ਹਰਜਿੰਦਰ ਕੰਗ
ਫੋਨ: +1-559-917-4890
ਭਾਸ਼ਾ ਜੀਵਨ ਦਾ ਸਾਰ ਹੁੰਦੀ ਹੈ। ਇਸ ਨੇ ਮਨੁੱਖ ਜਾਤੀ ਦੇ ਵਿਕਾਸ ਅੰਦਰ ਪੜਾਅ-ਦਰ-ਪੜਾਅ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਸੰਸਾਰ ਭਰ ਦੇ ਮਾਹਿਰ ਭਾਸ਼ਾ ਦੀ ਇਸ ਤਾਕਤ ਦੀ ਮਹਿਮਾ ਗਾਉਂਦੇ ਹਨ ਪਰ ਪੰਜਾਬੀ ਇਸ ਪੱਖੋਂ ਅਵੇਸਲੇ ਹੀ ਨਜ਼ਰ ਆਉਂਦੇ ਹਨ। ਉਘੇ ਸ਼ਾਇਰ ਅਤੇ ਗੀਤਕਾਰ ਹਰਜਿੰਦਰ ਕੰਗ ਨੇ ਭਾਸ਼ਾ ਬਾਰੇ ਹਕੀਕਤਾਂ ਬਿਆਨ ਕਰਦਿਆਂ ਪੰਜਾਬੀਆਂ ਨੂੰ ਝੰਜੋੜਨ ਦਾ ਯਤਨ ਕੀਤਾ ਹੈ।
ਕਹਾਵਤ ਹੈ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪੰਜਾਬੀ ਜਦੋਂ ਦੇ ਜੰਮੇ ਨੇ, ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਮੁਹਿੰਮ ਛਿੜੀ ਹੋਈ ਹੈ। ਭਾਸ਼ਾ ਨੂੰ ਫੈਲਾਉਣ ਦੀ ਹਾਲਤ ਤੱਕ ਪੁੱਜ ਨਹੀਂ ਹੋਇਆ, ਹਰ ਦੌਰ `ਚ ਬਚਾਉਣ ਦੀ ਜੱਦੋ-ਜਹਿਦ ਹੁੰਦੀ ਰਹੀ ਹੈ। ਬਾਬਾ ਫਰੀਦ ਤੋਂ ਪੰਜਾਬੀ ਭਾਸ਼ਾ ਦਾ ਮੁੱਢ ਮੰਨਿਆ ਜਾਂਦਾ ਹੈ, ਭਾਵੇਂ ਇਸ ਤੋਂ ਕਈ ਸਦੀਆਂ ਪਹਿਲਾਂ ਪੰਜਾਬੀ ਦੇ ਅੱਖਰ ਤੇ ਲਿਪੀ ਦੀ ਹੋਂਦ ਦੇ ਹਵਾਲੇ ਦੱਸੇ ਜਾਂਦੇ ਨੇ। ਗੁਰਮੁਖੀ ਲਿਪੀ ਭਾਰਤ ਦੀ ਪ੍ਰਾਚੀਨ ਲਿਪੀ ਬ੍ਰਹਮੀ ਵਿਚੋਂ ਵਿਕਸਿਤ ਹੋਈ। ਸ਼ਾਰਦਾ, ਟਾਕਰੀ ਤੇ ਲੰਡੇ ਲਿਪੀਆਂ ਨਾਲ ਗੁਰਮੁਖੀ ਦੇ ਚਿੰਨ੍ਹ ਵੀ ਆਪਸ ਵਿਚ ਮਿਲਦੇ ਜੁਲਦੇ ਨੇ ਤੇ ਅੱਖਰ ਵੀ ਲਗਭਗ ਬਰਾਬਰ ਨੇ। ਸ਼ਾਰਦਾ ਤੇ ਟਾਕਰੀ ਦੇ 37, ਲੰਡੇ ਦੇ 30 ਤੇ ਗੁਰਮੁਖੀ ਦੇ 35। ਗੁਰਮੁਖੀ ਦੇ 7 ਅੱਖਰ ੲ, ਕ, ਗ, ਟ, ਠ, ਥ, ਬ ਅਜਿਹੇ ਹਨ ਜੋ ਸਿੰਧੂ ਘਾਟੀ ਨਾਲ ਮੇਲ ਖਾਂਦੇ ਹਨ। ਇਨ੍ਹਾਂ ਅੱਖਰਾਂ ਦਾ ਇਤਿਹਾਸ ਤਿੰਨ ਚਾਰ ਹਜ਼ਾਰ ਸਾਲ ਪੁਰਾਣਾ ਹੈ। ਹਰਦਵਾਰ, ਕਾਂਗੜਾ, ਪਹੇਵਾ ਆਦਿ ਦੇ ਪਾਂਡਿਆਂ ਦੀਆਂ ਵਹੀਆਂ ਜੋ ਗੁਰੂ ਸਾਹਿਬਾਨ ਤੋਂ ਚੋਖਾ ਚਿਰ ਪਹਿਲਾਂ ਦੀਆਂ ਹਨ, ਵਿਚ ਗੁਰਮੁਖੀ ਵਰਗੀ ਲਿਖਤ ਮਿਲਦੀ ਹੈ। ਜ਼ਿਲ੍ਹਾ ਲੁਧਿਆਣਾ ਦੇ ਇਕ ਪਿੰਡ ਦੇ ਮਕਬਰੇ `ਚੋਂ 15ਵੀਂ ਸਦੀ ਦੇ ਉੱਕਰੇ ਅੱਖਰ ਮਿਲੇ ਹਨ ਜੋ ਗੁਰਮੁਖੀ ਅੱਖਰਾਂ ਵਰਗੇ ਹਨ। ਡਾ. ਤਰਲੋਚਨ ਸਿੰਘ ਬੇਦੀ ਨੇ ਪੰਜਾਬੀ ਵਾਰਤਕ ਦੀ ਇਕ ਹੱਥ ਲਿਖਤ ਲੱਭੀ ਹੈ- ‘ਏਕਾਦਸ਼ੀ ਮਹਾਤਮ’ ਜੋ 13ਵੀਂ-14ਵੀਂ ਸਦੀ ਦੀ ਹੈ ਜਿਸ ਵਿਚ ਲਿਪੀ ਤੇ ਅੱਖਰ ਬਿਲਕੁਲ ਗੁਰਮੁਖੀ ਦੇ ਹੀ ਜਾਪਦੇ ਹਨ। ਸੋ, ਗੁਰਮੁਖੀ ਪ੍ਰਾਚੀਨ ਲਿਪੀ ਵੀ ਹੈ ਤੇ ਸੰਸਾਰ ਦੀਆਂ ਵਿਕਸਿਤ ਲਿਪੀਆਂ ਵਿਚੋਂ ਪ੍ਰਮੁਖ ਵਿਕਸਿਤ ਲਿਪੀ ਵੀ ਹੈ।
