ਲਾਵਾਰਸ ਲਾਸ਼

ਚਰਨਜੀਤ ਪੰਨੂ
‘ਭਾ ਜੀ! ਤੁਹਾਡੇ ਠੇਕੇ ਸਾਹਮਣੇ ਇੱਕ ਬੰਦਾ ਅਧਮੋਇਆ ਹੋਇਆ ਪਿਆ। ਜੇ ਰਾਤ ਠੰਢ ਵਿਚ ਮਰ ਗਿਆ ਤਾਂ ਤੁਸੀਂ ਵੀ ਘਸੀਟੇ ਜਾਓਗੇ ਤੇ ਨਾਲ ਮੈਨੂੰ ਵੀ ਆਉਣਾ ਪਊ।’ ਰਾਤ ਨੂੰ ਗਿਆਰਾਂ ਵਜੇ ਤੋਂ ਜ਼ਿਆਦਾ ਸਮਾਂ ਸੀ ਜਦ ਸੜਕੋਂ ਪਾਰ ਸਾਹਮਣੇ ਘਰ ਵਾਲੇ ਜੋਗਿੰਦਰ ਸਿੰਘ ਨੇ ਮੇਰਾ ਕੁੰਡਾ ਆ ਖੜਕਾਇਆ। ਮੈਂ ਦਿਨੇ ਆਪਣੇ ਨਾਲ ਬੀਤੀਆਂ ਘਟਨਾਵਾਂ ਯਾਦ ਕਰ ਕੇ ਉਸ ਨੂੰ ਟਰਕਾਉਣਾ ਚਾਹਿਆ ਪਰ ਮੇਰੇ ਘਰ ਮੂਹਰੇ ਇਕ ਬੰਦੇ ਦਾ ਮਰਨਾ ਤੇ ਫਿਰ ਪੁਲਸ ਦੀ ਪੁੱਛ-ਪੜਤਾਲ ਵਿਚ ਮੇਰਾ ਘਸੀਟਿਆ ਜਾਣਾ! ਸੋਚ ਕੇ ਤੇ ਉਸ ਦੀ ਘਬਰਾਹਟ ਭਾਂਪ ਕੇ ਮੈਂ ਇਕਦਮ ਕੰਬਲ ਪਰ੍ਹਾਂ ਵਗਾਹ ਮਾਰਿਆ।

ਦੋ ਕੁ ਘੰਟੇ ਪਹਿਲਾਂ ਸ਼ਹਿਰ ਤੋਂ ਵਾਪਸੀ ਸਮੇਂ ਮੈਂ ਇੱਕ ਨੇਕਨਾਮੀ ਕਰ ਕੇ ਆਇਆ ਸਾਂ। ਇੱਕ ਸ਼ਰਾਬੀ ਮੈਂ ਖ਼ਾਲਸਾ ਕਾਲਜ ਨੇੜਲੇ ਸੂਰਤ ਸਿੰਘ ਮੋੜ `ਤੇ ਨਾਲੀ ਵਿਚ ਚੂਹੇ ਵਾਂਗ ਲਿੱਬੜਿਆ ਡਿੱਗਾ ਬੇਸੁੱਧ ਲੰਮਲੇਟ ਪਿਆ ਵੇਖ ਕੇ ਰੁਕ ਗਿਆ। ਉਸ ਨੂੰ ਸਿੱਧਾ ਕਰ ਕੇ ਲੱਤਾਂ ਖਿੱਚ ਕੇ ਬਾਹਰ ਕੱਢਿਆ। ਉਹ ਮੇਰਾ ਵਾਕਫ਼ ਜਸਪਾਲ ਸਿੰਘ ਖੇਤੀ ਇੰਸਪੈਕਟਰ ਸੀ ਜਿਸ ਦਾ ਸਿਰ ਮੂੰਹ ਗਾਰੇ ਚਿੱਕੜ ਵਿਚ ਲੱਥਪੱਥ ਬੇਪਛਾਣ ਹੋਇਆ ਪਿਆ ਸੀ। ਨੇੜਲੇ ਨਲਕੇ ਤੋਂ ਪਾਣੀ ਲੈ ਕੇ ਉਸ ਦੇ ਮੂੰਹ ਨੂੰ ਛਿੱਟੇ ਮਾਰੇ। ਉਹ ਸੋਮਨ ਹੋਇਆ, ਉੱਠਿਆ, ‘ਧੰਨਵਾਦ ਭਾ ਜੀ! ਤੁਸੀਂ ਮੈਨੂੰ ਬਚਾ ਲਿਆ…ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਰਾਜ ਰਾਜ ਹੀ ਰਹਿਣ ਦਿਓ ਤੇ ਇਹ ਕਹਾਣੀ ਹੋਰ ਕਿਸੇ ਨੂੰ ਨਾ ਦੱਸਿਓ।’ ਉਹ ਪਾਸੇ ਡਿੱਗੇ ਸਕੂਟਰ ਨੂੰ ਆਪੇ ਉਠਾ ਕੇ ਕਿੱਕ ਮਾਰਦਾ ਦੌੜ ਗਿਆ।
ਬੰਦੇ ਦਾ ਬੰਦਾ ਦਾਰੂ ਹੁੰਦਾ ਹੈ…ਜੇ ਮੇਰੇ ਉੱਠਣ ਨਾਲ ਕਿਸੇ ਸ਼ਰੀਫ਼ਜ਼ਾਦੇ ਦੀ ਜਾਨ ਬਚ ਸਕਦੀ ਹੈ ਤਾਂ ਮੈਨੂੰ ਜ਼ਰੂਰ ਜਾਣਾ ਚਾਹੀਦਾ ਹੈ। ਮੈਂ ਜੋਗਿੰਦਰ ਨਾਲ ਬਾਹਰ ਨਿਕਲ ਤੁਰਿਆ। ਇੱਕ ਸੁੰਦਰ ਸੁਹਣੇ ਸੁਹਾਵਣੇ ਲਿਬਾਸ ਵਾਲਾ ਅਧਖੜ ਸਰਦਾਰ ਟੇਢਾ ਲੇਟਿਆ ਪਿਆ ਸੀ। ਉਹਦਾ ਮੂੰਹ ਚੱਟਦੇ ਕੁੱਤੇ ਸਾਨੂੰ ਵੇਖ ਕੇ ਪਾਸੇ ਹੋ ਗਏ।
