ਮੁਨਾਫਾਖ਼ੋਰੀ ਦਾ ਸਿਧਾਂਤ ਅਤੇ ਕਿਰਤੀਆਂ ਦੇ ਹਾਲਾਤ

ਪ੍ਰਸੰਗ 180 ਸਾਲ ਪਹਿਲਾਂ ਲਿਖੀ ਫਰੈਡਰਿਕ ਏਂਗਲਜ਼ ਦੀ ਕਿਤਾਬ ‘ਬਰਤਾਨੀਆ ਦੇ ਮਜ਼ਦੂਰ ਵਰਗ ਦੇ ਹਾਲਾਤ`
ਜਤਿੰਦਰ ਸਿੰਘ
ਫੋਨ: 97795-30032
ਫਰੈਡਰਿਕ ਏਂਗਲਜ਼ ਦੀ ਕਿਤਾਬ ‘ਬਰਤਾਨੀਆ ਦੇ ਮਜ਼ਦੂਰ ਵਰਗ ਦੇ ਹਾਲਾਤ` ਸੂਰ-ਵਾੜਿਆਂ ਵਰਗੇ ਘਰਾਂ ‘ਚ ਰਹਿੰਦੇ, ਦੋ ਟੁੱਕ ਰੋਟੀ ਤੋਂ ਮੁਥਾਜ, ਚੀਥੜਿਆਂ ਨਾਲ ਤਨ ਢਕਦੇ, ਬਾਲ ਉਮਰ ਤੋਂ ਹੱਡ-ਪੈਰ ਚੱਲਣ ਤੱਕ ਬਾਰਾਂ ਤੋਂ ਅਠਾਰਾਂ ਘੰਟੇ ਕੰਮ ਇਕੋ ਕਿਸਮ ਦਾ ਨੀਰਸ ਕੰਮ ਕਰਦੇ, ਨਿਰਾਸਤਾ ਦੀ ਡੂੰਘੀ ਖਾਈ ‘ਚ ਧੱਕੇ ਪਰ ਹੌਸਲਾ ਨਾ ਹਾਰਦੇ ਤੇ ਹਾਲਾਤ ਵਿਰੁੱਧ ਸੰਘਰਸ਼ਸ਼ੀਲ ਬਰਤਾਨੀਆ ਦੇ ਉਦਯੋਗਕ ਸ਼ਹਿਰ ਮਾਨਚੈਸਟਰ ਦੇ ਮਜ਼ਦੂਰਾਂ ਦੀ ਦਾਸਤਾਨ ਹੈ।

ਉਸ ਨੇ ਇਨ੍ਹਾਂ ਮਜ਼ਦੂਰਾਂ ਦੇ ਹਾਲਾਤ ਨੂੰ ਐਨ ਨੇੜਿਓਂ ਦੇਖਿਆ। ਇਸ ਅੰਦਰ ਪੂੰਜੀਵਾਦ ਦੀ ਵਧ ਰਹੀ ਮਾਰ ਦਾ ਬੇਕਿਰਕ ਚਿਤਰਨ ਹੈ। ਅੱਜ ਅਸੀਂ ਪੂੰਜੀਵਾਦ ਦਾ ਜਿਹੜਾ ਭਿਆਨਕ ਰੂਪ ਦੇਖ ਰਹੇ ਹਾਂ, ਉਸ ਬਾਰੇ ਚਰਚਾ ਫਰੈਡਰਿਕ ਏਂਗਲਜ਼ ਨੇ ਆਪਣੀ ਇਸ ਕਿਤਾਬ ਵਿਚ ਕੀਤੀ ਹੈ। ਜਤਿੰਦਰ ਸਿੰਘ ਨੇ ਆਪਣੇ ਇਸ ਲੇਖ ਵਿਚ ਫਰੈਡਰਿਕ ਏਂਗਲਜ਼ ਦੇ ਚਿਤਰੇ ਹਾਲਾਤ ਨੂੰ ਅੱਜ ਦੇ ਪ੍ਰਸੰਗਾਂ ਨਾਲ ਜੋੜ ਕੇ ਸਬਕ ਸਿੱਖਣ ਦਾ ਹੋਕਾ ਦਿੱਤਾ ਹੈ।
ਪਿਛਲੇ ਦਿਨੀਂ ਫਰੈਡਰਿਕ ਏਂਗਲਜ਼ ਦੀ ਕਿਤਾਬ ‘ਬਰਤਾਨੀਆ ਦੇ ਮਜ਼ਦੂਰ ਵਰਗ ਦੇ ਹਾਲਾਤ` (ਠਹੲ ਛੋਨਦਟਿiੋਨ ੋਾ ਟਹੲ ੱੋਰਕਨਿਗ ਛਲਅਸਸ ਨਿ ਓਨਗਲਅਨਦ) ਪੜ੍ਹੀ। ਇਸ ਕਿਤਾਬ ਦੇ ਹਵਾਲੇ ਨਾਲ ਕੁਝ ਗੱਲਾਂ ਸਮਕਾਲ ਨੂੰ ਸਮਝਣ ਅਤੇ ਬਿਆਨ ਕਰਨ ਦੀਆਂ ਚੁਣੌਤੀਆਂ ਬਾਬਤ ਰੱਖਾਂਗਾ ਜਿਨ੍ਹਾਂ ਕਾਰਨ ਸਦੀ ਤੋਂ ਵੱਧ ਪੁਰਾਣੀ ਇਹ ਕਿਤਾਬ ਅੱਜ ਵੀ ਸਾਰਥਕ ਹੈ। ਇਹ ਲਿਖਤ ਤਕਰੀਬਨ 180 ਸਾਲ ਪਹਿਲਾਂ ਛਪ ਕੇ ਲੋਕਾਈ ਦੇ ਰੂ-ਬ-ਰੂ ਹੋਈ। ਕਿਤਾਬ ਛਪਣ ਸਮੇਂ ਏਂਗਲਜ਼ ਦੀ ਉਮਰ ਚੌਵੀ ਸਾਲ ਸੀ। ਇਹ ਦਸਤਾਵੇਜ਼ ਬੇਮੁਹਾਰ ਮੁਨਾਫਾਖ਼ੋਰ ਸਿਧਾਂਤ ਨੂੰ ਪ੍ਰਨਾਏ ਪੂੰਜੀਵਾਦ ਦੇ ਮੁੱਢਲੇ ਦੌਰ ਸਮੇਂ ਲਿਖਿਆ ਗਿਆ ਸੀ। ਇਹ ਸਮਾਂ ਧਾਗਾ ਮਿੱਲਾਂ ਅਤੇ ਕੱਪੜਾ ਉਦਯੋਗ `ਚ ਵੱਡੀ ਤਬਦੀਲੀ ਦਾ ਗਵਾਹ ਹੈ। ਉਦਯੋਗੀਕਰਨ ਦੇ ਸ਼ੁਰੂਆਤੀ ਦੌਰ `ਚ ਕਈ ਵਿਦਵਾਨਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਪੂੰਜੀਵਾਦ ਦੇ ਫੈਲਾਉ ਨੇ ਮਨੁੱਖਤਾ ਦਾ ਘਾਣ ਕਰਨਾ ਹੈ, ਸਮਾਜ ਦੇ ਵੱਡੇ ਤਬਕੇ ਨੂੰ ਗਰੀਬੀ ਤੇ ਭੁੱਖਮਰੀ ਦੀ ਦਲਦਲ ਵੱਲ ਧੱਕ ਦੇਣਾ ਹੈ, ਸਮਾਜਿਕ ਤਣਾਅ ਨੂੰ ਜ਼ਰਬਾਂ ਦੇਣੀਆਂ ਹਨ।
ਏਂਗਲਜ਼ ਨੇ 1842 ਤੋਂ ਬਰਤਾਨੀਆ ਦੇ ਮੈਨਚਸਟਰ ਸ਼ਹਿਰ `ਚ ਲਗਭਗ ਦੋ ਸਾਲ ਬਿਤਾਏ। ਉਸ ਲਈ ਪੂੰਜੀਵਾਦ ਦਾ ਜਨਮ ਸਥਾਨ ਸਮਝੇ ਜਾਂਦੇ ਮੁਲਕ `ਚ ਸਮਾਜਿਕ ਟੁੱਟ-ਭੱਜ ਨੂੰ ਸਮਝਣ ਤੇ ਮੁਨਾਫਾਖ਼ੋਰੀ ਦੇ ਸਿਧਾਂਤ ਵਲੋਂ ਵਸੂਲੀ ਜਾ ਰਹੀ ਸਮਾਜਿਕ-ਘਾਣ ਰੂਪੀ ਕੀਮਤ ਨੂੰ ਗਹਿਰਾ ਪਰਖਣ ਦਾ ਸੁਨਹਿਰੀ ਮੌਕਾ ਸੀ। ਇਥੋਂ ਨਿਕਲੇ ਸਿੱਟਿਆਂ ਨੂੰ ਉਨ੍ਹਾਂ ਖਿੱਤਿਆਂ ਤੱਕ ਪੁੱਜਦਾ ਕਰਨਾ ਸੀ ਜੋ ਪੂੰਜੀਵਾਦ ਦੇ ਪ੍ਰਭਾਵ ਤੋਂ ਥੋੜ੍ਹਾ ਬਾਹਰ ਹਨ ਤਾਂ ਜੋ ਉਨ੍ਹਾਂ ਸਮਾਜਾਂ ਤੇ ਲੋਕਾਈ ਦੀ ਭਲਾਈ ਨੂੰ ਸਮਰਪਿਤ ਤਾਕਤਾਂ ਨੂੰ ਅਗਾਊਂ ਚਿਤਾਵਨੀ ਦਿੱਤੀ ਜਾ ਸਕੇ, ਪੂੰਜੀਵਾਦ ਨੂੰ ਵਧਣੋਂ ਰੋਕਿਆ ਜਾ ਸਕੇ। ਸਵਾਲ ਬਣਿਆ ਕਿ ਸਮਾਜਿਕ ਹਕੀਕਤ ਦੀ ਤਹਿ ਤੱਕ ਕਿਵੇਂ ਪੁੱਜਿਆ ਜਾਵੇ? ਬਰਤਾਨੀਆ ਦਾ ਸਮਾਜਿਕ ਇਤਿਹਾਸ ਲਿਖਣ ਦਾ ਫੈਸਲਾ ਕੀਤਾ ਗਿਆ। ਇਸ ਵੱਡੇ ਪ੍ਰੋਜੈਕਟ `ਚ ਮਜ਼ਦੂਰਾਂ ਦੇ ਹਾਲਾਤ ਸ਼ਾਇਦ ਇੱਕ ਦੋ ਚੈਪਟਰ `ਚ ਸਮੋ ਲਏ ਜਾਂਦੇ ਪਰ ਉਨ੍ਹਾਂ ਦੀ ਅ-ਮਨੁੱਖੀ ਰਹਿਣੀ ਨੇ ਏਂਗਲਜ਼ ਨੂੰ ਇਸ ਕਦਰ ਝੰਜੋੜਿਆ ਕਿ ਉਹਨੇ ਆਪਣੇ ਤਜਰਬੇ ਤਫ਼ਸੀਲ ਨਾਲ ਲਿਖਣ ਦਾ ਮਨ ਬਣਾਇਆ ਜੋ ਕਿਤਾਬ ਦੀ ਸ਼ਕਲ ਧਾਰ ਗਿਆ। ਇਹ ਲਿਖਤ ਕਾਰਖ਼ਾਨਾ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਖੰਗਾਲਦੀ, ਖ਼ਦਾਨ ਮਜ਼ਦੂਰਾਂ ਨੂੰ ਵਾਚਦੀ ਅਤੇ ਖੇਤ ਮਜ਼ਦੂਰਾਂ ਨੂੰ ਕਲਾਵੇ `ਚ ਲੈਂਦੀ ਹੈ। ਇੰਝ ਇਹ ਕਿਤਾਬ ਬਰਤਾਨੀਆ ਦੀ ਮਜ਼ਦੂਰ ਜਮਾਤ ਦਾ ਬਿਆਨੀਆ ਹੈ।
ਕਿਹਾ ਜਾ ਸਕਦਾ ਹੈ ਕਿ ਇਹ ਕਿਤਾਬ ਸੂਰ-ਵਾੜਿਆਂ ਵਰਗੇ ਘਰਾਂ `ਚ ਰਹਿੰਦੇ, ਦੋ ਟੁੱਕ ਰੋਟੀ ਤੋਂ ਮੁਥਾਜ, ਚੀਥੜਿਆਂ ਨਾਲ ਤਨ ਢਕਦੇ, ਬਾਲ ਉਮਰ ਤੋਂ ਹੱਡ-ਪੈਰ ਚੱਲਣ ਤੱਕ ਬਾਰਾਂ ਤੋਂ ਅਠਾਰਾਂ ਘੰਟੇ ਕੰਮ ਇਕੋ ਕਿਸਮ ਦਾ ਨੀਰਸ ਕੰਮ ਕਰਦੇ, ਨਿਰਾਸਤਾ ਦੀ ਡੂੰਘੀ ਖਾਈ `ਚ ਧੱਕੇ ਪਰ ਹੌਸਲਾ ਨਾ ਹਾਰਦੇ ਤੇ ਹਾਲਾਤ ਵਿਰੁੱਧ ਸੰਘਰਸ਼ਸ਼ੀਲ ਬਰਤਾਨੀਆ ਦੇ ਉਦਯੋਗਕ ਸ਼ਹਿਰ ਮਾਨਚੈਸਟਰ ਦੇ ਮਜ਼ਦੂਰਾਂ ਦੀ ਦਾਸਤਾਨ ਹੈ। ਸੜਿਹਾਂਦ ਮਾਰਦੇ ਬਦਬੂਦਾਰ ਮਹੱਲਿਆਂ ਦੀ ਮੌਜੂਦਗੀ, ਸ਼ਹਿਰਾਂ ਦੀ ਮਜ਼ਦੂਰ ਵਿਰੋਧੀ ਬੇਢਵੀ ਬਣਤਰ, ਕੰਮ ਦੇ ਬੋਝ ਕਾਰਨ ਵਿਕਰਿਤ ਹੋ ਰਹੇ ਸਰੀਰ, ਨਸ਼ਾ ਤੇ ਵੇਸਵਾਗਿਰੀ ਨੂੰ ਜ਼ਰਬਾਂ, ਜੁਰਮਾਂ `ਚ ਅਥਾਹ ਵਾਧਾ, ਪਰਿਵਾਰਕ ਜ਼ਿੰਦਗੀ ਤੋਂ ਵਾਂਝੇ ਹੋਣਾ, ਘਰੇਲੂ ਝਗੜੇ ਵਧਣਾ, ਲਾ-ਇਲਾਜ ਬਿਮਾਰੀਆਂ ਫੈਲਣਾ, ਪੂੰਜੀਪਤੀਆਂ ਦਾ ਬੇ-ਲਗਾਮ ਲਾਲਚ, ਉਨ੍ਹਾਂ ਦੀ ਕਰੂਰਤਾ ਤੇ ਹਿੰਸਾ, ਮਜ਼ਦੂਰਾਂ ਦੀ ਡਾਵਾਂਡੋਲ ਮਨੋ-ਸਥਿਤੀ, ਉਨ੍ਹਾਂ ਦੇ ਸੁਫ਼ਨਿਆਂ ਦਾ ਜੀਣ-ਮਰਨ, ਲੰਮੀਆਂ ਹੜਤਾਲਾਂ, ਜਲਸੇ, ਸੱਤਾ ਨਾਲ ਟਕਰਾਅ ਆਦਿ ਦਾ ਬਿਰਤਾਂਤ ਹਰ ਪੰਨੇ `ਤੇ ਮੌਜੂਦ ਹੈ। ਉਦਯੋਗਕ ਕ੍ਰਾਂਤੀ ਦੇ ਅਸਰ ਅਤੇ ਦਬਾਅ ਕਾਰਨ ਪੂੰਜੀਵਾਦ ਦੇ ਪੱਖ `ਚ ਬਦਲ ਰਹੀ ਸਿਆਸੀ ਫਿਜ਼ਾ `ਤੇ ਨਜ਼ਰ ਹੈ। ਬਰਤਾਨਵੀ ਸੰਸਦ (ਹਾਊਸ ਆਫ ਕਾਮਨਜ਼) `ਚ ਕਾਰਖਾਨਾ ਮਾਲਕਾਂ ਦੀ ਵਧ ਰਹੀ ਨੁਮਾਇੰਦਗੀ ਅਤੇ ਸਾਧਨਾਂ ਤੇ ਪੂੰਜੀ ਕੁੱਝ ਹੱਥਾਂ ਤੱਕ ਸਿਮਟ ਜਾਣ ਦੀ ਕਾਨੂੰਨੀ ਚਾਰਾਜੋਈ ਨੂੰ ਦਰਜ ਕੀਤਾ ਹੈ।
ਇਨ੍ਹਾਂ ਕਰੂਰ ਹਾਲਾਤ ਦੀ ਉਪਜ ਦੇ ਮੁੱਖ ਕਾਰਕ ਮੁਨਾਫਾਖ਼ੋਰ ਪੂੰਜੀਵਾਦੀ ਪ੍ਰਬੰਧ ਦਾ ਵਿਸਥਾਰਤ ਜ਼ਿਕਰ ਹੈ। ਲਿਖਿਆ ਹੈ- ਬਦਲ ਰਹੇ ਆਰਥਿਕ ਤਾਣੇ-ਬਾਣੇ ਨੇ ਮਜ਼ਦੂਰਾਂ ਨੂੰ ਕਾਰਖਾਨਿਆਂ, ਖਦਾਨਾਂ ਤੇ ਖੇਤਾਂ `ਚ ਸਿਰਫ ਸੰਦ ਵਾਂਗ ਵਰਤੇ ਜਾਣ ਤੱਕ ਮਹਿਦੂਦ ਕਰ ਦਿੱਤਾ ਹੈ। ਕਾਰਖਾਨਾ ਮਾਲਕਾਂ `ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦਾ ਪਾਗਲਪਣ ਸਵਾਰ ਹੈ।
ਏਂਗਲਜ਼ ਉਨ੍ਹਾਂ ਨੂੰ ਸਭ ਤੋਂ ਲਾਲਚੀ ਵਰਗ ਦਾ ਦਰਜਾ ਦਿੰਦੇ ਹਨ ਜੋ ਹਰ ਰਿਸ਼ਤੇ ਨੂੰ ਪੈਸੇ ਨਾਲ ਤੋਲ ਰਹੇ ਹਨ। ਹੱਡ-ਮਾਸ ਦਾ ਸਾਹ ਲੈਂਦਾ ਮਜ਼ਦੂਰ ਉਨ੍ਹਾਂ ਲਈ ਉਸ ਮਸ਼ੀਨ ਵਾਂਗ ਹੈ ਜਿਸ ਨੂੰ ਘੱਟ ਤੋਂ ਘੱਟ ਪੈਸੇ (ਮਜ਼ਦੂਰੀ) ਦੇ ਕੇ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਦੁਨੀਆ ਦੇ ਅਨੇਕ ਖਿੱਤਿਆਂ `ਤੇ ਸਿਆਸੀ ਕਬਜ਼ਾ ਕਰ ਉਨ੍ਹਾਂ ਨੂੰ ਮੰਡੀ ਬਣਾ ਦੇਣ ਦੀ ਕਵਾਇਦ ਵੱਲ ਇਸ਼ਾਰਾ ਹੈ। ਮੁੱਕਦੀ ਗੱਲ, ਬਦਲ ਰਿਹਾ ਆਰਥਿਕ-ਸਮਾਜਿਕ-ਸਿਆਸੀ ਤਾਣਾ-ਬਾਣਾ, ਮਜ਼ਦੂਰ ਤੇ ਪੂੰਜੀਪਤੀ ਵਰਗਾਂ ਦੀ ਮਨੋਸਥਿਤੀ ਆਦਿ ਹਰ ਪਹਿਲੂ ਨੂੰ ਘੋਖਦੇ ਜਾਂਦੇ ਹਨ।
ਇਸ ਲਿਖਤ `ਚ ਸਾਡੇ ਲਈ ਚਾਰ ਅਹਿਮ ਸਬਕ ਹਨ।
ਪਹਿਲਾ, ਮੌਜੂਦਾ ਸਮੇਂ ਦੀਆਂ ਪੇਚੀਦਗੀਆਂ ਤੇ ਸੱਤਾ `ਤੇ ਕਾਬਜ਼ ਵਰਗਾਂ ਦੀਆਂ ਘੁਣਤਰਾਂ ਨੂੰ ਪਹਿਲ ਦੇ ਆਧਾਰ `ਤੇ ਜਾਣਨਾ ਤੇ ਸਮਝਣਾ ਜ਼ਰੂਰੀ ਹੈ। ਇਸ ਲਈ ਤਰੀਕਾਕਾਰ ਕੀ ਹੋਵੇ? ਕਿਸ ਢੰਗ ਦੇ ਜ਼ਰੀਏ ਗੁੰਝਲਾਂ ਖੋਲ੍ਹਣ ਦਾ ਯਤਨ ਕਰੀਏ? ਏਂਗਲਜ਼ ਨੇ ਬਿਸਮਿੱਲ੍ਹਾ ਬਦਲ ਰਹੇ ਸਮਾਜਿਕ ਹਾਲਾਤ ਬਾਰੇ ਛਪੀਆਂ ਸਰਕਾਰੀ ਤੇ ਗੈਰ-ਸਰਕਾਰੀ ਲਿਖਤਾਂ ਦੇ ਅਧਿਐਨ ਨਾਲ ਕੀਤਾ। ਕਾਰਖਾਨਾ ਮਜ਼ਦੂਰਾਂ ਦੀ ਹਾਲਤ ਜਾਣਨ ਲਈ ਸਮੇਂ-ਸਮੇਂ ਸਰਕਾਰ ਕਮੇਟੀਆਂ ਤੇ ਕਮਿਸ਼ਨ ਬਣਾਉਂਦੀ ਸੀ। ਹਾਲਾਤ ਇੰਨੇ ਬਦਤਰ ਸਨ ਕਿ ਕੁਝ ਤੱਥਾਂ ਨੂੰ ਉਨ੍ਹਾਂ ਰਿਪੋਰਟਾਂ `ਚ ਬਿਆਨ ਕਰਨਾ ਮਜਬੂਰੀ ਸੀ। ਇੰਝ ਕੁਝ ਸਚਾਈ ਜਨਤਕ ਹੋ ਜਾਂਦੀ ਸੀ। ਸਮਾਜ ਦੇ ਗ਼ੈਰ-ਮਜ਼ਦੂਰ ਤਬਕਿਆਂ ਨੂੰ ਅਮਨੁੱਖੀ ਹਾਲਾਤ ਹੈਰਾਨ ਪ੍ਰੇਸ਼ਾਨ ਕਰਦੇ ਸਨ। ਉਹ ਆਪਣੀਆਂ ਲਿਖਤਾਂ ਰਾਹੀਂ ਚਿੰਤਾਵਾਂ ਤੇ ਸੰਭਾਵੀ ਹੱਲ ਲਗਾਤਾਰ ਬਿਆਨ ਕਰ ਰਹੇ ਸਨ ਪਰ ਛਪੇ ਗਿਆਨ ਦਾ ਇਹ ਖ਼ਜ਼ਾਨਾ ਏਂਗਲਜ਼ ਲਈ ਅਧੂਰਾ ਸੀ। ਉਨ੍ਹਾਂ ਨੇ ਮਾਨਚੈਸਟਰ ਦੀ ਸਮਾਜਿਕ ਜ਼ਿੰਦਗੀ ਨੂੰ ਨੇੜਿਓਂ ਘੋਖਣ ਦਾ ਫੈਸਲਾ ਕੀਤਾ। ਮਾਨਚੈਸਟਰ ਦੀ ਧੂੜ ਫੱਕਦਿਆਂ, ਨਦੀਆਂ `ਚ ਵਹਿੰਦੀ ਬਦਬੂ ਸੁੰਘਦਿਆਂ, ਸੂਰਜ ਨੂੰ ਢਕ ਲੈਣ ਜਿੰਨੇ ਸੰਘਣੇ ਧੂੰਏਂ `ਚ ਸਾਹ ਲੈਂਦਿਆਂ ਏਂਗਲਜ਼ ਦੀ ਨਿਗ੍ਹਾ ਮਜ਼ਦੂਰ ਵਰਗ `ਤੇ ਟਿਕ ਗਈ। ਉਨ੍ਹਾਂ ਆਪਣੇ ਪਾਤਰਾਂ ਦੀ ਜ਼ਿੰਦਗੀ ਦੀ ਧੜਕਣ ਸੁਣਨ ਦਾ ਅਹਿਦ ਲਿਆ। ਜਰਮਨੀ ਦੇ ਸਿਧਾਂਤਕਾਰਾਂ ਨੂੰ ਫਟਕਾਰਦਿਆਂ ਲਿਖਿਆ- ‘ਅਸੀਂ ਮਜ਼ਦੂਰਾਂ ਬਾਰੇ ਇੰਨਾ ਘੱਟ ਜਾਣਦੇ ਹਾਂ ਕਿ ਉਨ੍ਹਾਂ ਦੇ ਹਾਲਾਤ ਬਾਰੇ ਹਾਸੋਹੀਣੇ ਤੇ ਬੇਹੂਦਾ ਸਿੱਟੇ ਕੱਢ ਲੈਂਦੇ ਹਾਂ। ਇਸ ਕੰਮ `ਚ ਸਮਾਜ ਦਾ ਮਜ਼ਦੂਰਾਂ ਪ੍ਰਤੀ ਸੰਵੇਦਨਸ਼ੀਲ ਤਬਕਾ ਵੀ ਸ਼ਾਮਿਲ ਹੈ। ਸਾਡੀ ਸਿਧਾਂਤਕਾਰੀ ਹਾਲਾਤ ਦੇ ਪੁਣ-ਛਾਣ ਦੀ ਬਜਾਇ ਆਪਣੀਆਂ ਬਣਾਈਆਂ ਧਾਰਨਾਵਾਂ `ਚੋਂ ਉਪਜੀ ਹੈ।`
