ਗੋਲਡੀ ਬਰਾੜ ਤੇ ਸਾਥੀ ਦੀ ਗ੍ਰਿਫ਼ਤਾਰੀ ‘ਤੇ 10-10 ਲੱਖ ਦਾ ਇਨਾਮ ਐਲਾਨਿਆ

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨ.ਆਈ.ਏ) ਨੇ ‘ਫਿਰੌਤੀ ਅਤੇ ਗੋਲੀਬਾਰੀ` ਮਾਮਲੇ ਵਿਚ ਲੋੜੀਂਦੇ ਕੈਨੇਡਾ `ਚ ਰਹਿ ਰਹੇ ਅਤਿਵਾਦੀ ਗੋਲਡੀ ਬਰਾੜ ਤੇ ਇਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਵਿਚ ਮਦਦ ਕਰਨ ਵਾਲੀ ਸੂਚਨਾ ਸਾਂਝੀ ਕਰਨ ਵਾਲੇ ਵਿਅਕਤੀਆਂ ਨੂੰ 10-10 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਮੁਲਜ਼ਮ ਇਸ ਸਾਲ 8 ਮਾਰਚ ਨੂੰ ਫਿਰੌਤੀ ਲਈ ਇਕ ਕਾਰੋਬਾਰੀ ਦੇ ਘਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਲੋੜੀਂਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ ਨਗਰ ਨਿਵਾਸੀ ਸ਼ਮਸ਼ੇਰ ਸਿੰਘ ਦੇ ਪੁੱਤਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਅਤੇ ਪੰਜਾਬ ਦੇ ਹੀ ਰਾਜਪੁਰਾ ਸਥਿਤ ਬਾਬਾ ਦੀਪ ਸਿੰਘ ਕਲੋਨੀ ਨਿਵਾਸੀ ਸੁਖਜਿੰਦਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਉਰਫ ਗੋਲਡੀ ਰਾਜਪੁਰਾ ਖ਼ਿਲਾਫ਼ ਆਈ.ਪੀ.ਸੀ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ, ‘‘ਐਨ.ਆਈ.ਏ. ਨੇ ਚੰਡੀਗੜ੍ਹ ਵਿਚ ਫਿਰੌਤੀ ਅਤੇ ਇਕ ਕਾਰੋਬਾਰੀ ਦੇ ਘਰ `ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਲੋੜੀਂਦੇ ਅਤਿਵਾਦੀ ਗੋਲਡੀ ਬਰਾੜ ਤੇ ਇਕ ਹੋਰ ਗੈਂਗਸਟਰ ਦੀ ਗ੍ਰਿਫਤਾਰੀ ਉਤੇ ਨਕਦ ਇਨਾਮ ਦਾ ਐਲਾਨ ਕੀਤਾ ਹੈ।“ ਏਜੰਸੀ ਨੇ ਦੋਵਾਂ `ਚੋਂ ਕਿਸੇ ਦੀ ਵੀ ਗ੍ਰਿਫਤਾਰੀ ਲਈ ਅਹਿਮ ਜਾਣਕਾਰੀ ਦੇਣ ਲਈ 10-10 ਲੱਖ ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਸਬੰਧੀ ਸੂਚਨਾ ਐਨ.ਆਈ.ਏ. ਹੈੱਡਕੁਆਰਟਰ ਦੇ ਫੋਨ ਨੰਬਰ, ਈਮੇਲ, ਵਟਸਐਪ ਜਾਂ ਟੈਲੀਗ੍ਰਾਮ ਐਪ ਰਾਹੀਂ ਦਿੱਤੀ ਜਾ ਸਕਦੀ ਹੈ।