ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
ਗੱਲ ਇਹ 1959 ਦੇ ਅਖੀਰਲੇ ਮਹੀਨਿਆਂ ਦੀ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1960 ਵਾਲੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਵੰਡਣ ਲਈ ਸਰਗਰਮੀਆਂ ਚੱਲ ਰਹੀਆਂ ਸਨ। ਇਨ੍ਹਾਂ ਸਰਗਰਮੀਆਂ ਦਾ ਕੇਂਦਰ ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਰਿਹਾਇਸ਼ ਸੀ, ਜਿਸ ਦੀ ਕੰਧ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨਾਲ ਸਾਂਝੀ ਹੋਣ ਕਰਕੇ, ਸਾਰੇ ਆਗੂ ਕਾਲਜ ਦੀ ਗਰਾਊਂਡ ਵਿਚ ਹੀ ਖਲੋਤੇ ਹੋਏ ਏਧਰ-ਓਧਰ ਫਿਰਦੇ ਆਪਣੀ ਕਿਸਮਤ ਦੀ ਉਡੀਕ ਕਰ ਰਹੇ ਸਨ।
ਬਿਆਸ ਤੋਂ ਸਿਟਿੰਗ ਮੈਂਬਰ ਸ. ਦਲੀਪ ਸਿੰਘ ਮਹਿਤਾ, ਆਪਣੀ ਇੱਕ ਲੰਙੀ ਲੱਤ ਨਾਲ ਤੁਰਦੇ ਹੋਏ ਵੱਧ ਸਰਗਰਮ ਦਿਸਦੇ ਸਨ ਜੋ ਮਾਸਟਰ ਜੀ ਦੇ ਘਰ-ਕਾਲਜ ਦੀ ਸਾਂਝੀ ਕੰਧ ਵਿਚਲੇ ਛੋਟੇ ਜਿਹੇ ਬੂਹੇ ਥਾਣੀ, ਕਦੇ ਮਾਸਟਰ ਜੀ ਦੇ ਘਰੋਂ ਨਿਕਲਦੇ ਤੇ ਕਦੇ ਵੜਦੇ ਸਨ। ਕਾਰਨ ਇਹ ਕਿ ਇਸ ਵਾਰ ਉਹ ਆਪ ਚੋਣ ਨਹੀਂ ਸਨ ਲੜ ਰਹੇ ਤੇ ਖ਼ੁਦ ਨੂੰ ‘ਕਿੰਗ ਮੇਕਰਾਂ’ ਵਿਚ ਸ਼ਾਮਲ ਸਮਝ ਰਹੇ ਸਨ। ਇਸੇ ਸਮਂੇ ਮੇਰੀ ਨਿਗਾਹ ਜ. ਜੀਵਨ ਸਿੰਘ ਉਮਰਾਨੰਗਲ ਉਪਰ ਪਈ ਜੋ ਆਪਣੇ ਸਭ ਤੋਂ ਲੰਮੇ ਕੱਦ, ਕਾਲੇ-ਚਿੱਟੇ ਦਾਹੜੇ ਕਰਕੇ, ਸਭ ਤੋਂ ਵੱਧ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਰੂਪ ਵਿਚ ਜਲਵਾਗਰ ਹੋ ਰਹੇ ਸਨ। ਉਨ੍ਹਾਂ ਦੀ ਦਰਸ਼ਨੀ ਸ਼ਖ਼ਸੀਅਤ ਦਾ ਮੇਰੇ ਮਨ ਉਪਰ ਅਖੀਰ ਤੱਕ ਬੜਾ ਪ੍ਰਭਾਵ ਰਿਹਾ।
ਇਸ ਸਮੇਂ ਹੀ ਮੇਰੇ ਇੱਕ ਜਮਾਤੀ ਅਮਰ ਸਿੰਘ ਜੰਮੂ ਨੇ ਆਖਿਆ, “ਅਹੁ ਸੰਤ ਫ਼ਤਿਹ ਸਿੰਘ ਵਾ!” ਮੈਂ ਉਸ ਪਾਸੇ ਵੇਖਿਆ। ਕੱਦੋਂ ਕੁੱਝ ਮਧਰੇ ਪਰ ਗੋਲਾਈ ਵਿਚ ਵਧੇਰੇ ਕੱਦ ਵਾਲੇ ਇਕ ਵਿਅਕਤੀ ਉਪਰ ਮੇਰੀ ਨਿਗ੍ਹਾ ਪਈ, ਜਿਸ ਦੇ ਹੱਥ ਵਿਚ ਵੱਡੀ ਕਿਰਪਾਨ ਸੀ ਤੇ ਗਲ ਵਿਚ ਚਿੱਟਾ ਪਰਨਾ। ਤੇੜ ਗੋਡਿਆਂ ਤੱਕ ਕਛਹਿਰਾ ਅਤੇ ਚੇਹਰੇ ਦੇ ਮੁਤਾਬਿਕ ਹੀ ਸੁੰਦਰ ਦਾਹੜਾ।
ਗੱਲ ਆਈ ਗਈ ਹੋ ਗਈ। 1960 ਦੀਆਂ ਗੁਰਦੁਅਰਾ ਚੋਣਾਂ, ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਲਈਆਂ। ਨਹਿਰੂ ਦੇ ਥਾਪੜੇ ਤੇ ਸਰਦਾਰ ਕੈਰੋਂ ਦੀ ਤਾਕਤ ਨਾਲ, ਅਕਾਲੀ ਦਲ ਦੇ ਵਿਰੋਧੀ ਸਾਰੇ ਦਲਾਂ ਦਾ ਦਲੀਆ ਕਰ ਕੇ ਬਣਾਏ ਗਏ, ਸਾਧ ਸੰਗਤ ਬੋਰਡ ਦੇ ਹੱਥ ਕੇਵਲ ਤਿੰਨ ਕਾਣੇ ਹੀ ਆਏ; ਅਰਥਾਤ 140 ਵਿਚੋਂ ਸਾਧ ਸੰਗਤ ਬੋਰਡ ਦੇ ਸਿਰਫ ਤਿੰਨ ਉਮੀਦਵਾਰ ਹੀ ਜਿੱਤੇ।
ਇਹ ਚੋਣਾਂ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਮੁੱਦੇ `ਤੇ ਲੜੀਆਂ ਤੇ ਜਿੱਤੀਆਂ ਸਨ; ਇਸ ਲਈ ਜਿੱਤ ਉਪ੍ਰੰਤ ਇਸ ਦੀ ਪ੍ਰਾਪਤੀ ਲਈ ਉਦਮ ਵੀ ਕਰਨਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਰਾਮਸਰ ਦੀ ਸਾਮ੍ਹਣੀ ਗਰਾਊਂਡ ਵਿਚ, ਪੰਡਿਤ ਸੁੰਦਰ ਦਾਸ ਦੀ ਪ੍ਰਧਾਨਗੀ ਹੇਠ, ਵੱਡੀ ਕਾਨਫਰੰਸ ਰੱਖੀ। ਇਸ ਵਿਚ ਡਾ.ਕਿਚਲੂ ਸਮੇਤ ਵਿਰੋਧੀ ਧਿਰ ਦੇ ਹੋਰ ਆਗੂ ਵੀ ਆਏ ਤੇ ਸਾਰਿਆਂ ਨੇ ਸਰਕਾਰ ਨੂੰ ਪੰਜਾਬੀ ਸੂਬੇ ਦੀ ਮੰਗ ਪੂਰੀ ਕਰਨ ਲਈ ਆਪਣੇ ਭਾਸ਼ਨਾਂ ਵਿਚ ਆਖਿਆ। ਉਸ ਕਾਨਫਰੰਸ ਵਿਚ ਪਹਿਲੀ ਤੇ ਅਖੀਰਲੀ ਵਾਰ ਮੈਂ ਸ. ਤਲਵੰਡੀ ਦੇ ਪਿਤਾ, ਜ. ਛਾਂਗਾ ਸਿੰਘ ਨੂੰ ਵੇਖਿਆ, ਜੋ ਕਾਨਫਰੰਸ SLੁਰੂ ਹੋਣ ਤੋਂ ਪਹਿਲਾਂ ਹਸਾ-ਹਸਾ ਸਰੋਤਿਆਂ ਦੇ ਢਿਡੀਂ ਪੀੜਾਂ ਪਾ ਰਹੇ ਸਨ। ਕਾਨਫਰੰਸ ਵਿਚ ਫੈਸਲਾ ਹੋਇਆ ਕਿ ਮਾਸਟਰ ਜੀ ਦੀ ਅਗਵਾਈ ਹੇਠ ਦਿੱਲੀ ਨੂੰ ਜਥਾ ਭੇਜਿਆ ਜਾਵੇ। ਸਰਕਾਰ ਨੇ ਤੈਅ ਦਿਨ ਤੋਂ ਕੁੱਝ ਦਿਨ ਪਹਿਲਾਂ ਹੀ ਇੱਕ ਦਿਨ ਦੀ ਅੱਧੀ ਰਾਤ ਨੂੰ ਛਾਪਾ ਮਾਰ ਕੇ, ਸਾਰੇ ਅਕਾਲੀ ਆਗੂ ਜੇਲ੍ਹੀਂ ਤੁੰਨ ਦਿਤੇ। ਅੱਧੀ ਰਾਤ ਨੂੰ ਭਾਰੀ ਗਿਣਤੀ ਪੁਲਿਸ ਨੇ ਮਾਸਟਰ ਜੀ ਨੂੰ ਫੜ ਕੇ ਗੱਡੀ ਵਿਚ ਬਿਠਾ ਲਿਆ ਤੇ ਚੱਲਦੀ ਬਣੀ। ਅਸੀਂ ਜ਼ਿੰਦਾਬਾਦ ਮੁਰਦਾਬਾਦ ਹੀ ਕਰਦੇ ਰਹਿ ਗਏ। ਅਗਲੇ ਦਿਨ ਅਖ਼ਬਾਰ ਤੋਂ ਪਤਾ ਲੱਗਾ ਕਿ ਇਕੱਲਾ ਪੰਜਾਬ ਹੀ ਨਹੀਂ ਸਗੋਂ ਦਿੱਲੀ ਸਮੇਤ ਹੋਰ ਥਾਂਵਾਂ ਤੋਂ ਵੀ ਅਕਾਲੀ ਵਰਕਰਾਂ ਨੂੰ ਫੜ ਕੇ ਜੇਲ੍ਹਾਂ ਵਿਚ ਬੰਦ ਕਰ ਦਿਤਾ ਗਿਆ ਤਾਂ ਕਿ ਉਹ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੋਈ ਰੌਲਾ-ਰੱਪਾ ਨਾ ਪਾਉਣ।
ਇਨ੍ਹਾਂ ਗ੍ਰਿਫ਼ਤਾਰੀਆਂ ਨਾਲ 1960 ਵਾਲਾ ਪੰਜਾਬੀ ਸੂਬੇ ਦਾ ਮੋਰਚਾ SLੁਰੂ ਹੋ ਗਿਆ ਤੇ ਇਸ ਦੀ ਅਗਵਾਈ ਦੀ ਜ਼ਿੰਮੇਵਾਰੀ ਸੰਤ ਫ਼ਤਿਹ ਸਿੰਘ ਜੀ ਦੇ ਮੋਢਿਆਂ `ਤੇ ਆ ਪਈ। ਮੈਂ ਓਨ੍ਹੀਂ ਦਿਨੀਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਦਾ ਸਾਂ ਤੇ ਕਦੀ-ਕਦੀ ਸੱਤਿਆਗ੍ਰਹੀ ਜਥਾ ਤੋਰਨ ਤੋਂ ਪਹਿਲਾਂ ਤੇ ਪਿੱਛੋਂ ਗੁਰਦੁਆਰਾ ਮੰਜੀ ਸਾਹਿਬ ਸ਼ਾਮ ਦੇ ਦੀਵਾਨਾਂ ਵਿਚ ਹੋਣ ਵਾਲੀਆਂ ਤਕਰੀਰਾਂ ਸੁਣਨ ਚਲਿਆ ਜਾਂਦਾ। ਕਦੀ ਕਦੀ ਸੰਤ ਜੀ ਵੀ ਓਥੇ ਤਕਰੀਰ ਕਰਿਆ ਕਰਦੇ ਸਨ; ਰੋਜ਼ ਨਹੀਂ। ਮਾਸਟਰ ਜੀ ਦੀ ਪੰਜਾਬੀ ਸੂਬੇ ਦੀ ਵਿਆਖਿਆ ਤੋਂ ਉਲ਼ਟ ਸੰਤ ਜੀ ਬੜਾ ਸਪੱਸ਼ਟ ਆਖਿਆ ਕਰਦੇ ਸਨ ਕਿ ਸਾਨੂੰ ਫ਼ੀ ਸਦੀਆਂ ਦੀ ਕੋਈ ਪਕੜ ਨਹੀਂ; ਸਰਕਾਰ ਸਿਰਫ਼ ਇਹ ਐਲਾਨ ਕਰ ਦੇਵੇ ਕਿ ਫਲਾਣੇ ਥਾਂ ਦੀ ਬੋਲੀ ਪੰਜਾਬੀ ਤੇ ਉਸ ਦੀ ਲਿੱਪੀ ਗੁਰਮੁਖੀ ਹੈ। ਉਸ ਥਾਂ `ਤੇ ਗਿਣਤੀ ਭਾਵੇਂ ਕਿਸੇ ਫਿਰਕੇ ਦੀ ਹੋਵੇ ਇਸ ਨਾਲ ਸਾਡਾ ਕੋਈ ਵਾਸਤਾ ਨਹੀਂ। ਇਸ ਦੇ ਉਲ਼ਟ ਮਾਸਟਰ ਜੀ ਦੀ ਪੰਜਾਬੀ ਸੂਬੇ ਦੀ ਬਣਤਰ ਵਿਚ ਫ਼ੀ ਸਦੀਆਂ ਦਾ ‘ਰੋਲ-ਘਚੋਲਾ’ ਹੁੰਦਾ ਸੀ। ਇੱਕ ਦਿਨ ਸੰਤ ਜੀ ਨੇ ਆਪਣੇ ਭਾਸ਼ਨ ਵਿਚ ਆਖਿਆ:
ਸਾਡੀ ਸਰਕਾਰ ਨਾਲ ਲੜਾਈ ਕੋਈ ਲੰਮੀ ਚੌੜੀ ਨਹੀਂ; ਸਿਰਫ਼ ਚਾਰ ਉਂਗਲਾਂ ਦੀ ਹੀ ਹੈ। ਇਉਂ ਆਖਣ ਸਮੇਂ ਉਨ੍ਹਾਂ ਆਪਣਾ ਸਿਰ ਥੋੜ੍ਹਾ ਅੱਗੇ ਨੂੰ ਝੁਕਾ ਕੇ ਆਖਿਆ ਕਿ ਸਰਕਾਰ ਆਖਦੀ ਹੈ ਕਿ ਅਸੀਂ ਇਸ ਤਰ੍ਹਾਂ ਰਹੀਏ ਤੇ ਫਿਰ ਥੋੜ੍ਹਾ ਕੁ ਸਿਰ ਨੂੰ ਉਤਾਂਹ ਚੁੱਕ ਕੇ ਆਖਿਆ ਕਿ ਅਸੀਂ ਇਸ ਤਰ੍ਹਾਂ ਰਹਿਣਾ ਚਾਹੁੰਦੇ ਹਾਂ।
