‘ਖਾੜਕੂ ਲਹਿਰਾਂ ਦੇ ਅੰਗ-ਸੰਗ’ ਉਪਰ ਗੈਰ ਜਜ਼ਬਾਤੀ ਪੰਛੀ ਝਾਤ

ਹਜ਼ਾਰਾ ਸਿੰਘ ਮਿਸੀਸਾਗਾ
647-685-5997
ਸ. ਅਜਮੇਰ ਸਿੰਘ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲੁਧਿਆਣੇ ਆਇਆ ਪਰ ਇਨਕਲਾਬ ਦੇ ਆਦਰਸ਼ਵਾਦ ਨੇ ਪੈਰ ਚੁੱਕ ਦਿੱਤੇ। ਨੌਜੁਆਨਾਂ ਨਾਲ ਅਕਸਰ ਐਸਾ ਹੋ ਜਾਂਦਾ ਹੈ। ਸਮਾਜ ਵਿਚੋਂ ਬੇਇਨਸਾਫੀ ਅਤੇ ਨਾ ਬਰਾਬਰੀ ਦੂਰ ਕਰਨ ਲਈ ਲੜਨ ਦੀ ਗੱਲ ਨੌਜੁਆਨਾਂ ਨੂੰ ਚੰਗੀ ਲਗਦੀ ਹੈ।

ਉਨ੍ਹਾਂ ਨੂੰ ਉੱਚੇ ਆਦਰਸ਼ਾਂ ਦੀ ਗੱਲ ਕਰਨ ਵਾਲੇ ਵਿਅਕਤੀ ਨਾਇਕਾਂ ਵਾਂਗ ਲਗਦੇ ਹਨ ਅਤੇ ਆਦਰਸ਼ਾਂ ਦੀ ਪ੍ਰਾਪਤੀ ਲਈ ਚੱਲ ਰਹੀਆਂ ਲਹਿਰਾਂ ਉਨ੍ਹਾਂ ਨੂੰ ਚੁੰਬਕ ਵਾਂਗ ਖਿੱਚਦੀਆਂ ਹਨ। ਜਦ ਉਹ ਕਿਸੇ ਲਹਿਰ ਦੇ ਜ਼ਰਾ ਕੁ ਤਜਰਬੇਕਾਰ ਕਾਰਕੁਨ ਦੀਆਂ ਗੱਲਾਂ ਸੁਣ ਕੇ ਅਤੇ ਵੱਡੇ ਲੇਖਕਾਂ ਅਤੇ ਦੋ-ਚਾਰ ਕਿਤਾਬਾਂ ਦੇ ਨਾਂ ਲੈ ਕੇ ਗੱਲ ਕਰਦੇ ਹਨ ਤਾਂ ਗੱਲਬਾਤ ਵਿਚ ਉਨ੍ਹਾਂ ਦੀ ਪੂਰੀ ਚੜ੍ਹਾਈ ਹੋ ਜਾਂਦੀ ਹੈ, ਕਿਉਂਕਿ ਆਮ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਅਤੇ ਵਿਦਵਾਨਾਂ ਦਾ ਬਹੁਤਾ ਪਤਾ ਨਹੀਂ ਹੁੰਦਾ। ਐਸੇ ਨੌਜੁਆਨਾਂ `ਤੇ ਆਦਰਸ਼ਵਾਦ ਦਾ ਐਸਾ ਅਸਰ ਹੁੰਦਾ ਹੈ ਕਿ ਉਨ੍ਹਾਂ ਨੂੰ ਬਾਕੀ ਲੋਕ, ‘ਗਿਆਨ ਵਿਹੂਣੀ ਅੰਧੀ ਰੱਯਤ’ ਜਾਪਦੇ ਹਨ। ਉਨ੍ਹਾਂ ਦਾ ਮਨ ਆਪਣੇ ਨਵੇਂ ਗਿਆਨ ਨਾਲ ਲੋਕਾਂ ਨੂੰ ਜਾਗਰੂਕ ਕਰ ਕੇ ਯੁੱਗ ਪਲਟਾਉਣ ਲਈ ਲਾਮਬੰਦ ਕਰਨ ਵਾਸਤੇ ਕਾਹਲਾ ਪੈਂਦਾ ਹੈ। ਉਹ ਆਪਣੇ ਆਪ ਨੂੰ ਲੋਕ ਭਲਾਈ ਲਈ ਕੁਰਬਾਨੀ ਕਰਨ ਵਾਲੇ ਇਤਿਹਾਸਕ ਵਿਅਕਤੀਆਂ ਵਾਂਗ ਹੀ ਕੁਰਬਾਨੀ ਦੇ ਰਾਹ ਪਏ ਸਮਝਦੇ ਹਨ। ਪੜ੍ਹਾਈ ਤਾਂ ਉਨ੍ਹਾਂ ਨੂੰ ਬੇਕਾਰ ਦੀ ਗੱਲ ਜਾਪਦੀ ਹੈ। ਉਨ੍ਹਾਂ ਦਾ ਮਨ ਲਹਿਰ ਦੀਆਂ ਤਰੰਗਾਂ ਨਾਲ ਉਡੂੰ-ਉਡੂੰ ਕਰਦਾ ਹੈ। ਉਹ ਕੁਝ ਵੱਡਾ ਕਰ ਗੁਜ਼ਰਨ ਦੇ ਦਾਈਏ ਬੰਨ੍ਹਣ ਦੀ ਉਧੇੜ-ਬੁਣ ਦੇ ਸੰਸਾਰ ਵਿਚ ਵਿਚਰਨ ਲਗਦੇ ਹਨ। ਆਦਰਸ਼ਵਾਦ ਦੇ ਨਸ਼ੇ ਕਾਰਨ ਦੁਨਿਆਵੀ ਕੰਮ ਵਿਚ ਵੀ ਚਿੱਤ ਲੱਗਣੋਂ ਹਟ ਜਾਂਦਾ ਹੈ। ‘ਵਾਰਿਸ ਸ਼ਾਹ ਜਿਨ੍ਹਾਂ ਨੂੰ ਇਸ਼ਕ ਲੱਗੇ, ਦੀਨ ਦੁਨੀ ਦੇ ਕੰਮ ਥੋਂ ਜਾ ਰਿਹਾ।’ ਕਈ ਵਾਰ ਨਿਰਾਸ਼ ਹੋ ਕੇ ਖਿਝਦੇ ਵੀ ਹਨ ਕਿ ਇਹ ਮੂਰਖ ਜਨਤਾ ਜੁੱਤੀਆਂ ਕਿਉਂ ਖਾਈ ਜਾ ਰਹੀ ਹੈ, ਸਿਸਟਮ ਦੇ ਖ਼ਿਲਾਫ ਉਠਦੀ ਕਿਉਂ ਨਹੀ? ਕਈ ਵਾਰ ਉਨ੍ਹਾਂ ਨੂੰ ਇਹ ਲਗਦਾ ਹੈ ਇਨਕਲਾਬ ਤਾਂ ਬੱਸ ਆਇਆ ਹੀ ਪਿਆ ਹੈ ਬੱਸ ਆਖਰੀ ਹੱਲਾ ਮਾਰਨ ਦੀ ਕਸਰ ਹੈ। ਇਹ ਉਸ ਵਰਤਾਰੇ ਦੀ ਸੰਖੇਪ ਤਸਵੀਰ ਹੈ ਜੋ ਸਮੇਂ ਸਮੇਂ ਚਲਦੀਆਂ ਸਮਾਜਿਕ, ਰਾਜਨੀਤਕ ਜਾਂ ਸੁਧਾਰਕ ਲਹਿਰਾਂ ਕਾਰਨ ਨੌਜੁਆਨਾਂ ਦੇ ਕੱਚੇ ਮਨਾਂ ‘ਤੇ ਵਾਪਰਦਾ ਹੈ। ਕਈ ਇਨ੍ਹਾਂ ਵਹਿਣਾਂ ਵਿਚ ਵਹਿ ਜਾਂਦੇ ਹਨ ਅਤੇ ਕਈ ਇਨ੍ਹਾਂ ਨੂੰ ਆਪਣੇ-ਆਪ `ਤੇ ਹਾਵੀ ਨਹੀਂ ਹੋਣ ਦਿੰਦੇ। ਗਲਤ-ਸਹੀ ਦੇ ਨਿਰਣੇ ਵਿਚ ਪਏ ਬਗੈਰ ਇਹ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਲਹਿਰਾਂ ਦਾ ਅਸਰ ਹਰ ਕਿਸੇ ਦੀ ਸ਼ਖਸੀਅਤ `ਤੇ ਪੈਂਦਾ ਹੈ, ਬਚਦਾ ਕੋਈ ਵਿਰਲਾ ਹੀ ਹੈ। ‘ਵਾਰਿਸ ਸ਼ਾਹ ਜਾਂ ਨੈਣਾਂ ਦਾ ਦਾਓ ਲੱਗੇ, ਬਚੇ ਕੋਈ ਨਾ ਜੂਏ ਦੀ ਹਾਰ ਵਿਚੋਂ।’
ਸ. ਅਜਮੇਰ ਸਿੰਘ ਹੁਰਾਂ ਨੂੰ ਸਮੇਂ ਦੀ ਨਕਸਲਬਾੜੀ ਲਹਿਰ ਨੇ ਕੀਲ ਲਿਆ। ਇਨਕਲਾਬ ਦਾ ੳੁੱਚਾ ਅਤੇ ਸੁੱਚਾ ਆਦਰਸ਼ ਮਨ ਨੂੰ ਪੋਹ ਗਿਆ। ‘ਹੌਲੀ ਹੌਲੀ ਬਣ ਗਿਆ ਲੋਕਾਂ ਦਾ ਗਮ, ਮਿੱਤਰਾਂ ਦਾ ਗਮ।’, ਵਰਤਾਰਾ ਵਾਪਰ ਗਿਆ। ਕਈ ਹੋਰਾਂ ਵਾਂਗ ਅਜਮੇਰ ਸਿੰਘ (ਉਸ ਸਮੇਂ ਨਾਮ ਹੋਰ ਸੀ) ਵੀ ਪੜ੍ਹਾਈ ਛੱਡ ਕੇ ਇਨਕਲਾਬ ਦਾ ਰਾਹੀ ਬਣ ਗਿਆ। ਪਰ ਇਨਕਲਾਬ ਕੀ ਹੈ? ਇਸਦੀ ਤਸਵੀਰ ਸਪੱਸ਼ਟ ਨਹੀਂ ਸੀ। ਮੌਜੂਦਾ ਨਿਜ਼ਾਮ ਉਲਟਾ ਕੇ ਨਵਾਂ ਸਿਰਜਣ ਦਾ ਆਦਰਸ਼ਵਾਦ ਰੋਮਾਂਚਿਕ ਅਤੇ ਉਤਸ਼ਾਹੀ ਸੀ। ਮੌਜੂਦਾ ਨਿਜ਼ਾਮ ਵਿਚ ਖਾਮੀਆਂ ਹਨ ਅਤੇ ਨਵੇਂ ਵਿਚ ਨਵਾਂ ਕੀ ਹੋਏਗਾ, ਇਸ ਬਾਰੇ ਬਹੁਤਾ ਜਾਣ ਕੇ ਸਮਾਂ ਵਿਅਰਥ ਗੁਆਉਣ ਦੀ ਬਜਾਇ ਨਿਜ਼ਾਮ ਉਲਟਾਉਣ ਦੇ ਕੰਮ ਲੱਗਣਾ ਜ਼ਰੂਰੀ ਸੀ। ਉਸਾਰੀ ਤੋਂ ਪਹਿਲਾਂ ਢਾਹੁਣਾ ਜ਼ਰੂਰੀ ਹੁੰਦਾ ਹੈ, ਇਸ ਲਈ ਢਾਹੁਣ ਦੇ ਕੰਮ ਲੱਗ ਪਏ। ਸਰਕਾਰੀ ਬੱਸਾਂ ਨੂੰ ‘ਦੁਸ਼ਮਣ’ ਦੀਆਂ ਬੱਸਾਂ ਜਾਣ ਕੇ ਭੰਨਣ ਲੱਗੇ। ਸ਼ਾਂਤਮਈ ਚਲਦੇ ਕਾਲਜ ਇਨਕਲਾਬੀਆਂ ਦੀਆਂ ਅੱਖਾਂ ਵਿਚ ਰੜਕਦੇ ਸਨ, ਆਪ ਪੜ੍ਹਾਈ ਛੱਡ ਦਿੱਤੀ, ਕਾਲਜਾਂ ਵਿਚ ਹੜਤਾਲਾਂ ਕਰਾਉਣ ਦਾ ਸ਼ੁਗਲ ਇਨਕਲਾਬ ਦੇ ਮੁਢਲੇ ਕਾਰਜਾਂ ਵਿਚੋਂ ਅਹਿਮ ਕਾਰਜ ਬਣ ਗਿਆ। ਖਾਲਸਾ ਕਾਲਜਾਂ ਵਿਚ ਤਾਂ ਅਨੁਸ਼ਾਸਨ ਢਿੱਲਾ ਹੀ ਹੁੰਦਾ ਹੈ ਡੀ ਏ ਵੀ ਕਾਲਜਾਂ ਦਾ ਅਨੁਸ਼ਾਸਨ ਇਨਕਲਾਬੀਆਂ ਵਾਸਤੇ ਅਸਹਿਣਯੋਗ ਸੀ। ਸੋ, ਉੱਥੇ ਹੜਤਾਲਾਂ ਕਰਾਉਣੀਆਂ ਵੱਡਾ ਟੀਚਾ ਸਰ ਕਰਨ ਵਰਗੀ ਗੱਲ ਬਣ ਗਿਆ। ਕਾਲਜਾਂ ਵਿਚ ਹੋਣ ਵਾਲੀ ਗੜਬੜ ਇਨ੍ਹਾਂ ਵਾਸਤੇ ਇਨਕਲਾਬ ਦੀ ਆਹਟ ਸੀ। ਲੁਧਿਆਣੇ ਤੋਂ ਬਾਹਰ ਚੰਡੀਗੜ੍ਹ ਜਾ ਕੇ ਬੱਸ ਭੰਨਣੀ, ਸ਼ਰੀਫ ਪ੍ਰਿੰਸੀਪਲ ਦੇ ਗਲ ਪੈਣਾ, ਉਸਦਾ ਘਰ ਭੰਨਣਾ, ਹਥਿਆਰਬੰਦ ਘੋਲ ਦੀ ਤਿਆਰੀ ਵਾਸਤੇ ਹੱਥ ਸਿੱਧੇ ਕਰਨ ਵਰਗਾ ਸ਼ੁਗਲ ਸੀ। ਇਹ ਸਭ ਕੁੱਝ ਕਰਕੇ ਬਚ ਕੇ ਨਿਕਲ ਜਾਣ ਦੀ ਮਾਅਰਕੇਬਾਜ਼ੀ ਕਰਨ ਵਾਲਿਆਂ ਦੇ ਪੈਰ ਕਿਵੇਂ ਨਾ ਚੁੱਕੇ ਜਾਂਦੇ? ‘ਲਿਖਦੇ ਪੈਂਚ ਸੀ ਸਾਰੀਆਂ ਪੜਤਲਾਂ ਦੇ, ਸਾਡੀ ਅੱਜ ਹੈ ਵੱਡੀ ਚਲੰਤ ਮੀਆਂ।’
ਇਨਕਲਾਬ ਦੇ ਰਾਹੋਂ ਰੋਕਣ ਲਈ ਕਾਲਜ ਦੇ ਪ੍ਰਿੰਸੀਪਲ ਨੇ ਵੀ ਵਿਤੋਂ ਵੱਧ ਜ਼ੋਰ ਲਾਇਆ, ਆਪ ਨਾਲ ਜਾ ਕੇ ਕਚਹਿਰੀਓਂ ਜ਼ਮਾਨਤਾਂ ਕਰਾਈਆਂ ਤਾਂ ਜੋ ਹੋਣਹਾਰ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਨਾ ਹੋਏ। ਲੜਾਈ-ਝਗੜਿਆਂ ਤੋਂ ਬਚਣ ਲਈ ਸਮਝਾਉਣ ‘ਤੇ ਜ਼ੋਰ ਲਾਇਆ। ਪਰ ਸਮਝੇ ਕੌਣ, ਗੱਲ, ‘ਤੂੰ ਜੋ ਸਮਝਾਉਣਾ ਚਾਹੁੰਦੀ, ਮੇਰੇ ਜ਼ਰਾ ਸਮਝ ਨਾ ਆਉਂਦੀ।’, ਵਾਲੀ ਹੋਈ ਪਈ ਸੀ। ਸਿੱਧੀ ਇੰਦਰਾ ਗਾਂਧੀ ਨਾਲ ਜਾ ਟੱਕਰ ਲਈ। ਉਸਦੇ ਸਾਹਮਣੇ ਜਾ ਕੇ ਨਾਹਰੇ ਬੁਲੰਦ ਕੀਤੇ। ਪੁਲੀਸ ਨੇ ਫੜ ਲਏ। ਜਦ ਥਾਣੇਦਾਰ ਨੂੰ ਪਤਾ ਲੱਗਾ ਕਿ ਇਹ ਵਿਦਿਆਰਥੀ ਹਨ ਤਾਂ ਉਸਨੇ ਕੋਰਟ-ਕਚਹਿਰੀਆਂ ਦੀ ਖੁਆਰੀ ਤੋਂ ਬਚਾਉਣ ਲਈ ਇਨ੍ਹਾਂ ਨੂੰ ਮਾਸੂਮ ਬੱਚੇ ਜਾਣ ਕੇ ਖਿਸਕ ਜਾਣ ਦਾ ਮੌਕਾ ਦੇ ਦਿੱਤਾ। ਪ੍ਰਿੰਸੀਪਲ ਵਾਂਗ ਥਾਣੇਦਾਰ ਵੀ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਕੈਰੀਅਰ ਖਰਾਬ ਹੋ ਜਾਣ ਤੋਂ ਚਿੰਤਤ ਸੀ। ਪਰ, ‘ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ।’ ਅਜਮੇਰ ਸਿੰਘ ਹੁਰੀਂ ਇਨ੍ਹਾਂ ਗੱਲਾਂ ਨੂੰ ਕੀ ਜਾਣਦੇ ਸਨ। ਉਨ੍ਹਾਂ ਵਾਸਤੇ ਇਨਕਲਾਬ ਦੀ ਰੋਮਾਂਚਿਕ ਸੁਪਨਸਾਜ਼ੀ ਵਿਚੋਂ ਛੁੱਟਣਾ ਅਸੰਭਵ ਸੀ। ‘ਹਾਥੀ ਚੋਰ, ਗਵਾਰ ਤਾਂ ਛੁੱਟ ਜਾਂਦੇ, ਵਾਰਿਸ ਕੌਣ ਜੋ ਇਸ਼ਕ ਥੀਂ ਛੁੱਟ ਜਾਏ।’
