ਹਾਥਰਸ ਵਾਲੇ ਸਤਸੰਗ ਦੀ ਭਗਦੜ ਵਿਚ ਮਾਰੇ ਗਏ ਸਵਾ ਸੌ ਵਿਅਕਤੀਆਂ ਦਾ ਦੁੱਖ ਕਿਸੇ ਵੀ ਸਿਆਣੇ ਤੇ ਸਮਝਦਾਰ ਵਿਅਕਤੀ ਲਈ ਅਸਹਿ ਹੈ| ਇਸ ਵਿਚ ਨੰਨ੍ਹੇ ਮੁੰਨੇ ਬਾਲਕ ਹੀ ਨਹੀਂ ਅਜਿਹੇ ਗੱਭਰੂ ਤੇ ਮੁਟਿਆਰਾਂ ਵੀ ਸਨ ਜਿਨ੍ਹਾਂ ਨੇ ਇਸ ਅਦੁੱਤੀ ਜੀਵਨ ਨੂੰ ਉਮਰ ਭਰ ਮਾਨਣਾ ਸੀ| ਇਸ ਕੁਕਰਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣ ਦੀ ਹਰ ਦਾਨਿਸ਼ਮੰਦ ਮੰਗ ਕਰ ਰਿਹਾ ਹੈ
ਪਰ ਉਨ੍ਹਾਂ ਭੋਲੇ ਭਾਲੇ ਲੋਕਾਂ ਦਾ ਕੀ ਕਰੀਏ ਜਿਹੜੇ ਹਾਲੀ ਵੀ ਭੋਲੇ ਬਾਬਾ ਦੇ ਪਖੰਡ ਦਾ ਗੁਣਗਾਇਨ ਕਰ ਰਹੇ ਹਨ ਤੇ ਉਸਦੀ ਚਰਨ ਧੂੜ ਨੂੰ ਕਰਾਮਾਤੀ ਦੱਸ ਰਹੇ ਹਨ| ਉਨ੍ਹਾਂ ਵਿਚ ਉਹ ਵੀ ਹਨ ਜਿਨ੍ਹਾਂ ਨੂੰ ਆਪਣੇ ਜਵਾਨ ਧੀ ਪੁੱਤਰਾਂ ਦੇ ਤੁਰ ਜਾਣ ਦਾ ਕੋਈ ਦੁੱਖ ਨਹੀਂ| ਹੋ ਸਕਦਾ ਹੈ ਤੁਰ ਗਿਆ ਜੀਵ ਮਾਪਿਆਂ ਨੂੰ ਪਰੇਸ਼ਾਨ ਕਰਦਾ ਹੋਵੇ| ਕੁੱਝ ਵੀ ਹੋਵੇ ਅਜਿਹੇ ਮੌਕੇ ਉਸਦੇ ਤੁਰ ਜਾਣ ਨੂੰ ਸਹਿਜ ਕਹਿਣਾ ਅਤਿਅੰਤ ਦੁਖਦਾਈ ਹੈ| ਏਸ ਲਈ ਕਿ ਅਜਿਹਾ ਬਿਆਨ ਭੋਲੇ ਬਾਬਾ ਨੂੰ ਹੀ ਨਹੀਂ ਉਨ੍ਹਾਂ ਰਾਜਨੀਤੀਵਾਨਾਂ ਨੂੰ ਵੀ ਬਰੀ ਕਰ ਦਿੰਦਾ ਹੈ ਜਿਨ੍ਹਾਂ ਲਈ ਇਨ੍ਹਾਂ ਪਖੰਡੀਆਂ ਦੇ ਸ਼ਰਧਾਲੂ ਵੋਟ-ਬੈਂਕ ਹਨ| ਸਿਆਸਤਦਾਨਾਂ ਦੇ ਇਸ ਰੁਝਾਨ ਦੀ ਆਸ ਲੈ ਕੇ ਪ੍ਰਸ਼ਾਸਕ ਵੀ ਮੂੰਹ ਫੇਰ ਲੈਂਦੇ ਹਨ| ਇਸਦਾ ਮਾਇਆਵਤੀ ਤੇ ਅਖਿਲੇਸ਼ ਯਾਦਵ ਨੇ ਹੀ ਨਹੀਂ ਅਯੋਧਿਆ ਰਾਮ ਮੰਦਰ ਦੇ ਮੁਖ ਪੁਜਾਰੀ ਨੇ ਵੀ ਗੰਭੀਰ ਨੋਟਿਸ ਲਿਆ ਹੈ| ਉਨ੍ਹਾਂ ਦੀ ਦਾਦ ਦੇਣੀ ਬਣਦੀ ਹੈ|