ਚੁਰਾਸੀ ਦਾ ਗੇੜ ਜਦ ਸੂਰਜ ਛਿਪਣ ਨਾਲ ਅੰਮ੍ਰਿਤਸਰ ਸ਼ਹਿਰ ਹੀ ਨਹੀਂ, ਸਾਰੀ ਕਾਇਨਾਤ ਵੀ ਸੌਂ ਜਾਂਦੀ ਸੀ, ਇੱਕ ਸ਼ਰਾਬੀ ਦਾ ਇਸ ਤਰ੍ਹਾਂ ਜ਼ਿਆਦਾ ਪੀ ਕੇ ਬੇਸੁੱਧ ਟੇਢਾ ਹੋਣਾ ਅਣਹੋਣੀ, ਅਲੋਕਾਰ ਤੇ ਘਾਤਕ ਘਟਨਾ ਸੀ। ਅਜੋਕੇ ਸਮੇਂ ਦੀ ਦਹਿਸ਼ਤ! ਪਤਾ ਨਹੀਂ ਕਿਹੜੇ ਪਲ ਕੀ ਵਾਪਰ ਜਾਣਾ ਹੈ, ਲੋਕ ਭਿਆਨਕ ਚਿੰਤਾ ਵਿਚ ਗ੍ਰਸੇ ਪਏ ਸਨ। ਆਮ ਨਾਗਰਿਕ ਬੇਯਕੀਨੀ ਅਨਿਸਚਿਤਤਾ ਦੇ ਪਰਛਾਵੇਂ ਤੋਂ ਲੁਕ ਛਿਪ ਕੇ ਦਿਨ-ਕਟੀ ਕਰ ਰਿਹਾ ਸੀ। ਖਾੜਕੂ ਜਥੇਬੰਦੀਆਂ ਵੱਲੋਂ ਸ਼ਰਾਬ-ਬੰਦੀ ਦੀ ਮੁਹਿੰਮ ਚਲਾਈ ਗਈ ਸੀ ਤੇ ਇਸ ਨੂੰ ਕਰੜਾਈ ਨਾਲ ਲਾਗੂ ਕਰਨ ਦਾ ਸਖ਼ਤ ਹੋਕਾ ਦਿੱਤਾ ਗਿਆ ਸੀ। ਇੱਕ ਦੋ ਠੇਕੇਦਾਰ, ਕਰਿੰਦੇ ਤੇ ਕਈ ਸ਼ਰਾਬੀ ਉਨ੍ਹਾਂ ਦੀ ਇਸ ਇਸ ਹੁਕਮ ਅਦੂਲੀ ਦਾ ਸ਼ਿਕਾਰ ਹੋਏ ਸਨ। ਸ਼ਰੇਆਮ ਪੀਣੀ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਸੀ। ਪੀਣ ਵਾਲੇ ਪਿਆਕਲ ਆਪਣੇ ਘਰਾਂ ਅੰਦਰ ਵੀ ਦਰਵਾਜ਼ੇ ਬੰਦ ਕਰ ਕੇ ਪੀਂਦੇ ਸਨ।
ਸੱਠ ਕੁ ਸਾਲ ਦਾ ਸੁੰਦਰ ਸ਼ਖ਼ਸੀਅਤ ਵਿਅਕਤੀ ਆਸੇ ਪਾਸੇ ਤੋਂ ਬੇਖ਼ਬਰ ਠੇਕੇ ਸਾਹਮਣੇ ਉਲਟੀਆਂ ਦੇ ਛੱਪੜ ਵਿਚ ਬੇਸੁੱਧ ਪਿਆ ਘੁਰਾੜੇ ਮਾਰ ਰਿਹਾ ਸੀ। ਸਿਰ ਦੀ ਪਗੜੀ ਮਲੀਆਮੇਟ ਹੋ ਚੁੱਕੀ ਸੀ ਤੇ ਅੱਧ-ਪਚੱਧੇ ਵਾਲ ਲਿੱਬੜੇ ਪਏ ਸਨ। ਕੁੱਤਿਆਂ ਨੇ ਚੱਟ ਕੇ ਉਸ ਦਾ ਮੂੰਹ ਸਫਾ-ਚੱਟ ਕਰ ਦਿੱਤਾ ਸੀ ਜੋ ਸ਼ਰੀਫਾਂ ਵਾਂਗ ਜ਼ਬਾਨ ਫੇਰਦੇ ਸਾਨੂੰ ਵੇਖ ਕੇ ਪਰੇ ਹੋ ਗਏ। ਉਸ ਦੇ ਹਲਕੇ ਜਿਹੇ ਜਲਸੇ ਦੇ ਛਿੱਤਰ ਇੱਧਰ ਓਧਰ-ਬਿਖਰੇ ਪਏ ਸਨ। ਅਹਾਤੇ ਵਾਲਾ ਸੇਲ-ਮੈਨ ਤੇ ਆਸੇ-ਪਾਸੇ ਦੇ ਦੁਕਾਨਦਾਰ ਸਭ ਆਪਣੇ ਟਾਈਮ ਨਾਲ ਜਾਂ ਉਸ ਦੀ ਨਾਜ਼ਕ ਹਾਲਤ ਵੇਖ ਕੇ ਦੁਕਾਨਾਂ ਵਧਾ ਗਏ ਸਨ। ਮੈਂ ਉਸ ਨੂੰ ਹਲੂਣਿਆ ਬੁਲਾਇਆ…ਦਬਕਾ ਲਗਾਇਆ। ਉਸ ਨੇ ਜਰਾ ਕੁ ਅੱਖਾਂ ਝਮਕੀਆਂ, ਸਿਰ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਸਿਰ ਸੁੱਟ ਕੇ ਨਿੱਸਲ਼ ਹੋ ਗਿਆ। ਪਹਿਲਾਂ ਕਈ ਸਮੈਕੀਏ ਵੀ ਇੱਥੇ ਆ ਕੇ ਇੱਕ ਸੂਟੇ ਨਾਲ ਅਧੀਆ ਪਊਆ ਪੀ ਕੇ ਡਿਗਦੇ ਸਾਂਭਦੇ ਅਸੀਂ ਤੰਗ ਆ ਚੁੱਕੇ ਸਾਂ। ਪੁਲਿਸ ਵਾਲਿਆਂ ਦਾ ਬੇਮਤਲਬ ਰੋਹਬ ਇਸ ਤੋਂ ਵਾਧੂ ਝੱਲਣਾ ਪੈਂਦਾ ਸੀ। ਪਹਿਲਾਂ ਤਾਂ ਮੈਂ ਇਸ ਨੂੰ ਅਣਗੌਲਿਆ ਕਰਨਾ ਚਾਹਿਆ ਪਰ ਇਨਸਾਨੀਅਤ ਦੇ ਫ਼ਰਜ਼ ਸਮਝਦੇ ਹੋਏ ਉਸ ਨੂੰ ਮੋਢਿਆਂ ਤੋਂ ਚੁੱਕ ਕੇ ਖੜ੍ਹਾ ਕੀਤਾ। ਉਸ ਦੀ ਧੌਣ ਪਾਸੇ ਲੁੜ੍ਹਕ ਰਹੀ ਸੀ ਜਿਵੇਂ ਆਪਣੇ ਸਰੀਰ ਦਾ ਭਾਰ ਚੁੱਕਣ ਤੋਂ ਅਸਮਰਥ ਹੋਵੇ।
