ਜ਼ਿਮਨੀ ਚੋਣ: ਜਲੰਧਰ ਵਿਧਾਨ ਸਭਾ ਹਲਕੇ ‘ਚ ਸਿਆਸੀ ਸਰਗਰਮੀਆਂ ਸਿਖਰਾਂ ਉਤੇ

ਜਲੰਧਰ: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਸਰਗਰਮੀਆਂ ਸਿਖਰਾਂ ਉਤੇ ਹਨ। ਜ਼ਿਮਨੀ ਚੋਣ ਸਬੰਧੀ ਹਰ ਪਾਰਟੀ ਦੇ ਸਟਾਰ ਪ੍ਰਚਾਰਕ ਲੋਕਾਂ ਵਿਚ ਜਾ ਕੇ ਆਪੋ-ਆਪਣੀਆਂ ਪ੍ਰਾਪਤੀਆਂ ਗਿਣਵਾ ਕੇ ਵੋਟਾਂ ਮੰਗ ਰਹੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਾਥੀਆਂ ਨਾਲ ਮਿਲ ਕੇ ਪੱਛਮੀ ਹਲਕੇ ਵਿਚ ਆਪਣੇ ਉਮੀਦਵਾਰ ਮਹਿੰਦਰ ਭਗਤ ਲਈ ਚੋਣ ਪ੍ਰਚਾਰ ‘ਚ ਜੁਟੇ ਹੋਏ ਹਨ।

ਮੁੱਖ ਮੰਤਰੀ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ ਤੇ ਸੰਤ ਨਿਰੰਜਨ ਦਾਸ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸੇ ਦੌਰਾਨ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਭਗਵਾਨ ਵਾਲਮੀਕਿ ਸਭਾ ਬਸਤੀਆਂ ਦੇ ਕਈ ਮੈਂਬਰ ਤੇ ਅਹੁਦੇਦਾਰ ‘ਆਪ` ਵਿਚ ਸ਼ਾਮਲ ਹੋ ਗਏ। ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸੁਭਾਸ਼ ਸੋਂਧੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਵਿਚ ਆਮ ਆਦਮੀ ਪਾਰਟੀ ਬਹੁਤ ਮਜ਼ਬੂਤ ਹੈ। ਸਾਡੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ‘ਆਪ‘ ਨਾਲ ਜੁੜ ਰਹੇ ਹਨ ਅਤੇ ਸਾਡੀ ਹਮਾਇਤ ਕਰ ਰਹੇ ਹਨ। ਜ਼ਿਮਨੀ ਚੋਣ ਵਿਚ ‘ਆਪ‘ ਉਮੀਦਵਾਰ ਮੋਹਿੰਦਰ ਭਗਤ ਨੂੰ ਹਰ ਵਰਗ ਦੀ ਹਮਾਇਤ ਮਿਲ ਰਹੀ ਹੈ, ਕਿਉਂਕਿ ਸਾਡਾ ਉਮੀਦਵਾਰ ਬਹੁਤ ਪੜ੍ਹਿØਆ-ਲਿਖਿਆ, ਯੋਗ ਅਤੇ ਇਮਾਨਦਾਰ ਹੈ। ਉਨ੍ਹਾਂ ਦੀਆਂ ਦੋ ਪੀੜ੍ਹੀਆਂ ਨੇ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਹੈ। ਮੈਨੂੰ ਭਰੋਸਾ ਹੈ ਕਿ ਸਾਡੇ ਉਮੀਦਵਾਰ ਇਹ ਚੋਣ ਵੱਡੇ ਫਰਕ ਨਾਲ ਜਿੱਤਣਗੇ।
ਮੁੱਖ ਮੰਤਰੀ ਨੂੰ ਲੋਕ ਸਤੌਜ ਛੱਡ ਕੇ ਆਉਣਗੇ: ਬਾਜਵਾ
ਜਲੰਧਰ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਜਲੰਧਰ ਵਿਚ ਜਿਹੜਾ ਕਿਰਾਏ ‘ਤੇ ਘਰ ਲਿਆ ਹੈ, ਇਸ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਜਲੰਧਰ ਪੱਛਮੀ ਦੇ ਚੋਣ ਨਤੀਜਿਆਂ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਜਲੰਧਰ ਮਕਾਨ ਲੈਣ ਨਾਲ ਲੋਕਾਂ ਨੂੰ ਸਹੂਲਤ ਦੀ ਥਾਂ ਪ੍ਰੇਸ਼ਾਨੀਆਂ ਵਿਚੋਂ ਲੰਘਣਾ ਪਵੇਗਾ ਕਿਉਂਕਿ ਮੁੱਖ ਮੰਤਰੀ ਦੀ ਸੁਰੱਖਿਆ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਰੋਕਾਂ ਲੱਗ ਜਾਣਗੀਆਂ। ਉਨ੍ਹਾਂ ਕਿਹਾ ਮੁੱਖ ਮੰਤਰੀ 13-0 ਦਾ ਵੱਡਾ ਦਾਅਵਾ ਕਰਦੇ ਸਨ ਪਰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ 13 ਤੋਂ ਤਿੰਨ ‘ਤੇ ਲਿਆਂਦਾ ਹੈ, ਰਹਿੰਦੀ ਕਸਰ ਜਲੰਧਰ ਦੇ ਲੋਕਾਂ ਨੇ 10 ਜੁਲਾਈ ਨੂੰ ਕੱਢ ਦੇਣੀ ਹੈ।