ਇੱਥੇ ਮੈਨੂੰ ਸਿਰਦਾਰ ਕਪੂਰ ਸਿੰਘ ਦੀ ਕਹੀ ਗੱਲ ਯਾਦ ਆਉਂਦੀ ਹੈ ਕਿ ਸੰਤ ਸਿੰਘ ਸੇਖੋਂ ਜ਼ਹੀਨ ਆਦਮੀ ਸੀ ਪਰ ਉਸਨੇ ਸਿੱਖ ਨੌਜੁਆਨਾਂ ਨੂੰ ਇਨਕਲਾਬ ਦੀ ਲਤ ਲਾ ਕੇ ਬਹੁਤ ਵੱਡਾ ਨੁਕਸਾਨ ਕੀਤਾ। ਸ. ਅਜਮੇਰ ਸਿੰਘ ਸਿਰਦਾਰ ਸਾਹਿਬ ਦੇ ਕਥਨ ਦੀ ਜ਼ਿੰਦਾ ਮਿਸਾਲ ਹੈ। ਪੰਜਾਬ ਦੇ ਨੌਜੁਆਨਾਂ ਵਿਚੋਂ ਇਨਕਲਾਬ ਦੀ ਸਮਝ ਤਾਂ ਕਿਸੇ ਵਿਰਲੇ ਨੂੰ ਹੋਏਗੀ, ਬਹੁਤਿਆਂ ਨੂੰ ਤਾਂ ਇਹ ਕੇਵਲ ਫਿਟਕ ਵਾਂਗ ਹੀ ਲੱਗਿਆ ਸੀ। ‘ਨਵੀਂ ਫਿਟਕ ਲੱਗੀ, ਭੰਗ ਪੀਣ ਲੱਗਾ, ਵਾਰਿਸ ਸ਼ਾਹ ਇਹ ਬਹਿਬਤਾਂ ਮਾੜੀਆਂ ਨੇ।’ 1947 ‘ਚ ਅੰਗਰੇਜ਼ਾਂ ਦੇ ਇਥੋਂ ਚਲੇ ਜਾਣ ਤੋਂ ਬਾਅਦ ਭਾਰਤ ਨੂੰ ਜਾਗੀਰਦਾਰਾਂ ਅਤੇ ਦੱਲੇ ਸਰਦਾਰਾਂ ਦੀ ਹੱਥਠੋਕਾ ਸਟੇਟ ਕਹੀ ਜਾਂਦੇ ਸਨ ਅਤੇ ਇਹ ਲੱਭਣ ਦੀ ਅਜਿਹੇ ਇਨਕਲਾਬੀ ਚਿੰਤਕਾਂ ਨੇ ਵੀ ਜ਼ਹਿਮਤ ਕਦੀ ਉਠਾਈ ਹੀ ਨਹੀਂ ਸੀ ਕਿ 70ਵਿਆਂ ਦੇ ਪੰਜਾਬ ਵਿਚ ਚੀਨ ਵਾਲੀਆਂ ਹਾਲਤਾਂ ਕਿਧਰੇ ਹੈ ਹੀ ਨਹੀਂ ਸਨ। ਅਜਮੇਰ ਸਿੰਘ ਜਿਹੜੇ ਸਿਸਟਮ ਨੂੰ ਨੇਸਤੋ-ਨਬੂਦ ਕਰਨਾ ਚਾਹੁੰਦੇ ਸਨ, ਉਸ ਸਿਸਟਮ ਨੇ ਇਨ੍ਹਾਂ ਲਈ ਸਕੂਲ ਖੋਲਿ੍ਹਆ, ਇੰਜਨੀਅਰਿੰਗ ਕਾਲਜ ਬਣਾਇਆ ਅਤੇ ਪੜ੍ਹਨ ਦਾ ਮੌਕਾ ਦਿੱਤਾ। ਅਧਿਆਪਕ ਅਤੇ ਪ੍ਰਿੰਸੀਪਲ ਵਿਦਿਆਰਥੀਆਂ ਦਾ ਖਿਆਲ ਰੱਖਣ ਵਾਲੇ ਸਨ ਜੋ ਵਿਦਿਆਰਥੀਆਂ ਦਾ ਬਚਾਅ ਕਰਨ ਲਈ ਆਪ ਜ਼ਮਾਨਤਾਂ ਕਰਵਾਉਣ ਜਾਂਦੇ ਰਹੇ। ਜਦ ਇਹ ਇਨਕਲਾਬੀ ਲੋਕ ਕਾਨੂੰਨ ਤੋੜਦੇ ਤਾਂ ਇਸੇ ਸਿਸਟਮ ਵਿਚਲੇ ਪੁਲੀਸ ਅਧਿਕਾਰੀ ਵਿਦਿਆਰਥੀਆਂ ਨੂੰ ਬੱਚੇ ਜਾਣ ਕੇ ਕਾਨੂੰਨੀ ਝੰਜਟਾਂ ਤੋਂ ਬਚਾਉਣ ਲਈ ਵੱਡੇ ਅਧਿਕਾਰੀਆਂ ਨੂੰ ਦੱਸੇ ਬਗੈਰ ਹੀ ਇਨ੍ਹਾਂ ਨੂੰ ਖਿਸਕ ਜਾਣ ਲਈ ਕਹਿ ਕੇ ਮਾਮਲਾ ਰਫਾ-ਦਫਾ ਕਰ ਦਿੰਦੇ। ‘ਜੈਸੇ ਬਾਲਿਕ ਭਾਇ ਸੁਭਾਇ, ਬਹੁ ਅਪਰਾਧ ਕਮਾਵੈ, ਕਰਿ ਉਪਦੇਸ ਝਿੜਕੈ ਬਹੁਭਾਤੀ ਬਹੁੜ ਪਿਤਾ ਗਲ਼ ਲਾਵੈ।’
ਯਾਦ ਰਹੇ ਮਾਮਲਾ ਪ੍ਰਧਾਨ ਮੰਤਰੀ ਦੇ ਸਮਾਗਮ ਵਿਚ ਖਲਲ ਪਾਉਣ ਦੀ ਮਾਅਰਕੇਬਾਜ਼ੀ ਦਾ ਸੀ। ਭਲਾ ਐਸੇ ਸਿਸਟਮ ਨੂੰ ਉਲਟਾਉਣ ਲਈ ਜੁੱਟ ਜਾਣ ਦੀ ਕੀ ਤੁਕ ਸੀ? ਇਸ ਸਿਸਟਮ ਨੂੰ ਉਲਟਾ ਕੇ ਜਿਹੜਾ ਨਵਾਂ ਸਿਸਟਮ ਸਿਰਜਣਾ ਸੀ ਕੀ ਉਹ ਇਸ ਨਾਲੋਂ ਵੱਧ ਉਦਾਰ ਅਤੇ ਨਰਮ ਹੋਣਾ ਸੀ? ਪਰ ਇਸ ਦੀ ਪਰਵਾਹ ਕਿਸ ਨੂੰ ਸੀ, ‘ਇਹ ਰੱਜ ਕੇ ਖਾਣ ਦੀਆਂ ਮਸਤੀਆਂ ਸਨ।’ ਜਦ ਇਨਕਲਾਬ ਦਾ ਕੱਚਾ ਭੂਤ ਸਿਰ ਨੂੰ ਚੜ੍ਹਿਆ ਹੋਏ ਤਾਂ ਅਧਿਆਪਕਾਂ ਦੀ ਸੁਹਿਰਦ ਸਲਾਹ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਦਿਖਾਈ ਸੂਝ-ਬੂਝ ਵਾਲੀ ਹਮਦਰਦੀ ਨੂੰ ਅਜਮੇਰ ਸਿੰਘ ਵਰਗੇ ਕੀ ਜਾਣਦੇ ਹਨ। ‘ਰੱਜੇ ਜੱਟ ਨਾ ਜਾਣਦੇ ਕਿਸੇ ਤਾਂਈ, ਤੁਸੀਂ ਆਪਣੀ ਕਦਰ ਪਛਾਣਿਆ ਜੇ।’
ਫਿਰ ਅਜਮੇਰ ਸਿੰਘ ਹੁਰੀਂ ਗ੍ਰਿਫਤਾਰ ਹੋਏ, ਪੁਲੀਸ ਹਿਰਾਸਤ ਵਿਚੋਂ ਛੁਡਾ ਲਏ ਗਏ। ਛੁਡਾਉਣ ਸਮੇਂ ਪੁਲੀਸ ਕਾਂਸਟੇਬਲ ਮਾਰ ਦਿੱਤਾ ਗਿਆ। ਫਿਰ ਰੂਪੋਸ਼ ਹੋ ਕੇ ਇਨਕਲਾਬ ਦਾ ਕਾਰਜ, ਅਸਲ ਵਿਚ, ਰੂਸੀ ਇਨਕਲਾਬ, ਚੀਨੀ ਇਨਕਲਾਬ, ਲੈਨਿਨਵਾਦ, ਮਾਓਵਾਦ, ਮਾਰਕਸਵਾਦ ਆਦਿ ਦਾ ਪਾਠ ਸ਼ੁਰੂ ਹੋ ਗਿਆ। ਸਾਲਾਂਬੱਧੀ ਜਾਬ੍ਹਾਂ ਦੇ ਭੇੜ ਦੇ ਬਾਵਜੂਦ ਇਨਕਲਾਬ ਦਾ ਬਾਨਣੂੰ ਨਾ ਬੱਝਾ। ਕੁੱਝ ਬੱਝਣ ਦੀ ਥਾਂ ਖਿਲਾਰਾ ਹੋਰ ਖਿੱਲਰ ਗਿਆ। ਭਿੰਡਰਾਂਵਾਲੇ ਦੇ ਵਰਤਾਰੇ ਨੇ ਕਈ ਸਮਝਾਂ, ਕਈ ਬਿਰਤਾਂਤ ਅਤੇ ਕਈ ਸੰਗਠਨ ਹਿਲਾ ਦਿੱਤੇ। ਦਰਬਾਰ ਸਾਹਿਬ `ਤੇ ਹਮਲਾ ਹੋਇਆ ਤਾਂ ਅਜਮੇਰ ਸਿੰਘ ਹੁਰਾਂ ਨੂੰ ਲੱਗਾ ਕਿ ਇਨਕਲਾਬ ਦੇ ਰਾਹ ਤਾਂ ਐਵੇਂ ਘੱਟਾ ਹੀ ਛਾਣਦੇ ਰਹੇ। ਇਧਰੋਂ ਮੋਹ ਭੰਗ ਹੋਇਆ ਪਰ ਸਿੱਖੀ ਸਿਸਟਮ ਦੀ ਅਜੇ ਸਮਝ ਨਹੀਂ ਸੀ। ਵੈਸੇ ਗੱਲ ਤਾਂ, ‘ਚਾਲੈ ਥੇ ਹਰਿ ਮਿਲਨ ਕਉ, ਬੀਚੈ ਅਟਕਿਓ ਚੀਤ’, ਵਾਲੀ ਹੋਈ ਸੀ ਪਰ ਫਿਰ ਵੀ ਕਾਹਲੇ ਕਦਮੀਂ ਸਿੱਖ ਲਹਿਰ ਦੇ ਅੰਗ-ਸੰਗ ਹੋ ਗਏ, ਜਿੱਥੇ ਬੌਧਿਕ ਮੈਦਾਨ ਤਕਰੀਬਨ ਖਾਲੀ ਸੀ। ਸਿੱਖ ਲਹਿਰ ਵਿਚ ਬੌਧਿਕ ਜ਼ਮੀਨ ਖਾਲੀ ਹੋਣ ਕਾਰਨ ਅਜਮੇਰ ਸਿੰਘ ਦੀਆਂ ਫੈਲਸੂਫੀਆਂ ਨੇ ਆਪਣੀ ਥਾਂ ਬਣਾ ਲਈ। ਜਿਸ ਅਜਮੇਰ ਸਿੰਘ ਨੂੰ ਕਦੇ ਲਗਦਾ ਸੀ ਕਿ ਇਨਕਲਾਬ ਤਾਂ ਬੱਸ ਆਇਆ ਕਿ ਆਇਆ, ਉਸੇ ਨੂੰ ਹੁਣ ਲਗਦਾ ਸੀ ਕਿ ਖਾਲਿਸਤਾਨ ਤਾਂ ਬਣਿਆ ਕਿ ਬਣਿਆ। ਇਸੇ ਕਰਕੇ ਉਨ੍ਹਾਂ ਪਹਿਲਾਂ ਜੂਨ 1991 ਦੀਆਂ ਚੋਣਾਂ ਦਾ ਬਾਈਕਾਟ ਕਰਵਾਉਣ ਲਈ ‘ਬਰ੍ਹਾਮਣ ਦੀਆਂ ਵੋਟ ਸੰਦੂਕੜੀਆਂ ਨੂੰ ਵਾਪਸ ਦਿੱਲੀ ਦਫਾ ਕਰੋ’ ਸਿਰਲੇਖ ਹੇਠ ਪੰਥਕ ਕਮੇਟੀ ਦੇ ਨਾਂ ਹੇਠ ਗਸ਼ਤੀ ਪੱਤਰ ਲਿਖ ਕੇ ਉਨ੍ਹਾਂ ਚੋਣਾਂ ਦਾ ਬਾਈਕਾਟ ਕਰਵਾਉਣ ਲਈ ਪੂਰਾ ਜ਼ੋਰ ਲਗਾਇਆ, ਪਰ ਪ੍ਰਕਾਸ਼ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ ਅਤੇ ਖਾੜਕੂ ਆਗੂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਥਾਪੜੇ ਹੇਠ ਭਾਈ ਮਨਜੀਤ ਸਿੰਘ ਵਾਲੇ ਧੜੇ ਚੋਣ ਮੈਦਾਨ ਵਿਚ ਡਟੇ ਰਹੇ। 20-25 ਉਮੀਦਵਾਰ ਖਾੜਕੂ ਨੌਜਵਾਨਾਂ ਹੱਥੋਂ ਮਾਰੇ ਗਏ। ਰੇਲ ਗੱਡੀਆਂ ਵਿਚ ਸੈਂਕੜੇ ਮੁਸਾਫਰਾਂ ਦੀਆਂ ਹੱਤਿਆਵਾਂ ਦੀਆਂ ਵਾਰਦਾਤਾਂ ਹੋਈਆਂ ਤੇ ਨਤੀਜੇ ਵਜੋਂ ਉਹ ਚੋਣਾਂ ਸਿਰੇ ਨਾ ਚੜ੍ਹੀਆਂ। ਇਸ ਪਿਛੋਂ ਉਨ੍ਹਾਂ ਨੇ ਤੇ ਉਨ੍ਹਾਂ ਦੀ ਸੋਚ ਵਰਗੀਆਂ ਹੋਰ ਧਿਰਾਂ ਨੇ ਫਰਵਰੀ 1992 ਦੀਆਂ ਚੋਣਾਂ ਦਾ ਬਾਈਕਾਟ ਕਰਵਾ ਕੇ ਹੀ ਸਾਹ ਲਿਆ। ਇਹ ਵੱਖਰੀ ਗੱਲ ਹੈ ਕਿ ਸ. ਅਜਮੇਰ ਸਿੰਘ ਦੀ ਸਾਰੀ ਮੁਸ਼ਕਤ ਦੇ ਸਿੱਟੇ ਵਜੋਂ ਸ. ਬੇਅੰਤ ਸਿੰਘ ਅਤੇ ਕੇ.ਪੀ.ਐਸ. ਗਿੱਲ ਵਰਗੇ ‘ਜਮਦੂਤ’ ਨਿਕਲ ਕੇ ਬਾਹਰ ਆ ਗਏ ਤੇ ਉਨ੍ਹਾਂ ਨੇ ਪੁਲੀਸ ਬਲਾਂ ਦੀਆਂ ਵਾਗਾਂ ਖੁਲ੍ਹੀਆਂ ਛਡ ਦਿਤੀਆਂ। ਇਨ੍ਹਾਂ ਦੀ ਸਿਧਾਂਤਕ ਮਾਅਰਕੇਬਾਜ਼ੀ ਦੇ ਸਿੱਟੇ ਵਜੋਂ ਪੰਜਾਬ ਦੇ ਹਜ਼ਾਰਾਂ ਅਣਭੋਲ ਲੋਕਾਂ ਦਾ ਜੋ ਬੁਰਾ ਹਾਲ ਹੋਇਆ, ਉਸ ਦੀ ਇਖਲਾਕੀ ਜ਼ਿੰਮੇਵਾਰੀ ਸਿੱਖ ਚਿੰਤਕ ਆਪਣੇ ਇਸ ਸੱਚੋ-ਸੱਚ ਲਿਖੇ ਇਕਬਾਲਨਾਮੇ ਅੰਦਰ ਵੀ ਕਿਤੇ ਕਬੂਲੀ ਨਹੀਂ ਹੈ।
ਨਤੀਜੇ ਵਜੋਂ, ਲਹਿਰ ਰਾਜਸੀ ਸ਼ਕਤੀ ਦੇ ਮੈਦਾਨੋਂ ਬਾਹਰ ਧੱਕੀ ਗਈ, ਖਿੰਡ ਗਈ ਅਤੇ ਖਤਮ ਹੋ ਗਈ। ਇਨਕਲਾਬ ਦੀ ਲਹਿਰ ਤੋਂ ਬਾਹਰ ਆਉਣ `ਤੇ ਅਜਮੇਰ ਸਿੰਘ ਨੇ ਕਾਮਰੇਡ ਸੋਚ ਅਤੇ ਕਾਮਰੇਡਾਂ ਨੂੰ ਸਿੱਖੀ ਵਿਰੋਧੀ, ਸਿੱਖ ਵਿਰੋਧੀ, ਤੰਗ ਨਜ਼ਰ ਵਾਲੇ, ਅਸਹਿਣਸ਼ੀਲ ਆਦਿ ਕਹਿ ਕੇ ਚੰਗਾ ਭੰਡਿਆ। ‘ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ, ਸੱਭੋ ਅੜਤਣੇ ਪੜਤਣੇ ਪਾੜ ਸੁੱਟੇ। ਪੁਣੇ ਦਾਦ ਪਰਦਾਦੜੇ ਜੋਗੀ ਦੇ, ਟੰਗਣੇ ਤੇ ਸਾਕ ਸਭ ਚਾੜ੍ਹ ਸੁੱਟੇ’ ਸਿੱਖਾਂ ਨੂੰ ਅਜਮੇਰ ਸਿੰਘ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ। ਜਿਸਦਾ ਸਿੱਧਾ ਭਾਵ ਇਹ ਹੈ ਕਿ ਚੰਗਾ ਹੋਇਆ ਕਿਤੇ ਇਨਕਲਾਬ ਆ ਹੀ ਨਹੀਂ ਗਿਆ। ਜੇ ਕਿਤੇ ਇਨਕਲਾਬ ਆ ਜਾਂਦਾ ਤਾਂ ਕਾਮਰੇਡਾਂ ਨੇ ਲੋਕਾਂ ਨਾਲ ਜੱਗੋਂ ਤੇਹਰਵੀਂ ਕਰਨੀ ਸੀ, ਕਿਉਂਕਿ ਇਨ੍ਹਾਂ ਵਿਚ ਕਿਸੇ ਹੋਰ ਵਿਚਾਰ ਨੂੰ ਸਹਿਣ ਦਾ ਮਾਦਾ ਹੀ ਨਹੀਂ ਹੈ। ਸਿੱਖ ਲਹਿਰ ਦੇ ਪਤਨ ਤੋਂ ਬਾਅਦ ਅਜਮੇਰ ਸਿੰਘ ਨੇ ਧੜੱਲੇਦਾਰ ਤਰਕ ਪੇਸ਼ ਕੀਤਾ ਕਿ ਚੰਗਾ ਹੋਇਆ ਆਪਾਂ ਬਾਈਕਾਟ ਕਰ ਕੇ ਸੱਤਾ ਵਿਚ ਆਉਣੋਂ ਬਚ ਗਏ। ਸਰਕਾਰ ਬਣਾ ਲੈਣ `ਤੇ ਸਾਡੇ ਬੰਦਿਆਂ ਦਾ ਜੋ ਹਲਕਾ ਕਿਰਦਾਰ ਸਾਹਮਣੇ ਆਉਣਾ ਸੀ, ਉਸਨੇ ਤਾਂ ਸਾਨੂੰ ਕਿਤੇ ਖਲੋਣ ਜੋਗਾ ਨਹੀਂ ਸੀ ਛੱਡਣਾ। ਅਜੇ ਸਾਡੇ ਬੰਦਿਆਂ ਦਾ ਕਿਰਦਾਰ ਇਤਨਾ ਉੱਚਾ ਨਹੀਂ ਹੈ ਕਿ ਉਹ ਸਿਆਸੀ ਤਾਕਤ ਹਾਸਲ ਕਰਨ ਤੋਂ ਬਾਅਦ ਵੀ ਕਿਰਦਾਰ ਦੀ ਬੁਲੰਦੀ ਬਹਾਲ ਰੱਖ ਸਕਣ। ਵੈਸੇ, ਸਿੱਖ ਲਹਿਰ ਵਿਚਲੇ ਕਈ ਕਾਰਕੁਨ ਸੱਤਾ ਵਿਚ ਨਾ ਹੋਣ ਦੇ ਬਾਵਜੂਦ ਵੀ ਅਜਮੇਰ ਸਿੰਘ ਲਈ ‘ਡਿਸਗਸਟਿੰਗ’ ਬਣ ਗਏ।
ਜਿਸ ਸਿਸਟਮ ਨੂੰ ਉਲਟਾਉਣ ਲਈ ਅਜਮੇਰ ਸਿੰਘ ਹੁਰੀਂ ਲੱਕ ਬੰਨ੍ਹ ਕੇ ਪਹਿਲਾਂ ਇਨਕਲਾਬੀ ਲਹਿਰ ਅਤੇ ਫਿਰ ਸਿੱਖ ਲਹਿਰ ਦੇ ਅੰਗ-ਸੰਗ ਹੋਏ ਸਨ, ਲਹਿਰਾਂ ਦੇ ਅਸਫਲ ਹੋ ਜਾਣ ਤੋਂ ਬਾਅਦ, ਉਸੇ ਸਿਸਟਮ ਨੇ ਜਿਵੇਂ ਉਨ੍ਹਾਂ ਦੇ ਸਾਰੇ ਕੇਸ ਵਾਪਸ ਲੈ ਕੇ ਰੂਪੋਸ਼ੀ ਖਤਮ ਕਰਵਾਈ, ਉਹ ਕਹਾਣੀ ਵੀ ਵਿਲੱਖਣ ਹੈ। ਰੂਪੋਸ਼ੀ ਦੌਰਾਨ ਬਹੁਤ ਸਾਰੇ ਲੇਖਕ, ਅਖ਼ਬਾਰ ਨਵੀਸ ਅਤੇ ਬੁੱਧੀਜੀਵੀ ਆਪ ਨਾਲ ਮੇਲ-ਜੋਲ ਵੀ ਰੱਖਦੇ ਰਹੇ, ਆਪਦੇ ਲੇਖ ਵੀ ਛਪਦੇ ਰਹੇ, ਆਪ ਪਰਚਾ ਵੀ ਕੱਢਦੇ ਰਹੇ, ਆਪ ਇੱਕ ਲਹਿਰ ਤੋਂ ਬਾਅਦ ਦੂਸਰੀ ਦੇ ਸਿਧਾਂਤਕਾਰ ਜਾਂ ਸਲਾਹਕਾਰ ਵੀ ਬਣ ਗਏ, ਪਰ ਪੁਲੀਸ ਨੂੰ ਭਿਣਕ ਨਹੀਂ ਲੱਗੀ। ਅਖ਼ਬਾਰ ਦਾ ਮੁੱਖ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਨਿੱਜੀ ਰਸੂਖ਼ ਵਰਤ ਕੇ ਆਪ ਦੀ ਰੂਪੋਸ਼ੀ ਖਤਮ ਕਰਵਾਉਣ ਲਈ ਪੁਲੀਸ ਮੁਖੀ ਪੀ ਸੀ ਡੋਗਰੇ ਨਾਲ ਗੱਲ ਤੋਰਦਾ ਹੈ। ਪੁਲੀਸ ਮੁਖੀ ਨਾਮ ਅਤੇ ਥਾਣੇ ਦਾ ਪਤਾ ਕਰ ਕੇ ਕੇਸਾਂ ਦੀ ਜਾਣਕਾਰੀ ਪ੍ਰਾਪਤ ਕਰਦਾ ਹੈ, ਪੇਸ਼ ਹੋ ਕੇ ਛੇ ਕੁ ਮਹੀਨੇ ਵਿਚ ਮਾਮਲਾ ਰਫਾ-ਦਫਾ ਕਰਵਾ ਦੇਣ ਦੀ ਗੱਲ ਕਰਦਾ ਹੈ। ਪੁਲੀਸ ਮੁਖੀ ਪੇਸ਼ ਹੋਣ ਦੀ ਛੋਟ ਦੇ ਸਕਣ ਤੋਂ ਅਸਮਰੱਥ ਹੈ, ਕਿਉਂਕਿ ਕੇਸਾਂ ਵਿਚ ਕਤਲ ਦਾ ਸੰਗੀਨ ਕੇਸ ਵੀ ਸ਼ਾਮਿਲ ਹੈ। ਸ. ਅਜਮੇਰ ਸਿੰਘ ਪੇਸ਼ ਹੋਣ ਨੂੰ ਰਾਜ਼ੀ ਨਹੀਂ ਹੁੰਦੇ ਅਤੇ ਗੱਲ ਉੱਥੇ ਹੀ ਠੱਪ ਹੋ ਜਾਂਦੀ ਹੈ। ਜਿਸ ਸਿਸਟਮ ਨੂੰ ਉਲਟਾਉਣ ਦਾ ਬੀੜਾ ਚੁੱਕਿਆ ਸੀ, ਉਸੇ ਦਾ ਪੁਲੀਸ ਮੁਖੀ ਕੇਸ ਰਫਾ-ਦਫਾ ਕਰਨ ਲਈ ਕੋਈ ਰਾਹ ਕੱਢਣ ਦਾ ਯਤਨ ਕਰਨ ਵਾਸਤੇ ਰਾਜ਼ੀ ਹੋ ਜਾਵੇ, ਕੀ ਐਸੇ ਸਿਸਟਮ ਨੂੰ ਉਲਟਾਉਣਾ ਲਾਭਕਾਰੀ ਸੀ? ਪੁਲੀਸ ਮੁਖੀ ਤੋਂ ਬਾਅਦ ਅਜਮੇਰ ਸਿੰਘ ਦੀ ਰੂਪੋਸ਼ੀ ਖਤਮ ਕਰਵਾਉਣ ਲਈ ਪੰਜਾਬ ਦੀ ਅਕਾਲੀ ਸਰਕਾਰ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਕੈਪਟਨ ਕੰਵਲਜੀਤ ਸਿੰਘ ਤਤਪਰ ਹੋਏ ਪਰ ਆਖਰ ਵਿਚ ਹਿੰਦੂ ਕਾਨੂੰਨ ਮੰਤਰੀ ਨੇ ਪੇਸ਼ ਹੋਏ ਬਗੈਰ ਮਾਮਲਾ ਖਤਮ ਕਰਨ ਵਿਚ ਅੜਿੱਕਾ ਡਾਹ ਦਿੱਤਾ। ਹੁਣ ਦੁਬਾਰਾ ਫਿਰ ਉਹੋ ਫਾਈਲ ਤਿਆਰ ਕੀਤੀ ਗਈ, ਅਕਾਲੀ ਮੰਤਰੀ ਵੱਲੋਂ ਸਖ਼ਤ ਪੈਰਵਾਈ ਕੀਤੀ ਗਈ, ਨਤੀਜੇ ਵਜੋਂ ਹਿੰਦੂ ਮੰਤਰੀ ਨੂੰ ਹਾਂ ਕਰਨੀ ਪਈ ਅਤੇ ਰੂਪੋਸ਼ੀ ਖਤਮ। ਵਾਹੁ! ਚੰਗਾ ਹੋਇਆ ਕਿਤੇ ਸਿਸਟਮ ਉਲਟਾ ਹੀ ਨਹੀਂ ਸੀ ਬੈਠੇ, ਉਲਟੇ ਹੋਏ ਸਿਸਟਮ ਵਿਚ ਸਿਸਟਮ ਉਲਟਾਉਣ ਵਾਲਿਆਂ ਨਾਲ ਐਸੀ ਨਰਮੀ ਕਿਸੇ ਨੇ ਨਹੀਂ ਸੀ ਵਰਤਣੀ।