ਇਸ ਮੋਰਚੇ ਵਿਚ ਸੰਤ ਜੀ ਦੀ ਅਗਵਾਈ ਹੇਠ 57129 ਵਿਅਕਤੀ ਜੇਲ੍ਹਾਂ ਵਿਚ ਗਏ। ਸਰਕਾਰ `ਤੇ ਇਖ਼ਲਾਕੀ ਦਬਾਅ ਪਾਉਣ ਲਈ ਸੰਤ ਜੀ ਨੇ ਮਰਨ ਵਰਤ ਵੀ ਰੱਖਿਆ ਪਰ ਓਨ੍ਹੀਂ ਦਿਨੀਂ, ਪੰਡਿਤ ਨਹਿਰੂ ਦੇ ਥਾਪੜੇ ਨਾਲ, ਮੁੱਖ ਮੰਤਰੀ ਸ. ਪਰਤਾਪ ਸਿੰਘ ਕੈਰੋਂ ਦੀ ਤੂਤੀ ਬੋਲਦੀ ਸੀ। ਉਸ ਨੇ ਮਾਸਟਰ ਜੀ ਨੂੰ ਜੇਲ੍ਹੋਂ ਚੁੱਕ ਕੇ ਸੰਤ ਜੀ ਦੀ ਵਰਤ ਵਾਲੀ ਕੁਟੀਆ ਵਿਚ ਲਿਆ ਛੱਡਿਆ ਤੇ ਫਿਰ ਜੋ ਕੁੱਝ ਹੋਇਆ ਉਸ ਦਾ ਵੀ ਆਪਣਾ ਵਿਸਥਾਰਤ ਇਤਿਹਾਸ ਹੈ।
ਵਰਤ ਛੱਡਣ ਕਾਰਨ ਮੋਰਚੇ ਦੀ ਮੁਲਤਵੀ ਉਪ੍ਰੰਤ ਸੰਤ ਦੀਆਂ, ਪਹਿਲਾਂ ਪੰਡਿਤ ਨਹਿਰੂ ਤੇ ਫਿਰ ਸ਼ਾਸਤਰੀ ਜੀ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ ਜਿਨ੍ਹਾਂ ਦਾ ਵਰਣਨ ਉਨ੍ਹਾਂ ਨੇ ਆਪਣੀ ਇਕ ਕਿਤਾਬ ਵਿਚ ਵਿਸਥਾਰ ਸਹਿਤ ਕੀਤਾ ਹੈ। ਇਨ੍ਹਾਂ ਮੁਲਾਕਾਤਾਂ ਦਾ ਨਤੀਜਾ, “ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਓਥੇ ਦਾ ਓਥੇ।” ਇਨ੍ਹਾਂ ਮੁਲਾਕਾਤਾਂ ਤੋਂ ਸੰਤ ਜੀ ਦਾ ਵਿਚਾਰ ਬਣਿਆ ਕਿ ਜਿਥੇ ਪੰਡਿਤ ਨਹਿਰੂ ਜਜ਼ਬਾਤੀ ਤੇ ਬੜਬੋਲਾ ਸੀ ਓਥੇ ਸ਼ਾਸਤਰੀ ਮਿੱਠ-ਬੋਲੜਾ ਤੇ ਸਿਆਸੀ ਤੌਰ `ਤੇ ਬੜਾ ਡੂੰਘਾ ਬੰਦਾ ਸੀ।
ਇਸ ਗੱਲਬਾਤ ਦੀ ਅਸਫ਼ਲਤਾ ਪਿੱਛੋਂ, ਕੀਤੇ ਇਕਰਾਰ ਮੁਤਾਬਿਕ ਮਾਸਟਰ ਜੀ ਨੇ ਵਰਤ ਰੱਖਿਆ ਜੋ ਭਰੋਸਿਆਂ ਤੋਂ ਵੱਧ ਕੁੱਝ ਨਾ ਪ੍ਰਾਪਤ ਕਰ ਸਕਿਆ ਤੇ ਵਰਤ ਛੱਡਣ ਕਾਰਨ ਮਾਸਟਰ ਜੀ ਦੀ ਸਾਖ ਸਿੱਖ ਪੰਥ ਵਿਚੋਂ ਡਿੱਗ ਪਈ। ਏਸੇ ਦੌਰਾਨ ਪੰਜਾਬ ਸਮੇਤ ਸਾਰੇ ਦੇਸ਼ ਵਿਚ ਆਮ ਚੋਣਾਂ ਵੀ ਹੋਈਆਂ ਤੇ ਸੈਂਟਰ ਤੇ ਸਾਰੇ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਬਣੀਆਂ। ਕੈਰੋਂ, ਨਹਿਰੂ ਦੇ ਥਾਪੜੇ ਨਾਲ ਹਾਰ ਕੇ ਵੀ ਜਿੱਤ ਗਿਆ ਤੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਰਿਹਾ। ਜਿੱਤਣ ਵਾਲਾ ਜਥੇਦਾਰ ਮੋਹਨ ਸਿੰਘ ਤੂੜ ਜਿੱਤ ਕੇ ਵੀ ਜੇਲ੍ਹ ਵਿਚ ਬੰਦ ਰਿਹਾ। ਸਰਹਾਲੀ ਤੇ ਪੱਟੀ, ਦੋਹਾਂ ਸੀਟਾਂ ਦੇ ਚੋਣ ਇੰਚਾਰਜ ਸੰਤ ਜੀ ਸਨ। ਪੱਟੀ ਤੋਂ ਸਰਦਾਰ ਕੈਰੋਂ ਦਾ ਭਣਵੱਈਆ ਸ. ਹਰਦੀਪ ਸਿੰਘ ਅਕਾਲੀ ਦਲ ਦੇ ਸ. ਹਜਾਰਾ ਸਿੰਘ ਗਿੱਲ ਤੋਂ ਹਾਰਿਆ ਸੀ। ਗਿੱਲ ਨੂੰ ਜੇਲ੍ਹ ਵਿਚੋਂ ਹੀ ਨਾ ਨਿਕਲਣ ਦਿਤਾ। ਨਾ ਉਸ ਸਹੁੰ ਚੁੱਕੀ ਤੇ ਨਾ ਮੈਂਬਰ ਬਣਿਆ। 1967 ਵਿਚ ਉਹ ਦੋਬਾਰਾ ਮੈਂਬਰ ਬਣਿਆ ਪਰ ਸ. ਗੁਰਨਾਮ ਸਿੰਘ ਦੇ ਮੁਕਾਬਲੇ, ਜ. ਹਰਚਰਨ ਸਿੰਘ ਹੁਡਿਆਰਾ ਦਾ ਸਾਥ ਦੇਣ ਕਰਕੇ ਸਰਕਾਰੀ ਲਾਭਾਂ ਤੋਂ ਵਾਂਝਾ ਹੀ ਰਿਹਾ।
1962 ਵਿਚ ਜਥੇਦਾਰ ਜੀਵਨ ਸਿੰਘ ਉਮਰਨੰਗਲ ਨੇ ਬੀਂਡੀ ਜੁੱਪ ਕੇ ਮਾਸਟਰ ਜੀ ਨੂੰ ਘੇਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਲਈ ਮਜਬੂਰ ਕਰ ਦਿਤਾ। ਸ. ਲਛਮਣ ਸਿੰਘ ਗਿੱਲ ਨੇ ਉਸ ਦਾ ਮੁਢ ਤੋਂ ਹੀ ਸਾਥ ਦਿਤਾ ਤੇ ਫਿਰ ਸੰਤ ਜੀ ਵੀ ਬਾਕੀ ਸਾਥੀਆਂ ਸਮੇਤ ਉਸ ਗਰੁਪ ਨਾਲ ਸ਼ਾਮਲ ਹੋ ਗਏ। ਤਖ਼ਤ ਨੇ ਮਾਸਟਰ ਜੀ ਨੂੰ, ਸਮੇਤ ਉਸ ਸਮੇਂ ਵਰਤ ਛੱਡਣ ਦਾ ਫ਼ੈਸਲਾ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਦੇ, ‘ਤਨਖਾਹ’ ਲਾਈ। ਇਸ ‘ਤਨਖਾਹ’ ਨੂੰ ਆਧਾਰ ਬਣਾ ਕੇ ਮਾਸਟਰ ਜੀ ਦੇ ਖ਼ਿਲਾਫ਼ ਪ੍ਰਚਾਰ SLੁਰੂ ਹੋ ਗਿਆ। ਇਸ ਘਟਨਾ ਤੋਂ ਅਕਾਲੀ ਦਲ ਦੇ ਦੁਫਾੜ ਹੋਣ ਦਾ ਮੁਢ ਬੱਝਿਆ। ਵਧਦੀ ਵਧਦੀ ਗੱਲ ਏਥੋਂ ਤੱਕ ਪੁੱਜ ਗਈ ਕਿ ਇੱਕ ਧੜੇ ਨੇ ਵੱਖ ਹੋ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮੀਟਿੰਗ ਕਰਕੇ, ਸੰਤ ਜੀ ਨੂੰ ਦਲ ਦਾ ਪ੍ਰਧਾਨ ਬਣਾ ਲਿਆ ਤੇ ਸ਼੍ਰੋਮਣੀ ਕਮੇਟੀ ਉਪਰ ਕਬਜ਼ੇ ਦੇ ਯੁੱਧ ਦਾ ਬਿਗਲ ਵਜਾ ਦਿਤਾ। ਅਖ਼ਬਾਰ ਵੀ ‘ਕੌਮੀ ਦਰਦ’ ਮਾਸਟਰ ਜੀ ਦੇ ‘ਜਥੇਦਾਰ’ ਦੇ ਮੁਕਾਬਲੇ SLੁਰੂ ਕਰ ਦਿਤਾ। 2 ਅਕਤੂਬਰ, 1962 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਕ੍ਰਿਪਾਲ ਸਿੰਘ ਚੱਕ ਸ਼ੇਰਾ ਦੇ ਮੁਕਾਬਲੇ, ਸੰਤ ਗਰੁਪ ਦੇ ਉਮੀਦਵਾਰ ਸੰਤ ਚੰਨਣ ਸਿੰਘ ਜੀ, ਦੋ ਵੋਟਾਂ ਦੇ ਵਾਧੇ ਨਾਲ ਪ੍ਰਧਾਨ ਚੁਣੇ ਗਏ।
ਫਿਰ 1965 ਦੀ ਸ਼੍ਰੋਮਣੀ ਕਮੇਟੀ ਦੀ ਜਨਰਲ ਚੋਣ ਵਿਚ ਮਾਸਟਰ ਜੀ ਦੇ ਮੁਕਾਬਲੇ ਸੰਤ ਜੀ ਦੇ ਗਰੁਪ ਨੂੰ ਸਪੱਸ਼ਟ ਬਹੁਮੱਤ ਮਿਲ਼ ਗਿਆ; ਅਰਥਾਤ ਸੰਤ ਗਰੁਪ ਨੇ 140 ਵਿਚੋਂ 95 ਸੀਟਾਂ ਜਿੱਤ ਲਈਆਂ ਤੇ ਮਾਸਟਰ ਜੀ ਨੇ ਸੰਤ ਜੀ ਦੇ ਸਿਆਸੀ ਰਾਹ ਤੋਂ ਹਟਣ ਦਾ ਐਲਾਨ ਕਰ ਦਿਤਾ ਤੇ ਛੇ ਮਹੀਨੇ ਲਈ ਅਗਿਆਤਵਾਸ ਵਿਚ ਚਲੇ ਗਏ।
ਹੁਣ ਸੰਤ ਫ਼ਤਿਹ ਸਿੰਘ ਅਤੇ ਸਰਕਾਰ ਦਰਮਿਆਨ ਪੰਜਾਬੀ ਸੂਬੇ ਬਾਰੇ ਜਦੋ-ਜਹਿਦ SLੁਰੂ ਹੋਈ। ਇਸ ਲੰਮੀ ਜਦੋ-ਜਹਿਦ ਪਿਛੋਂ ਅੱਧਾ-ਅਧੂਰਾ ਜਿਹਾ ਸੂਬਾ, ਸਾਢੇ ਯਾਰਾਂ ਜ਼ਿਲਿ੍ਹਆਂ ਦਾ, 1 ਨਵੰਬਰ 1966 ਨੂੰ ਵਜੂਦ ਵਿਚ ਆ ਗਿਆ।
ਮੇਰਾ ਸੰਤ ਜੀ ਦੇ ਸੰਪਰਕ ਵਿਚ ਆਉਣਾ:
ਸਫ਼ਲਤਾ ਸਹਿਤ ਮੋਰਚਾ ਚਲਾਉਣ ਤੇ ਫਿਰ ਵਰਤ ਰੱਖਣ ਕਰਕੇ ਸੰਤ ਜੀ ਦੀ ਪ੍ਰਸਿਧੀ ਹੋ ਚੁੱਕੀ ਸੀ। ਦੋਹਾਂ ਆਗੂਆਂ-ਮਾਸਟਰ ਅਤੇ ਸੰਤ ਦੀਆਂ ਫ਼ੋਟੋਆਂ ਸਾਡੇ ਘਰ ਵਿਚ ਲੱਗੀਆਂ ਹੋਈਆਂ ਸਨ। ਇਹ ਮੇਰੇ ਛੋਟੇ ਭਰਾ ਸ. ਦਲਬੀਰ ਸਿੰਘ ਦਾ ਉਦਮ ਸੀ। ਮੈ ਤਾਂ ਜ਼ਿਹਨੀ ਅਯਾਸ਼ੀ ਦਾ ਹੀ ਅਕਾਲੀ ਸਾਂ; ਅਰਥਾਤ ਮਨੋ-ਮਨੀ ਅਤੇ ਗੱਲਾਂ ਨਾਲ ਹੀ, ਪਰ ਉਹ ਹਰੇਕ ਫ਼ੀਲਡ ਵਿਚ ਸ਼ੁਰੂ ਤੋਂ ਹੀ ਪ੍ਰੈਕਟੀਕਲ ਅਤੇ ਬਾਕੀਆਂ ਨਾਲੋਂ ਮੋਹਰੇ ਰਿਹਾ ਹੈ। ਸ਼ਹਿਰ ਅੰਮ੍ਰਿਤਸਰ ਦੇ ਅਕਾਲੀ ਜਥੇ ਦਾ ਉਹ ਬਹੁਤ ਹੀ ਛੋਟੀ ਉਮਰ ਵਿਚ ਸਕੱਤਰ ਵੀ ਬਣ ਗਿਆ ਸੀ। ਸੰਤ/ਮਾਸਟਰ ਯੁੱਧ ਸਮੇਂ ਉਹ ਮਾਸਟਰ ਧੜੇ ਵਿਚ ਰਿਹਾ ਤੇ ਆਪਣੀ ਉਮਰ ਅਤੇ ਹੈਸੀਅਤ ਦੇ ਵਰਕਰਾਂ ਵਿਚਲੇ ਮੋਹਰੀਆਂ ਵਿਚ।
ਗੱਲ 1961 ਦੀਆਂ ਗਰਮੀਆਂ ਦੀ ਹੈ। ਇੱਕ ਦਿਨ ਸੰਤ ਜੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਦਫ਼ਤਰੋਂ ਬਾਹਰ ਆ ਰਹੇ ਸਨ ਤੇ ਮੈਂ ਮੋਹਰਲੇ ਗੇਟ ਤੋਂ ਅੰਦਰ ਦਾਖਲ ਹੋ ਰਿਹਾ ਸਾਂ। ਉਨ੍ਹੀਂ ਦਿਨੀਂ ਮੈਂ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਕੰਮ ਕਰਦਾ ਸਾਂ। ਮੈਂ ਦੂਰੋਂ ਹੀ ਸੰਤ ਜੀ ਨੂੰ ਹੱਥ ਜੋੜ ਕੇ ਫ਼ਤਿਹ ਬੁਲਾਈ ਪਰ ਜਵਾਬ ਵਿਚ ਉਨ੍ਹਾਂ ਸਿਰ ਵੀ ਨਾ ਹਿਲਾਇਆ। ਮੇਰੇ ਮਨ ਵਿਚ ਉਨ੍ਹਾਂ ਦੀ ਜੋ ਭੱਲ ਬਣੀ ਹੋਈ ਸੀ ਉਹ ਜਾਂਦੀ ਰਹੀ ਤੇ ਉਸ ਤੋਂ ਬਾਅਦ ਮੈਂ ਸਾਹਮਣਾ ਹੋ ਜਾਣ ‘ਤੇ ਵੀ ਫ਼ਤਿਹ ਨਾ ਬੁਲਾਉਣੀ।