ਮੋਟਰ ਕਾਰਾਂ ਦੇ ਨਵੇਂ ਨੰਬਰਾਂ ਦਾ ਭਰਮ ਜਾਲ
ਅੱਜ-ਕੱਲ੍ਹ ਚੰਡੀਗੜ੍ਹ ਵਿਚ ਹੋ ਰਹੀ ਮੋਟਰ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਨੇ ਮੈਨੂੰ ਆਪਣੀ ਪਹਿਲੀ ਕਾਰ ਦਾ ਨੰਬਰ ਚੇਤੇ ਕਰਵਾ ਦਿੱਤਾ ਹੈ| ਇਹ ਕਾਰ ਮੈਂ ਦਿੱਲੀ ਤੋਂ ਚੰਡੀਗੜ੍ਹ ਆ ਕੇ ਖਰੀਦੀ ਸੀ| ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹੋਣ ਕਾਰਨ ਮੈਨੂੰ ਆਪਣੀ ਮਰਜ਼ੀ ਦਾ ਨੰਬਰ ਮਿਲ ਸਕਦਾ ਸੀ| ਮੈਂ ਦੋ ਅੰਕਾਂ ਵਾਲਾ ਕੋਈ ਵੀ ਨੰਬਰ ਮੰਗਿਆ; ਇਹ ਜਾਣਦਿਆਂ ਕਿ ਇੱਕ ਅੰਕ ਵਾਲੇ ਨੰਬਰ ਹੜੱਪਣ ਵਾਲੇ ਤਾਂ ਪਹਿਲਾਂ ਹੀ ਬਾਜ਼ੀ ਮਾਰ ਚੁੱਕੇ ਹੋਣਗੇ| ਨੰਬਰ ਦੇਣ ਦਿਲਵਾਣ ਵਾਲਾ ਸੋਚੀਂ ਪੈ ਗਿਆ| ਕੇਵਲ ਇੱਕ ਹੀ ਨੰਬਰ ਬਚਿਆ ਸੀ ਜਿਸ ਨੂੰ ਕੋਈ ਨਹੀਂ ਸੀ ਲੈ ਰਿਹਾ| ਉਹ ਸੀ 13 ਅਭਾਗਾ| ਮੇਰੇ ਚਿਹਰੇ ਉੱਤੇ ਬੇਪਰਵਾਹੀ ਵੇਖ ਕੇ ਉਸਨੇ ਚੰਡੀਗੜ੍ਹ ਦੇ ਉਸਰੱਈਏ ਲਾ ਕਾਰਬੂਜ਼ੇ ਦੀ ਮਿਸਾਲ ਦਿੱਤੀ ਜਿਸਨੇ ਇਸ ਨਵੇਂ ਸ਼ਹਿਰ ਦੀ ਵਿਉਂਤਬੰਦੀ ਕਰਦੇ ਸਮੇਂ ਏਸ ਨੰਬਰ ਦਾ ਕੋਈ ਵੀ ਸੈਕਟਰ ਨਹੀਂ ਸੀ ਵਿਉਂਤਿਆ|
ਮੈਂ ਉਸਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਇਹੀਓ, ਨੰਬਰ ਚਾਹੀਦਾ ਹੈ| ਨਵੀਂ ਕਾਰ ਮਾਰੂਤੀ 800 ਸੀ ਜਿਸਦੇ ਲਈ ਮੈਂ ਅਭਾਗਾ ਨੰਬਰ ਮੰਗਿਆ ਤੇ ਸਹਿਜੇ ਹੀ ਮਿਲ ਗਿਆ| ਇਹ ਨੰਬਰ ਪੀ ਏ ਵੀ 13 ਸੀ ਜਿਸਦੀ ਪੀ ਨੂੰ ਮੈਂ ਪੰਜਾਬ ਕਹਿੰਦਾ, ਏ ਨੂੰ ਅਕਾਲ ਤਖਤ ਤੇ ਵੀ ਨੂੰ ਵਿਕਟਰੀ; ਭਾਵ ਫਤਿਹ| ਇਹ ਵਾਲੀ ਕਾਰ ਮੇਰੇ ਕੋਲੋਂ ਮੇਰੇ ਭਾਣਜੇ ਅਮਰਪ੍ਰੀਤ ਮੰਟੂ ਲਾਲੀ ਨੇ ਲੈ ਲਈ; ਅਭਾਗੇ ਨੰਬਰ ਸਮੇਤ ਉਸ ਕਾਰ ਦੇ ਭਾਣਜੇ ਕੋਲ ਚਲੇ ਜਾਣ ਤੱਕ ਮੇਰੀ ਸੰਪਾਦਕੀ ਟੁੱਟ ਚੁੱਕੀ ਸੀ; ਪਰ ਮੈਂ ਆਪਣੀ ਜ਼ਿੱਦ ਪੁਗਾਂਦਿਆਂ ਉਸ ਤੋਂ ਪਿੱਛੋਂ ਵਾਲੀਆਂ ਕਾਰਾਂ ਦੇ ਨੰਬਰ ਵੀ ਉਹ ਲੈਂਦਾ ਰਿਹਾ ਹਾਂ ਜਿਨ੍ਹਾਂ ਦੀਆਂ ਜੜ੍ਹਾਂ ਵਿਚ 13 ਹੁੰਦਾ ਸੀ| ਮੇਰੀ ਅਜੋਕੀ ਕਾਰ ਦਾ ਮਾਡਲ ਟੋਇਓਟਾ ਹੈ ਪਰ ਨੰਬਰ 3801380643; ਭਾਵ 6+4+3= 13 (ਅਭਾਗਾ)|
ਕੁਝ ਦਿਨ ਪਹਿਲਾਂ ਮੇਰੀ ਦੁਬਈ ਵਿਖੇ ਇਮਾਰਤਸਾਜ਼ੀ ਦਾ ਕੰਮ ਕਰਨ ਵਾਲੇ ਕਰੋਪੜਪਤੀ ਠੇਕੇਦਾਰ ਸੁਰਿੰਦਰ ਪਾਲ ਸਿੰਘ ਓਬਰਾਇ ਨਾਲ ਮੁਲਾਕਾਤ ਹੋਈ ਤਾਂ ਉਸਨੇ ਹੋਰ ਵੀ ਸਿਰੇ ਵਾਲੀ ਗੱਲ ਦੱਸੀ| ਉਹ ਪੰਜਾਬ ਤੇ ਅਰਬ ਦੇਸ਼ਾਂ ਵਿਚ ਕਈ ਕੰਪਨੀਆਂ ਦਾ ਮਾਲਕ ਹੈ ਜਿਨ੍ਹਾਂ ਦੇ ਕਾਰਿੰਦਿਆਂ ਨੂੰ ਮੋਟਰ ਕਾਰਾਂ ਦਿੱਤੀਆਂ ਹੋਈਆਂ ਹਨ| ਕੁੱਲ ਕਾਰਾਂ 40 ਤੋਂ ਉੱਤੇ ਹਨ ਪਰ ਸਾਰੀਆਂ ਦੇ ਨੰਬਰ 85 ਹਨ; 8+5=13| ਉਸਨੇ ਦੱਸਿਆ ਕਿ ਉਸਦਾ ਜਨਮ 13 ਅਪ੍ਰੈਲ 1956 ਦਾ ਹੈ ਇਸ ਲਈ ਉਸਨੂੰ ਇਸ ਨੰਬਰ ਨਾਲ ਮੋਹ ਹੈ| ਉਸਦੀ ਨਿੱਜੀ ਵਰਤੋਂ ਵਾਲੀ ਕਾਰ ਦਾ ਨੰਬਰ ਤਾਂ ਹੈ ਹੀ ਮੇਰੀ ਪਹਿਲੀ ਕਾਰ ਵਾਲਾ| ਏਨੀਆਂ ਕਾਰਾਂ ਦੇ ਮਾਲਕ ਖਾਲਸਾ ਪੰਥ ਦੀ ਵਿਸਾਖੀ ਨੂੰ ਜਨਮੇ ਓਬਰਾਏ ਕੋਲ ਮਾਇਆ ਦਾ ਕੋਈ ਅੰਤ ਨਹੀਂ| ਉਹ ਅਰਬ ਦੇਸ਼ਾਂ ਦੀ ਕਮਾਈ ਨਾਲ ਪੰਜਾਬ ਵਿਚ ਸਮਾਜ ਸੇਵਾ ਦਾ ਕੰਮ ਵੀ ਕਰਦਾ ਹੈ| ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਤੇ ਆਨੰਦਪੁਰ ਸਾਹਿਬ ਵਿਖੇ ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਸਥਾਪਤ ਕਰ ਕੇ ਤੇ ਆਪਣੀਆਂ ਪ੍ਰਾਪਤੀਆਂ ਨੂੰ ਦਾਤੇ ਦੀ ਮਿਹਰ ਕਹਿ ਕੇ| ਜੇ ਮੇਰੇ ਵਰਗੇ ਨਾਸਤਕ ਨੂੰ ਉਸਦੇ ਦਾਤੇ ਦਾ ਪੱਖ ਪੂਰਨਾ ਪੈ ਜਾਵੇ ਤਾਂ ਆਖਾਂਗਾ ਕਿ ਦਾਤਾ ਵੀ ਉਨ੍ਹਾਂ ਬੰਦਿਆਂ ਨੂੰ ਗੁਣਵਾਨ ਬਣਾਉਂਦਾ ਹੈ, ਜਿਨ੍ਹਾਂ ਵਿਚ ਕੋਈ ਕਣ ਹੋਵੇ|
ਪੈਸੇ ਤਾਂ ਅਡਾਨੀ, ਅੰਬਾਨੀ ਕੋਲ ਵੀ ਘੱਟ ਨਹੀਂ ਪਰ ਉਹਦੇ ਵਰਗੇ ਵਿਰਲੇ ਲੋਕ ਹੁੰਦੇ ਨੇ ਜਿਹੜੇ ਆਪਣੀ ਕਮਾਈ `ਚੋਂ ਕਰੋੜਾਂ ਰੁਪਏ ਬਲੱਡ ਮਨੀ ਦੇ ਕੇ ਅਰਬੀ ਅਦਾਲਤਾਂ ਵਲੋਂ ਫਾਂਸੀ ਦੇ ਦੋਸ਼ੀ ਐਲਾਨੇ ਗਏ ਭਾਰਤੀਆਂ ਦੀ ਸਜ਼ਾ ਮੁਆਫ ਕਰਵਾਉਂਦੇ ਹੋਣ| ਅੱਜ ਤਕ ਉਹਦੇ ਵੱਲੋਂ ਛੁਡਵਾਏ ਗਏ ਵਿਅਕਤੀਆਂ ਦੀ ਗਿਣਤੀ 142 ਹੋ ਚੁੱਕੀ ਹੈ| ਉਸਦੇ ਏਸ ਮਾਰਗ ਤੁਰਨ ਵਾਲੀ ਕਹਾਣੀ ਕਾਰਾਂ ਦੇ ਨੰਬਰਾਂ ਨਾਲੋਂ ਨਿਰਾਲੀ ਹੈ|
ਇੱਕ ਪੜਾਅ ਉੱਤੇ ਉਸਨੂੰ ਪਤਾ ਲੱਗਿਆ ਕਿ ਅਰਬੀ ਅਦਾਲਤ ਨੇ 17 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ| ਜਦ ਉਸਨੂੰ ਇਹ ਪਤਾ ਲੱਗਿਆ ਕਿ ਉਨ੍ਹਾਂ ’ਚੋਂ ਕੇਵਲ ਤਿੰਨ ਹੀ ਕਾਤਲ ਸਨ ਤਾਂ ਉਹ ਸਾਰਿਆਂ ਨੂੰ ਜੇਲ੍ਹ ਵਿਚ ਜਾ ਕੇ ਮਿਲਿਆ| ਉਹ ਜਾਣਦਾ ਸੀ ਕਿ ਉਹ ਕੇਵਲ 14 ਦੋਸ਼ੀਆਂ ਨੂੰ ਨਹੀਂ ਸੀ ਛੁਡਵਾ ਸਕਦਾ| ਉਸਨੇ ਸਾਰਿਆਂ ਨੂੰ ਛੁਡਵਾਉਣ ਲਈ 8 ਕਰੋੜ ਪੰਜਾਹ ਲੱਖ ਦਿੱਤੇ ਤੇ ਛੁਡਵਾ ਲਏ| 142 ਕੇਸਾਂ ਲਈ ਕਿੰਨੀ ਬਲੱਡਮਨੀ ਦਿੱਤੀ ਹੋਵੇਗੀ ਸੋਚ ਕੇ ਹੈਰਾਨ ਹੋਏ ਬਿਨਾ ਨਹੀਂ ਰਿਹਾ ਜਾ ਸਕਦਾ|
