ਡਾ ਗੁਰਬਖ਼ਸ਼ ਸਿੰਘ ਭੰਡਾਲ
ਸਵੇਰੇ ਸੈਰ ਕਰ ਰਿਹਾ ਸਾਂ। ਮਨ ਕੀਤਾ ਕਿ ਆਪਣੇ ਕਰੀਬੀ ਦੋਸਤ ਦਾ ਹਾਲ-ਚਾਲ ਹੀ ਪੁੱਛ ਲਵਾਂ। ਮੈਂ ਦੋਸਤ ਨੂੰ ਫ਼ੋਨ ਕੀਤਾ ਤੇ ਪੁੱਛਿਆ,
‘ਕੀ ਹਾਲ ਚਾਲ ਹੈ ਤੇਰਾ?’
ਜਵਾਬ ਮਿਲਿਆ, ‘ਮੈਂ ਠੀਕ-ਠਾਕ ਹਾਂ।’
‘ਤੇਰੇ ਬੱਚਿਆਂ ਦਾ ਕੀ ਹਾਲ ਚਾਲ ਹੈ।’
‘ਸਭ ਠੀਕ-ਠਾਕ ਹਨ’ ਜਵਾਬ ਆਇਆ।
‘ਤੇਰਾ ਕੰਮ-ਕਾਜ ਕਿਵੇਂ ਚੱਲ ਰਿਹਾ?’
ਉੱਤਰ ਮਿਲਿਆ, ‘ਸਭ ਠੀਕ-ਠਾਕ ਹੈ।’
‘ਤੇਰੀ ਜ਼ਿੰਦਗੀ ਕਿਵੇਂ ਚੱਲ ਰਹੀ ਏ?’
ਤੇ ਉਸ ਦਾ ਜਵਾਬ ਸੀ, ‘ਸਭ ਠੀਕ-ਠਾਕ ਹੈ’
ਤੇ ਮੈਂ ‘ਠੀਕ-ਠਾਕ’ ਦੇ ਜਵਾਬ ਵਿਚ ਉਲਝ ਕੇ ਰਹਿ ਗਿਆ। ਕੀ ਸੱਚੀਂ ਸਭ ਠੀਕ-ਠਾਕ ਹੈ ਜਾਂ ਇਹ ਮਖੌਟਾ ਹੈ ਜਿਹੜਾ ਮੇਰੇ ਦੋਸਤ ਸਮੇਤ ਸਾਰੇ ਹੀ ਅਕਸਰ ਪਹਿਨੀ ਰੱਖਦੇ ਹਾਂ ਜਦ ਅਸੀਂ ਆਪਣਿਆਂ ਨਾਲ ਗੱਲ ਕਰਦੇ ਹਾਂ, ਫ਼ੋਨ ਕਰਦੇ ਹਾਂ ਜਾਂ ਚਿੱਠੀ ਲਿਖਦੇ ਹਾਂ?
ਬਹੁਤੀ ਵਾਰ ਸਭ ਠੀਕ-ਠਾਕ ਨਹੀਂ ਹੁੰਦਾ। ਇਸ ਜਵਾਬ ਵਿਚ ਬਹੁਤ ਕੁਝ ਛੁਪਿਆ ਹੁੰਦਾ ਜਿਹੜਾ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ ਸਗੋਂ ਇਸ ਨੂੰ ਲੁਕਾਉਣਾ ਚਾਹੁੰਦੇ।
ਮਿੱਤਰ ਨਾਲ ਹੋਈ ਉਪਰੋਕਤ ਵਾਰਤਾਲਾਪ ਦਾ ਐਕਸਰੇ ਕੀਤਾ ਜਾਵੇ ਤਾਂ ਇਨ੍ਹਾਂ ਬੋਲਾਂ ਵਿਚ ਬਹੁਤੀ ਵਾਰ ਤੁਹਾਨੂੰ ਆਪਣਿਆਂ ਦੇ ਲਾਏ ਹੋਏ ਲੱਖਾਂ ਫੱਟ, ਰਿਸਦੇ ਜ਼ਖ਼ਮ, ਮਿਲੇ ਗ਼ਮ, ਦਫ਼ਨ ਹੋਈਆਂ ਖ਼ਾਹਿਸ਼ਾਂ, ਸੁੱਕਣੇ ਪਈਆਂ ਰੀਝਾਂ ਅਤੇ ਨੈਣਾਂ ਵਿਚ ਮਰ ਗਏ ਸੁਪਨਿਆਂ ਦਾ ਮਾਤਮ ਨਜ਼ਰ ਆਵੇਗਾ ਜਿਸ ਉੱਪਰ ਅਸੀਂ ਠੀਕ-ਠਾਕ ਦੀ ਚੇਪੀ ਲਗਾ ਦਿੰਦੇ ਹਾਂ।
ਸਾਡੇ ਅੰਦਰ ਕੀ ਕੁਝ ਚੱਲ ਰਿਹਾ ਹੁੰਦਾ, ਅਸੀਂ ਇਸ ਸਭ ਕੁਝ ਤੋਂ ਅਣਭਿੱਜ ਹੋਣ ਦਾ ਭਰਮ ਪਾਲਦੇ। ਇਸ ਵਹਿਮ ਵਿਚ ਅਸੀਂ ਆਪਣੇ ਆਪ ਨਾਲ ਵੀ ਧੋਖਾ ਕਰਦੇ ਅਤੇ ਆਪਣਿਆਂ ਨੂੰ ਵੀ ਧੋਖੇ ਵਿਚ ਰੱਖਦੇ।
ਅਸੀਂ ਆਪਣੇ ਅੰਦਰਲੇ ਦਰਦਾਂ, ਦੁੱਖਾਂ, ਗ਼ਮਾਂ ਅਤੇ ਪੀੜਾ ਨੂੰ ਅਣਗੌਲਿਆ ਕਰਦੇ। ਇਸ ਅਵੱਗਿਆ ਕਾਰਨ ਅਸੀਂ ਆਪਣੇ ਅੰਦਰਲੀ ਧੂਣੀ ਸੇਕਦੇ। ਇਸ ਸੇਕ ਵਿਚ ਅਸੀਂ ਰਾਖ ਹੋਣ ਤੋਂ ਕਿਵੇਂ ਬਚਾਂਗੇ?
ਕਦੇ ਅੰਤਰੀਵੀ ਯੁੱਧ ਅਤੇ ਕਦੇ ਬਾਹਰਲੀ ਜੰਗ। ਕਦੇ ਆਪਣੇ ਆਪ ਨਾਲ ਲੜਾਈ ਅਤੇ ਕਦੇ ਸੁਲਾਹ-ਸਫ਼ਾਈ। ਕਦੇ ਅੰਦਰਲੇ ਖੱਦੇ ਨੂੰ ਚੁੱਪ ਕਰਵਾਉਣਾ ਅਤੇ ਕਦੇ ਅੰਦਰਲੀ ਚੁੱਪ ਨੂੰ ਬੋਲਾਂ ਵਿਚ ਪ੍ਰਗਟਾਉਣਾ। ਕਦੇ ਅੰਤਰੀਵੀ ਸੁੰਨ ਵਿਚ ਸਿੱਲ੍ਹ-ਪੱਥਰ ਹੋਣਾ ਅਤੇ ਕਦੇ ਅੰਦਰਲੀ ਸੁੰਨ ਨੂੰ ਸਾਹਾਂ ਦੇ ਸੇਕ ਨਾਲ ਪਿਘਲਾਉਣਾ। ਕਦੇ ਧੁੱਪ ਵਿਚ ਛਾਂ ਦੀ ਲੋਚਾ ਅਤੇ ਕਦੇ ਛਾਂ ਵਿਚ ਧੁੱਪ ਲਈ ਅਹੁਲਣਾ। ਕਦੇ ਸਵੇਰੇ ਹੀ ਅਹੁਦੇ ਦੀ ਆਸ ਅਤੇ ਕਦੇ ਸ਼ਾਮ ਨੂੰ ਸਵੇਰ ਚਿਤਾਰਨਾ।
ਇਹ ਅੰਤਰੀਵੀ ਜੱਦੋ-ਜਹਿਦ, ਦਰਅਸਲ ਮਾਨਸਿਕ ਦਵੰਦ। ਇਸ ਦੁਚਿੱਤੀ ਅਤੇ ਮਾਨਸਿਕ ਉਲਝਣ ਵਿਚ ਖ਼ੁਦ ਨੂੰ ਉਲਝਾਉਣਾ। ਆਪਣੇ ਆਪ ਤੋਂ ਬੇਮੁਖੀ ਵਿਚੋਂ ਕੁਝ ਵੀ ਪ੍ਰਾਪਤ ਨਹੀਂ ਕਰਦੇ ਸਗੋਂ ਅਸੀਂ ਅੰਦਰਲੇ ਜ਼ਖ਼ਮਾਂ ਨੂੰ ਉਚੇੜਦੇ ਅਤੇ ਇਸ ਦੇ ਰਿਸਣ ਵਿਚੋਂ ਕਿਸੇ ਸੁਖਨ ਦੀ ਆਸ ਕਰਦੇ।
ਜਦ ਕੋਈ ਕਹੇ ਕਿ ਮੈਂ ਠੀਕ-ਠਾਕ ਹਾਂ ਤਾਂ ਕਈ ਵਾਰ ਉਸ ਦੇ ਮਨ ਵਿਚ ਇਸੇ ਦਾ ਉਬਾਲ ਹੁੰਦਾ, ਜਦ ਉਸ ਦਾ ਪੁੱਤ ਹੀ ਆਪਣੇ ਬਾਪ ਨੂੰ ਬਾਪ ਦੇ ਘਰ ਵਿਚੋਂ ਬਾਹਰ ਨਿਕਲ ਜਾਣ ਲਈ ਪੁਲੀਸ ਬੁਲਾਉਣ ਦੀ ਧਮਕੀ ਦੇਵੇ ਜਾਂ ਪੰਜਾਬ ਨੂੰ ਜਾਣ ਲਈ ਤਰਸੇ ਹੋਏ ਮਾਪਿਆਂ ਦਾ ਪਾਸਪੋਰਟ ਉਨ੍ਹਾਂ ਦੇ ਨੂੰਹ-ਪੁੱਤ ਨੇ ਜਬਰੀ ਖੋਹ ਕੇ ਲੁਕੋ ਲਿਆ ਹੋਵੇ। ਕਿਸੇ ਬਜ਼ੁਰਗ ਦੀ ਪੈਨਸ਼ਨ ਵਿਚੋਂ ਇਕ ਵੀ ਪੈਨੀ ਉਸ ਬਜ਼ੁਰਗ ਦੇ ਹੱਥ ਨਾ ਲੱਗੇ ਅਤੇ ਉਹ ਪੈਸੇ ਧੇਲੇ ਲਈ ਲਾਚਾਰ ਹੋਇਆ ਆਪਣੇ ਆਪ ਨੂੰ ਖ਼ਤਮ ਕਰਨ ਦੀ ਲੋਚਾ ਮਨ ਵਿਚ ਪਾਲਦਿਆਂ ਠੀਕ-ਠਾਕ ਕਹੇ ਤਾਂ ਸਮਝਣਾ ਕਿ ਸਭ ਠੀਕ-ਠਾਕ ਨਹੀਂ ਹੈ।
