ਬੋਲੀ ਪਾਉਣ ਦੀ ਮਨਸ਼ਾ

ਭੋਲਾ ਸਿੰਘ ਸ਼ਮੀਰੀਆ
ਫੋਨ: +91-95010-12199
ਲੋਕ ਬੋਲੀਆਂ ਦਾ ਸਬੰਧ ਸਾਡੇ ਵਲਵਲਿਆਂ, ਚਾਵਾਂ, ਖ਼ੁਸ਼ੀਆਂ ਤੇ ਧੜਕਦੇ ਜਜ਼ਬਾਤ ਨਾਲ ਹੈ। ਸਮਾਜ ਦੀ ਹਰ ਖ਼ੁਸ਼ੀ ਦਿਲ ਦੀ ਸੰਗੀਤ ਲਹਿਰ ਰਾਹੀਂ ਬੁੱਲ੍ਹਾਂ `ਤੇ ਤਰੰਨੁਮ ਬਣ ਕੇ ਪੈਰਾਂ ਦੀ ਤਾਲ ਜ਼ਰੀਏ ਨਾਚ ਬਣ ਕੇ ਪਸਰ ਜਾਂਦੀ ਹੈ। ਇਸ ਨੂੰ ਅਸੀਂ ਨਾਚ ਕਹਿ ਦਿੰਦੇ ਹਾਂ। ਫਿਰ ਇਹ ਨਾਚ ਨੇਮਾਂ `ਚ ਬੱਝਦਾ ਸਟੇਜਾਂ `ਤੇ ਆ ਚੜ੍ਹਦਾ ਹੈ।

ਮਨੁੱਖ ਦੇ ਅੰਦਰੋਂ ਲੋਕ ਬੋਲੀਆਂ ਅੰਗੜਾਈਆਂ ਲੈਂਦੀਆਂ ਹਨ। ਅੰਦਰੋਂ ਉੱਠੀ ਇਹ ਅੰਗੜਾਈ ਬੁੱਲ੍ਹਾਂ ਦੀ ਸੀਮਾ ਲੰਘਣ ਤੋਂ ਪਹਿਲਾਂ ਮਨੁੱਖੀ ਮੁਦਰਾਵਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲੈਂਦੀ ਹੈ। ਚਿਹਰੇ ਦੇ ਹਾਵ-ਭਾਵ, ਅੱਖਾਂ, ਹੱਥਾਂ ਤੇ ਪੈਰਾਂ ਦੀ ਤਾਲ ਦੇ ਸੰਗ ਪ੍ਰਵਾਨ ਚੜ੍ਹਦੀ ਹੈ। ਮੁੱਢ-ਕਦੀਮ ਤੋਂ ਹੀ ਭਾਰਤੀ ਸੰਸਕ੍ਰਿਤੀ ਦੀ ਮਾਨਸਿਕਤਾ ਧਾਰਮਿਕ ਰੰਗਤ ਵਾਲੀ ਰਹੀ ਹੈ। ਅਸੀਂ ਹਰ ਸ਼ੁਭ ਕਾਰਜ ਕਰਨ ਤੋਂ ਪਹਿਲਾਂ ਰੱਬ ਦੀ ਬੰਦਗੀ ਜਾਂ ਅਰਾਧਨਾ ਕਰ ਕੇ ਉਸ ਕਾਰਜ ਦੀ ਸੰਪੂਰਨਤਾ ਅਤੇ ਸਲਾਮਤੀ ਲੋਚਦੇ ਹਾਂ। ਇਸ ਤੱਥ ਦੀ ਗੁਰਬਾਣੀ ਵੀ ਤਰਜਮਾਨੀ ਕਰਦੀ ਹੈ:
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ।
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ«