‘ਵੇਖੋ ਸਾਲਾ ਮਚਲਾ ਢੌਂਗੀ! ਮਾਰੋ ਇਸ ਦੇ ਦੋ ਛਿੱਤਰ’ ਰਾਹ ਜਾਂਦਾ ਸਾਈਕਲ ਸਵਾਰ ਹਦਾਇਤਾਂ ਸੁੱਟ ਗਿਆ।
ਮਹੀਨਾ ਕੁ ਪਹਿਲਾਂ ਇੱਕ ਰਾਤ ਮੇਰੀ ਹੱਡ-ਬੀਤੀ ਯਾਦ ਕਰ ਕੇ ਮੈਂ ਠਠੰਬਰ ਗਿਆ। ਦੋ ਗਸ਼ਤੀਏ ਪੁਲਸੀਏ ਅਜੇਹੇ ਇੱਕ ਅਧਹੋਸ਼ ਸ਼ਰਾਬੀ ਨੂੰ ਝੰਜੋੜਦੇ ਉਸ ਦੇ ਖੀਸੇ ਟੋਹ ਰਹੇ ਸਨ। ਮੈਂ ਉਨ੍ਹਾਂ ਨੂੰ ਵੰਗਾਰਿਆ ਕਿ ਕਿਉਂ ਇਸ ਵਿਚਾਰੇ ਨੂੰ ਤੰਗ ਕਰ ਰਹੇ ਹੋ। ਉਨ੍ਹਾਂ ਹੱਡਾ ਰੋੜੀ ਦੇ ਕੁੱਤਿਆਂ ਵਾਂਗ ਮੈਨੂੰ ਦੰਦੀਆਂ ਕਰੀਚੀਆਂ ਤੇ ਨਜ਼ਰਅੰਦਾਜ਼ ਕਰ ਕੇ ਉਸ ਦੇ ਪਏ ਪਏ ਦੋ ਚਾਰ ਠੁੱਡ ਜੜ ਦਿੱਤੇ। ਇੱਕ ਮੇਰੇ ਵੱਲ ਹੋ ਗਿਆ।
‘ਤੁਸੀਂ ਕੌਣ ਹੁੰਦੇ ਓ ਪੁਲਸ ਅੱਗੇ ਰੁਕਾਵਟ ਪੈਦਾ ਕਰਨ ਵਾਲੇ!.. ਇਹ ਸਾਡੀ ਹਦੂਦ ਤੇ ਸਾਡਾ ਅਖ਼ਤਿਆਰ ਹੈ।’ ਮੈਨੂੰ ਪੁਲਿਸ ਨਾਲ ਉਲਝਿਆ ਵੇਖ ਸੁਣ ਕੇ ਅਹਿੱਲ ਅਧਮੋਇਆਂ ਵਾਂਗ ਪਿਆ ਉਹ ਨਖ਼ਰੇਬਾਜ਼ ਉੱਠ ਕੇ ਸੰਤੋੜ ਭੱਜ ਉੱਠਿਆ ਤੇ ਫਿਰ ਉਨ੍ਹਾਂ ਦੇ ਕਾਬੂ ਨਹੀਂ ਆਇਆ।
ਪੁਲਿਸ ਵਾਲਿਆਂ ਮੈਨੂੰ ਘੇਰ ਲਿਆ, ‘ਤੂੰ ਸਾਡਾ ਚੋਰ ਦੁੜਾ ਦਿੱਤਾ ਹੈ। ਇਸ ਕੋਲ ਤਾਂ ਡਰੱਗ ਸੀ, ਜਿਸ ਕਰ ਕੇ ਅਸੀਂ ਉਸ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕਰ ਰਹੇ ਸਾਂ। ਤੁਸੀਂ ਕਾਨੂੰਨ ਦੇ ਰਸਤੇ ਰੁਕਾਵਟ ਪਾਉਣ ‘ਤੇ ਅਪਰਾਧੀ ਨੂੰ ਭਜਾਉਣ ਦੇ ਜ਼ਿੰਮੇਵਾਰ ਹੋ। ਅਸੀਂ ਤੁਹਾਨੂੰ ਨਹੀਂ ਛੱਡਣਾ…ਉਹ ਤੁਹਾਡਾ ਹੀ ਸਾਥੀ ਸੀ। ਤੁਹਾਡੀ ਵੀ ਕੋਈ ਰਿਸ਼ਤੇਦਾਰੀ ਜਾਂ ਸਾਂਝ ਸੀ ਉਸ ਨਾਲ?’
ਆਪੇ ਫਾਥੜੀਏ ਤੈਨੂੰ ਕੌਣ ਛਡਾਏ! ਮੈਂ ਕੁੜਿੱਕੀ ਵਿਚ ਫਸੇ ਸ਼ਿਕਾਰ ਵਾਂਗ ਸ਼ਸ਼ੋਪੰਜ ਵਿਚ ਗ੍ਰਸਿਆ ਗਿਆ। ਬੜੀ ਮੁਸ਼ਕਲ ਤਰਲੇ-ਮਿੰਨਤਾਂ ਨਾਲ ਸ਼ਾਇਦ ਦਸ-ਵੀਹ ਦੇ ਕੇ ਉਨ੍ਹਾਂ ਕੋਲੋਂ ਆਪਣੀ ਜਾਨ ਛਡਾਈ।
ਬੱਗੀ ਦਾੜ੍ਹੀ ਵਾਲਾ ਬਜ਼ੁਰਗ ਵੇਖਣ ਨੂੰ ਦਾਨਾ ਪ੍ਰਧਾਨਾ ਅੱਜ ਦਾ ਇਹ ਸ਼ਰਾਬੀ ਕੁੱਝ ਉੱਠਣ ਜੋਗਾ ਹੋ ਗਿਆ। ਮੈਂ ਜੋਗਿੰਦਰ ਨੂੰ ਕਿਹਾ, ‘ਇਸ ਦੀਆਂ ਜੇਬਾਂ ਟੋਹ ਤੇ ਜੇ ਕੁੱਝ ਹੈ ਤਾਂ ਕੱਢ ਲੈ। ਸਵੇਰੇ ਹੋਸ਼ ਆਈ ਤਾਂ ਆਪੇ ਲੈ ਜਾਊ। ਐਥੇ ਕਿਸੇ ਹੋਰ ਨੇ ਹੱਥ ਸਾਫ਼ ਕਰ ਦਿੱਤਾ ਤਾਂ ਸਾਡੇ ਨਾਂ ਲੱਗੂ।’ ਉਸ ਨੇ ਉਸ ਦੀ ਛਾਤੀ ਵਾਲੀ ਜੇਬ ਟੋਹੀ ਤੇ ਪੈਸੇ ਕੱਢ ਕੇ ਗਿਣੇ ਤੇ ਤਿੰਨ ਸੌ ਦੇ ਕਰੀਬ ਰੂਪੈ ਸਨ।
‘ਘੜੀ ਵੀ ਲਾਹ ਲੈ…ਇਹ ਵੀ ਇਸ ਦੇ ਘਰ ਨਹੀਂ ਉੱਪੜਨੀ।’ ਮੇਰੇ ਇਸ਼ਾਰੇ ‘ਤੇ ਉਸ ਨੇ ਘੜੀ ਵੀ ਲਾਹ ਕੇ ਜੇਬ ਵਿਚ ਪਾ ਲਈ। ਸ਼ਰਾਬੀ ਨੂੰ ਸਹਾਰਾ ਦੇ ਕੇ ਚੰਗੀ ਤਰ੍ਹਾਂ ਖੜ੍ਹਾ ਕੀਤਾ। ਤੋਰਨ ਦਾ ਅਭਿਆਸ ਕਰਾਇਆ ਤੇ ਸੌ ਕੁ ਗਜ ਰੇਲਵੇ ਫਾਟਕ ਤੋਂ ਪਾਰ ਉਸ ਨੂੰ ਛੱਡ ਦਿੱਤਾ। ਉਸ ਦੇ ਦੱਸਣ ਅਨੁਸਾਰ ਉਸ ਦਾ ਘਰ ਕੋਈ ਫ਼ਰਲਾਂਗ ਦੇ ਫ਼ਾਸਲੇ ਤੇ ਸੀ। ਅਸੀਂ ਵੇਖਦੇ ਰਹੇ। ਇੱਕ ਵੇਰਾਂ ਉਹ ਧੈੜ ਕਰਦਾ ਡਿਗ ਪਿਆ ਪਰ ਫੇਰ ਆਪੇ ਹੀ ਉੱਠ ਖੜ੍ਹਾ ਹੋਇਆ ਤੇ ਪਿੱਛੇ ਵੇਖਦਾ ਤੁਰ ਪਿਆ। ਉਸ ਦੀ ਡਿੱਗੀ ਪਗੜੀ ਵੀ ਅਸੀਂ ਸੰਭਾਲ ਲਈ। ‘ਆਪੇ ਚਲੇ ਜਾਏਗਾ ਹੁਣ।’ ਸਾਨੂੰ ਯਕੀਨ ਹੋ ਗਿਆ। ਚੁਰਾਸੀ ਦੇ ਦਿਨ ਤੇ ਖ਼ਾਸ ਕਰ ਕੇ ਰਾਤਾਂ ਨੂੰ ਬਾਹਰ ਨਿਕਲਣਾ ਤਾਂ ਸਿੱਧੀ ਮੌਤ ਨੂੰ ਜੱਫੀ ਪਾਉਣ ਵਾਲੀ ਗੱਲ ਸੀ। ਅਸੀਂ ਆਪਣਾ ਬਚਾਓ ਕਰਨਾ ਵੀ ਬਿਹਤਰ ਸਮਝਿਆ ਤੇ ਕੁੱਝ ਦੇਰ ਉਸ ਨੂੰ ਜਾਂਦੇ ਵੇਖਦੇ ਰਹੇ। ਉਹ ਹੋਲੀ ਹੌਲੀ ਲੜਖੜਾਉਂਦਾ ਤੁਰਿਆ ਜਾ ਰਿਹਾ ਸੀ। ਇਸ ਨੇਕਨਾਮੀ ਨੇ ਸਾਰੀ ਰਾਤ ਮੇਰੀ ਨੀਂਦ ਹਰਾਮ ਕਰ ਛੱਡੀ ਕਿ ਪਤਾ ਨਹੀਂ ਆਪਣੇ ਟਿਕਾਣੇ ਘਰ ਪਹੁੰਚਿਆ ਕਿ ਨਹੀਂ।
ਅਗਲੇ ਸਵੇਰੇ ਅੱਠ ਕੁ ਵਜੇ ਠੇਕੇ ਦੇ ਕਰਿੰਦੇ ਨੇ ਮੈਨੂੰ ਆਣ ਦਸਤਕ ਦਿੱਤੀ, ਇੱਕ ਸ਼ਰਾਬੀ ਝਗੜਾ ਕਰਦਾ ਪੈਸੇ ਮੰਗ ਰਿਹਾ ਹੈ। ਮੈਂ ਸਮਝ ਗਿਆ ਕਿ ਉਹੀ ਹੋਊ ਪਿਛਲੀ ਰਾਤ ਵਾਲਾ ਸੌਦਾਗਰ! ਮੇਰੇ ਜਾਣ ‘ਤੇ ਉਹ ਅਜਨਬੀ ਸਾਊ ਕੁੱਝ ਢਿੱਲਾ ਜਿਹਾ ਹੋ ਗਿਆ।
‘ਮੇਰਾ ਨੁਕਸਾਨ ਹੋਇਆ ਸਰਦਾਰ ਜੀ ਤੁਹਾਡੇ ਦਰਾਂ ਮੂਹਰੇ.’ ਕਹਿ ਕੇ ਉਸ ਨੇ ਨੀਵੀਂ ਪਾ ਲਈ।
ਮੇਰਾ ਜੀ ਕੀਤਾ ਕਿ ਕਹਾਂ, ਮੇਰੇ ਵੀਰ! ਮੇਰਾ ਦਰ ਤਾਂ ਵੱਡੀ ਜਰਨੈਲੀ ਸੜਕ ‘ਤੇ ਹੈ ਇੱਥੇ ਕਈ ਲੋਕ ਲੰਘਦੇ ਸ਼ਰਾਰਤਾਂ ਕਰਦੇ, ਕਈ ਲੁੱਟਾਂ ਖੋਹਾਂ ਕਰਦੇ ਹਨ ਤੇ ਕਈ ਲੁੱਟੇ ਜਾਂਦੇ ਹਨ, ਮੈਂ ਉਨ੍ਹਾਂ ਦਾ ਬਿਲਕੁਲ ਜ਼ਿੰਮੇਵਾਰ ਨਹੀਂ। ਪਰ ਮੈਂ ਆਪਣੇ ਪ੍ਰਗਟਾਓ ਨੂੰ ਰੋਕ ਕੇ ਸ਼ਾਂਤ ਉਸ ਨੂੰ ਸੁਣਦਾ ਰਿਹਾ, ਕਿਉਂਕਿ ਉਹ ਇੱਕ ਪੀੜਤ ਸੀ। ਮੈਂ ਆਪਣੇ ਮਦਦਗਾਰ ਗਵਾਂਢੀ ਜੋਗਿੰਦਰ ਸਿੰਘ ਨੂੰ ਬੁਲਾ ਲਿਆ ਕਿ ਰਾਤ ਵਾਲਾ ਸ਼ਰਾਬੀ ਆਣ ਪਹੁੰਚਿਆ ਹੈ, ਉਸ ਦੀ ਅਮਾਨਤ ਵਾਪਸ ਕਰ ਦਿੱਤੀ ਜਾਵੇ। ਉਹ ਵੀ ਵਿਚਾਰਾ ਸ਼ਰੀਫ਼ ਆਦਮੀ ਝਟਪਟ ਆ ਪਹੁੰਚਿਆ।