1963 ਵਿਚ ਇੱਕ ਦਿਨ ਉਹ ਆਪਣੇ ਸਾਥੀਆਂ ਸਣੇ ਦਿੱਲੀ ਜਾਂਦੇ ਸਮੇਂ, ਗੁਰਦੁਆਰਾ ਸਾਹਿਬ ਜੀਂਦ ਰੁਕੇ। ਮੈਂ ਉਥੇ ਕੀਰਤਨ ਦੀ ਸੇਵਾ ਕਰ ਰਿਹਾ ਸਾਂ। ਦਫ਼ਤਰੀ ਸਟਾਫ਼ ਹਾਜ਼ਰ ਨਾ ਹੋਣ ਕਰਕੇ ਪ੍ਰਸ਼ਾਦਾ-ਪਾਣੀ ਛਕਾਉਣ ਦਾ ਕਾਰਜ ਮੈਂ ਕੀਤਾ। ਗੁਰਦੁਆਰੇ ਦੀ ਆਪਣੀ ਜ਼ਮੀਨ ਦੀ ਕਣਕ ਭਿੱਜਣ ਕਰਕੇ ਖ਼ਰਾਬ ਸੀ ਇਸ ਕਰਕੇ ਉਸ ਦੇ ਆਟੇ ਦੀਆਂ ਰੋਟੀਆਂ ਵਿੰਗੀਆਂ ਟੇਢੀਆਂ ਜਿਹੀਆਂ ਹੀ ਪੱਕਦੀਆਂ ਸਨ; ਤੇ ਖਾਣ ਵਿਚ ਵੀ ਆਮ ਨਾਲੋਂ ਖਾਸਾ ਫਰਕ ਸੀ। ਸੰਤ ਜੀ ਰੋਟੀ ਫੜ ਕੇ ਆਪਣੇ ਮਖੌਲੀ ਸੁਭਾਅ ਨਾਲ ਆਖਣ ਲੱਗੇ, “ਇਹ ਭਾਰਤ ਦਾ ਨਕਸ਼ਾ ਹੈ।” ਮੇਰੇ ਕਿਰਪਾਨ ਕੁਰਤੇ ਦੇ ਥੱਲਿਉਂ ਦੀ ਪਾਈ ਹੋਈ ਸੀ। ਹਰੀਆਂ ਮਿਰਚਾਂ ਬੜੇ ਸ਼ੌਕ ਨਾਲ ਛਕਿਆ ਕਰਦੇ ਸਨ। ਇੱਕ ਮਿਰਚ ਚੁੱਕ ਕੇ ਆਖਣ ਲੱਗੇ, “ਇਹ ਮਿਰਚ ਵੀ ਕਾਂਗਰਸੀ ਸਿਖਾਂ ਵਾਂਗ ਆਪਣੇ ਧਰਮ ਵਿਚ ਪੱਕੀ ਨਹੀਂ। ਅਰਥਾਤ ਘੱਟ ਕੌੜੀ ਹੈ। ਉਹ ਪੰਥਕ ਘੱਟ ਦਿਸਣਾ ਚਾਹੁੰਦੇ ਹਨ।” ਮੇਰੇ ਵੱਲ ਵੇਖ ਕੇ ਆਖਿਆ, “ਕਿਰਪਾਨ ਵੀ ਝੱਗੇ ਦੇ ਥੱਲਿਉਂ ਪਾਉਣਗੇ ਤਾਂ ਕਿ ਉਨ੍ਹਾਂ ਨੂੰ ਕੋਈ ਪੱਕਾ ਸਿੱਖ ਨਾ ਸਮਝ ਲਵੇ।” ਗੱਲ ਆਈ ਗਈ ਹੋ ਗਈ।
ਅਕਤੂਬਰ 1966 ਵਿਚ ਮੈਨੂੰ ਪਟਿਆਲਿਉਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਨੇ, ਆਪਣੇ ਨਿੱਜੀ ਪ੍ਰਬੰਧ ਵਿਚ ਚੱਲ ਰਹੇ ਗੁਰਮਤਿ ਵਿਦਿਆਲੇ, ਗੁਰਦੁਆਰਾ ਬੁਢਾ ਜੌਹੜ (ਗੰਗਾਨਗਰ) ਵਿਖੇ, ਗੁਰਮਤਿ ਸੰਗੀਤ ਦੇ ਅਧਿਆਪਕ ਨੂੰ ਕਲਾਸੀਕਲ ਸੰਗੀਤ ਦੀ ਅਗਲੇਰੀ ਸਿੱਖਿਆ ਦੇਣ ਵਾਸਤੇ ਭੇਜ ਦਿੱਤਾ। ਇਸ ਬਾਰੇ ਮੇਰੇ ਨਾਲ ਗੱਲ ਕਰਨ ਦੀ ਵੀ ਲੋੜ ਨਾ ਸਮਝੀ ਕਿਉਂਕਿ ਮੈਂ ਹਜ਼ਾਰਾਂ ਨੌਕਰਾਂ ਤੋਂ ਇੱਕ ਮਾਮੂਲੀ ਜਿਹਾ ਨੌਕਰ ਹੀ ਸਾਂ। ਇਸ ਦਾ ਮੇਰੇ ਮਨ `ਤੇ ਚੰਗਾ ਅਸਰ ਨਾ ਪਿਆ। ਕਾਰਨ ਇਹ ਸੀ ਕਿ ਮੈਂ ਢਾਈ ਸਾਲਾਂ ਵਿਚ ਪਟਿਆਲੇ ਵਿਚਲੀ ਰਿਹਾਇਸ਼ ਦੌਰਾਨ ਆਪਣੇ ਮਿੱਤਰਚਾਰੇ ਦਾ ਘੇਰਾ ਵਾਹਵਾ ਵਲ਼ ਲਿਆ ਹੋਇਆ ਸੀ ਤੇ ਸਾਹਿਤਕ ਵਿਦਿਆ ਵੀ ਪ੍ਰਾਪਤ ਕਰ ਰਿਹਾ ਸਾਂ। 1965 ਵਿਚ ਵਿਦਵਾਨੀ, 1966 ਵਿਚ ਗਿਆਨੀ ਮੈਂ ਏਥੇ ਹੀ ਪੜ੍ਹੀ ਤੇ ਦੁਨੀਆ ਵੇਖਣ ਦੀ ਲਲ੍ਹਕ ਕਾਰਨ ਅੰਗਰੇਜ਼ੀ ਵੀ ਸਿੱਖ ਰਿਹਾ ਸਾਂ।
ਖੈਰ, ਉਪਜੀਵਕਾ ਲਈ ਨੌਕਰੀ ਦੀ ਲੋੜ ਸੀ ਤੇ ਮੈਂ ਅਕਤੂਬਰ ਦੇ ਅੱਧ ਜਿਹੇ ਵਿਚ, ਗੁਰਦੁਆਰਾ ਬੁਢਾ ਜੌਹੜ ਪੁੱਜ ਗਿਆ। ਕੁਦਰਤੀ ਪ੍ਰਧਾਨ ਸੰਤ ਚੰਨਣ ਸਿੰਘ ਵੀ ਓਥੇ ਹੀ ਸਨ। ਉਨ੍ਹਾਂ ਨੇ ਮੇਰੇ ਨਾਲ ਚੰਗਾ ਵਰਤਾਅ ਕੀਤਾ ਤੇ ਦੱਸਿਆ ਕਿ ਏਥੋਂ ਦੇ ਕਿਸੇ ਵੀ ਕੰਮ ਵਿਚ ਦਖ਼ਲ ਨਹੀਂ ਦੇਣਾ। ਪ੍ਰਸ਼ਾਦਾ ਲੰਗਰ ਵਿਚੋਂ ਛਕ ਲਿਆ ਕਰਨਾ; ਇਸ ਦੀ ਤਨਖਾਹ ਵਿਚੋਂ ਕਾਟ ਨਹੀਂ ਕੱਟੀ ਜਾਵੇਗੀ। ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਤਨਖਾਹਦਾਰ ਸੇਵਕ ਨੇ ਜੇ ਲੰਗਰ ਵਿਚੋਂ ਰੋਟੀ ਖਾਣੀ ਹੁੰਦੀ ਸੀ ਤਾਂ ਉਸ ਨੂੰ ਲਿਖਤੀ ਮਨਜ਼ੂਰੀ ਲੈਣੀ ਪੈਂਦੀ ਸੀ ਅਤੇ ਹਰ ਮਹੀਨੇ ਤਨਖਾਹ ਵਿਚੋਂ ਨਿਸ਼ਚਿਤ ਰਕਮ ਕਟਾਉਣੀ ਪੈਂਦੀ ਸੀ। ਪ੍ਰਧਾਨ ਜੀ ਨੇ ਸਟੋਰਕੀਪਰ, ਭਾਈ ਕੇਹਰ ਸਿੰਘ ਬੱਬਰ ਨੂੰ ਆਖਿਆ, “ਸੰਤੋਖ ਸਿੰਘ ਨੂੰ ਸਾਬਣ ਤੇ ਤੇਲ ਦੇ ਦੇਹ।” ਇਉਂ ਆਖਣ ਦਾ ਢੰਗ ਮੈਨੂੰ ਜਚਿਆ ਨਾ ਤੇ ਮੈਂ ਇਹ ਲੈਣੋਂ ਨਾਂਹ ਕਰ ਦਿਤੀ।
ਸੰਤ ਚੰਨਣ ਸਿੰਘ ਦੇ ਗੜਵਈ ਰਹਿ ਚੁੱਕੇ ਸੰਤ ਅਜਾਇਬ ਸਿੰਘ, ਜੋ ਉਸ ਸਮੇਂ ਵਿਦਿਆਲੇ ਵਿਚ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਰਹੇ ਸਨ, ਨੇ ਆਪਣੇ ਕਮਰੇ ਵਿਚ ਹੀ ਮੇਰਾ ਮੰਜਾ ਲਗਵਾ ਲਿਆ। ਸਾਡੀਆਂ ਬੜੀਆਂ ਵਿਚਾਰਾਂ ਹੋਣੀਆਂ। ਦੇਰ ਰਾਤ ਤੱਕ ਅਸੀਂ ਦੇਸ, ਪੰਥ, ਸਿੱਖੀ, ਮਨੁਖਤਾ ਤੇ ਮੇਰੇ ਨਿਜ ਬਾਰੇ ਵਿਚਾਰ ਕਰਦੇ ਰਹਿਣਾ। ਮੇਰੇ ਉਪਰ ਉਨ੍ਹਾਂ ਦੇ ਦੁਨਿਆਵੀ ਤੇ ਅਧਿਆਤਮਕ ਗਿਆਨ, ਉਨ੍ਹਾਂ ਦੀ ਆਤਮਿਕ ਉਚਤਾ, ਮਨੋਵਿਗਿਆਨਤਾ ਦਾ ਚੰਗਾ ਪ੍ਰਭਾਵ ਪਿਆ। ਪਹਿਲਾਂ ਮੈਂ ਦੋਹਾਂ ਸੰਤਾਂ ਨੂੰ ਆਮ ਲੀਡਰਾਂ ਵਾਂਗ ਹੀ ਸਮਝਦਾ ਤੇ ਫ਼ਤਿਹ ਹੀ ਬੁਲਾਉਂਦਾ। ਸੰਤ ਅਜਾਇਬ ਸਿੰਘ ਨਾਲ ਸੰਗਤ ਹੋਣ ‘ਤੇ ਵਿਚਾਰ ਆਇਆ ਕਿ ਜਿਨ੍ਹਾਂ ਦਾ ਗੜਵਈ ਅਜਿਹੀ ਉਚੀ ਸੋਚ ਦਾ ਮਾਲਕ ਹੈ ਉਹ ਆਪ ਕਿਹੋ ਜਿਹੇ ਹੋਣਗੇ। ਸੰਤ ਅਜਾਇਬ ਸਿੰਘ ਨੇ ਮੇਰਾ ਗਿਆਨ ਤੇ ਰੁਚੀ ਵੇਖ ਕੇ ਮੈਨੂੰ ਸੰਗੀਤ ਵਾਲੇ ਪਾਸਿਓਂ ਹਟਾ ਕੇ, ਪ੍ਰਚਾਰਕ ਬਣਨ ਦੀ ਪ੍ਰੇਰਨਾ ਕੀਤੀ। ਮੈਨੂੰ ਇਸ ਪਾਸੇ ਦੀ ਕੋਈ ਸੂਝ ਨਹੀਂ ਸੀ। ਆਪਣੀ ਅਯੋਗਤਾ ਦਾ ਸੰਸਾ ਪਰਗਟ ਕਰਨ `ਤੇ ਉਨ੍ਹਾਂ ਆਖਿਆ, “ਤੁਸੀਂ ਗਿਅਨੀ ਜੀ, ਕੁਦਰਤੀ ਹੀ ਪ੍ਰਚਾਰਕ ਹੋ। ਜਿਸ ਥਾਂ ਵੀ ਬੋਲੋਗੇ, ਭਾਵੇਂ ਤੁਹਾਡਾ ਜੀ ਕਰੇ ਭਾਵੇਂ ਨਾ, ਤੁਸੀਂ ਤਿਆਰੀ ਕੀਤੀ ਹੋਵੇ ਭਾਵੇਂ ਨਾ, ਫਿਰ ਵੀ ਬਾਕੀ ਬੁਲਾਰਿਆਂ ਨਾਲੋਂ, ਸਰੋਤਿਆਂ ਨੂੰ ਚੰਗੇਰਾ ਪ੍ਰਭਾਵ ਦੇਵੋਗੇ।” ਆਉਣ ਵਾਲੇ ਸਮੇਂ ਵਿਚ ਮੇਰੇ ਵਾਸਤੇ ਅਜਿਹੇ ਹੌਸਲਾ ਵਧਾਊ ਸ਼ਬਦ ਜੀਵਨ ਬੂਟੀ ਸਾਬਤ ਹੋਏ।
ਇਨ੍ਹੀਂ ਦਿਨੀਂ ਹੀ ਪੰਜਾਬ ਅਸੈਂਬਲੀ ਦੀਆਂ ਚੋਣਾਂ ਆ ਗਈਆਂ। ਸੰਤ ਜੀ ਚੋਣ ਪ੍ਰਚਾਰ ਦੀ ਸਮਾਪਤੀ `ਤੇ ਅਕਾਲੀ ਆਗੂਆਂ ਨਾਲ ਰੁੱਸ ਕੇ ਗੁਰਦੁਆਰਾ ਬੁਢਾ ਜੌਹੜ ਆਏ। ਉਹ ਅਕਾਲੀਆਂ ਦੀਆਂ ਟਿਕਟਾਂ ਦੀ ਵੰਡ ਵਾਸਤੇ ਹੋਈ ਕੁੱਕੜ-ਖੋਹ ਤੋਂ ਮਾਯੂਸ ਸਨ।
ਮੈਂ ਵੀ ਓਥੇ ਹੀ ਸਾਂ ਤੇ ਮੇਰੇ ਬਾਰੇ ਸੰਤ ਅਜਾਇਬ ਸਿੰਘ ਨੇ ਉਨ੍ਹਾਂ ਨੂੰ ਪਤਾ ਨਹੀਂ ਕੀ ਚੰਗਾ ਆਖ ਦਿਤਾ ਕਿ ਉਹ ਪ੍ਰਸੰਨ ਹੋ ਗਏ। ਮੈਂ ਵੀ ਆਪਣਾ ਸਾਰਾ ਲਿਖਤੀ ਸੰਗੀਤਕ ਮਸੌਦਾ ਸੰਗੀਤ ਟੀਚਰ ਨੂੰ ਦੇ ਕੇ ਉਸ ਪਾਸੋਂ ਅਖਵਾ ਦਿਤਾ ਕਿ ਮੈਂ ਸਾਰਾ ਕੁੱਝ ਸਿੱਖ ਲਿਆ ਹੈ, ਹੁਣ ਹੋਰ ਸਿੱਖਣ ਦੀ ਲੋੜ ਨਹੀਂ ਤਾਂ ਕਿ ਮੈਨੂੰ ਉਸ ‘ਰੇਗਿਸਤਾਨ’ ਤੋਂ ਛੁਟਕਾਰਾ ਮਿਲ ਜਾਵੇ।