ਜਦੋਂ ਨਾਚ ਨੇਮਬੱਧ ਹੋ ਗਿਆ ਤਾਂ ਇਸ ਦੇ ਨਿਭਾਅ ਲਈ ਵੀ ਮਾਪਦੰਡ ਬਣ ਗਏ। ਬੋਲੀ ਦੀ ਭਾਵਨਾ ਅਨੁਸਾਰ ਮਨੁੱਖੀ ਮੁਦਰਾਵਾਂ ਨੂੰ ਢਾਲਣਾ ਕਲਾਤਮਕ ਕਿਰਿਆ ਬਣ ਗਈ। ਇਸ ਕਲਾ ਨੂੰ ਨਿਭਾਉਣ ਲਈ ਕਲਾਕਾਰ ਆਪਣੇ ਇਸ਼ਟ ਜਾਂ ਦੇਵੀ ਦੇਵਤਿਆਂ ਦੀ ਅਰਾਧਨਾ ਕਰਦਾ ਹੈ। ਇਉਂ ਲੋਕ ਬੋਲੀਆਂ ਵਿਚ ਦੇਵੀ ਦੇਵਤਿਆਂ ਦੀ ਅਰਾਧਨਾ ਕਲਾਕਾਰ ਦਾ ਧਰਮ ਬਣ ਜਾਂਦਾ ਹੈ। ਆਪਣੀ ਕਲਾ ਦੀ ਸੰਪੂਰਨਤਾ ਲਈ ਕਲਾਕਾਰ ਆਪਣੀ ਵੰਨਗੀ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਜਾਂ ਦੇਵੀ ਦੇਵਤਿਆਂ ਨੂੰ ਪਹਿਲੀ ਬੋਲੀ ਰਾਹੀਂ ਧਿਆਉਂਦਾ ਹੈ ਤਾਂ ਕਿ ਉਸ ਦੀ ਕਲਾਤਮਕ ਬਿਰਤੀ ਭੰਗ ਨਾ ਹੋਵੇ। ਕਿਸੇ ਵਿਆਹ ਵਿਚ ਜੁੜੀਆਂ ਮੇਲਣਾਂ ਜਾਂ ਕੁੜੀਆਂ ਵੀ ਗਿੱਧਾ ਸ਼ੁਰੂ ਕਰਨ ਤੋਂ ਪਹਿਲਾਂ ਬੋਲੀ ਉਚਾਰਦੀਆਂ ਹਨ:
ਆਵੀਂ ਬਾਬਾ ਨਾਨਕਾ
ਤੂੰ ਜਾਵੀਂ ਬਾਬਾ ਨਾਨਕਾ
ਏਹੋ ਜਿਹੀਆਂ ਖ਼ੁਸ਼ੀਆਂ
ਲਿਆਈਂ ਬਾਬਾ ਨਾਨਕਾ।
ਇਉਂ ਧਾਰਮਿਕ ਰੰਗਤ ਤੋਂ ਬਾਅਦ ਗਿੱਧਾ ਨਿੱਖਰਦਾ ਹੋਇਆ ਮੇਲਣਾਂ ਨੂੰ ਵੰਗਾਰਨ ਤੱਕ ਜਾਂਦਾ ਹੈ:
ਏਹਨੇ ਕੀ ਨੱਚਣਾ, ਗੋਡਿਆਂ ਕੋਲੋਂ ਮੋਟੀ।
ਨਾਨਕੇ ਮੇਲ ਆਈਆਂ ਮੇਲਣਾਂ ਛੱਜ ਤੋੜਨ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਇੱਕ ਜਣੀ ਬੋਲੀ ਦੇ ਰੂਪ ਵਿਚ ਛੱਜ ਤੋੜਨ ਸਮੇਂ ਵੀ ਸ਼ੁੱਭ ਬੋਲੀ ਪਾਉਂਦੀ ਬੋਲੀ ਦਾ ਆਗਾਜ਼ ਕਰਦੀ ਹੈ:
ਲੈ ਭੂਆ ਛੱਕ ਭਰਤੀ ਤੇਰੀ
ਛੱਜ ਟੂੰਮਾਂ ਦਾ ਪਾ ਕੇ।
ਭਾਂਤ-ਭਾਂਤ ਦੇ ਗਹਿਣੇ ਰੱਖ ਤੇ
ਉਤੇ ਰੁਮਾਲ ਵਿਛਾ ਕੇ।
ਤੇਰੇ ਵਿਹੜੇ ਛੱਜ ਰੱਖ ਦਿੱਤਾ
ਨਾਮ ਗੁਰਾਂ ਦਾ ਧਿਆ ਕੇ।
ਟੂੰਮਾਂ ਤੇਰੀ ਝੋਲੀ ਪਾਤੀਆਂ
