ਸੁਰਿੰਦਰ ਸਿੰਘ ਤੇਜ
ਸੰਪਰਕ:98555-01488
ਕਈ ਵਾਰ ਸਿਰਫ ਇੱਕ ਸ਼ਾਹਕਾਰ ਗੀਤ ਕਿਸੇ ਗਾਇਕ ਜਾਂ ਗਾਇਕਾ ਨੂੰ ਅਮਰ ਬਣਾ ਦਿੰਦਾ ਹੈ। ਗਾਇਕਾ ਜਗਜੀਤ ਕੌਰ ਨੂੰ ਇਹ ਅਮਰਤਾ ਫ਼ਿਲਮ ‘ਸ਼ਗੁਨ’ ਦੇ ਗੀਤ ‘ਤੁਮ ਅਪਨਾ ਰੰਜ-ਓ-ਗ਼ਮ, ਅਪਨੀ ਪਰੇਸ਼ਾਨੀ ਮੁਝੇ ਦੇ ਦੋ; ਤੁਮਹੇ ਗ਼ਮ ਕੀ ਕਸਮ, ਇਸ ਦਿਲ ਕੀ ਵੀਰਾਨੀ ਮੁਝੇ ਦੇ ਦੋ’ ਨੇ ਬਖ਼ਸ਼ੀ। ਸਾਹਿਰ ਲੁਧਿਆਣਵੀ ਦੀ ਕਲਮ ਤੇ ਕਲਪਨਾ ਦੇ ਕਮਾਲ ਅਤੇ ਸੁਰ ਤੇ ਸ਼ਬਦ ਦੀ ਸੰਗਤ ਕਰਾਉਣ ਦੀ ਸੰਗੀਤਕਾਰ ਖੱਯਾਮ ਦੀ ਹੁਨਰਮੰਦੀ ਨੇ ਇਸ ਗੀਤ ਰਾਹੀਂ ਜਗਜੀਤ ਕੌਰ ਨੂੰ ਗਾਇਕੀ ਦੀਆਂ ਬੁਲੰਦੀਆਂ ਛੂਹਣ ਦੇ ਕਾਬਲ ਬਣਾਇਆ। ਜੋ ਹਾਵ-ਭਾਵ, ਜੋ ਲੈਅ, ਜੋ ਸੋਜ਼ ਸਾਹਿਰ ਦੇ ਸ਼ਬਦਾਂ ਵਿਚ ਹੈ, ਉਹ ਜਗਜੀਤ ਕੌਰ ਦੀ ਗਾਇਕੀ ਵਿਚ ਨਜ਼ਰ ਆਇਆ। ਇਸੇ ਸੁਮੇਲ ਨੇ ਜਗਜੀਤ ਕੌਰ ਨੂੰ ਹਿੰਦੀ ਫ਼ਿਲਮ ਗਾਇਕੀ ਦੇ ਇਤਿਹਾਸ ਵਿਚ ਨਿਵੇਕਲਾ ਮੁਕਾਮ ਦਿਵਾਇਆ।
‘ਸ਼ਗੁਨ’ (1964) ਵਿਚ ਵਹੀਦਾ ਰਹਿਮਾਨ, ਨਵੇਂ ਹੀਰੋ ਕਮਲਜੀਤ (ਅਸਲ ਨਾਮ ਸ਼ਸ਼ੀ ਰੇਖੀ) ਅਤੇ ਨਵੀਂ ਅਦਾਕਾਰਾ ਨਿਵੇਦਿਤਾ ਦੀਆਂ ਮੁੱਖ ਭੂਮਿਕਾਵਾਂ ਸਨ। ਜਗਜੀਤ ਕੌਰ ਵਾਲਾ ਗੀਤ ਨਿਵੇਦਿਤਾ ਉਪਰ ਫ਼ਿਲਮਾਇਆ ਗਿਆ ਸੀ। ਨਾਇਕਾ ਵਹੀਦਾ ਰਹਿਮਾਨ ਉਪਰ ਫ਼ਿਲਮਾਏ ਸੋਲੋ ‘ਬੁਝਾ ਦੀਏ ਹੈਂ ਖ਼ੁਦ ਅਪਨੇ ਹਾਥੋਂ, ਮੁਹੱਬਤੋਂ ਕੇ ਦੀਏ ਜਲਾ ਕੇ’ ਨੂੰ ਸੁਮਨ ਕਲਿਆਣਪੁਰ ਵੱਲੋਂ ਗਾਏ ਬਿਹਤਰੀਨ ਗੀਤਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਜੇ ਤਰਜ਼ ਤੇ ਸੰਗੀਤਕ ਸਹਿਜ ਨੂੰ ਪੈਮਾਨਾ ਬਣਾਇਆ ਜਾਵੇ ਤਾਂ ਸੁਮਨ ਵਾਲਾ ਗੀਤ ਜਗਜੀਤ ਕੌਰ ਦੇ ਗੀਤ ਨਾਲੋਂ ਬਿਹਤਰ ਜਾਪਦਾ ਹੈ ਪਰ ਜਗਜੀਤ ਕੌਰ ਨੇ ਆਪਣੀ ਗਾਇਕੀ ਅੰਦਰਲੇ ਸੋਜ਼ ਦੇ ਜ਼ਰੀਏ ਗੀਤ ਅੰਦਰ ਅਜਿਹੀ ਜਾਨ ਪਾਈ ਕਿ ‘ਤੁਮ ਅਪਨਾ ਰੰਜ-ਓ-ਗ਼ਮæææ ‘ ਫ਼ਿਲਮ ‘ਸ਼ਗੁਨ’ ਦੀ ਜਾਨ ਅਤੇ ਪਛਾਣ ਬਣ ਗਿਆ।
ਸੁਮਨ ਕਲਿਆਣਪੁਰ ਵਾਂਗ ਜਗਜੀਤ ਕੌਰ ਦੀ ਫ਼ਿਲਮ ਸੰਗੀਤ ਜਗਤ ਵਿਚ ਆਮਦ ਮੰਗੇਸ਼ਕਰ ਭੈਣਾਂ ਦੇ ਯੁੱਗ ਦੌਰਾਨ ਹੀ ਹੋਈ ਪਰ ਉਹ ਇਨ੍ਹਾਂ ਭੈਣਾਂ ਦੀ ਪ੍ਰਤੀਯੋਗੀ ਜਾਂ ਵਿਰੋਧੀ ਨਹੀਂ ਸੀ। ਉਸ ਨੇ ਆਪਣੇ ਲਈ ਨਿਵੇਕਲਾ ਸਪੇਸ ਬਣਾਇਆ। ਇਹ ਸਪੇਸ ਬਹੁਤ ਸੀਮਤ ਸੀ। ਇਸੇ ਲਈ ਉਹ ਕਿਸੇ ਦੀ ਵਿਰੋਧੀ ਨਹੀਂ ਸਮਝੀ ਗਈ। ਉਸ ਦੀ ਆਵਾਜ਼ ਟਿਪੀਕਲ ਹਿੰਦੀ ਫ਼ਿਲਮ ਹੀਰੋਇਨ ਦੇ ਗੀਤਾਂ ਵਾਲੀ ਆਵਾਜ਼ ਨਹੀਂ ਸੀ। ਇਸ ਵਿਚ ਗ਼ਜ਼ਲ ਜਾਂ ਠੁਮਰੀ ਗਾਇਕੀ ਵਾਲੀ ਖਣਕ ਸੀ ਅਤੇ ਨਾਲ ਹੀ ਇਹ ਕਰੁਣਾਮਈ ਵੀ ਸੀ। ਇਸ ਕਰੁਣਾ ਨੂੰ ਉਸ ਦੇ ਸੰਗੀਤਕਾਰ ਪਤੀ ਮੁਹੰਮਦ ਜ਼ਹੂਰ ਹੁਸੈਨ ਹਾਸ਼ਮੀ ‘ਖੱਯਾਮ’ ਨੇ ਆਪਣੀਆਂ ਧੁਨਾਂ ਵਿਚ ਬਾਖ਼ੂਬੀ ਵਰਤਿਆ। ਖੱਯਾਮ ਨੇ ਉਸ ਨੂੰ ਆਪਣੇ ਗਲੇ ਦੀਆਂ ਸੀਮਾਵਾਂ ਦੇ ਅੰਦਰ ਰਹਿ ਕੇ ਗਾਇਨ ਲਈ ਪ੍ਰੇਰਿਆ ਅਤੇ ਜਦੋਂ ਵੀ ਕੋਈ ਹਟਵਾਂ, ਵੱਧ ਕਰੁਣਾਮਈ ਗੀਤ ਗਵਾਉਣ ਦਾ ਮੌਕਾ ਮਿਲਿਆ ਤਾਂ ਮੰਗੇਸ਼ਕਰ ਭੈਣਾਂ- ਲਤਾ ਜਾਂ ਆਸ਼ਾ, ਦਾ ਸਹਾਰਾ ਲੈਣ ਦੀ ਥਾਂ ਜਗਜੀਤ ਕੌਰ ‘ਤੇ ਟੇਕ ਰੱਖੀ। ਇਸ ਜੁਗਲਬੰਦੀ ਨੇ ‘ਦੇਖ ਲੋ ਆਜ ਹਮਕੋ ਜੀਅ ਭਰ ਕੇ, ਕੋਈ ਆਤਾ ਨਹੀਂ ਹੈ ਫਿਰ ਮਰ ਕੇæææ ‘ (ਬਾਜ਼ਾਰ, 1982) ਅਤੇ ‘ਕਾਹੇ ਕੋ ਬਿਆਹੀ ਬਿਦੇਸ਼æææ ‘ (ਉਮਰਾਓ ਜਾਨ, 1981) ਵਰਗੇ ਪੁਰਸੋਜ਼ ਗੀਤ ਹਿੰਦੀ ਫ਼ਿਲਮ ਸੰਗੀਤ ਦਾ ਅਮਰ ਅੰਗ ਬਣਾਏ।
ਚੰਗੇ ਫ਼ਨਕਾਰ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਸੀਮਾਵਾਂ ਨੂੰ ਸਮੇਂ ਦੀਆਂ ਲੋੜਾਂ ਮੁਤਾਬਕ ਢਾਲਣਾ ਸਿੱਖੇ। ਜਗਜੀਤ ਕੌਰ ਨੇ ਇਸ ਜਜ਼ਬੇ ਦਾ ਮੁਜ਼ਾਹਰਾ ਆਪਣੇ ਹੀ ਅੰਦਾਜ਼ ਨਾਲ ਕੀਤਾ। ਉਂਝ, ਉਸ ਦੀ ਆਵਾਜ਼ ਅੰਦਰਲੇ ਸੋਜ਼ ਤੇ ਕਰੁਣਾ ਨੇ ਲੋੜ ਪੈਣ ‘ਤੇ ਸਰੂਰ ਤੇ ਸ਼ਊਰ ਦਾ ਰੂਪ ਵੀ ਵਧੀਆ ਗ੍ਰਹਿਣ ਕੀਤਾ। 1955 ਵਿਚ ਉਸ ਵੱਲੋਂ ਰਿਕਾਰਡ ਕਰਾਇਆ ਗਿਆ ਸ਼ਬਦ ‘ਬਿਸਰ ਗਈ ਸਭ ਤਾਤ ਪਰਾਈæææ ‘ ਪ੍ਰਭੂ ਸਿਮਰਨ ਰਾਹੀਂ ਪ੍ਰਾਪਤ ਸਰੂਰ ਦੀ ਉਮਦਾ ਮਿਸਾਲ ਹੈ। ਪਹਿਲਾਂ 1953 ਵਿਚ ‘ਦਿਲ-ਏ- ਨਾਦਾਨ’ ਦੇ ਗੀਤ (ਚੰਦਾ ਗਏ ਰਾਗਿਨੀ) ਰਾਹੀਂ ਵੀ ਉਸ ਨੇ ਅਜਿਹੀ ਹੁਨਰਮੰਦੀ ਦਾ ਮੁਜ਼ਾਹਰਾ ਕੀਤਾ ਸੀ। ਸਿੱਖ ਜ਼ਿਮੀਂਦਾਰ ਪਰਿਵਾਰ ਵਿਚ ਜਨਮੀ ਜਗਜੀਤ ਕੌਰ ਦੀ ਗਾਇਕੀ ਦਾ ਸਫ਼ਰ 1950 ਵਿਚ ਪੰਜਾਬੀ ਫ਼ਿਲਮ ‘ਪੋਸਤੀ’ ਤੋਂ ਸ਼ੁਰੂ ਹੋਇਆ। ਫ਼ਿਲਮ ਦਾ ਸੰਗੀਤਕਾਰ ਸਰਦੂਲ ਕਵਾਤੜਾ ਸੀ ਜੋ ਆਪਣੀ ਰੰਗੀਨਮਿਜ਼ਾਜੀ ਲਈ ਜਾਣਿਆ ਜਾਂਦਾ ਸੀ। ਜਗਜੀਤ ਕੌਰ ਨੂੰ ਮੁੱਢਲੇ ਦਿਨਾਂ ਵਿਚ ਸੰਘਰਸ਼ ਕਰਨਾ ਪਿਆ, ਪਰ 1953 ਵਿਚ ਖੱਯਾਮ ਦੇ ਸੰਪਰਕ ਵਿਚ ਆਉਣ ਅਤੇ ਦੋ ਸਾਲ ਬਾਅਦ ਉਸ ਨਾਲ ਵਿਆਹ ਕਰਨ ਤੋਂ ਬਾਅਦ ਜਗਜੀਤ ਕੌਰ ਨੇ ਆਪਣੀ ਗਾਇਕੀ ਉੱਤੇ ਜ਼ੋਰ ਦੇਣ ਦੀ ਥਾਂ ਪਤੀ ਦੀ ਸਹਾਇਕ ਬਣਨ ਨੂੰ ਤਰਜੀਹ ਦਿੱਤੀ। ਉਨ੍ਹਾਂ ਦੇ ਪੁੱਤਰ ਪ੍ਰਦੀਪ ਖੱਯਾਮ ਨੇ ਇੱਕ ਸਮੇਂ ਹੀਰੋ ਬਣਨਾ ਚੁਣਿਆ ਅਤੇ 1990 ਵਿਚ ਫ਼ਿਲਮ ‘ਜਾਨ-ਏ-ਵਫ਼ਾ’ ਵਿਚ ਫਾਰੂਕ ਸ਼ੇਖ ਨਾਲ ਅਹਿਮ ਭੂਮਿਕਾ ਨਿਭਾਈ ਪਰ ਫ਼ਿਲਮ ਦੇ ਫਲੌਪ ਹੋਣ ਤੋਂ ਬਾਅਦ ਪ੍ਰਦੀਪ ਨੇ ਕੈਨੇਡਾ ਜਾ ਵਸਣਾ ਬਿਹਤਰ ਸਮਝਿਆ ਜਿੱਥੇ ਉਸ ਦੀ ਬੇਵਕਤੀ ਮੌਤ ਹੋ ਗਈ।
ਜਗਜੀਤ ਕੌਰ ਦੇ ਗੀਤਾਂ ਦੀ ਗਿਣਤੀ ਸੌ ਦੇ ਕਰੀਬ ਹੈ। ਉਹਨੇ ਹਿੰਦੋਸਤਾਨੀ (ਹਿੰਦੀ-ਉਰਦੂ), ਮਰਾਠੀ, ਗੁਜਰਾਤੀ ਤੇ ਪੰਜਾਬੀ ਵਿਚ ਹੀ ਗੀਤ ਗਾਏ। ਉਸ ਨੇ ਆਖਰੀ ਗੀਤ 2005 ਵਿਚ ਰਿਕਾਰਡ ਕਰਵਾਇਆ ਸੀ।
Leave a Reply