ਪੰਜਾਬੀ ਦਾ ਵਿਕਾਸ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਅੰਗਰੇਜ਼ੀ ਅਤੇ ਕੁਝ ਹੋਰ ਵਿਕਸਿਤ ਭਾਸ਼ਾਵਾਂ ਦਾ ਹੋਇਆ। 17ਵੀਂ ਸਦੀ ਦੇ ਅੰਤ ਜਿਹੇ `ਚ ਬ੍ਰਿਟਿਸ਼ ਰਾਜ ਫੈਲਣ ਨਾਲ ਆਧੁਨਿਕ ਅੰਗਰੇਜ਼ੀ ਮਜ਼ਬੂਤੀ ਨਾਲ ਜੜ੍ਹਾਂ ਲਾਉਂਦੀ ਅਤੇ ਫੈਲਦੀ ਹੈ। ਸੰਪਰਕ, ਵਿੱਦਿਆ ਤੇ ਵਪਾਰ ਦੀ ਭਾਸ਼ਾ ਬਣ ਜਾਣ ਕਾਰਨ 20ਵੀਂ ਸਦੀ ਦੇ ਦੂਜੇ ਅੱਧ ਤੱਕ ਦੁਨੀਆ ਦੀ ਭਾਸ਼ਾ ਦਾ ਦਰਜਾ ਹਾਸਿਲ ਕਰ ਲੈਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਗੋਰਿਆਂ ਨੇ ਦੁਨੀਆ ’ਤੇ ਰਾਜ ਕੀਤਾ; ਉਹ ਜਿੱਥੇ-ਜਿੱਥੇ ਗਏ, ਆਪਣੀ ਭਾਸ਼ਾ, ਸਾਹਿਤ, ਸੰਸਕ੍ਰਿਤੀ ਤੇ ਜੀਵਨ-ਸ਼ੈਲੀ ਦੀ ਛਾਪ ਛੱਡੀ। ਇਸ ਦੇ ਉਲਟ, ਪੰਜਾਬ ਵਿਚ ਜਿਹੜਾ ਵੀ ਸ਼ਾਸਕ ਆਇਆ, ਉਸਨੇ ਆਪਣੀ ਛਾਪ ਪੰਜਾਬ ’ਤੇ ਛੱਡੀ। ਮੁਗਲਾਂ ਨੇ ਆਪਣੀ ਭਾਸ਼ਾ, ਸਭਿਆਚਾਰ, ਆਧਾਰ ਸੰਰਚਨਾ (ਇੰਫਰਾਸਟਰੱਕਚਰ) ਆਪਣੇ ਰੰਗ-ਢੰਗ ਦਾ ਸਥਾਪਿਤ ਕੀਤਾ। ਮਹਿਮੂਦ ਗਜ਼ਨਵੀ ਨੇ 1003 ਈਸਵੀ ਵਿਚ ਫ਼ਾਰਸੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾ ਦਿੱਤਾ। ਸੰਨ ਹਿਜਰੀ ਵੀ ਪ੍ਰਚਲਿਤ ਕਰ ਦਿੱਤਾ। 1832 ਈਸਵੀ ਵਿਚ ਗੋਰਿਆਂ ਨੇ ਫਾਰਸੀ ਹਟਾ ਕੇ ਉਰਦੂ ਸਰਕਾਰੀ ਭਾਸ਼ਾ ਬਣਾ ਦਿਤੀ। ਫਿਰ 1835 ਈਸਵੀ ਵਿਚ ਭਾਰਤ ਦੀ ਸਰਕਾਰੀ ਜ਼ੁਬਾਨ ਅੰਗਰੇਜ਼ੀ ਕਰ ਦਿੱਤੀ ਗਈ।
ਗੁਰੂਆਂ ਦਾ ਜੀਵਨ, ਸੰਘਰਸ਼ ਤੇ ਯੁੱਧਾਂ ਵਿਚ ਹੀ ਬੀਤਿਆ। ਬੰਦਾ ਸਿੰਘ ਬਹਾਦਰ ਤੱਕ ਲਗਾਤਾਰ ਯੁੱਧ ਹੋਏ। 1710 ਈਸਵੀ ਵਿਚ ਸਰਹਿੰਦ ਦੀ ਜਿੱਤ ਸਮੇਂ ਬੰਦਾ ਸਿੰਘ ਬਹਾਦਰ ਨੇ ਆਪਣਾ ਪ੍ਰਸ਼ਾਸਨੀ ਸਾਲ ਸ਼ੁਰੂ ਕੀਤਾ ਪਰ ਬਾਕਾਇਦਾ ਸ਼ਾਸਨ ਪ੍ਰਣਾਲੀ ਸਥਾਪਿਤ ਕਰਨ ਲਈ ਉਸ ਪਾਸ ਸਮਾਂ ਨਹੀਂ ਸੀ। ਉਸਨੇ ਭਾਵੇਂ ਗੁਰੂ ਦੇ ਨਾਂ ’ਤੇ ਸਿੱਕੇ ਵੀ ਚਲਾਏ ਜਿਨ੍ਹਾਂ ’ਤੇ ਫ਼ਾਰਸੀ ਵਿਚ ਉੱਕਰਿਆ ਹੋਇਆ ਸੀ:
ਸਿਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਬ ਅਸਤ।
ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਾਹਾਨ ਫਜ਼ਲਿ ਸਚਾ ਸਾਹਿਬ ਅਸਤ।
ਬੰਦਾ ਸਿੰਘ ਬਹਾਦਰ ਸਰਕਾਰੀ ਮੋਹਰ ਵੀ ਬਣਾਈ ਜਿਸ ’ਤੇ ਉੱਕਰਿਆ ਹੋਇਆ ਸੀ:
ਦੇਗ ਉ ਤੇਗ ਉ ਫਤਹਿ ਉ ਨੁਸਰਤ ਬ-ਦਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ (ਸਰਕਾਰ ਖ਼ਾਲਸਾ) ਸਮੇਂ ਵੀ ਪੰਜਾਬ ਦੀ ਸਰਕਾਰੀ ਭਾਸ਼ਾ ਫ਼ਾਰਸੀ ਹੀ ਰਹਿੰਦੀ ਹੈ। ਕਹਿੰਦੇ ਨੇ, ਮਹਾਰਾਜਾ ਰਣਜੀਤ ਸਿੰਘ ਪੜ੍ਹਿਆ ਲਿਖਿਆ ਨਹੀਂ ਸੀ। ਕੋਈ ਹੁਕਮ ਸੁਣਾਉਣਾ ਹੁੰਦਾ ਸੀ ਤਾਂ ਬੋਲ ਕੇ ਸੁਣਾਉਂਦਾ ਹੁੰਦਾ ਸੀ। ਫਾਰਸੀ ਦੀ ਗੱਲਬਾਤ ਦਾ ਸਾਰਅੰਸ਼ ਸਮਝ ਲੈਂਦਾ ਸੀ। ਸਿੱਕਿਆਂ ’ਤੇ ਵੀ ਉਹੀ ਬੰਦਾ ਸਿੰਘ ਬਹਾਦਰ ਦੀ ਮੋਹਰ ਵਾਲੀਆਂ ਫਾਰਸੀ ਪੰਗਤੀਆਂ ਉੱਕਰੀਆਂ ਹੋਈਆਂ ਸੀ।
ਕੋਈ ਵੀ ਰਾਜ ਇਸ ਤਰ੍ਹਾਂ ਮੁਕੰਮਲ ਸਥਾਪਿਤ ਨਹੀਂ ਹੋ ਸਕਿਆ ਕਿ ਭਾਸ਼ਾ ਤੇ ਸਭਿਆਚਾਰ ਦਾ ਵਿਕਾਸ ਕੀਤਾ ਜਾ ਸਕੇ ਸਗੋਂ ਸਮੇਂ-ਸਮੇਂ ਰਾਜਸੀ ਅਸਥਿਰਤਾ ਤੇ ਰਾਜਸੀ ਗੁਲਾਮੀ ਅਜੀਤ ਭਾਸ਼ਾ ਨੂੰ ਬਚਾਉਣ ਲਈ ਨਾਅਰਾ ਮਾਰਨਾ ਪਿਆ। ਇਕ ਵੇਲੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਬਾਦਸ਼ਾਹਤ ਸਮੇਂ ਲੋਕਾਈ ਨੂੰ ਆਪਣੇ ਰਹਿਣ-ਸਹਿਣ, ਵੇਸ-ਵਸਤਰ ਤੇ ਬੋਲੀ ਬਾਰੇ ਸੁਚੇਤ ਕਰਦਿਆਂ ਉਚਾਰਨ ਕੀਤਾ ਕਿ