ਉਨ੍ਹਾਂ ਮੈਨੂੰ ਕਾਰ ਵਿਚ ਬੈਠਾ ਕੇ ਤੋਰਨ ਦਾ ਮਨ ਬਣਾ ਲਿਆ। ਕਾਰ ਛੋਟੀ ਜਿਹੀ ਐਂਬੈਸਡਰ ਸੀ ਤੇ ਮੇਰੇ ਪਾਸ ਕਿਤਾਬਾਂ ਦਾ ਭਰਿਆ ਇੱਕ ਟਰੰਕ ਸੀ ਜੋ ਉਨ੍ਹਾਂ ਦੇ ਬੁੱਢੇ ਸੇਵਾਦਾਰ ਦੇ ਬੁੜ-ਬੁੜ ਕਰਦਿਆਂ ਵੀ ਮੈਂ ਡਿੱਘੀ ਵਿਚ ਰੱਖ ਲਿਆ। ਆਖਣ ਲੱਗੇ, “ਇਕ ਤਾਂ ਅਸੀਂ ਉਸ ਬੰਦੇ ਨੂੰ ਨਾਲ ਲੈਂਦੇ ਹਾਂ ਜੋ ਕਾਰ ਵਿਚ ਥਾਂ ਅੱਧੇ ਬੰਦੇ ਦੀ ਮੱਲੇ ਪਰ ਕੰਮ ਦੋ ਬੰਦਿਆਂ ਜਿੰਨਾ ਕਰੇ। ਇਹ ਤਾਂ ਦੋਵੇਂ ਪੱਖ ਠੀਕ ਹੀ ਲੱਗਦੇ ਹਨ। ਤੀਜੀ ਸ਼ਰਤ ਹੁੰਦੀ ਹੈ ਕਿ ਉਹ ਪਿੱਛੇ ਰਹੀਆਂ ਸ਼ਰੇਣੀਆਂ ਦਾ ਹੋਵੇ। ਤੂੰ ਉਨ੍ਹਾਂ ਵਿਚੋਂ ਤਾਂ ਭਾਵੇਂ ਨਹੀਂ ਪਰ ਤੇਰਾ ਰੰਗ ਉਨ੍ਹਾਂ ਨਾਲ ਮਿਲਦਾ ਜੁਲਦਾ ਹੋਣ ਕਰਕੇ ਡੰਗ ਸਰਜੂਗਾ।” ਮੈਂ ਕਿਤਾਬਾਂ ਦਾ ਟਰੰਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੰਗਾਨਗਰ ਦੇ ਸੇਵਾਦਾਰ ਪਾਸ ਰੱਖ ਦਿਤਾ। ਸੰਤ ਜੀ ਪਛੜੀਆਂ ਗਰੀਬ ਸ਼੍ਰੇਣੀਆਂ ਦੇ ਤੇ ਖਾਸ ਕਰਕੇ ਅਪਾਹਜ ਬੱਚਿਆਂ ਨੂੰ ਦੂਜਿਆਂ ਤੋਂ ਵਧ ਤਰਜੀਹ ਦਿਆ ਕਰਦੇ ਸਨ। ਅਸੀਂ ਸੈਂਟਰਲ ਗੁਰਦੁਆਰਾ 19 ਜ਼ੈਡ ਵਿਚ ਆ ਡੇਰੇ ਲਾਏ।
ਇਥੇ ਹੀ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਪ੍ਰਾਦੇਸ਼ਕ ਸਮਾਚਾਰ ਜਲੰਧਰ ਤੋਂ ਨਤੀਜੇ ਸੁਣੇ ਗਏ। ਇਹ ਨਤੀਜੇ ਸੰਤ ਜੀ ਨੂੰ ਖ਼ੁਸ਼ ਕਰਨ ਦੀ ਬਜਾਇ ਨਿਰਾਸ਼ ਕਰਨ ਵਾਲੇ ਸਨ। ਜਦੋਂ ਹਲਕਾ ਬਿਆਸ ਦੀ ਖ਼ਬਰ ਆਈ ਕਿ ਓਥੋਂ ਕਾਂਗਰਸੀ ਉਮੀਦਵਾਰ, ਜਥੇਦਾਰ ਸੋਹਨ ਸਿੰਘ ਜਲਾਲ ਉਸਮਾ, ਆਪਣੇ ਨਿਕਟ ਵਿਰੋਧੀ, ਆਜ਼ਾਦ ਉਮੀਦਵਾਰ, ਡਾ.ਕਰਤਾਰ ਸਿੰਘ ਦੌਲੋ ਨੰਗਲ ਨੂੰ ਹਰਾ ਕੇ, ਜੇਤੂ ਰਹੇ ਤਾਂ ਸੰਤ ਜੀ ਕੁੱਝ ਉਦਾਸੀ ਭਰੇ ਹਾਸੇ ਵਿਚ ਆਖਣ ਲੱਗੇ, “ਸਾਡਾ ਜਥੇਦਾਰ ਨਿਕਟ ਵਿਰੋਧੀ ਵੀ ਨਹੀਂ ਬਣ ਸਕਿਆ!” ਸੰਤ ਅਕਾਲੀ ਦਲ ਦੀ ਟਿਕਟ `ਤੇ ਏਥੋਂ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਖੜ੍ਹੇ ਸਨ ਜੋ ਸੰਤ ਜੀ ਦੇ ਖਾਸਮ-ਖਾਸ ਨਿਕਟਵਰਤੀਆਂ ਵਿਚੋਂ ਸਨ ਤੇ ਜਿਨ੍ਹਾਂ ਸੰਤ ਤੋਂ ਪਹਿਲਾਂ ਸੜ ਮਰਨ ਦਾ ਐਲਾਨ ਕਰ ਕੇ ਸ਼ਹੀਦੀ ਚੋਲ਼ਾ ਪਾਈ ਰੱਖਿਆ ਸੀ।
ਪ੍ਰਾਦੇਸ਼ਕ ਸਮਾਚਾਰ ਸੁਣਾਉਣ ਵਾਲੀ ਬੀਬੀ ਨੇ ਜਦੋਂ ਆਖਿਆ ਕਿ ਅਸੈਂਬਲੀ ਵਿਚ ਬਹੁਸੰਮਤੀ ਲਈ ਹੁਣ ਕਾਂਗਰਸ ਨੂੰ ਏਨੀਆਂ ਸੀਟਾਂ ਹੋਰ ਲੈਣ ਦੀ ਲੋੜ ਹੈ। (ਯਾਦ ਰਹੇ ਕਿ ਉਸ ਸਮੇਂ ਅਸੈਂਬਲੀ ਦੀਆਂ ਕੁੱਲ ਸੀਟਾਂ 104 ਸਨ ਤੇ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਵਾਸਤੇ 53 ਸੀਟਾਂ ਚਾਹੀਦੀਆਂ ਹੁੰਦੀਆਂ ਸਨ।) ਤਾਂ ਸੰਤ ਜੀ ਨੇ ਆਖਿਆ, “ਕਾਂਗਰਸ ਨੂੰ ਪੂਰਨ ਬਹੁਸੰਮਤੀ ਵਿਚ ਆਉਣ ਤੋਂ ਰੋਕਣ ਲਈ ਹੁਣ ਸਾਰੀਆਂ ਸੀਟਾਂ ਸਾਨੂੰ ਹੀ ਜਿੱਤਣੀਆਂ ਪੈਣਗੀਆਂ।” ਇਸ ਨੂੰ ਮੌਕਾ ਮੇਲ ਸਮਝੋ ਜਾਂ ਕੁੱਝ ਵੀ; ਉਸ ਤੋਂ ਪਿੱਛੋਂ ਕਾਂਗਰਸ ਹੋਰ ਕੋਈ ਸੀਟ ਨਾ ਜਿੱਤ ਸਕੀ। ਕੁੱਲ 104 ਵਿਚੋਂ 48 ਕਾਂਗਰਸ ਦੀਆਂ ਸਨ ਤੇ ਸੰਤ ਅਕਾਲੀ ਦਲ ਦੀਆਂ ਕੇਵਲ 24 ਹੀ। ਦੋ ਮਾਸਟਰ ਦਲ ਦੀਆਂ ਮਿਲਾ ਕੇ ਵੀ ਦੋਹਾਂ ਦਲਾਂ ਦੀਆਂ ਕੁੱਲ 26 ਸੀਟਾਂ ਹੀ ਬਣਦੀਆਂ ਸਨ ਜਦੋਂ ਕਿ ਸਰਕਾਰ ਬਣਾਉਣ ਲਈ 53 ਦੀ ਲੋੜ ਸੀ।
ਸੰਤ ਜੀ ਦੇ ਕੋਲ਼ ਉਸ ਸਮੇਂ ਕੇਵਲ ਮੈਂ ਹੀ ਸਾਂ। ਪੂਰੇ ਨਤੀਜੇ ਨਿਕਲਣ ਪਿੱਛੋਂ ਉਨ੍ਹਾਂ ਆਖਿਆ, “ਜੇ ਅੱਜ ਗਿਆਨੀ ਕਰਤਾਰ ਸਿੰਘ ਸਾਡੇ ਵਿਚ ਹੁੰਦਾ ਤਾਂ ਅਸੀਂ ਸਰਕਾਰ ਬਣਾ ਸਕਦੇ ਸੀ।” ਇਹ ਗੱਲ ਮੇਰੇ ਖਾਨੇ ਵਿਚ ਨਾ ਪਵੇ। ਕੁੱਝ ਪਲ ਰੁਕ ਕੇ ਫਿਰ ਆਖਿਆ, “ਜੇ ਮੈਂ ਓਥੇ ਹੁੰਦਾ ਤਾਂ ਵੀ ਅਸੀਂ ਸਰਕਾਰ ਬਣਾ ਸਕਦੇ ਸੀ।” ਮੇਰਾ ਤਾਂ ਸਰਕਾਰ ਦੀ ਬਣਤਰ ਬਾਰੇ ਕੇਵਲ ਕਿਤਾਬੀ ਤੇ ਅਖ਼ਬਾਰੀ ਗਿਆਨ ਹੀ ਸੀ। ਉਸ ਹਿਸਾਬ ਤਾਂ ਇਹ ਗੱਲ ਮੰਨਣ ਵਿਚ ਆਉਣੀ ਮੁਸ਼ਕਲ ਸੀ ਕਿ 48 ਵਾਲੇ ਫਾਡੀ ਰਹਿ ਜਾਣ `ਤੇ 24 ਵਾਲੇ ਸਰਕਾਰ ਬਣਾ ਲੈਣ। ਫਿਰ ਪਿੰਡ ਦੀ ਪੰਚਾਇਤ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਤੱਕ ਕਾਂਗਰਸ ਦਾ ਕਬਜ਼ਾ ਸੀ। ਉਪਰਲੇ ਸਦਨ ਅਰਥਾਤ ਕੌਂਸਲ ਵਿਚ ਇੱਕ ਵੀ ਅਕਾਲੀ ਮੈਂਬਰ ਨਹੀਂ ਸੀ। ਫਿਰ ਓਦੋਂ ਤੱਕ ਏਹੀ ਹੁੰਦਾ ਆਇਆ ਸੀ ਕਿ ਹਮੇਸ਼ਾਂ ਅਕਾਲੀ, ਆਜ਼ਾਦ ਅਤੇ ਦੂਜੀਆਂ ਪਾਰਟੀਆਂ ਦੇ ਮੈਂਬਰ ਹੀ ਕਾਂਗਰਸ ਵਿਚ ਸ਼ਾਮਲ ਹੁੰਦੇ ਰਹੇ ਸਨ। ਕਦੀ ਵੀ ਕੋਈ ਕਾਂਗਰਸੀ ਵਿਰੋਧੀ ਪਾਰਟੀ ਵਿਚ ਸ਼ਾਮਲ ਨਹੀਂ ਸੀ ਹੋਇਆ। ਸੰਤ ਜੀ ਕਿਵੇਂ ਆਖਦੇ ਨੇ ਕਿ ਇਹ ਸਰਕਾਰ ਬਣਾ ਸਕਦੇ ਨੇ! ਫਿਰ ਇਸ ਜਕੋ ਤੱਕੇ ਵਿਚ ਹੀ ਖਰੜ ਤੋਂ ਅਕਾਲੀ, ਮਾਸਟਰ ਬਲਦੇਵ ਸਿੰਘ ਤੇ ਸਮਾਣੇ ਤੋਂ ਆਜ਼ਾਦ ਭਜਨ ਲਾਲ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹ 48 ਤੋਂ ਪੰਜਾਹ ਹੋ ਗਏ ਤੇ ਇਹ 24 ਤੋਂ ਇੱਕ ਹੋਰ ਘਟ ਕੇ 23 ਰਹਿ ਗਏ। ਉਸ ਸਮੇਂ ਉਨ੍ਹਾਂ ਨੇ ਇਹ ਵੀ ਵਿਚਾਰ ਪਰਗਟ ਕੀਤਾ ਕਿ ਪੰਜਾਬ ਦਾ ਭਲਾ ਕਾਂਗਰਸ ਤੇ ਅਕਾਲੀ ਕੁਲੀਸ਼ਨ ਸਰਕਾਰ ਬਣਨ ਵਿਚ ਹੈ। ਮਂੈ ਆਖਿਆ ਫਿਰ ਇਉਂ ਕਰ ਲੈਣਾ ਚਾਹੀਦਾ ਹੈ। ਅਜਿਹਾ ਨਾ ਕਰਨ ਦਾ ਮੈਨੂੰ ਉਨ੍ਹਾਂ ਨੇ ਕਾਰਨ ਦੱਸ ਦਿਤਾ।
ਨਤੀਜਿਆਂ ਤੋਂ ਅਗਲੇ ਦਿਨ ਹੀ ਪੰਜਾਬ ਤੋਂ ਸਾਰੇ ਅਕਾਲੀ ਸੰਤ, ਸਮੇਤ ਜਿੱਤੇ ਤੇ ਹਾਰੇ ਹੋਇਆਂ ਦੇ, ਵਹੀਰਾਂ ਘੱਤੀ ਭੱਜੇ ਆ ਰਹੇ ਸਨ। ਜੇਹੜਾ ਵੀ ਆਏ ਸੰਤ ਜੀ ਦੀਆਂ ਲੱਤਾਂ ਨੂੰ ਚੰਬੜ ਜਾਏ। ਆਖਣ ਕਿ ਚੱਲੋ ਤੇ ਚੱਲ ਕੇ ਸਰਕਾਰ ਬਣਾਓ। ਇੱਕ ਦਿਨ ਤਾਂ ਸੰਤ ਜੀ ਅੜੇ ਰਹੇ ਕਿਉਂਕਿ ਉਹ ਇਨ੍ਹਾਂ ਲੀਡਰਾਂ ਦੇ ਹੱਦੋਂ ਵਧੇ ਹੋਏ ਲਾਲਚ ਕਾਰਨ ਹੀ ਰੁੱਸ ਕੇ ਆਏ ਸਨ। ਅਖੀਰ ਉਨ੍ਹਾਂ ਨੇ ਸੰਤ ਜੀ ਨੂੰ ਮਨਾ ਹੀ ਲਿਆ ਤੇ ਅੱਗੇ ਅੱਗੇ ਸੰਤ ਜੀ ਤੇ ਮਗਰ ਮਗਰ ਸਾਰੇ ਲੀਡਰਾਂ ਦਾ ਕਾਫ਼ਲਾ, 19 ਜ਼ੈਡ ਵਾਲੇ ਗੁਰਦੁਆਰਿਉਂ ਨਿਕਲ਼ ਕੇ ਪੰਜਾਬ ਨੂੰ ਤੁਰ ਪਿਆ ਤੇ ਖੰਨੇ ਸ. ਮਹਿੰਦਰ ਸਿੰਘ ਦੇ ਕਾਰਖਾਨੇ ਵਿਚ ਆ ਰੁਕਿਆ। ਇਹ ਸੱਜਣ ਏਸੇ ਚੋਣ ਵਿਚ ਲੁਧਿਆਣੇ ਦੀ ਪਾਰਲੀਮੈਂਟ ਦੀ ਸੀਟ ਕਾਂਗਰਸ ਦੇ ਸ. ਦਵਿੰਦਰ ਸਿੰਘ ਗਰਚੇ ਤੋਂ ਹਾਰੇ ਸਨ ਤੇ ਨਾਲ ਹੀ ਪ੍ਰਸਿੱਧ ਸਿੱਖ ਵਿਦਵਾਨ ਸ. ਕਪੂਰ ਸਿੰਘ, ਜੋ ਕਿ ਉਸ ਸਮੇਂ ਓਥੋਂ ਐਮ.ਪੀ.ਸਨ, ਲੈ ਬੈਠੇ। ਏਥੇ ਫਿਰ ਜਿੱਤੇ ਹੋਏ ਕਾਂਗਰਸ ਦੇ ਵਿਰੋਧੀ ਐਮ.ਐਲ.ਏ. ਇਕੱਠੇ ਕੀਤੇ ਗਏ। 53 ਮੈਂਬਰਾਂ ਦੇ ਦਸਤਖ਼ਤ ਕਰਵਾ ਲਏ ਗਏ। ਸੰਤ ਚੰਨਣ ਸਿੰਘ ਜੀ ਦੀ ਪ੍ਰਧਾਨਗੀ ਹੇਠ 53 ਮੈਂਬਰਾਂ ਦੀ ਮੀਟਿੰਗ ਕਰਕੇ, ਯੂਨਾਈਟਡ ਫ਼ਰੰਟ ਪਾਰਟੀ ਬਣਾ ਕੇ, ਜਸਟਿਸ ਗੁਰਨਾਮ ਸਿੰਘ ਨੂੰ ਲੀਡਰ ਤੇ ਜਨਸੰਘੀ ਡਾ. ਬਲਦੇਵ ਪ੍ਰਕਾਸ਼ ਨੂੰ ਡਿਪਟੀ ਲੀਡਰ ਬਣਾ ਕੇ, 53 ਮੈਂਬਰਾਂ ਦੇ ਦਸਤਖ਼ਤਾਂ ਵਾਲੀ ਚਿਠੀ 8 ਮਾਰਚ ਨੂੰ ਗਵਰਨਰ ਨੂੰ ਦੇ ਦਿਤੀ ਤੇ ਉਸ ਨੇ 9 ਮਾਰਚ ਨੂੰ ਨਵੀਂ ਵਜ਼ਾਰਤ ਨੂੰ ਸਹੁੰ ਚੁਕਾ ਦਿਤੀ। ਇਸ ਨਾਲ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਵਾਲੀ ਕਾਂਗਰਸ ਸਰਕਾਰ ਦਾ, ਪੂਰੇ ਚਾਰ ਮਹੀਨੇ ਤੇ ਅੱਠ ਦਿਨਾਂ ਪਿੱਛੋਂ ਕੀਰਤਨ ਸੋਹਿਲਾ ਪੜ੍ਹਿਆ ਗਿਆ।