‘ਕੀ ਨੁਕਸਾਨ ਹੋਇਆ ਤੇਰਾ?’ ਮੈਂ ਰਾਤ ਵਾਲੇ ਸ਼ਰਾਬੀ ਨੂੰ ਟੋਹਣਾ ਚਾਹਿਆ।
‘ਨੁਕਸਾਨ ਤਾਂ ਭਾ ਜੀ! ਕੀ ਦੱਸਾਂ? ਕੋਈ ਚਾਲੀ ਪੰਜਾਹ ਹਜ਼ਾਰ ਸੀ ਮੇਰੀ ਜੇਬ ਵਿਚ… ਪ੍ਰਾਵੀਡੈਂਟ ਫ਼ੰਡ ਦੀ ਜਮਾਂ ਰੋਕੜ ਦਾ ਭੁਗਤਾਨ ਹੋਇਆ ਸੀ। ਅਗਲੇ ਮਹੀਨੇ ਮੇਰੀ ਪੁੱਤਰੀ ਦੇ ਵਿਆਹ ਦੀਆਂ ਤਿਆਰੀਆਂ ਵਾਸਤੇ ਇਹ ਬਹੁਤ ਜ਼ਰੂਰੀ ਰਾਸ਼ੀ ਸੀ।’
‘ਲੜਕੀ ਦੇ ਵਿਆਹ ਵਾਸਤੇ ਇਹ ਰਾਸ਼ੀ ਸੀ?’ ਮੈਨੂੰ ਡਾਢਾ ਦੁੱਖ ਭਰਿਆ ਅਚੰਭਾ ਹੋਇਆ। ਮਾਰਿਆ ਗਿਆ ਗ਼ਰੀਬ ਵਿਚਾਰਾ! ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕਣ ਲੱਗੀ। ਇਸ ਦਾ ਮਤਲਬ ਇਸ ਨੂੰ ਚਾਲੀ ਪੰਜਾਹ ਹਜ਼ਾਰ ਦੇਣਾ ਪਊ! ਡਾਢੇ ਵੱਡੇ ਚੋਰ ਬਣ ਗਏ! ਜੋਗਿੰਦਰ ਨੇ ਵੀ ਮੇਰੇ ਵੱਲ ਨਜ਼ਰਾਂ ਮਿਲਾ ਕੇ ਖਿਸਕਣ ਦਾ ਇਸ਼ਾਰਾ ਕੀਤਾ।
‘ਹੋਰ ਕੀ ਗਿਆ?’ ਮੈਂ ਚੰਗੀ ਤਰ੍ਹਾਂ ਤਸਦੀਕ ਕਰਨਾ ਚਾਹਿਆ। ਉਸ ਨੇ ਘੜੀ ਦੀ ਅਜੇ ਕੋਈ ਗੱਲ ਨਹੀਂ ਕੀਤੀ।
‘ਇੱਕ ਘੜੀ ਸੀ ਮਾੜੀ ਜਿਹੀ। ਨਾਲੇ ਕੜਾ ਵੀ ਸੀ ਮੇਰੇ ਗੁੱਟ ਤੇ ਤਿੰਨਾਂ ਤੋਲਿਆਂ ਦਾ।’ ਉਸ ਨੇ ਹੱਥ ਵਿਚ ਫੜਿਆ ਅਧੀਆ ਬਿਨਾ ਪਾਣੀ ਉਡੀਕੇ ਗਟ ਗਟ ਮੂੰਹ ਵਿਚ ਉਲੱਦ ਲਿਆ।
‘ਤਾਂ ਫਿਰ ਤੂੰ ਇਹ ਸਮਾਨ ਹੋਰ ਕਿਧਰੇ ਗਵਾ ਆਇਆ ਹੈਂ ਮੇਰੇ ਵੀਰ। ਇੱਥੇ ਤੇਰਾ ਮਾਲ ਨਹੀਂ ਚੁਰਾਇਆ ਕਿਸੇ ਨੇ।’ ਉਸ ਦੀ ਮਦਦ ਕਰਨਾ ਮੰਨ ਲੈਣ ਦਾ ਮਤਲਬ ਇਸ ਸਾਰੇ ਸਾਮਾਨ ਦੀ ਹਾਨੀ-ਪੂਰਤੀ ਕਰਨਾ ਸੀ ਜੋ ਉਸ ਦੇ ਹਿਸਾਬ ਡੇਢ ਲੱਖ ਤੋਂ ਕਿਤੇ ਜ਼ਿਆਦਾ ਬਣਦੀ ਸੀ।
‘ਫਿਰ ਵੀ ਸ਼ੁਕਰ ਕਰ! ਏਨਾ ਨੁਕਸਾਨ ਕਰਾ ਕੇ ਤੈਨੂੰ ਕੁੱਝ ਹੋਸ਼ ਤਾਂ ਆਈ ਕਿ ਬਾਹਰ ਜਾ ਕੇ ਜ਼ਿਆਦਾ ਦਾਰੂ ਪੀਣੀ ਕਿੰਨੀ ਹਾਨੀਕਾਰਕ ਹੈ। ਤੂੰ ਘਰ ਬਹਿ ਕੇ ਇਹ ਝੱਸ ਪੂਰਾ ਕਰ ਲਿਆ ਕਰ। ਨਾਲੇ ਤੇਰੇ ਮੂੰਹ ਤੇ ਸਿਆਣੀ ਸਫ਼ੇਦ ਦਾੜ੍ਹੀ ਤੇ ਕਿੰਨੀ ਸੁੰਦਰ ਤੇਰੀ ਸੂਰਤ! ਤੈਨੂੰ ਤਾਂ ਇਹ ਵਰਤਾਰੇ ਬਿਲਕੁਲ ਹੀ ਨਹੀਂ ਜਚਦੇ। ਹੋਰਾਂ ਨੂੰ ਵੀ ਇਸ ਦਾ ਜੋੜ-ਫਲ ਸਮਝਾ ਦੇਹ।’