ਕੂਜਾ ਬਾਂਗ ਨਿਵਾਜ ਮੁਜਲਾ ਨੀਲ ਰੂਪ ਬਨਵਾਰੀ॥
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥
ਸ਼ਹੀਦ ਭਗਤ ਸਿੰਘ ਦਾ 28 ਫਰਵਰੀ 1933 ਦੇ ਹਿੰਦੀ ਸੰਦੇਸ਼ ਨਾਮੀ ਅਖਬਾਰ ਵਿਚ ਲੇਖ ਛਪਿਆ ਜਿਸ ਵਿਚ ਉਹ ਕਹਿੰਦਾ ਹੈ, “ਸਮਾਜ ਦੇ ਪ੍ਰਾਣਾਂ ਦੀ ਚੇਤਨਾ ਉਸ ਸਮਾਜ ਦੇ ਸਾਹਿਤ ਵਿਚ ਹੀ ਜ਼ਾਹਿਰ ਹੋਇਆ ਕਰਦੀ ਹੈ ਪਰ ਸਾਹਿਤ ਲਈ ਸਭ ਤੋਂ ਪਹਿਲਾਂ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ ਤੇ ਪੰਜਾਬ ਵਿਚ ਉਹ ਨਹੀਂ।”
ਸਮੇਂ-ਸਮੇਂ ਪੰਜਾਬੀ ਕਵੀ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਕਵਿਤਾਵਾਂ ਲਿਖਦੇ ਰਹੇ ਹਨ। ਫਿਰੋਜ਼ਦੀਨ ਸ਼ਰਫ਼ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ:
ਮੁੱਠਾਂ ਮੀਚ ਕੇ ਨੁੱਕਰੇ ਹਾਂ ਬੈਠੀ ਟੁੱਟੀ ਹੋਈ ਸਿਤਾਰ ਰਬਾਬੀਆਂ ਦੀ।
ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।
ਪੰਜਾਬੀਆਂ ਵਲੋਂ ਪੰਜਾਬੀ ਦੀ ਬਾਤ ਨਾ ਪੁੱਛਣਾ ਬੜਾ ਰੜਕਦਾ ਹੈ ਪਰ ਇਸਦੇ ਬਾਵਜੂਦ ਪੰਜਾਬੀ ਭਾਸ਼ਾ ਦਾ ਵਜੂਦ ਦੇਸ-ਪਰਦੇਸ ਵਿਚ ਜ਼ਿੰਦਾ ਹੈ। ਇਸ ਤੋਂ ਭਾਸ਼ਾ ਦੀ ਸ਼ਕਤੀ ਦਾ ਅਨੁਮਾਨ ਵੀ ਲਗਦਾ ਹੈ। ਕਿੱਸਾ, ਸੂਫੀ ਤੇ ਗੁਰਮਤਿ ਕਾਵਿ ਅਤੇ ਲੋਕ ਗੀਤ ਇਸ ਸ਼ਕਤੀ ਦਾ ਸੋਮਾ ਹਨ ਜਿਸ ਕਾਰਨ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਅੱਜ ਤੱਕ ਹਰੀਆਂ ਨੇ। 1604 ਵਿਚ ਸ੍ਰੀ ਗੁਰੂ ਅਰਜਨ ਦੇਵ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਪੰਜਾਬੀ ਭਾਸ਼ਾ ਅਤੇ ਲਿਪੀ ਦੀ ਹੋਂਦ ਨੂੰ ਸੁਰੱਖਿਅਤ ਕਰਦਾ ਹੈ।
ਜਿੱਥੇ ਇੰਗਲੈਂਡ, ਕੈਨੇਡਾ ਵਿਚ ਪੰਜਾਬੀ ਭਾਸ਼ਾ ਚੌਥਾ ਤੇ ਤੀਜਾ ਦਰਜਾ ਰੱਖਦੀ ਹੈ ਉੱਥੇ ਅਮਰੀਕਾ ਵਿਚ 2012-2016 ਦੀ ਮਰਦਮਸ਼ੁਮਾਰੀ ਮੁਤਾਬਿਕ ਪੰਜਾਬੀ ਤਕਰੀਬਨ 30ਵੇਂ ਸਥਾਨ ‘ਤੇ ਹੈ। 2.8 ਲੱਖ ਪੰਜਾਬੀ ਬੋਲਣ ਵਾਲੇ ਹਨ। ਇਹ ਅੰਕੜਾ ਇੰਨਾ ਪੁਖਤਾ ਪ੍ਰਤੀਤ ਨਹੀਂ ਹੁੰਦਾ।
ਅਮਰੀਕਾ ਵਿਚ 60.5 ਫ਼ੀਸਦੀ ਲੋਕ ਅੰਗਰੇਜ਼ੀ ਬੋਲਦੇ ਨੇ। 39.5 ਫ਼ੀਸਦੀ ਦੂਸਰੀ ਭਾਸ਼ਾ ਬੋਲਦੇ ਨੇ। ਇਨ੍ਹਾਂ ਵਿਚ ਉਹ ਵੀ ਸ਼ਾਮਲ ਹਨ ਜੋ ਅੰਗਰੇਜ਼ੀ ਵੀ ਬੋਲਦੇ ਨੇ ਤੇ ਕੋਈ ਹੋਰ ਭਾਸ਼ਾ ਵੀ, ਜਾਂ ਸਿਰਫ ਹੋਰ ਭਾਸ਼ਾ ਹੀ ਬੋਲਦੇ ਹਨ। ਅਮਰੀਕਾ ਵਿਚ ਪੰਜਾਬੀ ਬੋਲਣ ਵਾਲੇ 1,66,415 ਅੰਗਰੇਜ਼ੀ ਵੀ ਚੰਗੀ ਤਰ੍ਹਾਂ ਜਾਣਦੇ ਹਨ ਤੇ ਲਗਭਗ 1/3 ਹਿੱਸਾ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ।