ਅਕਾਲੀ ਦਲ ਨੇ ਦੋ ਦਹਾਕਿਆਂ ਦੀ ਕੁਰਬਾਨੀ ਪਿਛੋਂ ਬਣਾਈ ਸਰਕਾਰ ਦੀ ਜ਼ਿੰਮੇਵਾਰੀ, ਪੜ੍ਹਿਆ ਲਿਖਿਆ ਤੇ ਯੋਗ ਸਮਝ ਕੇ, ਜਸਟਿਸ ਗੁਰਨਾਮ ਸਿੰਘ ਦੇ ਹਵਾਲੇ ਕਰ ਦਿਤੀ। ਉਹ ਹਕੂਮਤ ਚਲਾਉਣ ਲੱਗ ਪਿਆ ਤੇ ਉਸ ਦੇ ਆਲ਼ੇ-ਦੁਆਲ਼ੇ ਵਾਲੇ ਸੱਜਣ ਸੱਤਾ ਸੁਖ ਮਾਨਣ; ਅਤੇ ਜੇਲ੍ਹਾਂ ਤੇ ਡਾਂਗਾਂ ਖਾਣ ਵਾਲੇ ਅਕਾਲੀ ਵਰਕਰ ਸੜਕਾਂ `ਤੇ ਫਿਰਨ।
ਇਸ ਸਮਂੇ ਸੰਤ ਜੀ ਨੇ ਮੋਰਚਿਆਂ, ਵਰਤਾਂ, ਚੋਣਾਂ ਆਦਿ ਦੇ ਝਮੇਲਿਆਂ ਤੋਂ ਵੇਹਲੇ ਹੋ ਕੇ ਧਾਰਮਿਕ ਤੇ ਸਿਆਸੀ ਲੇਖ ਲਿਖਣੇ ਸ਼ੁਰੂ ਕਰ ਦਿਤੇ। ਇਨ੍ਹਾਂ ਲੇਖਾਂ ਵਿਚੋਂ ਦੋ ਮੈਨੂੰ ਯਾਦ ਹਨ: ਇੱਕ ਵਿਚ ਤਾਂ ਉਨ੍ਹਾਂ ਨੇ ਆਪਣੀ ਸਰਕਾਰ ਦੀ ਤੁਲਨਾ ਮਹਾਂ ਭੋਲ਼ੇ (ਸ਼ਿਵ ਜੀ) ਦੇ ਟੱਬਰ ਨਾਲ ਕੀਤੀ। ਦੂਜਾ ਲੇਖ ਕਦੀ ਨਾ ਜਿੱਤ ਸਕਣ ਵਾਲੇ ਆਗੂਆਂ ਨੂੰ ਇਸ ਚੋਣ ਵਿਚ ਜਿਤਾ ਦੇਣ ਬਾਰੇ ਸੀ।
ਮਹਾਂ ਭੋਲ਼ੇ ਦੇ ਟੱਬਰ ਦੀ ਵਾਰਤਾ ਸੰਤ ਜੀ ਇਉਂ ਸੁਣਾਉਂਦੇ ਸਨ:
ਸ਼ਿਵ ਜੀ ਦੀ ਪਤਨੀ ਪਾਰਬਤੀ, ਜੋ ਸ਼ਿਵ ਜੀ ਦੀਆਂ ਜਟਾਂ ਵਿਚ ਨਿਵਾਸ ਰੱਖਣ ਵਾਲੀ ਗੰਗਾ ਨੂੰ ਆਪਣੀ ਸੌਂਕਣ ਸਮਝਦੀ ਹੈ, ਵੇਖ ਨਹੀਂ ਸੁਖਾਂਦੀ। ਪਾਰਬਤੀ ਦੀ ਸਵਾਰੀ ਸ਼ੇਰ ਅਤੇ ਸ਼ਿਵ ਜੀ ਦੀ ਸਵਾਰੀ ਬੌਲ਼ਦ, ਜੋ ਕਿ ਸ਼ੇਰ ਦਾ ਖਾਜਾ ਹੈ। ਪੁੱਤਰ ਗਣੇਸ਼ ਦੀ ਸਵਾਰੀ ਚੂਹਾ ਜੋ ਸ਼ਿਵ ਦੇ ਗਲ਼ ਵਿਚਲੇ ਸੱਪ ਦੀ ਖ਼ੁਰਾਕ ਹੈ। ਦੂਜੇ ਪੁੱਤਰ ਕਾਰਤਿਕ ਦੀ ਸਵਾਰੀ ਮੋਰ ਹੈ ਜੋ ਸੱਪ ਦਾ ਵੈਰੀ ਹੈ। ਅਜਿਹੇ ਪਰਵਾਰ ਨੂੰ ਇਕੱਠਾ ਰੱਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਹ ਮਿਸਾਲ ਦੇ ਕੇ ਹਾਸੇ ਦੇ ਰਉਂ ਵਿਚ ਸੰਤ ਜੀ ਆਖਦੇ ਸਨ:
ਜਨਸੰਘੀਆਂ ਤੇ ਅਕਾਲੀਆਂ ਦੀ ਦਹਾਕਿਆ ਤੋਂ, ਪੰਜਾਬੀ ਸੂਬੇ ਤੇ ਪੰਜਾਬੀ ਬੋਲੀ ਦੇ ਮਸਲੇ `ਤੇ ਚੱਲੀ ਆ ਰਹੀ ਇੱਕ ਦੂਜੇ ਦੀ ਵਿਰੋਧਤਾ, ਪਰਗਟ ਹੈ। ਫਿਰ ਦੋਹਾਂ ਅਕਾਲੀ ਦਲਾਂ ਦਾ ਸੌਂਕੜ ਸਾੜਾ ਵੀ ਕੋਈ ਛੁਪੀ ਕਹਾਣੀ ਨਹੀਂ। ਦੋਵੇਂ ਕਮਿਊਨਿਸਟ ਪਾਰਟੀਆਂ, ਜਨਸੰਘ ਤੇ ਅਕਾਲੀ ਦਲ ਦੇ ਵਿਰੁਧ ਹੋਣ ਦੇ ਨਾਲ ਆਪਸ ਵਿਚ ਵੀ ਸ਼ਰੀਕਾ ਕਰਦੀਆਂ ਸਨ। ਰੀਪਬਲਿਕਨ ਕਿਸੇ ਨਾਲ ਵੀ ਨਾ ਸਾਂਝੇ। ਨੌਂ ਆਜ਼ਾਦਾਂ ਦੀਆਂ ਨੌਂ ਪਾਰਟੀਆਂ। ਇਸ ਸਾਰੇ ਸਤਨਾਜੇ ਨੂੰ ਇੱਕ ਪਾਰਟੀ ਵਿਚ ਇਕੱਠੇ ਕਰ ਕੇ, ਤੋਰ ਦਿਤਾ। ਫਿਰ ਦੂਜੀ ਗੱਲ ਉਹ ਕਰਿਆ ਕਰਦੇ ਸਨ ਕਿ ਕਦੀ ਨਾ ਜਿੱਤਣ ਵਾਲਿਆਂ ਨੂੰ ਵੀ ਜਿਤਾ ਦਿਤਾ। ਮਿਸਾਲ ਵਜੋਂ ਸੰਤ ਜੀ ਸ. ਹਰਚਰਨ ਸਿੰਘ ਹੁਡਿਆਰਾ ਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਨਾਂ ਲਿਆ ਕਰਦੇ ਸਨ।
ਮਾਸਟਰ ਅਕਾਲੀ ਦਲ ਦੇ ਪ੍ਰਧਾਨ ਗਿ. ਭੂਪਿੰਦਰ ਸਿੰਘ ਜੀ ਅਕਸਰ ਆਪਣੇ ਭਾਸ਼ਨਾਂ ਵਿਚ ਆਖਿਆ ਕਰਦੇ ਸਨ ਕਿ ਉਨ੍ਹਾਂ ਨੇ ਵੀਹ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦਾ ‘ਚੋਰ’ ਪਕੜੀ ਰੱਖਿਆ ਅਰਥਾਤ ਉਹ ਮੁਖ ਗ੍ਰੰਥੀ ਦੀ ਸੇਵਾ ਤਿਆਗ ਕੇ ਸਿਆਸਤ ਵਿਚ ਆਏ। ਯਾਦ ਰਹੇ ਕਿ ਗਿਆਨੀ ਜੀ ਦਾ ਪਿਛੋਕੜ ਕਸ਼ਮੀਰ ਦਾ ਹੋਣ ਕਰਕੇ ਉਹ ਕਨੌੜਾ ਨਹੀਂ ਸਨ ਉਚਾਰ ਸਕਦੇ ਤੇ ਇਸ ਦੀ ਥਾਂ ਹੋੜਾ ਹੀ ਬੋਲਦੇ ਸਨ। ਮੁਖ ਗ੍ਰੰਥੀ ਦੀ ਸੇਵਾ ਛੱਡਣ ਨੂੰ ਉਹ ਪੰਥ ਲਈ ਕੀਤੀ ਗਈ ਬੜੀ ਵੱਡੀ ਕੁਰਬਾਨੀ ਦਰਸਾਇਆ ਕਰਦੇ ਸਨ। ਸੰਤ ਜੀ ਨੇ ਉਨ੍ਹਾਂ ਦੇ ਚੌਰ ਨੂੰ ਚੋਰ ਉਚਾਰਨ ਦਾ ਮੌਜੂ ਉਡਾਉਂਦਿਆਂ ਆਖਿਆ, “ਭਾਈ ਫਿਰ ਛੱਡ ਕਾਹਨੂੰ ਦਿਤਾ; ਪੁਲਸ ਨੂੰ ਫੜਾਉਣਾ ਸੀ।” ਇੱਕ ਵਾਰੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਗਿਆਨੀ ਜੀ ਨੇ ਬਿਆਨ ਦਿਤਾ, “ਬਹੂਮੱਤ ਅਸਾਡੇ ਨਾਲ ਹੈ।” ਗਿਆਨੀ ਜੀ ਬਹੁਮੱਤ ਨੂੰ ਬਹੂਮੱਤ ਉਚਾਰਦੇ ਸਨ। ਇਸ ਦੇ ਜਵਾਬ ਵਿਚ ਸੰਤ ਜੀ ਨੇ ਆਖਿਆ, “ਗਿਆਨੀ ਜੀ ਠੀਕ ਆਖ ਰਹੇ ਹਨ। ਉਨ੍ਹਾਂ ਦੀ ਬਹੂ ਦਾ ਮੱਤ ਉਨ੍ਹਾਂ ਦੇ ਨਾਲ ਹੀ ਹੈ। ਜਿਥੋਂ ਤੱਕ ਮੈਂਬਰਾਂ ਦਾ ਸਵਾਲ ਹੈ, ਉਹ ਸਾਡੇ ਨਾਲ ਹਨ।”
ਉਨ੍ਹਾਂ ਦਿਨਾਂ ਵਿਚ ਸੰਤ ਜੀ ਦੀ ਗੁੱਡੀ ਅਸਮਾਨੇ ਚੜ੍ਹੀ ਹੋਈ ਸੀ ਤੇ ਉਨ੍ਹਾਂ ਦੀਆਂ ਕੁੱਤੀਆਂ ਆਕਾਸ਼ ਵਿਚ ਭੌਂਕਦੀਆਂ ਸਨ।
ਇਹ ਤਾਂ ਸੀ ਮੇਰੇ ਸਮੇਂ ਤੇ ਸਾਹਮਣੇ ਵਾਪਰੇ ਕੁੱਝ ਹਾਲਾਤ ਦਾ ਅਤੀ ਸੰਖੇਪ ਵਰਣਨ। ਹੁਣ ਉਨ੍ਹਾਂ ਦੇ ਜੀਵਨ ਬਾਰੇ ਕੁੱਝ ਗੱਲ ਕਰ ਲਈਏ:
ਸੰਤ ਜੀ ਦਾ ਜਨਮ 27 ਅਕਤੂਬਰ 1911 ਨੂੰ, ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ਼ ਦੇ ਪਿੰਡ ਬਦਿਆਲਾ ਵਿਚ, ਸ. ਚੰਨਣ ਸਿੰਘ ਕਿਸਾਨ ਦੇ ਘਰ ਹੋਇਆ। ਉਨ੍ਹਾਂ ਦੇ ਛੋਟੇ ਭਰਾ ਦਾ ਨਾਂ ਸ. ਮੁਖਤਿਆਰ ਸਿੰਘ ਤੇ ਉਨ੍ਹਾਂ ਦੀਆਂ ਭੈਣਾਂ ਵੀ ਸਨ। ਉਨ੍ਹਾਂ ਨੇ ਕਦੀ ਆਪਣੇ ਪਰਿਵਾਰਕ ਮੈਂਬਰਾਂ ਦਾ ਜ਼ਿਕਰ ਨਹੀਂ ਸੀ ਕੀਤਾ। ਬਚਪਨ ਵਿਚ ਪਿਤਾ ਦੀ ਰਜ਼ਾਮੰਦੀ ਨਾਲ ਸਿੱਖ ਵਿਦਵਾਨ ਸੰਤ ਈਸ਼ਰ ਸਿੰਘ ਜੀ ਪਾਸੋਂ ਗੁਰਮਤਿ ਦੀ ਵਿੱਦਿਆ ਪੜ੍ਹਨੀ ਸ਼ੁਰੂ ਕੀਤੀ ਤੇ ਫਿਰ ਘਰੋਂ ਬਾਹਰ ਰਮਤੇ ਸਾਧੂਆਂ ਨਾਲ ਹੀ ਵਿਚਰਦੇ, ਗੁਰਮਤਿ ਦੀ ਵਿੱਦਿਆ ਪੜ੍ਹਦੇ ਤੇ ਮਨੁਖਤਾ ਦੀ ਸੇਵਾ ਕਰਦੇ ਰਹੇ। ਪੰਜਾਬ ਦੇ ਪਿੰਡਾਂ ਧਾਲੀਆਂ, ਢੋਲਣ ਆਦਿ ਵਿਚ ਗੁਰਦੁਆਰੇ ਅਤੇ ਸਕੂਲ ਬਣਾਏ। ਬਾਅਦ ਵਿਚ ਜ਼ਿਆਦਾ ਸਮਾਂ ਸੰਤ ਜੀ ਦੀ ਸੇਵਾ ਦਾ ਦਾਇਰਾ ਗੰਗਾਨਗਰ ਦਾ ਇਲਾਕਾ ਹੀ ਰਿਹਾ। ਇਸ ਕਰਕੇ ਇਨ੍ਹਾਂ ਦੇ ਨਾਂ ਨਾਲ, ਉਸ ਸਮੇਂ ਦੇ ਰਿਵਾਜ ਅਨੁਸਾਰ, ਤਖੱਲਸ ਵਜੋਂ ‘ਗੰਗਾਨਗਰ’ ਜੁੜ ਗਿਆ। ਉਨ੍ਹਾਂ ਦਾ ਸਾਰਾ ਜੀਵਨ ਹੀ 1960 ਤੱਕ ਸੇਵਾ ਸਿਮਰਨ, ਵਿੱਦਿਆ ਪੜ੍ਹਨੀ ਤੇ ਪੜ੍ਹਾਉਣੀ, ਅਪਾਹਜ, ਯਤੀਮ, ਗ਼ਰੀਬ ਬੱਚਿਆਂ ਦੀ ਹਰ ਪ੍ਰਕਾਰ ਪਾਲਣਾ ਕਰਨੀ। ਗੁਰਦੁਆਰੇ, ਸਕੂਲ, ਕਾਲਜ, ਸੜਕਾਂ ਆਦਿ ਉਸਾਰਨੇ ਰਿਹਾ। ਚਾਰ ਚੁਫੇਰੇ ਰੇਗਿਸਤਾਨ ਵਿਚ ਘਿਰੇ, ਬੁੱਢਾ ਜੌਹੜ ਗੁਰਦੁਆਰੇ ਦੀ ਸਥਾਪਨਾ ਕੀਤੀ। ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਮੱਸੇ ਰੰਘੜ ਦਾ ਸਿਰ ਵਢ ਕੇ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ, ਜਥੇਦਾਰ ਬੁੱਢਾ ਸਿੰਘ ਦੇ ਚਰਨਾਂ ਵਿਚ ਜਾ ਕੇ ਸੁੱਟਿਆ ਸੀ। ਏਥੇ ਨਿਹੰਗ ਸਿੰਘਾਂ ਦਾ ਕਬਜ਼ਾ ਹੁੰਦਾ ਸੀ ਤੇ ਉਹ ਕਦੀ ਕਦੀ ਦਲ ਸਮੇਤ ਏਥੇ ਆਇਆ ਕਰਦੇ ਸਨ ਤੇ ਇੱਕ ਉਨ੍ਹਾਂ ਦਾ ਸਿੰਘ ਏਥੇ ਰਿਹਾ ਕਰਦਾ ਸੀ। ਜਦੋਂ ਸੰਤ ਜੀ ਨੇ ਇਸ ਸਥਾਨ ਦੀ ਸੇਵਾ ਆਰੰਭੀ ਤਾਂ ਉਸ ਵੱਲੋਂ ਵੀ ਵਿਰੋਧਤਾ ਹੋਈ; ਬਾਕੀ ਆਲ਼ੇ ਦੁਆਲ਼ੇ ਦੀ ਬਿਸ਼ਨੋਈ ਜਨਤਾ ਵੱਲੋਂ ਤਾਂ ਹੋਣੀ ਹੀ ਸੀ। ਗੁਰਦੁਆਰਾ ਸਾਹਿਬ ਦਾ ਵਿਸ਼ਾਲ ਹਾਲ ਉਸ ਸਥਾਨ `ਤੇ ਉਸਾਰ ਦਿਤਾ ਜਿਥੇ ਨਾ ਕੋਈ ਰੇਲ, ਨਾ ਸੜਕ ਤੇ ਨਾ ਹੀ ਕੋਈ ਹੋਰ ਵਸੀਲਾ ਜਾਣ ਲਈ ਸੀ। ਏਨਾ ਮਟੀਰੀਅਲ ਏਥੇ ਗੱਡਿਆਂ, ਰੇਹੜਿਆਂ ਆਦਿ `ਤੇ ਹੀ ਢੋਇਆ ਗਿਆ। ਇਸ ਵੱਡੇ ਕਾਰਜ ਦੀ ਗੂੰਜ ਰਾਜਸਥਾਨ ਅਸੈਂਬਲੀ ਵਿਚ ਵੀ ਪਈ। ਆਪੋਜ਼ੀਸ਼ਨ ਨੇ ਰੌਲ਼ਾ ਪਾਇਆ ਕਿ ਜੇ ਇੱਕ ਸਾਧ ਏਡਾ ਵੱਡਾ ਕਾਰਜ ਕਰ ਸਕਦਾ ਹੈ ਤਾਂ ਸਰਕਾਰ ਕਿਉਂ ਨਹੀਂ ਕੋਈ ਚੰਗਾ ਕੰਮ ਕਰ ਸਕਦੀ! ਸਾਰਾ ਸਥਾਨ ਸੰਤ ਜੀ ਨੇ ਮੁੱਲ ਲੈ ਕੇ ਸਰੋਵਰ, ਵਿਸ਼ਾਲ ਗੁਰਦੁਆਰਾ, ਬਾਗ ਬਗੀਚਾ ਲਾਇਆ ਤੇ ਖ਼ਰੀਦੀ ਜ਼ਮੀਨ ਵਿਚ ਖੇਤੀ ਦਾ ਕਾਰਜ ਸ਼ੁਰੂ ਕੀਤਾ। ਓਥੇ ਗੁਰਮਤਿ ਵਿਦਿਆਲਾ ਵੀ ਆਰੰਭਿਆ ਜਿਥੇ ਗ਼ਰੀਬ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਪ੍ਰਾਪਤ ਕਰਵਾਈ ਜਾਂਦੀ ਸੀ। 1960 ਤੱਕ ਪੰਜਾਬ ਤੇ ਪੈਪਸੂ ਦੀਆਂ ਅਕਾਲੀ ਦਲ ਦੀਆਂ ਸਿਆਸੀ ਸਰਗਰਮੀਆਂ ਵਿਚ ਸੰਤ ਜੀ ਅਤੇ ਰਾਜਸਥਾਨ ਦੇ ਸਿੱਖਾਂ ਦੀ ਨੁਮਾਇੰਦਗੀ, ਸੰਤ ਜੀ ਦੇ ਸਾਥੀ ਸੰਤ ਚੰਨਣ ਸਿੰਘ ਹੀ ਕਰਿਆ ਕਰਦੇ ਸਨ। ਵੈਸੇ ਹਰੇਕ ਪੰਥਕ ਮੋਰਚੇ ਵਿਚ ਆਪ ਜੀ ਜਥੇ ਸਮੇਤ ਗ੍ਰਿਫ਼ਤਾਰੀ ਦੇ ਕੇ ਜੇਲ੍ਹ ਯਾਤਰਾ ਲਈ ਹਮੇਸ਼ਾਂ ਜਾਂਦੇ ਰਹਿੰਦੇ ਸਨ। ਪੈਪਸੂ ਵਿਚ ਮਾਮਾ ਭਾਣਜਾ ਵਜ਼ਾਰਤ ਦੇ ਖ਼ਿਲਾਫ਼ ਪਟਿਆਲੇ ਵਿਚ ਜੇਲ੍ਹ ਕੱਟੀ। ਫਿਰ ਪਚਵੰਜਾ ਦੇ ਮੋਰਚੇ ਸਮੇਂ, ਅਸ਼ਵਨੀ ਕੁਮਾਰ ਦੀ ਅਗਵਾਈ ਹੇਠ, ਚਾਰ ਜੁਲਾਈ ਦੀ ਰਾਤ ਨੂੰ ਜਦੋਂ ਪੁਲਸ ਨੇ ਹਮਲਾ ਕੀਤਾ ਤਾਂ ਉਸ ਸਮੇਂ ਵੀ ਸੰਤ ਜੀ ਆਪਣੇ ਸਾਥੀਆਂ ਸਮੇਤ, ਗੁਰੂ ਰਾਮਦਾਸ ਸਰਾਂ ਵਿਚ ਠਹਿਰੇ, ਗ੍ਰਿਫ਼ਤਾਰੀ ਦੇਣ ਲਈ ਆਪਣੀ ਵਾਰੀ ਦੀ ਉਡੀਕ ਵਿਚ ਸਨ ਕਿ ਬਾਕੀ ਯਾਤਰੂਆਂ ਤੇ ਵਰਕਰਾਂ ਨਾਲ ਇਨ੍ਹਾਂ ਨੂੰ ਵੀ ਅੜੁੰਬ ਲਿਆ ਗਿਆ ਤੇ ਜੇਲ੍ਹ ਲਿਜਾ ਸੁੱਟਿਆ।
ਸੰਤ ਜੀ ਜਦੋਂ ਵੀ ਕੋਈ ਵਿੱਦਿਆ ਮੰਦਰ, ਧਰਮ ਮੰਦਰ ਜਾਂ ਕਿਸੇ ਹੋਰ ਇਮਾਰਤ ਦੀ ਉਸਾਰੀ ਕਰਦੇ ਤਾਂ ਮਜ਼ਦੂਰ ਤੋਂ ਲੈ ਕੇ ਆਰਕੀਟੈਕਟ ਦੇ ਕਾਰਜ ਵਿਚ ਖ਼ੁਦ ਹੱਥੀਂ ਹਿੱਸਾ ਪਾਉਂਦੇ ਸਨ। ਨਕਸ਼ਾ ਨਵੀਸਾਂ ਨੂੰ ਆਪ ਦੱਸ ਕੇ ਕਾਰਜ ਕਰਵਾਉਂਦੇ ਸਨ। ਚੂਨਾ ਪੀਹਣ, ਸੀਮੈਂਟ ਰਲਾਉਣ ਆਦਿ ਸਾਰੇ ਕਾਰਜ ਬਾਕੀਆਂ ਨਾਲ ਰਲ਼ ਕੇ ਖ਼ੁਦ ਕਰਦੇ ਸਨ।
ਸਰੀਰਕ ਤੌਰ `ਤੇ ਉਹ ਏਨੇ ਤਕੜੇ ਸਨ ਕਿ ਉਨ੍ਹਾਂ ਦੇ ਸਾਥੀਆਂ ਵਿਚੋਂ ਸਭ ਤੋਂ ਵਧ ਸਰੀਰਕ ਸ਼ਕਤੀ ਦੇ ਮਾਲਕ, ਭਾਈ ਬੱਗਾ ਸਿੰਘ ਵੀ, ਉਨ੍ਹਾਂ ਦੀ ਉਪਰ ਚੁੱਕੀ ਹੋਈ ਬਾਂਹ ਨੂੰ ਨਿਵਾ ਨਹੀਂ ਸਨ ਸਕਦੇ। ਅਖੀਰਲੇ ਸਮੇਂ ਸੰਤ ਜੀ ਮੁਟਾਪੇ ਸਮੇਤ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਸਨ। ਮੁੱਖ ਕਾਰਨ ਇਹ ਸੀ ਕਿ ਖ਼ੁਰਾਕ ਤਾਂ ਉਨ੍ਹਾਂ ਦੀ ਭਲਵਾਨਾਂ ਵਾਲੀ ਰਹੀ ਪਰ 1960 ਦੇ ਮੋਰਚੇ ਨੂੰ ਚਲਾਉਣ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਵੇਂ ਮਕਾਨ ਵਿਚ, ਲੰਮੇ ਸਮੇਂ ਲਈ ਇੱਕ ਥਾਂ ਬੰਦ ਹੋ ਕੇ ਰਹਿਣਾ ਪਿਆ। ਸਰੀਰਕ ਸ਼ਕਤੀ ਵਰਤਣ ਲਈ ਸਮਾਂ ਨਾ ਰਹਿ ਗਿਆ ਤੇ ਸਾਰੀ ਕੌਮ ਦੀ ਸਰਕਾਰ ਨਾਲ ਸ਼ਾਂਤਮਈ ਲੜਾਈ ਦਾ ਫਿਕਰ ਵੱਖਰਾ ਪਿਆ ਰਿਹਾ। ਭੁੱਖ ਹੜਤਾਲਾਂ ਦਾ ਵੀ ਸਰੀਰ ਉਪਰ ਮਾਰੂ ਅਸਰ ਹੋਇਆ। ਮੁੜ ਉਨ੍ਹਾਂ ਦਾ ਸਰੀਰ ਉਸ ਤਾਬ `ਤੇ ਨਾ ਆ ਸਕਿਆ। ਪਿਛਲੀ ਉਮਰ ਵਿਚ ਹੋਰ ਰੋਗਾਂ ਦੇ ਨਾਲ ਨਾਲ ਸ਼ੂਗਰ ਦੀ ਬਿਮਾਰੀ ਨੇ ਵੀ ਘੇਰ ਲਿਆ।
ਦਲੇਰ ਵੀ ਬਹੁਤ ਸਨ ਸੰਤ ਜੀ। ਉਨ੍ਹਾਂ ਨੇ ਮੈਨੂੰ ਆਪ ਦੱਸਿਆ ਸੀ ਕਿ ਜਵਾਨੀ `ਚ ਜਦੋਂ ਉਹ ਰਾਤ ਸਮੇਂ ਬਾਹਰ ਝਾੜਾਂ, ਜੰਗਲਾਂ, ਉਜਾੜਾਂ ਵਿਚ ਭਗਤੀ ਕਰਿਆ ਕਰਦੇ ਸਨ ਤਾਂ ਕਦੀ ਕਦੀ ਦਰੱਖ਼ਤਾਂ, ਟਿੱਬਿਆਂ ਆਦਿ ਨੂੰ ਵੇਖ ਕੇ, ਭੂਤ ਸਮਝ ਕੇ ਡਰ ਜਾਣਾ ਤਾਂ ਸਿੱਧੇ ਉਸ ਡਰ ਵਾਲੇ ਥਾਂ ਨੂੰ ਹੀ ਜਾਣਾ ਓਥੇ ਪਹੁੰਚ ਕੇ ਵੇਖਣਾ ਕਿ ਜਿਸ ਨੂੰ ਭੂਤ ਸਮਝ ਕੇ ਮਨ ਡਰ ਮੰਨਦਾ ਸੀ ਉਹ ਤਾਂ ਕੇਵਲ ਝਾੜੀ ਹੀ ਸੀ। ਜਾਨਣਾ ਕਿ ਡਰ ਕੇਵਲ ਮਨ ਦਾ ਭੁਲੇਖਾ ਹੀ ਹੁੰਦਾ ਹੈ। ਇਸ ਤਰ੍ਹਾਂ ਖ਼ਤਰੇ ਨੂੰ ਸਿੱਧੇ ਮੱਥੇ ਮਿਲਣ ਕਰਕੇ ਹੌਲ਼ੀ ਹੌਲ਼ੀ ਮਨ ਦੇ ਡਰ ਉਪਰ ਕਾਬੂ ਪਾ ਲਿਆ।
ਆਪਣਾ ਹਰੇਕ ਵਿਖਿਆਨ ਉਹ ਕੀਰਤਨ ਦੁਆਰਾ ਹੀ ਸ਼ੁਰੂ ਕਰਿਆ ਕਰਦੇ ਸਨ। ਉਨ੍ਹਾਂ ਦੁਆਰਾ ਉਨ੍ਹੀਂ ਦਿਨੀਂ ਗਾਇਆ ਗਿਆ ਸ਼ਬਦ, “ਜਿਸ ਦਾ ਸਾਹਿਬ ਡਾਢਾ ਹੋਇ॥ ਤਿਸ ਨੋ ਮਾਰ ਨ ਸਾਕੈ ਕੋਇ॥” ਬਹੁਤ ਹੀ ਪ੍ਰਸਿਧ ਹੋਇਆ। ਪਹਿਲਾਂ ਇੱਕ ਸ਼ਬਦ ਦਾ ਕੀਰਤਨ ਕਰਨਾ ਫਿਰ ਹੌਲ਼ੀ ਹੌਲ਼ੀ, ਪੋਲੀ ਪੋਲੀ ਆਵਾਜ਼ ਵਿਚ ਭਾਸ਼ਨ ਸ਼ੁਰੂ ਕਰਨਾ। ਜਿਵੇਂ ਜਿਵੇਂ ਸਮਾਂ ਬੀਤਣਾ ਆਵਾਜ਼ ਉਚੀ ਹੁੰਦੀ ਜਾਣੀ। ਆਪਣੇ ਭਾਸ਼ਨ ਵਿਚ ਉਹ ਹਮੇਸ਼ਾਂ ਹਾਸੇ ਦੀ ਚਾਸ਼ਣੀ ਦਾ ਖ਼ੂਬਸੂਰਤ ਰਲੇਵਾਂ ਕਰਿਆ ਕਰਦੇ ਸਨ। ਵਿਰੋਧੀ ਦੀ ਦਲੀਲ ਨੂੰ ਹੀ ਉਲਟ ਕੇ ਉਸ ਉਪਰ ਵਰਤ ਲਿਆ ਕਰਦੇ ਸਨ। ਇਸ ਨੂੰ ਆਪਣੀ ਆਮ ਗੱਲ ਬਾਤ ਸਮਂੇ ਸੰਤ ਜੀ ‘ਊਸ਼ਟਲਸ਼ਟਿਕ ਨਿਆਇ ਅਲੰਕਾਰ’ ਆਖਿਆ ਕਰਦੇ ਸਨ। ਸੰਤ ਜੀ ਦੀ ਹਰ ਗੱਲ ਵਿਚ ਹਾਸ ਰਸ ਮਿiਲ਼ਆ ਹੁੰਦਾ ਸੀਮ ਜੋ ਏਨਾ ਸੂਖਮ ਹੁੰਦਾ ਸੀ ਕਿ ਉਹ ਹਾਸ ਰਸ ਨਾ ਰਹਿ ਕੇ ਵਿਅੰਗ ਦਾ ਰੂਪ ਹੋ ਨਿੱਬੜਦਾ ਸੀ। ਕਦੀ ਵੀ ਉਹ ਨਾ ਆਪ ਢਹਿੰਦੀਕਲਾ ਵਿਚ ਹੁੰਦੇ ਸਨ ਤੇ ਨਾ ਹੀ ਸਾਥੀਆਂ ਨੂੰ ਇਸ ਅਵਸਥਾ ਵਿਚ ਜਾਣ ਦਿੰਦੇ ਸਨ।
