ਅਕਾਲੀ ਦਲ ਦਾ ਸੰਕਟ ਅਤੇ ਭਰੋਸਾ ਬਹਾਲੀ ਦੇ ਮਸਲੇ

ਜਗਤਾਰ ਸਿੰਘ
ਫੋਨ: +91-97797-11201
ਸ਼੍ਰੋਮਣੀ ਅਕਾਲੀ ਦਲ ਸਿੱਖ ਸੱਧਰਾਂ ਅਤੇ ਉਮੰਗਾਂ ਨੂੰ ਜ਼ੁਬਾਨ ਦੇਣ ਦੇ ਆਸ਼ੇ ਤਹਿਤ ਕਾਰਜਸ਼ੀਲ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਜਿਸ ਦੇ ਸੀਨੀਅਰ ਆਗੂਆਂ ਦੇ ਇੱਕ ਹਿੱਸੇ ਨੇ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਸਨਮੁੱਖ ਪੇਸ਼ ਹੋ ਕੇ ਪਛਤਾਵਾ ਪੱਤਰ ਸੌਂਪਿਆ ਹੈ ਅਤੇ ਉਨ੍ਹਾਂ ਦਾ ਇਹ ਕਦਮ ਮਹਿਜ਼ ਸੱਤਾ ਸੰਘਰਸ਼ ਤੱਕ ਸੀਮਤ ਨਹੀਂ ਰਹਿ ਗਿਆ। ਇਸ ਪੱਤਰ `ਤੇ ਦਸਤਖ਼ਤ ਕਰਨ ਵਾਲਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਵਾਰ ਪ੍ਰਧਾਨ ਰਹਿ ਚੁੱਕੇ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਮਨਜੀਤ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ 1995 ਤੋਂ ਪਾਰਟੀ ਦੇ ਸਿਰਕੱਢ ਆਗੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਭਾਲੀ ਜਾ ਰਹੀ ਸੀ ਜਿਨ੍ਹਾਂ 2008 ਵਿਚ ਪਾਰਟੀ ਦੀ ਵਾਗਡੋਰ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤ ਵਿਚ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਸਭ ਤੋਂ ਵੱਧ ਸ਼ਾਂਤਮਈ ਸੰਘਰਸ਼ ਲੜੇ ਗਏ ਹਨ ਅਤੇ ਅਜਿਹੀ ਸ਼ਾਨਾਮੱਤੇ ਇਤਿਹਾਸ ਵਾਲੀ ਪਾਰਟੀ ਵਿਚ ‘ਪਰਿਵਾਰਕ ਜਾਂਨਸ਼ੀਨੀ` ਦੀ ਇਹੋ ਜਿਹੀ ਮਿਸਾਲ ਪਹਿਲਾਂ ਕਦੇ ਨਹੀਂ ਮਿਲੀ ਸੀ।
ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੇ ਗਏ ਇਸ ਪੱਤਰ ਵਿਚ ਪਾਰਟੀ ਆਗੂਆਂ ਨੇ 2007 ਤੋਂ 2017 ਤੱਕ ਦੇ ਅਰਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਬਦਲੇ ਆਪਣੇ-ਆਪ ਨੂੰ ਸਜ਼ਾ ਲਈ ਪੇਸ਼ ਕਰ ਕੇ ਮੁਆਫ਼ੀ ਮੰਗੀ ਹੈ ਜਿਸ ਕਰ ਕੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਦਸ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣ ਨਾਲ ਉੱਭਰਿਆ ਸੰਕਟ ਹੋਰ ਤਿੱਖਾ ਹੋ ਗਿਆ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਲ ਅਜਿਹੇ ਕਿਸੇ ਸੰਕਟ ਵਿਚ ਫਸਿਆ ਹੋਵੇ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਅਕਾਲੀ ਦਲ 1999 ਤੋਂ ਹੀ ਉਤਰਾਅ-ਚੜ੍ਹਾਅ ਦੇ ਦੌਰਾਂ `ਚੋਂ ਲੰਘਦਾ ਆਇਆ ਸੀ ਜਦੋਂ ਵੱਡੇ ਬਾਦਲ ਅਤੇ ਉਸ ਵੇਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਿੱਖ ਜਗਤ ਵਿਚ ਸੱਤਾ ਦੇ ਮੁਤਵਾਜ਼ੀ ਕੇਂਦਰ ਗਿਣੇ ਜਾਂਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਿਚ ਟਕਰਾਅ ਪੈਦਾ ਹੋ ਗਿਆ ਸੀ। ਪਾਰਟੀ ਅੰਦਰ ਗਿਰਾਵਟ ਦਾ ਇਹ ਦੌਰ 2022 ਵਿਚ ਉਦੋਂ ਤਿੱਖਾ ਹੋਇਆ ਜਦੋਂ ਵਿਧਾਨ ਸਭਾ ਵਿਚ ਇਸ ਦੇ ਮੈਂਬਰਾਂ ਦੀ ਗਿਣਤੀ ਘਟ ਕੇ ਤਿੰਨ ਰਹਿ ਗਈ ਸੀ। ਹਾਲੀਆ ਲੋਕ ਸਭਾ ਚੋਣਾਂ ਵਿਚ ਲੰਮਾ ਅਰਸਾ ਇਸ ਦੀ ਸਹਿਯੋਗੀ ਪਾਰਟੀ ਰਹੀ ਭਾਰਤੀ ਜਨਤਾ ਪਾਰਟੀ ਨੇ ਵੋਟ ਫ਼ੀਸਦ ਦੇ ਲਿਹਾਜ਼ ਨਾਲ ਜ਼ਿਆਦਾ ਵੋਟਾਂ ਹਾਸਿਲ ਕੀਤੀਆਂ ਹਨ।
ਹਾਲਾਂਕਿ ਅਕਾਲ ਤਖ਼ਤ ਅੱਗੇ ਪੇਸ਼ ਹੋਣ ਵਾਲੇ ਆਗੂਆਂ ਨੇ ਇਹ ਭੁੱਲ ਕਬੂਲ ਕੀਤੀ ਹੈ ਕਿ ਬਾਦਲ ਸਰਕਾਰ ਵੇਲੇ ਹੋਈਆਂ ਕਈ ਕਾਰਵਾਈਆਂ ਵੇਲੇ ਉਹ ਚੁੱਪ ਰਹੇ ਸਨ ਅਤੇ ਇਨ੍ਹਾਂ ਕਰ ਕੇ ਪਾਰਟੀ ਦੀ ਭਰੋਸੇਯੋਗਤਾ ਅਤੇ ਹੋਂਦ ਦਾਅ `ਤੇ ਲੱਗ ਗਈ ਹੈ। ਇਨ੍ਹਾਂ ਵੱਲੋਂ ਜਿਨ੍ਹਾਂ ਪ੍ਰਮੁੱਖ ਮੁੱਦਿਆਂ ਦਾ ਹਵਾਲਾ ਦਿੱਤਾ ਗਿਆ ਹੈ, ਉਨ੍ਹਾਂ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨ ਕੇ ਧਰਮਨਿੰਦਾ ਦਾ ਫ਼ੌਜਦਾਰੀ ਕੇਸ ਵਾਪਸ ਲੈਣ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਕੇਸਾਂ ਅਤੇ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਨਾਲ ਜੁੜੇ ਸੁਮੇਧ ਸੈਣੀ ਦੀ ਡੀ.ਜੀ.ਪੀ. ਵਜੋਂ ਨਿਯੁਕਤੀ ਜਿਹੇ ਕੇਸ ਸ਼ਾਮਿਲ ਹਨ। ਇਨ੍ਹਾਂ ਦਾ ਕੇਂਦਰ ਬਿੰਦੂ ਉਸ ਦੌਰ ਵਿਚਲੀਆਂ ਚਾਰ ਕਾਰਵਾਈਆਂ ਅਤੇ ਫ਼ੈਸਲੇ ਹਨ।