ਜਿਸ ਸਿਸਟਮ ਨੂੰ ਉਲਟਾਉਣ ਲਈ ਕਿਸੇ ਸਮੇਂ ਤਤਪਰ ਹੋਏ, ਉਸੇ ਸਿਸਟਮ ਨੇ ਹੀ ਜਿਵੇਂ ਪਾਸਪੋਰਟ ਬਣਾ ਦਿੱਤਾ, ਉਹ ਵੀ ਘੱਟ ਰੌਚਕ ਨਹੀਂ। ਪਾਸਪੋਰਟ ਅਜਮੇਰ ਸਿੰਘ ਦਾ ਬਣ ਰਿਹਾ ਹੈ, ਜਿਸਦਾ ਪਹਿਲਾ ਨਾਂ ਗੋਬਿੰਦਰ ਸਿੰਘ ਸੀ, ਗਵਾਹੀ ਦੇਣ ਵਾਲਾ ਸਰਪੰਚ ਤਸਦੀਕ ਰਣਜੀਤ ਸਿੰਘ ਦੀ ਕਰਦਾ ਹੈ, ਜਿਸਨੂੰ ਪਹਿਲੇ ਦੋ ਨਾਵਾਂ ਅਤੇ ਉਨ੍ਹਾਂ ਅੰਗ-ਸੰਗ ਰਹੀਆਂ ਲਹਿਰਾਂ ਦਾ ਕੋਈ ਇਲਮ ਨਹੀਂ ਹੈ। ਸਿਸਟਮ ਦਾ ਖੁਫੀਆ ਤੰਤਰ ਰਣਜੀਤ ਸਿੰਘ ਦੇ ਚੰਗੇ ਵਿਵਹਾਰ ਦੀ ਰਿਪੋਰਟ ਪ੍ਰਾਪਤ ਕਰ ਕੇ ਅਜਮੇਰ ਸਿੰਘ ਦਾ ਪਾਸਪੋਰਟ ਬਣਾ ਦਿੰਦਾ ਹੈ। ਭਲਾ ਐਸੇ ਸਿਸਟਮ ਨੂੰ ਉਲਟਾਉਣ ਦੀ ਸੋਚਣ ਦੀ ਕੀ ਲੋੜ ਸੀ, ਜਿੱਥੇ ਜੁਗਤ ਨਾਲ ਸਾਰੇ ਕੰਮ ਹੋਈ ਜਾਂਦੇ ਹੋਣ। ਵਾਰਿਸ ਸ਼ਾਹ ਨੇ 247 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ, ‘ਸੁਲ੍ਹਾ ਕੀਤੀਆਂ ਫਤਿਹ ਜੇ ਹੱਥ ਆਵੇ, ਕਮਰ ਜੰਗ ਤੇ ਮੂਲ ਨਾਂ ਕੱਸੀਏ ਜੀ।’
ਗੱਲ ਇੱਥੇ ਹੀ ਨਹੀਂ ਮੁੱਕੀ, ਅਜਮੇਰ ਸਿੰਘ ਜੀ ਨਵੇਂ ਪਾਸਪੋਰਟ ‘ਤੇ ਵਿਦੇਸ਼ਾਂ ਦਾ ਚੱਕਰ ਲਾ ਕੇ ਵਾਪਸ ਭਾਰਤ ਮੁੜ ਗਏ। ਮੁੜਨ ਤੋਂ ਕੁੱਝ ਸਮਾਂ ਬਾਅਦ ਚੰਡੀਗੜ੍ਹ ਪੁਲੀਸ ਨੇ ਕਿਸੇ ਦੀ ਚੁੱਕ ਵਿਚ ਆ ਕੇ ਆਪ ਨੂੰ ਪੁਰਾਣੇ ਕੇਸਾਂ ਵਿਚ ਗ੍ਰਿਫਤਾਰ ਕਰ ਕੇ ਫਟਾ-ਫਟ ਕੇਸ ਦਰਜ ਕਰ ਲਿਆ। ਕਿਉਂਕਿ ਪੁਲੀਸ ਦੇ ਘਾਗ ਅਫ਼ਸਰ ਤੇ ਕਾਨੂੰਨਦਾਨ ਵੀ ਇਹ ਸਮਝਦੇ ਸਨ ਕਿ ਸਰਕਾਰ ਕਤਲ ਵਰਗੇ ਕੇਸ ਪੇਸ਼ੀ ਬਗੈਰ ਵਾਪਿਸ ਨਹੀਂ ਲੈ ਸਕਦੀ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਜਮੇਰ ਸਿੰਘ ਦੇ ਸਾਰੇ ਕੇਸ ਸਰਕਾਰ ਨੇ ਬਿਨਾਂ ਪੇਸ਼ੀ ਦੇ ਹੀ ਖਾਰਜ ਕਰ ਦਿੱਤੇ ਹਨ ਤਾਂ ਪੁਲੀਸ ਅਫਸਰਾਂ ਦੇ ਹੱਥਾਂ ਦੇ ਤੋਤੇ ੳੁੱਡ ਗਏ। ਜਿਥੇ ਉਹ 30 ਸਾਲਾਂ ਦੇ ਭਗੌੜੇ ਨੂੰ ਫੜਨ ਦਾ ਸਿਹਰਾ ਲੈਣ ਦੀ ਸੋਚਦੇ ਸਨ, ਉਥੇ ਹੁਣ ਉਨ੍ਹਾਂ `ਤੇ ਨਾਜਾਇਜ਼ ਗ੍ਰਿਫਤਾਰੀ ਦਾ ਉਲਟਾ ਕੇਸ ਬਣ ਜਾਣ ਦਾ ਖ਼ਤਰਾ ਖੜ੍ਹਾ ਹੋ ਗਿਆ ਸੀ। ਹੁਣ ਜਿਸ ਸਿਸਟਮ ਨੂੰ ਅਜਮੇਰ ਸਿੰਘ ਨੇ ਕਦੇ ਉਲਟਾਉਣ ਦਾ ਧਾਰ ਲਿਆ ਸੀ, ਉਹੋ ਸਿਸਟਮ ਅਜਮੇਰ ਸਿੰਘ ਦੇ ਹੱਕ ਵਿਚ ਖੜੋਤਾ, ਸਿਸਟਮ ਦੀ ਪੁਲੀਸ ਨੂੰ ਨਿਯਮਾਂ ਵਿਚ ਕੁਤਾਹੀ ਕਰਨ ਦਾ ਦੋਸ਼ੀ ਬਣਾਈ ਬੈਠਾ ਸੀ। ਇਸ ਘੜੀ ਉਨ੍ਹਾਂ ਪੁਲੀਸ ਵਾਲਿਆਂ ਲਈ ਤਾਂ ਸਿਸਟਮ ਸੱਚਮੁੱਚ ਹੀ ਉਲਟ ਗਿਆ ਸੀ, ਜਿਸ ਇਨਕਲਾਬ ਨੂੰ ਰੋਕਣ ਲਈ ਉਹ ਸਰਕਾਰ ਦੀ ਨੌਕਰੀ ਕਰ ਰਹੇ ਸਨ, ਉਨ੍ਹਾਂ ਦੇ ਭਾਅ ਦਾ ਉਹ ਇਨਕਲਾਬ ਵਾਪਰ ਹੀ ਗਿਆ ਸੀ। ਕੇਸ ਬਣਨ ਤੋਂ ਡਰੇ ਪੁਲਸੀਏ ਤਾਂ ਸਿਸਟਮ ਬਾਰੇ ਕਹਿ ਰਹੇ ਹੋਣਗੇ, ‘ਅੰਧ ਰਾਜਾ ਬੇਦਾਦ ਨਗਰੀ, ਝੂਠਾ ਦੇ ਦਿਲਾਸੜਾ ਮਾਰਿਆ ਈ।’