ਇਹੀਓ ਕਾਰਨ ਹੈ ਕਿ ਹੁਣ ਉਸਦਾ ਸ਼ੁਮਾਰ ਕੁੱਲ ਦੁਨੀਆਂ ਦੇ ਉਨ੍ਹਾਂ ਚੋਣਵੇਂ ਪੁਰਸ਼ਾਂ ਵਿਚ ਹੁੰਦਾ ਹੈ ਜਿਨ੍ਹਾਂ ਨੂੰ ਇੰਟਰਨੈਸ਼ਨਲ ਚੈਰਿਟੀ ਫਾਊਂਡੇਸ਼ਨ, ਪੈਰਿਸ, ਵਲੋਂ ਐਂਬੈਸੇਡਰ ਆਫ ਪੀਸ (ਸ਼ਾਂਤੀ ਦੇ ਸਫੀਰ) ਦਾ ਸਨਮਾਨ ਮਿਲ ਚੁੱਕਿਆ ਹੈ| ਓਬਰਾਏ ਨੂੰ ਉਸ ਲਾਈਨ ਵਿਚ ਲੱਗਿਆਂ ਬਹੁਤੀ ਦੇਰ ਨਹੀਂ ਹੋਈ| 10 ਫਰਵਰੀ 2024 ਦੀ ਗੱਲ ਹੈ|
ਮੁਕਦੀ ਗੱਲ ਇਹ ਕਿ ਆਪਾਂ ਨੂੰ ਵੀ ਉਹਦੇ ਵਾਲੇ ਦਾਤੇ ਨਾਲ ਆੜੀ ਪਾਉਣੀ ਚਾਹੀਦੀ ਹੈ| ਮਿਲਿਆ ਤਾਂ ਪੁਛਾਂਗੇ ਉਹਦੇ ਕੋਲ ਕਿੰਨੀਆਂ ਕਾਰਾਂ ਬਚੀਆਂ ਹਨ|
ਪਿਛਲੇ ਪੰਜ ਮਹੀਨਿਆਂ ਦਾ ਸਾਹਿਤਕ ਵਿਗੋਚਾ
ਪਿਛਲੇ ਪੰਜ ਮਹੀਨਿਆਂ ਵਿਚ ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਵਿਕਾਸ ਨੂੰ ਪਰਨਾਏ ਪੰਜ ਸਪੂਤ ਸੁਖਜੀਤ, ਕਰਨਜੀਤ ਸਿੰਘ, ਜਗੀਰ ਸਿੰਘ ਜਗਤਾਰ, ਮੋਹਨਜੀਤ ਤੇ ਸੁਰਜੀਤ ਪਾਤਰ ਸਦੀਵੀ ਅਲਵਿਦਾ ਕਹਿ ਗਏ ਹਨ| ਮੇਰੀ ਉਮਰ ਨੇ ਮੈਨੂੰ ਇਨ੍ਹਾਂ ਸਭਨਾ ਦੇ ਪਰਿਵਾਰਾਂ ਤੱਕ ਪਹੁੰਚ ਕਰਨ ਦੀ ਆਗਿਆ ਨਹੀਂ ਦਿੱਤੀ| ਇਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਵੀ ਘਾਟਾ ਪਿਆ ਹੈ ਤੇ ਇਨ੍ਹਾਂ ਸਤਰਾਂ ਦੇ ਲੇਖਕ ਦੀ ਦੋਸਤੀ ਦਾ ਦਾਇਰਾ ਵੀ ਘਟਿਆ ਹੈ, ਜਿਸਦਾ ਉਸਨੂੰ ਡਾਢਾ ਦੁੱਖ ਹੈ|
ਸ਼੍ਰੋਮਣੀ ਅਕਾਲੀ ਦਲ ਦਾ ਵਰਤਮਾਨ ਸੰਕਟ