ਸ਼੍ਰੋਮਣੀ ਅਕਾਲੀ ਦਲ ਜੋ ਕਿ ਦਹਾਕਿਆਂ ਤੋਂ ਸਿੱਖਾਂ ਦੀ ਤਰਜਮਾਨੀ ਕਰਦਾ ਆ ਰਿਹਾ ਸੀ, ਨੂੰ ਹੁਣ ਸਿੱਖਾਂ ਵੱਲੋਂ ਹੀ ਰੱਦ ਕਰ ਦਿੱਤਾ ਗਿਆ ਹੈ। ਘੱਟੋ-ਘੱਟ ਦੋ ਸਿਫ਼ਤੀ ਤਬਦੀਲੀਆਂ ਅਜਿਹੀਆਂ ਹਨ ਜਿਨ੍ਹਾਂ ਤੋਂ ਇਸ ਪਾਰਟੀ ਅਤੇ ਪੰਥਕ ਸੰਸਥਾਵਾਂ ਅੰਦਰ ਸੰਕਟ ਪੈਦਾ ਹੋਇਆ ਹੈ। ਪਾਰਟੀ ਨੇ ਆਪਣੇ 75ਵੇਂ ਸਥਾਪਨਾ ਦਿਵਸ ਮੌਕੇ ਫਰਵਰੀ 1996 ਵਿਚ ਹੋਈ ਮੋਗਾ ਕਾਨਫਰੰਸ ਵਿਚ ਪੰਥ ਦੀ ਥਾਂ ਪੰਜਾਬੀਅਤ ਉੱਪਰ ਜ਼ੋਰ ਦਿੱਤਾ ਸੀ ਜੋ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਣ ਅਤੇ ਉਸ ਤੋਂ ਬਾਅਦ ਫਿਰਕੂ ਸਦਭਾਵਨਾ ਅਤੇ ਭਾਈਚਾਰੇ ਦੇ ਨਾਂ `ਤੇ ਦਿੱਤੇ ਗਏ ਜ਼ੋਰ ਤੋਂ ਦੇਖਿਆ ਜਾ ਸਕਦਾ ਹੈ। ਇਹ ਵਿਚਾਰਧਾਰਕ ਬਦਲਾਓ ਸੀ।
2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਜੁਗਤ (ਮਾਈਕਰੋ ਮੈਨੇਜਮੈਂਟ) ਦੀ ਖ਼ੂਬ ਚਰਚਾ ਹੋਈ ਸੀ। ਇਹ ਉਹ ਦੌਰ ਸੀ ਜਦੋਂ ਸਿਆਸਤ ਵਣਜ ਦਾ ਰੂਪ ਧਾਰਨ ਕਰਦੀ ਜਾ ਰਹੀ ਸੀ ਜਿਸ ਕਰ ਕੇ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਸਗੋਂ ਸਮੁੱਚਾ ਸਿਆਸੀ ਤਾਣਾ ਬਾਣਾ ਹੀ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਸੀ। ਜਿੰਨੀ ਦੇਰ ਤੱਕ ਆਗੂ ਸ਼ੇਅਰਧਾਰਕਾਂ/ਹਿੱਸੇਦਾਰਾਂ ਨੂੰ ਲਾਹਾ ਦਿਵਾਉਂਦਾ ਰਿਹਾ, ਓਨੀ ਦੇਰ ਤਕ ਉਸ ਦੀ ਖ਼ੂਬ ਸ਼ਲਾਘਾ ਵੀ ਹੁੰਦੀ ਰਹੀ। ਜਿਹੜੇ ਆਗੂਆਂ ਨੇ ਹੁਣ ਪਛਤਾਵਾ ਪੱਤਰ ਦਿੱਤਾ ਹੈ, ਉਹ ਉਦੋਂ ਹਿੱਸੇਦਾਰ ਸਨ। 2017 ਵਿਚ ਕੰਪਨੀ ਫੇਲ੍ਹ ਹੋ ਗਈ ਅਤੇ 2022 ਵਿਚ ਦੀਵਾਲੀਆ ਹੋ ਗਈ ਜਿਸ ਕਰ ਕੇ 2024 ਵਿਚ ਸ਼ੇਅਰਧਾਰਕਾਂ ਦੀਆਂ ਸਾਰੀਆਂ ਆਸਾਂ `ਤੇ ਪਾਣੀ ਫਿਰ ਗਿਆ। ਸ਼ੇਅਰਧਾਰਕ ਹੁਣ ਕੰਪਨੀ ਦੀ ਕਾਇਆ ਕਲਪ ਕਰ ਕੇ ਇਸ ਨੂੰ ਸੁਰਜੀਤ ਕਰਨ ਦੀ ਮੰਗ ਕਰ ਰਹੇ ਹਨ।
ਜਦੋਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਗਈ ਸੀ ਤਾਂ ਪਹਿਲੀ ਵਾਰ ਸਿੱਖ ਭਾਈਚਾਰੇ ਅੰਦਰ ਅਕਾਲੀ ਦਲ ਅਤੇ ਪੰਥਕ ਸੰਸਥਾਵਾਂ ਵਿਚ ਆਏ ਨਿਘਾਰ ਖਿਲਾਫ਼ ਰੌਲਾ ਪਿਆ ਸੀ। ਗ਼ੌਰਤਲਬ ਹੈ ਕਿ 2007 ਵਿਚ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਹਿਨਣ ਦੀਆਂ ਤਸਵੀਰਾਂ ਨਸ਼ਰ ਹੋਣ ਤੋਂ ਬਾਅਦ ਅਕਾਲ ਤਖ਼ਤ ਵੱਲੋਂ ਹੁਕਮਨਾਮਾ ਜਾਰੀ ਕਰ ਕੇ ਸਿੱਖਾਂ ਨੂੰ ਡੇਰਾ ਪ੍ਰੇਮੀਆਂ ਦਾ ਸਮਾਜਿਕ ਬਾਈਕਾਟ ਕਰਨ ਲਈ ਕਿਹਾ ਗਿਆ ਸੀ। ਫਿਰ 2012 ਦੀਆਂ ਵਿਧਾਨ ਸਭਾ ਚੋਣਾਂ ਹੋਣ ਤੋਂ ਪੰਜ ਦਿਨ ਪਹਿਲਾਂ ਰਾਮ ਰਹੀਮ ਖਿਲਾਫ਼ ਪੁਸ਼ਾਕ ਪਹਿਨ ਕੇ ਧਰਮਨਿੰਦਾ ਦਾ ਕੇਸ ਵਾਪਸ ਲੈ ਲਿਆ ਗਿਆ। ਇੱਥੇ ਧਿਆਨ ਦੇਣਯੋਗ ਗੱਲ ਇਹ ਹੈ ਕਿ ਚੋਣ ਕਮਿਸ਼ਨ ਦਾ ਕੰਮ ਰਾਜ ਸਰਕਾਰ ਦੀਆਂ ਭੇਜੀਆਂ ਫਾਈਲਾਂ ਸਿਰਫ਼ ਕਲੀਅਰ ਕਰਨ ਦਾ ਹੁੰਦਾ ਹੈ। ਸਤੰਬਰ 2015 ਵਿਚ ਅਕਾਲ ਤਖ਼ਤ ਵੱਲੋਂ ਰਾਮ ਰਹੀਮ ਨੂੰ ਮੁਆਫ਼ੀ ਵੀ ਦੇ ਦਿੱਤੀ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਅਖ਼ਬਾਰਾਂ ਵਿਚ 90 ਲੱਖ ਰੁਪਏ ਦੇ ਇਸ਼ਤਿਹਾਰ ਦੇ ਕੇ ਇਸ ਫ਼ੈਸਲੇ ਨੂੰ ਵਾਜਬ ਠਹਿਰਾਇਆ ਸੀ। ਇਹ ਸਭ ਮਿਲੀਭੁਗਤ ਦਾ ਮਾਮਲਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ `ਤੇ ਸੱਦ ਕੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਗਈ ਸੀ।
ਇਸ ਤੋਂ ਮਹੀਨਾ ਕੁ ਬਾਅਦ ਅਕਤੂਬਰ 2015 ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਪਾਰੀ ਸੀ ਜਿਸ ਤੋਂ ਪਹਿਲਾਂ 1 ਜੂਨ ਨੂੰ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂਘਰ `ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਸੇਵਾਮੁਕਤ ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਦੀ ਸ਼੍ਰੋਮਣੀ ਅਕਾਲੀ ਦਲ `ਚ ਸ਼ਮੂਲੀਅਤ ਸਮੇਤ ਕੁਝ ਘਟਨਾਵਾਂ ਨੂੰ ਇਸ ਪੱਤਰ ਵਿਚ ਦਰਜ ਕੀਤਾ ਗਿਆ ਹੈ। ਇਸ ਪੱਤਰ ਵਿਚ ਇਨ੍ਹਾਂ ਆਗੂਆਂ ਨੇ ਮੰਨਿਆ ਹੈ ਕਿ ਉਹ ਇਸ ਦੌਰਾਨ ਚੁੱਪ ਰਹੇ ਸਨ ਜਿਸ ਕਰ ਕੇ ਉਹ ਵੀ ਕਸੂਰਵਾਰ ਹਨ। ਹਾਲਾਂਕਿ ਸਤਹੀ ਤੌਰ `ਤੇ ਦੇਖਿਆਂ ਜਾਪਦਾ ਹੈ ਕਿ ਇਹ ਪੱਤਰ ਸਿਰਫ਼ ਪਛਤਾਵਾ ਕਰਨ ਹਿੱਤ ਲਿਖਿਆ ਗਿਆ ਹੈ ਪਰ ਇਸ ਦੇ ਅਰਥ ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਹਨ। ਇਸ ਨੇ ਨਾ ਸਿਰਫ਼ ਸੁਖਬੀਰ ਸਿੰਘ ਬਾਦਲ ਬਲਕਿ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਅਤੇ ਨਕਾਰੇਪਣ ਕਰ ਕੇ ਇਨ੍ਹਾਂ ਕੇਸਾਂ `ਚ ਮਿਲੀਭੁਗਤ ਬਦਲੇ ਕਟਹਿਰੇ `ਚ ਖੜ੍ਹਾ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਇਹ ਮਹਿਜ਼ ਅਕਾਲੀ ਦਲ ਦਾ ਸੰਕਟ ਨਹੀਂ ਸਗੋਂ ਪੰਥਕ ਸੰਕਟ ਹੈ।
ਸਮੱਸਿਆ ਇਹ ਹੈ ਕਿ ਇਹ ਸਿਰਫ਼ ਇਲਜ਼ਾਮ ਨਹੀਂ ਹਨ ਬਲਕਿ ਤੱਥ ਆਧਾਰਿਤ ਬਿਆਨ ਹਨ। ਇਨ੍ਹਾਂ ਵਿਚੋਂ ਕਈ ਆਗੂ ਦ੍ਰਿੜਤਾ ਨਾਲ ਹਾਲੇ ਵੀ ਕਹਿੰਦੇ ਹਨ ਕਿ ਉਨ੍ਹਾਂ 2022 ਵਿਚ ਹੀ ਪ੍ਰਸਤਾਵ ਰੱਖਿਆ ਸੀ ਕਿ ਪਾਰਟੀ ਨੂੰ ਅਕਾਲ ਤਖ਼ਤ `ਤੇ ਮਾੜੇ ਕੰਮਾਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਸਿੱਖ ਇਤਿਹਾਸ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਕਈ ਵਾਰ ਅਕਾਲ ਤਖ਼ਤ ਨੇ ਪੰਥਕ ਕਦਰਾਂ-ਕੀਮਤਾਂ ਭੰਗ ਹੋਣ ਦਾ ਖ਼ੁਦ ਵੀ ਨੋਟਿਸ ਲਿਆ ਹੈ ਤੇ ਇਸ ਦੀ ਸਭ ਤੋਂ ਵੱਧ ਦਿੱਤੀ ਜਾਣ ਵਾਲੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀ ਹੋਈ ਹੈ। ਅਕਾਲ ਤਖ਼ਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ ਤੇ ਸਜ਼ਾ ਸੁਣਾਈ ਸੀ। ਮਹਾਰਾਜਾ ਕੋੜੇ ਖਾਣ ਲਈ ਆਪਣੀ ਪਿੱਠ ਨੰਗੀ ਕਰ ਕੇ ਬੈਠ ਗਿਆ ਸੀ ਪਰ ਐਨ ਆਖ਼ਰੀ ਮੌਕੇ ਉਸ ਨੂੰ ਮੁਆਫ਼ੀ ਦੇ ਦਿੱਤੀ ਗਈ ਸੀ।
