ਕਸ਼ਮੀਰ ਦੇ ਕੇਰਨ ਸੈਕਟਰ ਵਿਚ ਦੋ ਹਫਤਿਆਂ ਤੋਂ ਚੱਲ ਰਹੀ ‘ਲੜਾਈ’ ਆਖਰਕਾਰ ਖਤਮ ਹੋ ਗਈ। ਭਾਰਤੀ ਫੌਜ ਦਾ ਦਾਅਵਾ ਹੈ ਕਿ ਕੇਰਨ ਸੈਕਟਰ ਵਿਚ ਤਲਾਸ਼ੀ ਮੁਹਿੰਮ ਹੁਣ ਖਤਮ ਹੋ ਗਈ ਹੈ। ਇਸ ਨੇ 8 ਦਹਿਸ਼ਤਪਸੰਦਾਂ ਦੇ ਹਲਾਕ ਹੋਣ ਅਤੇ ਵੱਡੀ ਮਾਤਰਾ ਵਿਚ ਹਥਿਆਰ ਤੇ ਅਸਲਾ ਫੜਨ ਦਾ ਦਾਅਵਾ ਵੀ ਕੀਤਾ ਹੈ। ਪਹਿਲਾਂ ਇਹੀ ਰਿਪੋਰਟਾਂ ਸਨ ਕਿ ਪਾਕਿਸਤਾਨ ਦੇ ਵਿਸ਼ੇਸ਼ ਦਸਤਿਆਂ ਵੱਲੋਂ 1999 ਦੇ ਕਾਰਗਿਲ ਹਮਲੇ ਦੀ ਤਰਜ਼ ‘ਤੇ ਕੇਰਨ ਸੈਕਟਰ ਵਿਚ ਵੱਡੇ ਪੱਧਰ ਉਤੇ ਘੁਸਪੈਠ ਕੀਤੀ ਗਈ ਹੈ। ਇਸ ਮਾਮਲੇ ਬਾਰੇ ਭਾਰਤ ਅਤੇ ਪਾਕਿਸਤਾਨ ਨੇ ਵੱਖ-ਵੱਖ ਦਾਅਵੇ ਕੀਤੇ ਹਨ ਪਰ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਸੱਚ ਇਹ ਹੈ ਕਿ ਕਸ਼ਮੀਰ ਦੇ ਲੋਕ ਬਹੁਤ ਔਖੇ ਸਮਿਆਂ ਵਿਚੋਂ ਲੰਘ ਰਹੇ ਹਨ। ਤਲਾਸ਼ੀ ਮੁਹਿੰਮ ਹੁਣ ਕਸ਼ਮੀਰੀਆਂ ਲਈ ਕੋਈ ਨਵੀਂ ਗੱਲ ਨਹੀਂ। ਇਸ ਮੁਹਿੰਮ ਦਾ ਸਿੱਧਾ ਜਿਹਾ ਮਤਲਬ ਸਬੰਧਤ ਇਲਾਕੇ ਦੇ ਲੋਕਾਂ ਨੂੰ ਦਰੜਨਾ ਵੀ ਬਣਦਾ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਫੌਜ ਨੇ ਅਜਿਹੀ ਤਲਾਸ਼ੀ ਮੁਹਿੰਮ ਨੂੰ ਅੰਜਾਮ ਦਿੱਤਾ ਹੈ, ਆਵਾਮ ਦਾ ਤਨ-ਮਨ ਬੁਰੀ ਤਰ੍ਹਾਂ ਪੱਛਿਆ ਜਾਂਦਾ ਰਿਹਾ ਹੈ। ਕਨੁਨ ਪੌਸ਼ਪੁਰਾ ਵਾਲੀ ਘਟਨਾ ਦੀ ਤਲਾਸ਼ੀ ਮੁਹਿੰਮ ਨੂੰ ਕਸ਼ਮੀਰੀ ਸ਼ਾਇਦ ਹੀ ਕਦੀ ਭੁਲਾ ਸਕਣ। 23 ਫਰਵਰੀ 1991 ਦੀ ਠਰੀ ਰਾਤ ਨੂੰ ਭਾਰਤੀ ਫੌਜੀਆਂ ਨੇ ਇਨ੍ਹਾਂ ਜੌੜੇ ਪਿੰਡਾਂ ਦੀਆਂ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਝੂਠੇ ਮੁਕਾਬਲਿਆਂ ਦੀ ਰੀਤ ਤਾਂ ਚਿਰਾਂ ਪੁਰਾਣੀ ਹੈ। ਇਥੇ ਇਹ ਚਰਚਾ ਉਥੋਂ ਦੇ ਆਵਾਮ ਦੇ ਮਨ ਵਿਚ ਉਬਲ ਰਹੇ ਲਾਵੇ ਦੀ ਥਾਹ ਪਾਉਣ ਲਈ ਕੀਤੀ ਜਾ ਰਹੀ ਹੈ। ਉਂਜ ਜੇ ਇਤਿਹਾਸ ਫਰੋਲਿਆ ਜਾਵੇ ਤਾਂ ਕਸ਼ਮੀਰ ਵਿਚ ਅਜਿਹੀਆਂ ਝੜਪਾਂ ਆਜ਼ਾਦੀ/ਵੰਡ ਤੋਂ ਤੁਰੰਤ ਬਾਅਦ ਹੀ ਸ਼ੁਰੂ ਹੋ ਗਈਆਂ ਸਨ। ਬੁਨਿਆਦੀ ਰੂਪ ਵਿਚ ਇਸ ਦੀਆਂ ਜੜ੍ਹਾਂ 1947 ਦੀ ਵੰਡ ਵਿਚ ਪਈਆਂ ਹਨ। ਇਸ ਵੰਡ ਬਾਰੇ ਬਹੁਤ ਸਾਰੇ ਵਿਦਵਾਨਾਂ, ਖੋਜੀਆਂ ਅਤੇ ਇਤਿਹਾਸਕਾਰਾਂ ਨੇ ਆਪੋ-ਆਪਣੀ ਰਾਏ ਪ੍ਰਗਟ ਕੀਤੀ ਹੈ। ਇਸ ਦੇ ਵੱਖ-ਵੱਖ ਪੱਖਾਂ ਨੂੰ ਪੁਣਿਆ-ਛਾਣਿਆ ਹੈ। ਪਾਕਿਸਤਾਨ ਲਈ ਇਹ ਵੰਡ ਵੱਖਰੇ ਦੇਸ਼ ਨਾਲ ਵੀ ਜੁੜੀ ਹੋਈ ਸੀ ਪਰ ਵੰਡ ਦਾ ਜੋ ਦਰਦ ਪੰਜਾਬੀਆਂ ਨੇ ਹੰਢਾਇਆ ਹੈ, ਉਸ ਦੀਆਂ ਚੀਸਾਂ ਅੱਜ ਤੱਕ ਪੈ ਰਹੀਆਂ ਹਨ। ਬਹੁਤੇ ਇਤਿਹਾਸਕਾਰਾਂ ਨੇ ਦੇਸ਼ ਦੀ ਵੰਡ ਨੂੰ ਅਸਲ ਵਿਚ ਪੰਜਾਬ ਦੀ ਵੰਡ ਵੀ ਕਰਾਰ ਦਿੱਤਾ ਹੈ ਕਿਉਂਕਿ ਉਸ ਵੇਲੇ ਜੋ ਫਿਰਕੂ ਹਿੰਸਾ ਅਤੇ ਕਤਲੋ-ਗਾਰਤ ਪੰਜਾਬ ਵਿਚ ਹੋਈ, ਦੇਸ਼ ਦੇ ਹੋਰ ਕਿਸੇ ਹਿੱਸੇ ਵਿਚ ਨਹੀਂ ਹੋਈ। ਇਸ ਕੋਣ ਤੋਂ ਕਸ਼ਮੀਰੀ ਭਾਗਾਂ ਵਾਲੇ ਸਾਬਤ ਹੋਏ ਸਨ ਪਰ ਵੰਡ ਪਿਛੋਂ ਸਰਹੱਦ ਦੇ ਆਰ-ਪਾਰ ਜਿਸ ਤਰ੍ਹਾਂ ਦੇ ਸਿਆਸੀ, ਸਮਾਜਕ, ਆਰਥਿਕ ਅਤੇ ਧਾਰਮਿਕ ਢਾਂਚੇ ਦੀ ਉਸਾਰੀ ਹੋਈ, ਉਸ ਨੇ ਪਾਕਿਸਤਾਨ ਅਤੇ ਭਾਰਤ-ਦੋਹਾਂ ਨੂੰ ਇਕ-ਦੂਜੇ ਦੇ ਖਿਲਾਫ ਲਿਆ ਖੜ੍ਹਾ ਕੀਤਾ। ਦੋਹਾਂ ਪਾਸਿਆਂ ਦਾ ਆਵਾਮ ਭਾਵੇਂ ਇਕ-ਦੂਜੇ ਲਈ ਤਾਂਘਦਾ ਰਿਹਾ ਪਰ ਦੋਹਾਂ ਪਾਸਿਆਂ ਦੀਆਂ ਸਰਕਾਰਾਂ ਤੇ ਸਟੇਟ ਵਿਚਕਾਰ ਸਦਾ ਪੇਚਾ ਪਿਆ ਰਿਹਾ ਅਤੇ ਇਹ ਪੇਚਾ ਦੋ ਜੰਗਾਂ ਦਾ ਸਬੱਬ ਵੀ ਬਣਿਆ।