ਜਦ ਕਿਸੇ ਬਜ਼ੁਰਗ ਨੂੰ ਪੁੱਛੋ ਕਿ ਉਹ ਕਿਵੇਂ ਹੈ ਅਤੇ ਉਹ ਕਹੇ ਕਿ ਸਭ ਠੀਕ-ਠਾਕ ਹੈ ਤਾਂ ਉਹ ਆਪਣੀ ਪੀੜਾ ਆਪਣੇ-ਆਪ ਤੋਂ ਹੀ ਲੁਕਾ ਰਿਹਾ ਹੁੰਦਾ ਕਿਉਂਕਿ ਉਹ ਤਾਂ ਪੁੱਤਰਾਂ ਵੱਲੋਂ ਘਰ ਅਤੇ ਜਾਇਦਾਦ ਤੋਂ ਬੇਦਖ਼ਲ ਹੋਇਆ ਕਿਸੇ ਗੁਰਦੁਆਰੇ, ਮਸੀਤ, ਮੰਦਰ ਜਾਂ ਕਿਸੇ ਡੇਰੇ ‘ਤੇ ਬੈਠਾ ਸਿਰਫ਼ ਕਬਰ ਵਿਚ ਜਾਣ ਲਈ ਕਾਹਲਾ ਹੁੰਦਾ। ਉਹ ਸਭ ਕੁਝ ਕਿੰਝ ਅਤੇ ਕਿਸ ਨੂੰ ਦੱਸੇ? ਉਹ ਤਾਂ ਠੀਕ-ਠਾਕ ਦਾ ਭਰਮ ਹੀ ਪਾਲ ਸਕਦਾ ਤਾਂ ਕਿ ਕਿਸੇ ਨੂੰ ਉਸ ਦੀ ਤਰਾਸਦੀ ਦਾ ਪਤਾ ਨਾ ਲੱਗੇ।
ਜਦ ਕੋਈ ਮਾਂ ਕਹੇ ਕਿ ਉਸ ਦੇ ਧੀਆਂ-ਪੁੱਤ ਉਸ ਦੀ ਬਹੁਤ ਕਦਰ ਕਰਦੇ ਅਤੇ ਉਹ ਠੀਕ-ਠੀਕ ਹੈ ਤਾਂ ਜ਼ਰੂਰੀ ਨਹੀਂ ਕਿ ਸਭ ਸੱਚ ਹੀ ਹੋਵੇ। ਹੋ ਸਕਦਾ ਕਿ ਉਹ ਬੇਕਦਰੀ ਦੀ ਜੂਨ ਹੰਢਾਉਂਦੀ, ਹਰ ਦਮ ਆਪਣੀਆਂ ਨਜ਼ਰਾਂ ਸਿਵਿਆਂ ਨੂੰ ਜਾਂਦੀਆਂ ਰਾਹਾਂ ਵੱਲ ਰੱਖਦੀ ਹੋਵੇ ਅਤੇ ਇਸ ਜਿਊਣ ਨਾਲੋਂ ਮਰਨ ਨੂੰ ਤਰਜੀਹ ਦਿੰਦੀ ਹੋਵੇ। ਇਹ ਵੀ ਸੰਭਵ ਹੈ ਕਿ ਉਸ ਦੇ ਧੀਆਂ-ਪੁੱਤ ਉਸੇ ਦੀ ਗ਼ਰਕਣੀ ਵਿਚ ਧਸਦੇ ਜਾ ਰਹੇ ਹੋਣ ਅਤੇ ਉਹ ਲਾਚਾਰਗੀ ਵਿਚ ਕੁਝ ਨਾ ਕਰ ਸਕਦੀ ਹੋਵੇ। ਉਸ ਦੇ ਸਿਰ ਦੀ ਛੱਤ ਅਤੇ ਜ਼ਮੀਨ-ਜਾਇਦਾਦ ਗਹਿਣੇ ਪਈ, ਹੱਥੋਂ ਖਿਸਕਦੀ ਜਾ ਰਹੀ ਹੋਵੇ।
ਜਦ ਕੋਈ ਲੇਖਕ ਕਹੇ ਕਿ ਉਸ ਦੇ ਅਦਬੀ ਸਫ਼ਰ ਠੀਕ-ਠਾਕ ਹੀ ਹੈ ਤਾਂ ਇਹ ਵੀ ਹੋ ਸਕਦਾ ਕਿ ਉਸ ਦੀ ਕਲਮ ‘ਤੇ ਪਾਬੰਦੀ ਹੋਵੇ। ਉਸ ਦੇ ਹਰਫ਼ਾਂ ਵਿਚ ਜਗਣ ਵਾਲੇ ਅਰਥਾਂ ਦੇ ਦੀਵੇ ਹਨੇਰੇ ਦੀ ਨੁੱਕਰੇ ਕੈਦ ਹੋਣ। ਜਾਂ ਉਸ ਦੀਆਂ ਲਿਖਤਾਂ ਦੇ ਖਿੱਲਰੇ ਹੋਏ ਵਰਕੇ ਚੁੱਲ੍ਹੇ ਵਿਚ ਬਲਣ ਦੀ ਤਰਾਸਦੀ ਹੰਢਾਉਂਦਿਆਂ, ਜੀਵਨ-ਲੋਅ ਦਾ ਹਿੱਸਾ ਬਣਨ ਲਈ ਮਜਬੂਰ ਹੋਣ।