ਏਂਗਲਜ਼ ਮਜ਼ਦੂਰਾਂ ਦੇ ਹਾਲਾਤ ਓਪਰੀ ਨਜ਼ਰੇ ਨਹੀਂ ਬਲਕਿ ਉਨ੍ਹਾਂ `ਚ ਖੁਦ ਵਿਚਰ ਕੇ ਜਾਨਣਾ ਚਾਹੁੰਦੇ ਸਨ। ਸਮਾਜਿਕ ਪਾਲਾਬੰਦੀ ਨੂੰ ਪਛਾਣਦਿਆਂ ਆਪਣੀ ਧਿਰ ਚੁਣ ਲਈ ਸੀ। ਜ਼ਿੰਦਗੀ ਦੀ ਸਾਰੀ ਸੂਝ ਤੇ ਕਮਾਈ ਕਿਸ ਲੇਖੇ ਲਗਾਉਣੀ ਹੈ, ਤੈਅ ਕਰ ਲਿਆ ਸੀ। ਇਹ ਨਹੀਂ ਕਿ ਮਜ਼ਦੂਰਾਂ ਦੇ ਹਾਲਾਤ ਦੀ ਕਨਸੋਅ ਪਹਿਲੀ ਵਾਰ ਹੋਈ ਪਰ ਕਿਆਸਆਰਾਈਆਂ ਤੇ ਦਾਅਵੇ ਤੱਥਾਂ ਨਾਲ ਲੈਸ ਹੋਣੇ ਜ਼ਰੂਰੀ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਲੋਕਾਈ ਨੂੰ ਜਾਣੇ ਬਿਨਾਂ ਸਿਧਾਂਤ ਪੱਕੇ ਪੈਰੀਂ ਨਹੀਂ ਹੋ ਸਕਦਾ। ਕਿਤਾਬ ਦੇ ਮੁੱਖਬੰਦ `ਚ ਲਿਖਦਾ ਹੈ- ‘ਸਮਾਜਵਾਦੀ ਸਿਧਾਂਤਕਾਰੀ ਨੂੰ ਮਜ਼ਬੂਤ ਆਧਾਰ ਦੇਣ ਅਤੇ ਇਸ ਦੀ ਹੋਂਦ ਨੂੰ ਸਹੀ ਸਿੱਧ ਕਰਨ ਲਈ ਮਜ਼ਦੂਰਾਂ ਦੇ ਹਾਲਾਤ ਜਾਣਨਾ ਸਭ ਤੋਂ ਅਹਿਮ ਹੈ।` ਮਜ਼ਦੂਰਾਂ ਨੂੰ ਸੰਬੋਧਨ ਹੁੰਦਿਆਂ ਲਿਖਦਾ ਹੈ- ‘ਮੈਂ ਤੁਹਾਨੂੰ ਤੁਹਾਡੇ ਘਰਾਂ `ਚ ਦੇਖਣਾ ਚਾਹੁੰਦਾ ਸਾਂ। ਤੁਹਾਡੀ ਰੋਜ਼ਮੱਰਾ ਜ਼ਿੰਦਗੀ ਵਾਚਣਾ ਚਾਹੁੰਦਾ ਸਾਂ। ਤੁਹਾਡੇ ਨਾਲ ਹਾਲਾਤ ਅਤੇ ਸ਼ਿਕਵਿਆਂ ਬਾਰੇ ਗੱਲਾਂ ਕਰਨੀਆਂ ਚਾਹੁੰਦਾ ਸਾਂ। ਡਾਢਿਆਂ ਖ਼ਿਲਾਫ਼ ਛੇੜੇ ਤੁਹਾਡੇ ਅੰਦੋਲਨਾਂ ਦਾ ਗਵਾਹ ਬਣਨਾ ਚਾਹੁੰਦਾ ਸਾਂ।`
ਇਸ ਖੋਜ ਦੌਰਾਨ ਆਇਰਿਸ਼ ਮਜ਼ਦੂਰ ਔਰਤ ਮੈਰੀ ਬ੍ਰਨਜ਼ ਨਾਲ ਦੋਸਤੀ ਹੋਈ। ਮੈਰੀ ਦੀ ਬਾਂਹ ਫੜ ਏਂਗਲਜ਼ ਨੇ ਮਜ਼ਦੂਰ ਜਮਾਤ ਦੇ ਮਹੱਲਿਆਂ ਦਾ ਹਰ ਕੋਨਾ ਛਾਣ ਮਾਰਿਆ। ਮੈਰੀ ਜ਼ਰੀਏ ਉਨ੍ਹਾਂ ਥਾਵਾਂ ਨੂੰ ਵੀ ਵਾਚਿਆ ਜਿਥੇ ਵਿਦੇਸ਼ੀਆਂ ਦਾ ਆਉਣਾ ਪਸੰਦ ਨਹੀਂ ਕੀਤਾ ਜਾਂਦਾ ਸੀ। ਬ੍ਰਨਜ਼ ਦੇ ਫੌਤ ਹੋਣ ਤੱਕ ਸਾਥੀ ਰਹੇ। ਯਾਰੀ ਪੱਕੀ ਰਹੀ। ਉਸ ਲਿਖਿਆ- ‘ਮੈਂ ਸਦਾ ਆਪਣਿਆਂ (ਜਿਸ ਪਰਿਵਾਰ ਤੇ ਵਰਗ `ਚ ਪੈਦਾ ਹੋਏ) `ਚ ਬੇਗਾਨਾ ਰਿਹਾ ਪਰ ਤੁਹਾਡੇ ਕੋਲ ਰਹਿੰਦਿਆਂ ਕਦੇ ਬੇਗਾਨਗੀ ਦਾ ਅਹਿਸਾਸ ਨਹੀਂ ਹੋਇਆ।`
ਏਂਗਲਜ਼ ਦੇ ਪਿਛੋਕੜ `ਤੇ ਨਿਗ੍ਹਾ ਮਾਰਿਆਂ ਪਤਾ ਲੱਗਦਾ ਹੈ ਕਿ ਉੁਹ ਜਰਮਨੀ ਦੇ ਬਾਅਰਮਨ ਸ਼ਹਿਰ ਦੇ ਕੁਲੀਨ ਅਤੇ ਉਦਯੋਗਪਤੀ ਪਰਿਵਾਰ `ਚ 1820 ਨੂੰ ਪੈਦਾ ਹੋਇਆ। ਮੁੱਢਲੀ ਉਮਰੇ ਮੋਜ਼ਿਜ਼ ਹੈੱਸ ਵਰਗੇ ਚਿੰਤਕਾਂ ਤੋਂ ਪ੍ਰਭਾਵਿਤ ਹੋਇਆ ਜੋ ਕਹਿ ਰਹੇ ਸਨ ਕਿ ਉਦਯੋਗਕ ਕ੍ਰਾਂਤੀ ਵਰਗੇ ਵਰਤਾਰੇ ਨੇ ਸਮਾਜਿਕ ਤਬਾਹੀ ਦਾ ਸਬਬ ਬਣਨਾ ਹੈ; ਜਿਨ੍ਹਾਂ ਦਾ ਮੰਨਣਾ ਸੀ ਕਿ ਨਿੱਜੀ ਸੰਪਤੀ ਤੋਂ ਨਿਜਾਤ ਹੀ ਆਖ਼ਰੀ ਹੱਲ ਹੈ। ਹੇਗਲ ਨੂੰ ਪੜ੍ਹਿਆ ਤੇ ‘ਯੰਗ ਹੇਗੇਲਿਅਨ` ਸਮੂਹਾਂ ਨਾਲ ਸੰਵਾਦ ਰਚਾਉਂਦਾ ਰਿਹਾ। ਉਦਯੋਗਪਤੀ ਬਾਪੂ ਨੂੰ ਵੱਡੇ ਮੁੰਡੇ ਦੀਆਂ ‘ਹਰਕਤਾਂ` ਨੇ ਡੂੰਘਾ ਚਿੰਤਤ ਕੀਤਾ। ਮਾਨਚੈਸਟਰ ਸ਼ਹਿਰ ਦੇ ਪੱਛਮ ਵੱਲ ਸਥਿਤ ਸੈਲਫਰਡ `ਚ ਆਪਣਾ ਕਾਰਖਾਨਾ ਸੰਭਾਲਣ ਦਾ ਹੁਕਮ ਦਿੱਤਾ। ਏਂਗਲਜ਼ ਨੇ ਇਸ ਘਟਨਾ ਨੂੰ ਉਦਯੋਗਕ ਕ੍ਰਾਂਤੀ ਦੀ ਸ਼ੁਰੂਆਤ ਵਾਲੇ ਮੁਲਕ `ਚ ਸ਼ੁਰੂ ਹੋਈ ਸਮਾਜਿਕ, ਆਰਥਿਕ, ਸਿਆਸੀ ਉਥਲ-ਪੁਥਲ ਨੂੰ ਸਮਝਣ ਅਤੇ ਅਧਿਐਨ ਕਰਨ ਦੇ ਸ਼ਾਨਦਾਰ ਮੌਕੇ ਵਜੋਂ ਲਿਆ। ਬਾਪੂ ਨੇ ਸਫਲ ਪੂੰਜੀਪਤੀ ਬਣਨ ਭੇਜਿਆ ਪਰ ਮੁੰਡਾ ਤਾਉਮਰ ਲਈ ਮਜ਼ਦੂਰਾਂ ਦਾ ਆੜੀ ਹੋ ਨਿਬੜਿਆ, ਉਨ੍ਹਾਂ ਦੀ ਮੁਕਤੀ ਦਾ ਰਾਹ ਖੋਜਦਾ ਰਿਹਾ, ਕਹਿੰਦਾ ਰਿਹਾ ਕਿ ਸਮਾਜ ਦੀ ਮੁਕਤੀ ਮਜ਼ਦੂਰ ਵਰਗ ਦੀ ਮੁਕਤੀ ਤੋਂ ਬਿਨਾਂ ਸੰਭਵ ਨਹੀਂ ਹੈ।