ਆਪਣੀ ਇਲੈਕਸ਼ਨ ‘ਸਟ੍ਰੈਟਜੀ’ ਬਾਰੇ ਸੰਤ ਜੀ ਨੇ ਇੱਕ ਦਿਨ ਮੈਨੂੰ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੀ ਇੱਕ ਸੀਟ ਜੋ ਸਿਟਿੰਗ ਕਮਿਊਨਿਸਟ ਐਮ.ਐਲ.ਏ. ਸ. ਸੰਪੂਰਨ ਸਿੰਘ ਧਨੌਲਾ ਦੀ ਮੌਤ ਕਾਰਨ ਖਾਲੀ ਹੋਈ ਸੀ, ਦੀ ਜ਼ਿਮਨੀ ਚੋਣ ਸੀ। ਹਮੇਸ਼ਾਂ ਵਾਂਗ ਇਨ੍ਹਾਂ ਚੋਣ ਜਲਸਿਆਂ ਵਿਚ ਸਰਦਾਰ ਕੈਰੋਂ ਨੇ ਸਰਕਾਰੀ ਵਸੀਲੇ ਵਰਤ ਕੇ ਲੋਕਾਂ ਦਾ ਭਾਰੀ ਇਕੱਠ ਕਰਨਾ ਤੇ ਆਪਣੀ ਪਾਰਟੀ ਦਾ ਪ੍ਰਾਪੇਗੰਡਾ ਕਰਨਾ। ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਦਾ ਫੈਸਲਾ ਸੀ ਕਿ ਜਿਸ ਸੀਟ `ਤੇ ਜੇਹੜੀ ਪਾਰਟੀ ਦਾ ਬੰਦਾ ਜਿੱਤਿਆ ਹੋਵੇ ਜਾਂ ਵੱਧ ਵੋਟਾਂ ਲਈਆਂ ਹੋਣ ਓਥੇ ਉਸ ਪਾਰਟੀ ਦਾ ਉਮੀਦਵਾਰ ਹੀ ਖੜ੍ਹਾ ਕੀਤਾ ਜਾਵੇ ਤੇ ਬਾਕੀ ਸਾਰੀਆਂ ਪਾਰਟੀਆਂ ਉਸ ਉਮੀਦਵਾਰ ਦੀ ਹੀ ਸਹਾਇਤਾ ਕਰਨ ਤਾਂ ਕਿ ਕਾਂਗਰਸ ਦਾ ਰਾਜ ਤੋਂ ਏਕਾਧਿਕਾਰ ਤੋੜਿਆ ਜਾ ਸਕੇ। ਇਸ ਫੈਸਲੇ ਅਨੁਸਾਰ ਏਥੇ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਚੋਣ ਲੜ ਰਿਹਾ ਸੀ ਤੇ ਬਾਕੀ ਸਾਰੀਆਂ ਪਾਰਟੀਆਂ ਉਸ ਦੀ ਸਹਾਇਤਾ ਕਰ ਰਹੀਆਂ ਸਨ। ਆਪਣੀ ‘ਭਾਰੂ ਹੈਸੀਅਤ’ ਕਾਰਨ ਇਸ ਚੋਣ ਮੁਹਿੰਮ ਵਿਚ ਸਭ ਤੋਂ ਵੱਧ ਹਿੱਸਾ ਸੰਤ ਜੀ ਹੀ ਪਾ ਰਹੇ ਸਨ। ਇੱਕ ਦਿਨ ਉਨ੍ਹਾਂ ਦੱਸਿਆ ਕਿ ਜਦੋਂ ਕਾਂਗਰਸ ਦੇ ਜਲਸੇ ਵਿਚ ਕੈਰੋਂ ਦਾ ਭਾਸ਼ਨ ਹੋ ਰਿਹਾ ਹੋਣਾ ਤਾਂ ਅਸੀਂ ਆਪਣੀ ਕਾਰ ਹੌਲ਼ੀ ਹੌਲ਼ੀ ਸਟੇਜ ਦੇ ਪਿੱਛੇ ਲੈ ਜਾਣੀ। ਜਦੋਂ ਸਰਦਾਰ ਕੈਰੋਂ ਨੇ ‘ਜੈ ਹਿੰਦ’ ਆਖ ਕੇ ਆਪਣੀ ਸਪੀਚ ਖ਼ਤਮ ਕਰਨੀ ਤਾਂ ਮੈਂ ਸਟੇਜ `ਤੇ ਚੜ੍ਹ ਜਾਣਾ ਤੇ ਆਖਣਾ, “ਭਰਾਓ ਤੁਸੀਂ ਸਰਕਾਰ ਦਾ ਪੱਖ ਸੁਣ ਲਿਆ ਹੈ। ਹੁਣ ਮੇਰੀ ਵੀ ਗੱਲ ਸੁਣ ਕੇ ਜਾਣਾ। ਲੋਕਾਂ ਨੇ ਸੁਣਨ ਲਈ ਬੈਠੇ ਰਹਿਣਾ ਤੇ ਮਂੈ ਆਪਣਾ ਪੱਖ ਦੱਸ ਕੇ ਲੋਕਾਂ ਦੇ ਵਿਚਾਰ ਬਦਲ ਦੇਣੇ।
ਸੀਟ ਤਾਂ ਸਰਕਾਰੀ ਸ਼ਕਤੀ ਨਾਲ ਸਰਦਾਰ ਕੈਰੋਂ ਨੇ ਜਿੱਤ ਲਈ ਪਰ ਉਹ ਸੰਤ ਜੀ ਦੇ ਅਜਿਹੇ ਵਤੀਰੇ ਕਰਕੇ ਏਨਾ ਖਿਝ ਗਿਆ ਕਿ ਉਸ ਨੇ ਮਾਸਟਰ ਤਾਰਾ ਸਿੰਘ ਨੂੰ ਆਖ ਕੇ, ਸ਼੍ਰੋਮਣੀ ਕਮੇਟੀ ਵਿਚ ਪ੍ਰਧਾਨ ਦੇ ਖ਼ਿਲਾਫ਼ ਬੇਪਰਤੀਤੀ ਦਾ ਨੋਟਿਸ ਦਿਵਾ ਦਿਤਾ ਤੇ ਆਪਣਾ ਸਾਰਾ ਜ਼ੋਰ ਸੰਤ ਜੀ ਨੂੰ ਹਰਾਉਣ `ਤੇ ਲਾ ਦਿਤਾ। ਕੋਈ ਵੀ ਕਸਰ ਨਾ ਛੱਡੀ ਪਰ ਸੰਤ ਜੀ ਦਾ ਸਿਤਾਰਾ ਅਜੇ ਦਸ ਕੁ ਸਾਲ ਹੋਣ ਚਮਕਣਾ ਸੀ। 2 ਜੂਨ ਨੂੰ ਬੇਪਰਤੀਤੀ ਦੇ ਨੋਟਿਸ ਦਾ ਫੈਸਲਾ ਹੋਣਾ ਸੀ ਤੇ 27 ਮਈ ਨੂੰ ਪੰਡਿਤ ਨਹਿਰੂ ਦੀ ਮੌਤ ਹੋ ਗਈ। ਸਰਦਾਰ ਕੈਰੋਂ ਦੀ ਸ਼ਕਤੀ ਦਾ ਸੰਪੂਰਨ ਸੋਮਾ ਪੰਡਿਤ ਨਹਿਰੂ ਹੀ ਸੀ। ਉਸ ਦੀ ਮੌਤ ਕਾਰਨ ਉਸ ਨੂੰ ਖ਼ੁਦ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਸ਼੍ਰੋਮਣੀ ਕਮੇਟੀ ਬਾਰੇ ਆਪਣਾ ਧੱਕਾ ਵਰਤ ਸਕਣ ਦੀ ਜੁਰਅਤ ਨਾ ਕਰ ਸਕਿਆ। ਨਤੀਜੇ ਵਜੋਂ ਬੇਪਰਤੀਤੀ ਦਾ ਮਤਾ ਰੱਦ ਹੋ ਗਿਆ ਤੇ ਸੰਤ ਜੀ ਹੀ ਅਕਾਲੀਆਂ ਦੇ ਆਗੂ ਵਜੋਂ ਆਪਣੀ ਮੌਤ ਤੱਕ ਵਿਚਰਦੇ ਰਹੇ।
ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਕਰਕੇ, ਅੰਮ੍ਰਿਤਸਰ ਰਿਹਾਇਸ਼ ਸਮੇਂ ਉਨ੍ਹਾਂ ਦੀ ਰੋਟੀ ਦੋਵੇਂ ਵੇਲ਼ੇ ਡਾ. ਭਗਤ ਸਿੰਘ ਦੇ ਘਰੋਂ ਬਣ ਕੇ ਆਇਆ ਕਰਦੀ ਸੀ ਤੇ ਉਨ੍ਹਾਂ ਦੇ ਸਾਥੀ ਤੇ ਸੇਵਾਦਾਰ ਲੰਗਰ ਵਿਚੋਂ ਰੋਟੀ ਖਾਇਆ ਕਰਦੇ ਸਨ। ਇੱਕ ਦਿਨ ਮੈਨੂੰ ਆਖਣ ਲੱਗੇ ਕਿ ਸਾਡੇ ਸਾਥੀ ਲੰਗਰ ਵਿਚੋਂ ਪ੍ਰਸ਼ਾਦਾ ਛਕਦੇ ਨੇ। ਇਹ ਸ਼ਾਇਦ ਕਮੇਟੀ ਦੇ ਤਨਖਾਹਦਾਰ ਮੁਲਾਜ਼ਮਾਂ ਵਾਸਤੇ ਚੰਗੀ ਮਿਸਾਲ ਨਾ ਹੋਵੇ। ਯਾਦ ਰਹੇ ਕਿ ਸੰਤ ਫ਼ਤਿਹ ਸਿੰਘ ਜੀ ਨਾਲ ਸਾਰੇ ਸਾਥੀ ਬਿਨਾ ਤਨਖਾਹ ਹੀ ਸੇਵਾ ਕਰਦੇ ਸਨ। ਮੈਂ ਭਾਵੇਂ ਸ਼੍ਰੋਮਣੀ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਸਾਂ ਪਰ ਜਿੰਨਾ ਚਿਰ ਸੰਤ ਜੀ ਦੀ ਸੇਵਾ ਵਿਚ ਰਿਹਾ ਸ਼੍ਰੋਮਣੀ ਕਮੇਟੀ ਤੋਂ ਮੈ ਛੁੱਟੀ ਲੈ ਰੱਖੀ ਸੀ। ਮੈਂ ਆਖਿਆ ਕਿ ਤੁਸੀਂ ਆਪਣੀ ਅਗਵਾਈ ਤੇ ਕੁਰਬਾਨੀ ਨਾਲ ਵਾਹਗੇ ਤੋਂ ਸ਼ੰਭੂ ਤੱਕ ਪੰਜਾਬੀ ਸੂਬੇ ਦੇ ਰੂਪ ਵਿਚ ਵਿਸ਼ਾਲ ਗੁਰਦੁਆਰਾ ਬਣਾ ਦਿਤਾ ਹੈ। ਕੀ ਤੁਹਾਡੇ ਸੇਵਾਦਾਰ ਲੰਗਰ ਵਿਚੋਂ ਰੋਟੀ ਵੀ ਨਹੀਂ ਖਾ ਸਕਦੇ! ਸੰਤ ਜੀ ਨੇ ਮੇਰੇ ਵਿਚਾਰ ਨਾਲ ਸਹਿਮਤੀ ਪ੍ਰਗਟਾਈ।
ਕਦੀ ਵੀ ਸੰਤ ਜੀ ਆਪਣੀ ਵਿਰੋਧਤਾ ਜਾਂ ਵਿਰੋਧੀ ਹਾਲਾਤ ਦਾ ਆਪਣੇ ਉਪਰ ਮਾੜਾ ਅਸਰ ਨਹੀਂ ਸਨ ਪੈਣ ਦਿੰਦੇ। ਮਿਸਾਲ ਵਜੋਂ: ਇੱਕ ਵਾਰੀ ਜਦੋਂ ਪੰਜਾਬ ਅਸੈਂਬਲੀ ਦੀ ਗਵਰਨਰ ਵਾਲੀ ਗੈਲਰੀ ਵਿਚ ਸੰਤ ਜੀ ਆਪਣੇ ਕੁੱਝ ਸਾਥੀਆਂ ਨਾਲ ਬੈਠੇ ਸਭਾ ਦੀ ਕਾਰਵਾਈ ਵੇਖ ਰਹੇ ਸਨ ਤਾਂ ਆਪ ਜੀ ਦੇ ਹੱਥ ਵਿਚ ਵਡੀ ਕਿਰਪਾਨ ਵੇਖ ਕੇ, ਇੱਕ ਜਵਾਨ ਕਾਂਗਰਸੀ ਮੈਂਬਰ ਬਲਬੀਰ ਸੈਣੀ ਨੇ ਇਤਰਾਜ਼ ਉਠਾਇਆ। ਪਰ ਸੰਤ ਜੀ ਉਸ ਨੌਜਵਾਨ ਮੈਂਬਰ ਦੇ ਇਤਰਾਜ਼ ਉਪਰ ਗੁੱਸਾ ਕਰਨ ਦੀ ਬਜਾਇ ਬੈਠੇ ਮੁਸਕਰਾਉਂਦੇ ਰਹੇ। ਭਾਵੇਂ ਅਗਲੇ ਦਿਨ ਉਨ੍ਹਾਂ ਨੇ ਵਿਸਥਾਰ ਸਹਿਤ ਇੱਕ ਲੇਖ ਅਖ਼ਬਾਰਾਂ ਵਿਚ ਛਪਵਾ ਦਿਤਾ।
ਇਕ ਹੋਰ ਵਾਕਿਆ 1967 ਦੇ ਨਵੰਬਰ ਮਹੀਨੇ ਦੇ ਚੌਥੇ ਹਫ਼ਤੇ ਦਾ ਹੈ। 22 ਨਵੰਬਰ ਨੂੰ ਸ. ਲਛਮਣ ਸਿੰਘ ਗਿੱਲ ਸਾਂਝੀ ਸਰਕਾਰ ਨੂੰ ਠਿੱਬੀ ਮਾਰ ਕੇ ਖ਼ੁਦ ਮੁਖ ਮੰਤਰੀ ਬਣ ਗਿਆ। ਇਸ ਦਿਨ ਸਰਾਂ ਨੂੰ ਆਉਣ ਸਮੇਂ ਬ੍ਰਹਮ ਬੂਟਾ ਮਾਰਕੀਟ ਵਿਚ ਟ੍ਰੈਫ਼ਿਕ ਪੁਲੀਸਮੈਨ ਨੇ ਸੰਤ ਜੀ ਦੀ ਕਾਰ ਨੂੰ ਹੱਥ ਦੇ ਕੇ ਰੋਕ ਲਿਆ। ਨੌਜਵਾਨ ਡਰਾਈਵਰ ਸਾਢੇ ਕੁ ਅੱਠ ਮਹੀਨੇ ਦੀ ਅਕਾਲੀ ਸਰਕਾਰ ਸਮੇਂ ਪੁਲਿਸ ਵੱਲੋਂ ਮਿਲ਼ਣ ਵਾਲੇ ਸਤਿਕਾਰ ਦਾ ਆਦੀ ਬਣ ਚੁੱਕਿਆ ਸੀ। ਸਰਾਂ ਵਿਚ ਪਹੁੰਚਣ ਉਪ੍ਰੰਤ ਮੈਂ ਵੇਖਿਆ ਕਿ ਡਰਾਈਵਰ ਲੋਹਾ ਲਾਖਾ ਹੋਇਆ ਲਾਲ ਅੱਖਾਂ ਨਾਲ ਪੁਲਿਸ ਵਾਲੇ ਨੂੰ ਬੁਰਾ ਭਲਾ ਬੋਲ ਰਿਹਾ ਸੀ। ਉਸ ਦੇ ਗੁੱਸੇ ਭਰੇ ਬੋਲ਼ ਸੁਣ ਕੇ ਸੰਤ ਜੀ ਮੁਸਕਰਾਈ ਜਾ ਰਹੇ ਸਨ ਤੇ ਕੋਈ ਗੁੱਸੇ ਵਾਲਾ ਪ੍ਰਤੀਕਰਮ ਨਹੀਂ ਸਨ ਦੇ ਰਹੇ। ਇਹ ਡਰਾਈਵਰ ਮੇਰੇ ਮਿੱਤਰ ਸ. ਗੁਰਬਚਨ ਸਿੰਘ ਸਨ ਜੋ ਸੰਤ ਜੀ ਦੀ ਕਾਰ ਚਲਾਉਣ ਦੀ ਬਿਨ ਤਨਖਾਹੋਂ ਸੇਵਾ ਕਰਨ ਦੇ ਨਾਲ ਨਾਲ ਉਨ੍ਹਾਂ ਨਾਲ ਕੀਰਤਨ ਸਮੇਂ ਕਦੇ ਜੋੜੀ ਤੇ ਕਦੇ ਬੈਂਜੋ `ਤੇ ਸਾਥ ਦਿਆ ਕਰਦੇ ਸਨ। ਗੁਰਬਚਨ ਸਿੰਘ ਬੜਾ ਸੁਰੀਲਾ ਕੀਰਤਨ ਕਰਦੇ ਹਨ ਤੇ ਅੱਜ ਕਲ੍ਹ ਨਿਊ ਯਾਰਕ ਵਿਚ ਨਿਵਾਸ ਰੱਖਦੇ ਹਨ ਤੇ ਭਾਈ ਗੁਰਮੇਲ ਸਿੰਘ ਦੇ ਨਾਲ ਹੀ ਸੰਗਤ ਨੂੰ ਮਨੋਹਰ ਕੀਰਤਨ ਸੁਣਾ ਕੇ ਨਿਹਾਲ ਕਰਦੇ ਹਨ। ਇਨ੍ਹਾਂ ਨਾਲ ਜੋੜੀ ਉਪਰ ਸਾਥ ਭਾਈ ਕੁਲਦੀਪ ਸਿੰਘ ਜੀ ਦਿੰਦੇ ਹਨ। ਕੁੱਝ ਸਮਾਂ ਉਹ ਵੀ ਸੰਤ ਜੀ ਦੇ ਡਾਈਵਰ ਵਜੋਂ ਸੇਵਾ ਨਿਭਾਉਂਦੇ ਰਹੇ ਹਨ। ਤਿੰਨੋਂ ਹੀ ਮੇਰੇ ਮਿੱਤਰ ਹਨ।
