ਜਲੰਧਰ ਜ਼ਿਮਨੀ ਚੋਣ ਲਈ ਅਕਾਲੀ ਦਲ ਵਿਚ ਨਵਾਂ ਘਮਸਾਣ ਛਿੜਿਆ

ਸੁਖਬੀਰ ਧੜੇ ਵੱਲੋਂ ਆਪਣੇ ਉਮੀਦਵਾਰ ਦੀ ਥਾਂ ਬਸਪਾ ਦੀ ਹਮਾਇਤ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਨਵੇਂ ਪੜਾਅ ‘ਚ ਦਾਖਲ ਹੋ ਗਿਆ ਹੈ। ਅਕਾਲੀ ਦਲ ਦੀ ਲੀਡਰਸ਼ਿਪ ਅਤੇ ਬਾਗ਼ੀ ਆਗੂਆਂ ਨੇ ਜਲੰਧਰ ਜ਼ਿਮਨੀ ਚੋਣ ਵਿਚ ਅਕਾਲੀ ਉਮੀਦਵਾਰ ਦੀ ਹਮਾਇਤ ਨੂੰ ਲੈ ਕੇ ਵੱਖੋ ਵੱਖਰੇ ਪੈਂਤੜੇ ਅਪਣਾ ਲਏ ਹਨ।

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਜਲੰਧਰ ਜ਼ਿਮਨੀ ਚੋਣ ‘ਚ ਉੱਤਰੀ ਪਾਰਟੀ ਦੀ ਅਧਿਕਾਰਤ ਉਮੀਦਵਾਰ ਸੁਰਜੀਤ ਕੌਰ ਦੀ ਹਮਾਇਤ ਨਾ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਬਾਗ਼ੀ ਧੜੇ ਨੇ ਪਾਰਟੀ ਦੀ ਅਧਿਕਾਰਤ ਉਮੀਦਵਾਰ ਸੁਰਜੀਤ ਕੌਰ ਦੇ ਹੱਕ ‘ਚ ਡਟਣ ਦਾ ਫ਼ੈਸਲਾ ਕੀਤਾ ਹੈ। ਚੇਤੇ ਰਹੇ ਕਿ ਜਲੰਧਰ ਜ਼ਿਮਨੀ ਚੋਣ ਵਾਸਤੇ ਉਮੀਦਵਾਰਾਂ ਦੀ ਚੋਣ ਲਈ ਅਕਾਲੀ ਦਲ ਵੱਲੋਂ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਨੇ ਅਕਾਲੀ ਉਮੀਦਵਾਰ ਸੁਰਜੀਤ ਕੌਰ ਦੇ ਨਾਮ ਦਾ ਐਲਾਨ ਕੀਤਾ ਸੀ। ਪਾਰਟੀ ਅੰਦਰ ਬਗ਼ਾਵਤ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਅਧਿਕਾਰਤ ਉਮੀਦਵਾਰ ਤੋਂ ਹੱਥ ਪਿਛਾਂਹ ਖਿੱਚ ਲਏ ਹਨ ਜਦਕਿ ਅਕਾਲੀ ਉਮੀਦਵਾਰ ਸੁਰਜੀਤ ਕੌਰ ਨੂੰ ਤੱਕੜੀ ਚੋਣ ਨਿਸ਼ਾਨ ਵੀ ਅਲਾਟ ਹੋ ਚੁੱਕਾ ਹੈ। ਸੁਰਜੀਤ ਕੌਰ ਦੀ ਨੇੜਤਾ ਪਾਰਟੀ ਦੇ ਬਾਗ਼ੀ ਆਗੂਆਂ ਨਾਲ ਹੈ।
ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਜ਼ਿਮਨੀ ਚੋਣ ਵਿਚ ਬਸਪਾ ਉਮੀਦਵਾਰ ਦੀ ਹਮਾਇਤ ਕਰੇਗਾ। ਉਨ੍ਹਾਂ ਕਿਹਾ ਕਿ ਬਾਗ਼ੀ ਧੜੇ ਨੇ ਜਲੰਧਰ ਚੋਣ ਵਿਚ ਟਕਸਾਲੀ ਪਰਿਵਾਰ ਦੀ ਸੁਰਜੀਤ ਕੌਰ ਨੂੰ ਚੋਣਾਂ ਵਿਚ ਝੋਕ ਕੇ ਖ਼ੁਦ ਜਲੰਧਰ ਵਿਚ ਹੀ ਪਾਰਟੀ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਬੀਬੀ ਸੁਰਜੀਤ ਕੌਰ ਟਕਸਾਲੀ ਪਰਿਵਾਰ ‘ਚੋਂ ਹਨ ਅਤੇ ਪਰਿਵਾਰ ਅੱਜ ਵੀ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਥਾਨਕ ਲੀਡਰਸ਼ਿਪ ਵੀ ਚਾਹੁੰਦੀ ਸੀ ਕਿ ਪਾਰਟੀ ਦੀ ਮਜ਼ਬੂਤੀ ਵਾਸਤੇ ਪਹਿਲਾਂ ਦੋ ਸਾਲ ਜਲੰਧਰ (ਪੱਛਮੀ) ਵਿਚ ਆਧਾਰ ਕਾਇਮ ਕਰ ਲਿਆ ਜਾਵੇ ਕਿਉਂਕਿ ਇਹ ਸੀਟ 23 ਸਾਲ ਭਾਜਪਾ ਕੋਲ ਰਹੀ ਹੈ ਅਤੇ ਲੰਘੀਆਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਪਾਰਟੀ ਉਮੀਦਵਾਰ ਨੂੰ 2600 ਵੋਟਾਂ ਪਈਆਂ ਸਨ।
ਡਾ. ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਅਜਿਹੀਆਂ ਸਥਿਤੀਆਂ ਵਿਚ ਅਤੇ ਬਸਪਾ ਵੱਲੋਂ ਕੀਤੀ ਅਪੀਲ ਦੇ ਮੱਦੇਨਜ਼ਰ ਪਾਰਟੀ ਉਮੀਦਵਾਰ ਨੂੰ ਕਾਗ਼ਜ਼ ਵਾਪਸ ਲੈਣ ਲਈ ਕਿਹਾ ਸੀ ਤੇ ਬੀਬੀ ਸੁਰਜੀਤ ਕੌਰ ਕਾਗ਼ਜ਼ ਵਾਪਸ ਲੈਣ ਵਾਸਤੇ ਰਿਟਰਨਿੰਗ ਅਫ਼ਸਰ ਕੋਲ ਚਲੇ ਗਏ ਸਨ ਪਰ ਕਿਸੇ ਨੇ ਉਨ੍ਹਾਂ ਨੂੰ ਉਕਸਾ ਕੇ ਅਜਿਹਾ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਬਾਗ਼ੀ ਆਗੂ ਚਾਹੁੰਦੇ ਸਨ ਕਿ ਇਸ ਜ਼ਿਮਨੀ ਚੋਣ ਵਿਚ ਪਾਰਟੀ ਦੀ ਹਾਲਤ ਹੋਰ ਖ਼ਰਾਬ ਹੋਵੇ ਤਾਂ ਜੋ ਸੁਖਬੀਰ ਬਾਦਲ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।
ਬਾਗ਼ੀ ਧੜੇ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਤੇ ਚਰਨਜੀਤ ਸਿੰਘ ਬਰਾੜ ਆਦਿ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੇ ਪੈਂਤੜੇ ਬਾਰੇ ਐਲਾਨ ਕੀਤਾ। ਪ੍ਰੋ. ਚੰਦੂਮਾਜਰਾ ਅਤੇ ਵਡਾਲਾ ਨੇ ਕਿਹਾ ਕਿ ਉਹ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ‘ਚ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਸੁਰਜੀਤ ਕੌਰ ਦੀ ਹਮਾਇਤ ਵਿਚ ਡਟਣਗੇ। ਆਗੂਆਂ ਨੇ ਕਿਹਾ ਕਿ ਅਕਾਲੀ ਉਮੀਦਵਾਰ ਸੁਰਜੀਤ ਕੌਰ ਟਕਸਾਲੀ ਪਰਿਵਾਰ ‘ਚੋਂ ਹਨ ਅਤੇ ਬਹੁਤ ਗ਼ਰੀਬ ਘਰ ‘ਚੋਂ ਹਨ ਜਿਨ੍ਹਾਂ ਪਾਰਟੀ ਖ਼ਾਤਰ ਲੰਮਾ ਅਰਸਾ ਲਾਇਆ ਹੈ। ਅਕਾਲੀ ਦਲ ਨੇ ਹੁਣ ਕਾਗ਼ਜ਼ ਵਾਪਸੀ ਲਈ ਦਬਾਓ ਪਾ ਕੇ ਤੇ ਜਾਅਲਸਾਜ਼ੀ ਦੀ ਕੋਸ਼ਿਸ਼ ਕਰਕੇ ਟਕਸਾਲੀ ਵਰਕਰ ਦੀ ਤੌਹੀਨ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਕਿ ਪਾਰਟੀ ਉਮੀਦਵਾਰ ਨੂੰ ਜਿਤਾਇਆ ਜਾਵੇ।
ਅਕਾਲੀ ਦਲ ਦਾ ਬਸਪਾ ਨੂੰ ਸਮਰਥਨ ਦੇਣਾ ਗਲਤ: ਢੀਂਡਸਾ
ਲਹਿਰਾਗਾਗਾ: ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇਣ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਵੱਲੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਆਪਣੀ ਹੀ ਪਾਰਟੀ ਦਾ ਵਿਰੋਧ ਕਰ ਰਿਹਾ ਹੋਵੇ, ਉਹ ਪਾਰਟੀ ਦਾ ਭਲਾ ਕਿਵੇਂ ਕਰ ਸਕਦਾ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਲਏ ਗਏ ਪਾਰਟੀ ਦੇ 99 ਫੀਸਦੀ ਫੈਸਲੇ ਸਿਧਾਂਤਾਂ ਦੇ ਉਲਟ ਹਨ ਜੋ ਸੌ ਸਾਲ ਪੁਰਾਣੀ ਅਤੇ ਪੰਜਾਬੀਆ ਦੀ ਮਾਂ ਪਾਰਟੀ ਲਈ ਨੁਕਸਾਨਦੇਹ ਹੈ।
ਸੁਰਜੀਤ ਕੌਰ ਵੱਲੋਂ ਚੋਣ ਮੈਦਾਨ ‘ਚ ਡਟਣ ਦਾ ਐਲਾਨ
ਜਲੰਧਰ: ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਡਟੇ ਰਹਿਣ ਦਾ ਐਲਾਨ ਕੀਤਾ ਹੈ। ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਰਾਜਪਾਲ ਨੇ ਚੋਣ ਲੜ ਰਹੀ ਬੀਬੀ ਸੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਜੇ ਇਹ ਪਰਿਵਾਰ ਗਰੀਬ ਨਾ ਹੁੰਦਾ ਤਾਂ ਕੀ ਉਨ੍ਹਾਂ ਕੋਲੋਂ ਕਾਗਜ਼ ਵਾਪਸ ਕਰਵਾਉਣ ਅਤੇ ਪਾਰਟੀ ਦਾ ਅਲਾਟ ਹੋਇਆ ਚੋਣ ਨਿਸ਼ਾਨ ਤੱਕੜੀ ਖੋਹਣ ਦੀ ਧਮਕੀ ਦਿੱਤੀ ਜਾਣੀ ਸੀ?