ਸਮਾਂ ਲੰਘਦਾ ਗਿਆ। ਹੁਣ ਕਿਸਾਨ ਮੋਰਚਾ ਲੱਗ ਗਿਆ। ਦੀਪ ਸਿੱਧੂ ਆਪਣੇ ਫਿਲਮੀ ਪ੍ਰਭਾਵ ਆਸਰੇ ਮਸ਼ਹੂਰ ਹੋ ਗਿਆ ਸੀ। ਉਹ ਇਸੇ ਮਸ਼ਹੂਰੀ ਅਤੇ ਮਕਬੂਲੀਅਤ ਦੇ ਜ਼ੋਰ `ਤੇ ਆਪਣੇ-ਆਪ ਨੂੰ ਕਿਸਾਨ ਸੰਘਰਸ਼ ਦੇ ਐਨ ਕੇਂਦਰ ਵਿਚ ਫਿੱਟ ਹੋਇਆ ਦੇਖਣ ਦਾ ਚਾਹਵਾਨ ਸੀ। ਇਸਦੇ ਨਾਲ ਹੀ ਉਹ ਕਿਸਾਨ ਸੰਘਰਸ਼ ਦੇ ਏਜੰਡੇ ਵਿਚ ਆਪਣਾ ‘ਨਸਲਾਂ ਅਤੇ ਫਸਲਾਂ’ ਬਚਾਉਣ ਵਾਲਾ ਖਿਆਲੀ ਏਜੰਡਾ ਜੋੜਨਾ ਚਾਹੁੰਦਾ ਸੀ। ਕਿਸਾਨਾਂ ਦਾ ਸਪੱਸ਼ਟ ਏਜੰਡਾ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਸੀ ਅਤੇ ਉਨ੍ਹਾਂ ਨੇ ਘਚੋਲਾ ਵਧਣ ਦੇ ਡਰੋਂ ਇਸ ਵਿਚ ਕੋਈ ਹੋਰ ਏਜੰਡਾ ਜੋੜਨ ਤੋਂ ਇਨਕਾਰ ਕਰ ਦਿੱਤਾ। ਦੀਪ ਸਿੱਧੂ ਹੁਰਾਂ ਕਿਸਾਨ ਲੀਡਰਸ਼ਿਪ `ਤੇ ਚਾਂਦਮਾਰੀ ਕਰਨ ਦੀ ਲਹਿਰ ਛੇੜ ਲਈ ਅਤੇ ਅਜਮੇਰ ਸਿੰਘ ਹੁਰੀਂ ਦੀਪ ਸਿੱਧੂ ਦੇ ਅੰਗ-ਸੰਗ ਹੋ ਤੁਰੇ। ‘ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ, ਤਬ੍ਹਾ ਅਜੇ ਨਾ ਹਿਰਸ ਥੀਂ ਬਾਜ ਆਈ।’ ਕਿਸਾਨ ਜਥੇਬੰਦੀਆਂ ਵਿਚ ਕਈ ਕਮਿਊਨਿਸਟ ਪਿਛੋਕੜ ਦੇ ਆਗੂ ਵੀ ਸਨ। ਅਜਮੇਰ ਸਿੰਘ ਨੇ ਉਨ੍ਹਾਂ ਦੇ ਕਮਿਊਨਿਸਟ ਪਿਛੋਕੜ ਨੂੰ ਨਿਸ਼ਾਨਾ ਬਣਾ ਕੇ ਕਿਸਾਨ ਮੋਰਚੇ ‘ਤੇ ਚੰਗੀ ਗੋਲਾਬਾਰੀ ਕੀਤੀ। ਦੀਪ ਸਿੱਧੂ ਹੁਰਾਂ ਵੱਲੋਂ ਮੋਰਚੇ ਤੋੜ ਕੇ ਦਿੱਲੀ ਜਾਣ ਦੀ ਮਾਅਰਕੇਬਾਜ਼ੀ ਦੇ ਆਧਾਰ ‘ਤੇ ਮੋਰਚੇ ਵਿਚ ਕੇਂਦਰੀ ਰੋਲ ਹਾਸਿਲ ਕਰਨ ਅਤੇ ਕਿਸਾਨ ਮੋਰਚੇ ਦੇ ਬਿਰਤਾਂਤ ਨੂੰ ਬਦਲਣ ਦੇ ਦਾਅਵੇ ਪੇਸ਼ ਕੀਤੇ ਗਏ। ਕਿਸਾਨ ਆਗੂਆਂ ਨੂੰ ਸੁਣਾਉਣੀ ਕੀਤੀ ਗਈ ਕਿ ਹੁਣ ਤਾਂ ਜੋ ਸੰਗਤ ਚਾਹੂ ਉਹ ਹੀ ਹੋਊ ਅਤੇ ਸੰਗਤ ਕੀ ਚਾਹੁੰਦੀ ਹੈ ਜੋ ‘ਅਸੀਂ’ ਚਾਹੁੰਦੇ ਹਾਂ। ਅਜਮੇਰ ਸਿੰਘ ਹੁਰੀਂ ‘ਅਸੀਂ’ ਵਾਲੇ ਜਥੇ ਦੇ ਅੰਗ-ਸੰਗ ਸਨ। ਆਪਣੇ ਲੰਮੇ ਤਜਰਬੇ ਦੇ ਆਧਾਰ `ਤੇ ਅਜਮੇਰ ਸਿੰਘ ਜੀ ਤੋਂ ਆਸ ਸੀ ਕਿ ਉਹ ਦੀਪ ਸਿੱਧੂ ਵਰਗੇ ਨੌਜੁਆਨਾਂ ਨੂੰ ਮੋਰਚੇ ਵਿਚ ਖਲਲ ਪਾਉਣ ਵਾਲੀ ਮਾਅਰਕੇਬਾਜ਼ੀ ਤੋਂ ਵਰਜਦੇ ਅਤੇ ਕਿਸਾਨ ਜਥੇਬੰਦੀਆਂ ਦੇ ਵਾਹੇ ਦਾਇਰੇ ਅੰਦਰ ਰਹਿਣ ਦਾ ਸੁਝਾਅ ਦਿੰਦੇ। ਪਰ ਉਹ ਖਲਲ ਅਤੇ ਖੌਰੂਪਾਉਣ ਵਾਲੇ ਜਥੇ ਦੇ ਉਤਨਾ ਚਿਰ ਅੰਗ ਸੰਗ ਰਹੇ ਜਿੰਨਾ ਚਿਰ ਇਹ ਜਥੇ ਕਿਸਾਨ ਮੋਰਚੇ ਵਿਚੋਂ ਨਿਖੇੜ ਕੇ ਪਾਸੇ ਨਾ ਕਰ ਦਿੱਤੇ ਗਏ। ਸਿਸਟਮ ਉਲਟਾਉਣ ਲਈ ਤੁਰੇ ਅਜਮੇਰ ਸਿੰਘ ਕਿਸਾਨ ਮੋਰਚਾ ਉਲਟਾਉਣ ਵਾਲਿਆਂ ਨੂੰ ਪੰਪ ਦੇਣ ਵਾਲੇ ਸਾਬਿਤ ਹੋਏ। ‘ਆਈ ਤੇ ਆਏ ਤਾਂ ਸਫਾਂ ਗਾਲੇ, ਚੁੱਪ ਕਰ ਰਹੇ ਤਾਂ ਜਾਪੀਐ ਔਲੀਆ ਜੀ।’ ਅਜਮੇਰ ਸਿੰਘ ਹੁਰਾਂ ਜ਼ੋਰ ਤਾਂ ਬਹੁਤ ਲਾਇਆ ਪਰ ਕਿਸਾਨ ਮੋਰਚੇ ਦੀਆਂ ਸਫਾਂ ਨੂੰ ਕੋਈ ਫਰਕ ਨਾ ਪਿਆ।
ਜਿਸ ਸਿਸਟਮ ਨੂੰ ਨੇਸਤੋ-ਨਾਬੂਦ ਕਰਨ ਲਈ ਸ. ਅਜਮੇਰ ਸਿੰਘ ਤੁਰੇ ਸਨ ਉਸਦੇ ਨੁਕਸਾਂ ਅਤੇ ਖੂਬੀਆਂ ਬਾਰੇ ਬੜਾ ਕੁੱਝ ਕਿਹਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ। ਉਸੇ ਸਿਸਟਮ ਵਿਚ ਭਾਈ ਸਰਬਜੀਤ ਸਿੰਘ ਦਾ ਮੈਂਬਰ ਪਾਰਲੀਮੈਂਟ ਬਣ ਜਾਣ ਦਾ ਵਰਤਾਰਾ ਵੀ ਕਿਸੇ ਵਿਆਖਿਆ ਦੀ ਮੰਗ ਕਰਦਾ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਸਦੇ ਪਰਿਵਾਰ ਵਿਚੋਂ ਤਿੰਨ ਮੈਂਬਰ ਐਮ ਪੀ ਬਣ ਕੇ ਸੰਸਦ ਵਿਚ ਗਏ ਅਤੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਵਾਲੇ ਸ. ਬੇਅੰਤ ਸਿੰਘ ਦੇ ਪਰਿਵਾਰ ਵਿਚੋਂ ਵੀ ਤਿੰਨ ਮੈਂਬਰ ਉਸੇ ਪਾਰਲੀਮੈਂਟ ਵਿਚ ਐਮ ਪੀ ਬਣ ਕੇ ਪਹੁੰਚੇ। ਕੀ ਇਸ ਸਿਸਟਮ ਨੂੰ ਉਲਟਾ ਕੇ ਸਿਰਜੇ ਨਵੇਂ ਸਿਸਟਮ ਵਿਚ ਐਸਾ ਹੋ ਸਕਦਾ ਸੀ?