1920 ਦੇ ਅੰਤਲੇ ਦਿਨਾਂ ਵਿਚ ਗੁਰਦਵਾਰਾ ਸੁਧਾਰ ਦੀਆਂ ਜਥੇਬੰਦੀਆਂ ਵਲੋਂ ਸਥਾਪਤ ਕੀਤਾ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਬਾਵਜੂਦ 2024 ਦੀਆਂ ਲੋਕ ਸਭਾ ਚੋਣਾਂ ਦੇ ਫਲਸਰੂਪ ਕੇਵਲ ਇਕ ਹਲਕੇ ਵਿਚ ਸਫਲ ਹੋਇਆ ਹੈ ਅਤੇ 10 ਹਲਕਿਆਂ ਵਿਚ ਇਸਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ| ਕਿਸੇ ਸਮੇਂ ਜੈਤੋ ਦੇ ਮੋਰਚੇ ਵਿਚ ਹੁਮ ਹੁਮਾ ਕੇ ਭਾਗ ਲੈਣ ਵਾਲਾ ਤੇ ਇੰਦਰਾ ਗਾਂਧੀ ਵਲੋਂ ਲਾਈ ਐਮਰਜੈਂਸੀ ਦੇ ਵਿਰੋਧ ਵਿਚ 43,472 ਦੇਣ ਦਿਲਵਾਉਣ ਵਾਲੇ ਇਸ ਦਲ ਦੇ ਕਰਤੇ ਧਰਤੇ ਬਹੂ ਮੰਜ਼ਲੀ ਇਮਾਰਤਾਂ ਦੀ ਮਾਲਕੀ ਤੱਕ ਸੀਮਤ ਹੋ ਕੇ ਰਹਿ ਗਏ ਹਨ|
ਜੇ ਇਸਦੇ ਮੋਰਚਿਆਂ ਨੇ ਅੰਗਰੇਜ਼ੀ ਸਰਕਾਰ ਦੇ ਸਤਿਕਾਰ ਤੇ ਵੱਕਾਰ ਨੂੰ ਮਿੱਟੀ ਵਿਚ ਰੋਲਿਆ ਸੀ ਤਾਂ ਐਮਰਜੈਂਸੀ ਵਿਰੁਧ ਵੀ ਮੋਹਰੀ ਭੂਮਿਕਾ ਨਿਭਾਈ ਸੀ|
ਅਕਾਲੀ ਦਲ ਵਿਚ ਥੋੜ੍ਹੀ ਬਹੁਤ ਫੁੱਟ ਪਹਿਲਾਂ ਵੀ ਪੈਂਦੀ ਰਹੀ ਹੈ ਜਿਹੜੀ ਆਗੂਆਂ ਦੀ ਆਪਸੀ ਲੜਾਈ ਤੱਕ ਸੀਮਤ ਹੁੰਦੀ ਸੀ, ਹੁਣ ਵਾਲਾ ਸੰਕਟ ਇਸਦੀ ਲੋਕਾਂ ਤੋਂ ਵਧ ਰਹੀ ਦੂਰੀ ਦਾ ਲਖਾਇਕ ਹੈ ਜਿਸਦੇ ਬਹਾਲ ਹੋਣ ਦੀ ਕੋਈ ਸੂਰਤ ਦਿਖਾਈ ਨਹੀਂ ਦੇ ਰਹੀ| ਆਮ ਜਨਤਾ ਦੀਆਂ ਨਜ਼ਰਾਂ ਅਕਾਲ ਤਖਤ ਉੱਤੇ ਲੱਗੀਆਂ ਹੋਈਆਂ ਹਨ| ਨਤੀਜਾ ਸਮੇਂ ਦੇ ਹੱਥ ਹੈ| ਦੇਖੋ ਕੀ ਬਣਦਾ ਹੈ|
ਅੰਤਿਕਾ
ਸੁਲੱਖਣ ਸਰਹੱਦੀ॥
ਐ ਸੀਤੇ ਨੂੰ ਖੁਸ਼ ਨਾ ਹੋ ਕਿ ਰਾਮ ਦੀ ਜੈ-ਜੈਕਾਰ ਬਣੀ
ਏਸੇ ਰਾਮ ਨੇ ਕੱਲ੍ਹ ਨੂੰ ਤੈਥੋਂ ਅਗਨ ਪ੍ਰੀਖਿਆ ਲੈਣੀ ਹੈ|