ਜਦ ਸੁਪਨੇ ਲੈਣ ਦੀ ਰੁੱਤੇ ਕੋਈ ਨੌਜਵਾਨ ਕਹੇ ਕਿ ਸਭ ਠੀਕ-ਠਾਕ ਹੈ ਤਾਂ ਇਹ ਵੀ ਸੰਭਵ ਹੁੰਦਾ ਕਿ ਉਹ ਟੁੱਟੇ ਹੋਏ ਸੁਪਨਿਆਂ ਦੀਆਂ ਕਿਰਚਾਂ ਕਾਰਨ ਜ਼ਖ਼ਮਾਂ ਦਾ ਚਿੱਤਰਪੱਟ ਹੋਵੇ। ਸੰਦਲੀ ਸੁਪਨਿਆਂ ਵਿਚ ਉੱਗੇ ਧੁਆਂਖੇਪਣ ਦਾ ਬਿੰਬ ਹੋਵੇ ਜਾਂ ਉਹ ਮੰਜ਼ਲ ਦੇ ਰਾਹਾਂ ਦੇ ਟੋਇਆਂ, ਉੱਗੇ ਹੋਏ ਖੱਡਿਆਂ ਅਤੇ ਪਏ ਰੋੜਿਆਂ ਦੇ ਠੇਡਿਆਂ ਦੀ ਪੀੜ ਨੂੰ ਕਿਸੇ ਘੁੱਪ-ਹਨੇਰੇ ਰਾਹ ‘ਤੇ ਬੈਠਾ ਸਹਿਲਾ ਤੇ ਅਠਰਾ ਰਿਹਾ ਹੋਵੇ। ਆਪਣੇ ਫੱਟਾਂ ਤੇ ਸੱਟਾਂ ਨੂੰ ਦੱਸਣ ਤੋਂ ਦੜ ਵੱਟ, ਆਪਣੇ ਆਪ ਨਾਲ ਅੰਤਰੀਵੀ ਯੁੱਧ ਕਰ ਰਿਹਾ ਹੋਵੇ।
ਜਦ ਸਾਡੀ ਮਾਂ ਜਾਂ ਬਾਪ ਪੁੱਛੇ ਕਿ ਪੁੱਤ ਕੀ ਹਾਲ-ਚਾਲ ਏ ਤਾਂ ਠੀਕ-ਠਾਕ ਨਾ ਹੁੰਦਿਆਂ ਵੀ ਕਹੀਏ ਕਿ ਸਭ ਠੀਕ-ਠਾਕ ਹੈ ਤਾਂ ਸਾਡੇ ਮਾਂ-ਬਾਪ ਸਾਡੇ ਬੋਲਾਂ ਵਿਚੋਂ ਹੀ ਜਾਣ ਜਾਂਦੇ ਕਿ ਸਾਡਾ ਬੱਚਾ ਕਿੰਨਾ ਕੁ ਠੀਕ-ਠਾਕ ਹੈ? ਉਹ ਕਿਹੜੀਆਂ ਬੇਰੁਖ਼ੀਆਂ, ਬੰਦਸ਼ਾਂ ਅਤੇ ਬੇਗਾਨਗੀਆਂ ਵਿਚੋਂ ਲੰਘਦਿਆਂ, ਹੋਂਦ ਦੀ ਸਦੀਵਤਾ ਲਈ ਜੱਦੋ-ਜਹਿਦ ਕਰ ਰਿਹਾ ਹੈ? ਸਾਡੇ ਮਾਪੇ ਸਾਨੂੰ ਦੁਆਵਾਂ ਦਿੰਦੇ ਅਤੇ ਮੰਨਤਾਂ ਰਾਹੀਂ ਸਾਡੇ ਦੁੱਖਾਂ ਨੂੰ ਸੁੱਖਾਂ ਵਿਚ ਤਬਦੀਲ ਕਰਨ ਲਈ ਕੁਦਰਤ ਨੂੰ ਮਜਬੂਰ ਕਰਨ ਦਾ ਦਾਈਆ ਰੱਖਦੇ।
ਜਦ ਕੋਈ ਵਿਜੋਗਣ ਆਪਣੇ ਸੱਜਣ ਦੇ ਚਿਰ ਬਾਅਦ ਆਏ ਫ਼ੋਨ `ਤੇ ਕਹੇ ਕਿ ਮੈਂ ਠੀਕ-ਠਾਕ ਹਾਂ ਤਾਂ ਉਸ ਦੇ ਬੋਲਾਂ ਵਿਚ ਉਹ ਕੁਝ ਖ਼ੁਦ ਵਿਯੋਗ ਸੁਣਾਈ ਦੇ ਜਾਂਦਾ ਜੋ ਉਹ ਚਾਹੁੰਦਿਆਂ ਵੀ ਦੱਸਣਾ ਨਹੀਂ ਚਾਹੁੰਦੀ। ਅਕਸਰ ਹੀ ਮਿਲਣ `ਤੇ ਪਿਆਰੇ ਦੀ ਤੱਕਣੀ ‘ਚੋਂ ਪਤਾ ਲੱਗ ਜਾਂਦਾ ਕਿ ਕਿੰਨਾ ਕੁਝ ਠੀਕ-ਠਾਕ ਹੈ?