ਕੈਲੀਫੋਰਨੀਆ ਵਿਚ ਪਹਿਲੀਆਂ 10 ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਪੰਜਾਬੀ ਸ਼ਾਮਲ ਹੈ। ਕਰਨ (ਖੲਰਨ) ਅਤੇ ਸਟਰ (Sੁਟਟੲਰ) ਕਾਊਂਟੀਆਂ ਵਾਲੇ ਇਲਾਕਿਆਂ `ਚ ਪੰਜਾਬੀ ਤੀਸਰੇ ਸਥਾਨ ‘ਤੇ ਹੈ। ਕੈਲੀਫੋਰਨੀਆ ਵਿਚ ਨਿੱਕੇ-ਨਿੱਕੇ ਕਈ ਪੰਜਾਬ ਨੇ। 1899 ਵਿਚ ਸੈਨਫਰਾਂਸਿਸਕੋ ਦੇ ਐਂਜਲ ਆਈਲੈਂਡ ‘ਤੇ ਪਹਿਲੇ ਸਿੱਖ ਪੰਜਾਬੀ ਨੇ ਕੈਲੀਫੋਰਨੀਆ ਵਿਚ ਪ੍ਰਵੇਸ਼ ਕੀਤਾ। 1913 ਵਿਚ ਪਹਿਲਾ ਪੰਜਾਬੀ ਛਾਪਾਖਾਨਾ ਲੱਗਾ ਜਿੱਥੇ ਸਟਾਕਟਨ ਗੁਰਦੁਆਰੇ ਦੀ ਸਹਾਇਤਾ ਨਾਲ ਕਰਤਾਰ ਸਿੰਘ ਸਰਾਭਾ ਨੇ ਗਦਰ ਅਖਬਾਰ ਛਾਪਣਾ ਸ਼ੁਰੂ ਕੀਤਾ। 1960ਵਿਆਂ ਤੋਂ ਬਾਅਦ ਪੰਜਾਬੀਆਂ ਦੀ ਅਮਰੀਕਾ `ਚ ਗਿਣਤੀ ਵਧਣੀ ਸ਼ੁਰੂ ਹੋ ਗਈ ਪਰ ਯੂ.ਐੱਸ ਮਰਦਮਸ਼ੁਮਾਰੀ ਵਿਚ 2017 ਤੋਂ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਾ ਗਿਆ।
ਅਮਰੀਕਾ ਵਿਚ 1990-2000 ਦੌਰਾਨ ਸਿਰਫ ਅੰਗਰੇਜ਼ੀ ਵਿਚ ਪੜ੍ਹਾਈ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ। ਪਬਲਿਕ ਸਕੂਲਾਂ ਵਿਚ ਦੋ ਭਾਸ਼ੀ ਪੜ੍ਹਾਈ ਉਤੇ 1998 ਵਿਚ ਜਨਤਾ ਨੇ ਪਰਾਪੋਜ਼ੀਸ਼ਨ 227 ਰਾਹੀਂ ਰੋਕ ਲਗਵਾ ਦਿੱਤੀ। 1970-80 ਦੇ ਸਾਲਾਂ `ਚ ਕਲਾਸ `ਚ ਅੰਗਰੇਜ਼ੀ ਤੋਂ ਬਿਨਾ ਹੋਰ ਭਾਸ਼ਾ ਬੋਲਣ `ਤੇ ਪਾਬੰਦੀ ਸੀ। ਜੇ ਕੋਈ ਹੋਰ ਭਾਸ਼ਾ ਬੋਲਦਾ ਜੀ ਤਾਂ ਸਜ਼ਾ ਦਿੱਤੀ ਜਾਂਦੀ ਸੀ। ਅਮਰੀਕਾ ਦੀ ਸਰਕਾਰੀ ਭਾਸ਼ਾ ਭਾਵੇਂ ਕੋਈ ਨਹੀਂ ਸੀ, ਫਿਰ ਵੀ ਕਈ ਦਹਾਕਿਆਂ ਤੱਕ ਕੁਝ ਰਾਜਾਂ ਵਿਚ ਧੱਕੇ ਨਾਲ ਅੰਗਰੇਜ਼ੀ ਸਿਖਾਉਣ ਦੇ ਯਤਨ ਕੀਤੇ ਗਏ। ਯੋਜਨਾ ਇਹ ਸੀ ਕਿ ਪਰਾਸਰਣ (ੋਸਮੋਸਸਿ) ਵਿਧੀ ਮੁਤਾਬਿਕ ਬੱਚੇ ਆਪਣੇ ਆਪ ਅੰਗਰੇਜ਼ੀ ਵਾਲੇ ਮਾਹੌਲ `ਚ ਅੰਗਰੇਜ਼ੀ ਸਿੱਖ ਜਾਣਗੇ। ਇਹ ਬਹੁਤ ਛੋਟੀ ਉਮਰ ਦੇ ਬੱਚਿਆਂ ਲਈ ਤਾਂ ਠੀਕ ਹੋ ਸਕਦਾ ਹੈ ਪਰ ਵੱਡੀ ਉਮਰ ਦੇ ਬੱਚਿਆਂ ਲਈ ਕਾਰਗਰ ਨਹੀਂ। ਫਿਰ 2016 ਵਿਚ ਪਰਾਪੋਜ਼ੀਸ਼ਨ 58 ਰਾਹੀਂ ਕੈਲੀਫੋਰਨੀਆ `ਚ ਦੋ ਭਾਸ਼ੀ ਵਿੱਦਿਆ ਅਮਰੀਕਾ ਵਿਚ ਜ਼ੋਰ ਫੜ ਰਹੀ ਹੈ। ਅਮਰੀਕਾ ਵਿਚ ਪੰਜ ਮਿਲੀਅਨ ਦੇ ਕਰੀਬ ਅੰਗਰੇਜ਼ੀ ਸਿਖਾਂਦਰੂ ਵਿਦਿਆਰਥੀ ਨੇ ਜਿਨ੍ਹਾਂ `ਚੋਂ 3.8 ਮਿਲੀਅਨ ਸਪੈਨਿਸ਼ ਭਾਸ਼ਾ ਨਾਲ ਸੰਬੰਧ ਰੱਖਦੇ ਨੇ। ਦੋ ਭਾਸ਼ੀ ਵਿਦਿਆ ਦੇ ਮਾਡਲ ਲਾਸ ਏਂਜਲਸ ਵਿਚ ਗੇਟਸ ਸਟ੍ਰੀਟ ਅਰਲੀ ਅਜੂਕੇਸ਼ਨ ਸੈਂਟਰ, ਲਿੰਕਨ ਹਾਈਟਸ ਵਿਚ ਸ਼ੁਰੂ ਤੋਂ ਰਹੇ ਨੇ ਜਿੱਥੇ ਲਾਤੀਨੀ ਤੇ ਏਸ਼ੀਅਨ ਲੋਕ ਵੱਡੀ ਗਿਣਤੀ `ਚ ਰਹਿੰਦੇ ਨੇ। ਅਮਰੀਕਾ ਦੇ ਹੋਰ ਹਿੱਸਿਆਂ `ਚ ਵੀ ਇਹ ਮਾਡਲ ਸ਼ੁਰੂ ਕਰਨ ਦਾ ਵਿਚਾਰ ਜੜ੍ਹ ਫੜ ਰਿਹਾ ਹੈ। ਇਹ ਵਿਚਾਰ ਚੱਲ ਰਿਹਾ ਹੈ ਕਿ ਦੋ ਭਾਸ਼ਾਵਾਂ ਵਿਦਿਆਰਥੀ ਨੂੰ ਬੌਧਿਕ ਤੇ ਸਭਿਆਚਾਰਕ ਪੱਖਾਂ ਤੋਂ ਹੋਰ ਮਜ਼ਬੂਤ ਕਰਦੀਆਂ ਨੇ। ਲਾਸ ਏਂਜਲਸ ਦੇ ਸਕੂਲਾਂ ਵਿਚ ਸਪੈਨਿਸ਼/ਅੰਗਰੇਜ਼ੀ ਦੋ ਭਾਸ਼ੀ ਪ੍ਰੋਗਰਾਮਾਂ ਤਹਿਤ 15000 ਵਿਦਿਆਰਥੀ ਦਾਖ਼ਲ ਕੀਤਾ ਗਿਆ ਹੈ। ਨਿਊ ਜਰਸੀ ਦੇ ਵਿਨਲੈਂਡ ਸ਼ਹਿਰ ਦੇ ਦੋ-ਭਾਸ਼ੀ ਪ੍ਰੋਗਰਾਮ ਤਹਿਤ ਵਿਨਲੈਂਡ ਸਕੂਲ ਨੂੰ ਰਾਜਸੀ ਸਨਮਾਨ ਮਿਲਿਆ ਹੈ। ਉਥੋਂ ਦੇ ਸਪੈਨਿਸ਼ ਬੋਲਦੇ ਵਿਦਿਆਰਥੀ ਕੈਵਿਨ ਸਾਂਚੇਜ਼ ਨੇ ਸਾਇੰਸ ਫੇਅਰ ਵਿਚ ਇਨਾਮ ਜਿੱਤਿਆ। ਉਸ ਦੀ ਸਪੈਨਿਸ਼ ਤਕਰੀਰ ਨੂੰ ਉਸ ਦੇ ਦੋਸਤ ਵਿਦਿਆਰਥੀ ਨੇ ਪੜ੍ਹ ਕੇ ਸੁਣਾਇਆ ਜੋ ਸਪੈਨਿਸ਼ ਤੇ ਅੰਗਰੇਜ਼ੀ ਦੋਵੇਂ ਜਾਣਦਾ ਸੀ। ਸਕੂਲ ਦੇ ਦੋ ਭਾਸ਼ੀ ਵਿਭਾਗ ਦੀ ਸੁਪਰਵਾਈਜ਼ਰ ਜੋਅ ਐਨਨੈਗਰਿਨ ਦਾ ਕਹਿਣਾ ਹੈ ਕਿ ਜੇ ਵਿਦਿਆਰਥੀ ਆਪਣੀ ਮਾਤ ਭਾਸ਼ਾ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਉਹ ਅੰਗਰੇਜ਼ੀ ਵੀ ਜਲਦੀ ਸਿੱਖ ਜਾਵੇਗਾ।
ਸਾਰੇ ਅਮਰੀਕਾ ਵਿਚ 3000 ਦੇ ਕਰੀਬ ਦੋ ਭਾਸ਼ਾਈ ਵਿਦਿਆ ਪ੍ਰੋਗਰਾਮ ਨੇ ਤੇ ਕੈਲੇਫੋਰਨੀਆ ਵਿਚ ਵੀ ਇਹ ਯਤਨ ਹੋ ਰਹੇ ਨੇ। ਅੰਗਰੇਜ਼ੀ ਸਿੱਖਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਪਰ ਦੋ ਭਾਸ਼ਾਈ ਅਧਿਆਪਕਾਂ ਦੀ ਥੋੜ੍ਹ ਹੈ। ਕੈਲੀਫੋਰਨੀਆ ਵਿਚ ਕਈ ਸਕੂਲਾਂ ਵਿਚ ਪੰਜਾਬੀ ਲਾਗੂ ਹੋਈ ਪਰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਕਮੀ ਹੈ। ਦੂਸਰੀ ਗੱਲ ਕਿ ਜੇ ਵਿਦਿਆਰਥੀ ਨੂੰ ਪੰਜਾਬੀ ਚੰਗੀ ਤਰ੍ਹਾਂ ਨਹੀਂ ਆਉਂਦੀ ਤਾਂ ਅੰਗਰੇਜ਼ੀ ਸਿੱਖਣ ਵਿਚ ਵੀ ਔਖ ਆਉਂਦੀ ਹੈ। ਇੱਥੇ ਗੁਰਦੁਆਰਿਆਂ ਵਿਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਯਤਨ ਹੋ ਰਹੇ ਨੇ। ਜ਼ਿਆਦਾਤਰ ਉਹ ਵਿਦਿਆਰਥੀ ਨੇ ਜਿਨ੍ਹਾਂ ਨੇ ਅੰਗਰੇਜ਼ੀ ਪਹਿਲੀ ਭਾਸ਼ਾ ਵਜੋਂ ਪੜ੍ਹਨੀ ਹੈ ਤੇ ਪੰਜਾਬੀ ਉਨ੍ਹਾਂ ਨੂੰ ਦੂਸਰੀ ਭਾਸ਼ਾ ਵਜੋਂ ਸਭਿਆਚਾਰ ਨਾਲ ਜੋੜਨ ਲਈ ਸਿਖਾਈ ਜਾਂਦੀ ਹੈ। ਅਮਰੀਕਾ ਵਿਚ ਤਕਰੀਬਨ 400 ਗੁਰਦੁਆਰੇ ਹਨ। ਜੇ ਮੰਨ ਲਈਏ ਕਿ ਇਨ੍ਹਾਂ ਸਾਰਿਆਂ ਵਿਚ ਪੰਜਾਬੀ ਸਕੂਲ ਚਲਾਏ ਜਾਂਦੇ ਨੇ ਤਾਂ ਹਰ ਸਾਲ ਅਮਰੀਕਾ ਵਿਚ ਜੰਮੇ ਹਜ਼ਾਰਾਂ ਪੰਜਾਬੀ ਬੱਚਿਆਂ ਨੂੰ ਪੰਜਾਬੀ ਸਿਖਾਈ ਜਾਂਦੀ ਹੈ ਪਰ ਹਜ਼ਾਰਾਂ ਬੱਚਿਆਂ ਨੂੰ ਪੰਜਾਬੀ ਆਉਂਦੀ ਨਹੀਂ। ਕਾਰਨ ਇਹ ਹੈ ਕਿ ਯੋਗ ਅਧਿਆਪਕ ਨਹੀਂ ਰੱਖੇ ਜਾਂਦੇ। ਲੋਕ ਸੇਵਾਦਾਰ ਵਜੋਂ ਪੜ੍ਹਾਉਂਦੇ ਨੇ। ਸੇਵਾ ਅਤੇ ਮੁਫ਼ਤ ਕੰਮ ਕਰਾਉਣ ਵਿਚ ਫਰਕ ਹੁੰਦਾ ਹੈ। ਇਸ ਤਰ੍ਹਾਂ ਸੇਵਾ ਦੇ ਨਾਂ `ਤੇ ਮੁਫ਼ਤ ਪੜ੍ਹਾਉਣਾ ਪੰਜਾਬੀ ਭਾਸ਼ਾ ਨੂੰ ਹੀਣ ਕਰਦਾ ਹੈ। ਜੇਕਰ ਪੰਜਾਬੀ ਪੜ੍ਹਾਉਣ ਲਈ ਦੋ ਯੋਗ ਅਧਿਆਪਕ ਹਰ ਹਫ਼ਤੇ ਤਿੰਨ-ਤਿੰਨ ਘੰਟੇ ਪੜ੍ਹਾਉਣ ਲਈ ਤਨਖ਼ਾਹ ‘ਤੇ ਰੱਖੇ ਜਾਣ ਤਾਂ 20 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਦੋ ਅਧਿਆਪਕਾਂ ਦੀ ਸਾਲਾਨਾ ਤਨਖ਼ਾਹ 6000 ਡਾਲਰ ਦੇ ਕਰੀਬ ਬਣਦੀ ਹੈ। ਤਨਖ਼ਾਹ ‘ਤੇ ਰੱਖੇ ਅਧਿਆਪਕ ਤੋਂ ਪ੍ਰਬੰਧਕ ਕਮੇਟੀ ਬੱਚੇ ਦੀ ਵਿਕਾਸ ਰਿਪੋਰਟ ਪੁੱਛ ਸਕਦੀ ਹੈ, ਸੇਵਾ ‘ਤੇ ਪੜ੍ਹਾਉਂਦੇ ਸੇਵਾਦਾਰ ਤੋਂ ਨਹੀਂ। ਕਈ ਸਕੂਲਾਂ ਵਿਚ ਖੁਦ ਦੇਖਿਆ ਕਿ 4-5 ਸਾਲ ਤੋਂ ਬਾਅਦ ਵੀ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ। ਇਸ ਦਾ ਕਾਰਨ ਯੋਗ ਅਧਿਆਪਕ ਦਾ ਨਾ ਹੋਣਾ ਹੈ। ਦੂਸਰਾ, ਬੱਚਿਆਂ ਨੂੰ ਭਾਸ਼ਾ ਦੀ ਵਿਆਕਰਣ ਤੇ ਵਾਕ-ਰਚਨਾ ਸਿਖਾਉਣ ਦੀ ਥਾਂ ਗੁਰਬਾਣੀ ਸਿਖਾਉਣ ਦਾ ਯਤਨ ਜ਼ਿਆਦਾ ਕੀਤਾ ਜਾਂਦਾ ਹੈ, ਉਹ ਵੀ ਮੂੰਹ ਜ਼ਬਾਨੀ। ਜਿੰਨੇ ਪੰਜਾਬੀ ਸਕੂਲ ਨੇ, ਓਨੀ ਪੰਜਾਬੀ ਸਕੂਲਾਂ ਵਿਚ ਨਹੀਂ ਹੈ। ਪੰਜਾਬੀ ਲਈ ਪੰਜਾਬੀਆਂ ਦਾ ਜਜ਼ਬਾ ਵੀ ਉਤਸ਼ਾਹਜਨਕ ਨਹੀਂ ਹੈ। ਅਸਲ ਵਿਚ ਪੰਜਾਬੀ ਜਿੱਥੇ ਵੀ ਜਾਂਦੇ ਨੇ, ਗੁਜ਼ਾਰੇ ਜੋਗੀ ਉਥੋਂ ਦੀ ਭਾਸ਼ਾ ਸਿੱਖ ਲੈਂਦੇ ਨੇ। ਕੰਮ ਕਾਰ ਕਰਕੇ ਰੋਟੀ, ਕੱਪੜਾ, ਮਕਾਨ ਚੰਗਾ ਬਣਾ ਲੈਂਦੇ ਨੇ। ਫੇਰ ਇਨ੍ਹਾਂ ਦੇ ਹੀ ਵਿਸਥਾਰ ਅਤੇ ਪਦਾਰਥਕ ਦਿਖਾਵੇ ਦੀ ਦੌੜ ਵਿਚ ਸਾਰੀ ਉਮਰ ਲੱਗੇ ਰਹਿੰਦੇ ਨੇ। ਬੌਧਿਕਤਾ ਵਾਲੇ ਪਾਸੇ ਧਿਆਨ ਨਹੀਂ ਦਿੰਦੇ। ਪੰਜਾਬੀਆਂ ਦੇ ਘਰਾਂ ਵਿਚ ਆਮ ਹੀ ਬਾਰ ਬਣੀ ਮਿਲ ਜਾਏਗੀ ਜਿਥੇ ਭਾਂਤ-ਭਾਂਤ ਦੀ ਸ਼ਰਾਬ ਸਜਾ ਕੇ ਰੱਖੀ ਹੁੰਦੀ ਹੈ ਪਰ ਬਹੁਤ ਥੋੜ੍ਹੇ ਘਰਾਂ ਵਿਚ ਕਿਤਾਬ ਨਜ਼ਰ ਆਏਗੀ। ਕਿਸੇ-ਕਿਸੇ ਗੁਰਦੁਆਰੇ ਵਿਚ ਇਤਿਹਾਸਕ ਕਿਤਾਬਾਂ ਦੀ ਕੋਈ ਲਾਇਬਰੇਰੀ ਮਿਲੇਗੀ। ਨਗਰ ਕੀਰਤਨਾਂ ਵਿਚ ਵੀ ਪੁਸਤਕ ਪ੍ਰLਦਰਸ਼ਨੀ ਦੀ ਕਮੀ ਹੀ ਹੁੰਦੀ ਹੈ। ਸਾਹਿਤ ਦੇ ਵੀ ਵੱਡੇ ਪੈਮਾਨੇ ਦੇ ਪ੍ਰੋਗਰਾਮ ਘੱਟ ਹੁੰਦੇ ਨੇ।
ਸੈਲਮਾ ਸਕੂਲ ਡਿਸਟ੍ਰਿਕਟ ਵਿਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਦੇ ਸਬੰਧ ਵਿਚ ਮੈਂ ਕੁਝ ਮੀਟਿੰਗਾਂ ਵਿਚ ਗਿਆ। ਮੀਟਿੰਗਾਂ ਵਿਚ ਪੰਜਾਬੀਆਂ ਨੇ ਕੋਈ ਉਤਸ਼ਾਹ ਨਹੀਂ ਦਿਖਾਇਆ। 5-7 ਬੰਦਿਆਂ ਤੋਂ ਵੱਧ ਆਏ ਨਹੀਂ। ਸਕੂਲ ਵਾਲਿਆਂ ਨੇ ਭਾਸ਼ਾ ਸਰਵੇ ਕਰਾਇਆ ਤਾਂ ਦੂਸਰੇ ਸਰਵੇ ਵਿਚ ਪੰਜਾਬੀ ਨੂੰ ਪਹਿਲਾਂ ਨਾਲੋਂ ਵੀ ਘੱਟ ਵੋਟਾਂ ਪਈਆਂ। ਸਕੂਲ ਦੀ ਸੁਪਰਡੈਂਟ ਦਾ ਕਹਿਣਾ ਸੀ ਕਿ ਪੰਜਾਬੀ ਬੋਲੀ ਚਰਚਿਤ ਬੋਲੀ ਨਹੀਂ ਹੈ। ਇਹ ਇਲਾਕਾ ਪੰਜਾਬੀਆਂ ਦਾ ਗੜ੍ਹ ਹੈ ਜਿੱਥੇ ਪਿਛਲੇ 20 ਸਾਲਾਂ ਤੋਂ ਲਗਾਤਾਰ ਨਗਰ ਕੀਰਤਨ ਕੱਢਿਆ ਜਾਂਦਾ ਹੈ। ਜੇ ਪੰਜਾਬੀਆਂ ਦੇ ਗੜ੍ਹ ਵਿਚ ਵੀ ਪੰਜਾਬੀ ਭਾਸ਼ਾ ਦਾ ਚਰਚਾ ਨਹੀਂ ਹੈ ਤਾਂ ਇਹ ਡਾਢੇ ਫਿਕਰ ਵਾਲੀ ਗੱਲ ਹੈ। ਇਸ ਦਾ ਮਤਲਬ ਪੰਜਾਬੀਆਂ ਦਾ ਹੋਰ ਭਾਈਚਾਰਿਆਂ ਨਾਲ ਕੋਈ ਸਬੰਧ ਨਹੀਂ ਹੈ। ਪੰਜਾਬੀ ਲੋਕ ਪੰਜਾਬੀ ਦਿਸਣ ‘ਤੇ ਜ਼ਿਆਦਾ ਜ਼ੋਰ ਲਾਉਂਦੇ ਨੇ, ਪੰਜਾਬੀ ਹੋਣ ਲਈ ਯਤਨ ਨਹੀਂ ਕਰਦੇ। ਪੰਜਾਬੀ ਭਾਸ਼ਾ ਬਿਨਾਂ ਪੰਜਾਬੀ ਹੋਣਾ ਸੰਭਵ ਨਹੀਂ।
ਸਕੂਲ ਦੀ ਸੁਪਰਡੈਂਟ ਨੇ ਇਹ ਵੀ ਦੱਸਿਆ ਕਿ ਜੇ 30 ਕੁ ਵਿਦਿਆਰਥੀ ਹੋਣ ਤਾਂ ਸਾਨੂੰ ਅਧਿਆਪਕ ਰੱਖਣ ਲਈ ਫੰਡ ਮਿਲ ਜਾਣਗੇ ਪਰ ਜੇ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀ ਘਟਦੇ ਗਏ ਤਾਂ ਪੰਜਾਬੀ ਦੀ ਪੜ੍ਹਾਈ ਜਾਰੀ ਨਹੀਂ ਰਹਿ ਸਕੇਗੀ ਜਾਂ ਫਿਰ ਪੰਜਾਬੀ ਲਈ ਹਰ ਸਾਲ ਡੇਢ ਲੱਖ ਡਾਲਰ ਦੇਣ ਲਈ ਪੰਜਾਬੀ ਲੋਕ ਤਿਆਰ ਹੋਣ ਤਾਂ ਕਲਾਸਾਂ ਜਾਰੀ ਰੱਖੀਆਂ ਜਾ ਸਕਦੀਆਂ ਨੇ। ਪੈਸੇ ਤਾਂ ਕੀ ਦੇਣੇ, ਪੰਜਾਬੀ ਮੀਟਿੰਗਾਂ ਵਿਚ ਵੀ ਹਾਜ਼ਰ ਨਹੀਂ ਹੁੰਦੇ।
