ਟੀ-20: ਭਾਰਤ 17 ਸਾਲਾਂ ਬਾਅਦ ਮੁੜ ਬਣਿਆ ਵਿਸ਼ਵ ਚੈਂਪੀਅਨ

ਬ੍ਰਿਜਟਾਊਨ (ਬਾਰਬਾਡੋਸ): ਭਾਰਤ ਨੇ ਇੱਥੇ ਵਿਰਾਟ ਕੋਹਲੀ (76 ਦੌੜਾਂ) ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ਾਂ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ 17 ਸਾਲਾਂ ਬਾਅਦ ਇਕ ਵਾਰ ਫਿਰ ਟੀ-20 ਕ੍ਰਿਕਟ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂ ਕਰ ਲਿਆ।

ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਫਾਈਨਲ ‘ਚ ਪਹੁੰਚੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਭਾਰਤ ਨੇ ਪਹਿਲਾਂ ਬੱਲਬਾਜ਼ੀ ਕਰਦਿਆਂ ਵਿਰਾਟ ਕੋਹਲੀ ਦੀਆਂ 76 ਦੌੜਾਂ, ਅਕਸ਼ਰ ਪਟੇਲ ਦੀਆਂ 47 ਅਤੇ ਸ਼ਿਵਮ ਦੂਬੇ ਦੀਆਂ 27 ਦੌੜਾਂ ਸਦਕਾ 20 ਓਵਰਾਂ ‘ਚ 7 ਵਿਕਟਾਂ ‘ਤੇ 176 ਦੌੜਾਂ ਬਣਾਈਆਂ ਅਤੇ ਫਿਰ ਦੱਖਣੀ ਅਫਰੀਕਾ ਨੂੰ 169/8 ਸਕੋਰ ‘ਤੇ ਹੀ ਰੋਕ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਸਾਲ 2007 ਵਿਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ‘ਚ ਪਹਿਲੀ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਉਂਜ ਸਾਲ 2013 ਵਿਚ ਚੈਂਪੀਅਨ ਟਰਾਫੀ ਜਿੱਤਣ ਮਗਰੋਂ 11 ਸਾਲਾਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਆਈ.ਸੀ.ਸੀ. ਖ਼ਿਤਾਬ ਹੈ। ਇਸ ਦੇ ਨਾਲ ਹੀ ਭਾਰਤ ਦੋ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲਾ ਤੀਜਾ ਮੁਲਕ ਬਣ ਗਿਆ ਹੈ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ (2012 ਤੇ 2016) ਅਤੇ ਇੰਗਲੈਂਡ (2010 ਤੇ 2022) ਅਜਿਹਾ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਟੀਮ ਇਕ ਵਾਰ ਜਿੱਤਦੀ ਦਿਖਾਈ ਦਿੱਤੀ ਪਰ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਕੱਸਵੀਂ ਗੇਂਦਬਾਜ਼ੀ ਅੱਗੇ ਵਿਰੋਧੀ ਬੱਲੇਬਾਜ਼ ਕਾਮਯਾਬ ਨਾ ਹੋ ਸਕੀ। ਦੱਖਣੀ ਅਫਰੀਕਾ ਵੱਲੋਂ ਹੈਨਰਿਕ ਕਲਾਸਨ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ ਜਦਕਿ ਕੁਇੰਟਨ ਡੀ ਕਾਕ 39 ਦੌੜਾਂ, ਟ੍ਰਿਸਟਨ ਸਟੱਬਸ 31 ਅਤੇ ਡੇਵਿਡ ਮਿੱਲਰ 21 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਹਾਰਦਿਕ ਪਾਂਡਿਆ ਤਿੰਨ ਵਿਕਟਾਂ ਜਦਕਿ ਅਰਸ਼ਦੀਪ ਸਿੰਘ ਤੇ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ। ਇਕ ਵਿਕਟ ਅਕਸ਼ਰ ਪਟੇਲ ਨੇ ਲਈ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਸੂਰਿਆਕੁਮਾਰ ਯਾਦਵ ਵਧੀਆ ਪ੍ਰਦਰਸ਼ਨ ਕਰਨ ‘ਚ ਨਾਕਾਮ ਰਹੇ।