ਹਮਦਰਦ ਦੇ ਹਾਲ ਪੁੱਛਣ `ਤੇ ਜਦ ਕਿਸੇ ਅਸਾਧ ਰੋਗ ਦਾ ਮਰੀਜ਼ ਕਹੇ ਕਿ ਮੈਂ ਠੀਕ-ਠਾਕ ਹਾਂ ਤਾਂ ਸਮਝ ਜਾਣਾ ਚਾਹੀਦਾ ਕਿ ਕੁਝ ਹੀ ਦਿਨ ਬਾਕੀ ਨੇ ਉਸ ਨੂੰ ਮਿਲਣ ਅਤੇ ਉਸ ਦੀ ਸੁੱਖ-ਸਾਂਦ ਪੁੱਛਣ ਲਈ। ਵਰਨਾ ਬਹੁਤ ਦੇਰ ਹੋ ਜਾਵੇਗੀ।
ਖੇਤ ਵਿਚ ਆਪਣਿਆਂ ਦੀਆਂ ਕਬਰਾਂ ਪੁੱਟਣ ਵਾਲੇ ਕਿਸੇ ਸ਼ਖ਼ਸ ਨੂੰ ਕੋਈ ਜਾਣਕਾਰ ਇਹ ਪੁੱਛ ਲਵੇ ਕਿ ਵਿਦੇਸ਼ ਵਿਚ ਰਹਿੰਦੇ ਤੇਰੇ ਭਰਾ ਦਾ ਕੀ ਹਾਲ ਏ ਅਤੇ ਉਹ ਬੇਸ਼ਰਮਾਂ ਵਾਂਗ ਕਹੇ ਕਿ ਸਭ ਠੀਕ-ਠਾਕ ਈ ਆ ਤਾਂ ਸਮਝ ਲੈਣਾ ਕਿ ਉਹ ਕਿਸੇ ਅਜੇਹੇ ਮੌਕੇ ਦੀ ਤਲਾਸ਼ ਵਿਚ ਹੈ ਕਿ ਕਦੋਂ ਸਭ ਕੁਝ ਠੀਕ-ਠਾਕ ਹੋ ਜਾਵੇਗਾ।
‘ਸਭ ਠੀਕ-ਠਾਕ ਹੈ’ ਸਾਡਾ ਤਕੀਆ ਕਲਾਮ ਬਣ ਗਿਆ ਹੈ। ਕਈ ਵਾਰ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ। ਬਹੁਤੀ ਵਾਰ ਰੂਹਾਂ ਦੇ ਹਾਣੀ ਜਾਂ ਦਿਲਾਂ ਦੇ ਜਾਣੀ-ਜਾਣ ਜਲਦੀ ਹੀ ਇਸ ਦੀ ਭਾਵਨਾ ਸਮਝ ਜਾਂਦੇ। ਪਰ ਕਿੰਨੇ ਕੁ ਨੇ ਰੂਹ ਦੀਆਂ ਸਾਂਝਾਂ ਵਾਲੇ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਅਜੋਕੇ ਵਕਤਾਂ ਵਿਚ ਸਾਡੀਆਂ ਸਾਂਝਾਂ, ਸੰਬੰਧ ਅਤੇ ਰਿਸ਼ਤੇਦਾਰੀਆਂ ਵਰਤੋਂ ਦੀ ਵਸਤ ਬਣ ਕੇ ਰਹਿ ਗਈਆਂ ਜਿਨ੍ਹਾਂ ਨੂੰ ਨਿੱਜੀ ਮੁਫ਼ਾਦ ਦੀ ਪੂਰਤੀ ਤੋਂ ਬਾਅਦ ਸਿਰਫ਼ ਕੂੜਾਦਾਨ ਹੀ ਨਸੀਬ ਹੁੰਦਾ।
ਇਹ ਅੰਤਰੀਵੀ ਯੁੱਧ ਅਸੀਂ ਸਾਰੇ ਕਰਦੇ। ਹਰ ਪਲ, ਹਰ ਦਿਨ ਅਤੇ ਹਰ ਵਕਤ। ਸਾਡੇ ਜੀਵਨ ਦਾ ਹਿੱਸਾ। ਇਹ ਸਿਰਫ਼ ਯੁੱਧ ਨਹੀਂ ਸਗੋਂ ਜੱਦੋ-ਜਹਿਦ ਹੁੰਦੀ ਖ਼ੁਦ ਨੂੰ ਆਪਣੇ ਹਾਣ ਦਾ ਬਣਾਉਣ, ਸੁਰਖ਼ ਸਮਿਆਂ ਦੀ ਨਿਸ਼ਾਨਦੇਹੀ ਕਰਨ, ਸੁਪਨਿਆਂ ਨੂੰ ਸਿਰਜਣ, ਇਨ੍ਹਾਂ ਦੀ ਪੂਰਤੀ ਲਈ ਜੀਅ-ਜਾਨ ਇਕ ਕਰਨ ਦੀ ਤਮੰਨਾ ਅਤੇ ਆਪਣੇ ਵਿਚੋਂ ਇਕ ਅਜੇਹੇ ਮਨੁੱਖ ਦੀ ਸਿਰਜਣਾ ਕਰਨਾ ਜੋ ਸੰਪੂਰਨ ਮਨੁੱਖ ਬਣਨ ਦਾ ਦਾਈਆ ਕਰ ਸਕੇ।
ਕਈ ਵਾਰ ਅਸੀਂ ਸਭ ਠੀਕ-ਠਾਕ ਇਸ ਲਈ ਵੀ ਕਹਿ ਦਿੰਦੇ ਕਿ ਸਾਡੇ ਨੇੜਲਿਆਂ ਨੂੰ ਸਾਡੇ ਕਸ਼ਟਾਂ ਦਾ ਪਤਾ ਨਾ ਲੱਗੇ ਕਿਉਂਕਿ ਠੀਕ-ਠਾਕ ਨਾ ਸੁਣ ਕੇ ਉਸ ਦਾ ਕੋਮਲ ਮਨ ਵੀ ਬਹੁਤ ਪਸੀਜੇਗਾ ਅਤੇ ਉਹ ਵੀ ਪੀੜਾਂ ਦੀ ਰੁੱਤ ਹੰਢਾਏਗਾ।