ਸਾਰਾ ਛੱਜ ਉਲਟਾ ਕੇ।
ਹੋਕਾ ਦੇ ਚੱਲੀਆਂ
ਖਾਲੀ ਛੱਜ ਖੜਕਾ ਕੇ।
ਗੁਰਾਂ ਦਾ ਨਾਮ ਧਿਆਉਣ ਬਾਅਦ ਛੱਜ ਕੁੱਟਣ ਜਾਂ ਤੋੜਨ ਦੀ ਰਸਮ ਸ਼ੁਰੂ ਹੁੰਦੀ ਹੈ। ਇਹ ਵੀ ਪਰੰਪਰਾ ਹੈ ਕਿ ਸ਼ੁਰੂ-ਸ਼ੁਰੂ ਵਿਚ ਨਾਨਕੇ ਟੂੰਮਾਂ ਨੂੰ ਛੱਜ ਵਿਚ ਰੱਖ ਕੇ ਨਾਨਕ-ਛੱਕ ਭਰਿਆ ਕਰਦੇ ਸਨ। ਜਦੋਂ ਟੂੰਮਾਂ ਪਹਿਨ ਲਈਆਂ ਜਾਂਦੀਆਂ ਸਨ ਤਾਂ ਖਾਲੀ ਛੱਜ ਖੜਕਾ ਜਾਂ ਕੁੱਟ ਕੇ ਸ਼ਰੀਕੇ ਕਬੀਲੇ ਨੂੰ ਨਾਨਕ ਛੱਕ ਬਾਰੇ ਦੱਸਿਆ ਜਾਂਦਾ ਸੀ ਜਾਂ ਆਪਣੀ ਵਡਿਆਈ ਦਰਸਾਈ ਜਾਂਦੀ ਸੀ। ਛੱਜ ਭੰਨਣ ਦੀ ਪਰੰਪਰਾ ਇਉਂ ਸ਼ੁਰੂ ਹੋਈ ਦੱਸੀ ਜਾਂਦੀ ਹੈ। ਮੇਲਣਾਂ ਗਾਉਂਦੀਆਂ ਹਨ:
ਭੰਨ ਦਿਓ ਨੀ ਇਸ ਭਾਗਾਂ ਵਾਲੇ ਛੱਜ ਨੂੰ।
ਮਰਦਾਂ ਦਾ ਗਿੱਧਾ ਵੀ ਅੱਜ ਕੱਲ੍ਹ ਕਾਫ਼ੀ ਪ੍ਰਚੱਲਿਤ ਹੈ। ਇਸ ਗਿੱਧੇ ਦੇ ਵੀ ਨੇਮ ਬਣ ਚੁੱਕੇ ਹਨ। ਮਰਦਾਵੀਂ ਟੋਲੀ ਜਦੋਂ ਜੌਹਰ ਦਿਖਾਉਣ ਲਈ ਮੈਦਾਨ ਵਿਚ ਉਤਰਦੀ ਹੈ ਤਾਂ ਉਹ ਵੀ ਸਭ ਤੋਂ ਪਹਿਲਾਂ ਰੱਬ ਦਾ ਨਾਂ ਧਿਆਉਂਦੀ ਹੈ:
ਦੇਵੀ ਮਾਤਾ ਗੌਣ ਬਖ਼ਸ਼ਦੀ
ਨਾਮ ਲਏ ਜੱਗ ਤਰਦਾ।
ਬੋਲੀਆਂ ਪਾਉਣ ਦੀ ਹੋਗੀ ਮਨਸ਼ਾ
ਸਿਰ ਚਰਨਾਂ `ਤੇ ਧਰਦਾ।
ਸ਼ੌਕ ਨਾਲ ਮੈਂ ਪਾਵਾਂ ਬੋਲੀਆਂ
ਮੈਂ ਨਾ ਕਿਸੇ ਤੋਂ ਡਰਦਾ।
ਨਾਂ ਪਰਮੇਸ਼ਰ ਦਾ
ਲੈ ਕੇ ਗਿੱਧੇ ਵਿਚ ਵੜਦਾ।
ਇੱਕ ਦੋ ਹੋਰ ਬੋਲੀਆਂ ਪਾਉਣ ਤੋਂ ਬਾਅਦ ਗਿੱਧਾ ਅਸਲੀ ਰੂਪ ਵੱਲ ਵਧਦਾ ਹੈ:
ਧਰਤੀ ਜੇਡ ਗਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ।
ਬ੍ਰਹਮਾ ਜੇਡ ਨਾ ਪੰਡਿਤ ਕੋਈ
ਸੀਤਾ ਜੇਡ ਨਾ ਮਾਤਾ।