ਕੈਲੀਫੋਰਨੀਆ ਵਿਚ ਮੋਨੋ ਕਬੀਲਾ ਹੈ। ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਵਿਚ ਮੋਨੋ ਭਾਸ਼ਾ ਬੋਲਣ ‘ਤੇ ਸਜ਼ਾ ਹੁੰਦੀ ਸੀ। ਜਦ ਮੋਨੋ ਭਾਸ਼ਾ ਬੋਲਣ ਵਾਲੇ ਸਿਰਫ਼ 17 ਲੋਕ ਹੀ ਰਹਿ ਗਏ ਤਾਂ ਮੋਨੋ ਕਬੀਲੇ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਸਿਖਾਉਣੀ ਸ਼ੁਰੂ ਕੀਤੀ। ਉਨ੍ਹਾਂ ਦੀ ਅਧਿਆਪਕ ਬੁਰੌਅ ਦਾ ਕਹਿਣਾ ਹੈ, “ਭਾਸ਼ਾ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਭਾਸ਼ਾ ਹੀ ਸਭਿਆਚਾਰ ਨੂੰ ਪ੍ਰਤੀਬਿੰਬਤ ਕਰਦੀ ਹੈ। ਇਹ ਸਾਡੇ ਕਬੀਲੇ ਦਾ ਦਿਲ ਹੈ। ਇਸ ਨਾਲ ਹੀ ਪਤਾ ਲਗਦਾ ਹੈ ਕਿ ਅਸੀਂ ਕੌਣ ਹਾਂ ਤੇ ਅਸੀਂ ਕੀ ਹਾਂ।”
ਇਸੇ ਤਰ੍ਹਾਂ ਇਕ ਹੋਰ ਕਬੀਲਾ ਭਾਸ਼ਾ ਚੱਕਚਾਂਸੀ ਨੂੰ ਬਚਾਉਣ ਲਈ ਲੋਕਾਂ ਨੇ ਐਪਸ ਅਤੇ ਗੇਮਜ਼ ਆਪਣੀ ਭਾਸ਼ਾ ਵਿਚ ਤਿਆਰ ਕੀਤੀਆਂ। ਮਈ 2012 ਵਿਚ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਨੂੰ ਇਕ ਮਿਲੀਅਨ ਡਾਲਰ ਚੱਕਚਾਂਸੀ ਡਿਕਸ਼ਨਰੀ ਅਤੇ ਵਿਆਕਰਨ ਤਿਆਰ ਕਰਨ ਲਈ ਗਰਾਂਟ ਦਿੱਤੀ ਗਈ ਤੇ ਭਾਸ਼ਾ ਨੂੰ ਪਾਠਕ੍ਰਮ ਵਿਚ ਲਵਾਉਣ ਲਈ ਯਤਨ ਕੀਤੇ। ਸਕਾਲਰਸ਼ਿਪ ਸ਼ੁਰੂ ਕੀਤੀ। ਹੁਣ ਚੱਕਚਾਂਸੀ ਕਲਾਸਾਂ ਉਪਲਬਧ ਨੇ ਅਤੇ ਕੋਰਸਗੋਲਡ ਸ਼ਹਿਰ ਦੇ ਐਲੀਮੈਂਟਰੀ ਸਕੂਲ ਵਿਚ ਪੜ੍ਹਾਈਆਂ ਜਾਂਦੀਆਂ ਨੇ। ਕਬੀਲੇ ਨੇ ਇਕ ਮਿਲੀਅਨ ਡਾਲਰ ਭਾਸ਼ਾ ਬਚਾਉਣ ਲਈ ਲਾ ਦਿੱਤਾ। ਪੰਜਾਬੀ ਕੌਮ ਵੱਡੀ ਅਤੇ ਵੱਡੇ ਕਾਰੋਬਾਰਾਂ ਵਾਲੀ ਹੋਣ ਦੇ ਬਾਵਜੂਦ ਨਹੀਂ ਕਰ ਸਕੀ।
ਭਾਸ਼ਾ ਰੱਬੀ ਦਾਤ ਨਹੀਂ ਹੈ। ਭਾਸ਼ਾ ਮਾਨਵ ਜਾਤੀ ਦੀ ਮੌਲਿਕ ਅਤੇ ਮਹੱਤਵਪੂਰਨ ਪ੍ਰਾਪਤੀ ਹੈ। ਮਨੁੱਖ ਦੀਆਂ ਹੋਰ ਸਭ ਪ੍ਰਾਪਤੀਆਂ ਇਸੇ ਪ੍ਰਾਪਤੀ ਦਾ ਫਲ ਹਨ। ਭਾਸ਼ਾ ਕਿਸੇ ਸਭਿਆਚਾਰ ਦੀਆਂ ਜੜ੍ਹਾਂ ਦਾ ਸਿਰਨਾਵਾਂ ਹੈ। ਇਹ ਭਾਸ਼ਾ ਹੀ ਹੈ ਜੋ ਗਿਆਨ ਵਿਗਿਆਨ ਤੇ ਕੁਦਰਤ ਦੇ ਰਹੱਸ ਮੂਰਤੀਮਾਨ ਕਰਦੀ ਹੈ। ਭਾਸ਼ਾ ਨੂੰ ਸਜਿੰਦ ਹੋਂਦ ਮੰਨਿਆ ਗਿਆ ਹੈ। ਭਾਸ਼ਾ ਹੀ ਮਨੁੱਖ ਨੂੰ ਪਸ਼ੂ ਜਾਤੀ ਨਾਲੋਂ ਵਖਰਿਆਉਂਦੀ ਹੈ। ਭਾਸ਼ਾ ਤੇ ਲਿਪੀ, ਦੋਵੇਂ ਮਨੁੱਖ ਦੀਆਂ ਅਹਿਮ ਪ੍ਰਾਪਤੀਆਂ ਨੇ। ਚਿੱਤਰ ਲਿਪੀ, ਸੂਤਰ ਲਿਪੀ, ਪ੍ਰਤੀਕਾਤਮਕ ਲਿਪੀ ਤੋਂ ਲੈ ਕੇ ਧੁਨੀਮੂਲਕ ਲਿਪੀ ਤੇ ਅੱਖਰੀ ਲਿਪੀ ਤੱਕ ਲਿਪੀਆਂ ਦੀ ਹੋਂਦ ਤੇ ਵਿਕਾਸ ਦਾ ਸਮਾਂ 10000 ਪੂਰਵ ਈਸਵੀ ਤੋਂ ਲੈ ਕੇ 4000 ਪੂਰਵ ਈਸਵੀ ਤੱਕ ਕਿਆਸ ਕੀਤਾ ਜਾਂਦਾ ਹੈ।