ਇਹ ਵੀ ਹੋ ਸਕਦਾ ਕਿ ਅਸੀਂ ਆਪਣੀਆਂ ਅਸਫਲਤਾਵਾਂ, ਨਾਕਾਮੀਆਂ, ਕੁਤਾਹੀਆਂ ਅਤੇ ਨਾ-ਕਾਮਯਾਬੀਆਂ ਨੂੰ ਘਟਾ ਕੇ ਅਤੇ ਦੂਰ ਕਰਕੇ, ਆਪਣੇ ਪਿਆਰਿਆਂ ਦੀ ਚੇਤਨਾ ਵਿਚ ਸ਼ੁੱਭ ਸੰਕੇਤ ਦੇਣਾ ਚਾਹੁੰਦੇ ਕਿ ਅਸੀਂ ਇਨ੍ਹਾਂ `ਤੇ ਕਾਬੂ ਪਾਉਣ ਅਤੇ ਇਨ੍ਹਾਂ ਮਾੜੇ ਹਾਲਤਾਂ ਵਿਚੋਂ ਉੱਭਰਨ ਦੇ ਕਾਬਲ ਹਾਂ।
ਦਰਅਸਲ ਅਜੇਹੀ ਧਾਰਨਾ ਦਾ ਮਾਨਸਿਕ, ਭਾਵਨਾਤਮਕ ਅਤੇ ਮਨੋਵਿਗਿਆਨਕ ਵਿਸ਼ਲੇਸ਼ਣ ਕਰਨ ਤੋਂ ਬਹੁਤ ਕੁਝ ਪਤਾ ਲੱਗਦਾ ਜਿਸ ਤੋਂ ਅਕਸਰ ਹੀ ਅਸੀਂ ਟਾਲਾ ਵਟਦੇ। ਲੋੜ ਹੁੰਦੀ ਕਿ ਅਸੀਂ ਇਸ ਦੀਆਂ ਪਰਤਾਂ ਵਿਚੋਂ ਉਨ੍ਹਾਂ ਪੱਖਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੀਆਂ ਤਰਜੀਹਾਂ ਨਿਰਧਾਰਤ ਕਰੀਏ ਜਿਸ ਵਿਚੋਂ ਅਸਾਡੀ ਤਕਦੀਰ ਦਾ ਅੰਬਰ ਹੋਰ ਰੌਸ਼ਨ ਹੋਵੇ। ਅਸੀਂ ਤਾਰਿਆਂ ਦੀ ਮਹਿਫ਼ਲ ਦਾ ਹਿੱਸਾ ਬਣ ਕੇ ਰੌਸ਼ਨੀ ਦਾ ਵਣਜ ਕਰਨ ਦੇ ਕਾਬਲ ਹੋ ਸਕੀਏ। ਅੰਤਰੀਵੀ ਜੱਦੋ-ਜਹਿਦ ਨੂੰ ਚਿਤਵਦਿਆਂ, ਕਲਮ ਬੋਲਦੀ ਹੈ;
ਅੱਖਾਂ ‘ਚ ਜੰਮੇ ਅੱਥਰੂਆਂ ਦੀ ਜੂਹ ‘ਚ
ਜਦੋਂ ਨੈਣੀਂ ਲਿਸ਼ਕੋਰ ਪੈਦਾ ਹੁੰਦੀ
ਤਾਂ ਲਿਸ਼ਕੋਰ ਪੁੱਛਦੀ ਕਿ
ਮੈਂ ਹੰਝੂਆਂ ‘ਚ ਕਿੰਜ ਪੈਦਾ ਹੋਈ
ਅਤੇ ਅੱਥਰੂ ਪੁੱਛਦੇ ਕਿ
ਮੇਰੇ ‘ਚ ਚਾਨਣ ਕਿਸ ਉਗਾਇਆ?
ਜਦ ਜੀਭ ਨੂੰ ਲੱਗੇ ਤਾਲੇ ‘ਚੋਂ ਬੋਲ ਪੈਦਾ ਹੁੰਦੇ
ਤਾਂ ਤਾਲਾ ਪੁੱਛਦਾ ਕਿ
ਇਹ ਬੋਲ ਕਿਸ ਫ਼ਿਜ਼ਾ ‘ਚੋਂ ਪੈਦਾ ਹੋਏ
ਅਤੇ ਬੋਲ ਵੀ ਜਾਣਨਾ ਚਾਹੁੰਦੇ ਕਿ
ਤਾਲਾਬੰਦੀ ਦੌਰਾਨ ਬੋਲ ਕਿੰਜ ਪੈਦਾ ਹੋਏ?
ਜਦ ਹੋਠਾਂ ਤੇ ਲੱਗੇ ਪਹਿਰਾ ਹੇਠ ਵੀ
ਹੋਠ ਫਰਕਣ ਲੱਗ ਪੈਣ
ਤਾਂ ਹੋਠਾਂ ਦੀ ਬਗ਼ਾਵਤ ਪਹਿਰੇ ਨੂੰ ਰੜਕਦੀ
ਤੇ ਪਹਿਰਾ ਵੀ ਇਹ ਸਮਝਣ ਤੋਂ ਅਸਮਰਥ
ਕਿ ਮੇਰੇ ਹੁੰਦਿਆਂ ਹੋਠਾਂ ਤੇ ਮੁਸਕਰਾਹਟ ਕਿੰਝ ਪਨਪੀ?
ਮੱਥੇ ਦੀਆਂ ਤਣੀਆਂ ਨੱਸਾਂ ਵਿਚ
ਜਦ ਕੋਈ ਸੂਰਜ ਉੱਗ ਆਵੇ
ਤਾਂ ਸੂਰਜ ਹੈਰਾਨ ਕਿ
ਕੱਸੀਆਂ ਨਸਾਂ ਵਿਚ ਕਿੰਝ ਉਗਮਿਆ
ਅਤੇ ਨੱਸਾਂ ਅਚਰਜ ਕਿ ਸੂਰਜ ਕਿਵੇਂ ਉੱਗਿਆ?