ਲਛਮਣ ਜੇਡ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ।
ਦੁਨੀਆ ਮਾਣ ਕਰੇ
ਰੱਬ ਸਭਨਾਂ ਦਾ ਰਾਖਾ।
ਕਈ ਵਾਰ ਕਲਾਕਾਰ ਸਥਿਤੀ ਜਾਂ ਸਮੇਂ ਅਨੁਸਾਰ ਧਾਰਮਿਕ ਬੋਲੀਆਂ ਵਿਚ ਵਾਧਾ ਵੀ ਕਰ ਲੈਂਦੇ ਹਨ। ਜੇਕਰ ਉਹ ਥਾਂ ਧਾਰਮਿਕ ਹੈ ਜਾਂ ਧਾਰਮਿਕ ਭਾਵਨਾਵਾਂ ਵਾਲੇ ਘਰ ਹੈ ਤਾਂ ਇੱਕ ਤੋਂ ਵੱਧ ਵੀ ਧਾਰਮਿਕ ਬੋਲੀਆਂ ਪਾਈਆਂ ਜਾਂਦੀਆਂ ਹਨ। ਜੇਕਰ ਇਹ ਥਾਂ ਹਿੰਦੂ ਮੱਤ ਨਾਲ ਸਬੰਧਿਤ ਹੈ ਤਾਂ ਇਸ ਤਰ੍ਹਾਂ ਦੀ ਬੋਲੀ ਵੀ ਪਾਈ ਜਾਂਦੀ ਹੈ:
ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫਕੀਰ ਧਿਆਵਾਂ।
ਹੈਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਜਾਵਾਂ।
ਹਨੂੰਮਾਨ ਦੀ ਦੇਵਾਂ ਮੰਨੀ
ਰਤਾ ਦੇਰ ਨਾ ਲਾਵਾਂ।
ਨੀਂ ਮਾਤਾ ਭਗਵਤੀਏ
ਮੈਂ ਤੇਰਾ ਜਸ ਗਾਵਾਂ।
ਲੋਕ ਬੋਲੀਆਂ ਪਾਉਣ ਵਾਲੇ ਕਲਾਕਾਰ ਲੋਕਾਂ ਦੇ ਇਕੱਠ ਤੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਜਾਂਦੇ ਹਨ ਕਿ ਸੰਗਤ ਦੇ ਰੂਪ ਵਿਚ ਜੁੜੀ ਜਨਤਾ ਕਿਸ ਤਰ੍ਹਾਂ ਦੀ ਹੈ। ਜੇਕਰ ਜ਼ਿਆਦਾ ਗਿਣਤੀ ਪੱਗਾਂ ਵਾਲਿਆਂ ਦੀ ਹੈ ਤਾਂ ਉਹ ਕਲਾਕਾਰ ਆਪਣੀ ਬੋਲੀ ਦੀ ਸ਼ੁਰੂਆਤ ਇਉਂ ਕਰਦਾ ਹੈ:
ਗੁਰੂ ਧਿਆ ਕੇ ਪਾਵਾਂ ਬੋਲੀ
ਸਭ ਨੂੰ ਫਤਹਿ ਬੁਲਾਵਾਂ।
ਬੇਸ਼ੱਕ ਮੈਨੂੰ ਮਾੜਾ ਆਖੋ
ਮਿੱਠੇ ਬੋਲ ਸੁਣਾਵਾਂ।
ਭਾਈਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ।
ਗੁਰੂ ਦਿਆਂ ਸ਼ੇਰਾਂ ਦੇ
ਮੈਂ ਵੱਧ ਕੇ ਜੱਸ ਗਾਵਾਂ।