1969 ਵਿਚ ਡਾ. ਜਗਜੀਤ ਸਿੰਘ ਦੀ ਚੁੱਕ ਵਿਚ ਆ ਕੇ ਜ. ਦਰਸ਼ਨ ਸਿੰਘ ਫੇਰੂਮਾਨ ਦੇ ਲੰਮੇ ਸਮੇਂ ਲਈ ਰੱਖੇ ਗਏ ਵਰਤ ਤੇ ਉਪ੍ਰੰਤ ਸ਼ਹੀਦੀ ਕਾਰਨ ਸੰਤ ਜੀ ਦੇ ਵਕਾਰ ਨੂੰ ਖਾਸੀ ਢਾਹ ਲੱਗੀ।
1971 ਵਿਚ ਸੰਤ ਜੀ ਦੀ ਅਗਵਾਈ ਵਿਚ ਦਿੱਲੀ ਦੇ ਗੁਰਦੁਆਰਿਆਂ ਨੂੰ ਸਰਕਾਰੀ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਮੋਰਚਾ ਲਾਇਆ ਹੋਇਆ ਸੀ। ਸੰਤ ਜੀ ਨੂੰ ਦਿੱਲੀ ਜਾਂਦਿਆਂ ਨਰੇਲੇ ਸਟੇਸ਼ਨ ਤੋਂ ਫੜ ਕੇ, ਦਿੱਲੀ ਵਿਚ ਜੇਲ੍ਹ ਅੰਦਰ ਬੰਦ ਕੀਤਾ ਹੋਇਆ ਸੀ ਤਾਂ ਕੇਂਦਰ ਨੇ ਪੰਜਾਬ ਸਰਕਾਰ ਤੋੜ ਕੇ ਗਵਰਨਰੀ ਰਾਜ ਲਾਗੂ ਕਰ ਦਿਤਾ। ਛੇ ਮਹੀਨੇ ਪਿੱਛੋਂ ਪੰਜਾਬ ਦੀਆਂ ਚੋਣਾਂ ਹੋਈਆਂ। ਅਕਾਲੀ ਦਲ ਦੇ 24 ਹੀ ਜਿੱਤੇ ਤੇ ਇੱਕ ਸ. ਸੁਖਦੇਵ ਸਿੰਘ ਢੀਂਡਸਾ ਆਜ਼ਾਦ ਜਿੱਤ ਕੇ ਦਲ ਵਿਚ ਸ਼ਾਮਲ ਹੋ ਗਿਆ। ਇਸ ਤਰ੍ਹਾਂ 104 ਵਿਚੋਂ ਦਲ ਦੇ ਪੰਝੀ ਹੋਏ।
ਬਾਦਲ ਨੂੰ ਸੰਤ ਜੀ ਨੇ ਦਲ ਦੀ ਅਸੈਂਬਲੀ ਪਾਰਟੀ ਦਾ ਆਗੂ ਬਣਾਉਣ ਦੀ ਬਜਾਇ, ਸ. ਜਸਵਿੰਦਰ ਸਿੰਘ ਬਰਾੜ ਨੂੰ ਬਣਾ ਦਿਤਾ। ਇਸ ਨਾਲ ਦਲ ਦੇ ਖਾਸੇ ਹਿੱਸੇ ਵਿਚ ਨਾਰਾਜ਼ਗੀ ਜਿਹੀ ਪੈਦਾ ਹੋ ਗਈ। ਏਸੇ ਦੌਰਾਨ ਸੰਤ ਜੀ ਨੇ ਆਪਣੇ ਥਾਂ ਜ. ਮੋਹਨ ਸਿੰਘ ਤੁੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਬਣਾ ਦਿਤਾ। ਸਰਦਾਰ ਤੇ ਬਾਦਲ ਤੇ ਸਰਦਾਰ ਟੌਹੜਾ ਅੰਦਰੋਂ ਅੰਦਰੀ ਸੰਤ ਜੀ ਦੇ ਵਿਰੁੱਧ ਹੋ ਗਏ ਸਨ; ਬਾਹਰੋਂ ਭਾਵੇਂ ਅਜੇ ਏਕਤਾ ਦਾ ਹੀ ਵਿਖਾਲ਼ਾ ਕੀਤਾ ਜਾਂਦਾ ਸੀ। ਸ.ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਤਾਕਤ ਨਾਲ ਸੰਤ ਜੀ ਨੂੰ ਮਜਬੂਰ ਕਰ ਦਿਤਾ ਕਿ ਉਸ ਨੂੰ ਹੀ ਅਸੈਂਬਲੀ ਪਾਰਟੀ ਦਾ ਲੀਡਰ ਬਣਾਇਆ ਜਾਵੇ। ਇਸ ਵਾਸਤੇ ਪਾਰਟੀ ਮੈਂਬਰਾਂ ਦੀ ਮੀਟਿੰਗ, ਅੰਮ੍ਰਿਤਸਰ ਵਿਚ ਗੁਰੂ ਨਾਨਕ ਨਿਵਾਸ ਦੀ ਜ਼ਮੀਨੀ ਮੰਜ਼ਿਲ `ਤੇ ਕੀਤੀ ਗਈ। ਇੱਕ ਛੋਟੇ ਕਮਰੇ ਵਿਚ ਦੋਵੇਂ ਸੰਤ ਜੀ, ਸ. ਜਗਦੇਵ ਸਿੰਘ ਤਲਵੰਡੀ, ਸ. ਗੁਰਬਚਨ ਸਿੰਘ ਲਖਮੀਰਵਾਲਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਸ. ਜਸਵਿੰਦਰ ਸਿੰਘ ਬਰਾੜ ਆਦਿ ਸਨ। ਮੇਰੇ ਖਿਆਲ ਵਿਚ ਉਸ ਕਮਰੇ ਅੰਦਰ ਪੰਜ ਚਾਰ ਹੀ ਐਮ.ਐਲ.ਏ. ਮੌਜੂਦ ਸਨ। ਦੂਜੇ ਪਾਸੇ ਵੱਡੇ ਕਮਰੇ ਵਿਚ ਸਰਦਾਰ ਬਾਦਲ ਨਾਲ ਭਾਰੀ ਬਹੁਸੰਮਤੀ ਮੈਂਬਰਾਂ ਦੀ ਸੀ। ਟੌਹੜਾ ਦੋਹਾਂ ਕਮਰਿਆਂ ਦਰਮਿਆਨ ‘ਸ਼ਟਲ’ ਦਾ ਕੰਮ ਕਰ ਰਹੇ ਸਨ। ਸਰਦਾਰ ਬਾਦਲ ਨਾਲ ਪ੍ਰਤੱਖ ਬਹੁਸੰਮਤੀ ਹੋਣ ਕਰਕੇ, ਉਸ ਨੂੰ ਪਾਰਟੀ ਦਾ ਆਗੂ ਬਣਾਉਣ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਇਸ ਲਈ ਬਾਹਰੋਂ ਪੋਚਾ ਪਾਚੀ ਕਰੀ ਰੱਖਣ ਲਈ ਪਾਰਟੀ ਆਗੂ ਥਾਪਣ ਦੇ ਅਧਿਕਾਰ ਸੰਤ ਜੀ ਨੂੰ ਦੇ ਦਿਤੇ ਗਏ ਤੇ ਅਗਲੇ ਦਿਨ ਉਨ੍ਹਾਂ ਨੇ ਸਰਦਾਰ ਬਾਦਲ ਨੂੰ ਲੀਡਰ ਤੇ ਸਰਦਾਰ ਬਰਾੜ ਨੂੰ ਡਿਪਟੀ ਲੀਡਰ ਥਾਪਣ ਦਾ ਐਲਾਨ ਕਰ ਦਿਤਾ।
ਬਾਹਰੋਂ ਭਾਵੇਂ ਸੰਤ ਜੀ ਹੀ ਦਲ ਦੇ ਆਗੂ ਸਨ ਤੇ ਸ਼੍ਰੋਮਣੀ ਕਮੇਟੀ ਉਪਰ ਵੀ, ਸੰਤ ਚੰਨਣ ਸਿੰਘ ਜੀ ਦੇ ਪ੍ਰਧਾਨ ਹੋਣ ਕਰਕੇ, ਉਨ੍ਹਾਂ ਦਾ ਮੁਕੰਮਲ ਕੰਟਰੋਲ ਸੀ, ਪਰ ਇਸ ਸਮੇਂ ਅੰਦਰਖਾਤੇ ਤਾਕਤ ਉਪਰੋਂ ਉਨ੍ਹਾਂ ਦੀ ਪਕੜ ਕੁੱਝ ਢਿੱਲੀ ਜਿਹੀ ਪੈਂਦੀ ਅਨੁਭਵ ਕਰਕੇ ਉਹ ਕੁੱਝ ਵਿਚਲਤ ਜਿਹੇ ਹੋ ਗਏ ਸਨ। ਇਸ ਹਾਲਤ ਵਿਚ ਹੀ ਇੱਕ ਲੇਖ ਉਨ੍ਹਾਂ ਦੇ ਨਾਂ ਥੱਲੇ ਉਨ੍ਹਾਂ ਦੇ ਆਪਣੇ ਅਖ਼ਬਾਰ ‘ਕੌਮੀ ਦਰਦ’ ਵਿਚ ਛਪ ਗਿਆ। ਉਹ ਜਦੋਂ ਮੈ ਪੜ੍ਹਿਆ ਤਾਂ ਮੈਨੂੰ ਯਕੀਨ ਨਾ ਆਇਆ ਕਿ ਅਜਿਹਾ ਲੇਖ ਸੰਤ ਜੀ ਖ਼ੁਦ ਲਿਖ ਸਕਦੇ ਹਨ। ਮਂੈ ਏਹੋ ਸਮਝਿਆ ਕਿ ਕਿਸੇ ਸ਼ਰਾਰਤੀ ਨੇ ਇਹ ਸੰਤ ਜੀ ਦੇ ਨਾਂ ਉਪਰ ਲਿਖ ਕੇ ਛਪਵਾ ਦਿਤਾ ਹੈ। ਮੈਨੂੰ ‘ਕੌਮੀ ਦਰਦ’ ਤੇ ਪ੍ਰਬੰਧਕਾਂ `ਤੇ ਬੜਾ ਗੁੱਸਾ ਆਇਆ ਕਿ ਉਨ੍ਹਾਂ ਨੇ ਇਹ ਲੇਖ ਆਪਣੀ ਅਖ਼ਬਾਰ ਵਿਚ ਕਿਉਂ ਛਪਣ ਦਿਤਾ! ਓਸੇ ਵੇਲ਼ੇ ਉਹ ਲੇਖ ਲੈ ਕੇ ਮੈਂ ਅੰਮ੍ਰਿਤਸਰੋਂ ਬੱਸ ਰਾਹੀਂ ਬੁਢਾ ਜੌਹੜ ਪਹੁੰਚ ਕੇ, ਸੰਤ ਚੰਨਣ ਸਿੰਘ ਜੀ ਨੂੰ ਉਹ ਲੇਖ ਪੜ੍ਹ ਕੇ ਸੁਣਾਇਆ ਤੇ ‘ਕੌਮੀ ਦਰਦ’ ਦੇ ਪ੍ਰਬੰਧਕਾਂ ਦੇ ਕੰਨ ਖਿੱਚਣ ਲਈ ਆਖਿਆ ਤੇ ਆਪਣੇ ਵਿਚਾਰ ਵੀ ਪਰਗਟ ਕਰ ਦਿਤੇ ਕਿ ਇਹ ਲੇਖ ਸੰਤ ਜੀ ਦਾ ਨਹੀਂ ਹੋ ਸਕਦਾ। ਕਿਸੇ ਸ਼ਰਾਰਤੀ ਦਾ, ਸੰਤ ਜੀ ਦੇ ਨਾਂ `ਤੇ ਲਿਖਿਆ ਹੋਇਆ ਹੈ। ਸੰਤ ਚੰਨਣ ਸਿੰਘ ਜੀ ਮੇਰੇ ਵਿਚਾਰਾਂ ਨਾਲ ਸਹਿਮਤ ਸਨ ਪਰ ਇਸ ਲੇਖ ਬਾਰੇ ਮੁੜ ਕੋਈ ਹਿੱਲ ਜੁੱਲ ਨਾ ਹੋਈ। ਇਸ ਤੋਂ ਮੈ ਅੰਦਾਜ਼ਾ ਜਿਹਾ ਲਾ ਲਿਆ ਕਿ ਸ਼ਾਇਦ ਇਹ ਲੇਖ ਸੰਤ ਜੀ ਨੇ ਆਪ ਹੀ ਲਿਖਿਆ ਹੋਵੇ। ਉਸ ਵਿਚ ਸ.ਬਾਦਲ ਤੇ ਸ. ਟੌਹੜਾ ਬਾਰੇ ਚੰਗੇ ਸ਼ਬਦ ਨਹੀਂ ਸਨ ਬਲਕਿ ਅਸਿੱਧੇ ਤੌਰ `ਤੇ ਵਿਅੰਗਮਈ ਸ਼ਬਦਾਂ ਵਿਚ ਉਨ੍ਹਾਂ ਦੀ ਨਿਖੇਧੀ ਜਿਹੀ ਹੀ ਸੀ।
ਇਸ ਤਰ੍ਹਾਂ ਸੰਤ ਜੀ ਪੰਜਾਬ, ਅਕਾਲੀ ਦਲ ਅਤੇ ਸਿੱਖ ਪੰਥ ਦੀ ਮੋਹਰਲੀ ਕਤਾਰ ਵਿਚ ਵਿਚਰਦੇ ਹੋਏ, ਧਾਰਮਿਕ, ਵਿਦਿਅਕ, ਸਮਾਜਿਕ, ਆਦਿ ਵੱਖ ਵੱਖ ਖੇਤਰਾਂ ਵਿਚ ਆਪਣਾ ਭਰਪੂਰ ਹਿੱਸਾ ਪਾ ਕੇ, 61 ਕੁ ਸਾਲ ਦੀ ਉਮਰ ਵਿਚ, 1972 ਦੇ ਅਕਤੂਬਰ ਮਹੀਨੇ ਦੀ 30 ਤਰੀਕ ਨੂੰ, ਇਸ ਸੰਸਾਰ ਨੂੰ ਸਰੀਰਕ ਤੌਰ `ਤੇ ਅਲਵਿਦਾ ਆਖ ਗਏ। ਮਹੀਨੇ ਕੁ ਪਿੱਛੋਂ ਹੀ ਉਨ੍ਹਾਂ ਦੇ ਸਾਰੇ ਕਾਰਜਾਂ ਦੇ ਅਮਲੀ ਪ੍ਰਬੰਧਕ, ਸੰਤ ਚੰਨਣ ਸਿੰਘ ਵੀ ਸੰਸਾਰ ਛੱਡ ਗਏ। ਇਸ ਤਰ੍ਹਾਂ ਸਿੱਖ ਪੰਥ ਦੀ ਅਗਵਾਈ ‘ਸੰਤ ਯੁੱਗ’ ਤੋਂ ਸਰਦਾਰ ਤੁੜ, ਸਰਦਾਰ ਟੌਹੜਾ, ਸਰਦਾਰ ਤਲਵੰਡੀ, ਸਰਦਾਰ ਬਾਦਲ ਆਦਿ ਦੇ ਹੱਥ ਆਉਣ ਕਰਕੇ ‘ਸਰਦਾਰ ਯੁੱਗ’ ਦੇ ਰੂਪ ਵਿਚ ਬਦਲ ਗਈ।