ਜਦ ਪੈਰਾਂ ‘ਚ ਪੁੜੇ ਕੰਡਿਆਂ ‘ਚ
ਜਦ ਸਫ਼ਰ ਉੱਗ ਆਵੇ
ਤਾਂ ਮਾਣਮੱਤਾ ਸਫ਼ਰ ਵੀ ਸਮਝਦਾ ਕਿ
ਜ਼ਖ਼ਮੀ ਪੈਰ ਵੀ ਸਫ਼ਰ ਦਾ ਨਾਮਕਰਨ ਹੋ ਸਕਦੇ
ਅਤੇ ਜ਼ਖ਼ਮੀ ਪੈਰਾਂ ਨੂੰ ਆਪਣੇ ਸਫ਼ਰਨਾਮੇ ‘ਤੇ ਨਾਜ਼ ਹੁੰਦਾ।
ਜਦ ਨੈਣਾਂ ਦੇ ਸੁਪਨਿਆਂ ਦਾ ਮਾਤਮ
ਸੁਪਨੇ ਲੈਣ ਦੀ ਆਦਤ ਬਣਾ ਜਾਵੇ
ਤਾਂ ਪਤਾ ਲੱਗਦਾ ਕਿ ਮਰੇ ਸੁਪਨੇ ਵੀ ਜੀਵੰਤ ਹੋ ਸਕਦੇ
ਅਤੇ ਨੈਣਾਂ ਨੂੰ ਵੀ ਫ਼ਖ਼ਰ ਹੁੰਦਾ ਕਿ
ਮਾਤਮ ਦੌਰਾਨ ਵੀ ਸੁਪਨੇ ਤਾਂ ਲਏ ਜਾ ਸਕਦੇ।
ਜਦ ਖ਼ਾਮੋਸ਼ੀ ਦੇ ਸਰਦਲ ਤੇ
ਮੰਗੀਆਂ ਦੁਆਵਾਂ ਪੂਰਨ ਹੁੰਦੀਆਂ
ਤਾਂ ਦੁਆਵਾਂ, ਖ਼ਾਮੋਸ਼ੀ ਦਾ ਹਾਸਲ ਹੁੰਦੀਆਂ
ਅਤੇ ਖ਼ਾਮੋਸ਼ੀ ਵੀ ਦੁਆਵਾਂ ਦੀ ਦਾਨੀ ਬਣਦੀ।
ਜਦ ਕਲਮ ਕੁਝ ਉੱਕਰਨ ਤੋਂ ਆਰੀ ਹੁੰਦਿਆਂ ਵੀ
ਸਫ਼ਿਆਂ ਨੂੰ ਸ਼ਬਦਾਂ ਦਾ ਵਰਦਾਨ ਦੇਵੇ
ਤਾਂ ਸ਼ਬਦ, ਕਲਮ ਦੇ ਸਦਕੇ ਜਾਂਦੇ
ਅਤੇ ਕਲਮ, ਸ਼ਬਦਾਂ ਦੀ ਕਰਾਮਾਤ ਦੇ ਬਲਿਹਾਰੇ ਜਾਂਦੀ।
ਅੰਦਰਲੀ ਸੁੰਨ ਨੂੰ ਉਲਥਾਉਣ ਦੀ ਮਰੀ ਤਮੰਨਾ ‘ਚ
ਜਦ ਸੰਵੇਦਨਾ ਦਾ ਨਾਦ ਪੈਦਾ ਹੁੰਦਾ
ਤਾਂ ਸੰਵੇਦਨਾ, ਨਾਦ ਨੂੰ ਨਤਮਸਤਕ ਹੁੰਦੀ
ਅਤੇ ਨਾਦ, ਜੀਵਨ-ਨਾਦ ਬਣ ਜਾਂਦਾ।
ਜਦ ਜ਼ਖ਼ਮ ਦੀ ਪੀੜਾ
ਕਿਸੇ ਲਈ ਮਰਮ ਬਣ ਜਾਵੇ
ਤਾਂ ਮਰਮ, ਦਰਦ ਲਈ ਦੁਆਵਾਂ ਮੰਗਦੀ
ਅਤੇ ਦੁਆਵਾਂ, ਮਰਮ ਲਈ ਸ਼ਫ਼ਾ ਬਣਦੀਆਂ।
ਬੜਾ ਕੁਝ ਵਾਪਰਦਾ ਸਾਡੇ ਅੰਤਰੀਵ ‘ਚ
ਇਹ ਅੰਤਰੀਵੀ ਜੱਦੋਜਹਿਦ ਹੀ ਹੁੰਦੀ
ਜੋ ਮਨੁੱਖ ਨੂੰ ਇਨਸਾਨੀਅਤ ਦਾ ਮਾਰਗੀ ਬਣਾਉਂਦੀ
ਕਾਸ਼ !