‘ਸੱਚ ਦੱਸਾਂ ਭਰਾਵਾ! ਮੇਰੀ ਪਤਨੀ ਬੜੀ ਝਗੜਾਲੂ ਹੈ, ਘਰ ਪੀਣ ਤੇ ਹੱਲਾ-ਗੁੱਲਾ ਮਚਾ ਦਿੰਦੀ ਹੈ।’ ਉਸ ਨੇ ਆਪਣੀਆਂ ਚੁੰਨ੍ਹੀਆਂ ਗਿੱਲੀਆਂ ਅੱਖਾਂ ਝਮਕੀਆਂ ਤੇ ਨੀਵੀਂਆਂ ਕਰ ਲਈਆਂ। ਸ਼ਰਾਬੀ ਦਾ ਮਨ ਛਲ-ਰਹਿਤ ਤੇ ਪਾਕ-ਪਵਿੱਤਰ ਸਮਝਿਆ ਜਾਂਦਾ ਹੈ ਪਰ ਇਹ ਸ਼ਰਾਬੀ ਮੈਨੂੰ ਮਚਲਾ ਤੇ ਮੱਕਾਰ ਕਿਸਮ ਦਾ ਸਾਬਤ ਹੋਇਆ ਜਿਸ ਨੇ ਸ਼ਰਾਬੀਆਂ ਬਾਰੇ ਇਹ ਧਾਰਨਾ ਗ਼ਲਤ ਸਾਬਤ ਕਰ ਦਿੱਤੀ।
‘ਘੜੀ ਤਾਂ ਗਈ, ਦਫ਼ਾ ਕਰੋ…ਖਾਧੀ ਕੜ੍ਹੀ! ਮੇਰੇ ਪੈਸੇ ਮਿਲ ਜਾਣ ਤਾਂ ਸਾਡੇ ਗ਼ਰੀਬਾਂ ਦੀ ਹੱਕ ਦੀ ਕਮਾਈ, ਦੋ ਚਾਰ ਦਿਨ ਹੋਰ ਮੌਜ ਕਰ ਲੈਂਦੇ। ਇਹ ਪੈਸੇ ਨੇਕ ਕੰਮਾਂ ਤੇ ਲੱਗ ਜਾਂਦੇ।’ ਉਹ ਪੈਸਿਆਂ ਤੇ ਕੜੇ ਬਾਰੇ ਵੀ ਬਹੁਤਾ ਚਿੰਤਤ ਨਾ ਜਾਪਿਆ।
‘ਤੂੰ ਗ਼ਰੀਬ ਤਾਂ ਜਾਪਦਾ ਨਹੀਂ। ਠੀਕ ਸੱਚੋ-ਸੱਚ ਦੱਸ! ਘੜੀ ਕਿਹੜੀ ਸੀ ਤੇ ਪੈਸੇ ਕਿੰਨੇ ਗਏ? ਕੀ ਨੁਕਸਾਨ ਹੋਇਆ?…ਅਸੀਂ ਪੁਲਿਸ ਨੂੰ ਇਤਲਾਹ ਦੇ ਦਿੰਦੇ ਹਾਂ। ਸਾਡੇ ਤਾਂ ਇੱਥੇ ਦੁਕਾਨ ਵਿਚ ਦਸ ਸਾਲ ਤੋਂ ਠੇਕਾ ਚੱਲਦਾ ਹੈ। ਅਜੇਹੀ ਵਾਰਦਾਤ ਜਾਂ ਸ਼ਰਾਰਤ ਅਸੀਂ ਕਦੇ ਨਹੀਂ ਵੇਖੀ ਸੁਣੀ ਨਾ ਹੀ ਕਦੇ ਕਿਸੇ ਨੇ ਸ਼ਿਕਾਇਤ ਕੀਤੀ ਹੈ। ਇਹ ਸ਼ਰੀਫ਼ ਲੋਕਾਂ ਦਾ ਠੇਕਾ ਹੈ।’
ਆਪਣੇ ਬੰਦਿਆਂ ਦੀ ਸਫ਼ਾਈ ਦਿੰਦੇ ਦਿੰਦੇ ਮੈਂ ਅਹਾਤੇ ਵਾਲੇ ਸੁਰਿੰਦਰ ਦੀਆਂ ਨਜ਼ਰਾਂ ਵਿਚ ਵੀ ਟੁੱਭੀ ਮਾਰਨੀ ਜਾਰੀ ਰੱਖੀ। ਉਹ ਸ਼ਰਾਬੀਆਂ ਦੀ ਮਾਨਸਿਕਤਾ ਤੋਂ ਭਲੀ-ਭਾਂਤ ਜਾਣੂ ਤੇ ਤਜਰਬੇਕਾਰ ਸੀ, ਉਨ੍ਹਾਂ ਦੇ ਖੀਸੇ ਟੋਹਣ ਦਾ ਬੜਾ ਮਾਹਿਰ ਸੀ। ਜਦ ਉਹ ਆਪ ਜ਼ਿਆਦਾ ਪੀ ਲੈਂਦਾ ਤਾਂ ਮੇਰੇ ਕੋਲ ਬੈਠਾ ਰੌਂ ਵਿਚ ਆਪੇ ਹੀ ਉੱਧੜ ਜਾਂਦਾ।
‘ਭਾ ਜੀ! ਕਈ ਸ਼ਰਾਬੀ ਅਜੇਹੇ ਵੀ ਆਉਂਦੇ ਹਨ ਜੋ ਬੈਠਣ ਸਮੇਂ ਮੈਨੂੰ ਅਗਾਊਂ ਪੈਸੇ ਵੀ ਦੇ ਦਿੰਦੇ ਹਨ। ਉਹ ਨਾਲ ਦਾਰੂ ਵੀ ਪਿਆ ਦਿੰਦੇ ਤੇ ਉੱਠ ਕੇ ਜਾਣ ਸਮੇਂ ਮੂੰਹ ਮੰਗੇ ਹੋਰ ਪੈਸੇ ਵੀ ਦੋਬਾਰਾ ਦੇ ਜਾਂਦੇ ਹਨ ਤੇ ਟਿੱਪ ਵੀ।’
‘ਵੀਰ ਜੀ ਮੁਆਫ਼ ਕਰਨਾ, ਸ਼ਿਕਾਇਤ ਤਾਂ ਮੈਂ ਤੁਹਾਡੀ ਵੀ ਨਹੀਂ ਕਰਦਾ। ਮੈਨੂੰ ਪਤਾ ਹੈ, ਤੁਸੀਂ ਸਖੀ ਲੋਕ ਅਜੇਹਾ ਗੁਨਾਹ ਨਹੀਂ ਕਰ ਸਕਦੇ। ਮੈਂ ਤਾਂ ਹੁਣ ਟੋਟ ਲਾਹੁਣ ਆਇਆ ਸੀ, ਕਿਹਾ ਤੁਹਾਡੇ ਸੇਲ-ਮੈਨ ਨੂੰ ਟੁਣਕਾ ਜਿਹਾ ਮਾਰ ਕੇ ਵੇਖ ਲੈਂਦੇ ਹਾਂ, ਜੋ ਮਾਲ ਮਿਲ ਗਿਆ ਸੋ ਬਿਹਤਰ…ਜਾਂਦੇ ਚੋਰ ਦੀ ਤੜਾਗੀ ਹੀ ਸਹੀਂ।’ ਸੁਰਿੰਦਰ ਬਾਰੇ ਮੇਰੇ ਸ਼ੱਕ ਦੀ ਸਫ਼ਾਈ ਉਸ ਨੇ ਬਿਨ-ਪੁੱਛੇ ਹੀ ਦੇ ਦਿੱਤੀ।