ਅਸਲ ਵਿਚ ਸਰਹੱਦ ਦੇ ਆਰ-ਪਾਰ ਕੁਝ ਅਜਿਹੀਆਂ ਸਿਆਸੀ ਧਿਰਾਂ ਹਨ ਜਿਨ੍ਹਾਂ ਦੀ ਸਿਆਸਤ ਦਾ ਮੁੱਖ ਆਧਾਰ ਦੋਹਾਂ ਦੇਸ਼ਾਂ ਵਿਚ ਖਿੱਚੋਤਾਣ ਹੀ ਹੈ। ਇਹ ਸਿਆਸੀ ਧਿਰਾਂ ਸਦਾ ਵਿਰੋਧ ਦੀ ਸਿਆਸਤ ਵਿਚੋਂ ਆਪਣੀ ਸਿਆਸਤ ਚਲਾਉਂਦੀਆਂ ਰਹੀਆਂ ਹਨ ਅਤੇ ਹੁਣ ਵੀ ਚਲਾ ਰਹੀਆਂ ਹਨ। ਪਿਛਲੀਆਂ ਤੋਂ ਪਿਛਲੀਆਂ ਗੁਜਰਾਤ ਚੋਣਾਂ ਦੌਰਾਨ ਉਥੋਂ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੇ ਸੂਬੇ ਦੇ ਵੋਟਰਾਂ ਅੱਗੇ ਵੱਡਾ ਸਵਾਲ ਇਹੀ ਬਣਾ ਦਿੱਤਾ ਸੀ ਕਿ ਤੁਸੀਂ ਮੈਨੂੰ ਵੋਟਾਂ ਪਾਉਣੀਆਂ ਨੇ ਜਾਂ ਮੁਸ਼ੱਰਫ ਨੂੰ? ਉਦੋਂ ਪਾਕਿਸਤਾਨ ਵਿਚ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦਾ ਰਾਜ ਸੀ। ਇਕੱਲੇ ਪਾਕਿਸਤਾਨ ਦੀ ਗੱਲ ਨਹੀਂ, ਭਾਰਤੀ ਏਜੰਸੀਆਂ ਉਤੇ ਵੀ ਸਿੰਧ ਵਿਚ ਉਹੀ ਉਂਗਲ ਉਠਦੀ ਰਹੀ ਹੈ ਜੋ ਕੁਝ ਪਾਕਿਸਤਾਨੀ ਏਜੰਸੀਆਂ ਕਸ਼ਮੀਰ ਜਾਂ ਪੰਜਾਬ ਵਿਚ ਕਰਦੀਆਂ ਰਹੀਆਂ ਹਨ। ਫਰਕ ਸਿਰਫ ਇੰਨਾ ਹੈ ਕਿ ਕਸ਼ਮੀਰ ਅਤੇ ਪੰਜਾਬ ਬਾਰੇ ਅਜਿਹੀਆਂ ਖਬਰਾਂ ਭਾਰਤ ਦੇ ਮੀਡੀਆ ਦਾ ਹਿੱਸਾ ਬਣਦੀਆਂ ਹਨ ਅਤੇ ਸਿੰਧ ਵਾਲੀਆਂ ਖਬਰਾਂ ਸਿਰਫ ਪਾਕਿਸਤਾਨੀ ਮੀਡੀਆ ਵਿਚ ਹੀ ਨਸ਼ਰ ਹੁੰਦੀਆਂ ਹਨ। ਇਉਂ ਦੋਹਾਂ ਪਾਸਿਆਂ ਦੇ ਆਵਾਮ ਕੋਲ ਸਿਰਫ ਇਕਪਾਸੜ ਰਿਪੋਰਟਾਂ ਹੀ ਪੁੱਜਦੀਆਂ ਹਨ। ਇਸੇ ਦਾ ਫਾਇਦਾ ਕੁਝ ਖਾਸ ਸਿਆਸੀ ਧਿਰਾਂ ਉਠਾਉਂਦੀਆਂ ਹਨ। ਹੁਣ ਭਾਰਤੀ ਫੌਜ ਦੇ ਮੁਖੀ ਦਾ ਦਾਅਵਾ ਹੈ ਕਿ ਪਾਕਿਸਤਾਨੀ ਫੌਜ ਦੀ ਇਮਦਾਦ ਤੋਂ ਬਗੈਰ ਕੇਰਨ ਸੈਕਟਰ ਵਿਚ ਇੰਨੀ ਵੱਡੀ ਪੱਧਰ ਉਤੇ ਘੁਸਪੈਠ ਸੰਭਵ ਨਹੀਂ ਹੈ। ਇਸ ਤੋਂ ਅਗਲਾ ਸਵਾਲ ਇਹ ਹੈ ਕਿ ਪਾਕਿਸਤਾਨ ਦੀ ਸਰਕਾਰ ਨੂੰ ਆਪਣੀ ਫੌਜ ਦੀ ਇਸ ਹਰਕਤ ਬਾਰੇ ਕੋਈ ਇਲਮ ਵੀ ਹੈ ਜਾਂ ਨਹੀਂ? 