ਅਸੀਂ ਅੰਤਰੀਵੀ ਯੁੱਧ ਦੇ ਜੇਤੂ ਬਣੀਏ।
ਅਗਲੀ ਵਾਰ ਜਦ ਤੁਹਾਡਾ ਕੋਈ ਅਜ਼ੀਜ਼ ਹਰ ਗੱਲ ਦੇ ਜਵਾਬ ਵਿਚ ‘ਸਭ ਠੀਕ-ਠਾਕ ਹੈ’ ਕਹੇ ਤਾਂ ਸਮਝਣਾ ਕਿ ਸਭ ਠੀਕ-ਠਾਕ ਨਹੀਂ ਹੈ। ਸਗੋਂ ਇਸ ਵਿਚ ਬਹੁਤ ਕੁਝ ਛੁਪਿਆ ਹੁੰਦਾ। ਤੁਹਾਡਾ ਪਿਆਰਾ ਨਿੰਮੋਝੂਣਾ ਹੋਇਆ, ਨਮੋਸ਼ੀ ਕਾਰਨ ਸੱਚ ਨਹੀਂ ਦੱਸ ਰਿਹਾ। ਉਸ ਦੀਆਂ ਗੱਲਾਂ ਵਿਚ ਉਦਾਸੀ ਅਤੇ ਲਹਿਜ਼ੇ ਵਿਚ ਮਾਯੂਸੀ ਬਹੁਤ ਕੁਝ ਦਾ ਭੇਤ ਦੇ ਦਿੰਦੀ ਹੈ ਬਸ਼ਰਤੇ ਕਿ ਤੁਸੀਂ ਆਪਣੇ ਪਿਆਰੇ ਦੇ ਬਹੁਤ ਨਜ਼ਦੀਕ ਹੋਵੋ।
ਕਈ ਵਾਰ ਠੀਕ-ਠਾਕ ਕਹਿੰਦਿਆਂ ਵੀ ਬੰਦੇ ਦੀ ਕਬਰਾਂ ਵਿਚ ਜਾਣ ਦੀ ਤਿਆਰੀ ਹੁੰਦੀ। ‘ਕੇਰਾਂ ਪਰਦੇਸੀ ਪੁੱਤ ਨੇ ਬਾਪ ਦਾ ਹਾਲ-ਚਾਲ ਜਾਣਨ ਲਈ ਫ਼ੋਨ ਕੀਤਾ ਤਾਂ ਬਾਪ ਨੇ ਕਿਹਾ ਕਿ ਮੈਂ ਠੀਕ-ਠਾਕ ਹਾਂ। ਪਰ ਜਲਦੀ ਮਿਲ ਜਾ। ਉਡੀਕ ਕਰਦਿਆਂ ਕਰਦਿਆਂ, ਬਾਪ ਦੀ ਉਮਰ ਘਟ ਗਈ ਅਤੇ ਕੁਝ ਸਮੇਂ ਬਾਅਦ ਪਰਵਾਸੀ ਪੁੱਤ ਬਾਪ ਦਾ ਠੰਢਾ ਸਿਵਾ ਫਰੋਲਣ ਲਈ ਪ੍ਰਦੇਸ ਤੋਂ ਪਰਤਿਆ।
ਸਭ ਠੀਕ-ਠਾਕ ਦੀਆਂ ਪਰਤਾਂ ਜ਼ਰੂਰ ਫਰੋਲਣਾ। ਅਗਰ ਤੁਸੀਂ ਇਨ੍ਹਾਂ ਪਰਤਾਂ ਨੂੰ ਸਮੇਂ ਸਿਰ ਨਾ ਫਰੋਲਿਆ ਅਤੇ ਕਿਸੇ ਦੇ ਦਰਦਾਂ ਦੀ ਦਵਾ ਅਤੇ ਸਿਹਤਯਾਬੀ ਲਈ ਦੁਆ ਨਾ ਬਣੇ ਤਾਂ ਫਿਰ ਉਸ ਦੇ ਸਿਵੇ ਦੀ ਰਾਖ ਫਰੋਲਦਿਆਂ, ‘ਸਭ ਠੀਕ-ਠਾਕ’ ਦੇ ਬੋਲ ਤੁਹਾਨੂੰ ਸਾਰੀ ਉਮਰ ਸੌਣ ਨਹੀਂ ਦੇਣਗੇ। ਸਿਵੇ ਵਿਚੋਂ ਉੱਗਿਆ ਹੌਕਾ, ਇਕ ਤੜਫਣੀ ਤੁਹਾਡੇ ਨਾਮ ਕਰ ਜਾਵੇਗਾ ਜਿਸ ਨੂੰ ਤੁਸੀਂ ਸਾਰੀ ਉਮਰ ਜਿਊਂਦੇ, ਇਸ ਜਹਾਨ ਤੋਂ ਤੁਰ ਜਾਵੋਗੇ।
ਚੇਤੇ ਰੱਖਣਾ ਕਿ ਆਪਣੇ ਪਿਆਰੇ ਨੂੰ ਫ਼ੋਨ ਕਰਨ ਲੱਗਿਆਂ ਸਭ ਠੀਕ-ਠਾਕ ਕਹਿਣ ਤੋਂ ਸੰਕੋਚ ਕਰਨਾ ਜੇ ਤੁਸੀਂ ਠੀਕ-ਠਾਕ ਨਹੀਂ। ਜਦ ਤੁਸੀਂ ਅਪਣਾ ਮਨ ਆਪਣਿਆਂ ਨਾਲ ਫਰੋਲੋਗੇ ਤਾਂ ਹਰ ਸਮੱਸਿਆ, ਮੁਸ਼ਕਲ ਅਤੇ ਦੁੱਖ ਦਾ ਸੰਭਾਵਿਤ ਹੱਲ ਤੁਹਾਨੂੰ ਜ਼ਰੂਰ ਮਿਲੇਗਾ। ਇਸ ਦੇ ਹੱਲ ਤੋਂ ਬਾਅਦ ਤੁਸੀਂ ਸਹੀ ਮਾਅਨਿਆਂ ਵਿਚ ਸਭ ਠੀਕ-ਠਾਕ ਕਹਿਣ ਦਾ ਜੇਰਾ ਕਰੋਗੇ ਅਤੇ ਤੁਹਾਡੇ ਮਨ ਤੇ ਇਹ ਕਹਿੰਦਿਆਂ ਕੋਈ ਮਾਨਸਿਕ ਬੋਝ ਨਹੀਂ ਹੋਵੇਗਾ।
ਮੈਂ ਵੀ ਹਰ ਵਕਤ ਠੀਕ-ਠਾਕ ਨਹੀਂ ਹੁੰਦਾ ਅਤੇ ਤੁਸੀਂ ਵੀ ਨਹੀਂ। ਇਹ ਹੀ ਜੀਵਨ ਦਾ ਸੱਚ। ਇਸ ਤੋਂ ਮੁਨਕਰੀ ਦਰਅਸਲ ਅਸਲ ਜੀਵਨ ਤੋਂ ਅੱਖਾਂ ਦੂਸਰੇ ਪਾਸੇ ਕਰਨ ਦੀ ਨਿਰਮੂਲ ਕੋਸ਼ਿਸ਼ ਹੁੰਦੀ।
ਕੀ ਤੁਸੀਂ ਵੀ ਅਕਸਰ ਹੀ ਕਹਿੰਦੇ ਹੋ ਕਿ ਸਭ ਠੀਕ-ਠਾਕ ਹੈ?