ਕੰਵਲਜੀਤ ਕੌਰ ਗਿੱਲ
ਪ੍ਰੋਫੈਸਰ ਆਫ ਇਕਨੋਮਿਕਸ (ਰਿਟਾਇਰਡ)
ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਣ ਸਾਇੰਸਦਾਨ ਅਤੇ ਸਾਬਕਾ ਮੇਅਰ ਕਲੌਡੀਆ ਸ਼ੀਨਬੌਮ ਨੂੰ ਮੈਕਸੀਕੋ ਵਿਖੇ ਹੋਈਆਂ ਆਮ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਤੇ ਮੈਕਸੀਕੋ ਦੀ ਪਹਿਲੀ ਔਰਤ ਰਾਸ਼ਟਰਪਤੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਮੈਕਸੀਕੋ ਦੇ 200 ਸਾਲ ਪੁਰਾਣੇ ਮਰਦ ਪ੍ਰਧਾਨ ਸਮਾਜ ਵਿਚ ਵਿਸ਼ਾਲ ਪੱਧਰ `ਤੇ ਹੋਈਆਂ ਆਮ ਚੋਣਾਂ (2 ਜੂਨ, 2024) ਵਿਚ ਸ਼ੀਨ ਬੌਮ ਦੀ ਇਸ ਜਿੱਤ ਨੂੰ ਇਤਿਹਾਸਿਕ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ।
ਚੋਣ ਮੈਦਾਨ ਵਿਚ ਮੁੱਖ ਰੂਪ ਵਿਚ ਤਿੰਨ ਉਮੀਦਵਾਰਾਂ ਵਿਚਾਲੇ ਮੁਕਾਬਲਾ ਸੀ। ਤੀਜੇ ਸਥਾਨ `ਤੇ ਆਉਣ ਵਾਲੇ ਉਮੀਦਵਾਰ ਜਾਰਜ਼ ਮਾਇਨੇਜ਼ ਨੂੰ ਸਭ ਤੋਂ ਘੱਟ ਵੋਟਾਂ (10.57 %) ਮਿਲੀਆਂ। ਐਕਸੋਚਿਲ ਗਲਵੇਸ 28.11% ਵੋਟਾਂ ਲੈ ਕੇ ਦੂਜੇ ਸਥਾਨ `ਤੇ ਰਹੀ। ਜਦੋਂਕਿ ਕਲੌਡੀਆ ਸ਼ੀਨਬੌਮ ਨੇ 61.18% ਵੋਟਾਂ ਪ੍ਰਾਪਤ ਕਰਨ ਉਪਰੰਤ ਆਪਣੇ ਵਿਰੋਧੀਆਂ ਨੂੰ ਹਰਾ ਕੇ ਇਤਿਹਾਸ ਸਿਰਜਿਆ ਹੈ। ਮਰੀਨੋ ਪਾਰਟੀ ਦੇ ਪਹਿਲੇ ਪ੍ਰੈਜ਼ੀਡੈਂਟ ਲੋਪਸ ਓਬਰਾਡੋਰ ਤੋਂ ਬਾਅਦ ਕਲੌਡੀਆ ਸ਼ੀਨਬੌਮ 6 ਸਾਲਾਂ ਲਈ ਇਸ ਅਹੁਦੇ `ਤੇ ਬਿਰਾਜਮਾਨ ਰਹੇਗੀ। ਮੈਕਸੀਕੋ ਦੀ ਸਮੁੱਚੀ ਜਨਤਾ ਅਤੇ ਖਾਸ ਕਰਕੇ ਔਰਤਾਂ ਨੂੰ ਉਸ ਤੋਂ ਬਹੁਤ ਉਮੀਦਾਂ ਹਨ। ਜਨਤਾ ਨੂੰ ਭਰੋਸਾ ਹੈ ਕਿ ਜੋ ਕੰਮ ਪਹਿਲੀਆਂ ਪਾਰਟੀਆਂ ਦੇ ਅਹੁਦੇਦਾਰ ਨਹੀਂ ਕਰ ਸਕੇ ਜਾਂ ਉਹ ਲੋਕਾਂ ਦੀਆਂ ਉਮੀਦਾਂ `ਤੇ ਪੂਰੀ ਤਰ੍ਹਾਂ ਨਹੀਂ ਉਤਰੇ ਉਹ ਕੰਮ ਹੁਣ ਵਧੇਰੇ ਸੁਚੱਜੇ ਢੰਗ ਨਾਲ ਹੋਣਗੇ। ਭਾਵੇਂ ਮੈਕਸੀਕੋ ਦਾ ਸਮਾਜ ਮਰਦ ਪ੍ਰਧਾਨ ਰਿਹਾ ਹੈ ਫਿਰ ਵੀ ਆਰਥਿਕ ਅਤੇ ਹੋਰ ਵਿਕਾਸ ਨਾਲ ਸੰਬੰਧਿਤ ਪ੍ਰੋਗਰਾਮ ਤੇ ਨੀਤੀਆਂ ਇਸ ਪ੍ਰਕਾਰ ਦੀਆਂ ਉਲੀਕੀਆਂ ਜਾਣਗੀਆਂ, ਜਿਸ ਵਿਚ ਔਰਤਾਂ ਦੇ ਹਿੱਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਮੈਕਸੀਕੋ ਵਿਚ ਕੁਝ ਇਲਾਕੇ ਇਹੋ ਜਿਹੇ ਹਨ ਜਿੱਥੇ ਮੂਲ ਮੈਕਸੀਕਨ ਨਿਵਾਸੀ ਰਹਿੰਦੇ ਹਨ। ਉਹ ਆਦੀਵਾਸੀ ਨਹੀਂ ਹਨ ਪਰ ਉਨ੍ਹਾਂ ਦਾ ਆਪਣਾ ਸਮਾਜਿਕ-ਸੱਭਿਆਚਾਰਕ ਭਾਈਚਾਰਾ ਹੈ। ਇਹ ਨਸਲਵਾਦ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਇਲਾਕਿਆਂ ਵਿਚ ਗਰੀਬੀ ਬਹੁਤ ਜ਼ਿਆਦਾ ਹੈ। 20% ਦੇ ਲਗਭਗ ਲੋਕ ਘੋਰ ਗਰੀਬੀ ਵਾਲੀ ਜ਼ਿੰਦਗੀ ਜੀ ਰਹੇ ਹਨ। ਇਸ ਗਰੀਬੀ ਦਾ ਭਾਰ ਔਰਤ ਸਮੁਦਾਇ ਉੱਪਰ ਵਧੇਰੇ ਹੈ। ਆਧੁਨਿਕ ਸਿਹਤ ਸਹੂਲਤਾਂ ਦੀ ਅਣਹੋਂਦ ਅਤੇ ਅਨਪੜ੍ਹਤਾ ਤੋਂ ਇਲਾਵਾ ਔਰਤਾਂ ਦੇ ਜ਼ਮੀਨੀ ਹੱਕ ਨਾ-ਮਾਤਰ ਹਨ। ਗਰੀਬੀ ਕਾਰਨ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਵੀ ਹੁੰਦੀਆਂ ਹਨ। ਵੋਟਾਂ ਦਾ ਕਾਰਜ ਸਮਾਪਤ ਹੋਣ ਉਪਰੰਤ ਜਦੋਂ ਪ੍ਰੈਸ ਰਿਪੋਰਟਰਾਂ ਨੇ ਇਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਅਸੀਂ ਸ਼ੀਨਬੌਮ ਨੂੰ ਵੋਟਾਂ ਉਸਦੇ ਔਰਤ ਹੋਣ ਦੇ ਨਾਲ ਨਾਲ ਉਸਦੀ ਕਾਬਲੀਅਤ ਅਤੇ ਮੇਅਰ ਦੇ ਤੌਰ `ਤੇ ਕੰਮ ਕਾਜ ਕਰਨ ਦੇ ਤਰੀਕੇ ਨੂੰ ਧਿਆਨ ਵਿਚ ਰੱਖਦਿਆਂ ਪਾਈਆਂ ਹਨ। ਸ਼ੀਨਬੌਮ ਜਿਸ ਮਰੀਨੋ ਪਾਰਟੀ ਦੇ ਉਮੀਦਵਾਰ ਵਲੋਂ ਜਿੱਤੀ ਹੈ ਉਸ ਦੀ ਵਿਚਾਰਧਾਰਾ ਖੱਬੇ ਪੱਖੀ ਹੋਣ ਕਾਰਨ ਲੋਕਾਂ ਦਾ ਵਿਸ਼ਵਾਸ ਹੈ ਕਿ ਇਹ ਪਾਰਟੀ ਲੋਕ ਪੱਖੀ ਕੰਮ ਕਾਜ ਨੂੰ ਪਹਿਲ ਦੇ ਆਧਾਰ `ਤੇ ਕਰੇਗੀ। ਇਸ ਵਾਸਤੇ ਹੁਣ ਸ਼ੀਨਬੌਮ ਉਪਰ ਸਭ ਦੀਆਂ ਆਸਾਂ ਉਮੀਦਾਂ ਟਿਕੀਆਂ ਹੋਈਆਂ ਹਨ।
1962 ਵਿਚ ਜਨਮੀ ਸ਼ੀਨਬੌਮ ਨੇ ਫਿਜæੀਕਸ ਦੀ ਗ੍ਰੈਜੂਏਸ਼ਨ ਤੋਂ ਬਾਅਦ ਉਚੇਰੀ ਪੜ੍ਹਾਈ ਦੀ ਡਿਗਰੀ ਵਾਤਾਵਰਨ ਨਾਲ ਸੰਬੰਧਿਤ ਵਿਸ਼ਿਆਂ ਵਿਚ ਹਾਸਲ ਕੀਤੀ ਜਿਸ ਵਿਚ ਉਸਨੂੰ ਨੋਬੇਲ ਸ਼ਾਂਤੀ ਪੁਰਸਕਾਰ ਵੀ ਮਿਲਿਆ। ਨੈਸ਼ਨਲ ਰੀਜੈਨਰੇਸ਼ਨ ਮੂਵਮੈਂਟ ਦੀ ਮਰੀਨੋ ਪਾਰਟੀ ਨੇ ਪਹਿਲਾਂ ਤੋਂ ਚਲੇ ਆ ਰਹੇ ਪ੍ਰੈਜ਼ੀਡੈਂਟ, ਲੋਪਸ ਓਬਰਾਡੋਰ ਤੋਂ ਬਾਅਦ ਮੌਜੂਦਾ ਆਮ ਚੋਣਾਂ ਦੌਰਾਨ ਸ਼ੀਨਬੌਮ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ। ਮੈਕਸਿਕੋ ਦੀਆਂ ਇਹ ਪਹਿਲੀਆਂ ਆਮ ਚੋਣਾਂ ਹਨ ਜਦੋਂ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਇਕ ਔਰਤ ਨੂੰ ਖੜ੍ਹਾ ਕੀਤਾ ਗਿਆ। ਸ਼ੀਨਬੌਮ ਦਾ ਸਮਾਜਿਕ ਮੁੱਦਿਆਂ ਪ੍ਰਤੀ ਫ਼ਿਕਰ ਅਤੇ ਰਾਜਨੀਤਕ ਮਸਲਿਆਂ ਪ੍ਰਤੀ ਰੁਚੀ ਕਾਰਨ ਉਸ ਨੇ ਸ਼ਾਨਦਾਰ ਜਿੱਤ ਵੀ ਪ੍ਰਾਪਤ ਕੀਤੀ। ਇਸ ਤੋਂ ਪਹਿਲੇ ਇਸੇ ਪਾਰਟੀ ਦੇ ਲੀਡਰ ਓਬਰਾਡੋਰ ਨੇ ਵੀ ਮੈਕਸੀਕੋ ਦੀ ਰਾਜਨੀਤੀ ਅਤੇ ਅਰਥਚਾਰੇ ਨੂੰ ਮੁੜ ਸੰਵਾਰਨ ਦੇ ਪੁਰਜ਼ੋਰ ਯਤਨ ਕੀਤੇ ਸਨ ਪਰ ਵਿਰੋਧੀ ਪਾਰਟੀਆਂ ਨੇ ਉਸ ਨੂੰ ਕਈ ਮੁੱਦਿਆਂ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਸੀ। ਜਿਵੇਂ ਕੰਮ ਵਿਚ ਰੁਕਾਵਟਾਂ ਪਾਉਣੀਆਂ, ਉਲੀਕੇ ਗਏ ਪ੍ਰੋਗਰਾਮ ਵਿਚ ਬੇਤੁਕੀਆਂ ਗ਼ਲਤੀਆਂ ਕੱਢਣੀਆਂ, ਜਾਂ ਦੂਸ਼ਣਬਾਜ਼ੀ ਕਰਨਾ ਵਿਰੋਧੀ ਧਿਰਾਂ ਦਾ ਆਮ ਹੀ ਕੰਮ ਹੁੰਦਾ ਹੈ। ਕੋਈ ਵੀ ਸੱਤਾਧਾਰੀ ਪਾਰਟੀ ਜਾਂ ਸ਼ਖ਼ਸੀਅਤ ਕਿਸੇ ਕਾਰਨ ਜਦੋਂ ਵੱਡੀ ਗਿਣਤੀ ਦੇ ਮੁਫਾਦਾਂ ਨੂੰ ਪੂਰਾ ਕਰਨ ਵਿਚ ਸਫ਼ਲ ਨਹੀਂ ਹੁੰਦੀ ਜਾਂ ਉਹ ਕੁਝ ਕੁ ਮੁੱਠੀ ਭਰ ਲੋਕਾਂ ਦੇ ਹੱਥਾਂ ਵਿਚ ਖੇਡਣ ਲੱਗਦੀ ਹੈ ਤੇ ਲੋਕਾਂ ਦੇ ਆਮ ਮੁੱਦੇ ਸਿੱਖਿਆ, ਸਿਹਤ, ਰੁਜ਼ਗਾਰ ਆਦਿ ਨਜ਼ਰ-ਅੰਦਾਜ਼ ਹੁੰਦੇ ਹਨ ਤਾਂ ਉਸ ਸੱਤਾ ਦਾ ਬਦਲਾਓ ਨਿਸ਼ਚਿਤ ਹੁੰਦਾ ਹੈ। ਇਸ ਸਮੇਂ ਮੈਕਸੀਕੋ ਕੁਝ ਇਸੇ ਪ੍ਰਕਾਰ ਦੀ ਸਥਿਤੀ ਵਿਚੋਂ ਲੰਘ ਰਿਹਾ ਸੀ। ਇਸ ਵਾਸਤੇ ਲੋਕ ਵੀ ਤਬਦੀਲੀ ਚਾਹੁੰਦੇ ਸਨ। ਸ਼ੀਨਬੌਮ ਦੇ ਸੱਤਾ ਵਿਚ ਆਉਣ ਤੋਂ ਭਾਵ ਹੈ ਮੈਕਸੀਕੋ, ਜਿੱਥੇ 200 ਸਾਲਾਂ ਤੋਂ ਮਰਦ ਪ੍ਰਧਾਨ ਸਮਾਜ ਚਲਿਆ ਆ ਰਿਹਾ ਹੈ, ਧਾਰਮਿਕ ਤੌਰ `ਤੇ ਲੋਕ ਕੈਥੋਲਿਕ ਵਿਚਾਰਧਾਰਾ ਦੇ ਹਨ, ਰਾਜਨੀਤਕ ਕਾਰਜਾਂ ਵਿਚ ਵੱਡੇ ਕਾਰਪੋਰੇਟ ਘਰਾਣਿਆਂ ਦੀ ਦਖ਼ਲਅੰਦਾਜ਼ੀ ਹੈ, ਹੁਣ, ਉਨ੍ਹਾਂ ਦੀ ਜਿਊ ਭਾਈਚਾਰੇ ਤੋਂ ਇਕ ਔਰਤ ਲੀਡਰ ਹੋਵੇਗੀ, ਜਿਹੜੀ ਉਚ ਸਿੱਖਿਆ ਪ੍ਰਾਪਤ, ਸਾਇੰਸਦਾਨ ਅਤੇ ਵਾਤਾਵਰਣ ਮਾਹਿਰ ਹੈ। ਪਹਿਲੀ ਅਕਤੂਬਰ 2024, ਨੂੰ ਆਫ਼ਿਸ ਸੰਭਾਲਣ ਤੋਂ ਬਾਅਦ ਨਵੀਂ ਲੀਡਰਸ਼ਿਪ ਨੂੰ ਪੁਰਾਣੀਆਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ ਅਤੇ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਕੁਝ ਮੁੱਖ ਚੁਣੌਤੀਆਂ ਹਨ:
ਆਮ ਸੁਰੱਖਿਆ ਨਾਲ ਸੰਬੰਧਿਤ ਮਸਲੇ, ਡਰੱਗ ਮਾਫ਼ੀਆ ਅਤੇ ਸੋਚੇ ਸਮਝੇ ਢੰਗ ਨਾਲ ਹੁੰਦੇ ਜੁਰਮ, ਖਾਸ ਸਮੁਦਾਇ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਉੱਪਰ ਹੁੰਦੇ ਕਤਲੇਆਮ ਦੇ ਕੇਸ, ਔਰਤਾਂ ਵਿਰੁੱਧ ਘਰੇਲੂ ਹਿੰਸਾ, ਆਰਥਿਕਤਾ ਨਾਲ ਸੰਬੰਧਿਤ ਮਸਲੇ ਖਾਸ ਤੌਰ `ਤੇ ਵਿੱਤੀ ਸੰਕਟ, ਗੁਆਂਢੀ ਦੇਸ਼ਾਂ ਨਾਲ ਦੁਵੱਲੇ ਵਪਾਰਕ ਸੰਬੰਧ, ਊਰਜਾ ਸਰੋਤ ਅਤੇ ਵਾਤਾਵਰਣ ਤਬਦੀਲੀ ਨਾਲ ਸੰਬੰਧਿਤ ਮੁਸ਼ਕਲਾਂ ਅਤੇ ਨਾਜਾਇਜ਼ ਢੰਗ ਤਰੀਕਿਆਂ ਨਾਲ ਹੁੰਦੀ ਮਾਈਗਰੇਸ਼ਨ ਆਦਿ।
ਸਭ ਤੋਂ ਵੱਡੀ ਮੁਸ਼ਕਿਲ ਸੀ ਮੈਕਸੀਕੋ ਦੇ ਜੰਗਲਾਂ ਵੱਲੋਂ ਹੋ ਕੇ ਜਾਂ ਦਰਿਆ ਆਦਿ ਪਾਰ ਕਰ ਕੇ ਲਾਤੀਨੀ ਅਤੇ ਦੱਖਣੀ ਅਮਰੀਕਾ ਦੇ ਪ੍ਰਵਾਸੀਆਂ ਦਾ ਅਮਰੀਕਾ ਦੀ ਧਰਤੀ `ਤੇ ਪਹੁੰਚਣਾ। ਮੈਕਸੀਕੋ ਦੇ ਗਰੀਬ ਲੋਕ ਵੀ ਮਜ਼ਦੂਰੀ ਅਤੇ ਹੋਰ ਨਿੱਕੇ ਮੋਟੇ ਕੰਮ ਦੀ ਭਾਲ ਖ਼ਾਤਰ ਅਮਰੀਕਾ ਵਿਚ ਦਾਖ਼ਲ ਹੋਣ ਦਾ ਯਤਨ ਕਰਦੇ ਹਨ ਅਤੇ ਉੱਥੇ ਲੁਕ ਛਿਪ ਕੇ ਰਹਿੰਦੇ ਹਨ। ਭਾਵੇਂ ਅਮਰੀਕਾ ਦੀ ਸਰਕਾਰ ਮੰਨੇ ਚਾਹੇ ਨਾ, ਇਹ ਸੱਚਾਈ ਹੈ ਕਿ ਅਮਰੀਕਾ ਦੀ ਖੇਤੀਬਾੜੀ ਵਿਚ 40% ਤੋਂ 50% ਮੈਕਸੀਕੇ ਹੀ ਕੰਮ ਕਰਦੇ ਹਨ ਜਿਹੜੇ ਨਾਜਾਇਜ਼ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਹਨ। ਦੂਜੀ ਵੱਡੀ ਸਮੱਸਿਆ ਡਰੱਗ ਮਾਫ਼ੀਆ ਤੇ ਗੈਂਗਸਟਰਾਂ ਦੀ ਹੈ। ਉਹ ਡਰੱਗ ਦੇ ਨਾਜਾਇਜ਼ ਧੰਦੇ ਦੇ ਨਾਲ ਨਾਲ ਗੈਂਗ ਹਿੰਸਾ ਵੀ ਕਰਦੇ ਹਨ ਅਤੇ ਵੱਡੀ ਪੱਧਰ ਦੀਆਂ ਲੁੱਟਾਂ ਖੋਹਾਂ ਨੂੰ ਅੰਜ਼ਾਮ ਦਿੰਦੇ ਹਨ। ਇਹ ਇਸ ਵੇਲੇ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਤੁਰੰਤ ਹੱਲ ਕਰਨਾ ਸਰਕਾਰ ਦੀ ਜਿੰLਮੇਵਾਰੀ ਹੈ। ਇਸ ਤੋਂ ਇਲਾਵਾ ਅਮਰੀਕਾ ਅਤੇ ਮੈਕਸੀਕੋ ਵਿਚਾਲੇ ਵਪਾਰ ਦਾ ਰੌਲਾ ਵੀ ਹੈ। ਉਦਾਹਰਣ ਵਜੋਂ ਮੈਕਸੀਕੋ ਦੀ ਮੱਕੀ ਜੈਵਿਕ ਨਹੀਂ ਹੈ। ਪਰ ਅਮਰੀਕਾ ਵਿਚ ਮੱਕੀ ਦੀਆਂ ਛੱਲੀਆਂ ਦੀ ਮੰਗ ਵਧੇਰੇ ਹੈ। ਇਵੇਂ ਹੀ ਕੋਲੋਰਾਡੋ ਅਤੇ ਰੀਓ ਗਰਾਂਡੇ ਦੇ ਦਰਿਆਵਾਂ ਦੇ ਪਾਣੀ ਬਾਰੇ 1944 ਵਿਚ ਹੋਈ ਸੰਧੀ ਬਾਰੇ ਵੀ ਰੇੜਕਾ ਚੱਲ ਰਿਹਾ ਹੈ। ਵਾਤਾਵਰਨ ਵਿਚ ਹੋਈਆਂ ਤਬਦੀਲੀਆਂ ਕਾਰਨ ਮੈਕਸੀਕੋ 80 ਸਾਲ ਪਹਿਲਾਂ ਹੋਏ ਸਮਝੌਤੇ ਮੁਤਾਬਕ ਅਮਰੀਕਾ ਨੂੰ ਪਾਣੀ ਦੇਣ ਤੋਂ ਇਨਕਾਰੀ ਹੈ।
ਜਿੱਤ ਦੇ ਐਲਾਨ ਤੋਂ ਤੁਰੰਤ ਬਾਅਦ ਸ਼ੀਨਬੌਮ ਨੇ ਆਪਣੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਦੁਹਰਾਇਆ ਕਿ ਉਹ ਮੈਕਸੀਕੋ ਦੇ 200 ਸਾਲਾਂ ਦੀ ਜ਼ਮਹੂਰੀਅਤ ਦੇ ਕਾਲ ਦੌਰਾਨ ਪਹਿਲੀ ਔਰਤ ਪ੍ਰੈਜ਼ੀਡੈਂਟ ਬਣਨ ਜਾ ਰਹੀ ਹੈ ਜਿਸ ਦੇ ਪਿੱਛੇ ਉਸ ਦੀਆਂ ਸਾਰੀਆਂ ਸਹੇਲੀਆਂ, ਨਾਨੀਆਂ, ਦਾਦੀਆਂ, ਮਾਵਾਂ, ਭੈਣਾਂ, ਧੀਆਂ, ਦੋਹਤੀਆਂ ਤੇ ਪੋਤੀਆਂ ਦੀ ਨਿਰੰਤਰ ਅਤੇ ਸਖ਼ਤ ਘਾਲਣਾ ਹੈ, ਜਿਹੜੀਆਂ 200 ਸਾਲ ਤੋਂ ਮਰਦ ਪ੍ਰਧਾਨ ਸਮਾਜਿਕ ਵਰਤਾਰੇ ਤਹਿਤ ਅਧੀਨਗੀ ਵਾਲੀ ਜ਼ਿੰਦਗੀ ਬਤੀਤ ਕਰ ਰਹੀਆਂ ਸਨ। ਹੁਣ ਇਸ ਵਰਤਾਰੇ ਵਿਚ ਸੋਧ ਕੀਤੀ ਜਾਵੇਗੀ। ਮਰਦ-ਔਰਤ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨ ਦੇ ਯਤਨ ਕੀਤੇ ਜਾਣਗੇ। ਮਰਦਾਂ ਦੇ ਭਰਪੂਰ ਸਾਥ ਨਾਲ ਔਰਤਾਂ ਦੇ ਜੀਵਨ ਪੱਧਰ ਵਿਚ ਸੁਧਾਰ ਕਰਨ ਦੇ ਯਤਨ ਕੀਤੇ ਜਾਣਗੇ। ਸ਼ੀਨਬੌਮ ਨੇ ਭਰੋਸਾ ਦਿਵਾਇਆ ਹੈ ਕਿ ਆਰਥਿਕ- ਸਮਾਜਿਕ ਸੁਧਾਰਾਂ, ਨੀਤੀਆਂ ਤੇ ਪ੍ਰੋਗਰਾਮਾਂ ਨੂੰ ਔਰਤਾਂ ਦੇ ਦ੍ਰਿਸ਼ਟੀਕੋਣ ਤੋਂ ਵੀ ਵਿਚਾਰਿਆ ਤੇ ਲਾਗੂ ਕੀਤਾ ਜਾਵੇਗਾ। ਹਰੇਕ ਨੀਤੀ ਅਤੇ ਪ੍ਰੋਗਰਾਮ ਜੈਂਡਰ ਸੰਵੇਦਨਸ਼ੀਲ ਹੋਵੇਗਾ।