ਲੋਕ ਬੋਲੀਆਂ ਤੋਂ ਬਿਨਾਂ ਕਾਵਿ ਧਾਰਾ ਦੇ ਕਿਸੇ ਹੋਰ ਰੂਪ ਵਿਚ ਵੀ ਕਲਾ ਦੇ ਜੌਹਰ ਦਿਖਾਉਣ ਤੋਂ ਪਹਿਲਾ ਕੋਈ ਨਾ ਕੋਈ ਧਾਰਮਿਕ ਰੰਗਤ ਵਾਲੀ ਵਿਧਾ ਨੂੰ ਸੁਣਾ ਕੇ ਆਪਣੀ ਕਲਾ ਵੰਨਗੀ ਦਾ ਆਗਾਜ਼ ਕੀਤਾ ਜਾਂਦਾ ਹੈ। ਚਾਹੇ ਉਹ ਪੰਜਾਬ ਦੀ ਅਖਾੜਾ ਪਰੰਪਰਾ ਹੋਵੇ, ਕਵੀਸ਼ਰੀ ਵਿਧਾ ਹੋਵੇ ਜਾਂ ਢਾਡੀ ਪਰੰਪਰਾ ਹੋਵੇ। ਇਨ੍ਹਾਂ ਨੇ ਚਾਹੇ ਕੋਈ ਕਿੱਸਾ ਕਾਵਿ ਸ਼ੁਰੂ ਕਰਨਾ ਹੋਵੇ, ਚਾਹੇ ਕੋਈ ਵਾਰ ਦਾ ਰੂਪ ਸ਼ੁਰੂ ਕਰਨਾ ਹੋਵੇ। ਸਭ ਤੋਂ ਪਹਿਲਾਂ ਧਾਰਮਿਕ ਵੰਨਗੀ ਪੇਸ਼ ਕਰਕੇ ਇੱਕ ਤਰ੍ਹਾਂ ਦੀ ਪਰਮਾਤਮਾ ਤੋਂ ਆਗਿਆ ਮੰਗੀ ਜਾਂਦੀ ਹੈ। ਜਿਸ ਭਾਵਨਾ ਵਾਲਾ ਇਕੱਠ ਹੋਵੇ ਜਾਂ ਜਿਸ ਭਾਵਨਾ ਵਾਲਾ ਕਲਾਕਾਰ ਹੋਵੇ, ਆਪੋ-ਆਪਣੀ ਸ਼ਰਧਾ ਅਨੁਸਾਰ ਧਾਰਮਿਕ ਆਗਾਜ਼ ਨਾਲ ਹੀ ਆਪਣੀ ਪਰੰਪਰਾ ਦੀ ਸ਼ੁਰੂਆਤ ਕਰਦਾ ਹੈ। ਧਾਰਮਿਕ ਰੰਗਤ ਵਿਚ ਫਰੀਦ ਵੀ ਹੋ ਸਕਦਾ ਹੈ, ਰਵੀਦਾਸ ਵੀ, ਕਬੀਰ ਵੀ ਅਤੇ ਰਾਮ ਚੰਦਰ ਵੀ ਹੋ ਸਕਦਾ ਹੈ। ਪਰੰਪਰਾਵਾਦੀ ਰਾਜਿਆਂ ਵਿਚੋਂ ਰਾਜਾ ਭਰਥਰੀ, ਰਾਜਾ ਸਲਵਾਨ, ਪੂਰਨ ਭਗਤ, ਰਾਣੀ ਕੌਲਾਂ, ਗੋਪੀ ਚੰਦ, ਤਾਰਾ ਰਾਣੀ ਆਦਿ ਵੀ ਹੋ ਸਕਦੇ ਹਨ।
ਇਸ ਲਈ ਸਾਡੀ ਕਾਵਿ ਵਿਧਾ ਦਾ ਰੂਪ ਚਾਹੇ ਕੋਈ ਵੀ ਹੋਵੇ, ਇਸ ਦੀ ਸ਼ੁਰੂਆਤ ਧਾਰਮਿਕ ਜਾਂ ਆਪਣੇ ਇਸ਼ਟ ਨੂੰ ਧਿਆ ਕੇ ਹੀ ਸ਼ੁਰੂ ਕੀਤੀ ਜਾਂਦੀ ਹੈ। ਇਹ ਪਰੰਪਰਾ ਅੱਜ ਕੱਲ੍ਹ ਦੀ ਨਹੀਂ ਹੈ, ਸਦੀਆਂ ਪੁਰਾਣੀ ਹੈ ਜੋ ਅੱਜ ਵੀ ਆਪਣੇ ਪੁਰਾਣੇ ਕਦਮਾਂ `ਤੇ ਚੱਲਦੀ ਹੋਈ ਆਧੁਨਿਕ ਦੌਰ ਵਿਚ ਦਾਖਲ ਹੁੰਦੀ ਹੈ।