ਗੁਰਮੁਖੀ ਲਿਪੀ ਵੀ ਪੁਰਾਤਨ ਲਿਪੀ ਹੈ ਤੇ ਵਿਕਾਸਸ਼ੀਲ ਹੈ। ਇਸ ਦੇ ਲਗਾਤਾਰ ਵਿਕਾਸ ਲਈ ਯੋਗ ਪ੍ਰਬੰਧ ਤੇ ਯੋਜਨਾਬੱਧ ਉਦੇਸ਼ ਜ਼ਰੂਰੀ ਨੇ; ਨਹੀਂ ਤਾਂ ਇਹ ਹੋਰ ਪੁਰਾਤਨ ਤਾਂ ਹੁੰਦੀ ਜਾਏਗੀ ਪਰ ਵਿਕਾਸ ਤੇ ਵਿਸਥਾਰ ਨਹੀਂ ਹੋ ਸਕੇਗਾ। ਜਾਰਜ ਸਿੰਪਸਨ ਦਾ ਕਹਿਣਾ ਹੈ,“ਮਾਤ ਭਾਸ਼ਾ ਮਹਿਜ਼ ਸਕੂਲੀ ਪੜ੍ਹਾਈ ਦਾ ਮਜ਼ਮੂਨ ਨਹੀਂ, ਇਹ ਤਾਂ ਹੋਂਦ ਦੀ ਸ਼ਰਤ ਹੈ। ਇਹ ਜ਼ਿੰਦਗੀ ਦੀ ਉਹ ਘਟਨਾ ਹੈ ਜਿਸ ਤੋਂ ਅੱਡ ਨਹੀਂ ਹੋਇਆ ਜਾ ਸਕਦਾ। ਇਸ ਦਾ ਸਰੋਕਾਰ ਹਰ ਉਸ ਸ਼ਖਸ ਨਾਲ ਹੈ ਜੋ ਮਾਂ ਬੋਲੀ ਨਾਲ ਪੰਘੂੜੇ ਤੋਂ ਕਬਰ ਤਕ ਜੁੜਿਆ ਰਹਿੰਦਾ ਹੈ। ਮਾਤ ਭਾਸ਼ਾ ਦਾ ਸਬਕ ਕੇਵਲ ਗਿਆਨ ਦੇ ਸੰਚਾਰ ਦਾ ਮੌਕਾ ਹੀ ਨਹੀਂ, ਇਹ ਤਾਂ ਬੰਦੇ ਦੀ ਜ਼ਿੰਦਗੀ ਦਾ ਸ੍ਰੀਗਣੇਸ਼ ਹੁੰਦੀ ਹੈ। ਸਾਹਿਤ ਕੌਮ ਦਾ ਦਿਲ ਕਿਹਾ ਗਿਆ ਹੈ ਪਰ ਭਾਸ਼ਾ ਬਿਨਾ ਸਾਹਿਤ ਦੀ ਹੋਂਦ ਨਹੀਂ:
ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ।
ਮਾਵਾਂ ਦੀਆਂ ਲੋਰੀਆਂ ਦੁਆਵਾਂ ਰੁਲ ਜਾਣੀਆਂ। (ਹਰਜਿੰਦਰ ਕੰਗ)
ਪੰਜਾਬ ਕਿਸੇ ਵੇਲੇ ਸੱਤ ਦਰਿਆਵਾਂ ਦੀ ਧਰਤੀ ਸੀ ਜਿਸ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਫਿਰ ਪੰਜ ਦਰਿਆਵਾਂ ਦਾ ਪੰਜਾਬ ਹੋ ਗਿਆ। 1947 ਦੀ ਵੰਡ ਨੇ ਹੋਰ ਛਾਂਗ ਦਿੱਤਾ। 1966 ਵਿਚ ਭਾਸ਼ਾ ਦੇ ਆਧਾਰ ‘ਤੇ ਬਣਿਆ ਪੰਜਾਬੀ ਸੂਬਾ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵੀ ਗੁਆ ਬੈਠਾ। ਭਾਸ਼ਾ ਅਜੇ ਵੀ ਪੰਜਾਬੀਆਂ ਲਈ ਮਸਲਾ ਬਣੀ ਹੋਈ ਹੈ। ਪੰਜਾਬ ਦੇ ਪਹਿਲਾਂ ਕਈ ਟੁਕੜੇ ਹੋਏ। ਹੁਣ ਪੰਜਾਬ ਕਈ ਟੁਕੜਿਆਂ ਵਿਚ ਬਾਹਰਲੇ ਦੇਸ਼ਾਂ ਵਿਚ ਆ ਵਸਿਆ। ਪੰਜਾਬ ਗੁਲਾਬ ਦੀਆਂ ਕਲਮਾਂ ਵਿਦੇਸ਼ਾਂ ਵਿਚ ਲੱਗੀਆਂ, ਖਿੜੀਆਂ, ਮਹਿਕੀਆਂ। ਪੰਜਾਬੀ ਵੀ ਵਸਣ ਨਾਲ ਬੋਲੀ ਵੀ ਵਸੇ ਅਤੇ ਵਿਕਾਸ ਕਰੇ। ਇਸ ਵਾਸਤੇ ਹਕੀਕਤ ਵਿਚ ਕੰਮ ਕਰਨ ਦੀ ਜ਼ਰੂਰਤ ਹੈ। ਅਮਰੀਕਾ ਉਹੀ ਦੇਸ਼ ਹੈ ਜਿਸ ਨੂੰ ਵਾਲਟ ਵਿੱਟਮੈਨ ਕਹਿੰਦਾ ਹੈ, “੍ਹੲਰੲ ਸਿ ਨੋਟ ਮੲਰੲਲੇ ਅ ਨਅਟiੋਨ ਬੁਟ ਅ ਟੲੲਮਨਿਗ ਨਅਟiੋਨ ੋਾ ਨਅਟiੋਨਸ।” ਇਹ ਪੰਜਾਬੀਆਂ ਦੇ ਨਿਸ਼ਚੇ ਅਤੇ ਭਵਿਖ-ਦ੍ਰਿਸ਼ਟੀ `ਤੇ ਨਿਰਭਰ ਕਰਦਾ ਹੈ ਕਿ ਉਹ ਇਸ ‘ਟੲੲਮਨਿਗ ਨਅਟiੋਨ ੋਾ ਨਅਟiੋਨਸ’ ਵਿਚ ਆਪਣੀ ਸੰਪੂਰਣ ਸਥਾਪਤੀ ਲਈ ਕਿੰਨੇ ਕੁ ਸੁਹਿਰਦ ਯਤਨ ਕਰਦੇ ਨੇ। ਪੰਜਾਬੀ ਭਾਸ਼ਾ ਵਿਚ ਤਾਂ ਬੜੀ ਸਮਰੱਥਾ ਹੈ, ਪੰਜਾਬੀਆਂ ਵਿਚ ਕਿੰਨੀ ਕੁ ਹੈ, ਇਹ ਉਨ੍ਹਾਂ ਨੂੰ ਸਾਬਤ ਕਰਨਾ ਪਏਗਾ। ਰਸੂਲ ਹਮਜ਼ਾਤੋਵ ਦਾ ਕਥਨ ਹੈ, “ਕੌਮ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ, ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਕਿਸੇ ਵੱਡੇ ਸਾਰੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ ਜਿਸ ਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ ਪਰ ਆਕਾਸ਼ ਵਿਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ।” ਪੰਜਾਬੀ ਕੌਮ ਨੂੰ ਆਪਣਾ ਸਿਤਾਰਾ ਰੱਖਣ ਲਈ ਰਸੂਲ ਹਮਜ਼ਾਤੋਵ ਵਰਗੇ ਜਜ਼ਬੇ ਦੀ ਲੋੜ ਹੈ ਤਾਂ ਹੀ ਪੰਜਾਬੀ ਭਾਸ਼ਾ ਦੀ ਮੁਹਿੰਮ ਜਿੱਤੀ ਜਾ ਸਕਦੀ ਹੈ।