ਸੋ ਹੁਣ ਆਸ ਕੀਤੀ ਜਾਂਦੀ ਹੈ ਕਿ ਸ਼ੀਨਬੋਮ ਦੇ ਕਾਰਜ ਕਾਲ ਦੌਰਾਨ ਹੋਰ ਸਮੱਸਿਆਵਾਂ ਤੋਂ ਇਲਾਵਾ ਬੇਤਹਾਸ਼ਾ ਤੇ ਬੇਰੋਕ ਟੋਕ ਹੋ ਰਹੀਆਂ ਹਿੰਸਕ ਘਟਨਾਵਾਂ ਉੱਪਰ ਕਾਬੂ ਪਾਇਆ ਜਾਵੇ। ਇਸ ਵਿਚ ਔਰਤਾਂ ਉੱਪਰ ਹੋ ਰਹੀਆਂ ਘਰੇਲੂ ਹਿੰਸਕ ਵਾਰਦਾਤਾਂ ਉੱਪਰ ਵਿਸ਼ੇਸ਼ ਤਵੱਜੋ ਦੇਣੀ ਬਣਦੀ ਹੈ। ਨਾਜਾਇਜ਼ ਢੰਗਾਂ ਨਾਲ ਹੋ ਰਹੀ ਮਾਈਗਰੇਸ਼ਨ ਨੂੰ ਨਿਯਮਬੱਧ ਕਰਨ ਵਾਸਤੇ ਯੋਗ ਮਾਈਗਰੇਸ਼ਨ ਪਾਲਸੀ ਉਲੀਕੀ ਜਾਵੇ ਤਾਂ ਕਿ ਮਜਬੂਰੀ ਵਿਚ ਹੁੰਦੀ ਮਾਈਗਰੇਸ਼ਨ ਤਹਿਤ ਨੌਜਵਾਨਾਂ ਦੀਆਂ ਅਜਾਈਂ ਜਾਂਦੀਆਂ ਜਾਨਾਂ ਬਚਾਈਆਂ ਜਾ ਸਕਣ। ਔਰਤਾਂ ਦੇ ਅਧਿਕਾਰਾਂ ਦੀ ਸਪਸ਼ਟ ਸੂਚੀ ਹੋਵੇ। ਭਾਵੇਂ 70 ਸਾਲ ਪਹਿਲਾਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਸੀ ਪਰ ਅਜੇ ਵੀ ਇਸ ਅਧਿਕਾਰ ਦੀ ਵਰਤੋਂ ਮਰਦਾਂ ਦੀ ਦੇਖ-ਰੇਖ ਹੇਠ ਹੀ ਹੁੰਦੀ ਆ ਰਹੀ ਹੈ। ਇਸ ਬਾਰੇ ਔਰਤਾਂ ਨੂੰ ਜਾਗਰੂਕ ਅਤੇ ਸੁਚੇਤ ਕਰਨ ਦੀ ਲੋੜ ਹੈ। ਉਸਨੇ ਆਪ ਵੀ ਕਿਹਾ ਕਿ ਆਉਂਦੇ ਅਕਤੂਬਰ ਤੱਕ ਆਫ਼ਿਸ ਗ੍ਰਹਿਣ ਕਰਨ ਉਪਰੰਤ ਉਹ ਮੁੱਖ ਰੂਪ ਵਿਚ ਸਮਾਜਿਕ ਮੁੱਦਿਆਂ ਉੱਪਰ ਆਪਣਾ ਧਿਆਨ ਕੇਂਦਰਿਤ ਕਰੇਗੀ। ਜਿਸ ਵਿਚ ਬੇਮੁਹਾਰੀਆਂ ਹਿੰਸਕ ਵਾਰਦਾਤਾਂ, ਖਾਸ ਕਰਕੇ ਔਰਤਾਂ ਉੱਪਰ ਹੁੰਦੀ ਘਰੇਲੂ ਹਿੰਸਾ ਨੂੰ ਠੱਲ੍ਹ ਪਾਉਣਾ ਅਤੇ ਆਮ ਨਾਗਰਿਕ ਨੂੰ ਸੁਰੱਖਿਆ ਪ੍ਰਦਾਨ ਕਰਨੀ ਵਿਸ਼ੇਸ਼ ਕਾਰਜ ਹੋਣਗੇ। ਨਾਲ ਹੀ ਅਮਰੀਕਾ ਅਤੇ ਮੈਕਸੀਕੋ ਵਿਚਾਲੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾਣਗੇ। ਸ਼ੀਨਬੌਮ ਦੇ ਸੱਤਾ ਵਿਚ ਆਉਣ ਨੇ ਔਰਤਾਂ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਹੈ ਕਿ ਜਿੰLਦਗੀ ਵਿਚ ਭਾਵੇਂ ਕਿਸੇ ਵੀ ਪ੍ਰਕਾਰ ਦੀਆਂ ਔਕੜਾਂ, ਮੁਸ਼ਕਲਾਂ ਅਤੇ ਅੜਚਨਾਂ ਹੋਣ, ਜੇਕਰ ਉਨ੍ਹਾਂ ਦਾ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਤੁਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹੋ। ਪਹਿਲਾਂ ਸ਼ੀਨਬੌਮ ਦੀ ਨਾਮਜ਼ਦਗੀ ਅਤੇ ਬਾਅਦ ਵਿਚ ਉਸ ਦੀ ਜਿੱਤ ਉਪਰੰਤ ਦੂਜੀਆਂ ਪਾਰਟੀਆਂ ਅਤੇ ਵਿਰੋਧੀਆਂ ਵਲੋਂ ਉਸ ਦੀ ਵਿਚਾਰਧਾਰਾ ਅਤੇ ਕਾਬਲੀਅਤ ਬਾਰੇ ਅਨੇਕਾਂ ਹੀ ਸ਼ੰਕੇ ਅਤੇ ਸੁਆਲ ਖੜ੍ਹੇ ਕੀਤੇ ਜਾ ਰਹੇ ਸਨ, ਜਿਸ ਦਾ ਉਸ ਨੇ ਡਟ ਕੇ ਸਾਹਮਣਾ ਕੀਤਾ। ਇਵੇਂ ਤੁਸੀਂ 200 ਸਾਲ ਪੁਰਾਣੀਆਂ ਪਿਰਤਾਂ ਨੂੰ ਵੀ ਮੋੜਾ ਦੇ ਕੇ ਇਤਿਹਾਸ ਸਿਰਜ ਸਕਦੇ ਹੋ। ਪਰ ਉਦੇਸ਼ ਦੀ ਪ੍ਰਾਪਤੀ ਸਾਰਿਆਂ ਦੇ ਮਿਲਵਰਤਨ ਨਾਲ ਹੀ ਕੀਤੀ ਜਾ ਸਕਦੀ ਹੈ। ਇਸ ਵਾਸਤੇ ਆਪ ਅਤੇ ਆਪਣੇ ਆਲੇ-ਦੁਆਲੇ ਨੂੰ ਸਿੱਖਿਅਤ, ਸਿਹਤਮੰਦ ਅਤੇ ਮਾਨਸਿਕ ਤੌਰ `ਤੇ ਸੁਰੱਖਿਅਤ ਬਣਾਉਣਾ ਲਾਜ਼ਮੀ ਹੈ।
ਸ਼ੀਨਬੌਮ ਤੋਂ ਔਰਤ ਸਮੂਹ ਨੂੰ ਬਹੁਤ ਆਸਾਂ ਉਮੀਦਾਂ ਹਨ ਕਿ ਉਹ ਮੈਕਸੀਕੋ ਦੇ ਮਰਦ ਪ੍ਰਧਾਨ ਸਮਾਜ ਦੀਆਂ ਪੁਰਾਣੀਆਂ, ਬੇਤੁਕੀਆਂ, ਬੇਲੋੜੀਆਂ ਅਤੇ ਨਕਾਰਾਤਮਕ ਰਵਾਇਤਾਂ ਨੂੰ ਤੋੜਦੇ ਹੋਏ ਸਮਾਜ ਅਤੇ ਦੇਸ਼ ਨੂੰ ਵਿਕਾਸ ਦੇ ਰਾਹ `ਤੇ ਪਾਵੇਗੀ।