ਅਕਾਲ ਤਖ਼ਤ ਤੋਂ ਮਿਲਦੀ ਸਜ਼ਾ ਸੇਵਾ ਦੇ ਰੂਪ ਵਿਚ ਹੁੰਦੀ ਹੈ ਜਿਸ ਦਾ ਮੰਤਵ ਵਿਅਕਤੀ ਦੀ ਹਉਮੈ ਖ਼ਤਮ ਕਰ ਕੇ ਉਸ ਨੂੰ ਨਿਮਰ ਬਣਾਉਣਾ ਹੁੰਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਹੁਣ ਜਿਹੜੇ ਮੁੱਦਿਆਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਵਿਚੋਂ ਇੱਕ ਇਸ ਸੰਸਥਾ (ਅਕਾਲ ਤਖ਼ਤ) ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਨੂੰ ਬਾਰੀਕੀ ਨਾਲ ਘੋਖਣਾ ਹੈ। ਇਸ ਨਾਲ ਕੁਝ ਐਸੀਆਂ ਗੱਲਾਂ ਵਾਪਰ ਸਕਦੀਆਂ ਹਨ ਜੋ ਸਿੱਖਾਂ ਦੇ ਰਾਜਸੀ-ਧਾਰਮਿਕ ਖੇਤਰ `ਚ ਵੱਡੀ ਰੱਦੋਬਦਲ ਦਾ ਸਬੱਬ ਬਣ ਸਕਦੀਆਂ ਹਨ।
ਇੱਕ ਹੋਰ ਪਹਿਲੂ ਵੀ ਹੈ। ਪਿਛਲੇ ਰਿਕਾਰਡ ਨੂੰ ਵਾਚਿਆ ਜਾਵੇ ਤਾਂ ਅਜਿਹੇ ਸੰਕਟਾਂ ਕਾਰਨ ਸਿੱਖ ਬਿਰਤਾਂਤ ਦਾ ਝੁਕਾਅ ਕਈ ਵਾਰ ਸੱਜੇ-ਪੱਖੀ ਵਿਚਾਰਧਾਰਾ ਵੱਲ ਝੁਕਦਾ ਰਿਹਾ ਹੈ। ਸੱਜਰੇ ਘਟਨਾਕ੍ਰਮ ਵਿਚ, ਕਈ ਅਕਾਲੀ ਆਗੂ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੂੰ ਮਿਲਣ ਲਈ ਬਿਆਸ ਨੇੜੇ ਜੱਲੂਪੁਰ ਖੇੜਾ ਸਥਿਤ ਉਨ੍ਹਾਂ ਦੇ ਘਰ ਗਏ। ਭਾਵੇਂ ਇਹ ਸ਼ਿਸ਼ਟਾਚਾਰੀ ਮੁਲਾਕਾਤ ਹੀ ਸੀ ਪਰ ਮਿਲਣੀ ਦਾ ਸਮਾਂ ਪੁਰਾਣੇ ਰੁਝਾਨਾਂ ਨਾਲ ਮੇਲ ਖਾਂਦਾ ਹੈ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵੱਡੇ ਫ਼ਰਕ ਨਾਲ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ ਇਸ ਵੇਲੇ ਰਾਸ਼ਟਰੀ ਸੁਰੱਖਿਆ ਐਕਟ (ਐੱਨ.ਐੱਸ.ਏ.) ਦੇ ਕੇਸ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਰੱਖਿਆ ਹੋਇਆ ਹੈ ਤੇ ਸਮਝਿਆ ਜਾਂਦਾ ਹੈ ਕਿ ਉਹ ‘ਗਰਮਦਲੀਆਂ` ਦੀ ਤਰਜਮਾਨੀ ਕਰ ਰਿਹਾ ਹੈ।
ਕੀ ਹੁਣ ਅਕਾਲ ਤਖ਼ਤ ਦੇ ਜਥੇਦਾਰ ਬੇਅਦਬੀ ਦੇ ਕੇਸਾਂ ਦੀ ਪੂਰੀ ਕਹਾਣੀ ਨੂੰ ਮੁੜ ਖੋਲ੍ਹਣਗੇ ਅਤੇ ਇਸ ਦੇ ਨਾਲ ਹੀ ਉਸ ਵੇਲੇ ਸਰਕਾਰ ਚਲਾ ਰਹੀ ਧਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖ਼ੁਦ ਅਕਾਲ ਤਖ਼ਤ ਦੀ ਭੂਮਿਕਾ ਨੂੰ ਘੋਖਣਗੇ। ਸੰਕਟ ਵਾਕਈ ਬਹੁਤ ਗਹਿਰਾ ਹੈ ਜਿਸ ਦੇ ਦੂਰਗਾਮੀ ਸਿੱਟੇ ਨਿਕਲ ਸਕਦੇ ਹਨ।