ਇਹ ਏਂਗਲਜ਼ ਦੀ ਜ਼ਿੰਦਗੀ, ਉਸ ਦੇ ਫੈਸਲੇ ਹਨ ਪਰ ਗੱਲ ਬੜੀ ਸਪਸ਼ਟ ਹੈ ਕਿ ਮੌਜੂਦਾ ਸਮਾਜ ਨੂੰ ਦਰਪੇਸ਼ ਮਸਲਿਆਂ ਦੀ ਗੂੰਜ ਸਾਫ ਸੁਣਨ ਲਈ ਕੰਨ ਜ਼ਮੀਨ ਨਾਲ ਲਾ ਕੇ ਰੱਖਣੇ ਜ਼ਰੂਰੀ ਹਨ। ਕਿਸੇ ਖਿੱਤੇ ਦੇ ਹਾਲਾਤ ਦਾ ਸਟੀਕ ਅੰਦਾਜ਼ਾ ਲਗਾਉਣ ਲਈ ਉੱਥੇ ਦੀ ਅਵਾਮ ਨੂੰ ਗਹੁ ਨਾਲ ਵਾਚਣਾ ਜ਼ਰੂਰੀ ਹੈ। ਇਸ ਲਿਖਤ ਨੂੰ ਏਂਗਲਜ਼ ਨੇ ਆਪਣੇ ਨਿਜੀ ਤਜਰਬਿਆਂ ਤੱਕ ਮਹਿਦੂਦ ਨਹੀਂ ਰੱਖਿਆ। ਅਖ਼ਬਾਰਾਂ ਦੀਆਂ ਖ਼ਬਰਾਂ, ਰਸਾਲਿਆਂ `ਚ ਛਪੇ ਲੇਖਾਂ, ਸਰਕਾਰੀ ਅਧਿਕਾਰੀਆਂ ਦੀਆਂ ਰਪਟਾਂ, ਇਨ੍ਹਾਂ ਸਰਕਾਰੀ ਰਪਟਾਂ `ਚ ਛਪੇ ਕਾਬਿਲ ਡਾਕਟਰਾਂ, ਚਰਚ ਦੇ ਪਾਦਰੀਆਂ ਦੇ ਬਿਆਨ, ਸੰਵੇਦਨਸ਼ੀਲ ਸੰਸਦ ਮੈਂਬਰਾਂ ਦੀਆਂ ਟਿੱਪਣੀਆਂ, ਚਿੰਤਕਾਂ ਦੇ ਲੇਖ ਆਦਿ ਇਸ ਕਿਤਾਬ ਦਾ ਹਿੱਸਾ ਹਨ। ਦਿਲਚਸਪ ਤੱਥ ਇਹ ਕਿ ਇਨ੍ਹਾਂ `ਚੋਂ ਜ਼ਿਆਦਾਤਰ ਹਵਾਲੇ ਪੂੰਜੀਵਾਦੀ ਪ੍ਰਬੰਧ ਦੇ ਹਮਾਇਤੀ ਪੁਰਖਾਂ ਦੇ ਹਨ। ਉਸ ਸਮੇਂ ਸਿਆਸਤਦਾਨਾਂ, ਉਦਯੋਗਕ ਘਰਾਣਿਆਂ, ਨੌਕਰਸ਼ਾਹਾਂ, ਖੁੱਲ੍ਹੀ ਮੰਡੀ ਤੋਂ ਕਮਾਈ ਕਰਨ ਵਾਲਿਆਂ ਨੇ ਪੂੰਜੀਵਾਦੀ ਪ੍ਰਬੰਧ ਪ੍ਰਤੀ ਆਮ ਸਹਿਮਤੀ ਬਣਾਉਣ `ਤੇ ਜ਼ੋਰ ਲਾਇਆ ਹੋਇਆ ਸੀ। ਹਵਾਲਿਆਂ ਤੇ ਸਰੋਤਾਂ ਨਾਲ ਲੈਸ ਹੋਣ ਦੀ ਕਵਾਇਦ ਇਸ ਲਈ ਕਿ ਇਸ ਕਿਤਾਬ ਨੂੰ ਕੋਈ ਪੂੰਜੀਵਾਦ ਦਾ ਚਹੇਤਾ ਇਕਪਾਸੜ ਤੇ ਮਨਘੜਤ ਬਿਆਨਬਾਜ਼ੀ ਆਖ ਸੌਖਿਆਂ ਰੱਦ ਨਾ ਕਰ ਸਕੇ। ਤਜਰਬਾ, ਹਵਾਲੇ ਅਤੇ ਸਰੋਤਾਂ ਦਾ ਸੁਮੇਲ। ਇਸ ਤਰਕੀਬ ਨੇ ਏਂਗਲਜ਼ ਤੋਂ ਪਹਿਲਾਂ ਤੇ ਬਾਅਦ `ਚ ਸਦੀਆਂ ਦਾ ਸਫ਼ਰ ਤੈਅ ਕੀਤਾ ਪਰ ਇਸ ਦਾ ਕੋਈ ਤੋੜ ਨਹੀਂ ਮਿਲਿਆ। ਉਹ ਇਸ ਪ੍ਰਬੰਧ ਦੀ ਕਾਟ `ਚ ਦਿੱਤੀਆਂ ਦਲੀਲਾਂ `ਚ ਰੱਤੀ ਭਰ ਵੀ ਕੱਚ ਨਹੀਂ ਛੱਡਣਾ ਚਾਹੁੰਦੇ ਸਨ। ਉਹ ਸਿਧਾਂਤਕ ਸਮਝ ਤੋਂ ਇਲਾਵਾ ਡੀ-ਕਲਾਸ ਹੋਣ ਦੀ ਜੁਗਤ ਦੇਣ ਦੇ ਵੀ ਸਮਰੱਥ ਹਨ। ਸਿੱਖਣਾ ਹਰ ਬਸ਼ਿੰਦੇ ਦੀ ਇੱਛਾ ਤੇ ਸਮਰੱਥਾ `ਤੇ ਨਿਰਭਰ ਕਰਦਾ ਹੈ।
ਦੂਜਾ, ਸਮਾਜ ਨੂੰ ਸਮੁੱਚਤਾ `ਚ ਦੇਖਣਾ, ਅੱਡ-ਅੱਡ ਕਣਾਂ ਵਾਂਗ ਬਿਖਰੀਆਂ ਘਟਨਾਵਾਂ ਦਾ ਆਪਸੀ ਰਿਸ਼ਤਾ ਤੇ ਇੱਕ-ਦੂਜੇ `ਤੇ ਪ੍ਰਭਾਵ ਨੂੰ ਸਮਝਣਾ। ਏਂਗਲਜ਼ ਮਜ਼ਦੂਰਾਂ ਦੀ ਰਹਿਣੀ-ਸਹਿਣੀ, ਆਰਥਿਕ-ਸਮਾਜਿਕ ਪ੍ਰਬੰਧ, ਸਿਆਸੀ ਜੋੜ-ਤੋੜ, ਆਲਮੀ ਤਬਦੀਲੀਆਂ ਨੂੰ ਇੱਕ ਕੜੀ `ਚ ਪਰੋਣ ਦਾ ਤਰੱਦਦ ਕਰ ਰਹੇ ਹਨ। ਉਨ੍ਹਾਂ ਮੁਤਾਬਕ ਹਰ ਸ਼ੈਅ ਮਨੁੱਖ ਨੂੰ ਅਸਰਅੰਦਾਜ਼ ਕਰਦੀ ਹੈ। ਜਾਣਨ ਦਾ ਲਗਾਤਾਰ ਯਤਨ ਰਿਹਾ ਕਿ ਇਨ੍ਹਾਂ ਸ਼ੈਆਂ ਦਾ ਚੰਡਿਆ ਬੰਦਾ ਕਿਰਦਾਰ ਪੱਖੋਂ ਕਿਸ ਕਿਸਮ ਦੀ ਬਣਤਰ ਲੈਂਦਾ ਹੈ। ਇਹ ਲਿਖਤ ਦਰਸਾਉਂਦੀ ਹੈ ਕਿ ਵਰਤਾਰੇ ਤੇ ਨਿਜੀ ਜ਼ਿੰਦਗੀਆਂ ਦੇ ਵੇਰਵੇ ਕੈਨਵਸ `ਤੇ ਬਿਖਰੇ ਬਿੰਦੂਆਂ ਵਾਂਗ ਹਨ ਜਿਨ੍ਹਾਂ ਨੂੰ ਜੋੜ ਕੇ ਸਮਕਾਲੀ ਸਮਾਜ ਦੀ ਅਧੂਰੀ ਤੇ ਧੁੰਦਲੀ ਤਸਵੀਰ ਨੂੰ ਮੁਕੰਮਲ ਤੇ ਸਪੱਸ਼ਟ ਕਰਨ ਦਾ ਯਤਨ ਜਾਰੀ ਰਹਿਣਾ ਚਾਹੀਦਾ ਹੈ। ਇਸ ਦੇ ਬਰ-ਅਕਸ ਨਿਜੀ ਤਜਰਬਿਆਂ ਤੇ ਸਾਰੀ ਅਕਾਦਮਿਕ ਕਵਾਇਦ ਨੇ ਸਾਨੂੰ ਘਟਨਾਵਾਂ ਤੇ ਵਰਤਾਰਿਆਂ ਨੂੰ ਆਪਣੀ ਸਹੂਲਤ ਅਨੁਸਾਰ ਅੱਡ-ਅੱਡ ਖਾਂਚਿਆਂ `ਚ ਵੰਡ ਕੇ ਦੇਖਣਾ ਸਿਖਾਇਆ ਹੈ। ਰਾਜਨੀਤੀ ਵਿਗਿਆਨ, ਅਰਥ ਸ਼ਾਸਤਰ, ਇਤਿਹਾਸ, ਭੂਗੋਲ, ਮਨੋਵਿਗਿਆਨ ਤੇ ਭਾਸ਼ਾ ਵਿਭਾਗਾਂ ਨੇ ਸਹੂਲਤ ਮੁਤਾਬਕ ਵਿਸ਼ਿਆਂ ਨੂੰ ਹੀ ਨਹੀਂ, ਵਿਦਿਆਰਥੀਆਂ ਨੂੰ ਵੀ ਵੰਡ ਲਿਆ ਹੈ। ਵੱਖ-ਵੱਖ ਵਿਭਾਗਾਂ ਦੇ ਖੋਜਾਰਥੀਆਂ ਦਾ ਆਪਸੀ ਸੰਵਾਦ ਦੁਰਲੱਭ ਨਜ਼ਾਰਾ ਹੈ। ਵਿਭਾਗ ਰੇਲਗੱਡੀ ਦੇ ਉਨ੍ਹਾਂ ਡੱਬਿਆਂ ਵਾਂਗ ਬਣਾ ਲਏ ਜਿਨ੍ਹਾਂ `ਚ ਇਕ-ਦੂਜੇ `ਚ ਆਣ-ਜਾਣ ਦੇ ਲਾਂਘੇ ਬੰਦ ਹਨ। ਆਪਸ `ਚ ਜੁੜੇ ਡੱਬੇ ਦੌੜ ਇੱਕੋ ਪਟੜੀ `ਤੇ ਰਹੇ ਨੇ, ਇੱਕੋ ਇੰਜਣ ਖਿੱਚ ਰਿਹਾ ਹੈ; ਬੇ-ਖ਼ਬਰੀ ਦਾ ਆਲਮ ਐਸਾ ਕਿ ਆਪਣਾ ਡੱਬਾ ਹੀ ਖੋਜਾਰਥੀ ਨੂੰ ਪੂਰਾ ਸੰਸਾਰ ਜਾਪਦਾ ਹੈ। ਵਰਤਾਰਿਆਂ ਨੂੰ ਖਾਨਿਆਂ `ਚ ਵੰਡ ਆਪੋ-ਆਪਣੇ ਖੋਪਿਆਂ `ਚੋਂ ਦੇਖਿਆ ਜਾ ਰਿਹਾ ਹੈ। ਸਾਡੀ ਸਭ ਦੀ ਆਪੋ-ਆਪਣੇ ਛੱਪੜਾਂ `ਚ ਉਮਰ ਬੀਤ ਰਹੀ ਹੈ।
ਤੀਜਾ ਸਬਕ ਸਿਰਜਣਾ ਦੇ ਮਕਸਦ ਨਾਲ ਜੁੜਿਆ ਹੈ। ਏਂਗਲਜ਼ ਦੀ ਲਿਖਤ ਅਕਾਦਮਿਕ ਅਦਾਰਿਆਂ `ਚ ਨਾਮਣਾ ਖੱਟਣ ਤੇ ‘ਪੜ੍ਹਿਆਂ-ਲਿਖਿਆਂ` ਦੀ ਮਹਿਫਲਾਂ `ਚ ਠੁੱਕ ਜਮਾਉਣ ਲਈ ਨਹੀਂ ਸੀ। ਮਾਰਕਸ ਤੋਂ ਉਲਟ ਏਂਗਲਜ਼ ਯੂਨੀਵਰਸਟੀ ਪੜ੍ਹਨ ਵੀ ਨਹੀਂ ਗਿਆ। ਵਡੇਰਿਆਂ ਨੇ ਬਾਰਵੀਂ ਤੋਂ ਬਾਅਦ ਹੀ ਪਰਿਵਾਰਕ ਕਾਰੋਬਾਰ ਵੱਲ ਧੱਕ ਦਿੱਤਾ। ਬੰਦਿਸ਼ਾਂ ਮਜ਼ਦੂਰਾਂ ਦੀ ਬਾਤ ਪਾਉਣ ਦਾ ਜਨੂਨ ਠੱਲ੍ਹ ਨਾ ਸਕੀਆਂ। ਟੀਚਾ ਮਾਰੂ ਪੂੰਜੀਵਾਦੀ ਪ੍ਰਬੰਧ ਨੂੰ ਸਹੀ ਠਹਿਰਾਉਣ ਵਾਲਿਆਂ ਦੀ ਹਰ ਦਲੀਲ ਨੂੰ ਤੱਥਾਂ ਸਹਿਤ ਕੱਟਣਾ ਸੀ। ਸਮੇਂ ਦੀ ਚੁਣੌਤੀ ਨੂੰ ਸਮਝਦਿਆਂ ਤੇ ਕਬੂਲਦਿਆਂ ਉਸ ਨੂੰ ਟੱਕਰ ਦੇਣ ਦੇ ਸਮਰੱਥ ਸਾਹਿਤ ਦੀ ਰਚਨਾ ਕਰਨਾ ਸੀ। ਸ਼ੋਸ਼ਣ ਰਹਿਤ ਖ਼ੂਬਸੂਰਤ ਜ਼ਿੰਦਗੀ ਦਾ ਸੁਫ਼ਨਾ ਸਾਕਾਰ ਕਰਨ `ਚ ਲੱਗੇ ਕਾਰਕੁਨਾਂ ਨਾਲ ਸੰਵਾਦ ਰਚਾਉਣਾ ਸੀ। ਇਸ ਜਦੋ-ਜਹਿਦ `ਚ ਸਾਥੀਆਂ, ਹਮਦਰਦਾਂ ਦੀ ਪਛਾਣ ਕਰਨੀ ਤੇ ਕਰਾਉਣੀ ਸੀ। ਅਸਲ ਦੁਸ਼ਮਣਾਂ ਨੂੰ ਬੇਪਰਦ ਕਰਨਾ ਸੀ ਤਾਂ ਕਿ ਅੰਦੋਲਨ ਉਨ੍ਹਾਂ ਵੱਲ ਸੇਧਿਤ ਹੋ ਸਕੇ। ਗਹਿਰੀ ਖੋਜ ਜ਼ਰੀਏ ਇਸ ਪ੍ਰਬੰਧ ਦੇ ਲਤਾੜੇ ਤੇ ਨਿਆਸਰਾ ਬਣਾਏ ਲੋਕਾਂ `ਚ ਚੇਤਨਾ ਦਾ ਪਸਾਰ ਕਰ ਕੇ ਸੰਘਰਸ਼ ਲਈ ਪ੍ਰੇਰਨਾ ਸੀ। ਅਕਾਦਮਿਕ ਅਦਾਰਿਆਂ ਦੀ ਚਾਰ-ਦੀਵਾਰੀ ਉਨ੍ਹਾਂ ਦਾ ਕਾਰਜ ਖੇਤਰ ਨਹੀਂ ਸੀ। ਇਹ ਲਿਖਤ ਖੋਜ ਅਤੇ ਲੋਕਾਈ ਦੀ ਬਿਹਤਰ ਜ਼ਿੰਦਗੀ ਦੇ ਅਣਥੱਕ ਸੁਫ਼ਨਿਆਂ ਦੇ ਸੁਮੇਲ ਦੀਆਂ ਚੰਦ ਬਿਹਤਰੀਨ ਮਿਸਾਲਾਂ ਵਿਚੋਂ ਹੈ।
ਚੌਥਾ ਤੇ ਅਹਿਮ ਸਬਕ, ਇਹ ਲਿਖਤ ਲੋਕਾਈ ਨੂੰ ਅਮੂਰਤ ਰੂਪ `ਚ ਨਹੀਂ ਦੇਖ ਰਹੀ। ਇਹ ਉਸ ਧਿਰ ਨੂੰ ਵੀ ਖੋਜਦੀ ਹੈ ਜਿਸ ਨੇ ਮੁੱਢੋਂ ਤਬਦੀਲੀ ਲਿਆਉਣ `ਚ ਮੋਹਰੀ ਭੂਮਿਕਾ ਅਦਾ ਕਰਨੀ ਹੈ। ਇਹ ਲਿਖਤ ਸਭ ਤੋਂ ਲਤਾੜੇ ਤਬਕੇ ਮਜ਼ਦੂਰ ਵਰਗ ਦੀ ਗੱਲ ਨੂੰ ਪ੍ਰਮੁੱਖਤਾ ਨਾਲ ਰੱਖਦੀ ਹੋਈ ਇਸ ਧਿਰ ਵੱਲ ਖਲੋ ਕੇ ਦੁਨੀਆ ਦੇ ਵਰਤਾਰੇ ਸਮਝਣ ਅਤੇ ਕੜੀਆਂ ਜੋੜਨ ਵਾਲਾ ਉੱਦਮ ਹੈ। ਮੰਤਵ ਨਿਰਾ ਸਮਾਜਿਕ ਸੱਚਾਈ ਨੂੰ ਬੇਪਰਦ ਕਰਨਾ ਤੇ ਕਾਰਖਾਨਾ ਮਾਲਕਾਂ ਦੀਆਂ ਕਰਤੂਤਾਂ ਉਜਾਗਰ ਕਰਨਾ ਹੀ ਨਹੀਂ ਸੀ; ਦਿਲੀ ਤਮੰਨਾ ਵੀ ਸੀ ਕਿ ਮਨੁੱਖਤਾ ਦੀ ਬਿਹਤਰੀ ਲਈ ਦੁਨੀਆ ਦਾ ਸਮਾਜਿਕ, ਆਰਥਿਕ, ਸਿਆਸੀ ਢਾਂਚਾ ਮੁੱਢੋਂ ਬਦਲੇ। ਅਜਿਹਾ ਪ੍ਰਬੰਧ ਉਸਰੇ ਜੋ ਬਰਾਬਰੀ, ਨਿਆਂ ਆਦਿ ਮਨੁੱਖੀ ਕਦਰਾਂ `ਤੇ ਪਹਿਰਾ ਦੇਣ ਵਾਲਾ ਹੋਵੇ। ਇਸ ਸੁਫ਼ਨੇ ਨੂੰ ਹਕੀਕਤ ਤੱਕ ਲਿਜਾਣ ਵਾਲੀ ਧਿਰ ਦੀ ਸ਼ਨਾਖਤ ਕਰਨਾ ਅਹਿਮ ਕਾਰਜ ਵਜੋਂ ਲਿਆ। ਇਹ ਤੈਅ ਕੀਤਾ ਕਿ ਅਮਨੁੱਖੀ ਢਾਂਚੇ ਦੇ ਜਬਰ ਦਾ ਸ਼ਿਕਾਰ ਅਨੇਕ ਧਿਰਾਂ `ਚੋਂ ਕਿਹੜੀ ਧਿਰ ਫੈਸਲਾਕੁਨ ਲੜਾਈ ਦੀ ਰਹਿਨੁਮਾਈ ਕਰੇਗੀ। ਲਿਖਤ ਨੇ ਮਜ਼ਦੂਰ ਜਮਾਤ ਨੂੰ ਰਹਿਨੁਮਾ ਚੁਣਿਆ ਹੈ। ਸਗਲਿ ਲੋਕਾਈ ਦੀ ਮੁਕਤੀ ਦਾ ਰਾਹ ਕਿਰਤੀਆਂ ਦੀ ਮੁਕਤੀ ਨਾਲ ਜੋੜਿਆ। ਸੱਚ ਨੂੰ ਬੇਪਰਦ ਕਰਨਾ ਜ਼ਰੂਰੀ ਤਾਂ ਹੈ ਪਰ ਮੁਕੰਮਲ ਕਾਰਜ ਨਹੀਂ। ਸਮਾਜ ਦੇ ਬਿਹਤਰ ਤੇ ਖ਼ੂਬਸੁਰਤ ਹੋਣ ਦਾ ਸੁਫ਼ਨਾ ਗਤੀਸ਼ੀਲ ਰਹਿਣ ਦੀ ਕਾਮਨਾ ਹੈ ਜਿਸ ਦਾ ਪਹਿਲਾ ਕੰਮ ਲੋਕਾਈ ਨਾਲ ਸੰਪਰਕ ਸਾਧ ਕੇ ਸੱਚ ਦੀ ਉਨ੍ਹਾਂ ਤੱਕ ਰਸਾਈ ਕਰਾਉਣਾ ਹੈ। ਟੁਕੜਿਆਂ `ਚ ਵੰਡਿਆ ਸੱਚ ਮੋਤੀਆਂ ਵਾਂਗ ਧਾਗੇ `ਚ ਪਰੋ ਕੇ ਮਾਲਾ ਦੇ ਰੂਪ `ਚ ਅਵਾਮ ਸਾਹਮਣੇ ਰੱਖਣਾ ਹੈ। ਦੂਜਾ, ਉਸ ਸਮੂਹ, ਤਬਕੇ ਜਾਂ ਵਰਗ ਦੀ ਸ਼ਨਾਖ਼ਤ ਕਰਨੀ ਜੋ ਤੱਥਾਂ ਨਾਲ ਲੈਸ ਹੋ ਕੇ ਚੇਤਨ ਰੂਪ `ਚ ਸਮਾਜ ਨੂੰ ਬਦਲਣ ਦੇ ਕਾਰਜ ਦੀ ਅਗਵਾਈ ਕਰੇਗਾ। ਮਸਲਾ ਸਿਰਫ ਸੱਚ ਦੀ ਖੋਜ ਦਾ ਨਹੀਂ; ਝੂਠ ਤੇ ਫ਼ਰੇਬ ਤੋਂ ਪਰਦਾ ਹਟਾਉਣ ਨਾਲ ਆਪਣੇ ਆਪ ਤਾਂ ਸਮਾਜ ਨੇ ਬਦਲ ਨਹੀਂ ਜਾਣਾ। ਸੱਚ ਤਰਥੱਲੀ ਤਾਂ ਮਚਾ ਸਕਦੈ ਪਰ ਸੂਰਤ-ਏ-ਹਾਲ ਬਦਲਣ ਲਈ ਸਚਾਈ ਦੀ ਲੋਅ ਨਾਲ ਰੌਸ਼ਨ ਦਿਮਾਗਾਂ ਨੂੰ ਚੇਤਨ ਰੂਪ `ਚ ਕਾਰਜ ਕਰਨਾ ਪਏਗਾ। ‘ਦਾਰਸ਼ਨਿਕਾਂ ਨੇ ਹੁਣ ਤੱਕ ਸੰਸਾਰ ਦੀ ਵਿਆਖਿਆ ਹੀ ਕੀਤੀ ਹੈ, ਲੋੜ ਇਸ ਨੂੰ ਬਦਲਣ ਦੀ ਹੈ` (ਕਾਰਲ ਮਾਰਕਸ)। ਮਾਰਕਸਵਾਦ ਦੇ ਇਹ ਦੋ ਪਿਤਾਮਾ ਆਖ਼ਰੀ ਸਾਹਾਂ ਤੱਕ ਇਸ ਕਥਨ `ਤੇ ਪਹਿਰਾ ਦਿੰਦੇ ਰਹੇ।
ਅਗਲਾ ਸਬਕ ਲਿਖਣ ਦੀ ਸ਼ੈਲੀ ਬਾਰੇ ਹੈ। ਮਾਰਕਸਵਾਦੀਆਂ ਬਾਰੇ ਕਿਹਾ ਜਾਂਦਾ (ਜੋ ਕਾਫੀ ਹੱਦ ਤੱਕ ਸਹੀ ਹੈ) ਕਿ ਉਨ੍ਹਾਂ ਦਾ ਅੰਦਾਜ਼-ਏ-ਬਿਆਂ ਬੜਾ ਨੀਰਸ ਹੈ। ਇਹ ਰੋਸ ਇਸ ਲਿਖਤ ਲਈ ਢੁਕਵਾਂ ਨਹੀਂ। ਮਾਰਕਸ ਨੇ ਪੂੰਜੀਵਾਦ ਦੀ ਗਾਥਾ ਸੁਣਾਉਣ ਵਾਲੀ ਕਿਰਤ ‘ਦਾਸ ਕੈਪੀਟਲ` `ਤੇ ਕੰਮ ਕਰਦਿਆਂ ਇਸ ਕਿਤਾਬ ਨੂੰ ਮੁੜ ਤੋਂ ਪੜ੍ਹਿਆ। ਆਪਣੇ ਜੋਟੀਦਾਰ ਨੂੰ 9 ਅਪਰੈਲ 1863 ਨੂੰ ਲਿਖੇ ਖ਼ਤ `ਚ ਵੀਹ ਸਾਲ ਪਹਿਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਲਿਖਦਾ ਹੈ- ‘ਉਨ੍ਹੀਂ ਦਿਨੀਂ ਗ਼ਜ਼ਬ ਦੀ ਤਾਕਤ, ਤੀਖਣ ਬੁੱਧੀ ਤੇ ਜਨੂਨ ਤੇਰੇ ਸਾਰਥੀ ਸਨ… ਪਾਠਕਾਂ ਨੂੰ ਮਹਿਸੂਸ ਕਰਵਾਇਆ ਕਿ ਜੇ ਅੱਜ ਨਹੀਂ ਤਾਂ ਕੱਲ੍ਹ ਤੇਰੇ ਸਿਧਾਂਤ ਤੱਥਾਂ ਵਾਂਗ ਅਡੋਲ ਸਿੱਧ ਹੋਣਗੇ… ਇਸ ਕਿਰਤ `ਚ ਮਨੁੱਖੀ ਸੰਵੇਦਨਾ ਤੇ ਹਾਸ-ਰਸ ਦੇ ਝਲਕਾਰੇ ਵੀ ਮਿਲਦੇ ਹਨ।