਼ੂਕ ਗੁਲਬਾਨੋ ਦਾ ਹੱਥ ਫੜ ਲਿਆ ਸੀ। ਸ਼ਮੀਰ ਨੇ ਮਜ਼ਾਕ ਕੀਤਾ।
ਪਰ ਗੁਲਬਾਨੋ ਦੇ ਜਿਵੇਂ ਸੀਨੇ ਵਿਚ ਤੀਰ ਲੱਗਿਆ ਹੋਵੇ। ‘ਸ਼ਮੀਰ’…ਗੁਲਬਾਨੋ ਦੇ ਹੋਂਠ ਕੰਬੇ ਅਤੇ ਥਰਥਰਾਏ।
ਮੁੜ, ਮਾਂ-ਪੁੱਤਰ ਵਿਚਕਾਰ ਗੱਲ ਨਾ ਹੋਈ। ਸ਼ਮੀਰ, ਅੰਮੀ ਦੀਆਂ ਭਾਵਨਾਵਾਂ ਨੂੰ ਕਤਲ ਕਰ ਕੇ ਫਿਰਦੌਸ ਨਾਲ ਨਿਕਾਹ ਕਰ ਕੇ ਵਲਾਇਤ ਚਲਾ ਗਿਆ। ਫਿਰੋਜ਼ ਦੀ ਹਵੇਲੀ ਨਿਕਾਹ ਹੋਇਆ। ਉਸ ਹਵੇਲੀ ਵਿਚ ਜਿਥੋਂ ਗਲਬਾਨੋ ਨੂੰ ਬੇਇੱਜ਼ਤ, ਬੇਆਬਰੂ ਕਰ ਕੇ ਕੱਢਿਆ ਸੀ। ਗੁਲਬਾਨੋ ਤੇ ਉਸ ਦੀਆਂ ਧੀਆਂ ਸ਼ਮੀਰ ਦੇ ਨਿਕਾਹ `ਚ ਸ਼ਰੀਕ ਨਾ ਹੋਈਆਂ।
ਉਹ ਇੰਗਲੈਂਡ ਜਾਣ ਤੋਂ ਪਹਿਲਾਂ ਆਪਣੀ ਬੀਵੀ ਨਾਲ ਮਿਲਣ ਆਇਆ ਸੀ। ਪਰ ਗੁਲਬਾਨੋ ਨੇ ਨੌਕਰ ਤੋਂ ਕਹਿਲਵਾ ਦਿਤਾ ਕਿ ਬੇਗ਼ਮ ਸਾਹਿਬਾਂ ਦੀ ਤਬੀਅਤ ਠੀਕ ਨਹੀਂ ਏ। ਪੁੱਤਰ ਦੇ ਮੱਥੇ ਨਹੀਂ ਲੱਗੀ ਸੀ ਉਹ।
ਬਾਕੀ ਦੁਨੀਆਂ ਵਾਂਗ ਆਪਣੇ ਇਕਲੌਤੇ ਪੁੱਤਰ ਨਾਲੋਂ ਵੀ ਨਾਤਾ ਤੋੜ ਲਿਆ ਸੀ। ਹਨੇਰੀ ਹਵੇਲੀ ਦਾ ਚਿਰਾਗ ਤੇ ਇਕਲੌਤਾ ਵਾਰਿਸ ਹਵੇਲੀ ਦੇ ਦਰਵਾਜ਼ੇ ਤੋਂ ਵਾਪਿਸ ਮੋੜ ਦਿਤਾ ਗਿਆ।
ਉਮਰ ਬੀਤ ਰਹੀ ਸੀ। ਗੁਲਬਾਨੋ ਕੋਲ ਸ਼ਮੀਰ ਦੇ ਕਈ ਸੁਨੇਹੇ ਆਏ, ਮੁਆਫੀਆਂ ਮੰਗੀਆਂ ਗਈਆਂ। ਇੰਗਲੈਂਡ ਦੀ ਟਿਕਟ, ਪੌਂਡਾਂ ਦੇ ਮਨੀਆਰਡਰ ਤੇ ਬੱਚਿਆਂ ਦੇ ਪਿਆਰ ਦੇ ਵਾਸਤੇ ਦਿਤੇ ਗਏ। ਪਰ ਗੁਲਬਾਨੋ ਨੇ ਕਦੀ ਕੋਈ ਜੁਵਾਬ ਨਾ ਦਿਤਾ। ਦਰਿਆ ਜਿਹਲਮ ਵਾਂਗ ਹੋ ਗਈ ਸੀ ਉਹ…ਜਿਸਦੇ ਵਿਚੋਂ ਤੂਫਾਨ ਲੰਘਦੇ ਸੀ, ਪਰ ਕੰਢੇ ਨਹੀਂ ਹਿਲਦੇ ਸੀ। ਇਸ ਹਵੇਲੀ ਵਾਂਗ ਮਜ਼ਬੂਤ ਬਣ ਗਈ ਸੀ ਉਹ…ਜਿਸਦੀ ਛੱਤ ‘ਤੇ ਖੜ੍ਹੋ ਕੇ ਉਹ ਆਕਾਸ਼ ਨਾਲ ਗੱਲਾਂ ਕਰਦੀ ਸੀ ਤੇ ਧਰਤੀ ਦੇ ਲੋਕਾਂ ਦੀ ਉਸ ਤੱਕ ਕੋਈ ਪਹੁੰਚ ਨਹੀਂ ਸੀ।