1999 ਵਿਚ ਕਾਰਗਿਲ ਦੀ ਲੜਾਈ ਬਾਰੇ ਵੀ ਅਜਿਹੀਆਂ ਹੀ ਕਿਆਸ-ਅਰਾਈਆਂ ਹੋਈਆਂ ਸਨ। ਮੀਡੀਆ ਇਨ੍ਹਾਂ ਖਬਰਾਂ ਨਾਲ ਭਰ ਗਿਆ ਸੀ ਕਿ ਪਾਕਿਸਤਾਨੀ ਸਰਕਾਰ ਨੂੰ ਇਸ ਬਾਰੇ ਕੋਈ ਇਲਮ ਨਹੀਂ ਸੀ। ਇਹ ਤੱਥ ਸੱਚ ਹੋ ਸਕਦਾ ਹੈ ਪਰ ਪਾਕਿਸਤਾਨ ਦੀਆਂ ਸਰਕਾਰਾਂ ਦਾ ਭਾਰਤ ਵੱਲ ਜਿਸ ਤਰ੍ਹਾਂ ਦਾ ਰਵੱਈਆ ਰਿਹਾ ਹੈ, ਉਸ ਤੋਂ ਬਹੁਤ ਸਾਰੀਆਂ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ। ਪਾਕਿਸਤਾਨ ਸਰਕਾਰ ਲਈ ਕਸ਼ਮੀਰ ਸਦਾ ਮੁੱਖ ਮੁੱਦਾ ਰਿਹਾ ਹੈ। ਹਰ ਕੌਮੀ ਅਤੇ ਕੌਮਾਤਰੀ ਮੰਚ ਉਤੇ ਇਹ ਮੁੱਦਾ ਇਸ ਦੇ ਨਾਲ-ਨਾਲ ਚੱਲਦਾ ਹੈ। ਇਸ ਦਾ ਮੁੱਖ ਮਕਸਦ ਜਹਾਦੀਆਂ ਨੂੰ ਹਰ ਹੀਲੇ ਖੁਸ਼ ਰੱਖਣਾ ਹੈ ਕਿਉਂਕਿ ਪਾਕਿਸਤਾਨ ਵਿਚ ਇਸ ਵੇਲੇ ਜਹਾਦੀਆਂ ਦਾ ਸਰਕਾਰ ਅਤੇ ਸਟੇਟ ਵਿਚ ਹਰ ਪੱਧਰ ‘ਤੇ ਵੱਡਾ ਦਖਲ ਹੈ। ਇਸ ਦਾ ਅੰਦਾਜ਼ਾ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦੇ ਕਾਤਲ ਮੁਮਤਾਜ਼ ਕਾਦਰੀ ਦੇ ਹੱਕ ਵਿਚ ਹੁੰਦੀਆਂ ਰੈਲੀਆਂ ਤੋਂ ਵੀ ਲੱਗ ਸਕਦਾ ਹੈ। ਇਸ ਸ਼ਖਸ ਨੂੰ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ ਪਰ ਜਹਾਦੀਆਂ ਦਾ ਜ਼ੋਰ ਇੰਨਾ ਜ਼ਿਆਦਾ ਹੈ ਕਿ ਹਰ ਵਕੀਲ ਅਤੇ ਮੌਲਵੀ ਉਸ ਦੇ ਹੱਕ ਵਿਚ ਕੀਤੀ ਰੈਲੀ ਵਿਚ ਸ਼ਾਮਲ ਹੋ ਰਿਹਾ ਹੈ। ਇਸ ਨੁਕਤੇ ਤੋਂ ਧਰਮ ਵੀ ਸਵਾਲਾਂ ਦੇ ਘੇਰੇ ਵਿਚ ਆਉਂਦਾ ਹੈ ਕਿ ਇਸ ਨੇ ਸਰਬੱਤ ਦੇ ਭਲੇ ਲਈ ਰਾਹ ਬਣਾਉਣਾ ਹੈ ਜਾਂ ਇਸ ਦੇ ਰਾਹ ਨੂੰ ਭੀੜਾ ਕਰਨਾ ਹੈ।
Leave a Reply