` ਇਸ ਵਾਰਤਕ ਦੀ ਆਪਣੀ ਰਵਾਨੀ ਹੈ। ਲੇਖਕ ਪਾਠਕ ਨੂੰ ਮਜ਼ਦੂਰ ਬਸਤੀਆਂ ਦੀਆਂ ਗਲੀਆਂ `ਚ ਆਪਣੇ ਨਾਲ ਤੋਰ ਲੈਂਦਾ ਹੈ। ਤੁਹਾਡੀ ਮਿਲਣੀ ਮਾਨਚੈਸਟਰ ਦੇ ਮਜ਼ਦੂਰਾਂ ਨਾਲ ਕਰਵਾਉਂਦਾ ਹੈ। ਉਨ੍ਹਾਂ ਦੇ ਦੁੱਖ-ਦਰਦ ਤੇ ਹੌਸਲੇ ਦਾ ਅਹਿਸਾਸ ਕਰਵਾਉਂਦਾ ਹੈ। ਇਹ ਲਿਖਤ ਪੜ੍ਹਨ ਲਈ ਮਾਰਸਕਵਾਦੀ ਹੋਣਾ ਅਤੇ ਏਂਗਲਜ਼ ਦੇ ਵਿਸ਼ਲੇਸ਼ਣ ਤੇ ਸਿੱਟਿਆਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। ਅਜਿਹੀ ਲੇਖਣੀ ਲਈ ਘੱਟੋ-ਘੱਟ ਦੋ ਗੁਣ ਲਾਜ਼ਮੀ ਹਨ: ਕੰਮ ਦੀ ਸ਼ਿੱਦਤ ਅਤੇ ਭਾਸ਼ਾ ਦਾ ਗਿਆਨ।
ਆਖ਼ਰੀ ਗੱਲ ਭਾਸ਼ਾ ਦੇ ਹਵਾਲੇ ਨਾਲ। ਏਂਗਲਜ਼ ਨੇ ਇਹ ਕਿਤਾਬ ਜਰਮਨ ਭਾਸ਼ਾ `ਚ ਲਿਖੀ। ਜੋ ਦੇਖਿਆ, ਮਹਿਸੂਸ ਕੀਤਾ ਤੇ ਪਰਖਿਆ, ਉਸ ਨੂੰ ਆਪਣੀ ਮਾਤ-ਭਾਸ਼ਾ `ਚ ਬਿਆਨ ਕੀਤਾ। ਜਿਸ ਭਾਸ਼ਾ `ਚ ਸੋਚ ਰਿਹਾ, ਉਸੇ ਭਾਸ਼ਾ `ਚ ਲਿਖ ਰਿਹਾ ਸੀ। ਮਾਨਚੈਸਟਰ ਦੇ ਮਜ਼ਦੂਰਾਂ ਨੂੰ ਸੰਬੋਧਨ ਹੁੰਦਿਆਂ ਲਿਖਦਾ ਹੈ- ‘ਮੈਨੂੰ ਸ਼ੁੱਧ ਤਾਂ ਨਹੀਂ ਪਰ ਕੰਮ-ਚਲਾਊ ਅੰਗਰੇਜ਼ੀ ਆਉਂਦੀ ਹੈ।` ਉਨ੍ਹਾਂ ਦੋ ਮੁੱਖਬੰਦ ਲਿਖੇ: ਇੱਕ ਬਰਤਾਨੀਆ, ਦੂਜਾ ਜਰਮਨ ਦੇ ਮਜ਼ਦੂਰਾਂ ਨੂੰ ਸੰਬੋਧਨ ਹੁੰਦੇ ਹੋਏ। ਗੱਲ ਕਿਸ ਨੂੰ ਸੁਣਾਉਣੀ ਤੇ ਸਮਝਾਉਣੀ ਹੈ, ਬਿਲਕੁਲ ਸਪੱਸ਼ਟ। ਭਾਸ਼ਾ ਦੇ ਮੁੱਦੇ `ਤੇ ਚਾਨਣ ਇਸ ਸਪਸ਼ਟਤਾ `ਚੋਂ ਵੀ ਹੋਣਾ ਹੈ। ਇਹ ਕਿਤਾਬ ਅੰਗਰੇਜ਼ੀ ਭਾਸ਼ਾ `ਚ ਪਹਿਲੀ ਵਾਰ 1886 `ਚ ਛਪੀ ਸੀ ਜਿਸ ਦਾ ਤਰਜਮਾ ਅਮਰੀਕੀ ਸਮਾਜਵਾਦੀ ਮਹਿਲਾ ਕਾਰਕੁਨ ਫਲੋਰੈਂਸ ਕੈਲੀ ਦੀ ਮਿਹਨਤ ਦਾ ਸਿੱਟਾ ਹੈ। ਸੋ, ਇਹ ਕਿਤਾਬ ਲਿਖੇ ਜਾਣ ਅਤੇ ਤਰਜਮੇ ਜ਼ਰੀਏ ਜ਼ਿਆਦਾ ਲੋਕਾਂ ਤੱਕ ਰਸਾਈ ਕਰਾਉਣ `ਚ ਮੈਰੀ ਬ੍ਰਨਜ਼ ਤੇ ਫਲੋਰੈਂਸ ਕੈਲੀ ਨਾਂ ਦੀਆਂ ਦੋ ਬੀਬੀਆਂ ਦਾ ਅਹਿਮ ਯੋਗਦਾਨ ਹੈ।
ਮੁੜ ਭਾਸ਼ਾ ਵੱਲ ਆਈਏ ਤਾਂ ਅਸੀਂ ਅਜੇ ਇਸ ਮਸਲੇ `ਤੇ ਗੰਭੀਰ ਹੋਣਾ ਹੈ। ਦਿਲ ਦੀ ਗਹਿਰਾਈ `ਚੋਂ ਉੱਠਦੀਆਂ ਆਵਾਜ਼ਾਂ ਭਾਸ਼ਾ ਦੀ ਚੋਣ ਦੀ ਘੁੰਮਣਘੇਰੀ `ਚ ਗੁਆਚ ਜਾਂਦੀਆਂ ਹਨ। ਦੁਨੀਆ ਨੂੰ ਸੇਧ ਦੇਣ ਵਾਲੀਆਂ ਖਾਸ ਲਿਖਤਾਂ ਜ਼ਿਆਦਾਤਰ ਉਸ ਭਾਸ਼ਾ `ਚ ਲਿਖੀਆਂ ਗਈਆਂ ਜੋ ਉਸ ਖਿੱਤੇ ਦੀ ਲੋਕਾਈ ਦੀ ਰੂਹ ਦੇ ਨੇੜੇ ਸਨ। ਸਮਾਜ ਵਿਗਿਆਨੀਆਂ ਅਤੇ ਵਿਗਿਆਨ ਦੇ ਹੋਰ ਖੇਤਰਾਂ `ਚ ਸਰਗਰਮ ‘ਰੂਹਾਂ` ਲਈ ਇਹ ਵੱਡੀ ਚੁਣੌਤੀ ਹੈ। ਪੇਪਰਾਂ `ਚ ਪਾਸ ਹੋਣ ਲਈ ਕੁੰਜੀਆਂ ਤੋਂ ਸਿਵਾਇ ਸਮਾਜ, ਸਿਆਸਤ, ਆਰਥਿਕਤਾ, ਆਲਮੀ ਮਸਲਿਆਂ `ਤੇ ਪੰਜਾਬੀ ਭਾਸ਼ਾ `ਚ ਕਿਤਾਬਾਂ ਮਿਲਣੀਆਂ ਦੁਰਲੱਭ ਹਨ। ਇਹੀ ਹਾਲ ਵਿਗਿਆਨ ਦੇ ਵਿਸ਼ਿਆਂ ਦੇ ਪੰਜਾਬੀ ਭਾਸ਼ਾ ਜ਼ਰੀਏ ਪਸਾਰ ਸਬੰਧੀ ਹੈ। ਅੰਗਰੇਜ਼ੀ ਭਾਸ਼ਾ ਦੇ ‘ਵਿਦਵਾਨਾਂ` ਦੁਆਰਾ ਪੰਜਾਬ ਬਾਰੇ ਕਿਤਾਬਨੁਮਾ ਲਿਖਤਾਂ `ਤੇ ਵਿਚਾਰ ਵੀ ਬਣਦਾ ਹੈ। ਪੰਜਾਬੀ ਭਾਸ਼ਾ `ਚ ਲਿਖੇ ਦੇ ਮਿਆਰ ਦੀ ਗੱਲ ਤਾਂ ਵੱਖਰਾ ਸਵਾਲ ਹੈ।
ਅੰਤ `ਚ ਸਿਰਫ ਇਹੀ ਕਿ ਪਾਠਕਾਂ ਦੇ ਜ਼ਿਹਨ `ਚ ਕੋਈ ਹੋਰ ਵਿਦਵਾਨ, ਲਿਖਤ ਜਾਂ ਹਵਾਲੇ ਆ ਸਕਦੇ ਹਨ, ਉਨ੍ਹਾਂ ਨੂੰ ਮੁਬਾਰਕ। ਸਵਾਲ ਇਸ ਲੇਖ `ਚ ਛੋਹੇ ਨੁਕਤਿਆਂ ਦਾ ਹੈ, ਸਾਡੇ ਹਿੱਸੇ ਆਏ ਕਾਰਜਾਂ ਦਾ ਹੈ।