‘ਤਾਂ ਫਿਰ ਤੂੰ ਝੂਠ ਬੋਲ ਰਿਹਾ ਹੈਂ। ਤੇਰਾ ਕੁੱਝ ਨਹੀਂ ਗਿਆ, ਫ਼ਜ਼ੂਲ ਊਜਾਂ ਲਗਾ ਕੇ ਸਾਨੂੰ ਐਵੇਂ ਪ੍ਰੇਸ਼ਾਨ ਕਰ ਰਿਹਾਂ। ਕੱਲ੍ਹ ਤੂੰ ਏਨੀ ਦਾਰੂ ਪੀ ਕੇ ਚਾਰ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ ਠੰਢ ਵਿਚ ਪਿਆ ਲੇਟਦਾ ਰਿਹਾ, ਉਲਟੀਆਂ ਕਰਦਾ ਰਿਹਾ। ਜੇ ਠੰਢ ਨਾਲ ਮਰ ਜਾਂਦਾ ਤਾਂ ਸਾਡੇ ਤੇ ਕਤਲ ਦਾ ਮੁਕੱਦਮਾ ਬਣ ਜਾਣਾ ਸੀ ਤੇ ਅਸੀਂ ਬੱਝੇ ਨਹੀਂ ਸੀ ਛੁੱਟਣਾ। ਅਸੀਂ ਤੈਨੂੰ ਹੁਣੇ ਪੁਲਿਸ ਨੂੰ ਫੜਾਉਂਦੇ ਹਾਂ।’ ਮੈਂ ਤੈਸ਼ ਵਿਚ ਆ ਗਿਆ।
‘ਮਾਫ਼ ਕਰੋ ਸਰਦਾਰ ਜੀ! ਮੈਂ ਤੁਹਾਡੇ ‘ਤੇ ਕੋਈ ਊਜ ਇਲਜ਼ਾਮ ਲਗਾਉਣ ਨਹੀਂ ਆਇਆ, ਸਗੋਂ ਮੈਂ ਤਾਂ ਤੁਹਾਡਾ ਧੰਨਵਾਦ ਕਰਨ ਆਇਆ ਹਾਂ ਕਿ ਤੁਸੀਂ ਮੈਨੂੰ ਸਾਂਭ ਕੇ ਘਰ ਦਾ ਰਸਤਾ ਦਿਖਾ ਕੇ ਵੱਡਾ ਪਰਉਪਕਾਰ ਕੀਤਾ ਹੈ।’ ਉਹ ਹੇਠਾਂ ਨਿਉਂਦਾ ਮੇਰੇ ਪੈਰਾ ਤੇ ਡਿਗਦਾ ਮੈਂ ਪਕੜ ਕੇ ਉਠਾ ਲਿਆ।

‘ਪਰ ਤੇਰੇ ਪੈਸੇ! ਕੜਾ? ਏਨਾ ਵੱਡਾ ਡੰਨ ਕੌਣ ਭਰੂ?’
‘ਮੈਂ ਨਹੀਂ ਮੰਗਦਾ ਕੁੱਝ।’ ਉਹ ਹੱਥ ਜੋੜਦਾ ਪਿੱਛੇ ਹੋ ਗਿਆ।

‘ਪੈਸੇ ਵੀ ਬਚ ਗਏ ਸਰਦਾਰ ਜੀ!…ਦੋ ਤਿੰਨ ਸੌ ਜੋ ਉੱਪਰਲੀ ਜੇਬ ਵਿਚ ਸੀ, ਉਹੀ ਲੈ ਗਏ ਉਹ ਛੋਹਦੇ ਜਿਹੇ, ਐਵੇਂ ਹੀ ਹੋਣਗੇ ਕੱਚੇ ਅਨਾੜੀ ਚੋਰ! ਕੋਈ ਮਾੜੇ ਹੀ ਅਮਲੀ ਹਮ੍ਹਾਤੜ ਹੋਣਗੇ।…ਚੰਗੀ ਤਰ੍ਹਾਂ ਹੱਥ ਮਾਰ ਲੈਂਦੇ ਤਾਂ ਪੈਂਤੀ ਚਾਲੀ ਹਜ਼ਾਰ ਫ਼ਤੂਹੀ ਦੀ ਅੰਦਰਲੀ ਜੇਬ ਵਿਚ ਪਏ ਸਨ।’ ਉਸ ਨੇ ਝੱਗਾ ਚੁੱਕ ਕੇ ਫ਼ਤੂਹੀ ਦੀ ਜੇਬ ਵਿਚ ਹੱਥ ਮਾਰ ਕੇ ਪ੍ਰਦਰਸ਼ਨ ਕੀਤਾ।
‘ਚੰਗੇ ਬਚ ਗਏ ਸਰਦਾਰ ਜੀ! ਰੱਬ ਨੇ ਰੱਖ ਲਿਆ ਹੱਥ ਦੇ ਕੇ ਉਨ੍ਹਾਂ ਲੁਟੇਰਿਆਂ ਕੋਲੋਂ… ਉਹ ਪੈਂਤੀ ਹਜ਼ਾਰ ਵੀ ਬਚ ਗਏ ਤੇ ਬਾਕੀ ਵੱਖੀ ਦੇ ਖੀਸੇ ਵਾਲੇ ਵੀ ਬਚ ਗਏ। ਅੰਨ੍ਹੇ ਹੋਣਗੇ ਅਣਭੋਲ ਅਣਜਾਣ ਵਿਚਾਰੇ! ਕੜਾ ਵੀ ਉਨ੍ਹਾਂ ਦੇ ਨਜ਼ਰੀਂ ਨਹੀਂ ਚੜ੍ਹਿਆ।’ ਉਸ ਦੀ ਬੇਪਰਵਾਹੀ ਵਿਚੋਂ ਕਈ ਵਿਸ਼ਲੇਸ਼ਣ ਪੱਲੇ ਪੁਆ ਕੇ ਮੈਨੂੰ ਗ਼ੁੱਸਾ ਵੀ ਆਇਆ ਪਰ ਮੇਰੇ ਚੜ੍ਹਦੇ-ਉੱਤਰਦੇ ਜਜ਼ਬਾਤਾਂ ਨੂੰ ਕੁੱਝ ਹੌਸਲਾ ਵੀ ਹੋਇਆ। ਮੈਂ ਜੋਗਿੰਦਰ ਸਿੰਘ ਨੂੰ ਸੈਨਤ ਮਾਰੀ ਕਿ ਇਸ ਦਾ ਮਾਲ ਵਾਪਸ ਕਰ ਦਿੱਤਾ ਜਾਏ।