ਵਿਰਾਟ ਕੋਹਲੀ ਨੇ ਵਿਸ਼ਵ ਕੱਪ ਜਿੱਤਣ ਮਗਰੋਂ ਟੀ-20 ‘ਚੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਬਾਰੇ ਉਸ ਨੇ ਕਿਹਾ, “ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਸੀ। ਜੇ ਅਸੀਂ ਹਾਰ ਵੀ ਜਾਂਦੇ ਤਾਂ ਵੀ ਮੈਂ ਸੰਨਿਆਸ ਦਾ ਐਲਾਨ ਕਰ ਦੇਣਾ ਸੀ। ਹੁਣ ਖੇਡ ਨੂੰ ਅੱਗੇ ਵਧਾਉਣ ਦੀ ਵਾਰੀ ਅਗਲੀ ਪੀੜ੍ਹੀ ਦੀ ਹੈ।” ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ‘ਮੈਨ ਆਫ ਦਿ ਟੂਰਨਾਮੈਂਟ‘ ਚੁਣਿਆ ਗਿਆ। ਟੂਰਨਾਮੈਂਟ ਵਿਚ ਅੱਠ ਮੈਚਾਂ ਵਿੱਚ ਉਸ ਨੇ 8.27 ਦੀ ਔਸਤ ਨਾਲ 15 ਵਿਕਟਾਂ ਲਈਆਂ। ਫਾਈਨਲ ਵਿਚ ਉਸ ਨੇ 18 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸੇ ਤਰ੍ਹਾਂ ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਭਾਵੇਂ ਕੁਝ ਮਾਹਿਰਾਂ ਵੱਲੋਂ ਉਸ ਦੀ ਧੀਮੀ ਬੱਲੇਬਾਜ਼ੀ ਦੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਉਸ ਨੇ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਟੀਚਾ ਦੇਣ ਵਿਚ ਅਹਿਮ ਭੂਮਿਕਾ ਨਿਭਾਈ।
ਕੋਹਲੀ, ਜਡੇਜਾ ਤੇ ਰੋਹਿਤ ਵੱਲੋਂ ਟੀ20 ਕ੍ਰਿਕਟ ਨੂੰ ਅਲਵਿਦਾ
ਬ੍ਰਿਜਟਾਊਨ: ਭਾਰਤੀ ਕ੍ਰਿਕਟ ਦੇ ਦੋ ਦਿੱਗਜਾਂ ਕਪਤਾਨ ਰੋਹਿਤ ਸ਼ਰਮਾ ਅਤੇ ਸੁਪਰਸਟਾਰ ਵਿਰਾਟ ਕੋਹਲੀ ਨੇ ਟੀਮ ਨੂੰ ਟੀ20 ਵਿਸ਼ਵ ਕੱਪ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਟੀ20 ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ। ਇਨਾਮ ਹਾਸਲ ਕਰਨ ਤੋਂ ਬਾਅਦ ਕੋਹਲੀ ਨੇ ਕਿਹਾ ਇਹ ਉਸ ਦਾ ਆਖਰੀ ਟੀ20 ਕੌਮਾਂਤਰੀ ਮੈਚ ਸੀ। ਇਸ ਤੋਂ ਬਾਅਦ ਰੋਹਿਤ ਨੇ ਵੀ ਇਹ ਕਹਿ ਕੇ ਵਿਦਾ ਲਈ ਕਿ ਉਸ ਦਾ ਟੀਚਾ ਹਾਸਲ ਹੋ ਗਿਆ ਹੈ ਅਤੇ ਇਹ ਅਲਵਿਦਾ ਕਹਿਣ ਦਾ ਸਹੀ ਸਮੇਂ ਹੈ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਾਂਗ ਭਾਰਤ ਦੇ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਨੇ ਵੀ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਦੁਨੀਆ ਦੇ ਸਰਬੋਤਮ ਫੀਲਡਰਾਂ ‘ਚੋਂ ਇਕ ਮੰਨੇ ਜਾਂਦੇ ਜਡੇਜਾ ਨੇ ਕਿਹਾ ਕਿ ਉਹ ਟੈਸਟ ਅਤੇ ਇਕ ਰੋਜ਼ਾ ਮੈਚ ਖੇਡਣੇ ਜਾਰੀ ਰੱਖੇਗਾ।