ਜਲੰਧਰ: ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਸੰਸਦ ਦੇ ਚੱਲ ਰਹੇ ਸੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਵੱਖ-ਵੱਖ ਦੇਸ਼ਾਂ ਵਿਚ ਫਸੇ ਪੰਜਾਬੀਆਂ ਦੀ ਸਲਾਮਤੀ ਬਾਰੇ ਪੱਤਰ ਸੌਂਪੇ।
ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਵਿਦੇਸ਼ ਮੰਤਰਾਲਾ ਇਨ੍ਹਾਂ ਭਾਰਤੀਆਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਯਤਨਸ਼ੀਲ ਹੈ ਤੇ ਯੋਗ ਕਾਰਵਾਈ ਕਰ ਰਿਹਾ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਕਈ ਨੌਜਵਾਨ ਵਿਦੇਸ਼ਾਂ ਵਿਚ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਨੂੰ ਜਿਹੜੇ ਪੱਤਰ ਦਿੱਤੇ, ਉਨ੍ਹਾਂ ਵਿਚ ਆਰਮੀਨੀਆ ਦੀ ਜੇਲ੍ਹ ਵਿਚ ਫਸੇ 12 ਭਾਰਤੀਆਂ ਬਾਰੇ ਸੀ ਜਿਸ ਵਿਚ ਬਹੁਤੇ ਪੰਜਾਬੀ ਮੁੰਡੇ ਹਨ। ਇਸੇ ਤਰ੍ਹਾਂ ਰੂਸ ਦੀ ਫੌਜ ਵਿਚ ਜਬਰੀ ਭਰਤੀ ਕੀਤੇ ਨੌਜਵਾਨਾਂ ਬਾਰੇ ਵੀ ਦੱਸਿਆ। ਇਨ੍ਹਾਂ ਨੌਜਵਾਨਾਂ ਵਿਚੋਂ ਦੋ ਜਣਿਆਂ ਦੇ ਮਾਪਿਆਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਸੀ।
ਕੁਵੈਤ ਵਿਚ ਜਰਮਨਜੀਤ ਸਿੰਘ ਨਾਂਅ ਦਾ ਨੌਜਵਾਨ ਦਾ ਮਾਮਲਾ ਵੀ ਵਿਦੇਸ਼ ਮੰਤਰੀ ਕੋਲ ਉਠਾਇਆ ਜਿਹੜਾ ਲੰਮੇ ਸਮੇਂ ਤੋਂ ਜੇਲ੍ਹ ਵਿਚ ਬੰਦ ਹੈ ਜਦਕਿ ਉਸ ਦੀ ਬਲੱਡ ਮਨੀ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ। ਦੁਬਈ ਦੀ ਜੇਲ੍ਹ ਵਿਚ ਫਸੇ 17 ਪੰਜਾਬੀ ਮੁੰਡਿਆਂ ਦਾ ਮਾਮਲਾ ਵੀ ਬੜਾ ਗੰਭੀਰ ਹੈ। ਪਿਛਲੇ ਡੇਢ ਸਾਲ ਤੋਂ ਇਨ੍ਹਾਂ ਨੌਜਵਾਨਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਜੇਲ੍ਹ ਵਿਚੋਂ ਕਢਵਾਉਣ ਦੀ ਚਾਰਾਜੋਈ ਕਰ ਰਹੇ ਹਨ।