ਉਸ ਨੇ ਮੈਨੂੰ ਪਰੇ ਵੱਲ ਇਸ਼ਾਰਾ ਕੀਤਾ, ‘ਇਹ ਹਰਾਮੀ ਹੈ ਭਾ ਜੀ ਮਚਲਾ ਮੱਕਾਰ! ਅਸੀਂ ਇਸ ਨੂੰ ਕੁੱਝ ਨਹੀਂ ਦੇਣਾ ਹੁਣ। ਏਨੇ ਲੋਕਾਂ ਸਾਹਮਣੇ ਪਹਿਲਾਂ ਕਹਿ ਬੈਠੇ ਹਾਂ ਕਿ ਸਾਨੂੰ ਕੁੱਝ ਪਤਾ ਨਹੀਂ ਤੇ ਹੁਣ ਇਸ ਦਾ ਮਾਲ ਵਾਪਸ ਕਰ ਕੇ ਆਪੇ ਚੋਰ ਬਣਨ ਵਾਲੀ ਗੱਲ ਹੈ।’
‘ਚੰਗਾ ਤੇਰੀ ਦਸਾਂ ਨਹੁੰਆਂ ਦੀ ਕਮਾਈ ਹੋਊ…ਸ਼ੁਕਰ ਕਰ! ਤੇ ਸਾਡੀ ਪਾਰਟੀ ਹੁਣੇ ਹੀ ਦੇ ਦੇਹ।’ ਨੇੜੇ ਖੜੇ ਜੋਗਿੰਦਰ ਸਿੰਘ ਨੇ ਉਸ ਦਾ ਹੱਥ ਫੜ ਲਿਆ ਤੇ ਵਧਾਈ ਦਿੰਦੇ ਉਸ ਦੇ ਮੋਢੇ ਥਪਕੀ ਦਿੱਤੀ।
‘ਬਿਲਕੁਲ ਠੀਕ ਸਮਝਿਆ ਤੂੰ ਭਾਊ! ਮੈਂ ਸਾਰੀ ਉਮਰ ਪੂਰੀ ਇਮਾਨਦਾਰੀ ਨਾਲ ਸਰਕਾਰੀ ਨੌਕਰੀ ਕੀਤੀ। ਜਰਾ ਜਿੰਨਾ ਵੀ ਬਾਹਰਲਾ ਹੰਘਾਲ ਨਹੀਂ ਪਾਇਆ ਆਪਣੀ ਰੋਕੜ ਵਿਚ। ਮੇਰੀ ਸੇਵਾ-ਮੁਕਤੀ ਤੋਂ ਬਾਦ ਮਿਲੀ ਇਹ ਯਕਮੁਸ਼ਤ ਰਾਸ਼ੀ ਮੇਰੀ ਹੱਕ ਦੀ ਕਮਾਈ ਸੀ…ਸਾਰੀ ਉਮਰ ਦਾ ਬੋਨਸ। ਆ ਲੈ ਤੂੰ ਵੀ ਪੀ ਲੈ ਹੁਣੇ..।’ ਉਸ ਨੇ ਉਸ ਨੂੰ ਸ਼ਰਾਬ ਤਾਕੀ ਵੱਲ ਖਿੱਚਿਆ।
‘ਤਾਂ ਫਿਰ ਤੇਰਾ ਚੋਰ ਤੂੰ ਹੀ ਲੱਭ ਸਕਦਾ ਹੈਂ, ਅਸੀਂ ਨਹੀਂ ਲੱਭ ਸਕਦੇ। ਅੱਗੇ ਤੋਂ ਜੇ ਮੈਂ ਤੈਨੂੰ ਪੀ ਕੇ ਇੱਥੇ ਡਿੱਗਿਆ ਵੇਖਿਆ ਤਾਂ ਘਰ ਦੀ ਬਿਜਾਏ ਤੈਨੂੰ ਥਾਣੇ ਪੁਚਾ ਦੇਊਂ। ਜੇ ਕੱਲ੍ਹ ਹੀ ਤੈਨੂੰ ਓਥੇ ਪਹੁੰਚਾ ਦੇਂਦੇ ਤਾਂ ਉਹ ਤੇਰੀ ਜਾਮਾਂ ਤਲਾਸ਼ੀ ਚੰਗੀ ਤਰ੍ਹਾਂ ਕਰ ਕੇ ਤੇਰੇ ਖੀਸੇ ਖਾਲੀ ਕਰਦੇ ਤੇ ਨਾਲੇ ਖ਼ੂਬ ਛਿੱਤਰ ਪਰੇਡ ਕਰ ਕੇ ਤੇਰੀ ਖ਼ਰਮਸਤੀ ਲਾਹੁੰਦੇ।’ ਮੈਂ ਖਹਿੜਾ ਛੁਡਾਉਣਾ ਬਿਹਤਰ ਸਮਝਿਆ।
‘ਧੰਨਵਾਦ ਤੁਹਾਡਾ ਮੇਰੇ ਪਿਤਾ ਜੀ! ਉੱਥੋਂ ਤਾਂ ਫਿਰ ਗੰਗਾ ਗਈਆਂ ਹੱਡੀਆਂ ਵੀ ਵਾਪਸ ਨਹੀਂ ਮੁੜਨੀਆਂ ਸਨ। ਉਨ੍ਹਾਂ ਦੀ ਜਾਮਾ-ਤਲਾਸ਼ੀ ਤੋਂ ਤਾਂ ਇਹ ਪੈਂਤੀ ਚਾਲੀ ਹਜ਼ਾਰ ਤਾਂ ਜਾਣੇ ਹੀ ਸਨ ਪਰ ਮੇਰੇ ਵਾਰਿਸਾਂ ਨੂੰ ਮੇਰੀ ਲਾਸ਼ ਵੀ ਨਹੀਂ ਸੀ ਮਿਲਣੀ। ਕਿਸੇ ਚੌਰਾਹੇ ਵਿਚ ਐਕਸੀਡੈਂਟ ਨਾਲ ਮਰਿਆ ਕੋਈ ਲਾਵਾਰਸ ਲਾਸ਼ ਗਰਦਾਨ ਕੇ ਉਨ੍ਹਾਂ ਕਿਤੇ ਸਾੜ ਫ਼ੂਕ ਦੇਣਾ ਸੀ ਜਾਂ ਕਿਸੇ ਖੂਹ ਟੋਭੇ ਦਰਿਆ-ਬੁਰਦ ਕਰ ਦੇਣਾ ਸੀ।’ ਉਹ ਮਚਲਾ ਸ਼ਰਾਬੀ ਮਸਾਲੇ ਲਾ ਲਾ ਖਿੜਖਿੜਾ ਕੇ ਹੱਸਦਾ ਖ਼ੂਬ ਲੋਟ ਪੋਟ ਹੋ ਰਿਹਾ ਸੀ।