-ਜਾਂ ਕੀ ਕਾਮਰੇਡ ਸਟਾਲਿਨ ਤੇ ਆਇਤੁਲਾ ਖਮੀਨੀ ਪੁਰਾਣੇ ਨਿਜ਼ਾਮਾਂ ਨੂੰ ਢਾਹ ਕੇ ਆਪਣੇ ਨਵੇਂ ਉਸਾਰੇ ‘ਆਜ਼ਾਦ’ ਸਮਾਜਾਂ ਵਿਚ ਅਜਮੇਰ ਸਿੰਘ ਵਰਗੇ ਮਨਚਲੇ ਬਾਗੀਆਂ ਨੂੰ ਸਾਰੀ ਉਮਰ ਭਾਂਤ-ਸੁਭਾਂਤੇ ਕੌਤਕ ਕਰਦੇ ਰਹਿਣ ਤੋਂ ਬਾਅਦ ਕਿਸੇ ਝੀਲਾਂ ਵਾਲੇ ਸ਼ਹਿਰ ਅੰਦਰ ਬੈਠ ਕੇ ਬਿਨਾ ਕਿਸੇ ਡਰ-ਡੁਕਰ ਦੇ ਨੌਜਵਾਨਾਂ ਨੂੰ ਅੱਗ ਲਾਊ ਤੇ ਭੜਕਾਊ ਪ੍ਰਵਚਨ ਸੁਣਾਉਂਦੇ ਰਹਿਣ ਦੀ ਆਗਿਆ ਦੇ ਸਕਦੇ ਸਨ। ਅਜਮੇਰ ਸਿੰਘ ਨੇ ਕਮਿਊਨਿਸਟ ਵਿਚਾਰਧਾਰਾ ਨਾਲੋਂ ਨਾਤਾ ਤੋੜ ਕੇ 2002 ਵਿਚ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਇਸ ਵੱਡ-ਆਕਾਰੀ ਪੁਸਤਕ ਦੀ ਰਚਨਾ ਕੀਤੀ ਅਤੇ ਦੱਸਿਆ ਕਿ ਸਿੱਖ ਨੇਤਾਵਾਂ ਨੇ ਤਾਂ ਵਿਸਰਭੋਲੇ ਅੰਗਰੇਜ਼ਾਂ ਦੀ ਗੁਲਾਮੀ ਵਿਚੋਂ ਨਿਕਲ ਕੇ ਉਨ੍ਹਾਂ ਤੋਂ ਵੀ ਬੁਰੇ ਸਵਰਨ ਹਿੰਦੂਆਂ ਦੀ ਗੁਲਾਮੀ ਦਾ ਜੂਲਾ ਆਪਣੇ ਗਲੇ ਪੁਆਇਆ ਹੋਇਆ ਹੈ। ਇਸ ਤੋਂ ਬਾਅਦ ਅਗਲੇ 20-22 ਵਰ੍ਹੇ ਉਨ੍ਹਾਂ ਨੇ ਬਿਨਾ ਸਾਹ ਲਿਆਂ ਭਾਰਤ ਵਿਚ ਸਿੱਖਾਂ ਦੀ ਗੁਲਾਮੀ ਦੀ ਰੱਟ ਲਗਾਈ ਰੱਖੀ!
ਇਸ ਕਿਸਮ ਦੀਆਂ ਲਹਿਰਾਂ ਤੋਂ ਬਾਅਦ ਉੱਠਣ ਵਾਲੇ ਕਈ ਵਰੋਲਿਆਂ ਦੇ ਅੰਗ-ਸੰਗ ਰਹਿਣ ਮਗਰੋਂ ਸ. ਅਜਮੇਰ ਸਿੰਘ ਹੋਰਾਂ ਵਲੋਂ ਕੁਝ ਦਿਨ ਪਹਿਲਾਂ ਸਿੱਖ ਕਮਿਊਨਟੀ ਸੈਂਟਰ ਯੂਬਾ ਸਿਟੀ ਵਿਖੇ ‘ਪੰਜਾਬੀ ਵਿਰਾਸਤ ਯੂ ਐਸ ਏ’ ਦੇ ਪਲੇਟਫਾਰਮ ‘ਤੇ ਸਿੱਖ ਸੰਗਤਾਂ ਅਤੇ ਬੁਧੀਜੀਵੀਆਂ ਦੇ ਸਿੱਧੇ ਸਵਾਲਾਂ ਦੇ ਜਵਾਬਾਂ ਤੋਂ ਲਗਦਾ ਹੈ ਕਿ ਭਾਰਤੀ ਹਿੰਦੂ ਸਟੇਟ ਦੇ ਵਿਰੁਧ ਉਨ੍ਹਾਂ ਦੀ ਕਰੋਧੀ ਸੁਰ ਪਹਿਲਾਂ ਤੋਂ ਵੀ ਵੱਧ ਤਿਖੀ ਹੋ ਗਈ ਹੈ, ਪਰ ਅਜ-ਕਲ੍ਹ ਉਹ ਪੰਜਾਬ ਅਤੇ ਪੰਥ ਵਿਚ ਪਰਗਟ ਰੂਪ ਵਿਚ ਕਿਸੇ ਲਹਿਰ ਦੇ ਅੰਗ-ਸੰਗ ਨਹੀਂ ਜਾਪਦੇ। ਸਭ ਲਹਿਰਾਂ ਦੇ ਅੰਗ-ਸੰਗ ਰਹਿਣ ਤੋਂ ਬਾਅਦ ਹੁਣ ਉਹ ਦੇਸ਼-ਵਿਦੇਸ਼ ਵਿਚ ਪ੍ਰਵਚਨ ਕਰ ਰਹੇ ਹਨ ਕਿ ਕੌਮ ਨੂੰ ਰੂਹਾਨੀ ਤੌਰ `ਤੇ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਜਿੰਨਾ ਚਿਰ ਅਸੀਂ ਰੂਹਾਨੀ ਤੌਰ `ਤੇ ਮਜ਼ਬੂਤ ਨਹੀਂ ਹੁੰਦੇ ਅਸੀਂ ਠੋਸ ਪ੍ਰਾਪਤੀ ਨਹੀਂ ਕਰ ਸਕਾਂਗੇ। ਰੂਹਾਨੀ ਮਜ਼ਬੂਤੀ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਪਏਗਾ। ਬ੍ਰਹਮ ਅਸਤਰ ਵਰਗੇ ਇਸ ਪ੍ਰਵਚਨ ਤੋਂ ਬਾਅਦ ਨਾ ਤਾਂ ਕੋਈ ਖਾਲਿਸਤਾਨ ਬਾਰੇ ਕੁੱਝ ਪੁੱਛਦਾ ਹੈ ਅਤੇ ਨਾ ਹੀ ਰੈਫਰੈਂਡਮ ਦੇ ਰੌਲੇ ਬਾਰੇ। ਵੈਸੇ ਅਜਮੇਰ ਸਿੰਘ ਜੀ ਵਾਲਾ ਇਹ ਪ੍ਰਵਚਨ ਸੰਗਤਾਂ ਕਥਾਕਾਰਾਂ ਤੋਂ ਵੀ ਰੋਜ਼ ਸੁਣਦੀਆਂ ਹਨ।
ਐਸੇ ਪ੍ਰਵਚਨ ਕਰਨ ਵਾਲੇ ਗ੍ਰੰਥੀ ਉਸ ਸਮੇਂ ਵੀ ਮੌਜੂਦ ਸਨ ਜਦ ਅਜਮੇਰ ਸਿੰਘ ਜੀ ਇਨਕਲਾਬ ਕਰਨ ਵਾਲਿਆਂ ਦੇ ਅੰਗ-ਸੰਗ ਹੋ ਤੁਰੇ ਸਨ। ਪਰ ਅੱਲ੍ਹੜ ਮਨਾਂ ਦੇ ਅੱਥਰੇ ਘੋੜੇ ਐਸੀਆਂ ‘ਘਿਸੀਆਂ ਪਿਟੀਆਂ’ ਗੱਲਾਂ ਕਦ ਸੁਣਦੇ ਹਨ। ਉਨ੍ਹਾਂ ਦੇ ਮਨ ਨਵੇਂ ਵਿਚਾਰਾਂ ਨਾਲ ਇੱਕੋ ਕਲਾਵੇ ਧਰਤੀ ਅਸਮਾਨ ਮੇਲਣ ਵਾਲਿਆਂ ਦੀਆਂ ਗੱਲਾਂ ਨਾਲ ਮਚਲਦੇ ਹਨ। ਬਹੁਤੀ ਸੋਚ ਵਿਚਾਰ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਪਤਾ ਹੀ ਨਹੀਂ ਲਗਦਾ, ‘ਜਿਸ ਨੇ ਲਾਈ ਗੱਲੀਂ , ਉਸੇ ਨਾਲ ਉੱਠ ਚੱਲੀ’, ਵਾਲੀ ਕਲਾ ਕਦ ਵਾਪਰ ਗਈ। ਐਸਾ ਬਹੁਤ ਰੂਹਾਂ ਨਾਲ ਵਾਪਰਦਾ ਹੈ। ਐਸੀਆਂ ਅਨੇਕਾਂ ਰੂਹਾਂ ਵਿਚੋਂ ਹੀ ਇੱਕ ਹੈ ਸ. ਅਜਮੇਰ ਸਿੰਘ।